BholaSShamiria7“ਆਮ ਆਦਮੀ ਪਾਰਟੀ ਇਸ ਸਮੇਂ ਪ੍ਰਚਾਰ ਵਿੱਚ ਸਭ ਤੋਂ ਅੱਗੇ ਚੱਲ ਰਹੀ ਹੈ ...”
(27 ਸਤੰਬਰ 2026)

 

ਪੰਜਾਬ ਦੀਆਂ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ। ਅਨੁਸ਼ਾਸਨ ਦੇ ਪੱਖੋਂ ਆਮ ਆਦਮੀ ਪਾਰਟੀ ਅਜੇ ਤੀਕ ਸੰਗਠਤ ਹੋ ਕੇ ਚੱਲ ਰਹੀ ਹੈ। ਭਾਜਪਾ ਦੂਜੀਆਂ ਪਾਰਟੀਆਂ ਦੀ ਹਿਲਜੁਲ ਨੂੰ ਦੇਖ ਰਹੀ ਹੈ ਕਿਉਂਕਿ ਭਾਜਪਾ ਦਾ ਪੰਜਾਬ ਦੇ ਵੋਟਰਾਂ ਉੱਪਰ ਅਜੇ ਤੀਕ ਕੋਈ ਬਹੁਤਾ ਪ੍ਰਭਾਵ ਨਹੀਂ ਹੈ। ਹਾਂ ਇਹ ਗੱਲ ਜ਼ਰੂਰ ਹੈ ਕਿ ਕਈ ਸਿਰਕੱਢ ਲੀਡਰਾਂ ਦਾ ਭਾਜਪਾ ਵਿੱਚ ਜਾਣ ਕਰਕੇ ਭਾਜਪਾ ਦਾ ਪਹਿਲਾਂ ਨਾਲੋਂ ਵੋਟ ਬੈਂਕ ਜ਼ਰੂਰ ਵਧਿਆ ਹੈ ਕਿਉਂਕਿ ਆਮ ਆਦਮੀ ਪਾਰਟੀ ਵੱਲੋਂ ਬੇਨਿਯਮੀਆਂ ਜਾਂ ਭ੍ਰਿਸ਼ਟਚਾਰ ਵਿਰੁੱਧ ਵਿੱਢੀ ਮੁਹਿੰਮ ਨੇ ਅਕਾਲੀਆਂ ਅਤੇ ਕਾਂਗਰਸੀਆਂ ਨੂੰ ਕੁਝ ਭੈਭੀਤ ਜ਼ਰੂਰ ਕਰ ਦਿੱਤਾ ਹੈ। ਇਨ੍ਹਾਂ ਦੋਹਾਂ ਪਾਰਟੀਆਂ ਦੇ ਵਰਕਰਾਂ ਜਾਂ ਚੋਟੀ ਦੇ ਲੀਡਰ ਆਪਣੀ-ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ ਲੀਡਰਾਂ ਦੇ ਭਾਜਪਾ ਵੱਲ ਹੱਥ ਵਧਾਉਣ ਦੇ ਕਈ ਕਾਰਨ ਹਨ। ਇੱਕ ਤਾਂ ਆਪਣੀ ਮਾਂ ਪਾਰਟੀ ਨਾਲ ਕਿਸੇ ਨਾ ਕਿਸੇ ਕਾਰਨ ਨਰਾਜ਼ਗੀ ਹੈ। ਦੂਜਾ ਕਾਰਨ, ਦੂਜੀਆਂ ਪਾਰਟੀਆਂ ਦੇ ਲੀਡਰਾਂ ਵੱਲੋਂ ਭਾਜਪਾ ਵਿੱਚ ਜਾਣ ਨਾਲ ਭਾਜਪਾ ਦਾ ਵੋਟ ਬੈਂਕ ਵਧ ਰਿਹਾ ਹੈ। ਤੀਜਾ ਕਾਰਨ, ਆਮ ਆਦਮੀ ਪਾਰਟੀ ਦੇ ਦਬਕਿਆਂ ਨਾਲ ਭੈਭੀਤ ਹੋਏ ਲੀਡਰ ਵੀ ਭਾਜਪਾ ਵੱਲ ਸਰਕ ਰਹੇ ਹਨ ਤਾਂ ਕਿ ਸੰਕਟ ਦੇ ਸਮੇਂ ਭਾਜਪਾ ਨੂੰ ਸੁਰੱਖਿਆ ਦੇ ਹਥਿਆਰ ਵਜੋਂ ਵਰਤ ਸਕਣ। ਚੌਥਾ ਕਾਰਨ, ਭਾਜਪਾ ਨੇ ਅਜੇ ਤੀਕ ਮੁੱਖ ਮੰਤਰੀ ਦੇ ਅਹੁਦੇ ਲਈ ਆਪਣੇ ਪੱਤੇ ਨਹੀਂ ਖੋਲ੍ਹੇ। ਦੂਜੀਆਂ ਪਾਰਟੀਆਂ ਵਿੱਚੋਂ ਆਉਣ ਵਾਲੇ ਸਾਰੇ ਹੀ ਅਰਜਨਾਂ ਦੇ ਤੀਰਾਂ ਦੀ ਨੋਕ ਮੱਛੀ ਦੀ ਅੱਖ (ਮੁੱਖ ਮੰਤਰੀ ਦੀ ਕੁਰਸੀ) ਵੱਲ ਹੈ। ਪ੍ਰੰਤੂ ਭਾਜਪਾ ਅਜੇ ਤੀਕ ਤੇਲ ਦੀ ਧਾਰ ਵੱਲ ਦੇਖ ਰਹੀ ਹੈ।

ਕਾਂਗਰਸ ਦੇ ਅਮਰਿੰਦਰ ਸਿੰਘ, ਸੁਨੀਲ ਜਖੜ, ਕੇਵਲ ਢਿੱਲੋਂ ਅਤੇ ਮਨਪ੍ਰੀਤ ਬਾਦਲ ਵਰਗੇ ਚੋਟੀ ਦੇ ਲੀਡਰ ਪਹਿਲਾਂ ਹੀ ਭਾਜਪਾ ਵਿੱਚ ਜਾ ਚੁੱਕੇ ਹਨ। ਕਾਂਗਰਸ ਦਾ ਕਾਟੋ-ਕਲੇਸ਼ ਅਜੇ ਵੀ ਮੁੱਕਿਆ ਨਹੀਂ ਹੈ। ਅਜੇ ਵੀ ਭਾਜਪਾ ਨੂੰ ਹੋਰ ਉਮੀਦ ਹੈ। ਇਸੇ ਲਈ ਭਾਜਪਾ ਨੇ ਕਿਸੇ ਵੀ ਪਾਰਟੀ ਨਾਲ ਅਜੇ ਤੀਕ ਗੱਠਜੋੜ ਨਹੀਂ ਕੀਤਾ ਹੈ। ਭਾਵੇਂ ਅਕਾਲੀ ਦਲ ਨਾਲ ਗੱਠਜੋੜ ਦੀ ਚੁੰਝ-ਚਰਚਾ ਚੱਲ ਰਹੀ ਹੈ। ਕਿਉਂਕਿ ਅਕਾਲੀ ਦਲ ਦਾ ਬੇਅਦਬੀਆਂ ਦੇ ਮਾਮਲੇ ਵਿੱਚ ਕਾਫੀ ਵੋਟ ਬੈਂਕ ਖੁੱਸ ਚੁੱਕਾ ਹੈ। ਬੇਸ਼ਕ ਅਕਾਲੀ ਦਲ ਨੇ ਧਰਮਤੰਤਰ ਨੂੰ ਵੀ ਸਿਆਸੀ ਤੌਰ ’ਤੇ ਵਰਤ ਕੇ ਦੇਖ ਲਿਆ ਹੈ ਪ੍ਰੰਤੂ ਲੋਕਾਂ ਵੱਲੋਂ ਫਿਰ ਵੀ ਕੋਈ ਖਾਸ ਹੁੰਗਾਰਾ ਨਹੀਂ ਆਇਆ ਹੈ। ਹੁਣ ਅਕਾਲੀ ਦਲ ਕੋਲ ਵੋਟ ਪ੍ਰਾਪਤੀ ਦਾ ਕੋਈ ਠੋਸ ਏਜੰਡਾ ਨਹੀਂ ਹੈ। ਸਗੋਂ ਬੇਅਦਬੀਆਂ ਅਤੇ ਡੇਰਾ ਸੱਚਾ ਸੌਦਾ ਦਾ ਮਾਮਲਾ ਅਕਾਲੀ ਦਲ ਦੇ ਵੋਟ ਬੈਂਕ ਨੂੰ ਖੋਰਾ ਲਾ ਚੁੱਕਾ ਹੈ। ਰਹਿੰਦੀ ਕਸਰ ਹੁਣ ਲੰਗਾਹ ਤੋਂ ਬਾਅਦ ਅਮਰਜੀਤ ਚਾਵਲਾ ਐਂਡ ਪਾਰਟੀ ਨੇ ਕੱਢ ਦਿੱਤੀ ਹੈ। ਅਜੇ ਚਾਵਲਾ ਵੱਲੋਂ ਹੋਰ ਨਵੇਂ ਸੱਪ ਕੱਢਣ ਦਾ ਇਸ਼ਾਰਾ ਆਇਆ ਹੈ। ਭਾਜਪਾ ਨੂੰ ਅਕਾਲੀ ਦਲ ਦੇ ਖੁਰ ਚੁੱਕੇ ਵੋਟ ਬੈਂਕ ਦਾ ਭਲੀਭਾਂਤ ਪਤਾ ਹੈ।

ਅਕਾਲੀ ਦਲ ਦੇ ਚੋਟੀ ਦੇ ਲੀਡਰਾਂ ਨੂੰ ਬੇਅਦਬੀ ਵਾਲਾ ਕਾਨੂੰਨ ਅਤੇ ਭਗਵੰਤ ਮਾਨ ਦੇ ‘ਤਰੀ ਵਾਲੇ ਬੈਂਗਣ’ ਕਿਤੇ ਨਾ ਕਿਤੇ ਜ਼ਰੂਰ ਅੰਦਰੋ-ਅੰਦਰੀ ਭੈਭੀਤ ਕਰ ਰਹੇ ਹਨ। ਇਸ ਲਈ ਅਕਾਲੀ ਦਲ ਭਾਜਪਾ ਨਾਲ ਗੱਠਜੋੜ ਲਈ ਪੂਰਾ ਉਤਾਵਲਾ ਹੈ। ਭਾਜਪਾ ਨੂੰ ਵੀ ਅਕਾਲੀ ਦਲ ਦੀ ਕਮਜ਼ੋਰੀ ਦਾ ਪਤਾ ਲੱਗ ਚੁੱਕਾ ਹੈ। ਹੁਣ ਜੇਕਰ ਗੱਠਜੋੜ ਹੁੰਦਾ ਵੀ ਹੈ ਤਾਂ ਭਾਜਪਾ ਪਹਿਲਾਂ ਵਾਂਗ ਛੋਟੇ ਭਾਈ ਦੇ ਤੌਰ ’ਤੇ ਨਹੀਂ ਆਵੇਗੀ ਸਗੋਂ ਵੱਡੇ ਭਈ ਦੇ ਤੌਰ ’ਤੇ ਵਿਚਰੇਗੀ। ਹਾਲਾਤ ਅਤੇ ਸਥਿਤੀ ਨੂੰ ਭਾਂਪਦਿਆਂ ਸ਼ਾਇਦ ਅਕਾਲੀ ਦਲ ਵੀ ਇਹ ਸ਼ਰਤ ਮੰਨ ਜਾਵੇ ਕਿਉਂਕਿ ਅਕਾਲੀ ਦਲ ਇਸ ਸਮੇਂ ਘੋਰ ਸੰਕਟ ਵਿੱਚ ਹੈ। ਸ਼ਰਤ ਭਾਵੇਂ ਕੋਈ ਵੀ ਹੋਵੇ ਅਕਾਲੀ ਦਲ ਦਾ ਮਨੋਰਥ ਭਗਵੰਤ ਮਾਨ ਨੂੰ ਸੱਤਾ ਤੋਂ ਲਾਂਭੇ ਕਰਨਾ ਹੈ। ਜੇਕਰ ਭਗਵੰਤ ਮਾਨ ਦੁਬਾਰਾ ਆਉਂਦਾ ਹੈ ਤਾਂ ਅਕਾਲੀ ਦਲ ਲਈ ਇਹ ਸਮਾਂ ਘੋਰ ਸੰਕਟ ਵਾਲਾ ਹੋ ਸਕਦਾ ਹੈ। ਇਸ ਲਈ ਅਕਾਲੀ ਦਲ ਗੱਠਜੋੜ ਲਈ ਹਰ ਸ਼ਰਤ ਮੰਨਣ ਲਈ ਤਿਆਰ ਹੋ ਸਕਦਾ ਹੈ।

ਕਾਂਗਰਸੀਆਂ ਨੂੰ ਵੀ ਮੁੱਖ ਮੰਤਰੀ ਦਾ ਅਹੁਦਾ ਥਾਲ ਵਿੱਚ ਪਏ ਲੱਡੂ ਵਾਂਗ ਦਿਸ ਰਿਹਾ ਹੈ। ਇਸ ਲਈ ਮੁੱਖ ਮੰਤਰੀ ਬਣਨ ਲਈ ਉਨ੍ਹਾਂ ਦਾ ਕਾਟੋ-ਕਲੇਸ਼ ਅਜੇ ਵੀ ਜਾਰੀ ਹੈ। ਵੜਿੰਗ ਅਤੇ ਚੰਨੀ ਗਰੁੱਪ ਇੱਕ ਦੂਜੇ ਦੇ ਵਿਰੁੱਧ ਡਟ ਕੇ ਖੜ੍ਹੇ ਹਨ। ਸੁਖਜਿੰਦਰ ਰੰਧਾਵੇ ਦਾ ਅਮਿੱਤ ਸ਼ਾਹ ਨਾਲ ਦਿੱਲੀ ਮੁਲਾਕਾਤ ਕਰਨਾ ਅਤੇ ਚੰਨੀ ਦਾ ਅੜ ਕੇ ਬੈਠਾ ਰਹਿਣਾ ਕਈ ਸਵਾਲ ਖੜ੍ਹੇ ਕਰਦਾ ਹੈ। ਪਾਰਟੀ ਵਿੱਚ ਉਲਟ-ਪੁਲਟ ਹੋਣ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਇਹ ਵੀ ਇੱਕ ਫੈਕਟਰ ਹੈ ਕਿ ਚੰਨੀ ਦੇ ਉਲਟ-ਪੁਲਟ ਨਾਲ ਐੱਸ.ਸੀ. ਵੋਟ ਵੀ ਪ੍ਰਭਾਵਿਤ ਹੋਵੇਗੀ। ਕਾਂਗਰਸ ਹਾਈਕਮਾਂਡ ਦੀ ਢਿੱਲੀ ਪਕੜ ਵੀ ਇਸ ਕਲੇਸ਼ ਦਾ ਇੱਕ ਪ੍ਰਮੁੱਖ ਕਾਰਨ ਹੈ। ਜੇਕਰ ਕਾਂਗਰਸ ਵਿੱਚ ਇਹ ਬਖੇੜਾ ਨਾ ਪੈਂਦਾ ਤਾਂ ਇਹ ਪਾਰਟੀ ਸੱਤਾ ਦੀ ਦਾਅਵੇਦਾਰ ਮੰਨੀ ਜਾ ਸਕਦੀ ਸੀ। ਪ੍ਰੰਤੂ ਹੁਣ ਵਕਤ ਕਾਫੀ ਲੰਘ ਗਿਆ ਹੈ। ਹੁਣ ਜੇਕਰ ਕਾਂਗਰਸ ਵਿੱਚ ਏਕਾ ਹੋ ਵੀ ਗਿਆ ਤਾਂ ਵੀ ਦਿਲਾਂ ਵਿਚਲੀ ਖਾਰ ਇੱਕ ਦੂਜੇ ਨੂੰ ਠਿੱਬੀ ਜ਼ਰੂਰ ਲਾਵੇਗੀ।

ਅਕਾਲੀ ਦਲ ਪੁਨਰ-ਸੁਰਜੀਤ ਵੀ ਇਸ ਵਾਰ ਕਿਸੇ ਨਾ ਕਿਸੇ ਧੜੇ ਨਾਲ ਜ਼ਰੂਰ ਗੱਠਜੋੜ ਕਰੇਗਾ। ਇਕੱਲਾ ਅਕਾਲੀ ਦਲ ਪੁਨਰ-ਸੁਰਜੀਤ ਕੋਈ ਬਹੁਤਾ ਪ੍ਰਭਾਵ ਨਹੀਂ ਛੱਡ ਸਕਦਾ ਕਿਉਂਕਿ ਇਸਦੇ ਕੋਲ ਦਲੀਲ ਤਾਂ ਹੈ, ਪਰ ਹੇਠਲੇ ਪੱਧਰ ’ਤੇ ਵਰਕਰਾਂ ਦੀ ਫੌਜ ਨਹੀਂ ਹੈ। ‘ਵਾਰਿਸ ਪੰਜਾਬ ਦੇ’ ਪਾਰਟੀ ਨੂੰ ਗਰਮ ਖਿਆਲੀ ਅਤੇ ਨੌਜਵਾਨ ਵਰਗ ਕਾਫੀ ਸਰਗਰਮੀ ਨਾਲ ਅੱਗੇ ਵਧਾ ਰਹੇ ਹਨ। ਖਾਸ ਕਰਕੇ ਮਾਝੇ ਦੀ ਧਰਤੀ ਵੱਲ ਇਹ ਪਾਰਟੀ ਜ਼ਰੂਰ ਆਪਣਾ ਪ੍ਰਭਾਵ ਦਿਖਾਵੇਗੀ। ਸ਼੍ਰੋਮਣੀ ਅਕਾਲੀ ਦਲ ਦੀ ਕਾਫੀ ਵੋਟ ਇਸ ਪਾਰਟੀ ਨਾਲ ਜੁੜ ਚੁੱਕੀ ਹੈ। ਅਮ੍ਰਿਤਪਾਲ ਸਿੰਘ ਖਾਲਸਾ ਅਤੇ ਸਰਬਜੀਤ ਸਿੰਘ ਦਾ ਜਿੱਤਣਾ ਇਸ ਗੱਲ ਦਾ ਪ੍ਰਤੱਖ ਸਬੂਤ ਹੈ। ਇਸ ਪਾਰਟੀ ਦੇ ਪ੍ਰਸਾਰ ਅਤੇ ਵਿਕਾਸ ਬਾਰੇ ਅੱਗੇ ਵੇਖਣਾ ਹੋਵੇਗਾ ਕਿ ਇਹ ਪਾਰਟੀ ਕਿੰਨਾ ਕੁ ਪ੍ਰਭਾਵ ਪਾਉਂਦੀ ਹੈ। ਹਾਲ ਦੀ ਘੜੀ ਇਹ ਪਾਰਟੀ ਇਕੱਲਿਆਂ ਤੌਰ ’ਤੇ ਸੱਤਾ ਤੋਂ ਦੂਰ ਖੜ੍ਹੀ ਹੈ। ਜਜ਼ਬਾਤੀ ਵੋਟ ਬੈਂਕ ਇਸ ਪਾਰਟੀ ਨਾਲ ਜ਼ਰੂਰ ਖੜ੍ਹਾ ਹੈ। ਸੁਖਬੀਰ ਬਾਦਲ ਵੱਲੋਂ ਅਮ੍ਰਿਤਪਾਲ ਸਿੰਘ ਦੀ ਆਲੋਚਨਾ ਅਤੇ ਹਵਾਰਾ ਦੀ ਪੈਰੋਲ ਸੰਬੰਧੀ ਚੁੱਪ ਧਾਰਨਾ ਵੀ ਸਿੱਖ ਵੋਟਰਾਂ ਦੀ ਨਰਾਜ਼ਗੀ ਦਾ ਕਾਰਨ ਬਣ ਰਹੀ ਹੈ।

ਆਮ ਆਦਮੀ ਪਾਰਟੀ ਇਸ ਸਮੇਂ ਪ੍ਰਚਾਰ ਵਿੱਚ ਸਭ ਤੋਂ ਅੱਗੇ ਚੱਲ ਰਹੀ ਹੈ। ਰਿਸ਼ਵਤਖੋਰੀ ਨੂੰ ਕੰਟਰੋਲ ਕਰਨਾ, ਨਿਯੁਕਤੀਆਂ ਵਿੱਚ ਪਾਰਦ੍ਰਸ਼ਤਾ, ਟੇਲਾਂ ਉੱਪਰ ਪਾਣੀ ਪਹੁੰਚਾਉਣਾ, ਪੱਕੇ ਖਾਲਾਂ ਦਾ ਮਾਮਲਾ, ਥਾਂ-ਥਾਂ ਆਮ ਆਦਮੀ ਕਲੀਨਿਕ ਖੋਲ੍ਹਣੇ, ਨਸ਼ਿਆਂ ਵਿਰੁੱਧ ਮੁਹਿੰਮ ਦੀ ਸਰਗਰਮੀ ਆਦਿ ਏਜੰਡਿਆਂ ਨਾਲ ਆਪਣਾ ਪ੍ਰਚਾਰ ਕਰ ਰਹੀ ਹੈ। ਮਾਵਾਂ ਭੈਣਾਂ ਸਤਿਕਾਰ ਯੋਜਨਾ ਤਹਿਤ ਹਰ ਔਰਤ ਨੂੰ ਇੱਕ ਹਜ਼ਾਰ ਰੁਪਏ ਦੇਣਾ, ਤੀਰਥ ਯਾਤਰਾ ਯੋਜਨਾ ਤਹਿਤ ਵੱਖ-ਵੱਖ ਧਾਰਮਿਕ ਸਥਾਨਾਂ ਦੀ ਯਾਤਰਾ ਕਰਾਉਣੀ ਅਤੇ ਮੁੜਦਿਆਂ ਨੂੰ ਇੱਕ ਪਿੱਤਲ ਦਾ ਗਿਲਾਸ ਦੇਣਾ ਉਸਦੀ ਵੋਟ-ਵਟੋਰੂ ਨੀਤੀ ਦਾ ਹਿੱਸਾ ਹਨ। ਉਸਦੀਆਂ ਰੈਲੀਆਂ ਵਿੱਚ ਲੋਕ ਹੁੰਮ-ਹੰਮਾ ਕੇ ਆ ਰਹੇ ਹਨ। ਕੁਝ ਲੋਕ ਉਸਦੀਆਂ ਮਜ਼ਾਕੀਆ ਤਕਰੀਰਾਂ ਵੀ ਸੁਣਨੀਆਂ ਪਸੰਦ ਕਰਦੇ ਹਨ। ਸ. ਕੁਲਦੀਪ ਸਿੰਘ ਗੜਗੱਜ ਦੀਆਂ ਅਪੀਲਾਂ ਅਤੇ ਪੰਥ ਦੋਖੀ ਵਰਗੇ ਮਾਮਲੇ ਲੋਕਾਂ ਉੱਤੇ ਕੋਈ ਬਹੁਤਾ ਪ੍ਰਭਾਾਵ ਨਹੀਂ ਪਾ ਸਕੇ। ਪ੍ਰੰਤੂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਰੋਸ, ਕੱਚੇ ਮੁਲਾਜ਼ਮਾਂ ਦੀ ਸਥਿਤੀ ਐਲਾਨ ਤੋਂ ਅੱਗੇ ਨਹੀਂ ਤੁਰ ਸਕੀ, ਜਿਸਦਾ ਵਿਰੋਧ ਚੋਣਾਂ ਸਮੇਂ ਸਾਹਮਣੇ ਆਉਣ ਦੀ ਸੰਭਾਵਨਾ ਹੈ। ਬਰਨਾਲਾ ਵਿਖੇ ਸਫਾਈ ਸੇਵਕਾਂ ਦੀ ਕੁੱਟ ਮਾਰ ਉਸਦੇ ਵੋਟ ਬੈਂਕ ਨੂੰ ਕਾਫੀ ਖੋਰਾ ਲਾ ਸਕਦੀ ਹੈ। ਮੁਲਾਜ਼ਮ ਇੱਕ ਚਿਤੰਨ ਵਰਗ ਹੈ। ਇਸ ਵਰਗ ਕੋਲ ਸਮਝ ਵੀ ਹੈ ਤੇ ਵਿਚਾਰਧਾਰਾ ਵੀ। ਇਸ ਵਰਗ ਦੀ ਨਰਾਜ਼ਗੀ ਆਪ ਸਰਕਾਰ ਨੂੰ ਕਾਫੀ ਮਹਿੰਗੀ ਪੈ ਸਕਦੀ ਹੈ।

ਆਮ ਆਦਮੀ ਪਾਰਟੀ ਦੀ ਜ਼ਿਆਦਾ ਨਿਗ੍ਹਾ ਔਰਤ ਵੋਟਰ ’ਤੇ ਹੀ ਕੇਂਦਰਿਤ ਹੈ। ਹੁਣ ਦੇਖਣਾ ਹੋਵੇਗਾ ਕਿ ਔਰਤ ਵੋਟ ਕਿੰਨੀ ਕੁ ਭੁਗਤਦੀ ਹੈ। ਲੋਕਤੰਤਰਿਕ ਪ੍ਰਣਾਲੀ ਵਿੱਚ ਪਸਰਿਆ ਭ੍ਰਿਸ਼ਟਾਚਾਰ ਵੀ ਵੋਟ ਬੈਂਕ ਨੂੰ ਪ੍ਰਭਵਿਤ ਕਰੇਗਾ। ਪੈਸੇ ਦੇ ਜ਼ੋਰ ’ਤੇ ਵੋਟਾਂ ਦੀ ਖਰੀਦੋ-ਫਰੋਖਤ ਕਿਸੇ ਵੀ ਲੋਕਤੰਤਰਿਕ ਅਡੋਲ ਥੰਮ੍ਹ ਨੂੰ ਡੇਗ ਸਕਦੀ ਹੈ। ਇਹ ਸਾਡੀ ਪ੍ਰਣਾਲੀ ਦਾ ਦੁਖਾਂਤਕ ਪੱਖ ਹੈ। ਨਸ਼ੇੜੀ ਵਰਗ ਦਾ ਵੋਟਤੰਤਰ ਨੋਟਤੰਤਰ ਵਿੱਚ ਜ਼ਰੂਰ ਬਦਲੇਗਾ। ਇਖਲਾਕੀ ਗਿਰਾਵਟ ਕਿਸੇ ਵੀ ਵੋਟ ਬੈਂਕ ਦੇ ਸਮੀਕਰਣਾਂ ਨੂੰ ਉਲਟਾ ਸਕਦੀ ਹੈ। ਤਿੰਨੇ ਪ੍ਰਮੁੱਖ ਪਾਰਟੀਆਂ ਇਸ ਸਮੇਂ ਕਿਸੇ ਨਾ ਕਿਸੇ ਮੁੱਦੇ ਕਰਕੇ ਚਰਚਾ ਵਿੱਚ ਹਨ। ਆਮ ਆਦਮੀ ਪਾਰਟੀ ਕੱਚੇ ਮੁਲਾਜ਼ਮਾਂ ਦੇ ਵਿਰੋਧ ਦਾ ਸ਼ਿਕਾਰ ਹੈ। ਕਾਂਗਰਸ ਆਪਸੀ ਕਲੇਸ਼ ਵਿੱਚ ਉਲਝੀ ਹੋਈ ਹੈ, ਸ਼ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਮੁੱਦਾ ਰਹਿਤ ਹੈ ਅਤੇ ਉਹ ਭਾਜਪਾ ਦੀਆਂ ਵੈਸਾਖੀਆਂ ਦਾ ਸਹਾਰਾ ਲੱਭ ਰਹੀ ਹੈ। ਭਾਜਪਾ ਅਜੇ ‘ਤੇਲ ਦੇਖੋ, ਤੇਲ ਦੀ ਧਾਰ ਦੇਖੋ’ ਦੀ ਨੀਤੀ ’ਤੇ ਚੱਲ ਰਹੀ ਹੈ। ਜਦੋਂ ਤੀਕ ਕਾਂਗਰਸ ਦੀ ਟੁੱਟ-ਭੱਜ ਠੀਕ ਨਹੀਂ ਹੁੰਦੀ ਉੰਨਾ ਚਿਰ ਸ਼ਾਇਦ ਭਾਜਪਾ ਵੀ ਕਿਸੇ ਪਾਰਟੀ ਨਾਲ ਗੱਠਜੋੜ ਨਹੀਂ ਕਰਦੀ। ਭਾਜਪਾ ਵੀ ਇਸ ਵਾਰ ਫੂਕ-ਫੂਕ ਪੈਰ ਰੱਖੇਗੀ। ਅਜੇ ਸਮਾਂ ਕਾਫੀ ਪਿਆ ਹੈ, ਦੇਖੋ ਸਿਆਸੀ ਸਮੀਕਰਣ ਕੀ ਕਹਿੰਦੇ ਹਨ। ਇਹ ਤਾਂ ਸਿਰਫ ਅੱਜ ਦੀ ਸਥਿਤੀ ਹੈ। ਚੋਣ ਮਨੋਰਥ ਪੱਤਰਾਂ ਦੇ ਜਾਰੀ ਹੋਣ ’ਤੇ ਹੀ ਸਿਆਸੀ ਹਵਾ ਦੇ ਰੁਖ ਦਾ ਪਤਾ ਲੱਗੇਗਾ। ਬਹੁਜਨ ਸਮਾਜ ਪਾਰਟੀ ਅਜੇ ਤੀਕ ਖਾਮੋਸ਼ ਬੈਠੀ ਹੈ। ਦਲਿਤ ਵੋਟ ਨੂੰ ਇਸ ਵਾਰ ਕੌਣ ਆਪਣੇ ਹੱਕ ਵਿੱਚ ਭੁਗਤਾਉਣ ਵਿੱਚ ਸਫਲ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਹਾਲ ਦੀ ਘੜੀ ਇਹ ਤਾਂ ਚੋਣਾਂ ਤੋਂ ਪਹਿਲਾਂ ਦੇ ਪਿੜ ਦੀ ਸਮੀਖਿਆ ਹੈ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਭੋਲਾ ਸਿੰਘ ਸ਼ਮੀਰੀਆ

ਭੋਲਾ ਸਿੰਘ ਸ਼ਮੀਰੀਆ

Bathinda, Punjab, India.
Phone: (91 - 95010 - 12199)
Email: (bholasinghshamiria@gmail.com)