HariKrishanMayer7“ਗਣਿਤ ਪੜ੍ਹਾ ਰਹੇ ਹੁੰਦੇ ਤਾਂ ਸਾਨੂੰ ਖੇਤਾਂ ਵਿੱਚ ਲੈ ਜਾਂਦੇ। ਉੱਥੇ ‘ਵਰਗਾਕਾਰ’ ਅਤੇ ...”
(1 ਅਕਤੂਬਰ 2026)

 

ਜਿਨ੍ਹਾਂ ਸਕੂਲਾਂ ਵਿੱਚ ਅਸੀਂ ਛੋਟੀਆਂ ਜਾਂ ਵੱਡੀਆਂ ਕਲਾਸਾਂ ਪੜ੍ਹਦੇ ਰਹੇ ਹਾਂ, ਸਾਡੇ ਚੇਤਿਆਂ ਵਿੱਚੋਂ ਜ਼ਿੰਦਗੀ ਭਰ ਕਦੇ ਨਹੀਂ ਵਿਸਰਦੇ। ਨਾ ਹੀ ਉਹ ਅਧਿਆਪਕ ਭੁੱਲਦੇ ਹਨ, ਜਿਨ੍ਹਾਂ ਕੋਲ ਅਸੀਂ ਪੜ੍ਹਦੇ ਰਹੇ ਹਾਂ। ਅਧਿਆਪਕ ਦਿਵਸ ਮੌਕੇ ਮਨ ਸੋਚਾਂ ਵਿੱਚ ਡੁੱਬਿਆ ਰਿਹਾ। ਮੈਂ ਆਪਣੇ ਸਕੂਲ ਦੇ ਦਿਨਾਂ ਵਿੱਚ ਹੀ ਗੁਆਚ ਗਿਆ ਸਾਂ। ਪਤਾ ਹੀ ਨਾ ਲੱਗਾ ਕਿ ਕਦੋਂ ਇਹ ਸਭ ਕੁਝ ਲਿਖਿਆ ਗਿਆ। ਆਉ ਤੁਸੀਂ ਵੀ ਮੇਰੇ ਪ੍ਰਾਇਮਰੀ ਸਕੂਲ ਦੇ ਦਿਨਾਂ ਦੀਆਂ ਯਾਦਾਂ ਨਾਲ ਸਾਂਝ ਪਾਓ।

ਮੈਂ ਲੁਧਿਆਣੇ ਜ਼ਿਲ੍ਹੇ ਦੇ ਸਮਰਾਲਾ ਤਹਿਸੀਲ ਵਿੱਚ ਪੈਂਦੇ ਪਿੰਡ ਬੜੀ ਬਗਲੀ (ਬਗਲੀ ਕਲਾਂ) ਦੇ ਪ੍ਰਾਇਮਰੀ ਸਕੂਲ ਵਿੱਚ ਪੰਜਵੀਂ ਤੀਕ ਪੜ੍ਹਿਆ ਹਾਂ। ਸਾਡੇ ਵੱਡੇ ਮਾਸਟਰ ਹੁੰਦੇ ਸਨ, ਸ੍ਰੀ ਵਸੰਦਾ ਰਾਮ। ਉਹ ਲੁਧਿਆਣੇ ਦੇ ਰਹਿਣ ਵਾਲੇ ਸਨ। ਦੂਜੇ ਮਾਸਟਰ ਸ਼੍ਰੀ ਸਾਗਰ ਚੰਦ ਪਿੰਡ ਦਹਿੜੂ ਤੋਂ ਸਾਇਕਲ ’ਤੇ ਆਉਂਦੇ ਸਨ। ਦੋਵੇਂ ਬੜੇ ਅੜਬ ਸੁਭਾਅ ਦੇ ਸਨ। ਪਰ ਪੜ੍ਹਾਉਣ ਵਿੱਚ ਬੜੇ ਹੀ ਕਾਬਲ ਅਤੇ ਮਿਹਨਤੀ। ਜਦੋਂ ਮੈਂ ਪਹਿਲੀ ਜਮਾਤ ਵਿੱਚ ਦਾਖਲ ਹੋਇਆ, ਮੇਰੇ ਬਾਈ (ਪਿਤਾ ਜੀ) ਨੇ ਇੱਕ ਲੱਕੜੀ ਦਾ ਪਟੜਾ ਵੀ ਬਣਵਾ ਕੇ ਮਾਸਟਰਾਂ ਨੂੰ ਦਿੱਤਾ ਸੀ ਕਿਉਂਕਿ ਮਾਸਟਰ ਨੇ ਸਾਫ ਕਹਿ ਦਿੱਤਾ ਸੀ, ਸਾਡੇ ਕੋਲ ਬੈਠਣ ਲਈ ਕੋਈ ਫਰਨੀਚਰ ਨਹੀਂ, ਆਪ ਪ੍ਰਬੰਧ ਕਰਕੇ ਦਾਖਲ ਕਰਾਇਓ ਬੱਚੇ ਨੂੰ। ਸੋ ਮੈਂ ਵੀ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਇਸ ਤਰ੍ਹਾਂ ਦਾਖਲ ਹੋਇਆ ਸਾਂ। ਮੇਰੇ ਦਾਖਲੇ ’ਤੇ ਮੇਰੇ ਬਾਈ ਨੇ ਕਲਾਸ ਨੂੰ ਪਤਾਸੇ ਵੰਡੇ ਸਨ।

ਮੈਨੂੰ ਯਾਦ ਹੈ ਕਿ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਿਆਂ ਮੈਂ ਉਪਰੋਕਤ ਅਧਿਆਪਕਾਂ ਤੋਂ ਇਲਾਵਾ, ਇੱਕ ਅਧਿਆਪਕ ਹੁਸ਼ਿਆਰ ਸਿੰਘ ਤੋਂ ਬੜਾ ਪ੍ਰਭਾਵਤ ਹੋਇਆ ਸਾਂ। ਉਹ ਸਾਨੂੰ ਪੰਜਵੀਂ ਵਿੱਚ ਪੰਜਾਬੀ ਪੜ੍ਹਾਉਂਦੇ ਸਨ। ਹਸਮੁੱਖ, ਮਿਲਾਪੜਾ ਅਤੇ ਬੱਚਿਆਂ ਵਿੱਚ ਘੁਲ ਮਿਲ ਜਾਣ ਵਾਲਾ ਹੁਸ਼ਿਆਰ ਸਿੰਘ, ਲੋਹਟਬੱਦੀ ਪਿੰਡ ਤੋਂ ਸਾਇਕਲ ’ਤੇ ਸਾਡੇ ਪਿੰਡ ਪੜ੍ਹਾਉਣ ਆਉਂਦਾ ਸੀ। ਉਸ ਵਿੱਚ ਕਈ ਗੁਣ ਸਨ। ਉਹ ਲੇਖ ਲਿਖਣ, ਚਿੱਠੀ ਪੱਤਰ ਲਿਖਣ ਵੇਲੇ ਕਹਿੰਦਾ ਹੁੰਦਾ ਸੀ, “ਮੁੰਡਿਓ ਰੱਟਾ ਨਹੀਂ ਲਾਉਣਾ, ਨਾ ਕਿਤੋਂ ਨਕਲ ਕਰਨੀ ਆਂ। ਪਹਿਲਾਂ ਸੋਚ ਲਓ ਕਿ ਲੇਖ ਵਿੱਚ ਕੀ ਕੀ ਲਿਖਣਾ, ਬੱਸ ਆਪਣੇ ਕੋਲੋਂ ਬਣਾ ਕੇ ਕਈ ਸਫੇ ਭਰ ਦਿਉ। ਤੁਹਾਡਾ ਲੇਖ ਮੌਲਿਕ ਹੋਊ, ਨੰਬਰ ਵੱਧ ਮਿਲਣਗੇ।” ਉਸਦੀ ਸਧਾਰਨ ਜਿਹੀ ਰਾਇ ਨੇ ਮੈਨੂੰ ਲਿਖਣ ਦੀ ਚੇਟਕ ਲਾ ਦਿੱਤੀ। ਸਾਡੇ ਮਨ ਤੋਂ ਰੱਟਾ ਲਾਉਣ ਦਾ ਬੋਝ ਉਤਾਰ ਦਿੱਤਾ। ਹੋ ਸਕਦਾ ਹੈ ਮੈਂ ਇਸ ਕਾਰਨ ਹੀ ਅੱਜ ਪੰਜਾਬੀ ਦਾ ਲੇਖਕ ਬਣਿਆ ਹੋਵਾਂ।

ਮਾਸਟਰ ਵਸੰਦਾ ਰਾਮ ਲੁਧਿਆਣੇ ਦੇ ਸਨ। ਸਨਿੱਚਰਵਾਰ ਨੂੰ ਚਾਵਾ ਪਾਇਲ ਰੇਲਵੇ ਸਟੇਸ਼ਨ ਤੋਂ ਰੇਲਗੱਡੀ ਚੜ੍ਹ ਜਾਂਦੇ। ਉਨ੍ਹਾਂ ਦੇ ਲੈਕੇ ਜਾਣ ਲਈ ਅਸੀਂ ਢੱਕੀ ਤੋਂ ਥੈਲਾ ਭਰਕੇ ਪੱਕੇ ਬੇਰ ਲਿਆਉਂਦੇ ਸਾਂ। ਬੱਚਿਆਂ ਦੇ ਮਾਂ ਬਾਪ ਉਨ੍ਹਾਂ ਲਈ ਸਾਗ, ਮੇਥੇ ਅਤੇ ਗੰਨੇ ਲੈਕੇ ਆਉਂਦੇ। ਸੋਮਵਾਰ ਨੂੰ ਸਕੂਲ ਲੱਗਣ ਤੋਂ ਪਹਿਲਾਂ ਸਕੂਲ ਪੁੱਜ ਜਾਂਦੇ। ਸਕੂਲ ਆਕੇ ਹੀ ਇਸ਼ਨਾਨ ਕਰਦੇ। ਬੱਚੇ ਵਾਰੋ-ਵਾਰੀ ਨਲਕਾ ਗੇੜਦੇ ਸਨ। ਮੈਂ ਵੀ ਨਲਕਾ ਗੇੜਦਾ ਰਿਹਾ ਹਾਂ।

ਮਾਸਟਰ ਵਸੰਦਾ ਰਾਮ ਦੇ ਪੜ੍ਹਾਉਣ ਦਾ ਢੰਗ ਬੜਾ ਵਧੀਆ ਸੀ। ਗਣਿਤ ਪੜ੍ਹਾ ਰਹੇ ਹੁੰਦੇ ਤਾਂ ਸਾਨੂੰ ਖੇਤਾਂ ਵਿੱਚ ਲੈ ਜਾਂਦੇ। ਉੱਥੇ ‘ਵਰਗਾਕਾਰ’ ਅਤੇ ‘ਆਇਤਾਕਾਰ’ ਕਿਆਰੀਆਂ ਦਿਖਾਉਂਦੇ। ਫਿਰ ਇੱਕ ਇੱਕ ਕਿਆਰੀ ਦੁਆਲੇ ਆਪ ਘੁੰਮਦੇ। ਕਹਿੰਦੇ ਕਿਆਰੀ ਦੁਆਲੇ ਇੱਕ ਚੱਕਰ ਕੱਢਣ ’ਤੇ ਉਸਦਾ ਘੇਰਾ ਪਤਾ ਚੱਲ ਜਾਂਦਾ। ਚੱਕਰ ਕੱਢਦੇ ਸਮੇਂ ਸਾਨੂੰ ਦੋ ਲੰਬਾਈਆਂ ਅਤੇ ਦੋ ਚੌੜਾਈਆਂ ਤੁਰਨੀਆਂ ਪੈਂਦੀਆਂ ਹਨ। ਇਸ ਲਈ ਘੇਰਾ= 2X(ਲੰਬਾਈ+ਚੌੜਾਈ)। ਇਹ ਸੂਤਰ ਭਲਾ ਕਿਸੇ ਬੱਚੇ ਨੂੰ ਕਿਵੇਂ ਭੁੱਲ ਸਕਦਾ ਹੈ।

ਜਦੋਂ ਸਮਾਜਿਕ ਅਧਿਐਨ ਪੜ੍ਹਾਉਂਦੇ ਤਾਂ ਗਰਮੀ ਸਰਦੀ ਦੇ ਮੌਸਮ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਦਿਖਾਉਣ ਲਈ ਸਾਨੂੰ ਖੇਤਾਂ ਵਿੱਚ ਲੈ ਜਾਂਦੇ। ਸਵੇਰ ਦੀ ਸਭਾ ਵਿੱਚ ਰਾਸ਼ਟਰੀ ਗੀਤ ਆਪ ਬੱਚਿਆਂ ਨਾਲ ਗਾਉਂਦੇ ਸਨ। ਫਿਰ ਸਰੀਰਕ ਕਸਰਤ ਲਈ ਥੋੜ੍ਹਾ ਸਮਾਂ ਲਾਇਆ ਜਾਂਦਾ ਸੀ। ਕਦੇ ਕਦੇ ਕੱਬ ਬੁਲਬੁਲ, ਪਿੱਠੂ ਗਰਮ, ਖੋ ਖੋ ਵੀ ਖਿਡਾਉਂਦੇ ਸਨ।

ਸਨਿੱਚਰਵਾਰ ਨੂੰ ਬਾਲ ਦਰਬਾਰ ਲਗਦਾ। ਬੱਚੇ ਇੱਧਰੋਂ ਉੱਧਰੋਂ ਸੁਣੇ ਧਾਰਮਿਕ ਅਤੇ ਲਾਊਡ ਸਪੀਕਰਾਂ ਦੇ ਗੀਤ ਸੁਣਾਉਂਦੇ। ਮੈਂ ਅੱਧੀ ਛੁੱਟੀ ਤੋਂ ਹੀ ਸਾਰੀਆਂ ਕਲਾਸਾਂ ਵਿੱਚ ਬੋਲਣ ਵਾਲਿਆਂ ਦੇ ਨਾਂ ਇਕੱਠੇ ਕਰਦਾ ਹੁੰਦਾ ਸੀ। ਮੈਨੂੰ ਵੱਡੇ ਮਾਸਟਰਾਂ ਨੇ ਸੈਕਟਰੀ ਬਣਾ ਦਿੱਤਾ। ਬੱਚੇ ਫਰਸ਼ ’ਤੇ ਦਰੀ ਉੱਪਰ ਬੈਠਦੇ ਅਤੇ ਮੈਂ ਸਟੂਲ ’ਤੇ। ਬੱਸ ਉਨ੍ਹਾਂ ਪਲਾਂ ਵਿੱਚ ਹੀ ਕਿਤੇ ਮੇਰੇ ਜ਼ਿਹਨ ਦੀ ਜ਼ਮੀਨ ਵਿੱਚ ਲਿਖਣ ਦਾ ਬੀਜ ਬੀਜਿਆ ਗਿਆ। ਪ੍ਰਾਇਮਰੀ ਸਕੂਲ ਤੋਂ ਹੀ ਅਧਿਆਪਕਾਂ ਨੇ ਚੋਰੀ ਕਰਨ ਅਤੇ ਝੂਠ ਬੋਲਣ ਵਰਗੀਆਂ ਬੁਰੀਆਂ ਆਦਤਾਂ ਛੱਡਣ ਬਾਰੇ ਸਾਨੂੰ ਮਨੋਂ ਪੱਕੇ ਕਰ ਦਿੱਤਾ। ਗੱਲਾਂ ਤਾਂ ਕਤਾਰਾਂ ਬਣਾਈ ਖਲੋਤੀਆਂ ਨੇ, ਕਹਿੰਦੀਆਂ ਸਾਨੂੰ ਵੀ ਲਿਖ। ਫਿਰ ਕਿਤੇ ਮਨ ਫੋਲਾਂਗੇ, ਅੱਜ ਬੱਸ ਐਨਾ ਹੀ।

ਮੈਂ ਆਪਣੇ ਸਾਰੇ ਉਨ੍ਹਾਂ ਅਧਿਆਪਕਾਂ ਨੂੰ ਦਿਲੋਂ ਨਤਮਸਤਕ ਹੁੰਦਾ ਹਾਂ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਪ੍ਰਿੰ. ਹਰੀ ਕ੍ਰਿਸ਼ਨ ਮਾਇਰ

ਪ੍ਰਿੰ. ਹਰੀ ਕ੍ਰਿਸ਼ਨ ਮਾਇਰ

WhatsApp: (91 - 97806 - 67686)
Email (mayer_hk@yahoo.com)