“ਪੰਜਾਬ ਕਿਸੇ ਸਰਕਾਰ ਨੇ ਨਹੀਂ ਬਚਾਉਣਾ, ਪੰਜਾਬ ਪੰਜਾਬੀਆਂ ਨੇ ਹੀ ਬਚਾਉਣਾ ਹੈ ...”
(20 ਅਕਤੂਬਰ 2026) ਇਸ ਸਮੇਂ ਪਾਠਕ: 719.
ਸਵੇਰੇ-ਸਵੇਰੇ ਜਦੋਂ ਅਖਬਾਰ ਆਉਂਦੀ ਹੈ, ਖੋਲ੍ਹਣ ਨੂੰ ਦਿਲ ਨਹੀਂ ਕਰਦਾ। ਪਹਿਲਾ ਪੰਨਾ ਲੁੱਟਾਂ-ਖੋਹਾਂ ਦਾ, ਦੂਜਾ ਔਰਤਾਂ ਨਾਲ ਹੋ ਰਹੀਆਂ ਅਣਮਨੁੱਖੀ ਘਟਨਾਵਾਂ ਦਾ, ਤੀਜਾ ਗੈਂਗਵਾਰਾਂ ਦਾ ਅਤੇ ਚੌਥਾ ਦਿਨੋ ਦਿਨ ਵਧ ਰਹੀ ਮਹਿੰਗਾਈ ਦਾ ...। ਟੀਵੀ ਲਾਓ ਤਾਂ ਵਿਧਾਨ ਸਭਾ ਵਿੱਚ ਗਾਲੀ-ਗਲੋਚ ਅਤੇ ਬੋਲ-ਕਬੋਲ। ਕੀ ਇਹੋ ਪੰਜਾਬ ਸੀ ਜਿੱਥੇ ਗੁਰੂਆਂ ਨੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਸੀ? ਕੀ ਇਹੋ ਪੰਜਾਬ ਸੀ ਜਿੱਥੇ ਸ਼ਾਮ ਨੂੰ ਹਰ ਪਿੰਡ ਵਿੱਚ ਬੱਚੇ ਖੇਡਦੇ ਹੁੰਦੇ ਸਨ? ਅੱਜ ਮੈਂ 74 ਸਾਲ ਦਾ ਹੋਣ ਵਾਲਾ ਹਾਂ, ਪਰ ਮੈਨੂੰ ਇੰਨਾ ਡਰ ਕਦੇ ਨਹੀਂ ਸੀ ਲੱਗਿਆ ਜਿੰਨਾ ਅੱਜ ਆਪਣੀ ਨਵੀਂ ਪੀੜ੍ਹੀ ਦੇ ਭਵਿੱਖ ਬਾਰੇ ਸੋਚ ਕੇ ਲਗਦਾ ਹੈ। ਸੜਕਾਂ ’ਤੇ ਜੰਗਲ ਰਾਜ ਹੈ। ਦਿਨ-ਦਿਹਾੜੇ ਬਜ਼ਾਰ ਵਿੱਚ ਜਾਂਦੀ ਕਿਸੇ ਧੀ ਦੀ ਚੇਨ ਖੋਹ ਲਈ ਜਾਂਦੀ ਹੈ, ਬੈਂਕ ਵਿੱਚੋਂ ਪੈਸੇ ਲੈ ਕੇ ਨਿਕਲੇ ਕਿਸੇ ਬਜ਼ੁਰਗ ਨੂੰ ਲੁੱਟ ਲਿਆ ਜਾਂਦਾ ਹੈ। ਘਰ ਦੇ ਜਿੰਦਰੇ ਤੋੜ ਕੇ ਚੋਰ ਸਾਰੀ ਕਮਾਈ ਹੂੰਝ ਕੇ ਲੈ ਜਾਂਦੇ ਹਨ।
ਅੱਜ ਗੈਂਗਸਟਰ ਹੀਰੋ ਬਣੇ ਹੋਏ ਹਨ। ਇੰਸਟਾਗ੍ਰਾਮ ’ਤੇ ਹਥਿਆਰਾਂ ਨਾਲ ਫੋਟੋਆਂ, ਜੇਲ੍ਹ ਵਿੱਚੋਂ ਲਾਈਵ ਹੋ ਕੇ ਧਮਕੀਆਂ ਦਿੰਦੇ ਹਨ। ਇਵੇਂ ਲਗਦਾ ਹੈ ਜਿਵੇਂ ਪੁਲਿਸ ਇਨ੍ਹਾਂ ਗੈਂਗਸਟਰਾਂ ਗਨੂੰ ਫੜਦੀ ਹੀ ਨਹੀਂ, ਜਾਂ ਭਾਗੀਦਾਰ ਬਣੀ ਹੋਈ ਹੈ ਜਾਂ ਫਿਰ ਪੁਲਿਸ ਕਿਸੇ ਦਬਾਅ ਵਿੱਚ ਹੈ? ਹਾਂ, ਪੁਲਿਸ ਸਿਆਸੀ ਦਬਾਅ ਵਿੱਚ ਵੀ ਹੈ ਤੇ ਕਿਤੇ ਕਿਤੇ ਭਾਗੀਦਾਰੀ ਵੀ ਹੈ। ਸਿਆਸੀ ਦਬਾਅ ਦੀ ਜੇ ਗੱਲ ਕਰੀਏ ਤਾਂ ਰਾਜ ਸੱਤਾ ਭੋਗ ਕੇ ਗਈ ਇੱਕ ਪਾਰਟੀ ਦੀ ਸਰਕਾਰ ਨੇ ਤਾਂ ਪੁਲਿਸ ਥਾਣੇ ਹੀ ਹਲਕਾ ਵਿਧਾਇਕ ਦੇ ਅਧੀਨ ਕਰ ਦਿੱਤੇ ਸਨ ਭਾਵੇਂ ਉਹ ਮੂੰਹ ਜ਼ਬਾਨੀ ਹਦਾਇਤਾਂ ਦਿੱਤੀਆਂ ਸਨ। ਇੱਕ ਤਰ੍ਹਾਂ ਨਾਲ ਵਿਰੋਧੀ ਪਾਰਟੀਆਂ ਥਾਣਿਆਂ ਵਿੱਚ ਜਾਣ ਤੋਂ ਵੀ ਪਾਸਾ ਵੱਟ ਰਹੀਆਂ ਸਨ। ਭਰੋਸੇਯੋਗ ਸੂਤਰਾਂ ਦੇ ਹਵਾਲੇ ਮੁਤਾਬਿਕ ਅੱਜ ਵੀ ਕਈ ਹਲਕਿਆਂ ਦੇ ਸੱਤਾਧਾਰੀ ਵਿਧਾਇਕਾਂ ਵੱਲੋਂ ਥਾਣਿਆਂ ਵਿੱਚ ਆਪਣੇ ਨਿੱਜੀ ਕੰਮਾਂ ਲਈ ਵਿਰੋਧੀਆਂ ਉੱਤੇ ਨਾਜਾਇਜ਼ ਕੇਸ ਪਾਉਣ ਦੇ ਦਬਾਅ ਪਾਏ ਜਾਂਦੇ ਹਨ। ਜੇਕਰ ਕੋਈ ਇਮਾਨਦਾਰ ਪੁਲਿਸ ਅਧਿਕਾਰੀ ਇਹ ਨਾਜਾਇਜ਼ ਕੰਮ ਨਹੀਂ ਕਰਦਾ ਤਾਂ ਉਸਦਾ ਤੁਰੰਤ ਪ੍ਰਭਾਵ ਨਾਲ ਤਬਾਦਲਾ ਕਰਵਾ ਦਿੱਤਾ ਜਾਂਦਾ ਹੈ। ਇਹ ਵੀ ਕਹਿ ਲਿਆ ਜਾਵੇ ਕਿ ਇਮਾਨਦਾਰ ਅਧਿਕਾਰੀ ਦਾ ਬਿਸਤਰਾ ਤਾਂ ਮੋਢੇ ’ਤੇ ਹੀ ਰਹਿੰਦਾ ਹੈ। ਇਹ ਗੱਲ ਵੀ ਬਿਲਕੁਲ ਸਹੀ ਹੈ ਕਿ ਰਿਸ਼ਵਤ ਨਾਲ ਲਈ ਨੌਕਰੀ ਰਿਸ਼ਵਤ ਤੋਂ ਬਗੈਰ ਤੁਹਾਨੂੰ ਇਨਸਾਫ ਦੇ ਦੇਵੇਗੀ?
ਅੱਜ ਸਮਾਜ ਵਿੱਚ ਸਭ ਤੋਂ ਵੱਡੀ ਹਾਰ ਤਾਂ ਇਹ ਹੈ ਕਿ ਸਾਡੀਆਂ ਧੀਆਂ ਸੁਰੱਖਿਅਤ ਨਹੀਂ ਹਨ। ਜਦੋਂ ਧੀ ਸਕੂਲੋਂ ਘਰ ਆਉਣ ਵਿੱਚ 10 ਮਿੰਟ ਲੇਟ ਹੋ ਜਾਵੇ ਤਾਂ ਮਾਂ ਦਾ ਦਿਲ ਬੈਠ ਜਾਂਦਾ ਹੈ। ਪੰਜਾਬ ਦੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੀ ਰਾਜ ਸੱਤਾ ਪ੍ਰਾਪਤੀ ਨੇ ਪੰਜਾਬ ਦੇ ਇਹ ਹਾਲਾਤ ਬਣਾ ਕੇ ਰੱਖ ਦਿੱਤੇ ਹਨ ਕਿ ਪੰਜਾਬ ਵਿੱਚ ਨਸ਼ਾ, ਬੇਰੁਜ਼ਗਾਰੀ ਅਤੇ ਫੋਨ ਵਿਚਲੀ ਗੰਦਗੀ ਨੇ ਨੌਜਵਾਨਾਂ ਦੇ ਦਿਮਾਗ ਨੂੰ ਗੰਦਾ ਕਰ ਦਿੱਤਾ ਹੈ। ਬਲਾਤਕਾਰੀਆਂ ਨੂੰ ਸਜ਼ਾ ਮਿਲਣ ਵਿੱਚ 8-10 ਸਾਲ ਲੱਗ ਜਾਂਦੇ ਨੇ, ਤਦ ਤਕ ਉਹ ਗੰਦੇ ਲੋਕ ਹੋਰ ਕਈ ਜ਼ਿੰਦਗੀਆਂ ਬਰਬਾਦ ਕਰ ਦਿੰਦੇ ਹਨ। ਇਸੇ ਕਾਰਨ ਇਹ ਕ੍ਰਾਈਮ ਵਧਦਾ ਜਾ ਰਿਹਾ ਹੈ।
ਤਮਾਸ਼ਾ ਬਣੀ ਵਿਧਾਨ ਸਭਾ - ਮੈਂ ਲਗਭਗ 50-60 ਤੋਂ ਸੁਣਦਾ ਆ ਰਿਹਾ ਸੀ ਕਿ ਪੰਜਾਬ ਵਿਧਾਨ ਸਭਾ ਪੰਜਾਬੀਆਂ ਦੀ ਕਿਸਮਤ ਬਦਲਣ ਲਈ ਇੱਕ “ਮੰਦਰ” ਹੈ। ਇੱਥੇ ਮਿਲ ਬੈਠ ਕੇ ਪੰਜਾਬੀਆਂ ਦੇ ਵਿਕਾਸ ਦੀ ਕਿਸਮਤ ਲਿਖੀ ਜਾਂਦੀ ਹੈ। ਪਰ ਅੱਜ ਅਸੀਂ ਕੀ ਦੇਖ ਰਹੇ ਹਾਂ? ਉਸ ਮੰਦਰ ਦਾ ਮੁਖੀ ਵਿਰੋਧੀਆਂ ਨਾਲ ਮਤਰੇਈ ਵਾਲਾ ਸਲੂਕ ਕਰਦਾ ਨਜ਼ਰ ਆਉਂਦਾ ਹੈ। ਪਹਿਲਾਂ ਲੋਕਾਂ ਦੇ ਮੁੱਦਿਆਂ ’ਤੇ ਲੜਾਈ ਹੁੰਦੀ ਸੀ। ਨਹਿਰਾਂ ਦੇ ਪਾਣੀ ’ਤੇ, ਫਸਲਾਂ ਦੇ ਭਾਅ ’ਤੇ, ਸਕੂਲਾਂ ਦੇ ਵਿਕਾਸ ’ਤੇ, ਅੱਜ ਕੀ ਹੁੰਦਾ ਹੈ? ਮੇਰਾ ਚੋਰ ਵੱਡਾ ਕਿ ਤੇਰਾ? ਤੂੰ ਮੇਰੀ ਫਾਈਲ ਕੱਢ, ਮੈਂ ਤੇਰੀ ਕੱਢਾਂ। ਮਾਈਕ ਤੋੜਨੇ, ਕੁਰਸੀਆਂ ’ਤੇ ਚੜ੍ਹਨਾ, ਤੇ ਬਾਹਰ ਆ ਕੇ ਕੈਮਰੇ ਸਾਹਮਣੇ ਨੌਟੰਕੀ। ਪਬਲਿਕ ਦੇ ਪੈਸੇ ਨਾਲ 117 ਵਿਧਾਇਕਾਂ ਦੇ ਸੈਸ਼ਨ ’ਤੇ ਕਰੋੜਾਂ ਦਾ ਖਰਚਾ, ਤੇ ਨਤੀਜਾ - ਜ਼ੀਰੋ। ਵਿਕਾਸ ਦੀ ਗੱਲ ਕੋਈ ਨਹੀਂ ਕਰਦਾ।
ਅਸਲੀ ਜੜ੍ਹ - ਵੋਟ ਬੈਂਕ। ਸੱਤਾ ’ਤੇ ਕਬਜ਼ਾ ਅਤੇ ਪਰਿਵਾਰਵਾਦ। ਇਸ ਸਭ ਦੀ ਜੜ੍ਹ ਇੱਕੋ ਹੈ- ਵੋਟ ਬੈਂਕ ਦੀ ਰਾਜਨੀਤੀ। ਕੰਮ ਦੇ ਨਾਮ ’ਤੇ ਵੋਟ ਨਹੀਂ, ਜਾਤ ਦੇ ਨਾਮ ’ਤੇ ਵੋਟ, ਧਰਮ ਦੇ ਨਾਮ ’ਤੇ ਵੋਟ, ਮੁਫਤ ਦੇ 1000 ਰੁਪਏ ਦੇ ਨਾਮ ’ਤੇ ਵੋਟ ਤੇ ਉਸ ਤੋਂ ਵੀ ਖਤਰਨਾਕ ਹੈ ਪਰਿਵਾਰਵਾਦ। ਪੰਜਾਬ ਦੀਆਂ 5-7 ਪਾਰਟੀਆਂ ਨੇ ਆਪਣੇ ਪਰਿਵਾਰਾਂ ਲਈ ਜਗੀਰ ਬਣਾ ਲਿਆ ਹੈ। ਬਾਪ MP, ਪੁੱਤ MLA, ਨੂੰਹ ਚੇਅਰਮੈਨ, ਭਤੀਜਾ ਯੂਥ ਪ੍ਰਧਾਨ। ਆਮ ਘਰ ਦਾ ਪੜ੍ਹਿਆ-ਲਿਖਿਆ ਬੱਚਾ ਜੋ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਹੈ, ਉਹਨੂੰ ਕੋਈ ਟਿਕਟ ਤਕ ਨਹੀਂ ਦਿੰਦਾ। ਜਦੋਂ ਤਕ ਇਹ ਪਰਿਵਾਰਵਾਦ ਨਹੀਂ ਟੁੱਟੇਗਾ, ਪੰਜਾਬ ਨਹੀਂ ਬਚੇਗਾ।
ਭਵਿੱਖ ਦੀ ਤਸਵੀਰ - ਜੇ ਅੱਜ ਨਾ ਜਾਗੇ ਤਾਂ ਸੋਚ ਕੇ ਦੇਖੋ 2035 ਦਾ ਪੰਜਾਬ ਕੀ ਬਣੇਗਾ? ਇਸਤੋਂ ਪਹਿਲਾਂ ਵੀ ਰਾਜ ਸੱਤਾ’ ਤੇ ਕਾਬਜ਼ ਰਹਿ ਚੁੱਕੀਆਂ ਪਾਰਟੀਆਂ ਨੇ ਜਨਤਾ ਨੂੰ ਬਹੁਤ ਲੁਭਾਉਣੇ ਸਬਜ਼ਬਾਗ਼ ਦਿਖਾਏ ਹਨ। ਕਿਸੇ ਨੇ ਕਿਹਾ ਕਿ ਪੰਜਾਬ ਤਰੱਕੀ ਦੇ ਰਾਹ ’ਤੇ ਹੈ। ਕਿਸੇ ਨੇ ਕਿਹਾ ਕਿ ਪੰਜਾਬ ਨੂੰ ਕੈਲੇਫੋਰਨੀਆ ਬਣਾ ਦਿਆਂਗੇ। ਵਰਤਮਾਨ ਸਰਕਾਰ ਨੇ ਵੀ ਅੱਜ “ਰੰਗਲਾ ਪੰਜਾਬ” ਬਣਾਉਣ ਵਿੱਚ ਕੋਈ ਕਸਰ ਨਹੀਂ ਛੱਡੀ। ਜਿਸ ਦਿਨ ਤੋਂ ਸੱਤਾ ਸੰਭਾਲੀ ਹੈ ਉਸ ਦਿਨ ਤੋਂ ਹੀ ਕਈ ਚੋਟੀ ਦੇ ਗਾਇਕ, ਕਬੱਡੀ ਦੇ ਪਲੇਅਰ, ਸਮਾਜਸੇਵੀ ਗੋਲੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਸਰਕਾਰ ਦੀਆਂ ਸੱਜੀਆਂ ਖੱਬੀਆਂ ਬਾਹਾਂ ਕਿਸਾਨ, ਸਫਾਈ ਸੇਵਕ, ਮਾਸਟਰ, ਡਾਕਟਰ, ਪੈਨਸ਼ਨਰ, ਆਂਗਣਵਾੜੀ ਆਦਿ ਅਤੇ ਸਰਕਾਰ ਦੀ ਰੀੜ੍ਹ ਦੀ ਹੱਡੀ ਕਹਾਉਂਦੇ ਹੱਕ ਮੰਗਦੇ ਸਰਕਾਰੀ ਮੁਲਾਜ਼ਮ ’ਤੇ ਡਾਂਗ ਫੇਰੀ ਜਾ ਰਹੀ ਹੈ। ਪਰ ਇੱਕ ਗੱਲ ਜ਼ਰੂਰ ਹੈ ਕਿ 1980 ਦੇ ਦਹਾਕੇ ਤੋਂ ਪਹਿਲਾਂ ਇਹ ਪੰਜਾਬ ਰੰਗਲਾ ਜ਼ਰੂਰ ਸੀ, ਪੂਰੀ ਚੜ੍ਹਦੀ ਕਲਾ ਵਿੱਚ ਸੀ। ਸਭ ਵਿੱਚ ਭਾਈਚਾਰਕ ਸ਼ਾਂਝ ਸੀ।
ਅੱਜ ਪੰਜਾਬ ਵਿੱਚ ਨਿੱਤ ਚਿੱਟੇ ਦੇ ਨਸ਼ੇ ਨਾਲ ਮੌਤਾਂ ਹੋ ਰਹੀਆਂ ਹਨ। ਜੇ ਇਹੀ ਹਾਲ ਰਿਹਾ ਤਾਂ ਪਿੰਡਾਂ ਵਿੱਚ ਸਿਰਫ ਬਜ਼ੁਰਗ ਹੀ ਰਹਿ ਜਾਣਗੇ। ਪਿੰਡਾਂ ਵਿੱਚ ਪ੍ਰਵਾਸੀ ਮਜ਼ਦੂਰਾਂ ਦਾ ਬੋਲਬਾਲਾ ਹੋਵੇਗਾ। ਬਜ਼ੁਰਗ ਉਨ੍ਹਾਂ ਦੇ ਰਹਿਮੋ-ਕਰਮ ’ਤੇ ਜਿਉਣਗੇ ਕਿਉਂਕਿ ਸਾਰੇ ਨੌਜਵਾਨ ਕੈਨੇਡਾ, ਅਮਰੀਕਾ ਅਤੇ ਹੋਰ ਮੁਲਕਾਂ ਵਿੱਚ ਭੱਜ ਜਾਣਗੇ। ਖੇਤਾਂ ਵਿੱਚ ਕੰਮ ਕਰਨ ਵਾਲਾ ਕੋਈ ਨਹੀਂ ਹੋਵੇਗਾ। ਸਕੂਲ ਬੰਦ ਹੋ ਜਾਣਗੇ ਕਿਉਂਕਿ ਬੱਚੇ ਹੀ ਨਹੀਂ ਹੋਣਗੇ। ਹਸਪਤਾਲਾਂ ਵਿੱਚ ਡਾਕਟਰ ਨਹੀਂ ਹੋਣਗੇ। ਸੜਕਾਂ ’ਤੇ ਸਿਰਫ ਨਸ਼ੇੜੀ ਅਤੇ ਗੈਂਗਸਟਰ ਅਤੇ ਲੁੱਟਾਂ ਖੋਹਾਂ ਵਾਲੇ ਗਰੋਹ ਮਿਲਣਗੇ।
ਹੁਣ ਸਰਕਾਰਾਂ ਕਹਿਣਗੀਆਂ, ਸਾਡੇ ਕੋਲ ਪੈਸਾ ਨਹੀਂ। ਪਰ ਪੈਸਾ ਮੁਫਤ ਵੰਡਣ ਲਈ ਹੈ, ਆਪਣੇ ਬੋਰਡ-ਨਿਗਮਾਂ ਲਈ ਹੈ, ਆਪਣੇ ਪਰਿਵਾਰਾਂ ਦੇ ਸ਼ੌਕਾਂ ਲਈ ਹੈ। ਹੁਣ ਰਾਹ ਕੀ ਹੈ? ਪਹਿਲਾ ਵੱਡਾ ਹੱਲ, ਆਉ ਹੁਣ ਇੱਕ-ਦੂਜੇ ’ਤੇ ਦੂਸ਼ਣਬਾਜ਼ੀਆਂ ਨੂੰ ਛੱਡਕੇ, ਆਪਣੀ ਹਉਮੈਂ ਨੂੰ ਛੱਡ ਕੇ ਪੰਜਾਬ ਦੀ ਅਣਖ ਬਚਾ ਲਈਏ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਅਸੀਂ ਸਾਰੇ ਪੰਜਾਬੀ ਹਾਂ, ਸੂਰਬੀਰ ਹਾਂ, ਬਹਾਦਰ ਹਾਂ, ਸੂਝਵਾਨ ਹਾਂ, ਤਿਆਗੀ ਹਾਂ, ਸਾਰੇ ਆਪਣੀਆਂ ਪਾਰਟੀਆਂ ਦੀ ਹਉਮੈਂ ਨੂੰ ਤਿਆਗਦੇ ਹੋਏ ਸਰਬੱਤ ਦੇ ਭਲੇ ਲਈ, ਪੰਜਾਬ ਦੀ ਅਣਖ ਬਚਾਉਣ ਲਈ ਸਰਬ ਪਾਰਟੀ ਮੰਚ ਉਸਾਰੀਏ, ਅਤੇ ਇਸਦੀ 1975 ਤੋਂ ਲੈਕੇ ਅੱਜ ਤਕ ਪੜਚੋਲ ਕਰੀਏ। ਕੀ ਕੁਝ ਵਾਪਰਿਆ, ਕਿਸਦੇ ਕਾਰਨ ਵਾਪਰਿਆ, ਕਿਉਂ ਵਾਪਰਿਆ? ਇਸਦੇ ਹੱਲ ਵਾਰੇ ਸਰਬਸੰਮਤੀ ਬਣਾਈਏ। ਦੂਸਰੀ ਗੱਲ; 1. ਸਾਨੂੰ ਮੁਫਤਖੋਰੀ ਛੱਡ ਕੇ ਸਖਤ ਕਾਨੂੰਨ ਬਣਾਉਣਾ ਪਵੇਗਾ। 2. ਪਰਿਵਾਰਵਾਦ ਵਾਲੇ ਨੇਤਾਵਾਂ ਦਾ ਮੁਕੰਮਲ ਬਾਈਕਾਟ ਕਰਨਾ ਪਵੇਗਾ, ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ। 3. ਪਿੰਡ-ਪਿੰਡ ਵਿੱਚ ਪਹਿਰਾ ਦੇਣਾ ਪਵੇਗਾ, ਆਪਣੀਆਂ ਧੀਆਂ ਦੀ ਰਾਖੀ ਆਪ ਕਰਨੀ ਪਵੇਗੀ। ਪੰਜਾਬ ਕਿਸੇ ਸਰਕਾਰ ਨੇ ਨਹੀਂ ਬਚਾਉਣਾ, ਪੰਜਾਬ ਪੰਜਾਬੀਆਂ ਨੇ ਹੀ ਬਚਾਉਣਾ ਹੈ। ਜੇ ਅੱਜ ਚੁੱਪ ਰਹੇ ਤਾਂ ਇਤਿਹਾਸ ਸਾਨੂੰ ਕਦੇ ਮੁਆਫ ਨਹੀਂ ਕਰੇਗਾ।
... ਇੱਕ ਚਿੰਤਤ ਪੰਜਾਬੀ, ਜੋ ਅਜੇ ਵੀ ਆਸ ਰੱਖਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)



























































































































