“ਨੌਂ ਸਤੰਬਰ ਨੂੰ ਜਿੱਥੇ ਉੱਥੇ ਜੁੜੇ ਸਭ ਲੋਕਾਂ ਨੇ ਪਾਸ਼ ਦੀ ਸ਼ਾਇਰੀ ਨੂੰ ਮਾਣਦਿਆਂ ...”
(15 ਸਤੰਬਰ 2026)
ਇਹ ਸਤੰਬਰ ਦਾ ਮਹੀਨਾ ਏ। 52 ਸਾਲ ਪਹਿਲਾਂ ਇਸੇ ਮਹੀਨੇ ਦੀ 27 ਤਰੀਕ ਨੂੰ 1970ਵਿਆਂ ਵਿੱਚ ਪੰਜਾਬੀ ਸ਼ਾਇਰੀ ਨੂੰ ਜੁਝਾਰੂ ਨਕਸ਼ ਦੇਣ ਵਾਲੇ ਸ਼ਾਇਰ ਪਾਸ਼ ਨੇ ਆਪਣੇ ਪਿੰਡ ਤਲਵੰਡੀ ਸਲੇਮ ਦੇ ਇੱਕ ਉਤਸਵ ਬਾਰੇ ਲਿਖਿਆ, “ਅੱਜ ਸਾਡੇ ਜੱਗ ਹੈ - ਪਿੰਡ ਦਾ ਇੱਕ ਸਾਂਝਾ ਉਤਸਵ।” ਸਾਂਝ ਸਾਡੇ ਪਿੰਡਾਂ ਦਾ ਖਾਸਾ ਰਹੀ ਹੈ, ਜਾਗੀਰਦਾਰੀ ਨਿਜ਼ਾਮ ਦੇ ਤਲਖ ਸਮਿਆਂ ਵਿੱਚ ਇਸਨੇ ਪੰਜਾਬ ਦੀ ਲੋਕਾਈ ਦੀ ਰੂਹ ਨੂੰ ਬਚਾਈ ਰੱਖਿਆ ਤੇ ਹੁਣ ਸਰਮਾਏਦਾਰੀ ਦੇ ਸਮਿਆਂ ਵਿੱਚ ਵੀ ਇਸਦਾ ਮੱਥਾ, ਜੇ ਪਾਸ਼ ਦੇ ਸ਼ਬਦ ਵਰਤ ਲਈਏ ਤਾਂ ‘ਬੰਦੇ ਨੂੰ ਅਬੰਦਾ ਬਣਾਉਣ ਵਾਲੀਆਂ ਸ਼ਕਤੀਆਂ’ ਨਾਲ ਲੱਗਾ ਹੋਇਆ ਹੈ। ਪਾਸ਼ ਦੀ ਕਵਿਤਾ, ਡਾਇਰੀ ਅਤੇ ਚਿੱਠੀਆਂ ਦੱਸਦੀਆਂ ਨੇ ਕਿ ਇੱਕ ਸ਼ਾਇਰ ਦੀ ਆਪਣੇ ਪਿੰਡ ਨਾਲ ਸਾਂਝ ਕਿੰਨੀ ਗੂੜ੍ਹੀ ਹੁੰਦੀ ਹੈ, ਕਿਵੇਂ ਜੁੜਿਆ ਹੁੰਦਾ ਹੈ ਸ਼ਾਇਰ ਆਪਣੀ ਜਨਮ ਭੋਏਂ ਦੀ ਮਿੱਠੀ-ਕੌੜੀ ਮਹਿਕ ਨਾਲ।
ਪਾਸ਼ ਦੀ ਸ਼ਾਇਰੀ ਅਤੇ ਹੱਸਾਸ ਸੋਚ ਉਹਦੇ ਪਿੰਡ ਤਲਵੰਡੀ ਸਲੇਮ ਦੀਆਂ ਗਲੀਆਂ, ਵਾਟਾਂ, ਪਗਡੰਡੀਆਂ, ਖੇਤਾਂ ਅਤੇ ਆਡਾਂ ਵਿੱਚੋਂ ਜਨਮੀ, ਪਣਪੀ ਅਤੇ ਜਵਾਨ ਹੋਈ; ਉਹਦੀ ਸ਼ਾਇਰੀ ਵਿੱਚ ਪਿੰਡ ਇਵੇਂ ਹਾਜ਼ਰ ਹੈ ਜਿਵੇਂ ਸੁੱਕੀਆਂ-ਗਿੱਲੀਆਂ ਲੱਕੜਾਂ ਵਿੱਚ ਅੱਗ ਹਮੇਸ਼ਾ ਹਾਜ਼ਰ ਹੁੰਦੀ ਹੈ। ਸ਼ਾਇਰ ਕਦੇ ਵੀ ਆਪਣੀ ਜਨਮ ਭੋਏਂ ਤੋਂ ਵਿਛੜਦਾ ਨਹੀਂ, ਲੋਕ-ਹੱਕਾਂ ਲਈ ਜੇਲ੍ਹ ਵਿੱਚ ਕੈਦ ਹੋਏ ਪਾਸ਼ ਨੇ ਜੇਲ੍ਹ ਵਿੱਚੋਂ ਆਪਣੇ ਪਿੰਡ ਨੂੰ ਇਹ ਸੁਨੇਹਾ ਭੇਜਿਆ ਸੀ:
ਮੇਰੇ ਪਿੰਡ, ਕਿਤੇ ਮੈਨੂੰ ਰਾਤ ਬਰਾਤੇ ਮਿਲਣ ਆ
ਜਦੋਂ ਜੇਲ੍ਹ ਦੇ ਗੁੰਮਟ ’ਤੇ ਬੈਠੀ ਦਹਿਸ਼ਤ ਦੇ ਜਹਾਲਤ ਦੀ ਗਿਰਝ
ਆਪਣੇ ਪਰਾਂ ਨੂੰ ਸਮੇਟ ਲੈਂਦੀ ਹੈ
ਸਿਰਫ ਦਰਬਾਨ ਜਾਗਦੇ ਹੋਣੇ ਨੇ - ਉਨ੍ਹਾਂ ਦਾ ਕੀ ਹੈ
ਤੂੰ ਇਸ ਤਰ੍ਹਾਂ ਆਈ ਨਾ!
ਜਿਵੇਂ ਬਲਦੇ ਸਿਵੇ ਤੋਂ ਬੇਖਬਰ ਲੰਘ ਆਉਂਦਾ ਪਰਿੰਦਾ ਕੋਈ
ਤੇ ਛੱਤੀ ਚੱਕੀਆਂ ਕੋਲ ਆ ਕੇ ਪੁੱਛੀਂ
ਮੇਰਾ ਉਹ ਨਜ਼ਰਬੰਦ ਕਿੱਥੇ ਹੈ ਜਿਸਦੀ ਨਜ਼ਰ
ਜਿਵੇਂ ਛੱਪੜ ਵਿੱਚ ਤਰਦਾ ਨਿੰਮਲ ਦੁਪਹਿਰਾ ਹੁੰਦਾ ਸੀ।
ਤੇ ਫਿਰ ਉਹ ਆਪਣੇ ਪਿੰਡ ਬਾਰੇ ਲਿਖਦਾ ਹੈ, “ਚਟਾਲੇ ਨੂੰ ਪਾਣੀ ਦਿੱਤਾ ਜਾ ਰਿਹਾ ਹੈ। ਵਗਦੀ ਹੋਈ ਆਡ ਦੇ ਆਸੇ-ਪਾਸੇ ਘਾਹ ਬੂਟਿਆਂ ਨਾਲ ਸਿਹਤਮੰਦ ਹਵਾ ਅਠਖੇਲੀਆਂ ਕਰ ਰਹੀ ਹੈ। ਆਡ ਦੇ ਕੰਢੇ ਉੱਤੇ ਟਾਹਲੀ ਦੇ ਬੱਚੇ ਝੂਮ ਰਹੇ ਹਨ ਅਤੇ ਉਨ੍ਹਾਂ ਦੀਆਂ ਸਿਰੀਆਂ ਉੱਤੇ ਜੁਗਨੂੰਆਂ ਵਾਂਗ ਨਿੱਕੇ ਨਿੱਕੇ ਪੱਤੇ ਸੂਰਜ ਦੀ ਧੁੱਪ ਨਾਲ ਚਮਕ ਰਹੇ ਹਨ। ਬਾਂਸ ਦਾ ਬੂਟਾ ਆਪਣੇ ਕੱਦ ਦਾ ਰੋਹਬ ਜਮਾਉਂਦਾ ਹੋਇਆ ਟਾਹਲੀਆਂ ਦੇ ਬੱਚਿਆਂ ਉੱਤੇ ਝੂਮਦਾ ਹੈ ਪਰ ਹਵਾ ਫਿਰ ਉਹਨੂੰ ਪਰ੍ਹਾਂ ਧੱਕ ਲਿਜਾਂਦੀ ਹੈ। ... ਜਿੱਥੇ ਸੂਰਜ ਡੁੱਬਿਆ ਹੈ, ਉੱਥੇ ਅਸਮਾਨ ਦਾ ਟੋਟਾ ਅਜੇ ਤਾਈਂ ਲਿਸ਼ਕ ਰਿਹਾ ਹੈ। ਪੱਕ ਰਹੀ ਕਣਕ ਦੇ ਸਿੱਟਿਆਂ ਉੱਤੇ ਟਾਹਲੀਆਂ ਦੇ ਝੁੰਡਾਂ ਦੇ ਸਿਰ ਦਿਸ ਰਹੇ ਹਨ।”
ਹਰ ਪਿੰਡ, ਹਰ ਬਸਤੀ, ਹਰ ਸ਼ਹਿਰ ਵਿੱਚ ਜਦੋਂ ਸੂਰਜ ਡੁੱਬਦਾ ਹੈ ਤਾਂ ਉਸ ਪਾਸੇ ਅਸਮਾਨ ਦਾ ਟੋਟਾ ਇੱਦਾਂ ਹੀ ਲਿਸ਼ਕਦਾ ਹੈ ਤੇ ਪਾਸ਼ ਨੇ ਅਜਿਹੇ ਕਈ ਪਲਾਂ ਨੂੰ ਤਲਵੰਡੀ ਸਲੇਮ ਵਿੱਚ ਮਾਣਿਆ ਅਤੇ ਉਨ੍ਹਾਂ ਨੂੰ ਬੜੀ ਸ਼ਿੱਦਤ ਨਾਲ ਆਪਣੀ ਕਵਿਤਾ ਅਤੇ ਵਾਰਤਕ ਵਿੱਚ ਉਤਾਰ ਲਿਆ।
* * *
ਪਾਸ਼ ਦੇ ਪਿੰਡ ਤਲਵੰਡੀ ਸਲੇਮ ਵਿੱਚ ਇਸ ਮਹੀਨੇ ਦੀ 9 ਤਰੀਕ ਨੂੰ ਉਸਦੇ ਜਨਮ ਦਿਨ ’ਤੇ ਉਹਦੀ ਕਵਿਤਾ ਦਾ ਜਲੌਅ ਲੱਗਿਆ। ਨੇੜਲੇ ਪਿੰਡਾਂ ਅਤੇ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਹਜ਼ਾਰਾਂ ਲੋਕ ਉਸਦਾ ਜਨਮ ਦਿਨ ਮਨਾਉਣ ਅਤੇ ਉਸਦੀ ਕਵਿਤਾ ਵਿੱਚ ਭਿੱਜਣ ਲਈ ਉੱਥੇ ਪਹੁੰਚੇ। ਪਹੁੰਚਣ ਵਾਲਿਆਂ ਵਿੱਚ ਪੰਜਾਬ ਦੇ ਕਿਸਾਨ, ਖੇਤ ਮਜ਼ਦੂਰ, ਔਰਤਾਂ, ਵਿਦਿਆਰਥੀ, ਦਾਨਿਸ਼ਵਰ, ਲੇਖਕ, ਰੰਗਕਰਮੀ, ਪੱਤਰਕਾਰ, ਮੁਲਾਜ਼ਮ ਸਭ ਸ਼ਾਮਲ ਸਨ। ਇਸ ਸਮਾਗਮ ’ਤੇ ਪਹੁੰਚਣ ਦਾ ਸੱਦਾ ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ, ਪਾਸ਼-ਹੰਸ ਰਾਜ ਸ਼ਹੀਦੀ ਯਾਦਗਾਰ ਕਮੇਟੀ, ਅਵਤਾਰ ਸਿੰਘ ਪਾਸ਼ ਮੈਮੋਰੀਅਲ ਟ੍ਰਸਟ, ਹੋਰ ਭਰਾਤਰੀ ਜਥੇਬੰਦੀਆਂ ਅਤੇ ਪਿੰਡ ਦੇ ਵਸਨੀਕਾਂ ਨੇ ਦਿੱਤਾ ਸੀ। ਇਹ ਜਥੇਬੰਦੀਆਂ ਹਰ ਸਾਲ 9 ਸਤੰਬਰ ਨੂੰ ਪਾਸ਼ ਦਾ ਜਨਮ ਦਿਹਾੜਾ ਪਿੰਡ ਵਿੱਚ ਉਸਾਰੇ ਗਏ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਵਿੱਚ ਮਨਾਉਂਦੀਆਂ ਰਹੀਆਂ ਹਨ। ਢਾਈ ਦਹਾਕਿਆਂ ਤੋਂ ਵੱਧ ਸਮੇਂ ਤੋਂ ਉਸੇ ਯਾਦਗਾਰ ਵਿੱਚ ਪਾਸ਼ ਨੂੰ ਯਾਦ ਕੀਤਾ ਜਾਂਦਾ ਰਿਹਾ ਹੈ ਪਰ ਇਸ ਸਾਲ ਪਿੰਡ ਦੀ ਸਾਂਝ ਵਿੱਚ ਪਈ ਤਰੇੜ ਕਾਰਨ ਸਮਾਗਮ ਉੱਥੇ ਹੋਇਆ, ਜਿਸ ਥਾਂ 23 ਮਾਰਚ 1988 ਨੂੰ ਅੱਤਵਾਦੀਆਂ ਨੇ ਪਾਸ਼ ਅਤੇ ਉਹਦੇ ਦੋਸਤ ਹੰਸ ਰਾਜ ਦਾ ਕਤਲ ਕੀਤਾ ਸੀ।
ਸਮਾਗਮ ਦਾ ਅਰੰਭ ਪਾਸ਼ ਦੀਆਂ ਕਵਿਤਾਵਾਂ ਅਤੇ ਗੀਤਾਂ ਦੇ ਗਾਇਣ ਨਾਲ ਹੋਇਆ। ਸ਼ੁਰੂਆਤ ਧਰਮਿੰਦਰ ਮਸਾਣੀਆਂ ਨੇ ਅਮੋਲਕ ਸਿੰਘ ਦੇ ਲਿਖੇ ਗੀਤ ‘ਸਲਾਮ ਨੀ ਜਵਾਨੀਏ, ਤੈਨੂੰ ਸਲਾਮ ... ਆਉਣ ਵਾਲਾ ਕੱਲ੍ਹ ਤੇਰੇ ਨਾਮ’ ਨਾਲ ਕੀਤੀ ਤੇ ਫਿਰ ਹਰਦੀਪ ਕੋਟਗੁਰੂ ਨੇ ਪਾਸ਼ ਦੀ ਗਜ਼ਲ ‘ਦਹਿਕਦੇ ਅੰਗਿਆਰਾਂ ’ਤੇ ਸੌਂਦੇ ਰਹੇ ਨੇ ਲੋਕ / ਇਸ ਤਰ੍ਹਾਂ ਵੀ ਰਾਤ, ਰੁਸ਼ਨਾਉਂਦੇ ਰਹੇ ਨੇ ਲੋਕ’ ਗਾਈ। ਇਸ ਗਜ਼ਲਨੁਮਾ ਗੀਤ ਵਿੱਚ ‘ਲੋਕ’ ਸ਼ਬਦ ਦੀ ਸੁਰ ਸੁਣਨ ਵਾਲਿਆਂ ਦੇ ਮਨਾਂ ਵਿੱਚ ਆਪਣੇ ਇਕੱਠੇ ਤੇ ਸੰਘਰਸ਼ ਵਿੱਚ ਸਾਂਝੀਵਾਲ ਹੋਣ ਦੀਆਂ ਤਰਬਾਂ ਜਗਾਉਂਦੀ ਹੈ। ਗੁਰਲੀਨ ਕੌਰ, ਅਸੀਮ, ਸੀਨੂੰ, ਸੈਮੀ, ਗੁਰਵਿੰਦਰ ਸਿੰਘ, ਨਵੀਨ, ਅੰਸ਼ ਅਤੇ ਹੋਰਨਾਂ ਨੇ ਪਾਸ਼ ਦੇ ਗੀਤ ਜਿਵੇਂ ‘ਪੈਰਾਂ ਦੀ ਮਿੱਟੀਏ ਪਹਾੜ ਬਣ ਜਾਈਂ/ਕੱਖਾਂ ਦੀਏ ਕੁੱਲੀਏ ਮੀਨਾਰ ਬਣ ਜਾਈਂ’, ‘ਸੋਨੇ ਦੀ ਸਵੇਰ ਜਦੋਂ ਆਊ ਹਾਣੀਆਂ/ਨੱਚੇਗਾ ਅੰਬਰ ਭੂਮੀ ਗਾਊ ਹਾਣੀਆਂ’ ਆਦਿ ਗਾਏ। ਲੋਕਾਂ ਦਾ ਪਾਸ਼ ਦੇ ਗੀਤਾਂ ਲਈ ਹੁੰਗਾਰਾ ਲਾਮਿਸਾਲ ਸੀ। ਇਕਬਾਲ ਕੌਰ ਉਦਾਸੀ ਨੇ ਆਪਣੀ ਲਰਜ਼ਦੀ ਅਵਾਜ਼ ਵਿੱਚ ਆਪਣੇ ਪਿਤਾ ਦਾ ਲਿਖਿਆ ਗੀਤ ਸੁਣਾਇਆ ਤੇ ਫਿਰ ਪਾਸ਼ ਦੇ ਸਾਥੀ ਰਹੇ ਦੀਪ ਕਲੇਰ ਅਤੇ ਸਾਡੇ ਸਮਕਾਲੀ ਸੁਰਜੀਤ ਜੱਜ ਨੇ ਆਪਣਾ ਕਲਾਮ ਪੇਸ਼ ਕੀਤਾ। ਲੋਕ ਸਮੂਹ ਵਿੱਚ ਕਈ ਪੀੜ੍ਹੀਆਂ ਹਾਜ਼ਰ ਸਨ।
ਪਾਸ਼-ਹੰਸ ਰਾਜ ਯਾਦਗਾਰੀ ਕਮੇਟੀ ਦੇ ਮੈਂਬਰ ਹਰਮੇਸ਼ ਮਾਲੜੀ, ਪਾਸ਼ ਯਾਦਗਾਰੀ ਕੌਮਾਂਤਰੀ ਟ੍ਰਸਟ ਦੀ ਮੈਂਬਰ ਡਾ. ਅਰੀਤ ਕੌਰ, ਸਲਾਮ ਕਾਫਲਾ ਦੇ ਕਨਵੀਨਰ ਜਸਪਾਲ ਜੱਸੀ, ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਤਰਕਸ਼ੀਲ ਲਹਿਰ ਦੇ ਆਗੂ ਰਾਜਿੰਦਰ ਭਦੌੜ, ਖੇਤ ਮਜ਼ਦੂਰ ਆਗੂ ਦਰਸ਼ਨ ਨਾਹਰ, ਸ਼ਹੀਦ ਭਗਤ ਸਿੰਘ ਦੇ ਭਣੇਵੇਂ ਅਤੇ ਜਮਹੂਰੀ ਹੱਕਾਂ ਦੀ ਲਹਿਰ ਦੇ ਆਗੂ ਪ੍ਰੋ. ਜਗਮੋਹਨ ਸਿੰਘ ਅਤੇ ਇਨ੍ਹਾਂ ਸਤਰਾਂ ਦੇ ਲੇਖਕ ਨੇ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ। ਸਾਰੇ ਵਕਤਿਆਂ ਨੇ ਪਾਸ਼ ਅਤੇ ਉਸਦੀ ਕਵਿਤਾ ਨੂੰ ਯਾਦ ਕਰਨ ਦੇ ਨਾਲ ਨਾਲ ਇਹ ਮੰਗ ਕੀਤੀ ਕਿ ਪਿੰਡ ਵਿੱਚ ਦੋ ਦਹਾਕਿਆਂ ਤੋਂ ਵੀ ਪਹਿਲਾਂ ਪਾਸ਼ ਦੇ ਦੋਸਤਾਂ ਅਤੇ ਸਾਥੀਆਂ ਵੱਲੋਂ ਉਸਾਰੇ ਗਏ ਪਾਸ਼-ਹੰਸ ਰਾਜ ਯਾਦਗਾਰੀ ਕੰਪਲੈਕਸ ਦੇ ਪੁਰਾਣੇ ਰੂਪ ਨੂੰ ਕਾਇਮ ਰੱਖਿਆ ਜਾਵੇ ਅਤੇ ਉਸ ਨਾਲ ਛੇੜਛਾੜ ਨਾ ਕੀਤੀ ਜਾਏ। ਦੂਸਰੀ ਮੰਗ ਇਹ ਸੀ ਕਿ ਖੇਤ ਮਜ਼ਦੂਰ ਆਗੂ ਹਰਮੇਸ਼ ਮਾਲੜੀ ਉੱਤੇ ਹਮਲਾ ਕਰਨ ਅਤੇ ਉਸ ਵਿਰੁੱਧ ਜਾਤੀ-ਸੂਚਕ ਸ਼ਬਦ ਵਰਤਣ ਵਾਲਿਆਂ ਵਿਰੁੱਧ ਕੇਸ ਦਰਜ ਕੀਤਾ ਜਾਏ। ਪ੍ਰੋ. ਪਰਮਿੰਦਰ ਸਿੰਘ ਨੇ ਮੰਗਾਂ ਸੰਬੰਧੀ ਮਤਾ ਪੇਸ਼ ਕੀਤਾ; ਮੰਚ ’ਤੇ ਅਮੋਲਕ ਸਿੰਘ ਦਾ ਸੰਚਾਲਨ ਹਮੇਸ਼ਾ ਵਾਂਗ ਗੂੰਜਵਾਂ ਅਤੇ ਚੜ੍ਹਦੀ ਕਲਾ ਵਾਲਾ ਸੀ।
ਪ੍ਰੋਗਰਾਮ ਦੇ ਅਖੀਰ ਵਿੱਚ ਪਾਸ਼ ਦੀ ਕਵਿਤਾ, ਡਾਇਰੀ ਅਤੇ ਚਿੱਠੀਆਂ ਉੱਤੇ ਆਧਾਰਿਤ ਮੇਰਾ ਲਿਖਿਆ ਨਾਟਕ ‘ਅਸੀਂ ਲੜਾਂਗੇ ਸਾਥੀ’ ਮੰਚ ਰੰਗਮੰਚ ਅੰਮ੍ਰਿਤਸਰ ਨੇ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਵਿੱਚ ਪੇਸ਼ ਕੀਤਾ। ਪਾਸ਼ ਦੇ ਤਲਵੰਡੀ ਸਲੇਮ ਅਤੇ ਇਸਦੇ ਆਲੇ-ਦੁਆਲੇ ਬਾਰੇ ਅਨੁਭਵ, ਜਿਵੇਂ ਉਸਦੀਆਂ ਕਵਿਤਾਵਾਂ ਅਤੇ ਹੋਰ ਲਿਖਤਾਂ ਵਿੱਚ ਪੇਸ਼ ਹੋਏ ਹਨ, ਇਸ ਨਾਟਕ ਦਾ ਧੁਰਾ ਸਨ। ਇਸ ਤਰ੍ਹਾਂ ਲਹਿੰਦੇ ਪੰਜਾਬ ਦੇ ਸਿਰਮੌਰ ਸਿਰਜਕ ਨਜ਼ਮ ਹੁਸੈਨ ਸੱਯਦ ਦੀ ਨਜ਼ਮ ਦੀ ਇੱਕ ਸਤਰ ‘ਤੂੰ ਵਗ ਨੀ ਕਮਲੀਏ ’ਵਾਏ / ਤੈਨੂੰ ਰੋਕਣ ਵਾਲਾ ਕੌਣ’ ’ਤੇ ਆਧਾਰਿਤ ਗੀਤ ਨਾਟਕ ਦਾ ਇੱਕ ਹੋਰ ਧੁਰਾ ਹੋ ਨਿੱਬੜਿਆ।
ਕੇਵਲ ਧਾਲੀਵਾਲ ਦੀ ਪੇਸ਼ਕਾਰੀ, ਕੁਸ਼ਾਗਰ ਕਾਲੀਆ ਦੇ ਸੰਗੀਤ ਤੇ ਗਾਇਕੀ ਅਤੇ ਸਾਜਨ ਕੋਹਿਨੂਰ ਦੀ ਅਦਾਕਾਰੀ ਨੇ ਦਰਸ਼ਕਾਂ ਨੂੰ ਕੀਲ ਲਿਆ। ਮੈਂ ਦੇਖਿਆ ਕਿ ਕਿਵੇਂ ਲੋਕ ਸ਼ਾਇਰੀ ਨਾਲ ਆਪਣਾ ਰਿਸ਼ਤਾ ਗੰਢਦੇ, ਉਸ ਸ਼ਾਇਰੀ ਨੂੰ ਮਾਣਦੇ ਅਤੇ ਜਿਊਂਦੇ ਹਨ, ਜਿਸ ਵਿਚਲਾ ਸੇਕ ਅਤੇ ਉਨ੍ਹਾਂ ਦੇ ਜ਼ਿੰਦਗੀ ਤੇ ਦਿਲਾਂ ਦਾ ਸੇਕ ਇਕਮਿਕ ਹੋ ਜਾਣ। ਨਾਟਕ ਵਿੱਚ ਪਾਸ਼ ਸੀ, ਉਸਦੇ ਪਿੰਡ ਦਾ ਕਿਰਤੀ ਸੀ (ਉਸ ਦੀ ਭੂਮਿਕਾ ਗੁਰਦਿੱਤ ਨੇ ਨਿਭਾਈ) ਤੇ ਦੇਸ਼ ਦੇ ਹੋਰ ਕੋਨਿਆਂ ਤੋਂ ਆਏ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਕਿਰਦਾਰ (ਅਦਾਕਾਰ: ਹਰਪ੍ਰੀਤ ਸਿੰਘ, ਜਸਵੰਤ ਸਿੰਘ ਤੇ ਨਿਤਿਨ ਕਪੂਰ) ਸਨ ਜਿਨ੍ਹਾਂ ਨੂੰ ਕੌਕਰੋਚ ਕਿਹਾ ਗਿਆ ਹੈ। ਨਾਟਕ ਦੇ ਅੰਤ ਵਿੱਚ ਹਜ਼ਾਰਾਂ ਦਰਸ਼ਕਾਂ ਦੇ ਖੜ੍ਹੇ ਹੋ ਕੇ ਪਾਸ਼ ਦੀ ਨਜ਼ਮ ‘ਅਸੀਂ ਲੜਾਂਗੇ ਸਾਥੀ’ ਅਤੇ ਹੋਰ ਨਜ਼ਮਾਂ ਤੇ ਗੀਤ ਗਾਉਣ ਨੇ ਅਜਿਹਾ ਤਲਿੱਸਮ ਭਰਿਆ ਸਮਾਂ ਪੈਦਾ ਕੀਤਾ, ਜਿਸਦਾ ਨਿੱਘ ਸਾਰਿਆਂ ਦੇ ਮਨਾਂ ਵਿੱਚ ਬਹੁਤ ਦੇਰ ਤਕ ਕਾਇਮ ਰਹੇਗਾ। ਨਜ਼ਮ ਹੁਸੈਨ ਸੱਯਦ ਨੇ ਲਾਹੌਰ ਦੇ ਇੱਕ ਲਿਖਾਰੀ ਲਈ ਇਹ ਬੋਲ ਲਿਖੇ ਨੇ, “ਅਖੇ ਹੱਕੀ ਗੱਲ ਸੁਣਾ ਚਲਿਆ ਜੇ/ਮੁੱਕਦੀ ਅੱਜ ਮੁਕਾ ਚਲਿਆ ਜੇ/ਪਡ਼੍ਹੋ ਤੇ ਝੱਖੜ ਬਣਕੇ ਜਿਮੀਂ ’ਤੇ ਝੁੱਲੋ/ਫਿਰ ਬੁੱਲਾ ਹੋ ਕੇ ਜਾ ਲੱਗੋ ਅਸਮਾਨੀਂ। “ਪਾਸ਼ ਦੀ ਸ਼ਾਇਰੀ ਦਾ ਵੀ ਇਹੋ ਹੀ ਸੁਨੇਹਾ ਏ, ਹੱਕੀ ਗੱਲਾਂ ਵਾਲੀ ਸ਼ਾਇਰੀ ਲਿਖੋ ਤੇ ਪੜ੍ਹੋ ਤੇ ਝੱਖੜ ਬਣ ਕੇ ਜਿਮੀਂ ’ਤੇ ਝੁੱਲੋ। ਤੇ ਇਹ ਸੁਨੇਹਾ ਤਲਵੰਡੀ ਸਲੇਮ ਵਿੱਚ ਸਾਕਾਰ ਹੋਇਆ।
* * *
ਪਾਸ਼ ਦੇ ਪਿੰਡ ਵਿੱਚ ਖਲੋ ਕੇ ਪਾਸ਼ ਨੂੰ ਯਾਦ ਕਰਦਿਆਂ ਮੈਨੂੰ ਨਜ਼ਮ ਹੁਸੈਨ ਸੱਯਦ ਤੇ ਨਾਲ ਨਾਲ ਰਸੂਲ ਹਮਜ਼ਾਤੋਵ ਦੀਆਂ ਲਿਖਤਾਂ ਅਤੇ ਪਾਸ਼ ਦੇ ਸਮਕਾਲੀ ਕਵੀਆਂ ਦੀ ਸ਼ਾਇਰੀ ਯਾਦ ਆਈ, ਜੋ ਮੇਰੇ ਦਿਲ ਦੇ ਬਹੁਤ ਨੇੜੇ ਨੇ। ਪਾਸ਼ ਦੇ ਆਪਣੀ ਡਾਇਰੀ ਵਿੱਚ ਪਿੰਡ ਬਾਰੇ ਇੰਦਰਾਜਾਂ ਵਿੱਚ ਮੈਨੂੰ ਰਸੂਲ ਹਮਜ਼ਾਤੋਵ ਦੀ ਆਪਣੇ ਪਿੰਡ ਬਾਰੇ ਯਾਦਾਂ ਵਾਲੀ ਝਲਕ ਅਤੇ ਰਮਜ਼ ਦਿਖਾਈ ਦਿੱਤੀ। ਆਪਣੀ ਕਿਤਾਬ ‘ਮੇਰਾ ਦਾਗਿਸਤਾਨ’ ਵਿੱਚ ਰਸੂਲ ਨੇ ਆਪਣੇ ਪਿੰਡ ਤਸਾਦਾ ਨੂੰ ਯਾਦ ਕਰਦਿਆਂ ਇਸ ਕਿਤਾਬ ਦੀ ਯਾਤਰਾ ਅਰੰਭੀ ਅਤੇ ਲਿਖਿਆ, “ਤਸਾਦਾ। ਸੱਤਰ ਨਿੱਘੇ ਚੁੱਲ੍ਹੇ। ਸੱਤਰ ਧੁੰਕਸ਼ਾਂ ਵਿੱਚੋਂ ਨਿਰਮਲ ਪਹਾੜੀ ਆਕਾਸ਼ ਵੱਲ ਨੂੰ ਜਾਂਦਾ ਨੀਲਾ ਧੂੰਆਂ। ਕਾਲੀ ਮਿੱਟੀ ਉੱਤੇ ਖੜ੍ਹੀਆਂ ਚਿੱਟੀਆਂ ਸਕਲੀਆਂ। ਆਊਲ ਤੇ ਚਿੱਟੀਆਂ ਝੁੱਗੀਆਂ ਦੇ ਸਾਹਮਣੇ ਪਾਸੇ ਪੱਧਰੇ ਹਰੇ ਖੇਤ। ਪਿੰਡ ਤੋਂ ਪਾਰ ਪਹਾੜ। ਸਲੇਟੀ ਚਟਾਨਾਂ ਸਾਡੀ ਆਊਲ ਦੇ ਉੱਤੇ ਝੁਕੀਆਂ ਹੋਈਆਂ ਹਨ, ਕਿੰਨੇ ਸਾਰੇ ਬੱਚਿਆਂ ਵਾਂਗ ਜਿਹੜੇ ਵਿਹੜੇ ਵਿੱਚ ਹੋ ਰਹੇ ਵਿਆਹ ਨੂੰ ਦੇਖਣ ਲਈ ਪੱਧਰੀ ਛੱਤ ਉੱਤੇ ਇਕੱਠੇ ਹੋ ਗਏ ਹੋਣ। ... ਤਸਾਦਾ! ਮੈਂ ਤੇਰੇ ਖੇਤਾਂ ਵਿੱਚ ਭੌਂਦਾ ਫਿਰਦਾ ਹਾਂ ਤੇ ਸਵੇਰ ਦੀ ਠੰਢੀ ਤ੍ਰੇਲ ਮੇਰੇ ਥੱਕੇ ਪੈਰਾਂ ਨੂੰ ਧੋਂਦੀ ਹੈ। ਮੈਂ ਆਪਣਾ ਮੂੰਹ ਧੋਂਦਾ ਹਾਂ, ਪਹਾੜੀ ਨਦੀਆਂ ਦੇ ਪਾਣੀ ਨਾਲ ਵੀ ਨਹੀਂ ਸਗੋਂ ਚਸ਼ਮਿਆਂ ਦੇ ਪਾਣੀਆਂ ਨਾਲ। ਕਹਿੰਦੇ ਨੇ ਕਿ ਜੇ ਤਿਹਾਏ ਹੋ ਤਾਂ ਧਰਤੀ ਤੋਂ ਫੁੱਟਦੇ ਚਸ਼ਮੇ ਤੋਂ ਪਾਣੀ ਪੀਓ। ਇਹ ਵੀ ਕਹਿੰਦੇ ਨੇ - ਤੇ ਪਿਤਾ ਜੀ ਨੇ ਵੀ ਇਹੀ ਕਿਹਾ ਸੀ - ਕਿ ਸਿਰਫ ਦੋ ਮੌਕਿਆਂ ਉੱਤੇ ਆਦਮੀ ਨੂੰ ਗੋਡਿਆਂ ਭਾਰ ਹੋਣਾ ਚਾਹੀਦਾ ਹੈ - ਚਸ਼ਮੇ ਤੋਂ ਪਾਣੀ ਪੀਣ ਲਈ ਤੇ ਫੁੱਲ ਤੋੜਨ ਲਈ। ਤਸਾਦਾ, ਤੂੰ ਮੇਰਾ ਚਸ਼ਮਾ ਏਂ। ਮੈਂ ਗੋਡਿਆਂ ਭਾਰ ਹੁੰਦਾ ਤੇ ਤੇਰੇ ਲੰਮੇ ਲੰਮੇ ਘੁੱਟ ਭਰਦਾ ਹਾਂ।”
ਰਸੂਲ ਹਮਜ਼ਾਤੋਵ ਤੇ ਹੋਰ ਕਈ ਲੇਖਕਾਂ ਨੇ ਆਪਣੇ ਪਿੰਡਾਂ ਨੂੰ ਇਸੇ ਭਾਵਨਾਮਈ ਅੰਦਾਜ਼ ਨਾਲ ਯਾਦ ਕੀਤਾ ਅਤੇ ਚਿਤਰਿਆ ਹੈ। ਪੰਜਾਬੀ ਵਿੱਚ ਨਾਨਕ ਸਿੰਘ, ਜਸਵੰਤ ਸਿੰਘ ਕੰਵਲ, ਸੋਹਣ ਸਿੰਘ ਸੀਤਲ ਤੇ ਮੋਹਨ ਕਾਹਲੋਂ ਜਿਹੇ ਨਾਵਲਕਾਰਾਂ ਅਤੇ ਗਿਆਨੀ ਗੁਰਦਿੱਤ ਸਿੰਘ ਜਿਹੇ ਵਾਰਤਕ ਲੇਖਕਾਂ ਨੇ ਪੰਜਾਬ ਦੇ ਪਿੰਡਾਂ ਦੇ ਨਿੱਘ ਨੂੰ ਅਮਰ ਸਾਹਿਤਕ ਦ੍ਰਿਸ਼ਾਂ ਵਿੱਚ ਤਬਦੀਲ ਕੀਤਾ ਹੈ। ਇਨ੍ਹਾਂ ਸਭ ਲੇਖਕਾਂ ਨੇ ਸਾਰੀ ਦੁਨੀਆ ਦੇਖੀ ਸੀ ਪਰ ਸਾਰਿਆਂ ਨੇ ਓਹੀ ਮਹਿਸੂਸ ਕੀਤਾ ਸੀ ਜਿਵੇਂ ਰਸੂਲ ਹਮਜ਼ਾਤੋਵ ਨੇ ਸੱਤਰ ਘਰਾਂ ਵਾਲੇ ਆਪਣੇ ਪਿੰਡ ਤਸਾਦਾ ਨੂੰ ਮੁੜਦਿਆਂ ਮਹਿਸੂਸ ਕੀਤਾ।
1970ਵਿਆਂ ਵਿੱਚ ਜਵਾਨ ਹੋਈ ਪੀੜ੍ਹੀ ਵਿੱਚ ਪਾਸ਼ ਦੇ ਨਾਲ ਨਾਲ ਸੁਰਜੀਤ ਪਾਤਰ, ਅਮਰਜੀਤ ਚੰਦਨ, ਲਾਲ ਸਿੰਘ ਦਿਲ, ਸੰਤ ਰਾਮ ਉਦਾਸੀ, ਹਰਭਜਨ ਹਲਵਾਰਵੀ, ਦਰਸ਼ਨ ਖਟਕੜ, ਕਰਤਾਰ ਕੈਂਥ, ਸੰਤ ਸੰਧੂ, ਫਤਿਹਜੀਤ ਅਤੇ ਹੋਰਨਾਂ ਨੇ ਪੰਜਾਬੀ ਕਵਿਤਾ ਵਿੱਚ ਨਵੀਂਆਂ ਸੰਗਰਾਮਮਈ ਪੈੜਾਂ ਪਾਈਆਂ ਹਨ। ਸੁਰਜੀਤ ਪਾਤਰ ਨੇ ਇਨ੍ਹਾਂ ਕਵੀਆਂ ਦੁਆਰੇ ਲਿਖੇ ਗਏ ਹਰਫਾਂ ਨੂੰ ਇੱਦਾਂ ਪਰਿਭਾਸ਼ਤ ਕੀਤਾ ਹੈ, “ਇਹ ਜੁ ਰੰਗਾਂ ਵਿੱਚ ਚਿਤਰੇ ਨੇ ਖੁਰ ਜਾਣਗੇ / ਇਹ ਜੁ ਮਰਮਰ ਵਿੱਚ ਉੱਕਰੇ ਨੇ ਮਿਟ ਜਾਣਗੇ / ਬਲਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ / ਹਰਫ ਓਹੀ ਹਮੇਸ਼ਾ ਲਿਖੇ ਰਹਿਣਗੇ।” ਤਲਵੰਡੀ ਸਲੇਮ ਵਿੱਚ ਲੋਕਾਂ ਨੇ ਪਾਸ਼ ਦੇ ਬਲਦੇ ਹੱਥਾਂ ਨਾਲ ਲਿਖੇ ਹਰਫਾਂ ਦੇ ਸੇਕ ਨੂੰ ਮਹਿਸੂਸ ਕੀਤਾ, ਮਾਣਿਆ, ਗਾਇਆ ਅਤੇ ਇਸ ਸਮੂਹਿਕ ਭਾਵਨਾ ਨੇ ਸਭ ਨੂੰ ਊਰਜਿਤ ਕੀਤਾ।
* * *
ਨੌਂ ਸਤੰਬਰ ਨੂੰ ਜਿੱਥੇ ਉੱਥੇ ਜੁੜੇ ਸਭ ਲੋਕਾਂ ਨੇ ਪਾਸ਼ ਦੀ ਸ਼ਾਇਰੀ ਨੂੰ ਮਾਣਦਿਆਂ ਲੋਕ-ਹੱਕਾਂ ਦੇ ਸੰਘਰਸ਼ ਨਾਲ ਜੁੜੇ ਰਹਿਣ ਅਤੇ ਏਕਤਾ ਦਾ ਸੁਨੇਹਾ ਦਿੱਤਾ, ਉੱਥੇ ਮਨ ਵਿੱਚ ਇੱਕ ਚੀਸ ਵੀ ਸੀ/ਹੈ ਕਿ ਇਹ ਸਮਾਗਮ ਉੱਥੇ ਨਹੀਂ ਹੋ ਸਕਿਆ ਜਿੱਥੇ ਢਾਈ ਦਹਾਕਿਆਂ ਤੋਂ ਵੱਧ ਸਮੇਂ ਦੌਰਾਨ ਹੁੰਦਾ ਰਿਹਾ ਹੈ। ਉਸ ਯਾਦਗਾਰੀ ਕੰਪਲੈਕਸ ਨੂੰ ਹੁਣ ਵਿਵਾਦਾਂ ਦੇ ਘੇਰੇ ਵਿੱਚ ਲਿਆਂਦਾ ਗਿਆ ਹੈ, ਕੇਸ ਅਦਾਲਤ ਤਕ ਪਹੁੰਚਿਆ ਹੈ; ਪਿੰਡ ਦੀ ਸਾਂਝ ਵਿੱਚ ਤਰੇੜ ਆਈ ਹੈ। ਮੈਨੂੰ ਨਜ਼ਮ ਹੁਸੈਨ ਸੱਯਦ ਦੀ ਕਵਿਤਾ ‘ਬਾਰ ਦੀ ਵਾਰ’ ਦੀ ਯਾਦ ਆਈ, ਜਿਸ ਵਿੱਚ ਗੁਰੂ ਨਾਨਕ ਦੇਵ ਜੀ ਮਰਦਾਨੇ ਨੂੰ ਕਹਿੰਦੇ ਹਨ, “ਸਾਂਝ ਬਿਨਾਂ ਸਭ ਵਾਂਝ ਮੀਆਂ ਮਰਦਾਨਿਆ।”
ਕੁਝ ਹਫਤੇ ਪਹਿਲਾਂ ‘ਪੰਜਾਬੀ ਟ੍ਰਿਬਿਊਨ’ ਵਿੱਚ ਲਿਖੇ ਆਪਣੇ ਲੇਖ ਵਿੱਚ ਮੈਂ ਪੰਜਾਬ ਦੇ ਲੇਖਕਾਂ ਵੱਲੋਂ ਇਹ ਬੇਨਤੀ ਕੀਤੀ ਸੀ ਕਿ ਤਲਵੰਡੀ ਸਲੇਮ ਵਿੱਚ ਪਾਸ਼-ਹੰਸ ਰਾਜ ਯਾਦਗਾਰ ਨਾਲ ਕੋਈ ਛੇੜਛਾੜ ਨਾ ਕੀਤੀ ਜਾਏ। ਇਹ ਯਾਦਗਾਰ ਤਲਵੰਡੀ ਸਲੇਮ ਦੇ ਲੋਕਾਂ ਦੀ ਧਰੋਹਰ ਹੈ। ਸਾਡਾ ਬੱਚਿਆਂ ਦੇ ਪੰਘੂੜਿਆਂ ਜਾਂ ਜਿਮ ਨਾਲ ਕੋਈ ਵਿਰੋਧ ਨਹੀਂ; ਹੋ ਵੀ ਕਿਵੇਂ ਸਕਦਾ ਹੈ? ਸਾਡੀ ਬੇਨਤੀ ਤਾਂ ਇਹ ਹੈ ਕਿ ਇਹ ਕਿਸੇ ਹੋਰ ਸਾਂਝੀ ਥਾਂ ’ਤੇ ਲਾ ਲਏ ਜਾਣ; ਪੰਜਾਬ ਦੇ ਲੇਖਕ ਇਕੱਠੇ ਹੋ ਕੇ ਇਸ ਲਈ ਹੋਣ ਵਾਲੇ ਖਰਚੇ ਲਈ ਪੈਸਾ ਦੇਣ ਲਈ ਤਿਆਰ ਹਨ। ਸਾਡੀ ਇਹ ਬੇਨਤੀ ਹੁਣ ਵੀ ਕਾਇਮ ਹੈ।
ਸਾਡੀ ਬੇਨਤੀ ਵਿੱਚ ਇਹ ਨਿਹਿਤ ਹੈ ਕਿ ਪਿੰਡ ਤਲਵੰਡੀ ਸਲੇਮ ਦੀ ਸਾਂਝ ਕਾਇਮ ਰਹਿਣੀ ਚਾਹੀਦੀ ਹੈ; ਪਾਸ਼ ਨੇ ਤਲਵੰਡੀ ਸਲੇਮ ਦੀ ਸਾਂਝ ਸਾਰੀ ਦੁਨੀਆ ਨਾਲ ਪਵਾਈ। ਸਾਂਝ ਦੀ ਉਸ ਸ਼ਾਇਰੀ ਵਿੱਚੋਂ ਨਿਕਲੇ ਸ਼ਬਦ ਜੰਤਰ ਮੰਤਰ ਅਤੇ ਹੋਰ ਥਾਂਵਾਂ ’ਤੇ ਅੰਦੋਲਨ ਕਰ ਰਹੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਪੋਸਟਰਾਂ ’ਤੇ ਲਿਖੇ ਹੋਏ ਹਨ, ‘ਅਸੀਂ ਲੜਾਂਗੇ ਸਾਥੀ’ ਅਤੇ ‘ਸਭ ਤੋਂ ਖਤਰਨਾਕ ਹੁੰਦਾ ਹੈ / ਸਾਡੇ ਸੁਪਨਿਆਂ ਦਾ ਮਰ ਜਾਣਾ।’
ਤਲਵੰਡੀ ਸਲੇਮ ਵਿੱਚ ਹੋਏ ਸਮਾਗਮ ਨੇ ਇਹ ਦਿਖਾਇਆ ਕਿ ਜਿਵੇਂ ਲੋਕਾਂ ਦੀ ਆਪਸ ਵਿੱਚ ਸਾਂਝ ਹੁੰਦੀ ਹੈ, ਉਵੇਂ ਹੀ ਉਨ੍ਹਾਂ ਦੀ ਸਾਂਝ ਸ਼ਾਇਰੀ ਨਾਲ ਵੀ ਹੁੰਦੀ ਹੈ ਤੇ ਇਹ ਸਾਂਝ, ਇਹ ਯਾਰੀ ਆਦਿ ਜੁਗਾਦਿ ਤੋਂ ਬੰਦੇ ਨਾਲ ਤੁਰਦੀ ਆਈ ਹੈ, ਜਿਵੇਂ ‘ਅਸੀਂ ਲੜਾਂਗੇ ਸਾਥੀ’ ਨਾਟਕ ਦੇ ਇੱਕ ਕਾਵਿ-ਬੰਦ ਵਿੱਚ ਅੰਕਿਤ ਕਰਨ ਦਾ ਯਤਨ ਕੀਤਾ ਗਿਆ ਹੈ:
ਬੰਦੇ ਤੇ ਸ਼ਾਇਰੀ ਦੀ ਯਾਰੀ
ਲੋਕੋ, ਮੁੱਢੋਂ ਤੁਰਦੀ ਆਈ
ਇਹ ਯਾਰੀ ਤਾਂ ਉਦੋਂ ਲੱਗੀ
ਜਦੋਂ ਕਲਮ ਨਾ ਸਿਆਹੀ
ਜਦੋਂ ਰੱਬ ਨਾ ਦਿਉਤੇ ਕੋਈ
ਨਾ ਹੀ ਹੁਕਮ ਇਲਾਹੀ
ਬੰਦੇ ਫੜਿਆ ਹੱਥ ਬੰਦੇ ਦਾ
ਕੁੰਜ ਚੁੱਪ ਨੇ ਲਾਹੀ
ਬੰਦੇ ਤੇ ਸ਼ਾਇਰੀ ਦੀ ਯਾਰੀ
ਲੋਕੋ ਮੁੱਢੋਂ ਤੁਰਦੀ ਆਈ
ਬੰਦਾ ਬੰਦੇ ਦਾ ਹੱਥ ਫੜਦਾ ਹੈ ਤੇ ਸ਼ਾਇਰੀ ਬੰਦੇ ਦਾ ਹੱਥ ਫੜਦੀ ਹੈ ਤੇ ਇਹ ਸਾਂਝ, ਇਹ ਯਾਰੀ ਕਦੇ ਨਹੀਂ ਟੁੱਟਣੀ।
***
ਕਿਰਤੀ
ਥੱਕੇ ਟੁੱਟੇ ਪਿੰਡਿਆਂ ਨੂੰ
ਲੇਸਲੇ ਦਿਲ ਦੇ ਸਹਾਰੇ ਜੋੜ ਲੈਂਦੇ ਹਾਂ।
ਪਰੇਸ਼ਾਨੀ ਵਿੱਚ ਜ਼ਖਮੀ ਸ਼ਾਮ ਦਾ
ਭਖਦਾ ਹੋਇਆ ਮੁੱਖ ਚੁੰਮ ਲੈਂਦੇ ਹਾਂ
ਅਸੀਂ ਵੀ ਹੁੰਦੇ ਹਾਂ, ਅਸੀਂ ਵੀ ਹੁੰਦੇ ਹਾਂ
ਜੁਗਨੂੰਆਂ ਵਾਂਗ ਰੁੱਖਾਂ ਵਿੱਚ ਫਸ ਕੇ ਭਟਕ ਛੱਡਦੇ ਹਾਂ
ਅਸੀਂ ਪਰ ਭਬਕ ਨਹੀਂ ਸਕਦੇ
ਕਦੇ ਸੀ-ਸੀ ਨਹੀਂ ਕਰਦੇ
ਬੇਚੈਨੀ ਦਾ ਅਸੀਂ ਅੱਕ ਰੋਜ਼ ਚੱਬਦੇ ਹਾਂ
ਅਸੀਂ ਵੀ ਹੁੰਦੇ ਹਾਂ, ਅਸੀਂ ਵੀ ਹੁੰਦੇ ਹਾਂ
ਅਸੀਂ ਧੁੱਪ ਨਾਲ ਘੁਲ ਘੁਲ ਕੇ
ਦਿਨੇ ਜੋ ਰੋਜ਼ ਖਪਦੇ ਹਾਂ
ਹਨੇਰਾ ਸੌ ਕੁਫਰ ਤੋਲੇ
ਅਸਾਡੀ ਹੋਂਦ ’ਨ੍ਹੇਰੇ ਵਿੱਚ ਵੀ ਸਾਕਾਰ ਰਹਿੰਦੀ ਹੈ
ਅਸੀਂ ਰਾਤਾਂ ਦੀ ਰੰਗੀਨੀ ਦਾ ਵੀ ਹਿੱਸਾ ਵੰਡਾਵਾਂਗੇ
ਅਸੀਂ ਰਾਤੀਂ ਵੀ ਹੁੰਦੇ ਹਾਂ
ਅਸੀਂ ਹਰ ਵਕਤ ਹੋਵਾਂਗੇ।
ਤੂੰ ਇਸ ਤਰ੍ਹਾਂ ਕਿਉਂ ਨਹੀਂ ਬਣ ਜਾਂਦੀ
ਤੂੰ ਇਸ ਤਰ੍ਹਾਂ ਕਿਉਂ ਨਹੀਂ ਬਣ ਜਾਂਦੀ
ਜਿੱਦਾਂ ਮੂੰਹ-ਜ਼ੁਬਾਨੀ ਗੀਤ ਹੁੰਦੇ ਹਨ
ਹਰ ਵਾਰ ਤੈਨੂੰ ਫੱਟੀ ਵਾਂਗ ਲਿਖਣਾ ਕਿਉਂ ਪੈਂਦਾ ਹੈ
ਮੂੰਹ ਜ਼ੋਰ ਤ੍ਰਿਕਾਲਾਂ ਦੇ ਖੜਕੇ ’ਚੋਂ
ਟੱਲੀ ਵਾਂਗ ਲਹਿਰਾਂ ਵਿੱਚ ਟੁੱਟਦੇ
ਤੇਰੇ ਬੋਲਾਂ ਨੂੰ ਨਿਤਾਰ ਸਕਣਾ ਬਹੁਤ ਔਖਾ ਹੈ
ਸੰਖ ਦੀ ਅਵਾਜ਼ ਵਾਂਗ ਮੈਂ ਚਾਹੁੰਦਾ ਹਾਂ
ਤੂੰ ਡੁੱਬਦੇ ਸੂਰਜ ਦਾ ਗਮ ਵੰਡਾਵੇਂ
ਤੇ ਰੱਬ ਦੇ ਨਾਂ ਵਾਂਗ ਮੇਰੀ ਰੂਹ ਵਿੱਚ ਤਰਦੀ ਫਿਰੇਂ
ਦੇਖ ਮੈਂ ਤਾਰਿਆਂ ਦਾ ਸਾਹਮਣਾ ਕਰਨਾ ਹੈ
ਜਿਵੇਂ ਹਾਰਨ ਬਾਅਦ ਕੋਈ ਅਣਖੀ
ਵੈਰੀ ਦੀਆਂ ਅੱਖਾਂ ਵਿੱਚ ਤੱਕਦਾ ਹੈ
ਮੈਂ ਨਿੱਕੀ-ਨਿੱਕੀ ਲੋਅ ਵਿਚ
ਕਿਰ ਗਈ ਗਾਨੀ ਵਾਂਗ
ਟੋਹ ਟੋਹ ਕੇ ਆਪਣਾ ਆਪ ਲੱਭਣਾ ਹੈ। ... ਪਾਸ਼
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)

























































































































