“ਅਜਿਹਾ ਮਾਨਸਿਕ ਵਿਕਾਰ ਤਾਂ ਹੀ ਠੀਕ ਹੋ ਸਕਦਾ ਹੈ ਜੇਕਰ ਖੁਦ ਵਿਅਕਤੀ ਆਪਣੇ ਆਪ ਨੂੰ ...”
(23 ਜੁਲਾਈ 2026)
ਸਮਾਜ ਵਿੱਚ ਵਿਚਰਦਿਆਂ ਕਈ ਵਾਰ ਅਜੀਬ ਸ਼ਖਸੀਅਤਾਂ ਨਾਲ ਵਾਹ ਪੈਂਦਾ ਹੈ ਜੋ ਆਮ ਲੋਕਾਂ ਨਾਲੋਂ ਕਾਫੀ ਅਲੱਗ ਤਰੀਕੇ ਨਾਲ ਵਿਵਹਾਰ ਕਰਦੀਆਂ ਹਨ। ਇਹ ਲੋਕ ਨਾਰਸਿਸਟਿਕ ਵਿਵਹਾਰ ਵਾਲੇ ਹੁੰਦੇ ਹਨ। ਇਹ ਮਨੁੱਖੀ ਵਿਵਹਾਰ ਦਾ ਇੱਕ ਗੁੰਝਲਦਾਰ ਅਤੇ ਡੂੰਘਾ ਮਨੋਵਿਗਿਆਨਿਕ ਰੂਪ ਹੁੰਦਾ ਹੈ। ਇਸ ਪਰਸਨੈਲਿਟੀ ਵਾਲੇ ਲੋਕ ਆਪਣੇ ਆਪ ਨੂੰ ਬਹੁਤ ਜ਼ਿਆਦਾ ਮਹੱਤਵਪੂਰਨ, ਵਿਸ਼ੇਸ਼ ਅਤੇ ਹੋਰਾਂ ਨਾਲੋਂ ਉੱਚਾ ਸਮਝਦੇ ਹਨ।
ਅਜਿਹੀ ਸ਼ਖਸੀਅਤ ਦੇ ਮਾਲਿਕ ਬਾਹਰੋਂ ਆਤਮ ਵਿਸ਼ਵਾਸੀ ਅਤੇ ਪ੍ਰਭਾਵਸ਼ਾਲੀ ਦਿੱਖ ਰੱਖਦੇ ਹਨ ਪਰ ਅੰਦਰੋਂ ਅਕਸਰ ਖਾਲੀਪਣ ਅਤੇ ਅਸਵੀਕਾਰ ਹੋਣ ਦੇ ਡਰ ਨਾਲ ਜੂਝਦੇ ਰਹਿੰਦੇ ਹਨ। ਇਸ ਤਰ੍ਹਾਂ ਦੇ ਸ਼ਖਸ ਵਿੱਚ ਹੰਕਾਰ ਬਹੁਤ ਹੁੰਦਾ ਹੈ। ਇਹ ਇੱਕ ਅਜਿਹੀ ਮਨੋਬਿਰਤੀ ਹੈ ਜਿਸ ਵਿੱਚ ਵਿਅਕਤੀ ਨੂੰ ਲਗਾਤਾਰ ਪ੍ਰਸ਼ੰਸਾ ਅਤੇ ਧਿਆਨ ਦੀ ਲੋੜ ਰਹਿੰਦੀ ਹੈ। ਉਹ ਹਮੇਸ਼ਾ ਆਪਣੇ ਆਪ ਨੂੰ ਸਹੀ ਸਮਝਦਾ ਹੈ, ਆਪਣੇ ਆਪ ਨੂੰ ਸਭ ਤੋਂ ਵਧੀਆ ਅਤੇ ਖਾਸ ਮੰਨਦਾ ਹੈ। ਉਹ ਦੂਜਿਆਂ ਨੂੰ ਨੀਵਾਂ ਦਿਖਾਉਣ ਵਿੱਚ ਮਾਹਿਰ ਹੁੰਦਾ ਹੈ। ਜੇਕਰ ਉਸਦੀ ਆਲੋਚਨਾ ਕੀਤੀ ਜਾਵੇ ਤਾਂ ਉਹ ਗੁੱਸੇ ਨਿਰਾਸ਼ਾ ਅਤੇ ਬਦਲੇ ਦੀ ਭਾਵਨਾ ਨਾਲ ਪ੍ਰਤਿਕਿਰਿਆ ਕਰ ਸਕਦਾ ਹੈ, ਜਿਸ ਕਾਰਨ ਉਸਦੇ ਰਿਸ਼ਤੇ ਅਕਸਰ ਟੁੱਟ-ਫੁੱਟ ਦਾ ਸ਼ਿਕਾਰ ਹੋ ਜਾਂਦੇ ਹਨ ਕਿਉਂਕਿ ਉਹ ਹਰੇਕ ਛੋਟੀ ਛੋਟੀ ਗੱਲ ਨੂੰ ਆਪਣੇ ਜ਼ਿਹਨ ਵਿੱਚ ਵਸਾ ਕੇ ਰੱਖਦਾ ਹੈ ਅਤੇ ਕਦੇ ਵੀ ਕਿਸੇ ਨਾਲ ਸਮਝੌਤਾ ਕਰਨ ਵਿੱਚ ਯਕੀਨ ਨਹੀਂ ਰੱਖਦਾ। ਉਹ ਦੂਜਿਆਂ ਦੀਆਂ ਭਾਵਨਾਵਾਂ, ਦੁੱਖ ਜਾਂ ਲੋੜਾਂ ਨੂੰ ਸਮਝਣ ਵਿੱਚ ਅਸਮਰੱਥ ਹੁੰਦਾ ਹੈ। ਉਹ ਦੂਜਿਆਂ ਦੀ ਪਰੇਸ਼ਾਨੀ ਨੂੰ ਕੋਈ ਮਹੱਤਵ ਨਹੀਂ ਦਿੰਦਾ ਜਾਂ ਸਿਰਫ ਨਜ਼ਰ ਅੰਦਾਜ਼ ਹੀ ਕਰਦਾ ਹੈ। ਉਹ ਹਮੇਸ਼ਾ ਆਪਣੇ ਆਪ ਨੂੰ ਉੱਪਰ ਰੱਖਦਾ ਹੈ। ਉਹ ਦੂਜਿਆਂ ਦੀ ਤਰੱਕੀ ਦੇਖ ਨਹੀਂ ਸਕਦਾ। ਹੋਰਾਂ ਦੀ ਸਫਲਤਾ ਨਾਲ ਉਸਨੂੰ ਜਲਨ ਹੁੰਦੀ ਹੈ। ਉਹ ਈਰਖਾ ਅਤੇ ਸਾੜੇ ਦੀ ਭਾਵਨਾ ਨਾਲ ਗ੍ਰਸਤ ਰਹਿੰਦਾ ਹੈ।
ਰਿਸ਼ਤਿਆਂ ਵਿੱਚ ਉਹ ਲੋਕਾਂ ਨੂੰ ਆਪਣੇ ਫਾਇਦੇ ਲਈ ਵਰਤਦਾ ਹੈ। ਜਦੋਂ ਲਾਭ ਖਤਮ ਹੋ ਜਾਂਦਾ ਹੈ ਤਾਂ ਰਿਸ਼ਤਾ ਵੀ ਅਹਿਮੀਅਤ ਗੁਆ ਬੈਠਦਾ ਹੈ। ਇਸ ਤਰ੍ਹਾਂ ਦੀ ਸ਼ਖਸੀਅਤ ਦੇ ਨੇੜਲੇ ਰਿਸ਼ਤੇ ਮਾਨਸਿਕ ਤੌਰ ’ਤੇ ਬਹੁਤ ਪਰੇਸ਼ਾਨ ਹੋ ਜਾਂਦੇ ਹਨ ਕਿਉਂਕਿ ਉਹ ਕਿਸੇ ਦੀ ਵੀ ਗੱਲ ਨਹੀਂ ਮੰਨਦਾ। ਸਿਰਫ ਉਹੀ ਰਿਸ਼ਤੇ ਨਿਭਾਉਂਦਾ ਹੈ ਜੋ ਉਸਦੀ ਹਰੇਕ ਗੱਲ ਸਿਰ ਝੁਕਾ ਕੇ ਮੰਨਦੇ ਹਨ। ਇਹ ਲੋਕ ਦਿਖਾਵਾ ਕਰਨ ਵਿੱਚ ਬਹੁਤ ਮਾਹਿਰ ਹੁੰਦੇ ਹਨ। ਇਹ ਆਪਣੀ ਦੌਲਤ, ਕਾਮਯਾਬੀ ਜਾਂ ਦਿੱਖ ਨੂੰ ਵਧਾ ਚੜ੍ਹਾ ਕੇ ਪੇਸ਼ ਕਰਦੇ ਹਨ। ਇਨ੍ਹਾਂ ਦਾ ਮੁੱਖ ਮਕਸਦ ਸਾਹਮਣੇ ਵਾਲੇ ਤੋਂ ਆਪਣੀ ਪ੍ਰਸ਼ੰਸਾ ਕਰਵਾਉਣਾ ਹੀ ਹੁੰਦਾ ਹੈ।
ਇਸ ਪਰਸਨੈਲਿਟੀ ਵਿਕਾਰ ਦਾ ਮਨੋਵਿਗਿਆਨਿਕ ਕਾਰਨ ਇਹ ਹੈ ਕਿ ਅਜਿਹੀ ਸ਼ਖਸੀਅਤ ਵਾਲੇ ਵਿਅਕਤੀ ਨੂੰ ਬਚਪਨ ਵਿੱਚ ਬਹੁਤ ਜ਼ਿਆਦਾ ਪ੍ਰਸ਼ੰਸਾ ਮਿਲੀ ਹੁੰਦੀ ਹੈ ਜਾਂ ਇਸ ਤੋਂ ਉਲਟ ਬਚਪਨ ਵਿੱਚ ਬਿਲਕੁਲ ਪਿਆਰ ਨਹੀਂ ਮਿਲਿਆ ਹੁੰਦਾ ਜਾਂ ਪਰਿਵਾਰ ਵਿੱਚ ਬਹੁਤ ਜ਼ਿਆਦਾ ਅਣਗੌਲਿਆ ਰਹਿ ਜਾਂਦਾ ਹੈ, ਜੋ ਇਨ੍ਹਾਂ ਵਿੱਚ ਅਜਿਹੀ ਸੋਚ ਪੈਦਾ ਕਰ ਦਿੰਦੀ ਹੈ ਕਿ ਮੈਂ ਉਦੋਂ ਹੀ ਕਾਬਿਲ ਹਾਂ ਜਦੋਂ ਮੈਂ ਖਾਸ ਹੋਵਾਂ। ਅੱਜ ਕੱਲ੍ਹ ਦੀ ਸੋਸ਼ਲ ਮੀਡੀਆ ਜ਼ਿੰਦਗੀ ਵਾਂਗ ਝੂਠੀ ਮਹਾਨਤਾ ਹੀ ਸਭ ਕੁਝ ਹੋ ਜਾਂਦੀ ਹੈ ਪਰ ਅੰਦਰਲਾ ਖਾਲੀਪਨ ਵਧਦਾ ਜਾਂਦਾ ਹੈ।
ਸਧਾਰਨ ਵਿਅਕਤੀ ਆਪਣੀ ਖੂਬੀਆਂ ਅਤੇ ਕਮਜ਼ੋਰੀਆਂ, ਦੋਵੇਂ ਹੀ ਸਵੀਕਾਰਦਾ ਹੈ ਪਰ ਨਾਰਸਿਸਟਿਕ ਵਿਅਕਤੀ ਆਪਣੇ ਆਪ ਨੂੰ ਸਭ ਤੋਂ ਵਧੀਆ ਅਤੇ ਖਾਸ ਮੰਨਦਾ ਹੈ। ਉਸਦਾ ਮੰਨਣਾ ਹੁੰਦਾ ਹੈ ਕਿ ਮੈਂ ਕਦੇ ਵੀ ਗਲਤ ਨਹੀਂ ਹੋ ਸਕਦਾ। ਅਜਿਹੇ ਵਿਵਹਾਰ ਕਾਰਨ ਉਹ ਜ਼ਿਆਦਾ ਸੋਸ਼ਲ ਨਹੀਂ ਹੁੰਦਾ, ਉਹ ਇੱਕ ਖਾਸ ਗਰੁੱਪ ਵਿੱਚ ਹੀ ਆਪਣੇ ਆਪ ਨੂੰ ਸੁਰੱਖਿਅਤ ਮੰਨਦਾ ਹੈ। ਉਸ ਵਿੱਚ ਪੁਰਾਣੀਆਂ ਗੱਲਾਂ ਨੂੰ ਫੜ ਕੇ ਰੱਖਣ ਦੀ ਪ੍ਰਵਿਰਤੀ ਆਮ ਦੇਖੀ ਜਾਂਦੀ ਹੈ। ਜੇਕਰ ਤੁਸੀਂ ਸਭ ਕੁਝ ਭੁਲਾ ਕੇ ਉਸ ਨਾਲ ਨਵੇਂ ਸਿਰੇ ਤੋਂ ਸ਼ੁਰੂਆਤ ਕਰਨ ਦੀ ਸੋਚਦੇ ਵੀ ਹੋ ਤਾਂ ਉਹ ਫਿਰ ਮੁੜ ਘਿੜ ਕੇ ਉਹੀ ਪੁਰਾਣੀਆਂ ਗੱਲਾਂ ਨੂੰ ਅੱਗੇ ਲਿਆ ਕੇ ਤੁਹਾਨੂੰ ਕਸੂਰਵਾਰ ਠਹਿਰਾ ਦਿੰਦਾ ਹੈ ਅਤੇ ਜਜ਼ਬਾਤੀ ਤੌਰ ’ਤੇ ਤੋੜ ਦਿੰਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਉਹ ਰਾਈ ਦਾ ਪਹਾੜ ਬਣਾਉਣ ਵਿੱਚ ਬਹੁਤ ਮਾਹਿਰ ਹੁੰਦਾ ਹੈ। ਅਜਿਹੇ ਵਿਅਕਤੀ ਇੱਕ ਦੋਂਹ ਚਾਪਲੂਸਾਂ ਨੂੰ ਆਪਣੇ ਆਲੇ ਦੁਆਲੇ ਰੱਖਦੇ ਹਨ, ਜੋ ਇਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹਨ।
ਅਜਿਹੇ ਵਿਅਕਤੀਆਂ ਤੋਂ ਬਚਣ ਦਾ ਸਿਰਫ ਇੱਕ ਰਾਹ ਹੈ ਕਿ ਇਨ੍ਹਾਂ ਨਾਲ ਵਾਦ ਵਿਵਾਦ ਵਿੱਚ ਨਾ ਫਸਿਆ ਜਾਵੇ ਕਿਉਂਕਿ ਇਹ ਜਿੱਤਣ ਲਈ ਬਹਿਸ ਕਰਦੇ ਹਨ, ਸੱਚ ਲੱਭਣ ਲਈ ਨਹੀਂ। ਉਹ ਤੁਹਾਡੇ ਸੱਚ ਨੂੰ ਵੀ ਝੂਠ ਵਿੱਚ ਤਬਦੀਲ ਕਰਨ ਵਿੱਚ ਮਾਹਿਰ ਹੁੰਦੇ ਹਨ। ਜੇਕਰ ਤੁਹਾਨੂੰ ਲਗਦਾ ਹੈ ਕਿ ਅਜਿਹੇ ਵਿਅਕਤੀਆਂ ਦੇ ਸੰਪਰਕ ਵਿੱਚ ਤੁਸੀਂ ਮਾਨਸਿਕ ਤੌਰ ’ਤੇ ਪਰੇਸ਼ਾਨ ਹੋ ਰਹੇ ਹੋ ਤਾਂ ਅਜਿਹੇ ਵਿਅਕਤੀਆਂ ਤੋਂ ਦੂਰੀ ਬਣਾ ਲਵੋ। ਇਹ ਲੋਕ ਮਾਨਸਿਕ ਤੌਰ ’ਤੇ ਬਿਮਾਰ ਹੁੰਦੇ ਹਨ ਪਰ ਇਹ ਕਦੇ ਵੀ ਨਹੀਂ ਮੰਨਦੇ ਕਿਉਂਕਿ ਇਲਾਜ ਲਈ ਵੀ ਖੁਦ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ। ਅਜਿਹਾ ਮਾਨਸਿਕ ਵਿਕਾਰ ਤਾਂ ਹੀ ਠੀਕ ਹੋ ਸਕਦਾ ਹੈ ਜੇਕਰ ਖੁਦ ਵਿਅਕਤੀ ਆਪਣੇ ਆਪ ਨੂੰ ਬਿਮਾਰ ਮੰਨਦਾ ਹੋਵੇ। ਪਰ ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿਉਂਕਿ ਇਹ ਉਹਨਾਂ ਦੀ ਹਾਰ ਹੋਵੇਗੀ ਅਤੇ ਉਹ ਕਦੇ ਵੀ ਕਿਸੇ ਅੱਗੇ ਝੁਕਦੇ ਨਹੀਂ। ਉਹ ਸਾਹਮਣੇ ਵਾਲੇ ਨੂੰ ਇਸ ਕਦਰ ਦੁਖੀ ਕਰ ਦਿੰਦੇ ਹਨ ਕਿ ਸਾਹਮਣੇ ਵਾਲਾ ਖੁਦ ਨੂੰ ਹੀ ਕਸੂਰਵਾਰ ਸਮਝ ਲੈਂਦਾ ਹੈ। ਉਹਨਾਂ ਦਾ ਮੁੱਖ ਮਕਸਦ ਸਾਹਮਣੇ ਵਾਲੇ ਨੂੰ ਕੰਟ੍ਰੋਲ ਕਰਨਾ ਹੁੰਦਾ। ਇਹ ਵੀ ਜ਼ਰੂਰੀ ਨਹੀਂ ਕਿ ਇੱਕ ਦੋਂਹ ਲੱਛਣਾਂ ਵਾਲੇ ਨੂੰ ਹੀ ਨਾਰਸਿਸਟ ਦਾ ਟੈਗ ਦੇ ਦਿੱਤਾ ਜਾਵੇ। ਪਰ ਜੇਕਰ ਉਹ ਲਗਾਤਾਰ ਇਸ ਤਰ੍ਹਾਂ ਦਾ ਵਿਵਹਾਰ ਕਰ ਰਿਹਾ ਹੈ ਤਾਂ ਉਸ ਨੂੰ ਇਲਾਜ ਦੀ ਲੋੜ ਹੈ ਕਿਉਂਕਿ ਅੱਜ ਦੇ ਆਧੁਨਿਕ ਯੁਗ ਵਿੱਚ ਮਾਨਸਿਕ ਸਿਹਤ ਇੱਕ ਭਖਵਾਂ ਵਿਸ਼ਾ ਹੈ ਅਤੇ ਸਰੀਰਕ ਤੰਦਰੁਸਤੀ ਲਈ ਮਾਨਸਿਕ ਤੌਰ ’ਤੇ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)
























































































































