“ਟੋਟਕੇ, ਚੁਟਕਲੇ, ਜੁਮਲੇ ਬਣਾ ਕੇ ... ਆਪੇ ਹੱਸਣ ਜੋਗੇ ਰਹਿ ਗਏ ...”
(27 ਜੂਨ 2026)
1. ਬੇਰੁਜ਼ਗਾਰੀ ਮਹਿੰਗਾਈ
ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰੀ,
ਰਹਿ ਗਈਆਂ ਨੇ ਬੀਤੇ ਦੀਆਂ ਗੱਲਾਂ।
ਆਜ਼ਾਦ ਹੋਏ ਦੇਸ਼ ਵਿੱਚ,
ਬੜਾ ਭੱਜਿਆ ਇਨ੍ਹਾਂ ਪਿੱਛੇ,
ਹਰ ਕੋਈ ਪੀੜਿਤ।
ਪਰ ਪੀੜਨ ਵਾਲਿਆਂ ਦੇ,
ਵਾਅਦਿਆਂ-ਦਿਲਾਸਿਆਂ ਦੀਆਂ ਪੰਡਾਂ,
ਉਮੀਦਾਂ ਤੋਂ ਭਾਰੀਆਂ ਹੁੰਦੀਆਂ ਗਈਆਂ।
ਰੁਜ਼ਗਾਰ ਤੇ ਟੁੱਕਰਾਂ ਦੀ ਭਾਲ ਵਿੱਚ,
ਬਾਬੂਆਂ ਦੇ ਘਸੇ ਹੋਏ
ਮੇਜ਼ਾਂ ਅੱਗੇ ਖਲੋ ਕੇ,
ਹਾਕਮਾਂ ਦੇ ਦਫਤਰਾਂ ਵਿੱਚ,
ਬੈਂਚਾਂ, ਸਟੂਲਾਂ ’ਤੇ ਬੈਠਿਆਂ,
ਅਰਜ਼ੀਆਂ-ਫਰਿਆਦਾਂ ਦੇ ਕਾਗਜ਼,
ਹੱਥਾਂ ਵਿੱਚ ਲੈ ਕੇ।
ਜਵਾਨੀ ਤੋਂ ਬੁਢਾਪੇ ਤਕ,
ਲੰਘਦਾ ਗਿਆ ਸਮਾਂ,
ਉੱਪਰੋਂ ਮਹਿੰਗਾਈ ਦਾ ਬੋਝ,
ਵਹਿੰਦਾ ਰਿਹਾ ਉਮਰਾਂ ਦਾ ਦਰਿਆ।
ਪਰ ਸਦਕੇ ਜਾਈਏ
ਇਨ੍ਹਾਂ ਵਾਅਦਿਆਂ ਲਾਰਿਆਂ ਦੇ,
ਜੋ ਇੱਕ ਇੱਕ ਕਰਕੇ
ਆਜ਼ਾਦੀ ਮਾਣਦੇ ਦੇਸ਼ ਵਿੱਚ,
ਆਏ ਵਰ੍ਹੇ, ਉਮੀਦਾਂ ਦੇ ਦੀਵੇ ਵਿਖਾਉਂਦੇ ਰਹੇ।
ਬੁਝੀਆਂ ਤੇ ਲਚਾਰ ਅੱਖਾਂ,
ਆਸਾਂ ਦੀ ਕਿਰਨ ਪਿੱਛੇ,
ਜੀਵਨ ਜਿਊਣ ਦਾ,
ਸਬੱਬ ਲੱਭਦੀਆਂ ਰਹੀਆਂ।
ਆਜ਼ਾਦ ਹੋਏ ਦੇਸ਼ ਵਿੱਚ,
ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰੀ,
ਬੀਤੇ ਕੱਲ੍ਹ ਦੀਆਂ ਗੱਲਾਂ ਰਹਿ ਗਈਆਂ।
ਬੇਰੁਜ਼ਗਾਰੀ, ਮਹਿੰਗਾਈ, ਭ੍ਰਿਸ਼ਟਾਚਾਰੀ,
ਨਪੀੜ ਰਹੀ ਹੈ ਅੱਜ ਵੀ ਉਨ੍ਹਾਂ ਨੂੰ,
ਜਿਨ੍ਹਾਂ ਨੇ ਆਜ਼ਾਦ ਹੋਏ ਦੇਸ਼ ਵਿੱਚ,
ਵਾਅਦਿਆਂ ਲਾਰਿਆਂ ਦੇ ਚਿਰਾਗਾਂ ਦੀ ਰੋਸ਼ਨੀ ਵਿੱਚ,
ਆਪਣਾ ਜੀਵਨ ਹੰਢਾ ਲਿਆ।
ਹਾਕਮਾਂ ਨੇ ਇੱਕ ਹੱਥ,
ਵਧਦੀ ਅਬਾਦੀ ਦੇ ਅੰਕੜੇ ਗਿਣਦਿਆਂ,
ਘੋੜੇ ਦੀ ਲਗਾਮ ਫੜ ਲਈ,
ਦੂਜੇ ਹੱਥ ਯੋਜਨਾ ਰੂਪੀ ਚਾਬਕ।
ਵਧਦੀ ਅਬਾਦੀ ਦੇ ਚਰਚੇ ਛਿੜਦੇ ਗਏ,
ਅਬਾਦੀ ਰੋਕਣ ਦੇ ਨਾਅਰੇ ਬਣਦੇ ਗਏ।
ਟੀਚੇ ਮਿਥੇ ਗਏ, ਫੰਡ ਰੱਖੇ ਗਏ।
ਅਬਾਦੀ ਦਾ ਘੋੜਾ,
ਅੱਜ ਵੀ ਨਿਰੰਤਰ ਭੱਜੀ ਜਾ ਰਿਹਾ ਹੈ।
ਚਾਲੀ ਕਰੋੜ ਦੀ ਜਮਾਤ,
ਉੱਨਤੀ ਦੇ ਰਾਹ ਲੱਭਦੀ,
ਦਿਲਾਸਿਆਂ-ਲਾਰਿਆਂ ਨੂੰ ਸੁੰਘਦੀ,
ਇੱਕ ਸੌ ਚਾਲੀ ਕਰੋੜ ’ਤੇ ਆ ਪੁੱਜੀ।
ਹਜ਼ਾਰਾਂ ਨਵੇਂ ਸਿਹਤ ਕੇਂਦਰ,
ਹਜ਼ਾਰਾਂ ਹੀ ਵਿੱਦਿਆ ਦੇ ਮੰਦਰ,
ਲੱਖਾਂ ਨਿਯੁਕਤੀਆਂ,
ਪਾਣੀ ਵਾਂਗ ਫੰਡ ਰੁੜ੍ਹਦੇ ਗਏ।
ਕਿਧਰੇ ਨਿੱਜ ਸਵਾਰਥ,
ਕਿਤੇ ਆਪ ਹੁਦਰੀਆਂ,
ਮਾਫੀਏ, ਗੈਂਗਸਟਰ, ਸਮੱਗਲਰ
ਨਵੇਂ ਨਵੇਂ ਅਹੁਦਿਆਂ ਨਾਲ
ਵਿਭਾਗੀ ਫਾਈਲਾਂ ਦੇ ਢੇਰ ਉੱਸਰਦੇ ਗਏ।
ਸਭਦੇ ਨਿੱਜ-ਸਵਾਰਥ
ਆੜੇ ਆਉਂਦੇ ਗਏ।
ਘੋੜਾ ਨਹੀਂ ਰੁਕਿਆ,
ਨਾ ਰੁਕਣ ਦਿੱਤਾ,
ਲਗਾਮ ਹੱਥ ਬਦਲਦੀ ਰਹੀ,
ਫੰਡਾਂ ਅਤੇ ਨਿਯੁਕਤੀਆਂ ਦੇ,
ਬੇਹਿਸਾਬੇ ਚਾਬਕ ਚਲਦੇ ਰਹੇ।
ਟੀਵੀ-ਅਖਬਾਰਾਂ ਦੀਆਂ ਖਬਰਾਂ,
ਸੱਥਾਂ ਵਿੱਚ ਬਹਿ ਕੇ ਸੁਣਦਿਆਂ,
ਟੋਟਕੇ, ਚੁਟਕਲੇ, ਜੁਮਲੇ ਬਣਾ ਕੇ
ਆਪੇ ਹੱਸਣ ਜੋਗੇ ਰਹਿ ਗਏ।
ਕਿਸਦੇ ਮੱਥੇ ’ਤੇ ਇਸ ਦੋਸ਼ ਦਾ ਟਿੱਕਾ ਲਾਈਏ,
ਕਿਸਦੇ ਸਾਹਵੇਂ ਆਪਣਾ ਪੱਖ ਰੱਖੀਏ,
ਲੱਭੋ, ਕੌਣ ਹੈ ਉਹ ਸ਼ਕਤੀ,
ਜਿਸਤੋਂ ਹਰ ਪ੍ਰਾਣੀ ਲਾਚਾਰ ਹੈ,
ਪੀੜਤ ਹੈ, ਬਿਮਾਰ ਹੈ।
ਪਰਜਾ ਪੀੜਿਤ ਹੈ,
ਚੌਗਿਰਦੇ ਵਿੱਚ ਫੈਲੀ ਹੋਈ,
ਬੇਵਿਸਾਹੀ, ਘਿਰਨਾ ਅਤੇ ਨਫਰਤ ਦੀ ਗੰਧ,
ਪੀੜਤ ਇਨਸਾਨ ਦਾ,
ਦਮ ਘੁੱਟਦੀ ਜਾਂਦੀ ਹੈ।
* * *
2. ਜਾਂਦੀਏ ਮੁਟਿਆਰੇ
ਸੜਕੇ ਸੜਕੇ ਜਾਂਦੀਏ ਮੁਟਿਆਰੇ
ਅੱਜ ਤੂੰ ਬੜੀ ਖੁਸ਼ ਹੈਂ,
ਕਿ ਤੈਨੂੰ ਇਨ੍ਹਾਂ ਸੜਕਾਂ ਤੇ
ਕੰਡਿਆਂ ਦਾ ਡਰ ਨਹੀਂ।
ਅੱਜ ਤੇਰੇ ਪੈਰਾਂ ਵਿੱਚ
ਸੈਂਡਲ, ਗੁਰਗਾਬੀਆਂ ਹਨ,
ਵਿਦੇਸ਼ੀ ਬੈਲੀਆਂ,
ਬ੍ਰਾਂਡਡ ਸਲੀਪਰ ਹਨ।
ਪਰ ਸੜਕੇ ਜਾਂਦੀਏ ਮੁਟਿਆਰੇ,
ਵੇਖੀਂ ਕਿਤੇ ਬੇਧਿਆਨੇ,
ਉਨ੍ਹਾਂ ਕੰਡਿਆਂ ਵਿੱਚ ਨਾ ਉਲਝ ਜਾਵੀਂ,
ਜਿੱਥੇ ਤੇਰਾ ਸ਼ਿੰਗਾਰ ਹੀ,
ਤੇਰਾ ਦੁਸ਼ਮਣ ਹੋ ਜਾਵੇ।
ਇਨ੍ਹਾਂ ਸੜਕਾਂ ’ਤੇ ਕੰਡਿਆਂ ਤੋਂ ਵੀ ਤਿੱਖੇ,
ਸਮੂਹਕ ਬਲਾਤਕਾਰ,
ਤਾਹਨੇ-ਮਿਹਣੇ, ਲਿੰਗ ਪਰਖ ਜਿਹੇ ਕੰਡਿਆਂ ਤੋਂ,
ਬਚਣ ਦਾ ਕੁਝ ਤਾਂ ਉਪਰਾਲਾ ਕਰ ਲੈ।
ਇੱਥੇ ਗਰਭਪਾਤ ਵਰਗੇ ਕੰਡੇ ਵੀ,
ਤੇਰੀ ਕੁੱਖ ਨੂੰ ਚੁੱਭਣਗੇ,
ਤੇ ਦਾਜ ਦੀ ਬਲੀ ਵਰਗੀ
ਅਗਨੀ ਪ੍ਰੀਖਿਆ ਵੀ ਦੇਣੀ ਪੈ ਸਕਦੀ ਹੈ।
ਸੜਕਾਂ ਦੇ ਕੰਡਿਆਂ ਤੋਂ ਵੀ ਤਿੱਖੇ,
ਤੇਜ਼ਾਬੀ ਹਮਲੇ, ਅਪਹਰਣ ਦੀਆਂ ਸੂਲ਼ਾਂ,
ਸਕੂਲਾਂ ਅਤੇ ਦਫਤਰਾਂ ਵਿੱਚ,
ਯੌਨ ਸ਼ੋਸ਼ਣ ਦੇ ਕੰਡੇ
ਤੇਰੀ ਰੂਹ ਨੂੰ ਜ਼ਖਮੀ ਕਰਨਗੇ।
ਸੜਕਾਂ ਦੇ ਕੰਡਿਆਂ ਤੋਂ ਵੀ ਭੈੜੇ,
ਇਨ੍ਹਾਂ ਭਿਆਨਕ ਕੰਡਿਆਂ ਦਾ ਦਰਦ,
ਤੇਰੀ ਭਾਬੋ ਵੀ ਨਹੀਂ ਸੁਣ ਸਕੇਗੀ,
ਤੇਰੇ ਵੀਰ ਵੀ ਬੇਵੱਸ ਹੋਣਗੇ।
ਤੇਰੇ ਇਨ੍ਹਾਂ ਕੰਡਿਆਂ ਦਾ ਦਰਦ,
ਅਦਾਲਤਾਂ ਨਹੀਂ ਮੰਨਣਗੀਆਂ।
ਵਕੀਲ ਅਤੇ ਕਾਨੂੰਨ ਨਹੀਂ ਸਮਝਣਗੇ,
ਨਹੀਂ ਝੱਲਣਗੇ, ਨਹੀਂ ਸੁਣਨਗੇ।
ਇਨ੍ਹਾਂ ਕੰਡਿਆਂ ਦਾ ਦਰਦ,
ਸਿਰਫ ਤੂੰ ਝੱਲੇਂਗੀ,
ਤੇਰਾ ਵਿਹੜਾ, ਤੇਰੀ ਭਾਬੋ ਝੱਲੇਗੀ,
ਤੇਰੇ ਵੀਰ ਝੱਲਣਗੇ।
* * *
3. ਇੱਕ ਦੇਈਂ ਸੁਮੱਤ
ਇੱਕ ਦੇਈਂ ਸੁਮੱਤ
ਮੈਨੂੰ ਸੋਹਣੇ ਪੰਜਾਬ ਲਈ,
ਵੱਸਦੇ ਪੰਜਾਬ ਲਈ
ਹੱਸਦੇ ਪੰਜਾਬ ਲਈ।
ਸੱਖਣੇ ਨੇ ਘਰ ਜਿਹੜੇ,
ਟੁੱਟ ਗਏ ਨੇ ਦਰ ਜਿਹੜੇ,
ਸਮੇਂ ਦੀਆਂ ਪੈੜਾਂ ਉੱਤੋਂ,
ਲਵਾਂ ਮੈਂ ਸਮੇਟ ਸਾਰੇ।
ਮੰਗਾਂ ਮੈਂ ਸਵੇਰ ਲਈ
ਸੱਜਰੀ ਕਿਰਨ ਬਣ,
ਆਵੇ ਇੱਕ ਸੁੱਖ ਦਾ
ਸੁਨੇਹਾ ਹਰ ਘਰ ਵਿੱਚੋਂ।
ਢਲ਼ੇ ਜਦੋਂ ਦੁਪਹਿਰਾ
ਹੋਵੇ ਵਸਦੀ ਹਰੇਕ ਸ਼ਾਮ,
ਸੱਥਰਾਂ ’ਚੋਂ ਫਿਰ ਲੱਭੇ
ਸੱਥ ਹਰ ਸ਼ਾਮ ਲਈ।
ਬੁੱਢੜੇ ਸਰੀਰਾਂ ਨੂੰ
ਡੰਗੋਰੀ ਮਿਲੇ ਫਿਰ ਓਹੀ,
ਟੁੱਟੀ ਸੀ ਜੋ ਰਾਹ ਬੰਨੀ
ਸਮੇਂ ਦੇ ਹਨੇਰਿਆਂ ’ਚ।
ਨਜ਼ਰਾਂ ਨਾ ਲੱਗ ਜਾਣ
ਫੇਰ ਉਸ ਚੰਦਰੇ ਨੂੰ,
ਲਾਵਾਂ ਇੱਕ ਕਾਲਾ ਤਿਲ
ਬਾਲਾਂ ਦੇ ਮੈਂ ਵਾਲਾਂ ਥੱਲੀਂ।
ਸੁੰਨੀ ਨਾ ਕੋਈ ਮਾਂਗ ਹੋਵੇ
ਹੱਥ ਨਾ ਕੋਈ ਮਹਿੰਦੀ ਬਾਝੋਂ,
ਇਹੀ ਮੈਂ ਸੁਮੱਤ ਮੰਗਾਂ
ਵੱਸਦੇ ਪੰਜਾਬ ਲਈ।
ਕੰਜਕਾਂ ਨਾ ਫਿਰ ਰੋਣ
ਔਸੀਆਂ ਦੇ ਕੰਡੇ ਬੈਠ,
ਮਾਵਾਂ ਦੇਣ ਵਾਰਨੇ
ਸੁਹਾਗਣਾਂ ਦੇ ਸਿਰਾਂ ਉੱਤੋਂ।
ਫਿਰ ਮੈਨੂੰ ਇੱਕ ਦਿਸੇ
ਸਾਰਾ ਘਰ ਟੁੱਟਿਆ ਜੋ,
ਇੱਟ ਨਾਲ ਇੱਟ ਜੁੜੇ
ਮੋਢੇ ਨਾਲ ਮੋਢਾ ਦਿਸੇ।
ਸੱਖਣੇ ਨੇ ਘਰ ਜਿਹੜੇ
ਟੁੱਟ ਗਏ ਨੇ ਦਰ ਜਿਹੜੇ,
ਸਮੇਂ ਦੀਆਂ ਪੈੜਾਂ ਉੱਤੋਂ,
ਲਵਾਂ ਮੈਂ ਸਮੇਟ ਸਾਰੇ,
ਦਰਦਾਂ ਦੇ ਪਲ ਛਿੰਨ।
ਇੱਕ ਦੇਈਂ ਸੁਮੱਤ
ਮੇਰੇ ਸੋਹਣੇ ਪੰਜਾਬ ਲਈ,
ਵਸਦੇ ਪੰਜਾਬ ਲਈ
ਹੱਸਦੇ ਪੰਜਾਬ ਲਈ।
* * *
4. ਹੱਦਬੰਦੀਆਂ ਪਾ ਦਿੱਤੀਆਂ
ਹੱਦਬੰਦੀਆਂ ਪਾ ਦਿੱਤੀਆਂ,
ਕੌਮਾਂ ਵੰਡ ਛੱਡੀਆਂ,
ਸਾਂਝਾਂ ਮੁਕਾ ਦਿੱਤੀਆਂ।
ਜਾਤੀਵਾਦ ਅਤੇ ਧਰਮ ਦੀਆਂ,
ਕੰਧਾਂ ਬਣਾ ਦਿੱਤੀਆਂ।
ਬੰਦ ਅੱਖਾਂ ਨਾਲ,
ਅਕਾਸ਼ ਵਾਲਾ ਰੱਬ ਦੇਖਣ ਦੀਆਂ,
ਆਪੋ ਆਪਣੇ ਰੰਗ ਦੀਆਂ,
ਪ੍ਰਥਾਵਾਂ ਘੜ ਦਿੱਤੀਆਂ।
ਝੂਠੇ ਦਿਲਾਸਿਆਂ ਨਾਲ,
ਦਿਲ ਬਹਿਲਾਉਣ ਦੀਆਂ,
ਤੇ ਸੱਧਰਾਂ ਦਫਨਾਉਣ ਦੀਆਂ,
ਪ੍ਰੰਪਰਾਵਾਂ ਥੋਪ ਦਿੱਤੀਆਂ।
ਤੁਹਾਨੂੰ ਸਿਆਣੇ-ਸੂਝਵਾਨ ਹੋਣ ਦੇ
ਪ੍ਰਮਾਣ-ਪੱਤਰ ਫੜਾ ਕੇ,
ਗਿਆਨਵਾਨ ਅਤੇ ਲੋੜਵੰਦਾਂ ਦੀ
ਕਤਾਰ ਵਿੱਚ ਲਾ ਦਿੱਤਾ।
ਪਰ ਭੁੱਲਿਓ, ਓਏ ਭੋਲਿਓ,
ਇਹਨੂੰ ਅੰਤ ਨਾ ਜਾਣਿਓ,
ਇਹ ਅੰਤ ਨਹੀਂ ਹੈ।
ਅੰਤ ਬਦਲ ਜਾਂਦੇ ਹਨ,
ਅੰਤ ਬਦਲੇ ਜਾ ਸਕਦੇ ਹਨ।
ਪਰ, ਉਸਤੋਂ ਪਹਿਲਾਂ,
ਬਦਲਣਾ ਹੋਵੇਗਾ ਆਪਣੇ ਆਪ ਨੂੰ,
ਆਪਣੇ ਨਿੱਜ,
ਅਤੇ ਹੱਥ ਆਈ ਝੂਠੀ ਸੌਗਾਤ ਨੂੰ।
ਅਡੋਲ ਕਰਨਾ ਹੋਵੇਗਾ,
ਮਹਾਂਸਾਗਰ ਵਿੱਚ,
ਡੋਲ ਰਹੇ ਮਨ ਦੇ ਜਹਾਜ਼ ਨੂੰ,
ਕਾਬੂ ਕਰਨਾ ਹੋਵੇਗਾ,
ਲਹਿਰਾਂ ਦੇ ਥਪੇੜਿਆਂ ਤੋਂ ਉਪਜੀ
ਲਾਰਿਆਂ ਗ੍ਰਸੀ ਸੋਚ ਨੂੰ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































