“ਹੁਣ ਦੇਖਣਾ ਇਹ ਹੈ ਕਿ ਭਗਤ ਸਿੰਘ ਅਤੇ ਅਣਗਿਣਤ ਦੇਸ਼ ਭਗਤ, ਜਿਨ੍ਹਾਂ ਨੇ ...”
(28 ਸਤੰਬਰ 2026)

ਸ਼ਹੀਦ ਕਦੇ ਵੀ ਇੱਕ ਜਾਤ, ਧਰਮ, ਫਿਰਕੇ ਜਾਂ ਦੇਸ਼ ਦੇ ਨਹੀਂ ਹੁੰਦੇ, ਸ਼ਹੀਦ ਤਾਂ ਸਾਰੀ ਇਨਸਾਨੀਅਤ ਦੇ, ਸਾਰੀ ਕਾਇਨਾਤ ਦੇ ਹੁੰਦੇ ਹਨ। ਜਿਵੇਂ ਸੂਰਜ ਅਤੇ ਚੰਦ ਦੀ ਰੋਸ਼ਨੀ ਸਾਰਿਆਂ ਲਈ ਹੁੰਦੀ ਹੈ, ਬਿਲਕੁਲ ਉਸੇ ਤਰ੍ਹਾਂ ਸ਼ਹੀਦ ਵੀ ਸਾਰਿਆਂ ਦੇ ਹੁੰਦੇ ਹਨ। ਅਸੀਂ ਲੋਕ ਸ਼ਹੀਦਾਂ ਨੂੰ ਸਾਲ ਵਿੱਚ ਇੱਕ ਵਾਰ ਯਾਦ ਕਰ ਲੈਂਦੇ ਹਾਂ, ਪਰ ਸ਼ਹੀਦਾਂ ਦੇ ਪਰਿਵਾਰਾਂ ਮਾਂ-ਬਾਪ, ਪਤਨੀ, ਬੱਚਿਆਂ ਦਾ ਕਦੇ ਵੀ ਜ਼ਿਕਰ ਕਰਨ ਦੀ ਜ਼ਰੂਰਤ ਨਹੀਂ ਸਮਝਦੇ। ਸ਼ਹੀਦ ਤਾਂ ਦੇਸ ਉੱਤੇ ਆਪਣੀ ਜਾਨ-ਕੁਰਬਾਨ ਕਰਕੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਮ ਦਰਜ ਕਰਵਾ ਲੈਂਦੇ ਹਨ ਪਰ ਉਨ੍ਹਾਂ ਦੇ ਪਰਿਵਾਰ ਸ਼ਹੀਦੀ ਨੂੰ ਹਰ ਪਲ, ਹਰ ਘੜੀ ਹੰਢਾਉਂਦੇ ਹਨ ਗ਼ਰੀਬੀ ਦੇ ਰੂਪ ਵਿੱਚ, ਭੁੱਖਮਰੀ ਦੇ ਰੂਪ ਵਿੱਚ, ਦੁੱਖਾਂ-ਤਕਲੀਫਾਂ ਦੇ ਰੂਪ ਵਿੱਚ। ਉਨ੍ਹਾਂ ਦਾ ਜ਼ਿਕਰ ਕਰਨਾ ਨਾ ਤਾਂ ਅਸੀਂ ਵਾਜਿਬ ਸਮਝਦੇ ਹਾਂ ਅਤੇ ਨਾ ਹੀ ਸਰਕਾਰਾਂ ਲੋੜ ਮਹਿਸੂਸ ਕਰਦੀਆਂ ਹਨ।
ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਲਿਖਤੀ ਜਾਂ ਜ਼ੁਬਾਨੀ ਕਹੀਆਂ ਭਗਤ ਸਿੰਘ ਦੀਆਂ ਕੁਝ ਗੱਲਾਂ/ਘਟਨਾਵਾਂ ਦਾ ਜ਼ਿਕਰ ਕਰਨਾ ਸਮੇਂ ਦੀ ਮੰਗ ਵੀ ਹੈ ਅਤੇ ਲੋੜ ਵੀ। ਸਰਦਾਰ ਭਗਤ ਸਿੰਘ ਨੇ ਹਾਕਿਮ ਨੂੰ ਪੱਤਰ ਲਿਖ ਕੇ ਕਿਹਾ ਸੀ, “ਉਨ੍ਹਾਂ ਨੂੰ ਫਾਂਸੀ ਦੀ ਥਾਂ ਗੋਲੀ ਮਾਰੀ ਜਾਵੇ। ਪਰ ਕਿਉਂਕਿ ਤੁਹਾਡੇ ਹੱਥ ਵਿੱਚ ਤਾਕਤ ਹੈ; ਦੁਨਿਆ ਵਿੱਚ ਤਾਕਤ ਨੂੰ ਸਾਰੇ ਹੱਕ ਹਾਸਲ ਹੁੰਦੇ ਹਨ। ਅਸੀਂ ਜਾਣਦੇ ਹਾਂ, ਤੁਸੀਂ ਲੋਕ ਆਪਣਾ ਇਰਾਦਾ ਪੂਰਾ ਕਰਨ ਲਈ, ਜਿਸਦੀ ਲਾਠੀ, ਉਸਦੀ ਮੱਝ ਦਾ ਅਸੂਲ ਅਪਣਾਉਗੇ। ਪਰ ਅਸੀਂ ਜੰਗੀ ਕੈਦੀ ਹਾਂ, ਇਸ ਲਈ ਅਸੀਂ ਮੰਗ ਕਰਦੇ ਹਾਂ, ਸਾਡੇ ਨਾਲ ਜੰਗੀ ਕੈਦੀਆਂ ਵਰਗਾ ਸਲੂਕ ਕੀਤਾ ਜਾਵੇ। ਫਾਂਸੀ ਉੱਤੇ ਲਟਕਾਉਣ ਦੀ ਬਜਾਏ ਸਾਨੂੰ ਗੋਲੀ ਨਾਲ ਉਡਾਇਆ ਜਾਵੇ। ਇਸ ਲਈ ਅਸੀਂ ਬੇਨਤੀ ਕਰਦੇ ਹਾਂ, ਤੁਸੀਂ ਆਪਣੇ ਫੌਜੀ ਮਹਿਕਮੇ ਨੂੰ ਹੁਕਮ ਦੇਵੋ, ਸਾਨੂੰ ਗੋਲੀ ਨਾਲ ਮਾਰਨ ਲਈ ਇੱਕ ਫੌਜੀ ਦਸਤਾ ਭੇਜੇ।
ਸਰਦਾਰ ਭਗਤ ਸਿੰਘ ਅਦਾਲਤ ਵਿੱਚ ਪੇਸ਼ੀ ਸਮੇਂ ਅੰਗਰੇਜ਼ੀ ਅਦਾਲਤ ਦਾ ਮਜ਼ਾਕ ਉਡਾ ਰਿਹਾ ਸੀ। ਸਰਕਾਰੀ ਵਕੀਲ ਨੇ ਕਿਹਾ, “ਤੁਸੀਂ ਦੇਸ ਧ੍ਰੋਹੀ ਹੋ।” ਭਗਤ ਸਿੰਘ ਫਿਰ ਹੱਸਿਆ। ਸਰਕਾਰੀ ਵਕੀਲ ਨੇ ਕਿਹਾ, “ਭਗਤ ਸਿੰਘ ਤੁਸੀਂ ਇਸ ਤਰ੍ਹਾਂ ਅਦਾਲਤ ਦੀ ਤੌਹੀਨ ਕਰ ਰਹੇ ਹੋ।”
ਭਗਤ ਸਿੰਘ ਨੇ ਕਿਹਾ, “ਵਕੀਲ ਸਾਹਿਬ, ਮੈਂ ਜਦੋਂ ਤਕ ਜਿਊਂਦਾ ਰਹਾਂਗਾ, ਇਵੇਂ ਹੀ ਹੱਸਦਾ ਰਹਾਂਗਾ। ਜਦੋਂ ਮੈਂ ਫਾਂਸੀ ਦੇ ਤਖਤੇ ’ਤੇ ਖੜ੍ਹਾ ਹੋ ਕੇ ਹੱਸਾਂਗਾ, ਉਦੋਂ ਤੁਸੀਂ ਕਿਹੜੀ ਅਦਾਲਤ ਵਿੱਚ ਸ਼ਿਕਾਇਤ ਕਰੋਗੇ।”
ਬਾਬਾ ਸੋਹਣ ਸਿੰਘ ਭਕਨਾ ਭਗਤ ਸਿੰਘ ਨੂੰ ਜੇਲ੍ਹ ਵਿੱਚ ਮਿਲਣ ਲਈ ਗਏ। ਬਾਬਾ ਜੀ ਨੇ ਭਗਤ ਸਿੰਘ ਨੂੰ ਪੁੱਛਿਆ, “ਭਗਤ ਸਿੰਘ ਤੁਹਾਡਾ ਕੋਈ ਰਿਸ਼ਤੇਦਾਰ ਮਿਲਣ ਨਹੀਂ ਆਇਆ।” ਤਾਂ ਭਗਤ ਸਿੰਘ ਨੇ ਕਿਹਾ, “ਬਾਬਾ ਜੀ, ਮੇਰਾ ਖੂਨ ਦਾ ਰਿਸ਼ਤਾ ਤਾਂ ਸ਼ਹੀਦਾਂ ਦੇ ਨਾਲ ਹੈ, ਖ਼ੁਦੀ ਰਾਮ ਬੋਸ ਦੇ ਨਾਲ, ਕਰਤਾਰ ਸਿੰਘ ਸਰਾਭਾ ਦੇ ਨਾਲ, ਅਸੀਂ ਸਭ ਇੱਕ ਹੀ ਖੂਨ ਦੇ ਹਾਂ। ਸਾਡਾ ਖੂਨ ਇੱਕ ਹੀ ਜਗ੍ਹਾ ਤੋਂ ਆਇਐ, ਇੱਕ ਹੀ ਜਗ੍ਹਾ ਜਾ ਰਿਹਾ ਹੈ। ਦੂਜਾ ਰਿਸ਼ਤਾ ਤੁਹਾਡੇ ਲੋਕਾਂ ਦੇ ਨਾਲ ਹੈ, ਜੋ ਸਾਨੂੰ ਪ੍ਰੇਰਨਾ ਦੇ ਰਹੇ ਹੋ, ਜਿਨ੍ਹਾਂ ਦੇ ਨਾਲ ਕਾਲ ਕੋਠੜੀ ਵਿੱਚ ਅਸੀਂ ਪਸੀਨਾ ਬਹਾਇਆ ਹੈ। ਤੀਜੇ ਰਿਸ਼ਤੇਦਾਰ ਉਹ ਹੋਣਗੇ, ਜੋ ਖੂਨ-ਪਸੀਨੇ ਦੇ ਨਾਲ ਤਿਆਰ ਕੀਤੀ ਜ਼ਮੀਨ ਵਿੱਚੋਂ ਨਵੀਂ ਨਸਲ ਅਤੇ ਸ਼ਕਲ ਵਿੱਚ ਪੈਦਾ ਹੋਣਗੇ। ਜੋ ਸਾਡੇ ਮਿਸ਼ਨ ਨੂੰ, ਸਾਡੀ ਸੋਚ ਨੂੰ ਅੱਗੇ ਵਧਾਉਣਗੇ। ਇਸ ਤੋਂ ਇਲਾਵਾ ਸਾਡੇ ਹੋਰ ਕੌਣ ਰਿਸ਼ਤੇਦਾਰ ਹੋ ਸਕਦੇ ਹਨ ਬਾਬਾ ਜੀ।”
ਮਾਨਵਾਲ, ਜ਼ਿਲ੍ਹਾ ਸ਼ੇਖੁਪੂਰਾ ਦੇ ਤੇਜਾ ਸਿੰਘ ਮਾਨ ਦੀ ਭੈਣ ਨਾਲ ਵਿਆਹ ਨਿਯਤ ਹੋਣ ਤੋਂ ਬਾਅਦ ਭਗਤ ਸਿੰਘ ਨੇ ਆਪਣੇ ਪਿਤਾ ਨੂੰ ਪੱਤਰ ਲਿਖ ਕੇ ਕਿਹਾ, “ਸਤਿਕਾਰਯੋਗ ਪਿਤਾ ਜੀ, ਇਹ ਵਿਆਹ ਦਾ ਸਮਾਂ ਨਹੀਂ ਹੈ। ਦੇਸ਼ ਮੈਂਨੂੰ ਬੁਲਾ ਰਿਹਾ ਹੈ। ਮੈਂ ਆਪਣਾ ਤਨ, ਮਨ ਅਤੇ ਧਨ ਦੇਸ ਦੇ ਲੇਖੇ ਲਾਉਣ ਦਾ ਫੈਸਲਾ ਕੀਤਾ ਹੈ। ਵੈਸੇ ਵੀ ਇਹ ਸਾਡੇ ਪਰਿਵਾਰ ਲਈ ਕੋਈ ਨਵੀਂ ਗੱਲ ਨਹੀਂ। ਸਾਡਾ ਸਾਰਾ ਖਾਨਦਾਨ ਦੇਸ਼ ਭਗਤਾਂ ਦਾ ਹੈ। 1910 ਵਿੱਚ ਮੇਰੇ ਜਨਮ ਦੇ ਦੋ-ਤਿੰਨ ਸਾਲ ਬਾਅਦ ਹੀ ਚਾਚਾ ਸਵਰਨ ਸਿੰਘ ਜੀ ਜੇਲ੍ਹ ਵਿੱਚ ਸਵਰਗਵਾਸ ਹੋਏ ਸਨ। ਚਾਚਾ ਅਜੀਤ ਸਿੰਘ ਜੀ ਜਲਾਵਤਨ ਹੋ ਕੇ ਗ਼ੈਰ-ਮੁਲਕਾਂ ਵਿੱਚ ਰਹੇ। ਚਾਚਾ ਜੀ ਨੇ ਜੇਲ੍ਹਾਂ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕੀਤਾ। ਮੈਂ ਤਾਂ ਸਿਰਫ ਉਨ੍ਹਾਂ ਦੇ ਨਕਸ਼ੇ-ਕਦਮ ਉੱਪਰ ਚੱਲ ਰਿਹਾ ਹਾਂ। ਮਿਹਰਬਾਨੀ ਕਰਕੇ ਤੁਸੀਂ ਮੈਂਨੂੰ ਵਿਆਹ ਦੇ ਬੰਧਨ ਵਿੱਚ ਨਾ ਜਕੜੋ ਬਲਕਿ ਮੇਰੇ ਹੱਕ ਵਿੱਚ ਦੁਆ ਕਰੋ ਤਾਂ ਜੋ ਮੈਂ ਆਪਣੇ ਮਕਸਦ ਵਿੱਚ ਕਾਮਯਾਬ ਹੋ ਸਕਾਂ।”
ਪਿਤਾ ਨੇ ਭਗਤ ਸਿੰਘ ਦੇ ਜਵਾਬ ਵਿੱਚ ਲਿਖਿਆ, “ਬੇਟਾ, ਅਸੀਂ ਤੇਰਾ ਵਿਆਹ ਨਿਸ਼ਚਿਤ ਕਰ ਦਿੱਤਾ ਹੈ। ਅਸੀਂ ਲੜਕੀ ਦੇਖ ਚੁੱਕੇ ਹਾਂ। ਸਾਨੂੰ ਪਸੰਦ ਹੈ। ਤੈਨੂੰ ਆਪਣੀ ਦਾਦੀ ਦੀ ਗੱਲ ਮੰਨਣੀ ਚਾਹੀਦੀ ਹੈ। ਮੇਰਾ ਆਦੇਸ਼ ਹੈ, ਤੂੰ ਵਿਆਹ ਵਿੱਚ ਕਿਸੇ ਕਿਸਮ ਦਾ ਅੜਿੱਕਾ ਨਾ ਪਾਵੇਂ। ਖੁਸ਼ੀ ਨਾਲ ਸਹਿਮਤ ਹੋ ਜਾ।”
ਭਗਤ ਸਿੰਘ ਨੇ ਪਿਤਾ ਦੀ ਇਸ ਚਿੱਠੀ ਦੇ ਜਵਾਬ ਵਿੱਚ ਕਿਹਾ, “ਸਤਿਕਾਰਯੋਗ ਪਿਤਾ ਜੀ, ਮੈਂਨੂੰ ਇਹ ਪੜ੍ਹ ਕੇ ਹੈਰਾਨੀ ਹੋਈ। ਜੇ ਤੁਹਾਡੇ ਜਿਹੇ ਸੱਚੇ ਦੇਸ਼-ਭਗਤ ਅਤੇ ਬਹਾਦਰ ਇਨਸਾਨ ਨੂੰ ਵੀ ਇਹ ਮਾਮੂਲੀ ਗੱਲਾਂ ਪ੍ਰਭਾਵਿਤ ਕਰ ਸਕਦੀਆਂ ਹਨ, ਫਿਰ ਇੱਕ ਆਮ ਗੁਲਾਮ ਇਨਸਾਨ ਦਾ ਕੀ ਹੋਵੇਗਾ? ਤੁਸੀਂ ਸਿਰਫ ਮੇਰੀ ਦਾਦੀ ਜੀ ਦਾ ਫਿਕਰ ਕਰ ਰਹੇ ਹੋ ਪਰ 33 ਕਰੋੜ ਲੋਕਾਂ ਦੀ ਮਾਂ, ਭਾਰਤ ਮਾਂ ਦੇ ਦੁੱਖ ਦੂਰ ਕਰਨ ਦੇ ਬਾਰੇ ਸੋਚੋ। ਭਾਰਤ ਮਾਂ ਦੇ ਦੁੱਖ ਦੂਰ ਕਰਨ ਲਈ ਸਾਨੂੰ ਸਭ ਕੁਝ ਕੁਰਬਾਨ ਕਰ ਦੇਣਾ ਚਾਹੀਦਾ ਹੈ।”
ਸਰਦਾਰ ਭਗਤ ਸਿੰਘ ਨੇ ਇੱਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਅਸੀਂ ਮੁੱਠੀ-ਭਰ ਕਰਾਂਤੀਕਾਰੀ ਲੋਕਾਂ ਨੂੰ ਨਾਲ ਲਏ ਬਿਨਾਂ ਅਜ਼ਾਦੀ ਹਾਸਲ ਨਹੀਂ ਕਰ ਸਕਦੇ। ਜਨਤਾ ਦੀ ਸ਼ਕਤੀ ਦੇ ਨਾਲ ਹੀ ਸਾਡਾ ਮੁਲਕ ਆਜ਼ਾਦ ਹੋਵੇਗਾ। ਭਾਰਤ ਦੀ ਲੁੱਟ ਨੂੰ ਖਤਮ ਕਰਨਾ, ਨੌਕਰਸ਼ਾਹੀ ਦਾ ਦਬਦਬਾ ਖਤਮ ਕਰਨਾ, ਲੋਕਾਂ ਨੂੰ ਹਕੂਮਤ ਵਿੱਚ ਬਰਾਬਰ ਦਾ ਹਿੱਸੇਦਾਰ ਬਣਾਉਣਾ ਸਾਡਾ ਪਹਿਲਾ ਫਰਜ਼ ਹੈ।”
ਹੁਣ ਦੇਖਣਾ ਇਹ ਹੈ ਕਿ ਭਗਤ ਸਿੰਘ ਅਤੇ ਅਣਗਿਣਤ ਦੇਸ਼ ਭਗਤ, ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇਸ਼ ਦੀ ਅਜ਼ਾਦੀ ਖਾਤਰ ਹੱਸ ਕੇ ਕੁਰਬਾਨ ਕੀਤੀਆਂ; ਕੀ ਅੱਜ ਦਾ ਭਾਰਤ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਹੀ ਹੈ? ਜੇਕਰ ਨਹੀਂ ਤਾਂ ਕੀ ਕਾਰਨ ਹੈ? ਕੀ ਅਸੀਂ ਉਨ੍ਹਾਂ ਦੇ, ਉਨ੍ਹਾਂ ਦੀ ਸੋਚ ਦੇ ਵਾਰਿਸ ਬਣ ਸਕੇ ਹਾਂ? ਜੇਕਰ ਨਹੀਂ ਤਾਂ ਕੀ ਕਾਰਨ ਹਨ, ਕਿੱਥੇ ਗੜਬੜ ਹੋਈ ਹੈ? ਮੁਲਕ ਇੱਕ ਵਾਰ ਫਿਰ ਗੁਲਾਮੀ ਵੱਲ ਵਧ ਰਿਹਾ ਹੈ। ਪਰ ਹੁਣ ਵਾਲੀ ਗੁਲਾਮੀ ਪਹਿਲੀ ਗੁਲਾਮੀ ਨਾਲੋਂ ਬੇਹੱਦ ਖਤਰਨਾਕ ਅਤੇ ਖੌਫਨਾਕ ਹੋਵੇਗੀ। ਸਾਮਰਾਜਵਾਦ ਦੇ ਕੋਝੇ ਮਨਸੂਬੇ ਭਾਰਤ ਨੂੰ ਰਾਜਨੀਤਿਕ, ਸਮਾਜਿਕ, ਸੱਭਿਆਚਾਰਕ ਅਤੇ ਆਰਿਥਕ ਤੌਰ ’ਤੇ ਗੁਲਾਮ ਕਰਨ ਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


























































































































