ManjitSidhu7“ਪੰਜਵੀਂ ਤੋਂ ਬਾਅਦ ਅਗਲੀ ਪੜ੍ਹਾਈ ਲਈ ਰਾਮ ਗੋਪਾਲ ਨੂੰ ਸ਼ਹਿਰ ਦੇ ਸਕੂਲ ...”30 September 2026
(30 ਸਤੰਬਰ 2026)

30 September 2026
ਉਸਦਾ ਨਾਮ ਰਾਮ ਗੋਪਾਲ ਬਲਾਨਾ ਹੈ। ਤਿੰਨ ਭੈਣਾਂ ਅਤੇ ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਅਤੇ ਲਾਡਲੇ ਇਸ ਵੀਰ ਦਾ ਜਨਮ ਹਰਿਆਣਾ ਦੇ ਜ਼ਿਲ੍ਹਾ ਫਤਿਹਾਬਾਦ ਦੇ ਪਿੰਡ ਕੌਲਗੜ੍ਹ ਵਿਖੇ ਪਿਤਾ ਦੇਸਰਾਜ ਅਤੇ ਮਾਤਾ ਪ੍ਰਕਾਸ਼ ਬਾਈ ਦੀ ਕੁੱਖੋਂ ਹੋਇਆ। ਇਸ ਅਣਭੋਲ ਬਾਲ ਨੇ ਆਪਣੇ ਨਿੱਕੇ-ਨਿੱਕੇ ਪੈਰਾਂ ਨਾਲ ਆਪਣੇ ਘਰ ਦੇ ਪੂਰੇ ਵਿਹੜੇ ਵਿੱਚ ਅਜੇ ਤੁਰ ਕੇ ਵੀ ਨਹੀਂ ਸੀ ਦੇਖਿਆ ਕਿ ਤਿੰਨ ਸਾਲ ਦੀ ਉਮਰ ਵਿੱਚ ਹੀ ਹੋਣੀ ਵਰਤ ਗਈ ਤੇ ਬੁਖਾਰ ਵਿੱਚ ਉਸਦੀਆਂ ਲੱਤਾਂ ਖੜ੍ਹ ਗਈਆਂ। ਥੋੜ੍ਹਾ ਵੱਡੇ ਹੋਣ ’ਤੇ ਜਦੋਂ ਉਸਨੂੰ ਆਪਣੀ ਇਸ ਹਾਲਤ ਦਾ ਅਹਿਸਾਸ ਹੋਇਆ ਤਾਂ ਉਸਦੇ ਅੰਦਰ ਇੱਕ ਚੀਸ ਉੱਠਦੀ। ਆਪਣੇ ਛੋਟੇ ਭੈਣਾਂ-ਭਰਾਵਾਂ ਨੂੰ ਸਕੂਲ ਜਾਂਦੇ ਦੇਖਦਾ ਤਾਂ ਉਹ ਵੀ ਸਕੂਲ ਜਾਣ ਦੀ ਜ਼ਿਦ ਕਰਦਾ। ਹੱਥਾਂ ਦੇ ਜ਼ੋਰ ’ਤੇ ਉਨ੍ਹਾਂ ਦਾ ਪਿੱਛਾ ਕਰਦਾ ਤਾਂ ਮਾਪਿਆਂ ਨੂੰ ਪੁੱਤ ਦੀ ਹੋਣੀ ’ਤੇ ਹੌਲ ਪੈਂਦੇ। ਮਾਂ ਘਰ ਦੇ ਕੰਮਾਂ ਵਿੱਚ ਤੇ ਪਿਤਾ ਪਿੰਡ ਵਿਚਲੀ ਨਿੱਕੀ ਜਿਹੀ ਦੁਕਾਨ ’ਤੇ ਤੜਫਦੇ ਰਹਿੰਦੇ ਕਿਉਂਕਿ ਇਹ ਉਸਦੀ ਨਿੱਤ ਦੀ ਕਹਾਣੀ ਸੀ।

ਇੱਕ ਦਿਨ ਮਾਂ ਨੇ ਹੰਭਲਾ ਮਾਰਿਆ ਤੇ ਉਹ ਰਾਮ ਗੋਪਾਲ ਨੂੰ ਗੋਦੀ ਚੁੱਕ ਕੇ ਸਕੂਲ ਲੈ ਗਈ ਤੇ ਦਾਖਲਾ ਦੁਆ ਦਿੱਤਾ। ਇਹ ਰਾਮ ਗੋਪਾਲ ਦੀ ਜ਼ਿੰਦਗੀ ਦਾ ਪਹਿਲਾ ਖੁਸ਼ੀ ਭਰਿਆ ਦਿਨ ਸੀ। ਮਾਂ ਦੇ ਕੰਮਾਂ ਵਿੱਚ ਰਾਮ ਗੋਪਾਲ ਨੂੰ ਗੋਦੀ ਚੁੱਕ ਕੇ ਨਿੱਤ ਸਕੂਲ ਛੱਡਣਾ ਤੇ ਲਿਆਉਣਾ ਸ਼ਾਮਲ ਹੋ ਗਿਆ। ਰਾਮ ਗੋਪਾਲ ਆਪਣੀ ਮਿਹਨਤ ਅਤੇ ਮਾਪਿਆਂ ਦੀਆਂ ਅਸੀਸਾਂ ਸਦਕਾ ਪੜ੍ਹਾਈ ਵਿੱਚੋਂ ਹੁਸ਼ਿਆਰ ਨਿੱਕਲਿਆ। ਸਕੂਲ ਵਿੱਚ ਉਹ ਸਭ ਅਧਿਆਪਕਾਂ ਦਾ ਚਹੇਤਾ ਬਣ ਗਿਆ। ਪੰਜਵੀਂ ਦੇ ਇਮਤਿਹਾਨ ਵਿੱਚ ਉਹ ਪੂਰੇ ਬਲਾਕ ਵਿੱਚ ਪਹਿਲੇ ਨੰਬਰ ’ਤੇ ਆਇਆ। ਰਾਮ ਗੋਪਾਲ ਨੂੰ ਭਾਵੇਂ ਆਪਣੀ ਹਾਲਤ ’ਤੇ ਖਿਝ ਆਉਂਦੀ ਪਰ ਇਸ ਸਮੇਂ ਤਕ ਉਹ ਸਮਝ ਚੁੱਕਿਆ ਸੀ ਕਿ ਪੜ੍ਹਾਈ ਤੋਂ ਬਿਨਾਂ ਉਸਦੀ ਹੋਣੀ ਭਵਿੱਖ ਵਿੱਚ ਹੋਰ ਵੀ ਬਦਤਰ ਹੋ ਜਾਏਗੀ।

ਪੰਜਵੀਂ ਤੋਂ ਬਾਅਦ ਅਗਲੀ ਪੜ੍ਹਾਈ ਲਈ ਰਾਮ ਗੋਪਾਲ ਨੂੰ ਸ਼ਹਿਰ ਦੇ ਸਕੂਲ ਜਾਣਾ ਪੈਣਾ ਸੀ ਜੋ ਪਿੰਡ ਤੋਂ ਦਸ ਕਿਲੋਮੀਟਰ ਦੀ ਦੂਰੀ ’ਤੇ ਸੀ। ਇਸ ਸਮੇਂ ਤਕ ਮਾਪਿਆਂ ਨੇ ਵੀ ਆਪਣੇ ਪੁੱਤ ਦੇ ਪੜ੍ਹਨ ਦੇ ਗੁਣ ਨੂੰ ਪਛਾਣ ਲਿਆ ਸੀ। ਉਨ੍ਹਾਂ ਨੇ ਪਿੰਡ ਵਾਲਾ ਮਕਾਨ ਵੇਚ ਕੇ ਸ਼ਹਿਰ ਕਿਰਾਏ ’ਤੇ ਮਕਾਨ ਲੈ ਲਿਆ ਤਾਂ ਜੋ ਰਾਮ ਗੋਪਾਲ ਦੀ ਪੜ੍ਹਾਈ ਚਲਦੀ ਰਹੇ। ਹੁਣ ਮਾਂ ਵਾਲੀ ਜ਼ਿੰਮੇਦਾਰੀ ਪਿਤਾ ਨੇ ਸਾਂਭ ਲਈ। ਰਾਮ ਗੋਪਾਲ ਨੂੰ ਆਪਣੇ ਮਾਪਿਆਂ ’ਤੇ ਤਰਸ ਬਹੁਤ ਆਉਂਦਾ ਪਰ ਉਹ ਕਰ ਵੀ ਕੀ ਸਕਦਾ ਸੀ? ਬਾਰ੍ਹਵੀਂ ਤਕ ਦੀ ਪੜ੍ਹਾਈ ਰਾਮ ਗੋਪਾਲ ਨੇ ਇਸੇ ਤਰ੍ਹਾਂ ਹੀ ਪੂਰੀ ਕੀਤੀ। ਅਗਲੀ ਪੜ੍ਹਾਈ ਲਈ ਹੁਣ ਉਸਨੂੰ ਪੱਚੀ ਕਿਲੋਮੀਟਰ ਦੂਰ ਜਾਣਾ ਪੈਣਾ ਸੀ ਜੋ ਉਹਦੇ ਲਈ ਸੰਭਵ ਨਹੀਂ ਸੀ। ਪਰ ਉਸਦਾ ਪੜ੍ਹਨ ਪ੍ਰਤੀ ਜਨੂੰਨ ਹਰ ਪ੍ਰਕਾਰ ਦੀ ਰੁਕਾਵਟ ਤੋਂ ਆਕੀ ਸੀ।

ਭੈਣਾਂ ਭਰਾਵਾਂ ਦੀ ਪੜ੍ਹਾਈ ਅਤੇ ਘਰ ਦਿਆਂ ਖਰਚਿਆਂ ਨੇ ਮਾਪਿਆਂ ਦੀ ਹਾਲਤ ਹੋਰ ਪਤਲੀ ਕਰ ਦਿੱਤੀ। ਉਨ੍ਹਾਂ ਨੇ ਆਪਣੇ ਬੱਚਿਆਂ ਦੀ ਪੜ੍ਹਾਈ ਲਈ ਆਪਣੀ ਪਿਤਾ ਪੁਰਖੀ ਜ਼ਮੀਨ ਵੇਚ ਦਿੱਤੀ। ਰਾਮ ਗੋਪਾਲ ਨੇ ਆਪਣੇ ਘਰ ਦੇ ਹਾਲਾਤ ਦੇਖ ਕੇ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਣਾ ਸ਼ੁਰੂ ਕਰ ਦਿੱਤਾ; ਨਾਲ ਹੀ ਨਾਲ ਪ੍ਰਾਈਵੇਟ ਵਿਦਿਆਰਥੀ ਦੇ ਤੌਰ ’ਤੇ ਪਹਿਲੇ ਦਰਜ਼ੇ ਵਿੱਚ ਕੁਰੁਕਸ਼ੇਤਰਾ ਯੂਨੀਵਰਸਿਟੀ ਤੋਂ ਬੀ ਏ ਦੀ ਡਿਗਰੀ ਹਾਸਲ ਕਰ ਲਈ। ਕਿਸੇ ਦੇ ਦੱਸਣ ’ਤੇ ਕਿ ਸਰਕਾਰੀ ਅਧਿਆਪਕ ਬਣਨ ਲਈ ਬੀ ਐੱਡ ਕਰਨਾ ਜ਼ਰੂਰੀ ਹੈ, ਰਾਮ ਗੋਪਾਲ ਨੇ ਮਾਪਿਆਂ ਦੀ ਸਲਾਹ ਨਾਲ ਬੀ ਐੱਡ ਦੇ ਦਾਖਲੇ ਲਈ ਫਾਰਮ ਭਰ ਦਿੱਤੇ। ਦਾਖਲਾ ਟੈੱਸਟ ਵਿੱਚ ਉਹ ਵਧੀਆ ਨੰਬਰ ਲੈ ਕੇ ਹਰਿਆਣੇ ਦੇ ਪਹਿਲੇ ਪੰਜ ਵਿਦਿਆਰਥੀਆਂ ਵਿੱਚੋਂ ਇੱਕ ਰਿਹਾ। ਦਾਖਲੇ ਲਈ ਉਸਨੂੰ ਹਿਸਾਰ ਦਾ ਕਾਲਜ ਮਿਲਿਆ। ਸਮੱਸਿਆ ਇਹ ਸੀ ਕਿ ਹਰ ਰੋਜ਼ ਇੰਨੀ ਦੂਰ ਕਿਵੇਂ ਜਾਇਆ ਜਾਵੇ? ਪਿਤਾ ਨੇ ਫਿਰ ਜ਼ਿੰਮੇਦਾਰੀ ਲਈ। ਉਹ ਉਸਨੂੰ ਆਪਣੀ ਪਿੱਠ ’ਤੇ ਬਿਠਾ ਕੇ ਬੱਸ ਵਿੱਚ ਚਾੜ੍ਹਦਾ, ਉਤਾਰਦਾ। ਪਿਤਾ ਦੇ ਪੈਰ ਉਸ ਲਈ ਖੰਭਾਂ ਦਾ ਕੰਮ ਕਰ ਰਹੇ ਸੀ।

ਪਿਉ ਦੀ ਤਪੱਸਿਆ ਦੇਖ ਕੇ ਰਾਮ ਗੋਪਾਲ ਦੇ ਇਰਾਦੇ ਹੋਰ ਮਜ਼ਬੂਤ ਹੁੰਦੇ ਗਏ। ਘਰ ਆ ਕੇ ਉਹ ਦੇਰ ਰਾਤ ਤਕ ਬੱਚਿਆਂ ਨੂੰ ਟਿਊਸ਼ਨ ਪੜ੍ਹਾਉਂਦਾ। ਸਵੇਰੇ ਚਾਰ ਵਜੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਉਹਦੇ ਦਰਵਾਜ਼ੇ ’ਤੇ ਹੁੰਦੇ।

ਬੀ ਐੱਡ ਕਰਨ ਤੋਂ ਬਾਅਦ ਰਾਮ ਗੋਪਾਲ ਨੇ ਪ੍ਰਾਈਵੇਟ ਵਿਦਿਆਰਥੀ ਦੇ ਤੌਰ ’ਤੇ ਐੱਮ ਏ ਅੰਗਰੇਜ਼ੀ ਵੀ ਕਰ ਲਈ। ਇਸ ਸਮੇਂ ਤਕ ਉਹਦੀ ਮਕਬੂਲੀਅਤ ਇੰਨੀ ਵਧ ਗਈ ਕਿ ਲੋਕੀਂ ਦੂਰ-ਦੁਰਾਡੇ ਪਿੰਡਾਂ ਵਿੱਚੋਂ ਉਸ ਕੋਲ ਬੱਚੇ ਟਿਊਸ਼ਨ ’ਤੇ ਛੱਡਣ ਲਈ ਆਉਣ ਲੱਗ ਪਏ। ਟਿਊਸ਼ਨ ਪੜ੍ਹਾਉਂਦਿਆਂ ਉਸਨੂੰ ਰੋਟੀ ਖਾਣ ਲਈ ਵੀ ਸਮਾਂ ਨਾ ਲਗਦਾ। ਟਿਊਸ਼ਨ ਬਦਲੇ ਉਹ ਕਿਸੇ ਤੋਂ ਜ਼ਿਦ ਕਰਕੇ ਪੈਸੇ ਨਹੀਂ ਸੀ ਲੈਂਦਾ, ਕੋਈ ਦੇ ਜਾਂਦਾ, ਕੋਈ ਨਹੀਂ। ਮੁੰਡੇ, ਕੁੜੀਆਂ ਲਈ ਉਹ ਉਨ੍ਹਾਂ ਦਾ ਰਾਮ ਗੋਪਾਲ ਭਾਈ ਸੀ। ਸੈਂਕੜੇ ਨਹੀਂ ਹਜ਼ਾਰਾਂ ਬੱਚੇ ਉਸ ਤੋਂ ਮੁਫਤ ਟਿਊਸ਼ਨ ਪੜ੍ਹ ਕੇ ਗਏ।

2013 ਵਿੱਚ ਰਾਮ ਗੋਪਾਲ ਨੂੰ ਸਕੂਲ ਲੈਕਚਰਾਰ ਦੀ ਪੱਕੀ ਸਰਕਾਰੀ ਨੌਕਰੀ ਮਿਲ ਗਈ। ਇੱਥੇ ਵੀ ਉਸਨੇ ਮਿਹਨਤ ਦਾ ਪੱਲਾ ਨਹੀਂ ਛੱਡਿਆ। ਅੱਜ ਵੀ ਜਦੋਂ ਉਹ ਘਿਸਰ-ਘਿਸਰ ਕੇ ਜਮਾਤਾਂ ਵਿੱਚ ਜਾਂਦਾ ਹੈ ਤਾਂ ਉਸਦੇ ਕੱਪੜੇ ਭਾਵੇਂ ਗੰਦੇ ਹੋ ਜਾਂਦੇ ਹਨ ਪਰ ਉਸਦਾ ਕਿਰਦਾਰ ਹੋਰ ਵੀ ਉੱਜਲ ਹੋ ਜਾਂਦਾ ਹੈ। ਸਿੱਖਿਆ ਦੇ ਖੇਤਰ ਵਿੱਚ ਉਹ ਵਿਦਿਆਰਥੀਆਂ ਲਈ ਹੈ ਤੇ ਵਿਦਿਆਰਥੀ ਉਸ ਲਈ। ਰੱਖੜੀ ਵਾਲੇ ਦਿਨ ਉਸਤੋਂ ਪੜ੍ਹੀਆਂ ਇੰਨੀਆਂ ਕੁੜੀਆਂ ਉਸਦੇ ਰੱਖੜੀ ਬੰਨ੍ਹਣ ਆਉਂਦੀਆਂ ਹਨ ਕਿ ਉਸਦੀ ਵੀਣੀ ਨਹੀਂ ਦਿਖਾਈ ਦਿੰਦੀ। ਉਸਨੇ ਹਜ਼ਾਰਾਂ ਵਿਦਿਆਰਥੀਆਂ ਦਾ ਜੀਵਨ ਸੁਆਰਿਆ ਹੈ ਅਤੇ ਅੱਜ ਵੀ ਸੁਆਰ ਰਿਹਾ ਹੈ। ਜ਼ਿੰਦਗੀ ਦੀ ਦੌੜ ਵਿੱਚ ਉਹ ਬਿਨ ਪੈਰਾਂ ਦੇ ਮੈਰਾਥਨ ਦੌੜ ਰਿਹਾ ਹੈ। ਉਹ ਇਸ ਮੈਰਾਥਨ ਦਾ ਹੀ ਨਹੀਂ ਸਗੋਂ ਜ਼ਿੰਦਗੀ ਦਾ ਜੇਤੂ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਮਨਜੀਤ ਸਿੱਧੂ

ਮਨਜੀਤ ਸਿੱਧੂ

Rattanharh, Ratya, Haryana, India.
WhatsApp: (91 - 94664 - 78709)
Email: (manjeetmsidhu@gmail.com)