SukhminderKSidhu7ਮੇਰੇ ਮਾਤਾ ਜੀ ਰੋ ਰਹੇ ਸੀ… ਬਾਪੂ ਜੀ ਵੀ ਰੋ ਰਹੇ ਸਨ ਕੁਝ ਸਮੇਂ ਬਾਅਦ ...
(19 ਜੂਨ 2026)


ਗੱਲ
1961 ਦੀ ਹੈ ਮੇਰੇ ਨਾਨਕੇ ਪਿੰਡ ਮਹਿਰਾਜ ਦੀਉਦੋਂ ਪਿੰਡਾਂ ਦੀ ਜ਼ਿੰਦਗੀ ਅੱਜ ਵਾਂਗ ਸੁਖਾਲੀ ਨਹੀਂ ਸੀਨਾ ਹਰ ਘਰ ਵਿੱਚ ਅੱਜ ਵਾਂਗ ਆਉਣ-ਜਾਣ ਦੇ ਸਾਧਨ ਹੁੰਦੇ ਸਨ ਅਤੇ ਨਾ ਹੀ ਧੀਆਂ ਨੂੰ ਆਪਣੇ ਮਨ ਦੀ ਗੱਲ ਕਰਨ ਦਾ ਹੱਕ ਮਿਲਦਾ ਸੀਉਹ ਸਮਾਂ ਹੀ ਹੋਰ ਸੀ - ਸਾਦਗੀ, ਮਜਬੂਰੀਆਂ ਅਤੇ ਪਰਿਵਾਰ ਦੀ ਇੱਜ਼ਤ ਵਿੱਚ ਲਿਪਟਿਆ ਹੋਇਆ

ਮੇਰੀ ਮਾਤਾ ਜੀ ਨੇ ਉਸ ਸਾਲ (1961) ਸਰਕਾਰੀ ਸਕੂਲ ਤੋਂ ਅਜੇ ਦਸਵੀਂ ਪਾਸ ਕੀਤੀ ਹੀ ਸੀ ਕਿ ਉਹਨਾਂ ਦਾ ਰਿਸ਼ਤਾ ਤੈਅ ਹੋ ਗਿਆ ਉਹ ਆਪਣੀਆਂ ਪੰਜਾਂ ਭੈਣਾਂ ਵਿੱਚੋਂ ਚੌਥੇ ਨੰਬਰ ’ਤੇ ਸਨਘਰ ਦੇ ਹਾਲਾਤ ਬਾਪੂ ਜੀ ਦੇ ਬਿਮਾਰ ਹੋਣ ਕਾਰਨ ਚਿੰਤਾਜਨਕ ਸਨਬਾਪੂ ਜੀ (ਮੇਰੇ ਨਾਨਾ ਜੀ) ਸ਼ੂਗਰ ਦੀ ਬਿਮਾਰੀ ਕਾਰਨ ਬਹੁਤ ਬਿਮਾਰ ਰਹਿੰਦੇ ਸਨਉਹਨਾਂ ਦੀ ਲੱਤ ਖਰਾਬ ਹੋ ਚੁੱਕੀ ਸੀਲੱਤ ਤੋਂ ਸ਼ੂਗਰ ਕਾਰਨ ਮਾਸ ਝੜ ਚੁੱਕਾ ਸੀ, ਬੱਸ ਹੱਡੀ ਹੀ ਰਹਿ ਗਈ ਸੀ ਅਤੇ ਉਹ ਰਾਮਪੁਰੇ ਦੇ ਹਸਪਤਾਲ ਵਿੱਚ ਦਾਖਲ ਸਨਘਰ ਵਿੱਚ ਹਰ ਵੇਲੇ ਚਿੰਤਾ ਦਾ ਮਾਹੌਲ ਰਹਿੰਦਾ ਸੀਸਭ ਨੂੰ ਲਗਦਾ ਸੀ ਕਿ ਸ਼ਾਇਦ ਬਾਪੂ ਜੀ ਹੁਣ ਜ਼ਿਆਦਾ ਸਮਾਂ ਨਹੀਂ ਰਹਿਣਗੇ

ਇਸੇ ਦੌਰਾਨ ਮੇਰੀ ਵੱਡੀ ਮਾਸੀ ਵਾਰ-ਵਾਰ ਮੇਰੀ ਮਾਤਾ ਜੀ ਦੇ ਰਿਸ਼ਤੇ ਦੀ ਗੱਲ ਕਰ ਰਹੀ ਸੀਇਸ ਸਭ ਦੇ ਚਲਦੇ ਇੱਕ ਦਿਨ ਉਨ੍ਹਾਂ ਦੇ ਘਰ ਦੇ ਪਿਛਲੇ ਪਾਸੇ ਰਹਿਣ ਵਾਲੀ ਗੁਆਂਢਣ ਨੇ ਕੋਠੇ ਉੱਤੇ ਚੜ੍ਹ ਕੇ ਅਵਾਜ਼ ਮਾਰੀ, “ਕੁੜੇ, ਤੁਹਾਡੇ ਵਿੱਚੋਂ ਦਸਵੀਂ ਕਿਹੜੀ ਨੇ ਕੀਤੀ ਐ?”

ਮੇਰੀ ਮਾਤਾ ਜੀ ਨੇ ਹੌਲੀ ਜਿਹੀ ਅਵਾਜ਼ ਵਿੱਚ ਕਿਹਾ, “ਮੈਂ ਕੀਤੀ ਐ।”

ਉਹ ਔਰਤ ਤੁਰੰਤ ਬੋਲੀ, ਭਾਈ, ਅੱਜ ਤੇਰਾ ਤਾਂ ਵਿਆਹ ਧਰ’ਤਾ… ਰੁਪਈਆ ਫੜਾ ਦਿੱਤਾ।”

ਇਹ ਸੁਣਦੇ ਹੀ ਮੇਰੀ ਮਾਤਾ ਜੀ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈਉਹਨਾਂ ਨੂੰ ਸਮਝ ਨਾ ਆਈ ਕਿ ਇਹ ਸਭ ਇੰਨਾ ਜਲਦੀ ਕਿਵੇਂ ਹੋ ਗਿਆਦਿਲ ਵਿੱਚ ਇੱਕੋ ਗੱਲ ਘੁੰਮ ਰਹੀ ਸੀ, “ਬਾਪੂ ਜੀ ਨੇ ਇਹ ਕੀ ਕਰ ਦਿੱਤਾ?”

ਉਸ ਵੇਲੇ ਰਾਮਪੁਰੇ ਵੱਲ ਬੱਸਾਂ ਨਹੀਂ ਜਾਂਦੀਆਂ ਸਨਲੋਕ ਟਾਂਗਿਆਂ ’ਤੇ ਹੀ ਸਫਰ ਕਰਦੇ ਸਨਮੇਰੀ ਮਾਤਾ ਜੀ ਰੋਂਦੇ ਹੋਏ ਟਾਂਗੇ ਵਿੱਚ ਬੈਠ ਗਏ ਅਤੇ ਸਿੱਧਾ ਹਸਪਤਾਲ ਵੱਲ ਚੱਲ ਪਏ ਰਸਤੇ ਵਿੱਚ ਉਨ੍ਹਾਂ ਦੀ ਬੇਬੇ (ਮੇਰੀ ਨਾਨੀ) ਵੀ ਟਾਂਗੇ ਵਿੱਚ ਵਾਪਸ ਮਹਿਰਾਜ ਵੱਲ ਆ ਰਹੀ ਸੀਮਾਂ ਦੱਸਦੀ ਸੀ, “ਮਾਤਾ ਨੇ ਮੈਨੂੰ ਟਾਂਗੇ ਵਿੱਚ ਬੈਠੀ ਨੂੰ ਦੇਖਿਆ ਅਤੇ ਟਾਂਗਾ ਰੋਕਿਆ ਪਰ ਮੈਂ ਉਹਨਾਂ ਵੱਲ ਧਿਆਨ ਨਹੀਂ ਦਿੱਤਾਮੇਰੇ ਮਨ ਵਿੱਚ ਤਾਂ ਸਿਰਫ ਆਪਣੇ ਬਾਪੂ ਜੀ ਨਾਲ ਗੱਲ ਕਰਨ ਦੀ ਤੜਫ ਸੀ ਕਿ ਬੱਸ ਉਹਨਾਂ ਨੂੰ ਜਾਕੇ ਪੁੱਛਾਂ ਕਿ ਇਹ ਕੀ ਕੀਤਾ ਤੁਸੀਂ?”

ਮਾਤਾ ਜੀ ਜਦੋਂ ਹਸਪਤਾਲ ਪਹੁੰਚੇ ਤਾਂ ਰੋਂਦੇ ਹੋਏ ਬਾਪੂ ਜੀ ਦੇ ਕੋਲ ਜਾ ਖੜ੍ਹੇ ਆਪਣੀ ਧੀ ਨੂੰ ਇਸ ਹਾਲਤ ਵਿੱਚ ਦੇਖ ਕੇ ਬਾਪੂ ਜੀ ਦੀਆਂ ਅੱਖਾਂ ਵੀ ਭਰ ਆਈਆਂ ਉਹ ਵੀ ਆਪਣੀ ਬੇਵਸੀ ਕਾਰਨ ਰੋਣ ਲੱਗ ਪਏਉੱਥੇ ਮੌਜੂਦ ਲੋਕਾਂ ਨੇ ਸਮਝਾਇਆ, “ਭਾਈ, ਤੇਰੀ ਵੱਡੀ ਭੈਣ ਨੇ ਬਹੁਤ ਜ਼ਿਆਦਾ ਜ਼ੋਰ ਪਾਇਆ, ਇਸ ਲਈ ਹੀ ਰੁਪਈਆ ਫੜਾਇਆ ਗਿਆ ਹੈ।”

ਮੇਰੇ ਮਾਤਾ ਜੀ ਰੋ ਰਹੇ ਸੀ… ਬਾਪੂ ਜੀ ਵੀ ਰੋ ਰਹੇ ਸਨ ਕੁਝ ਸਮੇਂ ਬਾਅਦ ਬਾਪੂ ਜੀ ਨੇ ਹੌਲੀ ਜਿਹੀ ਅਵਾਜ਼ ਵਿੱਚ ਕਿਹਾ, “ਭਾਈ, ਜੇ ਤੈਨੂੰ ਮਨਜੂਰ ਨਹੀਂ… ਤਾਂ ਤੇਰੇ ਤੋਂ ਛੋਟੀ ਦਾ ਕਰ ਦਿੰਦੇ ਹਾਂ।”

ਇਹ ਸੁਣ ਕੇ ਮੇਰੀ ਮਾਤਾ ਜੀ ਚੁੱਪ ਹੋ ਗਏ ਉਹ ਜਾਣਦੇ ਸਨ ਕਿ ਬਾਪੂ ਜੀ ਦੀਆਂ ਮਜਬੂਰੀਆਂ ਕੀ ਹਨਬਿਮਾਰ ਪਿਤਾ, ਪੰਜ ਧੀਆਂ ਦੀ ਜ਼ਿੰਮੇਵਾਰੀ ਅਤੇ ਸਮੇਂ ਦੇ ਹਾਲਾਤ - ਇਹ ਸਭ ਉਹਨਾਂ ਦੇ ਸਾਹਮਣੇ ਖੜ੍ਹੇ ਸਨ ਸਾਰੀ ਗੱਲ ਨੂੰ ਸਮਝਦਿਆਂ ਹੋਇਆਂ ਮੇਰੇ ਮਾਤਾ ਜੀ ਚੁੱਪਚਾਪ ਖੜ੍ਹੇ ਰਹੇਇਸ ਤਰ੍ਹਾਂ ਕੇਵਲ ਸਤਾਰ੍ਹਾਂ ਸਾਲਾਂ ਦੀ ਉਮਰ ਵਿੱਚ ਮੇਰੇ ਮਾਤਾ-ਪਿਤਾ ਦਾ ਰਿਸ਼ਤਾ ਤੈਅ ਹੋ ਗਿਆ

ਅੱਜ ਜਦੋਂ ਇਹ ਗੱਲ ਸੁਣਦੇ ਹਾਂ ਤਾਂ ਲਗਦਾ ਹੈ ਕਿ ਪੁਰਾਣੇ ਸਮਿਆਂ ਦੀਆਂ ਧੀਆਂ ਕਿੰਨੀ ਹਿੰਮਤ ਵਾਲੀਆਂ ਹੁੰਦੀਆਂ ਸਨਉਹ ਆਪਣੇ ਹੰਝੂ ਵੀ ਚੁੱਪ ਕਰਕੇ ਪੀ ਜਾਂਦੀਆਂ ਸਨ ਅਤੇ ਪਰਿਵਾਰ ਦੀ ਖਾਤਰ ਹਰ ਫੈਸਲਾ ਸਹਿ ਲੈਂਦੀਆਂ ਸਨ ਇਹ ਹਨ ਮੇਰੇ ਮਾਤਾ ਜੀ ਦੇ ਮੂੰਹੋਂ ਦੱਸੀਆਂ ਸੱਚੀਆਂ ਗੱਲਾਂ, ਜਿਨ੍ਹਾਂ ਦਾ ਮੇਰੇ ਮਨ ’ਤੇ ਬਹੁਤ ਅਸਰ ਹੋਇਆ, ਜੋ ਮੈਂ ਆਪ ਸਭ ਨਾਲ ਸਾਂਝੀਆਂ ਕਰ ਰਹੀ ਹਾਂ

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਸੁਖਮਿੰਦਰ ਕੌਰ ਸਿੱਧੂ

ਸੁਖਮਿੰਦਰ ਕੌਰ ਸਿੱਧੂ

Punjabi Lecturer, S.S.S.S. Gehri Devi Nagar Bathinda, Punjab, India.
WhatsApp: (91 - 94657 - 54054)
Email: (Sukhminderk70@gmail.com)