“ਉਏ ਬਿਲੂ, ਤੂੰ ਕਿਸ ਨੂੰ ਪੁੱਛ ਕੇ ਇਹ ਕੰਮ ਕਰੀ ਜਾਨੈ? ਸਾਡਾ ਹਿੱਸਾ ਵੀ ਬਣਦੈ ...”
(18 ਜੂਨ 2026)
ਸੰਨ 1995 ਸੀ। ਇੱਕ ਦਿਨ ਪਿਤਾ ਜੀ ਆਖਣ ਲੱਗੇ, “ਅੱਧ ਪੱਕੇ ਘਰ ਵਿੱਚ ਕਿੰਨਾ ਚਿਰ ਬਹਾਈ ਰੱਖੂੰਗਾ ਥੋਨੂੰ, ਵਿਆਹ ਸ਼ਾਦੀਆਂ ਵੀ ਕਰਨੇ ਆਂ। ਕੁੜੀ ਵੀ ਕੱਦ ਕਰਗੀ, ਕਰਜ਼ਾ ਵੀ ਲਾਹੁਣਾ ਐ। ਐਡੀ ਵੱਡੀ ਹਵੇਲੀ ਵਿਕਣੀ ਨਹੀਂ ... ਪਿੰਡ ਵਿੱਚ ਕੌਣ ਲੈਂਦਾ ਐ ਐਨੀ ਥਾਂ? ਸਸਤੀ ਕਾਹਨੂੰ ਵੇਚਣੀ ਆਂ ਕੌਡੀਆਂ ਦੇ ਭਾਅ ... ਆਪਣਾ ਘਰ ਆ ਫਿਰ ਵੀ।” ਪਿਤਾ ਜੀ ਦੇ ਮੱਥੇ ਦੀਆਂ ਰੇਖਾਵਾਂ ਹੋਰ ਗਹਿਰੀਆਂ ਹੋ ਗਈਆਂ।
ਆਖਰ ਢਾਈ ਲੱਖ ਨੂੰ ਕਿੱਲੇ ਦੇ ਹਿਸਾਬ ਨਾਲ ਤਿੰਨ ਕਿੱਲੇ ਵੇਚ ਦਿੱਤੇ ਸ਼ਾਹ ਵਾਲੇ ਖੇਤੋਂ। ਜਿੱਦਣ ਜੱਟਾਂ ਨੂੰ ਰਜਿਸਟਰੀ ਕਰਵਾਉਣੀ ਸੀ ਮੈਂ ਨਾਲ ਗਿਆ ਸੀ ਪਿਤਾ ਜੀ ਦੇ। ਕਚਹਿਰੀਆਂ ਦੇ ਚਾਹ ਵਾਲੇ ਖੋਖੇ ਵਿੱਚ ਚਾਹ ਪੀਂਦੇ ਪਿਓ ਨੇ ਅੱਖਾਂ ਭਰੀਆਂ ਤੇ ਛੇਤੀ ਹੀ ਪਰਨੇ ਨਾਲ ਪੂੰਝ ਲਈਆਂ। ਉਹ ਘਗਿਆਈ ਅਵਾਜ਼ ਵਿੱਚ ਬੋਲੇ, “ਮੇਰਾ ਕਿਹੜਾ ਜੀਆ ਕਰਦਾ ਵੇਚਣ ਨੂੰ ਕਮਲਿਓ, ਥੋਡੇ ਪਿੱਛੇ ਈ ਵੇਚਦਾਂ ਬਈ ਵਿਆਹ ਹੋਜੇ ਥੋਡਾ ਤਿੰਨਾਂ ਦਾ, ਦੋ ਤਿੰਨ ਪੱਕੇ ਕਮਰੇ ਪਾ ਲਈਏ, ਬਾਕੀ ਲੈਣਾ ਦੇਣਾ ਲਾਹ ਦੇਈਏ ਦੋਵਾਂ ਬੈਂਕਾਂ ਦਾ।”
ਮੇਰਾ ਵੀ ਰੋਣ ਨੂੰ ਦਿਲ ਕੀਤਾ ਪਰ ਨਾ ਰੋਇਆ ਮੈਂ ਪਿਤਾ ਜੀ ਦੇ ਸਾਹਮਣੇ। ਉਦਾਸ ਬਹੁਤ ਹੋ ਗਿਆ ਸਾਂ ਸੱਚੀਓਂ ਓਦਣ, ਘਰ ਦੀ ਜੱਦੀ ਜਾਇਦਾਦ ਨਾਲ ਖਾਸਾ ‘ਮੋਹ’ ਜਿਹਾ ਜਾਗਿਆ ਸੀ।
“ਡੈਡੀ, ਫਿਰ ਆਪਾਂ ਸ਼ਾਹ ਵਾਲੇ ਖੇਤ ਤਾਂ ਨੀ ਜਾ ਸਕਦੇ ਹੁਣ?”
ਮੇਰਾ ਸਵਾਲ ਸੁਣ ਪਿਤਾ ਜੀ ਕੁਛ ਨਹੀਂ ਬੋਲੇ। ‘ਨਾਂਹ’ ਵਿੱਚ ਸਿਰ ਫੇਰਿਆ ਸੀ ਉਨ੍ਹਾਂ ਨੇ।
ਵਸੀਕਾ ਨਵੀਸ ਦਾ ਮੁਨਸ਼ੀ ਸੱਦਣ ਆ ਗਿਆ, “ਆਜਾ ਬਈ ਸੇਠਾ, ਤਸੀਲਦਾਰ ਬਹਿ ਗਿਆ ਐ, ਨਿਬੇੜੀਏ ਕੰਮ ਥੁਆਡਾ।”
ਪੈਸੇ ਜੱਟਾਂ ਨੇ ਸਾਢੇ ਸੱਤ ਲੱਖ ਰੁਪਏ ਸਾਨੂੰ ਪਹਿਲਾਂ ਈ ਫੜਾ ਦਿੱਤੇ ਹੋਏ ਸਨ। ਪਿਤਾ ਜੀ ਨੇ ਖਾਦ ਵਾਲੀ ਬੋਰੀ ਦੇ ਬਣਾਏ ਝੋਲੇ ਵਿੱਚ ਪਾਏ ਪੈਸੇ ਕੱਛ ਵਿੱਚ ਲੈ ਰੱਖੇ ਸਨ ਘੁੱਟ ਕੇ।
ਪਿੰਡ ਵਾਲੀ ਸਹਿਕਾਰੀ ਬੈਂਕ ਦਾ ਕਰਜ਼ਾ ਲਾਹੁਣਾ ਸੀ ਤੇ ਇੱਕ ਕੋਈ ਬੈਂਕ ਫਰੀਦਕੋਟ ਸੀ। ਲੈਂਡ ਮਾਰਗੇਜ ਬੈਂਕ ਤੋਂ ਪਿਤਾ ਨੇ ਸੱਤਰ ਹਜ਼ਾਰ ਦਾ ਕਰਜ਼ ਚੁੱਕਿਆ ਸੀ। ਇਹ ਸਾਰੇ ਪੈਸੇ ਮੇਰੀ ਮਾਂ ਦੀ ਬਿਮਾਰੀ ਵਾਸਤੇ ਚੁੱਕੇ ਸਨ। ਮਾਂ ਨੂੰ ਗਾਇਨੀ ਦੀ ਵੱਡੀ ਸਮੱਸਿਆ ਆ ਗਈ ਸੀ ਤੇ ਉਹ ਮਰਦੀ ਮਰਦੀ ਬਚੀ ਸੀ।
ਮੇਰੇ ਚਾਚੇ ਸ਼ਿਆਮ ਨੇ ਲੈਂਡ ਮਾਰਗੇਜ ਬੈਂਕ ਤੋਂ ਜਿਹੜਾ ਕਰਜ਼ਾ ਦਿਵਾਇਆ ਸੀ, ਉਹਦੇ ਵਿੱਚੋਂ ਭੋਲਾ ਮੋਟਰਾਂ ਵਾਲਾ ਕਮਿਸ਼ਨ ਵਾਹਵਾ ਛਕ ਗਿਆ ਸੀ। (ਇਹ ਗੱਲ ਮੈਨੂੰ ਬਹੁਤ ਸਾਲਾਂ ਮਗਰੋਂ ਬੈਂਕ ਦੇ ਮੈਨੈਜਰ ਰਹੇ ਸਰਵਨ ਸਿੰਘ ਗਿੱਲ ਮੁਮਾਰੇ ਵਾਲੇ ਨੇ ਦੱਸੀ ਸੀ।)
ਸਾਡੇ ਖੇਤਾਂ ਦੀ ਵੰਡ ਵੰਡਾਈ ਵੇਲੇ ਘਰੇ ਬਹੁਤਾ ਘੜਮੱਸ ਭਾਵੇਂ ਨਹੀਂ ਸੀ ਪਿਆ ਪਰ ਫਿਰ ਵੀ ਜੋ ਕੁਛ ਹੋਇਆ, ਉਹ ਭੁੱਲਣ ਵਾਲਾ ਨਹੀਂ ਹੈ। ਪਿਤਾ ਜੀ ਹੁਰਾਂ ਦਾ ਵੱਡਾ ਭਰਾ ਚਮਨ ਲਾਲ ਚਾਲੀ ਸਾਲਾਂ ਤੋਂ ਅੰਮ੍ਰਿਤਸਰ ਵਸ ਰਿਹਾ ਸੀ। ਉਹ ਆਪਣੇ ਹਿੱਸੇ ਦਾ ਖੇਤ ਚਾਚੇ ਸ਼ਿਆਮ ਨੂੰ ਠੇਕੇ ਉੱਤੇ ਦਿੰਦਾ ਹੁੰਦਾ ਸੀ ਤੇ ਸਾਲ ਬਾਅਦ ਹਿਸਾਬ ਕਿਤਾਬ ਕਰਨ ਆਉਂਦਾ ਹੁੰਦਾ ਸੀ। ਹਰ ਵਾਰ ਘਰ ਵਿੱਚ ਕਲੇਸ਼ ਪੈਂਦਾ। ਤਾਇਆ ਖਿਝਦਾ ਕੁੜ੍ਹਦਾ ਮੁੜ ਜਾਂਦਾ।
ਜਦੋਂ ਅਸੀਂ ਆਪਣੇ ਹਿੱਸੇ ਦਾ ਖੇਤ ਵੇਚਕੇ ਘਰ ਵਾਲੀ ਥਾਵੇਂ ਤਿੰਨ ਕਮਰੇ ਅਤੇ ਇੱਕ ਵਰਾਂਡਾ ਪਾਉਣ ਵਾਸਤੇ ਨੀਂਹਾਂ ਪੁੱਟੀਆਂ ਤਾਂ ਤਾਇਆ ਚਮਨ ਲਾਲ ਤੇ ਤਾਈ ਅੰਮ੍ਰਿਤਸਰੋਂ ਆ ਗਏ। ਤਾਏ ਨੇ ਮੇਰੇ ਪਿਓ ਨੂੰ ਰੋਹਬ ਨਾਲ ਆਖਿਆ, “ਉਏ ਬਿਲੂ, ਤੂੰ ਕਿਸ ਨੂੰ ਪੁੱਛ ਕੇ ਇਹ ਕੰਮ ਕਰੀ ਜਾਨੈ? ਸਾਡਾ ਹਿੱਸਾ ਵੀ ਬਣਦੈ ਘਰ ਆਲੀ ਥਾਂ ਵਿੱਚ, ਪਹਿਲਾਂ ਸਾਡਾ ਹਿੱਸਾ ਦੇਹ।”
ਪਿਤਾ ਜੀ ਭਬਕੇ, “ਚਿਮਨ, ਤੇਰਾ ਘਰ ਵਾਲਾ ਹਿੱਸਾ ਤੈਨੂੰ ਖੇਤੋਂ ਵਧ ਜ਼ਮੀਨ ਦੇਕੇ ਕਦੋਂ ਦਾ ਨਿਬੇੜਿਆ ਹੋਇਆ ਐ। ਲਿਖਤ ਵੀ ਹੋ ਚੁੱਕੀ ਐ ਆਪਣੀ। ਹੁਣ ਕਾਹਦਾ ਹਿੱਸਾ ਦੇਵਾਂ?”
ਤਾਈ ਜੋਰ ਜੋਰ ਦੀ ਦੋਹੀਂ ਹੱਥੀਂ ਪਿੱਟਣ ਲੱਗ ਪਈ, “ਹਾਏ ਹਾਏ ਵੇ, ਥੁਆਡਾ ਕੱਖ ਨਾ ਰਹੇ ...ਸਾਡੀ ਥਾਂ ਦੱਬਣ ਵਾਲਿਓ।” ਰੌਲਾ ਪਾਉਂਦੇ ਤਾਇਆ ਤੇ ਤਾਈ ਪੁੱਟੀਆਂ ਨੀਹਾਂ ਵਿੱਚ ਲੰਮੇ ਪੈ ਗਏ। ਗਲੀ ਗੁਆਂਢ ਵਾਲੇ ਉਠਾਉਣ, ਉਹ ਉੱਠਣ ਹੀ ਨਾ। ਕਲੇਸ਼ ਪਿਆ ਦੇਖ ਕੇ ਮਿਸਤਰੀ ਅਤੇ ਦਿਹਾੜੀਏ ਸਮਾਨ ਸਾਂਭਣ ਲੱਗ ਪਏ। ਮਿਸਤਰੀਆਂ ਨੇ ਆਪਣੀਂ ਕਰੰਡੀਆਂ, ਤੇਸੀਆਂ ਅਤੇ ਹਥੌੜੀਆਂ ਚੁੱਕ ਕੇ ਝੋਲਿਆਂ ਵਿੱਚ ਪਾ ਲਈਆਂ। ਮਜ਼ਦੂਰਾਂ ਨੇ ਗਾਰੇ ਦੇ ਭਰੇ ਬੱਠਲ ਮੂਧੇ ਮਾਰ ਦਿੱਤੇ। ਸਾਨੂੰ ਨਿਆਣਿਆਂ ਨੂੰ ਖੁਸ਼ੀ ਚੜ੍ਹੀ ਹੋਈ ਸੀ ਕਿ ਸਾਡਾ ਨਵਾਂ ਘਰ ਬਣ ਰਿਹਾ ਹੈ। ਸਾਡੀ ਖੁਸ਼ੀ ਰੌਲੇ ਰੱਪੇ ਨੇ ਖੋਹ ਲਈ, ਖੇਤ ਤਾਂ ਪਹਿਲਾਂ ਹੀ ਖੁੱਸ ਚੁੱਕਾ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































