HarbhinderSinghLec7“ਪਰ ਪਦਾਰਥਵਾਦ ਦੇ ਅਜੋਕੇ ਦੌਰ ਵਿੱਚ ਵੱਧ ਤੋਂ ਵੱਧ ਮਾਇਆ, ਸੁਖ ਸਹੂਲਤਾਂ ...”
(8 ਨਵੰਬਰ 2026)


ਠੱਗਾਂ ਅਤੇ ਸੱਪਾਂ ਦੀਆਂ ਅਨੇਕਾਂ ਹੀ ਕਿਸਮ ਮਿਲਦੀਆਂ ਹਨ
। ਸੱਪ ਵਾਂਗ ਠੱਗ ਵੀ ਹਰ ਗਲੀ, ਚੌਰਾਹੇ ਅਤੇ ਵਿਭਾਗ ਵਿੱਚ ਵੱਖੋ ਵੱਖਰੇ ਕਿਰਦਾਰਾਂ ਦੇ ਰੂਪ ਵਿੱਚ ਮੇਲ੍ਹਦੇ ਫਿਰਦੇ ਹਨ। ਇਹ ਮਨੁੱਖੀ ਕਦਰਾਂ ਕੀਮਤਾਂ, ਵਿਵਹਾਰਾਂ, ਸੁਖਾਵੇਂ ਸਬੰਧਾਂ ਅਤੇ ਇਨਸਾਨੀ ਭਾਵਨਾਵਾਂ ਤੋਂ ਵੀ ਕੋਰੇ ਹੁੰਦੇ ਹਨ। ਸ਼ਰਮ, ਹਯਾ, ਆਦਰ-ਸਤਿਕਾਰ ਆਦਿ ਸ਼ਬਦ ਉਨ੍ਹਾਂ ਦੀ ਡਿਕਸ਼ਨਰੀ ਵਿੱਚ ਤਾਂ ਹੁੰਦੇ ਹਨ ਪਰ ਬਿਲਕੁਲ ਬਣਾਉਟੀ ਜਾਂ ਮਗਰਮੱਛ ਦੇ ਹੰਝੂਆਂ ਵਰਗੇ। ਇਸਤੋਂ ਉਲਟ ਉਨ੍ਹਾਂ ਦੀ ਸ਼ਖਸੀਅਤ ਤੇਜ਼ ਤਰਾਰ ਬਹਾਨੇਬਾਜ਼ੀ, ਮਨਘੜਤ ਕਹਾਣੀਆਂ ਘੜਨ ਜਾਂ ਸਿਰਜਣਾ ਦੇ ਉੱਘੇ ਖੋਜਕਾਰ, ਝੂਠੇ, ਬੇਸ਼ਰਮ ਅਤੇ ਮਨੋਵਿਗਿਆਨਿਕ ਤੌਰ ’ਤੇ ਸਧਾਰਨ, ਸਰਲ, ਇਮਾਨਦਾਰ ਅਤੇ ਸਾਊ ਲੋਕਾਂ ਦੀ ਪਛਾਣ ਕਰਨ ਵਿੱਚ ਤਕੜੇ ਹੁੰਦੇ ਹਨ।

ਇਹ ਨਵੇਂ ਸ਼ਿਕਾਰਾਂ ਨੂੰ ਜਾਲ਼ ਵਿੱਚ ਫਸਾਉਣ ਵਿੱਚ ਨਿਪੁੰਨ ਤੇ ਡਾਕਟਰੇਟ ਦੀ ਡਿਗਰੀ ਹਾਸਲ ਹੁੰਦੇ ਹਨ। ਇੱਕ ਅਧਿਆਪਕ ਸਾਥੀ ਨੇ ਦੱਸਿਆ ਕਿ ਉਸਨੂੰ ਕਿਸੇ ਕੰਮ ਵਾਸਤੇ ਬੈਂਕ ਵਿੱਚੋਂ ਕਰਜ਼ੇ ਦੀ ਲੋੜ ਪਈ ਤਾਂ ਦਫਤਰੀ ਮੁਲਾਜ਼ਮ ਨੇ ਉਸਦੀ ਮੁਕੰਮਲ ਫਾਇਲ ਤਿਆਰ ਕਰਵਾ ਲਈ ਅਤੇ ਬੈਂਕ ਵਿੱਚ ਵੀ ਸਾਰੇ ਕਾਗਜਜ਼ਾਤ ਉੱਤੇ ਹਸਤਾਖਰ ਕਰਵਾ ਲਏ। ਸਕੂਲ ਵਾਪਸੀ ਦੌਰਾਨ ਉਸੇ ਕਲਰਕ ਨੇ ਅਧਿਆਪਕ ਸਾਥੀ ਨੂੰ ਕਿਸੇ ਹੋਰ ਬੈਂਕ ਤੋਂ ਕਰਜ਼ਾ ਲੈਣ ਦੀ ਸਲਾਹ ਦਿੰਦਿਆਂ ਉਸਦਾ ਲੋਨ ਦੂਜੀ ਬੈਂਕ ਤੋਂ ਪਾਸ ਕਰਵਾ ਦਿੱਤਾ।

ਉਹ ਮੁਲਾਜ਼ਮ ਵਿਦੇਸ਼ ਚਲਾ ਗਿਆ। ਛੇ ਕੁ ਮਹੀਨੇ ਬਾਅਦ ਅਧਿਆਪਕ ਸਾਥੀ ਨੂੰ ਬੈਂਕ ਦੀਆਂ ਕਿਸ਼ਤਾਂ ਨਾ ਮੋੜਨ ਦਾ ਨੋਟਿਸ ਉਸ ਬੈਂਕ ਤੋਂ ਆ ਗਿਆ, ਜਿਸ ਤੋਂ ਉਸਨੇ ਕਰਜ਼ਾ ਲਿਆ ਹੀ ਨਹੀਂ ਸੀ। ਅਸਲੀਅਤ ਨੂੰ ਘੋਖਿਆ ਤਾਂ ਪਤਾ ਲੱਗਾ ਕਿ ਕਰਜ਼ ਬਾਰੇ ਰੱਦ ਕੀਤੀ ਪਹਿਲੀ ਬੈਂਕ ਦੀ ਫਾਇਲ ਉੱਪਰ ਉਹ ਕਲਰਕ ਕਰਜ਼ ਮਨਜ਼ੂਰ ਕਰਵਾ ਕੇ ਰਫੂ ਚੱਕਰ ਹੋ ਗਿਆ। ਸਾਊ, ਇਮਾਨਦਾਰ ਅਤੇ ਸਹਿਕਰਮੀਆਂ ਦਾ ਅਦਬ ਕਰਨ ਵਾਲਾ ਅਧਿਆਪਕ ਹੁਣ ਝੂਠੇ ਅਤੇ ਬੇਈਮਾਨ ਸ਼ਖਸ ਦੀ ਠੱਗੀ ਦਾ ਕਰਜ਼ਾ ਮੋੜ ਰਿਹਾ ਹੈ।

ਇੱਕ ਦਿਨ ਸ਼ਾਮ ਨੂੰ ਸੱਤਰ ਕੁ ਵਰ੍ਹਿਆਂ ਦੇ ਸੇਵਾਮੁਕਤ ਇੱਕ ਮੁਲਾਜ਼ਮ ਨੇ ਮੇਰੇ ਘਰ ਦਸਤਕ ਦਿੱਤੀ ਅਤੇ ਗੱਲਬਾਤ ਦੌਰਾਨ ਦੱਸਿਆ ਕਿ ਕਿਸੇ ਨੇੜਲੇ ਸਕੂਲ ਦੇ ਇੱਕ ਮੁਲਾਜ਼ਮ ਨੇ ਆਪਣੇ ਆਪ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਹੋਣ ਨਾਤੇ ਉਸ ਕੋਲੋਂ ਪੁਰਾਣੇ ਵਿਦਿਆਰਥੀਆਂ ਦੇ ਸਰਟੀਫਿਕੇਟਾਂ ਵਿੱਚ ਨਾਵਾਂ ਦੀ ਦਰੁਸਤੀ ਹਿਤ ਜਲਦ ਕੰਮ ਕਰਵਾਉਣ ਬਦਲੇ 25 ਹਜ਼ਾਰ ਰੁਪਏ ਲਏ ਸਨ। ਲਗਭਗ ਡੇਢ ਸਾਲ ਬੀਤਣ ’ਤੇ ਵੀ ਉਹ ਨਾ ਤਾਂ ਨਾਵਾਂ ਦੀ ਦਰੁਸਤੀ ਬਾਰੇ ਹੱਥ ਪੱਲਾ ਫੜਾ ਰਿਹਾ ਹੈ ਅਤੇ ਨਾ ਹੀ ਪੈਸੇ ਵਾਪਸ ਕਰ ਰਿਹਾ ਹੈ।

ਮੈਂ ਆਪਣੇ ਪੱਧਰ ’ਤੇ ਉਸ ਅਧਿਆਪਕ ਬਾਰੇ ਜਾਣਕਾਰੀ ਇਕੱਤਰ ਕੀਤੀ ਤਾਂ ਪਤਾ ਲੱਗਿਆ ਕਿ ਸ਼ਰਾਬਾਂ, ਠੱਗੀਆਂ ਅਤੇ ਬੇਈਮਾਨੀਆਂ ਵਿੱਚ ਗਲਤਾਨ ਉਹ ਸ਼ਖਸ ਤਾਂ ਲੋਕਾਂ ਨੂੰ ਚੂਨੇ ਲਾਉਣ ਵਿੱਚ ਰੁੱਝਾ ਹੋਇਆ ਹੈ।

ਮੇਰੇ ਇੱਕ ਹੋਰ ਅਧਿਆਪਕ ਸਾਥੀ ਨੇ ਆਪਣੇ ਰਿਸ਼ਤੇਦਾਰਾਂ ਨੂੰ ਕੈਨੇਡਾ ਭੇਜਣ ਵਾਸਤੇ ਡੇਢ ਲੱਖ ਦੀ ਰਾਸ਼ੀ ਉਧਾਰ ਦਿੱਤੀ ਪਰ ਵਾਅਦੇ ਅਨੁਸਾਰ ਅਗਲੀ ਫਸਲ ’ਤੇ ਰਕਮ ਦੀ ਵਾਪਸੀ ਤਾਂ ਕੀ ਹੋਣੀ ਸੀ ਬਲਕਿ ਚਾਰ ਫਸਲਾਂ ਦਾ ਸਮਾਂ ਵੀ ਲੰਘ ਗਿਆ ਹੈ। ਅਧਿਆਪਕ ਸਾਥੀ ਕਾਫੀ ਚਿੰਤਤ ਰਹਿੰਦਾ ਹੈ।

14 ਕੁ ਵਰ੍ਹੇ ਪਹਿਲਾਂ ਇੱਕ ਸੰਸਥਾ ਦੇ ਮੁਲਾਜ਼ਮ ਤੋਂ ਉਸਦਾ ਮੁਖੀ ਪੰਜਾਹ ਹਜ਼ਾਰ ਰੁਪਏ ਤਨਖਾਹ ਮਿਲਣ ਤਕ ਦੇ ਸਮੇਂ ਤਕ ਉਧਾਰ ਲੈ ਗਿਆ ਜੋ ਅਜੇ ਤਕ ਨਹੀਂ ਮੁੜੇ।

ਇੱਕ ਸਹਿਕਰਮੀ ਸਾਥੀ ਮੁਲਾਜ਼ਮ ਤੋਂ ਦਸ ਹਜ਼ਾਰ ਉਧਾਰ ਫੜ ਕੇ ਲੈ ਗਿਆ। ਪੂਰੇ ਦੋਂਹ ਸਾਲਾ ਦੌਰਾਨ ਉਸਨੇ ਕਿਸ਼ਤਾਂ ਵਿੱਚ ਰਕਮ ਦੀ ਵਾਪਸੀ ਕਰਨ ਉਪਰੰਤ ਉਸਨੂੰ ਇਹ ਸ਼ਬਦ ਕਹਿ ਕੇ ਨਜ਼ਲਾ ਝਾੜਿਆ, “ਮਾਸਟਰ ਜੀ, ਮੇਰੀ ਸਭ ਤੋਂ ਵੱਡੀ ਗਲਤੀ ਸੀ ਕਿ ਮੈਂ ਤੁਹਾਡੇ ਕੋਲੋਂ ਚੰਦ ਕੁ ਰੁਪਏ ਉਧਾਰ ਮੰਗ ਬੈਠਾ ...”

ਚੋਰਾਂ, ਠੱਗਾਂ, ਬੇਈਮਾਨਾਂ ਅਤੇ ਧੋਖੇਬਾਜ਼ਾਂ ਦੀਆਂ ਨਿੱਤ ਅਖਬਾਰਾਂ ਦੀਆਂ ਸੁਰਖੀਆਂ ਦਾ ਸ਼ਿੰਗਾਰ ਬਣਦੀਆਂ ਖਬਰਾਂ ਲੋਕਾਂ ਦੇ ਸਮਾਜਿਕ ਜੀਵਨ ਵਿੱਚ ਆਈ ਗਿਰਾਵਟ ਦੀ ਗਵਾਹੀ ਭਰਦੀਆਂ ਹਨ। ਜਿਵੇਂ ਕੋਈ ਵੀ ਸ਼ਖਸ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦਾ ਕਿ ਉਸਨੇ ਜੀਵਨ ਭਰ ਸੱਪ ਨਹੀਂ ਦੇਖਿਆ, ਇਸੇ ਤਰ੍ਹਾਂ ਕੋਈ ਵੀ ਆਦਮੀ ਇਹ ਨਹੀਂ ਕਹਿ ਕਹਿ ਸਕਦਾ ਕਿ ਉਸਨੇ ਕਿਸੇ ਠੱਗ ਜਾ ਬੇਈਮਾਨ ਦਾ ਡੰਗ ਨਹੀਂ ਖਾਧਾ। ਜ਼ਹਿਰ ਭਾਵੇਂ ਕਿਸੇ ਨੂੰ ਘੱਟ ਅਤੇ ਕਿਸੇ ਨੂੰ ਵੱਧ ਚੜ੍ਹਿਆ ਹੋਵੇ।

ਅਰਥ ਸ਼ਾਸਤਰ ਦਾ ਮੂਲ ਸਿੱਧਾਂਤ ਹੈ ਕਿ ਮਨੁੱਖ ਉਮਰ ਭਰ ਆਪਣੀਆਂ ਲੋੜਾਂ ਦੀ ਪੂਰਤੀ ਹਿਤ ਆਰਥਿਕ ਕਿਰਿਆਵਾਂ ਕਰਦਾ ਹੈ। ਉਸਦੀ ਜੀਵਨ ਲੀਲ੍ਹਾ ਤਾਂ ਸਮਾਪਤ ਹੋ ਜਾਂਦੀ ਹੈ ਪਰ ਅਸੀਮਤ ਲੋੜਾਂ ਪੂਰੀਆਂ ਨਹੀਂ ਹੁੰਦੀਆਂ। ਕੁਸ਼ਲ ਜਾਂ ਯੋਗ ਉਪਭੋਗੀ ਜਾਂ ਵਿਅਕਤੀ ਉਸੇ ਸ਼ਖਸ ਨੂੰ ਮੰਨਿਆ ਜਾਂਦਾ ਹੈ ਜੋ ਪਹਿਲਤਾ ਦੇ ਅਧਾਰ ’ਤੇ ਆਪਣੀਆਂ ਲੋੜਾਂ ਦੀ ਪੂਰਤੀ ਜਾਂ ਸ਼ੰਤੁਸ਼ਟੀ ਕਰਦਿਆਂ ਹੋਇਆਂ ਸਮਾਜ ਵਿੱਚ ਆਪਣੀਆਂ ਆਰਥਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਨੂੰ ਬਾਖੂਬੀ ਨਿਭਾਉਂਦਾ ਹੈ। ਭਾਵ, ਆਪਣੀ ਚਾਦਰ ਨਾਲੋਂ ਵੱਧ ਪੈਰ ਨਹੀਂ ਪਸਾਰਦਾ ਜਾਂ ਆਮਦਨ ਨਾਲੋਂ ਵੱਧ ਖਰਚ ਨਹੀਂ ਕਰਦਾ। ਪਰ ਪਦਾਰਥਵਾਦ ਦੇ ਅਜੋਕੇ ਦੌਰ ਵਿੱਚ ਵੱਧ ਤੋਂ ਵੱਧ ਮਾਇਆ, ਸੁਖ ਸਹੂਲਤਾਂ ਅਤੇ ਉੱਚੇ ਜੀਵਨ ਪੱਧਰ ਦੀਆਂ ਉਚਾਈਆਂ ਨੂੰ ਸਰ ਕਰਨ ਦੀਆਂ ਲਾਲਸਾਵਾਂ ਨੇ ਅਰਥ ਸ਼ਾਸਤਰ ਦੇ ਸਿਧਾਤਾਂ ਜਾਂ ਮਾਣਤਾਵਾਂ ਨੂੰ ਛਿੱਕੇ ਹੀ ਨਹੀਂ ਟੰਗਿਆ ਬਲਕਿ ਇਸ ਨਾਲ ਸਮਾਜੀ ਦਾਇਰਿਆਂ ਵਿੱਚ ਵੀ ਖੂਬ ਉਥਲ ਪੁਥਲ ਪੈਦਾ ਕੀਤੀ ਹੋਈ ਹੈ।

ਦੇਖਾ-ਦੇਖੀ ਲੋਕਾਂ ਨੇ ਆਪਣੀਆਂ ਲੋੜਾਂ ਇੰਨੀਆਂ ਵਧਾ ਲਈਆਂ ਹਨ ਕਿ ਠੱਗੀ ਮਾਰੇ ਬਗੈਰ ਉਹ ਪੂਰੀਆਂ ਹੀ ਨਹੀਂ ਹੁੰਦੀਆਂ। ਸਾਵਧਾਨ!

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:
(This email address is being protected from spambots. You need JavaScript enabled to view it.)

About the Author

ਹਰਭਿੰਦਰ ਸਿੰਘ ਲੈਕਚਰਾਰ

ਹਰਭਿੰਦਰ ਸਿੰਘ ਲੈਕਚਰਾਰ

WhatsApp: (91 - 94646 - 01001)
Email: (harbhinderkaul@gmail.com)