““ਯੁੱਧਵੀਰ” ਵਿਚਲੀਆਂ ਕਹਾਣੀਆਂ ਜਗਿਆਸੂ ਅਤੇ ਜਗਿਆਸਾ ਪੈਦਾ ਕਰਨ ਦੇ ...”![]()
(17 ਜੁਲਾਈ 2026)
ਗਿਆਨ, ਵਿਗਿਆਨ, ਮਨੋਵਿਗਿਆਨ, ਸਮਾਜ ਸ਼ਾਸਤਰ, ਧਰਮ, ਰਾਜਨੀਤੀ, ਇਤਿਹਾਸ, ਮਿਥਿਹਾਸ, ਸੱਭਿਆਚਾਰ ਅਤੇ ਸਾਹਿਤ ਮਨੁੱਖ ਦੀ ਚੇਤਨਾ ਦਾ ਅਧਾਰ ਹਨ। ਇਨ੍ਹਾਂ ਨਾਲ ਨੇੜੇ ਤੋਂ ਜੁੜਿਆ ਮਨੁੱਖ ਦੂਸਰੇ ਆਮ ਮਨੁੱਖਾਂ ਨਾਲੋਂ ਵਧੇਰੇ ਚਿਤੰਨ ਹੁੰਦਾ ਹੈ। ਚੇਤਨਾ ਦਾ ਸੰਬੰਧ ਮਨੁੱਖ ਦੇ ਜ਼ਿਹਨ ਦੇ ਚੁਸਤ ਅਤੇ ਤੰਦਰੁਸਤ ਹੋਣ ਨਾਲ ਵੀ ਜੁੜਿਆ ਹੋਇਆ ਹੈ। ਚਿਤੰਨ ਮਨੁੱਖ ਦੀ ਚੇਤਨਾ ਹੀ ਗੰਭੀਰ ਹੋ ਸਕਦੀ ਹੈ। ਇਸਦੇ ਅਧਾਰ ਉੱਤੇ ਹੀ ਮਨੁੱਖ ਦਾ ਸਮਾਜ ਵਿੱਚ ਰੁਤਬਾ ਨਿਰਧਾਰਤ ਹੁੰਦਾ ਹੈ। ਚਿੰਤਨ ਸਵੈ ਮੰਥਨ ਅਤੇ ਸਮੂਹ ਸੰਵਾਦ ਰਾਹੀਂ ਹੋਂਦ ਵਿੱਚ ਆਉਂਦਾ ਹੈ। ਮਨੁੱਖ ਅਤੇ ਸਮੂਹ ਦਾ ਰੁਤਬਾ ਚੇਤਨਾ ਨਾਲ ਹੀ ਬਣਦਾ ਹੈ। ਚੇਤਨਾ ਤੋਂ ਬਿਨਾਂ ਚਿੰਤਨ ਨਹੀਂ। ਚੇਤਨਾ ਹੀ ਚਿੰਤਨ ਦਾ ਦਰਜਾ ਮੁਕੱਰਰ ਕਰਦੀ ਹੈ।
‘ਯੁੱਧਵੀਰ’ ਕਹਾਣੀ ਸੰਗ੍ਰਹਿ ਦਾ ਸਿਰਜਕ ਲਾਲ ਸਿੰਘ ਦਸੂਹਾ ਹੈ। ਲਾਲ ਸਿੰਘ ਦਾ ਕਹਾਣੀ ਦੇ ਖੇਤਰ ਵਿੱਚ ਆਪਣਾ ਵਿਲੱਖਣ ਮੁਕਾਮ ਮੌਲਿਕ ਵਿਚਾਰ ਸਿਰਜਣਾ ਕਰਕੇ ਹੈ। ਜਦੋਂ ਅਸੀਂ ਯੁੱਧਵੀਰ ਕਹਾਣੀ ਸੰਗ੍ਰਹਿ ਵਿਚਲੀਆਂ ਕਹਾਣੀਆਂ ਨਾਲ ਪਹਿਲੀ ਪੜਤ ਦੀ ਸਾਂਝ ਬਣਾਉਂਦੇ ਹਾਂ ਤਾਂ ਮਨ ਮਸਤਕ ਵਿੱਚ ਜੋ ਵਿਚਾਰ ਦਸਤਕ ਦਿੰਦਾ ਹੈ ਉਹ ਇਹ ਹੈ ਕਿ ਕਹਾਣੀਆਂ ਜਾਗਦੇ ਅਤੇ ਜਗਾਉਂਦੇ ਪਾਤਰਾਂ ਦਾ ਕਥਾ ਬਿਰਤਾਂਤ ਹੈ। ਭਾਵ ਚੇਤਨਾ ਅਤੇ ਚਿੰਤਨ ਦਾ ਪਸਾਰ ਹਨ। ਹਰ ਕਹਾਣੀ ਵਿੱਚ ਘਟਨਾ ਦੇ ਵਾਪਰਨ ਨਾਲ ਕਹਾਣੀ ਅੱਗੇ ਤੁਰਦੀ ਹੈ, ਜਿਸਦਾ ਮੁੱਖ ਮਾਧਿਅਮ ਪਾਤਰ ਹੀ ਬਣਦੇ ਹਨ। ਪਾਤਰਾਂ ਰਾਹੀਂ ਪ੍ਰਗਟਾਏ ਵਿਚਾਰ ਮਨੁੱਖ ਦੀ ਚੇਤਨਾ ਦਾ ਪ੍ਰਗਟਾਵਾ ਕਰਦੇ ਹਨ। ਕਥਾਵਾਂ ਵਿਚਲੇ ਸੰਵਾਦ ਰਾਹੀਂ ਚਿੰਤਨ ਦਾ ਜਨਮ ਹੁੰਦਾ ਹੈ। ਜੀਵਨ ਦੇ ਵਿਭਿੰਨ ਪਹਿਲੂਆਂ/ਪੱਖਾਂ ਉੱਤੇ ਵਿਚਾਰ ਚਰਚਾ ਪਾਤਰਾਂ ਦੀ ਆਮ ਸਮਝ ਅਤੇ ਉਹਨਾਂ ਪਹਿਲੂਆਂ ਬਾਰੇ ਜਾਣਕਾਰੀ ਦਾ ਉਭਾਰ ਹੁੰਦਾ ਹੈ। ਲਾਲ ਸਿੰਘ ਦੀ ਕਹਾਣੀ ਰਚਨਾ ਵਿੱਚ ਮੂਲ ਮਨੋਰਥ ਪਾਠਕ/ਮਨੁੱਖ ਅੰਦਰ ਚੇਤਨਾ ਪੈਦਾ ਕਰਨਾ ਹੈ। ਪੈਦਾ ਹੋ ਰਹੀਆਂ ਸਥਿਤੀਆਂ ਨਾਲ ਨਜਿੱਠਣ ਲਈ ਅਜੋਕੇ ਮਨੁੱਖ ਦਾ ਸੂਝਵਾਨ ਅਤੇ ਚਿਤੰਨ ਹੋਣਾ ਹੋਰ ਵੀ ਅਹਿਮ ਹੋ ਜਾਂਦਾ ਹੈ। ਅਜਿਹੀ ਜੀਵਨ ਸ਼ੈਲੀ ਨੂੰ ਆਪਣਾ ਬਣਾ ਕੇ ਜੀਵਨ ਨੂੰ ਸੁਖਾਵਾਂ ਅਤੇ ਅਗਾਂਹਵਧੂ ਬਣਾਉਣਾ ਯੁੱਧਵੀਰ ਵਿਚਲੀਆਂ ਕਹਾਣੀਆਂ ਦਾ ਮੁੱਖ ਉਦੇਸ਼ ਆਖਿਆ ਜਾ ਸਕਦਾ ਹੈ।
ਸਿਰਜਿਆ ਅਤੇ ਮਾਣਿਆ ਜਾ ਰਿਹਾ ਸਮੁੱਚਾ ਪ੍ਰਬੰਧ ਚੇਤਨਾ ਅਤੇ ਚਿੰਤਨ ’ਤੇ ਹੀ ਖੜ੍ਹਾ ਹੈ। ਇਨ੍ਹਾਂ ਦੇ ਬਿਨ ਮਨੁੱਖੀ ਜੀਵਨ ਦੀ ਜੀਵੰਤਤਾ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ‘ਮਹਾਂਮਾਰੀ’ ਕਹਾਣੀ ਵਿੱਚ ਪਿੰਡ ਦੇ ਮੰਦਰ ਦੇ ਪਾਂਧੇ ਦੀ ਮੌਤ ਹੋਣ ਤੋਂ ਬਾਅਦ ਹੁਕਮ ਚੰਦ ਵੱਲੋਂ ਮੰਦਰ ਵਿੱਚ ਪਾਂਧੇ ਦੀ ਥਾਂ ਪੁਜਾਰੀ ਰੱਖਣ ਦੇ ਮਸਲੇ ਰਾਹੀਂ ਪਿੰਡ ਦੇ ਲੋਕਾਂ ਦੀ ਆਪਸੀ ਸਾਂਝ ਅਤੇ ਵਖਰੇਵੇਂ ਨੂੰ ਪੇਸ਼ ਕੀਤਾ ਹੈ। ਪਾਂਧੇ ਦੀ ਜਗ੍ਹਾ ਪੁਜਾਰੀ ਰੱਖਣ ਕਾਰਨ ਪਿੰਡ ਦੇ ਮਾਹੌਲ ਵਿੱਚ ਪੈਦਾ ਹੋਈ ਹਲਚਲ ਕਿੰਨਾ ਸਮਾਂ ਪਿੰਡ ਦੀ ਭਾਈਚਾਰਕ ਸਾਂਝ ਉੱਤੇ ਖਤਰਾ ਬਣ ਕੇ ਮੰਡਲਾਉਂਦੀ ਰਹਿੰਦੀ ਹੈ। ਆਖਰ ਕਰਮਵੀਰ ਸਿੰਘ, ਜਿਸ ਉੱਤੇ ਪੁਰਖਿਆਂ ਦੀ ਜੀਵਨ ਸ਼ੈਲੀ ਦਾ ਪ੍ਰਭਾਵ ਹੈ, ਦੀ ਸਿਆਣਪ ਨਾਲ ਪਿੰਡ ਦਾ ਸਰਪੰਚ ਜਗੀਰ ਸਿੰਘ ਅੰਤ ’ਤੇ ਸਹੀ ਫੈਸਲਾ ਲੈਣ ਦਾ ਹੌਸਲਾ ਕਰਦਾ ਹੈ। ਪਿੰਡ ਵੱਖ-ਵੱਖ ਵਿਚਾਰਾਂ, ਆਦਤਾਂ ਵਾਲੇ ਮਨੁੱਖਾਂ ਦਾ ਸਮੂਹ ਹੋਣ ਕਰਕੇ ਅਜਿਹੇ ਹਾਲਾਤ ਪੈਦਾ ਹੋਣੇ ਆਮ ਜਿਹਾ ਵਰਤਾਰਾ ਹੈ। ਹੁਕਮ ਚੰਦ ਦੀ ਫਿਰਕਾਪ੍ਰਸਤ ਸੋਚ ਨੂੰ ਲੈ ਕੇ ਭਵਿੱਖ ਵਿੱਚ ਪੈਦਾ ਹੋਣ ਵਾਲੇ ਹਾਲਾਤ ਦੀ ਫਿਕਰਮੰਦੀ ਵਿੱਚ ਬਿਨਾਂ ਕਿਸੇ ਲੜਾਈ-ਝਗੜੇ ਪਿੰਡ ਦੇ ਪੜ੍ਹੇ-ਲਿਖੇ ਚਿਤੰਨ ਨੌਜਵਾਨ ਕਰਮਜੀਤ ਸਿੰਘ ਦੀ ਦੂਰਅੰਦੇਸ਼ੀ ਕਾਰਨ ਹੁਕਮ ਚੰਦ ਦੇ ਇਸ ਸੁਝਾ ਅਤੇ ਅੜੀ ਨੂੰ ਨਕਾਰਦੇ ਹੋਏ ਇੱਕ ਤਰ੍ਹਾਂ ਦੇਸ਼ ਭਗਤ ਯੋਧਿਆ ਦੀ ਸੋਚ ਦੀਆਂ ਨੀਹਾਂ ਨੂੰ ਪੱਕਿਆ ਕੀਤਾ ਹੈ। ‘ਕਾਲੀ ਕਿਤਾਬ’ ਕਹਾਣੀ ਵਿੱਚ ਲਾਲ ਸਿੰਘ ਸਮੇਂ ਨਾਲ ਹੋਈ ਮਨੁੱਖ ਦੀ ਕਿਰਦਾਰਕੁਸ਼ੀ ਨੂੰ ਵਿਸ਼ਾ ਬਣਾਉਂਦੇ ਹੋਏ ਭੋਲੇ-ਭਾਲੇ ਅਤੇ ਸੱਚੇ-ਸੁੱਚੇ ਲੋਕਾਂ ’ਤੇ ਹੁੰਦੇ ਅਣਮਨੁੱਖੀ ਅੱਤਿਆਚਾਰ, ਮਾਨਸਿਕ ਤਸ਼ੱਦਦ ਦਾ ਸ਼ਿਕਾਰ, ਨੈਤਿਕ ਕਦਰਾਂ ਕੀਮਤਾਂ ਦੇ ਮੁਜੱਸਮੇ ਲੋਕਾਂ ਦੇ ਨਾਲ ਵਧੀਕੀਆਂ ਅਤੇ ਵਾਪਰਦੇ ਦੁਖਾਂਤ ਨੂੰ ਕਥਾ ਬਿਰਤਾਂਤ ਦਾ ਹਿੱਸਾ ਬਣਾਇਆ ਹੈ। ਦਫਤਰੀ ਕੰਮਕਾਰ ਵਿੱਚ ਦਿਨੋਂ-ਦਿਨ ਵਧਦੀ ਅਨੁਸ਼ਾਸਨਹੀਣਤਾ, ਭ੍ਰਿਸ਼ਟਾਚਾਰ ਅਤੇ ਮਨਮਾਨੀਆਂ ਕਾਰਨ ਇਮਾਨਦਾਰ ਮੁਲਾਜ਼ਮਾਂ ਦੇ ਸਨਮਾਨ ਨੂੰ ਵੱਜਦੀ ਸੱਟ ਕਿਵੇਂ ਉਹਨਾਂ ਨੂੰ ਪਾਗਲਪਨ ਦਾ ਸ਼ਿਕਾਰ ਬਣਾਉਂਦੀ ਹੈ। ਉਸਦੀ ਹੱਸਦੀ-ਵਸਦੀ ਜ਼ਿੰਦਗੀ ਲਈ ਕਿਵੇਂ ਸਰਾਪ ਬਣ ਜਾਂਦੀ ਹੈ, ਨੂਰੀ ਆਪਣੇ ਇਮਾਨਦਾਰ ਪਤੀ ਵੱਲੋਂ ਦਫਤਰੀ ਅਫਸਰਾਂ ਵੱਲੋਂ ਜ਼ਲੀਲ ਕਰਨ ’ਤੇ ਆਤਮ ਹੱਤਿਆ ਕਰ ਲੈਣ ਕਾਰਨ ਆਪਣਾ ਮਾਨਸਿਕ ਸੰਤੁਲਨ ਖੋਹ ਬੈਠਦੀ ਹੈ, ਜਿਸਦੇ ਠੀਕ ਹੋਣ ਦੀ ਉਮੀਦ ਵੀ ਮੁੱਕ ਜਾਂਦੀ ਹੈ। ਕਹਾਣੀਕਾਰ ਨੂੰ ਪੰਜਾਬ ਅੰਦਰ ਅਜਿਹੇ ਰੁਝਾਨ ਦੇਖ ਕੇ ਲਗਦਾ ਹੈ ਜਿਵੇਂ ਆਤਮ ਹੱਤਿਆ ਇੱਥੋਂ ਦੀ ਕਿਸੇ ਫਸਲ ਬੂਟੀ ਦਾ ਨਾਂ ਹੋਵੇ, ਕਿਉਂਕਿ ਇਹ ਹੁਣ ਖੇਤਾਂ ਵਿੱਚ ਹੀ ਨਹੀਂ ਉੱਗਦੀ, ਘਰਾਂ, ਹਵੇਲੀਆਂ ਵਿੱਚ ਵੀ ਉੱਗਦੀ ਹੈ। ਕਹਾਣੀਕਾਰ ਦਾ ਵਿਚਾਰ ਹੈ ਕਿ ਪੰਜਾਬ ਦੀ ਮਿੱਟੀ ਵਿਚਲੀ ਅਣਖ ਦੀ ਥਾਂ ਆਤਮ ਹੱਤਿਆ ਨੇ ਲੈ ਲਈ ਹੈ।
‘ਐਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ -1’ ਕਹਾਣੀ ਵਿੱਚ ਕਹਾਣੀਕਾਰ ਨੇ ਸੰਵਾਦ ਦੀ ਜੁਗਤ ਰਾਹੀਂ ਮੈਂ ਅਤੇ ਅਰਜਨ ਪਾਤਰਾਂ ਨੂੰ ਚਿਤੰਨ ਮਨੁੱਖਾਂ ਦੇ ਰੂਪ ਵਿੱਚ ਚਿਤਰਿਆ ਹੈ। ਜਦੋਂ ਮੈਂ ਪਾਤਰ ਅਰਜਨ ਨੂੰ ਨਸੀਬ ਗੱਡੇ ਵਾਲੇ ਦਾ ਥਹੁ ਪਤਾ ਦੱਸਣ ਲਈ ਪੁੱਛਦਾ ਹੈ ਕਿ ਉਹ ਤੇਰਾ ਜੋਟੀਦਾਰ ਸੀ, ਇਕੱਠੇ ਰੇਤ ਮਿੱਟੀ ਦੀਆਂ ਢੇਰੀਆਂ ਲਾਉਂਦੇ ਰਹੇ ਸੀ, ਤਾਂ ਅਰਜਨ ਦੀ ਜੀਵਨ ਪ੍ਰਤੀ ਸੋਚ ਅਤੇ ਚੇਤੰਨਤਾ ਦਾ ਪਤਾ ਉਸਦੇ ਇਨ੍ਹਾਂ ਸ਼ਬਦਾਂ ਤੋਂ ਲਗਦਾ ਹੈ, “ਢੇਰੀਆਂ ਕਿਹੜਾ ਸੁਖ ਨੂੰ ਲਗਦੀਆਂ ਸੀ, ਨਾ ਲੁਆਉਂਦਾ ਤਾਂ ਸਕੂਲ ਕਿੱਦਾਂ ਜਾਂਦਾ, ਕਾਪੀਆਂ ਕਤਾਬਾਂ ਕਿੱਥੋਂ ਆਉਂਦੀਆਂ, ਰੁਲਦਾ ਰਹਿੰਦਾ ਵਿਹੜੇ ਵਾਲੇ ਹੋਰਨਾਂ ਵਾਂਗ।” ਅਰਜਨ ਦੇ ਪੜ੍ਹ ਲਿਖ ਕੇ ਸਕੂਲ ਮਾਸਟਰ ਬਣ ਜਾਣ ਪਿੱਛੇ ਦੀ ਕਹਾਣੀ ਸਿਰੜ, ਮਿਹਨਤ ਅਤੇ ਜੀਵਨ ਪ੍ਰਤੀ ਚੇਤਨਤਾ ਦਾ ਸਬੂਤ ਹੈ। ਅਰਜਨ ਜਿਹੇ ਚੇਤਨ ਮਨੁੱਖ ਦੀ ਜਦੋਂ ਦੂਸਰਿਆਂ ਨਾਲ ਵੱਖ-ਵੱਖ ਮਸਲਿਆਂ ਉੱਤੇ ਚਰਚਾ ਹੁੰਦੀ ਹੈ ਤਾਂ ਚਿੰਤਨ ਲਈ ਥਾਂ ਬਣ ਜਾਂਦੀ ਹੈ। ਜਿੱਥੇ ਚੇਤਨਾ ਹੈ ਉੱਥੇ ਹੀ ਚਿੰਤਨ ਹੈ। ਉਹ ਚਿੰਤਨ ਸਾਡੇ, ਤੁਹਾਡੇ ਅੰਦਰ ਚਲਦਾ ਵਿਚਾਰਧਾਰਕ ਦਿਸ਼ਾ ਨਿਰਧਾਰਿਤ ਕਰਦਾ ਹੈ। ਚੇਤਨਾ ਮਨੁੱਖ ਦਾ ਸਮਾਜ ਵਿੱਚ ਰੁਤਬਾ, ਸਤਿਕਾਰ ਨਿਸ਼ਚਿਤ ਕਰਦੀ ਹੈ। ਸਾਰੀ ਕਹਾਣੀ ਅਰਜਨ ਦੀ ਸਮਾਜਿਕ ਚੇਤਨਾ ਅਤੇ ਚਿੰਤਨ ਦੇ ਕਥਾ ਬਿਰਤਾਂਤ ਦੁਆਲੇ ਬੁਣੀ ਹੋਈ ਹੈ।
ਇੱਥੇ ਕੁ ਪਿੰਡ ਹੁੰਦਾ ਸੀ ਨਿਹਾਲਪੁਰ-2 (ਤਾਰੀ) ਕਹਾਣੀ ਵਿੱਚ ਲੋਕਾਂ ਦੇ ਰਹਿਣ ਸਹਿਣ ਵਿੱਚ ਆਏ ਬਦਲਾਅ, ਪਿੰਡਾਂ ਅਤੇ ਸ਼ਹਿਰਾਂ ਦੇ ਫੈਲਾਅ ਤੋਂ ਪੈਦਾ ਹੋਏ ਹਾਲਾਤ ਕਹਾਣੀਕਾਰ ਦੇ ਚਿੰਤਨ ਦਾ ਹਿੱਸਾ ਬਣਦੇ ਹਨ, ਜਿਸਦੇ ਤਹਿਤ ਲੋਕਾਂ ਦੀ ਸੋਚ ਸਮਝ ਦੀਆਂ ਤੰਦਾਂ ਦਾ ਬਰੀਕਬੀਨੀ ਨਾਲ ਵਰਣਨ ਹੋਇਆ ਮਿਲਦਾ ਹੈ। ਬਦਲਾਅ ਦੇ ਪਹਿਲੂਆਂ ਵਿੱਚ ਕਹਾਣੀਕਾਰ ਸ਼ਹਿਰੀ ਵਿਕਾਸ ਲਈ ਬਣਾਏ ਜਾ ਰਹੇ ਮਾਰਗਾਂ ਦੀ ਬਲੀ ਚੜ੍ਹਦੇ ਕਰੋੜਾਂ ਰੁਖ ਹਰ ਚਿਤੰਨ ਮਨੁੱਖ ਨੂੰ ਸੋਚਣ ਲਈ ਮਜਬੂਰ ਕਰਦੇ ਹਨ ਕਿ ਅਜੋਕਾ ਮਨੁੱਖ ਕਿਹੜੇ ਰਾਹ ਪੈ ਤੁਰਿਆ ਹੈ। ਮਨੁੱਖੀ ਜੀਵਨ ਲਈ ਵਰਦਾਨ ਰੁੱਖਾਂ, ਜੰਗਲਾਂ ਨੂੰ ਉਜਾੜ ਕੇ ਆਉਣ ਵਾਲੀ ਜ਼ਿੰਦਗੀ, ਵਾਤਾਵਰਣ, ਪਸ਼ੂਆਂ-ਪੰਛੀਆਂ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਸੁੱਟ ਰਿਹਾ ਹੈ। ਮੁਲਕ ਵਿੱਚ ਪੁਰਾਤਨ ਸਮੇਂ ਤੋਂ ਆਸ਼ਰਮ, ਵਿਹਾਰਾਂ, ਸੂਫੀ ਖਾਨੇ ਆਦਿ ਥਾਂਵਾਂ ਬਾਲਾਂ ਲਈ ਸਿੱਖਿਆ, ਯੁਵਕਾਂ ਲਈ ਯੁੱਧ ਸਿਖਲਾਈ ਅਤੇ ਬਿਰਧ ਉਮਰ ਦੇ ਪੁਰਸ਼ਾਂ ਲਈ ਸੰਨਿਆਸ ਕੇਂਦਰਾਂ ਵਜੋਂ ਕਾਰਜਸ਼ੀਲ ਹੁੰਦੇ ਸਨ। ਅੱਜ ਵਾਂਗ ਡੇਰਿਆਂ, ਮਠਾਂ ਨੂੰ ਵਿਹਲੜਾ, ਭੇਖਾਧਾਰੀਆਂ ਦੀਆਂ ਠਹਿਰਗਾਹਾਂ ਪੂੰਜੀਪਤੀਆਂ ਲਈ ਪੂੰਜੀ ਕੇਂਦਰ ਜਾਂ ਪ੍ਰਸ਼ਾਸਨ ਦੇ ਹੱਥਠੋਕਿਆਂ ਵਜੋਂ ਅੰਕਿਤ ਨਹੀਂ ਸੀ ਕੀਤਾ। ਅੱਜ ਸਿੱਖਿਆ ਸੰਸਥਾਵਾਂ ਵਿੱਦਿਆ ਦਾ ਮੰਦਰ, ਸਿਹਤ ਕੇਂਦਰ ਸੇਵਾ ਦੇ ਘਰ ਨਾ ਹੋ ਕੇ ਵੱਡੇ-ਵੱਡੇ ਵਪਾਰ ਦੇ ਕੇਂਦਰ ਬਣ ਜਾਣ ਨਾਲ ਲੁੱਟ-ਖਸੁੱਟ ਦਾ ਸਾਧਨ ਬਣ ਗਏ ਹਨ।
ਕਹਾਣੀਕਾਰ ਦਾ ਵਿਚਾਰ ਹੈ ਕਿ ਸਾਡੇ ਮੁਲਕ ਦੇ ਹਰ ਖੇਤਰ ਵਿੱਚ ਲਗਾਤਾਰ ਪਸਰ ਰਹੇ ਕਾਰਪੋਰੇਟੀ ਪਸਾਰ ਮਾਤਰ ਮੁਨਾਫਾ ਨੀਤੀ ਉੱਤੇ ਟਿਕੇ ਹੋਣ ਕਰਕੇ ਮਾਨਵੀ ਕਦਰਾਂ-ਕੀਮਤਾਂ ਦਾ ਗਲਾ ਘੁੱਟਿਆ ਜਾ ਰਿਹਾ ਹੈ। ਇਹ ਮਨੁੱਖ ਨੂੰ ਅਤੇ ਉਸਦੇ ਸਰੀਰ ਨੂੰ ਇੱਕ ਵਸਤੂ ਤੋਂ ਵੱਧ ਕੁਝ ਨਹੀਂ ਸਮਝਦੇ। ‘ਸੱਥ’ ਕਹਾਣੀ ਦਾ ਰਾਜਦੀਪ ਵਕਤ ਅਤੇ ਮਨੁੱਖ ਦੁਆਰਾ ਪੈਦਾ ਕੀਤੇ ਹਾਲਾਤ ਦਾ ਮਾਰਿਆ ਇਸ ਪ੍ਰਬੰਧ ਦੇ ਤਾਣੇਬਾਣੇ ਦਾ ਸ਼ਿਕਾਰ ਪਰ ਸੁਚੇਤ ਪਾਤਰ ਹੈ। ਉਸਦੇ ਵੱਲੋਂ ਜਿੰਦਰ ਦੀ ਮੌਤ ਦਾ ਅਫਸੋਸ ਕਰਨ ਲਈ ਘਰ ਆਏ ਸਾਥੀਆਂ ਨਾਲ ਅਤੇ ਸਾਥੀਆਂ ਵੱਲੋਂ ਅਜਿਹੇ ਹਾਲਾਤ ’ਤੇ ਕੀਤਾ ਸੰਵਾਦ ਵੱਡੇ ਸਵਾਲ ਖੜ੍ਹੇ ਕਰਦਾ ਹੈ। ਬੰਦੇ ਦਾ ਸਾਹਾਂ ਸਮੇਤ ਘਰ ਮੁੜਨਾ ਜੀਵਨ ਹੈ, ਜ਼ਿੰਦਗੀ ਹੈ। ਸਾਹਾਂ ਤੋਂ ਬਿਨਾਂ ਮੁੜਨਾ ਪਲ ਭਰ ਦਾ ਹੀ ਮੁੜਨਾ ਹੁੰਦਾ ਹੈ। ‘ਸੱਥ’ ਕਹਾਣੀ ਦੀ ਇੱਕ ਪਾਤਰ ਕਰਤਾਰ ਕੌਰ ਵਿਛੜ ਚੁੱਕੀ ਜਿੰਦਰ ਦੀ ਸ਼ਖਸੀਅਤ ਨੂੰ ਯਾਦ ਕਰਦਿਆਂ “ਜਿੰਦਰ ਭੈਣ ਜ਼ਿੰਦਗੀ ਪ੍ਰਤੀ ਬਹੁਤ ਚਿਤੰਨ ਇਸਤਰੀ ਸੀ, ਜਿਸ ਅੰਦਰ ਇਹ ਚੇਤਨਾ ਸੀ ਕਿ ਇਹ ਧਰਮ ਨਿਰਦਈ, ਜਾਂਗਲੀ ਮਨੁੱਖਾਂ ਨੂੰ ਦਇਆਵਾਨ, ਅਸੱਭਿਅਕ ਸਮੂਹਾਂ ਨੂੰ ਸੱਭਿਅਕ ਵਿਵਹਾਰ ਦੇ ਲੜ ਲਾਉਣ ਲਈ ਬਣਾਏ ਗਏ ਸਨ। ਹੋਇਆ ਇਸਦੇ ਉਲਟ। ਮਨੁੱਖੀ ਵਹਿਸ਼ਤ ਹੁਣ ਵੀ ਜ਼ਰਾ ਕੁ ਮੌਕਾ ਮਿਲਣ ਉੱਤੇ ਖੁੱਲ੍ਹ ਕੇ ਖੇਡਣ ਲੱਗੀ ਸਭ ਕੁਝ ਭੁੱਲ-ਭੁਲਾ ਜਾਂਦੀ ਹੈ। (ਪੰਨਾ-140) ਇਸਦੇ ਲਈ 1947 ਦੀ ਵੰਡ ਵੇਲੇ ਧਰਮ ਦੇ ਨਾਂ ’ਤੇ ਵਾਪਰੇ ਕਹਿਰ ਅਤੇ ਵਹਿਸ਼ੀਪੁਣੇ ਨੂੰ ਕਥਾ ਬਿਰਤਾਂਤ ਦਾ ਹਿੱਸਾ ਬਣਾਇਆ ਗਿਆ ਹੈ। ਰਾਜਦੀਪ ਅਤੇ ਅਧਿਆਪਕ ਸਾਥੀ ਸਾਰੇ ਚਿਤੰਨ ਮਨੁੱਖਾਂ/ਪਾਤਰਾਂ ਦੇ ਰੂਪ ਵਿੱਚ ਸਿਰਜੇ ਗਏ ਹਨ। ਉਹ ਮੁਲਕ ਦੇ ਵਾਸਤਵਿਕ ਸਮਾਜਿਕ, ਰਾਜਨੀਤਿਕ, ਧਾਰਮਿਕ, ਸੱਭਿਆਚਾਰਕ ਪ੍ਰਬੰਧ ਉੱਤੇ ਨਿੱਠ ਕੇ ਚਰਚਾ ਕਰਦੇ ਨਵੇਂ ਚਿੰਤਨ ਨੂੰ ਜਨਮ ਦਿੰਦੇ ਹਨ, ਜੋ ਪਾਠਕ ਲਈ ਹਾਲਾਤ, ਪਿਛੋਕੜ, ਵਰਤਮਾਨ ਅਤੇ ਭਵਿੱਖ ’ਤੇ ਚਾਨਣੇ ਦਾ ਸਬੱਬ ਬਣਦੇ ਹਨ। ਲਾਲ ਸਿੰਘ ਦਸੂਹਾ ਰਚਿਤ ਕਹਾਣੀ ਸੰਗ੍ਰਹਿ “ਯੁੱਧਵੀਰ” ਵਿਚਲੀਆਂ ਕਹਾਣੀਆਂ ਜਗਿਆਸੂ ਅਤੇ ਜਗਿਆਸਾ ਪੈਦਾ ਕਰਨ ਦੇ ਉਦੇਸ਼ ਨਾਲ ਹੋਂਦ ਵਿੱਚ ਆਈਆਂ ਹਨ। ਮੇਰੇ ਵਿਚਾਰ ਅਨੁਸਾਰ ਕਹਾਣੀਆਂ ਦੇ ਪਾਤਰ ਜਾਗਦੇ ਹਨ ਅਤੇ ਦੂਜਿਆਂ ਨੂੰ ਮੁਲਕ ਦੇ ਸਮੁੱਚੇ ਹਾਲਾਤ ਬਾਰੇ ਜਗਾਉਣ ਦਾ ਕਾਰਜ ਕਰਦੇ ਹਨ। ਇੱਥੋਂ ਹੀ ਚੇਤਨਾ ਅਤੇ ਚਿੰਤਨ ਦਾ ਜਨਮ ਹੁੰਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)






















































































































