“ਅਸੀਂ ਕਿਸਦੇ ਦੁਸ਼ਮਣ ਹਾਂ, ਇੱਕ ਦੂਜੇ ਦੇ ਜਾਂ ਆਪਣੇ ਹੀ ਭਵਿੱਖ ਦੇ? ਜਵਾਬ ...”
(15 ਸਤੰਬਰ 2026)
ਭਾਰਤ ਸਮੇਤ ਦੁਨੀਆ ਭਰ ਵਿੱਚ ਅੱਜ ਅਜਿਹਾ ਮਾਹੌਲ ਸਿਰਜਿਆ ਜਾ ਚੁੱਕਿਆ ਹੈ ਜਿਸਦੀ ਸ਼ਾਇਦ ਕੁਝ ਸਾਲ ਪਹਿਲਾਂ ਤਕ ਅਸੀਂ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਪਿਛਲੇ ਲਗਭਗ ਡੇਢ ਦਹਾਕੇ ਦੌਰਾਨ ਦੇਸ਼-ਦੁਨੀਆ ਵਿੱਚ ਜਿੰਨੀ ਉਥਲ-ਪੁਥਲ ਹੋਈ ਹੈ, ਉਸ ਨੂੰ ਦੇਖਦਿਆਂ ਇਹ ਅੰਦਾਜ਼ਾ ਲਾਉਣਾ ਮੁਸ਼ਕਿਲ ਨਹੀਂ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਚਲਦੇ ਰਹੇ ਤਾਂ ਆਉਣ ਵਾਲਾ ਸਮਾਂ ਹੋਰ ਵੀ ਚੁਣੌਤੀਪੂਰਨ ਹੋ ਸਕਦਾ ਹੈ।
ਅਸੀਂ ਆਪਣੇ ਸਮਿਆਂ ਦੌਰਾਨ ਕਈ ਮੁਲਕਾਂ ਵਿੱਚ ਜੰਗਾਂ ਲਗਦੀਆਂ ਦੇਖੀਆਂ ਹਨ। ਕਈ ਦੇਸ਼ਾਂ ਵਿੱਚ ਸਰਕਾਰਾਂ ਬਦਲਦੀਆਂ, ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਸੱਤਾ ਤੋਂ ਲਾਂਭੇ ਹੁੰਦੇ ਦੇਖੇ ਹਨ ਅਤੇ ਲੋਕਾਂ ਦੇ ਹੱਥੋਂ ਰੋਟੀ, ਰੁਜ਼ਗਾਰ ਅਤੇ ਸਿੱਖਿਆ ਦੇ ਮੌਕੇ ਖੋਹੇ ਜਾਂਦੇ ਵੀ ਦੇਖੇ ਹਨ। ਪਰ ਸਵਾਲ ਇਹ ਹੈ ਕਿ ਇਸ ਸਾਰੀ ਉਥਲ-ਪੁਥਲ ਦਾ ਅਸਲ ਖਮਿਆਜ਼ਾ ਕੌਣ ਭੁਗਤਦਾ ਹੈ? ਜਵਾਬ ਸਾਫ ਹੈ- ਆਮ ਲੋਕ।
ਪਿਛਲੇ ਦੋ-ਤਿੰਨ ਸਾਲਾਂ ਤੋਂ ਫਲਸਤੀਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਮਾਰ-ਧਾੜ ਨੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਉੱਥੇ ਵੱਡੀ ਗਿਣਤੀ ਵਿੱਚ ਬੇਗੁਨਾਹ ਲੋਕ, ਜਿਨ੍ਹਾਂ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਹਨ, ਜੰਗ ਦੀ ਭੇਟ ਚੜ੍ਹ ਰਹੇ ਹਨ। ਹਰ ਪਾਸੇ ਗੋਲਾ-ਬਰੂਦ, ਬੰਬਾਂ ਦੇ ਧਮਾਕੇ, ਢਹਿ ਚੁੱਕੀਆਂ ਇਮਾਰਤਾਂ, ਸਕੂਲ ਅਤੇ ਹਸਪਤਾਲ ਨਜ਼ਰ ਆਉਂਦੇ ਹਨ। ਪਰ ਇਸ ਤਬਾਹੀ ਦੇ ਵਿਚਕਾਰ ਸਭ ਤੋਂ ਵੱਡੀ ਕਮੀ ਰੋਟੀ ਦੀ ਹੈ। ਜਿੱਥੇ ਬੋਰੀਆਂ, ਬਸਤਿਆਂ ਅਤੇ ਵੱਡੇ-ਵੱਡੇ ਟਰੱਕਾਂ ਵਿੱਚ ਖਾਣ-ਪੀਣ ਦੀਆਂ ਵਸਤਾਂ ਪਹੁੰਚਣੀਆਂ ਚਾਹੀਦੀਆਂ ਹਨ, ਉੱਥੇ ਹਥਿਆਰ ਅਤੇ ਗੋਲਾ-ਬਰੂਦ ਪਹੁੰਚ ਰਿਹਾ ਹੈ। ਸਵਾਲ ਇਹ ਹੈ ਕਿ ਕੀ ਇਨਸਾਨ ਗੋਲੇ-ਬਰੂਦ ਖਾ ਕੇ ਜਿਊਂਦਾ ਰਹਿ ਸਕਦਾ ਹੈ? ਜਿਸ ਮਨੁੱਖ ਨੂੰ ਆਲੂ, ਗੰਢੇ, ਦਾਲਾਂ, ਅਨਾਜ, ਸਬਜ਼ੀਆਂ ਅਤੇ ਰੋਟੀ ਦੀ ਲੋੜ ਹੈ, ਜੇਕਰ ਉਸਦੇ ਪੱਲੇ ਹਥਿਆਰ ਪਾ ਦਿੱਤੇ ਜਾਣ ਤਾਂ ਉਸਦੀ ਜ਼ਿੰਦਗੀ ਕਿਵੇਂ ਬਦਲੇਗੀ?
ਅਸਲ ਵਿੱਚ ਅੱਜ ਸਾਡੇ ਸਮਾਜ ਅਤੇ ਦੁਨੀਆ ਵਿੱਚ ਕੁਝ ਅਜਿਹਾ ਹੀ ਹੋ ਰਿਹਾ ਹੈ। ਦੁਨੀਆ ਦੇ ਬਹੁਤ ਘੱਟ ਮੁਲਕ ਹੋਣਗੇ ਜਿੱਥੇ ਕਿਸੇ ਨਾ ਕਿਸੇ ਰੂਪ ਵਿੱਚ ਨਫਰਤ, ਵੰਡ ਜਾਂ ਹਿੰਸਾ ਦੀ ਅੱਗ ਨਾ ਫੈਲੀ ਹੋਵੇ। ਵਿਸ਼ਵ ਦੀਆਂ ਵੱਡੀਆਂ ਤਾਕਤਾਂ ਅਮਨ-ਸ਼ਾਂਤੀ ਦੀਆਂ ਗੱਲਾਂ ਤਾਂ ਕਰਦੀਆਂ ਹਨ ਪਰ ਉਨ੍ਹਾਂ ਦੀਆਂ ਨੀਤੀਆਂ ਅਤੇ ਕਾਰਵਾਈਆਂ ਅਕਸਰ ਇਸਦੇ ਉਲਟ ਤਸਵੀਰ ਪੇਸ਼ ਕਰਦੀਆਂ ਹਨ।
ਇਹ ਸਵਾਲ ਵੀ ਵਾਰ-ਵਾਰ ਉੱਠਦਾ ਹੈ ਕਿ ਜੰਗਾਂ ਦੇ ਪਿੱਛੇ ਅਸਲ ਕਾਰਨ ਕੀ ਹੁੰਦੇ ਹਨ? ਕੀ ਸੱਚਮੁੱਚ ਸਿਰਫ ਸਰਹੱਦਾਂ, ਵਿਚਾਰਧਾਰਾਵਾਂ ਜਾਂ ਸੁਰੱਖਿਆ ਹੀ ਇਸਦਾ ਕਾਰਨ ਹੁੰਦੀ ਹੈ? ਜਾਂ ਫਿਰ ਇਸਦੇ ਪਿੱਛੇ ਤੇਲ, ਖਣਿਜ ਪਦਾਰਥ, ਕੁਦਰਤੀ ਸਰੋਤ, ਵਪਾਰਕ ਹਿਤ ਅਤੇ ਹਥਿਆਰਾਂ ਦਾ ਬਜ਼ਾਰ ਵੀ ਵੱਡੀ ਭੂਮਿਕਾ ਨਿਭਾਉਂਦਾ ਹੈ? ਦੁਨੀਆ ਦੇ ਕਈ ਹਿੱਸਿਆਂ ਵਿੱਚ ਇਹ ਦੋਸ਼ ਲਗਦੇ ਰਹੇ ਹਨ ਕਿ ਕੁਦਰਤੀ ਸਰੋਤਾਂ ਨਾਲ ਭਰਪੂਰ ਖੇਤਰਾਂ ਵਿੱਚ ਚੱਲ ਰਹੇ ਸੰਘਰਸ਼ਾਂ ਦੇ ਪਿੱਛੇ ਵੱਡੇ ਆਰਥਿਕ ਹਿਤ ਵੀ ਕੰਮ ਕਰਦੇ ਹਨ। ਜਦੋਂ ਕਿਸੇ ਮੁਲਕ ਵਿੱਚ ਜੰਗ ਲਗਦੀ ਹੈ ਤਾਂ ਆਮ ਲੋਕ ਮਰਦੇ ਹਨ, ਘਰ ਤਬਾਹ ਹੁੰਦੇ ਹਨ, ਬੱਚਿਆਂ ਦੀ ਪੜ੍ਹਾਈ ਰੁਕਦੀ ਹੈ, ਹਸਪਤਾਲ ਬੰਦ ਹੁੰਦੇ ਹਨ ਅਤੇ ਰੁਜ਼ਗਾਰ ਦੇ ਮੌਕੇ ਖਤਮ ਹੋ ਜਾਂਦੇ ਹਨ। ਪਰ ਹਥਿਆਰ ਬਣਾਉਣ ਅਤੇ ਵੇਚਣ ਵਾਲੀਆਂ ਕੰਪਨੀਆਂ ਲਈ ਇਹੀ ਜੰਗ ਇੱਕ ਵੱਡਾ ਬਜ਼ਾਰ ਬਣ ਜਾਂਦੀ ਹੈ।
ਨੌਜਵਾਨਾਂ ਦੇ ਹੱਥਾਂ ਵਿੱਚ ਕਿਤਾਬ, ਕਲਮ ਅਤੇ ਰੁਜ਼ਗਾਰ ਦੀ ਥਾਂ ਜਦੋਂ ਬੰਦੂਕ ਫੜਾ ਦਿੱਤੀ ਜਾਂਦੀ ਹੈ ਤਾਂ ਕਿਸੇ ਵੀ ਮੁਲਕ ਦਾ ਭਵਿੱਖ ਹਨੇਰੇ ਵੱਲ ਚਲਾ ਜਾਂਦਾ ਹੈ। ਨੌਜਵਾਨਾਂ ਦੇ ਮਨਾਂ ਵਿੱਚ ਨਫਰਤ ਭਰ ਕੇ ਉਨ੍ਹਾਂ ਨੂੰ ਆਪਣੇ ਹੀ ਲੋਕਾਂ ਵਿਰੁੱਧ ਖੜ੍ਹਾ ਕਰ ਦੇਣਾ ਮਨੁੱਖਤਾ ਦੀ ਸਭ ਤੋਂ ਵੱਡੀ ਤ੍ਰਾਸਦੀ ਹੈ। ਬੰਦੂਕ ਕਿਸੇ ਸਮੱਸਿਆ ਦਾ ਸਥਾਈ ਹੱਲ ਨਹੀਂ ਦੇ ਸਕਦੀ। ਇਹ ਸਿਰਫ ਇੱਕ ਹੋਰ ਮੌਤ, ਇੱਕ ਹੋਰ ਜ਼ਖਮ ਅਤੇ ਇੱਕ ਹੋਰ ਪਰਿਵਾਰ ਦੀ ਤਬਾਹੀ ਲਿਆ ਸਕਦੀ ਹੈ।
ਪਹਿਲੀ ਅਤੇ ਦੂਜੀ ਵਿਸ਼ਵ ਜੰਗ ਤੋਂ ਬਾਅਦ ਦੁਨੀਆ ਨੇ ਬਹੁਤ ਕੁਝ ਸਿੱਖਿਆ, ਪਰ ਅਫਸੋਸ ਕਿ ਜੰਗਾਂ ਤੋਂ ਪੂਰੀ ਤਰ੍ਹਾਂ ਸਬਕ ਨਹੀਂ ਲਿਆ ਗਿਆ। ਅਸੀਂ ਜਾਣਦੇ ਹਾਂ ਕਿ ਜੰਗ ਕਿਸੇ ਵੀ ਮਸਲੇ ਦਾ ਸਥਾਈ ਹੱਲ ਨਹੀਂ। ਇਸਦੇ ਬਾਵਜੂਦ ਛੋਟੀਆਂ-ਵੱਡੀਆਂ ਜੰਗਾਂ ਅਤੇ ਹਿੰਸਕ ਟਕਰਾਅ ਲਗਾਤਾਰ ਜਾਰੀ ਹਨ।
ਭਾਰਤ ਅਤੇ ਪਾਕਿਸਤਾਨ ਵਿਚਾਲੇ ਪਿਛਲੇ ਸਾਲ ਹੋਏ ਸੈਨਿਕ ਟਕਰਾਅ ਨੇ ਵੀ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਵਿੱਚ ਤਣਾਅ ਵਧਾਇਆ। ਭਾਵੇਂ ਇਹ ਟਕਰਾਅ ਬਹੁਤ ਲੰਮਾ ਨਹੀਂ ਚੱਲਿਆ, ਪਰ ਇਸਨੇ ਲੋਕਾਂ ਦੇ ਮਨਾਂ ਵਿੱਚ ਨਫਰਤ ਅਤੇ ਬੇਭਰੋਸਗੀ ਦੀਆਂ ਕੰਧਾਂ ਹੋਰ ਉੱਚੀਆਂ ਕਰ ਦਿੱਤੀਆਂ। ਜੰਗ ਖਤਮ ਹੋ ਜਾਣ ਤੋਂ ਬਾਅਦ ਵੀ ਉਸਦਾ ਅਸਰ ਲੋਕਾਂ ਦੇ ਮਨਾਂ ਵਿੱਚ ਲੰਮੇ ਸਮੇਂ ਤਕ ਰਹਿੰਦਾ ਹੈ।
ਲੋਕਾਂ ਨੂੰ ਅਕਸਰ ਇਹ ਪਤਾ ਵੀ ਨਹੀਂ ਹੁੰਦਾ ਕਿ ਜੰਗਾਂ ਦੀ ਅਸਲ ਜੜ੍ਹ ਕੀ ਹੈ। ਉਨ੍ਹਾਂ ਨੂੰ ਸਿਰਫ ਇਹ ਦੱਸਿਆ ਜਾਂਦਾ ਹੈ ਕਿ ਦੁਸ਼ਮਣ ਕੌਣ ਹੈ ਅਤੇ ਉਸ ਨਾਲ ਲੜਨਾ ਕਿਉਂ ਜ਼ਰੂਰੀ ਹੈ। ਪਰ ਜੇਕਰ ਅਸੀਂ ਜੰਗਾਂ ਦੇ ਪਿਛੋਕੜ ਵੱਲ ਝਾਤ ਮਾਰੀਏ ਤਾਂ ਕਈ ਵਾਰ ਸਿਆਸੀ ਸੱਤਾ, ਆਰਥਿਕ ਹਿਤ, ਸਰੋਤਾਂ ’ਤੇ ਕਬਜ਼ਾ ਅਤੇ ਵੋਟਾਂ ਦੀ ਰਾਜਨੀਤੀ ਵਰਗੇ ਕਾਰਕ ਵੀ ਸਾਹਮਣੇ ਆਉਂਦੇ ਹਨ।
ਹਾਕਮਾਂ ਨੂੰ ਅਕਸਰ ਸੱਤਾ ਦੀ ਭੁੱਖ ਹੁੰਦੀ ਹੈ ਅਤੇ ਸੱਤਾ ਹਾਸਲ ਕਰਨ ਲਈ ਉਹ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਦੇ ਹਨ। ਚੋਣਾਂ ਦੇ ਸਮੇਂ ਨਫਰਤ ਅਤੇ ਡਰ ਨੂੰ ਹਵਾ ਦੇਣਾ ਸਭ ਤੋਂ ਅਸਾਨ ਰਾਜਨੀਤਿਕ ਹਥਿਆਰ ਬਣ ਜਾਂਦਾ ਹੈ। ਜੇਕਰ ਇਸਦੇ ਨਤੀਜੇ ਵਜੋਂ ਸੈਂਕੜੇ ਜਾਂ ਹਜ਼ਾਰਾਂ ਲੋਕ ਮਰ ਵੀ ਜਾਣ ਤਾਂ ਸੱਤਾ ਦੇ ਖਿਡਾਰੀਆਂ ਲਈ ਕਈ ਵਾਰ ਇਹ ਸਿਰਫ ਇੱਕ ਅੰਕੜਾ ਬਣ ਕੇ ਰਹਿ ਜਾਂਦਾ ਹੈ। ਇਸਦੇ ਉਲਟ, ਅੱਜ ਦੀ ਨਵੀਂ ਪੀੜ੍ਹੀ, ਖਾਸ ਕਰਕੇ ਜੈੱਨ-ਜ਼ੀ, ਕਈ ਦੇਸ਼ਾਂ ਵਿੱਚ ਰਵਾਇਤੀ ਰਾਜਨੀਤੀ ਅਤੇ ਭ੍ਰਿਸ਼ਟਾਚਾਰ ਵਿਰੁੱਧ ਅਵਾਜ਼ ਉਠਾਉਂਦੀ ਨਜ਼ਰ ਆ ਰਹੀ ਹੈ। ਨਿਪਾਲ, ਬੰਗਲਾਦੇਸ਼, ਸ੍ਰੀਲੰਕਾ ਅਤੇ ਹੋਰ ਦੇਸ਼ਾਂ ਵਿੱਚ ਨੌਜਵਾਨਾਂ ਦੀਆਂ ਲਹਿਰਾਂ ਨੇ ਇਹ ਸਵਾਲ ਖੜ੍ਹਾ ਕੀਤਾ ਹੈ ਕਿ ਕੀ ਸਿਰਫ ਸੱਤਾ ਬਦਲਣਾ ਹੀ ਕਾਫੀ ਹੈ ਜਾਂ ਸਿਸਟਮ ਨੂੰ ਵੀ ਬਦਲਣ ਦੀ ਲੋੜ ਹੈ?
ਅੱਜ ਦਾ ਪੜ੍ਹਿਆ-ਲਿਖਿਆ ਨੌਜਵਾਨ ਇਹ ਸਮਝਣਾ ਚਾਹੁੰਦਾ ਹੈ ਕਿ ਲੋਕਤੰਤਰ ਕਿਵੇਂ ਕੰਮ ਕਰਦਾ ਹੈ, ਸੰਸਥਾਵਾਂ ਨੂੰ ਕਿਵੇਂ ਮਜ਼ਬੂਤ ਕੀਤਾ ਜਾ ਸਕਦਾ ਹੈ, ਭ੍ਰਿਸ਼ਟਾਚਾਰ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਅਤੇ ਸਿੱਖਿਆ, ਸਿਹਤ ਅਤੇ ਰੁਜ਼ਗਾਰ ਦੇ ਖੇਤਰ ਵਿੱਚ ਕਿਵੇਂ ਸੁਧਾਰ ਕੀਤਾ ਜਾ ਸਕਦਾ ਹੈ। ਇਹ ਨੌਜਵਾਨ ਜਾਣਦਾ ਹੈ ਕਿ ਕਿਸੇ ਵੀ ਮੁਲਕ ਦੀ ਅਸਲ ਤਾਕਤ ਉਸਦੇ ਹਥਿਆਰਾਂ ਵਿੱਚ ਨਹੀਂ, ਸਗੋਂ ਉਸਦੀ ਸਿੱਖਿਆ, ਸਿਹਤ, ਅਰਥਵਿਵਸਥਾ ਅਤੇ ਮਨੁੱਖੀ ਸਰੋਤ ਵਿੱਚ ਹੁੰਦੀ ਹੈ।
ਹੁਣ ਮੁੱਦੇ ’ਤੇ ਵਾਪਸ ਆਉਂਦੇ ਹਾਂ। ਭਾਰਤ ਅਤੇ ਪਾਕਿਸਤਾਨ ਵਿਚਾਲੇ ਬਣੀ ਤਲਖੀ ਕਾਰਨ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਨੂੰ ਲੈ ਕੇ ਵੀ ਸਵਾਲ ਖੜ੍ਹੇ ਹੁੰਦੇ ਰਹੇ ਹਨ। ਸੁਰੱਖਿਆ ਕਿਸੇ ਵੀ ਦੇਸ਼ ਲਈ ਸਭ ਤੋਂ ਅਹਿਮ ਮਾਮਲਾ ਹੈ ਅਤੇ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਪਰ ਸਵਾਲ ਇਹ ਹੈ ਕਿ ਜੇਕਰ ਸਰਹੱਦਾਂ ਪਾਰ ਗੋਲੇ-ਬਰੂਦ ਅਤੇ ਬੰਬਾਂ ਦੀ ਆਵਾਜਾਈ ਹੋ ਸਕਦੀ ਹੈ ਤਾਂ ਆਮ ਲੋਕਾਂ ਵਿਚਕਾਰ ਆਲੂ, ਗੰਢੇ, ਦਾਲਾਂ, ਅਨਾਜ ਅਤੇ ਪਿਆਰ ਦੀ ਆਵਾਜਾਈ ਕਿਉਂ ਨਹੀਂ ਹੋ ਸਕਦੀ? ਜੇਕਰ ਦੋਵਾਂ ਦੇਸ਼ਾਂ ਦੇ ਆਮ ਲੋਕ ਇੱਕ-ਦੂਜੇ ਨਾਲ ਵਪਾਰ ਕਰ ਸਕਣ, ਇੱਕ-ਦੂਜੇ ਦੇ ਸੁੱਖ-ਦੁੱਖ ਵਿੱਚ ਸ਼ਾਮਲ ਹੋ ਸਕਣ ਅਤੇ ਧਾਰਮਿਕ ਤੇ ਸੱਭਿਆਚਾਰਕ ਸਾਂਝ ਵਧਾ ਸਕਣ ਤਾਂ ਕੀ ਇਸ ਨਾਲ ਨਫਰਤ ਘੱਟ ਨਹੀਂ ਹੋਵੇਗੀ?
ਅਸਲ ਵਿੱਚ ਦੁਨੀਆ ਨੂੰ ਅੱਜ ਗੋਲੇ-ਬਰੂਦ ਨਾਲੋਂ ਵੱਧ ਰੋਟੀ ਦੀ ਲੋੜ ਹੈ। ਲੋਕਾਂ ਨੂੰ ਬੰਦੂਕਾਂ ਨਾਲੋਂ ਵੱਧ ਸਕੂਲਾਂ ਦੀ ਲੋੜ ਹੈ। ਹਥਿਆਰਾਂ ਦੀਆਂ ਫੈਕਟਰੀਆਂ ਨਾਲੋਂ ਵੱਧ ਹਸਪਤਾਲਾਂ ਦੀ ਲੋੜ ਹੈ। ਜੰਗੀ ਜਹਾਜ਼ਾਂ ਨਾਲੋਂ ਵੱਧ ਰੁਜ਼ਗਾਰ ਦੇ ਮੌਕਿਆਂ ਦੀ ਲੋੜ ਹੈ। ਜੇਕਰ ਮਹਿੰਗਾਈ ਵਧਦੀ ਰਹੀ, ਮੁਲਕਾਂ ’ਤੇ ਕਰਜ਼ਾ ਚੜ੍ਹਦਾ ਰਿਹਾ ਅਤੇ ਹਥਿਆਰਾਂ ’ਤੇ ਖਰਬਾਂ ਰੁਪਏ ਖਰਚ ਹੁੰਦੇ ਰਹੇ ਤਾਂ ਆਮ ਆਦਮੀ ਦਾ ਲੱਕ ਹੋਰ ਟੁੱਟੇਗਾ। ਸਰਕਾਰੀ ਖਰਚੇ ਵਧਣਗੇ, ਲੋਕਾਂ ’ਤੇ ਟੈਕਸਾਂ ਦਾ ਬੋਝ ਵਧੇਗਾ ਅਤੇ ਵਿਕਾਸ ਦੇ ਨਾਮ ’ਤੇ ਕੀਤੇ ਜਾਣ ਵਾਲੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਵਿਚ ਪਾੜਾ ਹੋਰ ਵੱਡਾ ਹੋ ਸਕਦਾ ਹੈ।
ਅਖਬਾਰਾਂ ਵਿੱਚ ਅਸੀਂ ਅਕਸਰ ਪੜ੍ਹਦੇ ਹਾਂ ਕਿ ਫਲਾਣੇ ਮੁਲਕ ਨੇ ਇੰਨੀ ਵੱਡੀ ਇਮਾਰਤ ਬਣਾ ਲਈ, ਇੰਨੇ ਟਾਵਰ ਖੜ੍ਹੇ ਕਰ ਦਿੱਤੇ ਜਾਂ ਇੰਨੇ ਕਰੋੜ ਰੁਪਏ ਦਾ ਨਿਵੇਸ਼ ਆ ਗਿਆ। ਪਰ ਜ਼ਮੀਨ ’ਤੇ ਕਿਸਾਨ, ਨੌਜਵਾਨ, ਬੇਰੁਜ਼ਗਾਰ, ਛੋਟਾ ਵਪਾਰੀ ਅਤੇ ਆਮ ਮੁਲਾਜ਼ਮ ਜੇਕਰ ਆਪਣੀ ਰੋਟੀ, ਸਿੱਖਿਆ, ਸਿਹਤ ਅਤੇ ਰੁਜ਼ਗਾਰ ਲਈ ਸੰਘਰਸ਼ ਕਰ ਰਿਹਾ ਹੈ ਤਾਂ ਫਿਰ ਵਿਕਾਸ ਦੀ ਪਰਿਭਾਸ਼ਾ ’ਤੇ ਸਵਾਲ ਕਰਨਾ ਵੀ ਜ਼ਰੂਰੀ ਹੈ। ਇਸ ਲਈ ਅੱਜ ਸਵਾਲ ਸਿਰਫ ਭਾਰਤ ਜਾਂ ਪਾਕਿਸਤਾਨ ਦਾ ਨਹੀਂ, ਸਗੋਂ ਪੂਰੀ ਮਨੁੱਖਤਾ ਦਾ ਹੈ। ਜੇਕਰ ਨਫਰਤ ਦੀ ਅੱਗ ਵਿੱਚ ਗੋਲੇ-ਬਰੂਦ ਵੰਡੇ ਜਾ ਸਕਦੇ ਹਨ ਤਾਂ ਭੁੱਖੇ ਢਿੱਡ ਭਰਨ ਲਈ ਅਨਾਜ ਕਿਉਂ ਨਹੀਂ ਵੰਡਿਆ ਜਾ ਸਕਦਾ? ਜੇਕਰ ਜੰਗ ਲਈ ਸਰਹੱਦਾਂ ਖੋਲ੍ਹੀਆਂ ਜਾ ਸਕਦੀਆਂ ਹਨ ਤਾਂ ਅਮਨ ਲਈ ਦਿਲਾਂ ਦੇ ਦਰਵਾਜ਼ੇ ਕਿਉਂ ਨਹੀਂ ਖੋਲ੍ਹੇ ਜਾ ਸਕਦੇ?
ਅਸੀਂ ਕਿਸਦੇ ਦੁਸ਼ਮਣ ਹਾਂ, ਇੱਕ ਦੂਜੇ ਦੇ ਜਾਂ ਆਪਣੇ ਹੀ ਭਵਿੱਖ ਦੇ? ਜਵਾਬ ਸ਼ਾਇਦ ਸਾਡੇ ਸਾਰਿਆਂ ਕੋਲ ਹੈ। ਨਫਰਤ ਦੀ ਅੱਗ ਕਿਸੇ ਇੱਕ ਘਰ ਨੂੰ ਨਹੀਂ ਸਾੜਦੀ; ਇਹ ਪੂਰੇ ਸਮਾਜ ਨੂੰ ਰਾਖ ਕਰ ਦਿੰਦੀ ਹੈ। ਇਸ ਲਈ ਅੱਜ ਲੋੜ ਹੈ ਕਿ ਗੋਲੇ-ਬਰੂਦ ਦੀ ਥਾਂ ਕਿਤਾਬਾਂ, ਬੰਦੂਕਾਂ ਦੀ ਥਾਂ ਰੁਜ਼ਗਾਰ, ਜੰਗ ਦੀ ਥਾਂ ਗੱਲਬਾਤ ਅਤੇ ਨਫਰਤ ਦੀ ਥਾਂ ਮਨੁੱਖਤਾ ਨੂੰ ਤਰਜੀਹ ਦਿੱਤੀ ਜਾਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































