“ਜਸਵੀਰ ਲਾਡੀ ਨੂੰ ਮਿਹਨਤ ਮੁਸ਼ੱਕਤ ਵਿਰਸੇ ਵਿੱਚ ਮਿਲੀ। ਅੱਠਵੀਂ ਜਮਾਤ ...”
(1 ਅਗਸਤ 2026)
ਸੰਨ ਸੰਤਾਲੀ ਵੇਲੇ ਦੇਸ਼ ਦੇ ਬਟਵਾਰੇ ਨੇ ਇਨਸਾਨੀਅਤ ਨੂੰ ਜੜ੍ਹੋਂ ਉਖਾੜ ਸੁੱਟਿਆ। ਇਨਸਾਨੀਅਤ ਲੀਰੋ ਲੀਰ ਹੋ ਗਈ। ਮੁਲਕ ਦੇ ਵਿਚਾਲੇ ਇੱਕ ਲੰਮੀ ਲੀਕ ਖਿੱਚ ਦਿੱਤੀ ਗਈ। ਲੀਕ ਦੇ ਪਰਲੇ ਪਾਸੇ ਪਾਕਿਸਤਾਨ ਬਣ ਗਿਆ ਤੇ ਲੀਕ ਦੇ ਇੱਧਰਲੇ ਪਾਸੇ ਹਿੰਦੋਸਤਾਨ ਬਣ ਗਿਆ। ਪੰਜਾਬ ਦੋ ਟੁਕੜਿਆਂ ਵਿੱਚ ਵੰਡਿਆ ਗਿਆ। ਪੰਜਾਬ ਦੇ ਨਾਲ ਨਾਲ ਪੰਜ ਆਬ ਵੀ ਵੰਡੇ ਗਏ। ਝਨਾਂ ਦਰਿਆ ਮੁਗਲਾਂ ਨਾਲ ਟੱਕਰ ਲੈਣ ਵਾਲੇ ਦੁੱਲੇ ਭੱਟੀ ਕੋਲ ਕੋਲ ਚਲਾ ਗਿਆ ਤੇ ਸਤਲੁਜ ਸ. ਭਗਤ ਸਿੰਘ ਦੇ ਹਿੱਸੇ ਆ ਗਿਆ। ਦੇਸ਼ ਦੇ ਬਟਵਾਰੇ ਕਰਕੇ ਕੁਝ ਲੋਕ ਇੱਧਰੋਂ ਉੱਧਰ ਚਲੇ ਗਏ ਤੇ ਕੁਝ ਲੋਕ ਉੱਧਰੋਂ ਇੱਧਰ ਆ ਗਏ। ਕੁਝ ਲੋਕ ਕਾਫਲਿਆਂ ਸੰਗ ਚਲਦੇ ਹੋਏ ਆਪਣੇ ਟਿਕਾਣੇ ’ਤੇ ਪਹੁੰਚ ਗਏ ਤੇ ਕੁਝ ਅਧਵਾਟੇ ਦਮ ਤੋੜ ਗਏ। ਕੁਝ ਲੋਕ ਸਤਲੁਜ ਅਤੇ ਬਿਆਸ ਦਰਿਆਵਾਂ ਦੀਆਂ ਪੱਤਣਾਂ ਨੂੰ ਪਾਰ ਕਰਦਿਆਂ ਘੱਗਰ ਦਰਿਆ ਦੇ ਨੇੜੇ ਤੇੜੇ ਵਸ ਗਏ। ਪਲਾਂਘਾਂ ਭਰਦਿਆਂ ਭਰਦਿਆਂ ਮੀਲਾਂ ਦੇ ਫਾਸਲੇ ਕਦੋਂ ਤੈਅ ਹੋ ਗਏ, ਪਤਾ ਹੀ ਨਹੀਂ ਲੱਗਿਆ। ਇਸੇ ਦੌਰਾਨ ਜਸਵੀਰ ਲਾਡੀ ਹੋਰਾਂ ਦਾ ਪਰਿਵਾਰ ਵੀ ਪਾਕਿਸਤਾਨ ਤੋਂ ਉੱਜੜ ਕੇ ਪਿੰਡ ਛਾਜਲੀ ਆ ਵਸਿਆ।
ਜ਼ਿਲ੍ਹਾ ਮੁਲਤਾਨ ਦੇ 26 ਚੱਕ 9 ਰਸਾਲ ਵਿੱਚ ਉਹਨਾਂ ਕੋਲ ਦੋ ਮੁਰੱਬੇ ਜ਼ਮੀਨ ਸੀ। ਦੇਸ ਦੇ ਬਟਵਾਰੇ ਤੋਂ ਬਾਅਦ ਇਹ ਜ਼ਮੀਨ ਯੂ.ਪੀ. ਵਿਖੇ ਅਲਾਟ ਹੋਈ। ਪਰਿਵਾਰ ਨੇ ਡਰ ਦੇ ਮਾਰਿਆਂ ਯੂ.ਪੀ. ਜਾਣ ਤੋਂ ਇਨਕਾਰ ਕਰ ਦਿੱਤਾ। ਕਾਗਜ਼ਾਂ ਉੱਤੇ ਅੰਗੂਠੇ ਲਾ ਦਿੱਤੇ, ਅਖੇ ਸਾਨੂੰ ਜ਼ਮੀਨ ਨਹੀਂ ਚਾਹੀਦੀ। ਜਦੋਂ ਹੱਲੇ ਪਏ ਜਸਵੀਰ ਲਾਡੀ ਦਾ ਇੱਕ ਚਾਚਾ ਅਤੇ ਇੱਕ ਤਾਇਆ ਡੰਗਰਾਂ ਲਈ ਹਰਾ ਚਾਰਾ ਲੈਣ ਗਏ ਮਾਰ ਦਿੱਤੇ ਗਏ। ਡੰਗਰ ਭੁੱਖੇ ਭਾਣੇ ਰਹਿ ਗਏ। ਜਦੋਂ ਪਾਕਿਸਤਾਨੋਂ ਕਾਫਲੇ ਚੱਲੇ ਤਾਂ ਲਾਡੀ ਦੀ ਭੂਆ ਕਾਫਲੇ ਵਿੱਚੋਂ ਵਿਛੜ ਗਈ ਫਿਰ ਅਰਸੇ ਬਾਅਦ ਪਤਾ ਲੱਗਾ ਕਿ ਉਹ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਪੰਡੋਰੀ ਵਿੱਚ ਹੈ। ਲਾਡੀ ਦੇ ਪਿਤਾ ਜੀ ਪਾਕਿਸਤਾਨ ਤੋਂ ਦੋ ਚੀਜ਼ਾਂ ਨਾਲ ਲੈ ਕੇ ਆਏ। ਇੱਕ ਗੁਰੂਆਂ ਦੀ ਬਖਸ਼ੀ ਹੋਈ ਤਲਵਾਰ ਅਤੇ ਦੂਜਾ ਰੂੰ ਪਿੰਜਣ ਵਾਲਾ ਤਾੜਾ; ਤਲਵਾਰ ਆਪਣੇ ਪਰਿਵਾਰ ਦੀ ਸੁਰੱਖਿਆ ਲਈ ਅਤੇ ਰੂੰ ਪਿੰਜਣ ਵਾਲਾ ਤਾੜਾ ਆਪਣੀ ਕਿਰਤ ਲਈ, ਜੋ ਅੱਜ ਵੀ ਉਨ੍ਹਾਂ ਸਾਂਭ ਕੇ ਰੱਖੇ ਹੋਏ ਹਨ। ਲਾਡੀ ਦੇ ਪਿਤਾ ਜੀ ਨੇ ਬਹੁਤ ਮਿਹਨਤ ਕੀਤੀ। ਸਵੇਰੇ ਪੰਜ ਵਜੇ ਉੱਠਕੇ ਜਿਮੀਦਾਰਾਂ ਦੇ ਹੱਲ ਵਾਹੁਣਾ ਅਤੇ ਰਾਤ ਨੂੰ ਨੌਂ ਵਜੇ ਆ ਕੇ ਤਾੜੇ ਨਾਲ ਇੱਕ ਰਜਾਈ ਭਰਨੀ।
ਜਸਵੀਰ ਲਾਡੀ ਦਾ ਜਨਮ 14 ਜਨਵਰੀ 1966 ਨੂੰ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਪਿਤਾ ਸ. ਸੁਖਦੇਵ ਸਿੰਘ ਦੇ ਘਰ ਪਿੰਡ ਛਾਜਲੀ ਵਿਖੇ ਹੋਇਆ। ਪਿਤਾ ਨੇ ਉਸ ਨੂੰ ਛਾਜਲੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ। ਸਕੂਲ ਵਿੱਚ ਪੜ੍ਹਦਿਆਂ ਲਾਡੀ ਦੇ ਤਨ ਦੀ ਵਿਰਾਨ ਥੇਹ ਉੱਤੇ ਉਸ ਸਮੇਂ ਵਿਚਾਰਾਂ ਦੇ ਗੁ਼ਲਾਬ ਉੱਗ ਆਏ ਜਦੋਂ ਉਸਦਾ ਮਿਲਾਪ ਮਾਸਟਰ ਦੇਸ ਰਾਜ ਛਾਜਲੀ ਨਾਲ ਹੋਇਆ। ਮਾਸਟਰ ਦੇਸ ਰਾਜ ਛਾਜਲੀ ਨੇ ਉਸਦੇ ਗੁਲਾਬ ਦੇ ਬੂਟਿਆਂ ਨੂੰ ਪਾਣੀ ਨਾਲ ਸਿੰਜਿਆ ਅਤੇ ਗੋਡੀ ਕੀਤੀ। ਇੱਕ ਦਿਨ ਦੇਸ ਰਾਜ ਛਾਜਲੀ ਨੇ ਉਸਦੇ ਮਨ ਦੀ ਮਮਟੀ ’ਤੇ ਸੁਪਨਿਆਂ ਦਾ ਦੀਵਾ ਧਰਿਆ। ਜਦੋਂ ਪ੍ਰਭਾਤ ਹੋਈ ਉਹ ਜੁਗਨੂੰ ਬਣ ਉਡਣ ਲੱਗਾ। ਲਾਡੀ ਦੀ ਸੰਗਤ ਨੂੰ ਭਾਗ ਲੱਗ ਗਏ। ਉਹ ਲੋਕ ਸੰਗੀਤ ਮੰਡਲੀ ਛਾਜਲੀ ਦਾ ਮੈਂਬਰ ਬਣ ਗਿਆ।
ਦੇਸ ਰਾਜ ਛਾਜਲੀ ਦੀ ਅਗਵਾਈ ਵਿੱਚ ਜਸਵੀਰ ਲਾਡੀ ਨੇ ਲੋਕ ਪੱਖੀ ਗੀਤ, ਕਵੀਸ਼ਰੀ ਅਤੇ ਵਾਰਾਂ ਗਾਈਆਂ। ਉਸਨੇ 1982-83 ਵਿੱਚ ਮਾਸਟਰ ਦੇਸ ਰਾਜ ਦੀ ਬਣਾਈ ਲੋਕ ਸੰਗੀਤ ਮੰਡਲੀ ਛਾਜਲੀ ਵਿੱਚ ਤਾਰਾ ਸਿੰਘ ਨਾਲ ਗਾਉਣਾ ਸ਼ੁਰੂ ਕੀਤਾ। ਫਿਰ ਜਗਦੀਸ਼ ਪਾਪੜਾ, ਜੁਗਰਾਜ ਧੌਲਾ, ਤੇਜਿੰਦਰ ਤੇਜ਼ੀ, ਮਨਪ੍ਰੀਤ ਰੋਕੀ, ਜੋਗਾ ਸਿੰਘ ਲਹਿਰਾਗਾਗਾ, ਓਮ ਪ੍ਰਕਾਸ਼ ਲਹਿਰਾਗਾਗਾ, ਕਿਰਨਪਾਲ ਗਾਗਾ, ਹੰਸ ਰਾਜ ਛਾਜਲੀ, ਕਰਿੰਦਰ ਸਿੰਘ ਖੰਡੇਬਾਦ ਅਤੇ ਹਰਪਾਲ ਸਿੰਘ ਤਬਲਾ ਵਾਦਕ ਆਦਿ ਕਲਾਕਾਰ ਇਸ ਸੰਗੀਤ ਮੰਡਲੀ ਵਿੱਚ ਆਉਂਦੇ ਜਾਂਦੇ ਰਹੇ ਪਰ ਲਾਡੀ ਪੱਕੇ ਤੌਰ ’ਤੇ ਇਸ ਸੰਗੀਤ ਮੰਡਲੀ ਛਾਜਲੀ ਦਾ ਹਿੱਸਾ ਰਿਹਾ। ਮਾਸਟਰ ਦੇਸ ਰਾਜ ਛਾਜਲੀ ਦੀ ਅਗਵਾਈ ਹੇਠ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਬੰਗਾਲ ਅਨੇਕਾਂ ਥਾਂਵਾਂ ’ਤੇ ਵੱਡੇ-ਛੋਟੇ ਪ੍ਰੋਗਰਾਮ ਕੀਤੇ। ਇਸ ਤੋਂ ਇਲਾਵਾ ਉਸਨੇ ਲੋਕ ਕਲਾ ਕੇਂਦਰ ਲਹਿਰਾਗਾਗਾ, ਮਰਹੂਮ ਬਲਦੇਵ ਗਾਗਾ ਦੀ ਅਗਵਾਈ ਹੇਠ ਨਾਟਕ ਖੇਡੇ। ਮਾਨਸਾ ਵਾਲੇ ਸੁਰਜੀਤ ਗਾਮੀ ਨਾਲ ਵੀ ਮੰਚ ’ਤੇ ਪ੍ਰੋਗਰਾਮ ਕੀਤੇ। ਲੋਕ ਸੰਗੀਤ ਮੰਡਲੀ ਛਾਜਲੀ ਵੱਲੋਂ ਖੇਡੇ ਗਏ ਸੈਂਕੜੇ ਨਾਟਕਾਂ ਵਿੱਚ ਵੱਖ ਵੱਖ ਕਿਰਦਾਰਾਂ ਦੀ ਅਦਾਕਾਰੀ ਕੀਤੀ। ਲਾਡੀ ਦੇ ਪਿਤਾ ਜੀ ਵੀ ਅਲਗੋਜ਼ਾ ਵਾਦਕ ਸਨ। ਪਾਕਿਸਤਾਨ ਵਿੱਚ ਕਲਾਕਾਰਾਂ ਨਾਲ ਅਲਗੋਜ਼ੇ ਵਜਾਉਂਦੇ ਰਹੇ ਹਨ।
ਜਸਵੀਰ ਲਾਡੀ ਨੂੰ ਮਿਹਨਤ ਮੁਸ਼ੱਕਤ ਵਿਰਸੇ ਵਿੱਚ ਮਿਲੀ। ਅੱਠਵੀਂ ਜਮਾਤ ਵਿੱਚ ਪੜ੍ਹਦਿਆਂ ਉਸਨੇ ਕਣਕ ਦੀ ਵਾਢੀ ਕੀਤੀ, ਹੜੰਬੇ ’ਤੇ ਰੁੱਗ ਲਾਏਂ, ਭਰੀਆਂ ਚੁੱਕੀਆਂ, ਜੀਰੀ ਲਾਈ, ਜੀਰੀ ਝਾੜੀ। ਪੱਲੇਦਾਰੀ ਵੀ ਕੀਤੀ ਅਤੇ ਚਾਹ ਦੀ ਦੁਕਾਨ ਵੀ। ਜਿੱਥੋਂ ਵੀ ਚਾਰ ਪੈਸੇ ਬਣੇ, ਬਣਾਏ। ਦਸਵੀਂ ਪਾਸ ਕਰਨ ਤੋਂ ਬਾਅਦ ਆਈ.ਟੀ.ਆਈ. ਸੁਨਾਮ ਵਿੱਚ ਫਿੱਟਰ ਟਰੇਡ ਪਾਸ ਕੀਤੀ। ਉੱਥੇ ਕਮਿਉਨਿਸਟ ਵਿਚਾਰਧਾਰਾ ਵਾਲੇ ਲੋਕਾਂ ਨਾਲ ਵਾਹ ਵਾਸਤਾ ਪਿਆ। ਇਨ੍ਹਾਂ ਲੋਕਾਂ ਤੋਂ ਹੀ ਇਨਕਲਾਬੀ ਵਿਚਾਰਾਂ ਦੀ ਚਿਣਗ ਲੱਗੀ। ਜਸਵੀਰ ਲਾਡੀ ਨੇ ਬਹੁਤ ਮਿਹਨਤ ਕੀਤੀ ਪਰ ਗੁ਼ਰਬਤ ਨੂੰ ਆਪਣੇ ਘਰੋਂ ਬਾਹਰ ਨਾ ਕੱਢ ਸਕਿਆ। ਉਸਨੇ ਮਹਿਕਦੀਆਂ ਰੋਹੀਆਂ ਵਿੱਚ ਹਉਕਿਆਂ ਦੇ ਬੀਜ ਬੀਜੇ। ਬੀਜਾਂ ਦੇ ਇਨ੍ਹਾਂ ਸਿਆੜਾਂ ਨੂੰ ਪਸੀਨੇ ਦੀਆਂ ਬੂੰਦਾਂ ਨਾਲ ਸਿੰਜਿਆ। ਜੂਸ ਦੀ ਥਾਂਵੇਂ ਨਿੰਮ ਦੀਆਂ ਨੰਮੋਲੀਆਂ ਦਾ ਜ਼ਹਿਰ ਵੀ ਪੀਤਾ। ਗਮਾਂ ਦੇ ਸੂਤ ਕੱਤਦਿਆਂ ਉਹ ਖੱਦਰ ਤੋਂ ਖੇਸ ਤਾਂ ਬਣ ਗਿਆ ਪਰ ਰੇਸ਼ਮ ਦੀ ਫੁਲਕਾਰੀ ਨਾ ਬਣ ਸਕਿਆ ਕਿਉਂਕਿ ਸੁਪਨਿਆਂ ਵਿੱਚ ਖਿੜੇ ਫੁੱਲਾਂ ਤੋਂ ਇੱਤਰ ਨਹੀਂ ਬਣਦਾ, ਨਾ ਇਨ੍ਹਾਂ ਦੀ ਖੁਸ਼ਬੋ ਹੁੰਦੀ ਹੈ। ਸਿਰਤੋੜ ਮਿਹਨਤ ਕਰਦਾ ਰਿਹਾ, ਹਾਲਾਤ ਫਿਰ ਵੀ ਡਾਵਾਂਡੋਲ। ਲਾਡੀ ਨੇ ਦਿਨ ਵੇਲੇ ਮਿੱਟੀ ਨਾਲ ਮਿੱਟੀ ਹੋ ਕੇ ਮਿਹਨਤ ਕੀਤੀ। ਰਾਤਾਂ ਜਾਗ ਕੇ ਲੰਘਾਈਆਂ ਪਰ ਉਸਦੀ ਥੱਕੀ ਹੋਈ ਵੇਦਨਾ ਘੁਰਾੜੇ ਮਾਰ ਕੇ ਸੌਂ ਗਈ।
ਲਾਡੀ ਸੁਭਾਅ ਦਾ ਬੜਾ ਸਾਊ ਪੁੱਤ ਐ। ਕੋਈ ਕਿਸੇ ਕੰਮ ਨੂੰ ਕਹਿ ਦੇਵੇ, ਆਖੇ ਲੱਗ ਜਾਂਦਾ ਹੈ। ਇੱਕ ਦਿਨ ਉਸਦਾ ਭੂਆ ਦਾ ਪੁੱਤਰ ਕਹਿਣ ਲੱਗਾ, ਲਾਲਾਂ ਵਾਲੇ ਪੀਰ ਦੀ ਦਰਗਾਹ ’ਤੇ ਚਿਰਾਗ ਧਰ ਆ। ਲਾਡੀ ਚਿਰਾਗ ਧਰ ਆਇਆ। ਪਰ ਦੇਸ ਰਾਜ ਛਾਜਲੀ ਦੀ ਸੰਗਤ ਨੇ ਉਸਦੀ ਲਾਲਾਂ ਵਾਲੇ ਪੀਰ ਅਤੇ ਭੂਆ ਦੇ ਪੁੱਤਰ ਨਾਲ ਆੜੀ ਟੁੱਕ ਕਰਵਾ ਦਿੱਤੀ। ਇਸ ਤੋਂ ਲਾਡੀ ਨੇ ਬਾਅਦ ਚੰਗਾ ਸਾਹਿਤ ਪੜ੍ਹਿਆ। ਜ਼ਿੰਦਗੀ ਨੂੰ ਸਕਾਰਾਤਮਕ ਦਿਸ਼ਾ ਵੱਲ ਲੈ ਕੇ ਗਿਆ। ਆਪਣਾ ਦ੍ਰਿਸ਼ਟੀਕੋਣ ਬਦਲਿਆ। ਅੱਜ ਕੱਲ੍ਹ ਜਸਵੀਰ ਲਾਡੀ ਸ਼ੌਰਟ ਫਿਲਮਾਂ ਵੀ ਕਰ ਰਿਹਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)
























































































































