“ਸ਼ੁਕਰ ਸੀ ਮਾਪੇ ਮਿਹਨਤ ਮਜ਼ਦੂਰੀ ਕਰ ਕੇ ਮੈਨੂੰ ਪੜ੍ਹਾ ਰਹੇ ਸਨ। ਗੁਰਬਤ ਕਾਰਨ ਮੈਂ ...”
(30 ਮਈ 2026)
(ਪ੍ਰਿੰ. ਸੁਲੱਖਣ ਮੀਤ: ਜਨਮ: 15 ਮਈ 1938 ਦੇਹਾਂਤ: 5 ਮਈ 2021)
ਪ੍ਰਿੰਸੀਪਲ ਸੁਲੱਖਣ ਮੀਤ ਪੰਜ ਕੁ ਵਰ੍ਹੇ ਪਹਿਲਾਂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਹਥਲਾ ਆਰਟੀਕਲ ਡਾ. ਅਮਰ ਕੋਮਲ ਵੱਲੋਂ ਸੰਪਾਦਿਤ ਕੀਤੀ ਗਈ ਪੁਸਤਕ “ਸ਼ਬਦ ਸਰਵੁਰ” ਵਿੱਚੋਂ ਹੈ।
ਪੇਸ਼ਕਸ: ਸ. ਸ. ਰਮਲਾ, ਸੰਗਰੂਰ। ਸੰਪਰਕ: 98722-50956**
ਮੈਂ 1960 ਵਿੱਚ ਛਪਣਾ ਸ਼ੁਰੂ ਕੀਤਾ ਸੀ। ਭਾਰਤ ਦੀ ਵੰਡ ਹੋਈ ਨੂੰ ਭਾਵੇਂ ਦੀ ਤੇਰਾਂ ਸਾਲ ਹੋ ਗਏ ਸਨ, ਪਰ ਉੱਥੋਂ ਆ ਕੇ ਇੱਧਰ ਸਾਡੇ ਅਜੇ ਵੀ ਪੈਰ ਨਹੀਂ ਸਨ ਲੱਗੇ। ਅਜੇ ਵੀ ਸਾਨੂੰ ਖਾਂਦਿਆਂ ਨੂੰ ਪੂਰਾ ਖਾਣਾ ਨਹੀਂ ਸੀ ਅਤੇ ਪਹਿਨਦਿਆਂ ਨੂੰ ਪੂਰਾ ਪਹਿਨਣ ਨਹੀਂ ਸੀ। ਸਾਡੇ ਰਿਫਿਊਜ਼ੀ ਲੋਕਾਂ ਲਈ ਉਹ ਸਮਾਂ ਤੰਗੀਆਂ ਤੁਰਸ਼ੀਆਂ ਦਾ ਸਮਾਂ ਸੀ। ਇਸ ਗੱਲ ਦਾ ਮੈਨੂੰ ਬੜਾ ਝੋਰਾ ਸੀ, ਦੁੱਖ ਸੀ, ਹਉਕਾ ਸੀ। ਇਨਾਂ ਥੁੜਾਂ ਨੇ ਹੀ ਮੈਨੂੰ ਲਿਖਣ ਲਈ ਮਜਬੂਰ ਕੀਤਾ।
ਮੈਂ ਕਹਾਣੀ, ਮਿਨੀ ਕਹਾਣੀ, ਕਵਿਤਾ, ਗਜ਼ਲ, ਰੁਬਾਈ, ਮਿਨੀ ਕਵਿਤਾ ਚੌਬਰਗੇ, ਗੀਤ, ਟੱਪੇ, ਬਾਲਾਂ ਲਈ ਗੀਤ ਅਤੇ ਕਵਿਤਾਵਾਂ ਅਤੇ ਕਹਾਣੀਆਂ ਲਿਖੀਆਂ। ਮੈਂ ਇੱਕ ਨਾਵਲ ਵੀ ਲਿਖਿਆ। ਮੈਂ ਲਿਖੇ ਇਕਾਂਗੀ ਵੀ ਹਨ ਪਰ ਉਹਨਾਂ ਵਿੱਚੋਂ ਛਪੇ ਇੱਕੜ ਦੁੱਕੜ ਹੀ ਹਨ। ਮੈਂ ਨੈਸ਼ਨਲ ਬੁੱਕ ਟ੍ਰਸਟ ਵੱਲੋਂ ਇੱਕ ਲੰਬੀ ਬਾਲ ਕਵਿਤਾ ‘ਤੇ ਦਾਦੀ ਉਣਦੀ ਹੈ’ ਦਾ ਅਨੁਵਾਦਿ ਵੀ ਕੀਤਾ। ਮੈਂ ਫਿਰ ਬਹੁਤ ਸਾਰੀਆਂ ਪੁਸਤਕਾਂ ਦੇ ਮੁੱਖ ਬੰਧ ਅਤੇ ਰਿਵੀਊ ਵੀ ਕੀਤੇ ਹਨ। ਮੇਰੀ ਬੀਬੀ (ਮਾਂ) ਸ੍ਰੀਮਤੀ ਗੁਰਬਚਨ ਕੌਰ ਘਰ ਦੇ ਵਿਆਹ ਸ਼ਾਦੀਆਂ ਵਿੱਚ ਹੀਰ, ਮਿਰਜ਼ਾ ਅਤੇ ਮਾਹੀਆ ਗਾਉਂਦੀ ਹੁੰਦੀ ਸੀ। ਮੇਰੀ ਛੋਟੀ ਮਾਸੀ ਮਹਿੰਦਰ ਕੌਰ ਉਹਨਾਂ ਨਾਲ ਹੀ ਗਾ ਲੈਂਦੀ ਸੀ। ਮੇਰਾ ਛੋਟਾ ਮਾਮਾ ਗਿਆਨੀ ਪ੍ਰੀਤਮ ਸਿੰਘ ਇੱਕ ਚੰਗਾ ਕੀਰਤਨੀਆ ਸੀ। ਇਸ ਲਈ ਮੈਂ ਵੀ ਗਾਉਣ ਦਾ ਸ਼ੌਕ ਰੱਖਦਾ ਸਾਂ। ਮੈਂ ਦਸਵੀਂ ਤਕ ਡਰਾਇੰਗ ਕੀਤੀ ਸੀ, ਇਸ ਲਈ ਮੈਨੂੰ ਪੇਂਟਿੰਗ ਦਾ ਵੀ ਸ਼ੌਕ ਸੀ। ਮੈਂ ਹੱਥ ਤੰਗ ਹੋਣ ਕਰਕੇ ਚਿੱਟੇ ਕਾਗਜ਼ ਉੱਤੇ ਲੈੱਡ ਪੈਨਸਿਲ ਨਾਲ ਹੀ ਕੰਮ ਕਰਦਾ ਸਾਂ। ਮੈਂ ਦਲੀਪ ਕੌਰ ਟਿਵਾਣਾ ਦੀ ਉਸ ਫੋਟੋ ਦੀ ਨਕਲ ਕੀਤੀ ਸੀ ਜਿਸ ਵਿੱਚ ਉਸਨੇ ਚਿੱਟੀ ਵੇਲ ਵਾਲੀ ਕੰਨੀ ਵਾਲੀ ਕਾਲੀ ਸ਼ਾਲ ਲਈ ਹੋਈ ਹੈ। ਮੈਂ ਸੋਭਾ ਸਿੰਘ ਦੀਆਂ ਸੁਹਣੀ ਮਹੀਂਵਾਲ ਤੋਂ ਬਿਨਾਂ ਹੋਰ ਵੀ ਕਈ ਫ਼ੋਟੋਆਂ ਦੀ ਨਕਲ ਵੀ ਕੀਤੀ ਸੀ।
ਮੇਰੇ ਨਾਨਾ ਜੀ, ਹੌਲਦਾਰ ਸੰਗਤ ਸਿੰਘ, ਆਪ ਇੱਕ ਵਧੀਆ ਕਿੱਸਾਕਾਰ ਸਨ। ਉਹਨਾਂ ਨੇ ਢੇਰ ਸਾਰੀਆਂ ਫੁਟਕਲ ਕਵਿਤਾਵਾਂ ਵੀ ਲਿਖੀਆਂ ਸਨ। ਉਹਨਾਂ ਦੀ ਨਜ਼ਰ ਨਾ ਹੋਣ ਕਰਕੇ ਉਹਨਾਂ ਦੀਆਂ ਰਚਨਾਵਾਂ ਮੈਂ ਹੀ ਲਿਖਦਾ ਸਾਂ। ਇਸ ਲਈ ਮੈਨੂੰ ਕਵਿਤਾ ਵੀ ਸਮਝ ਆ ਗਈ ਸੀ।
ਪਰ, ਜਿਵੇਂ ਮੈਂ ਦੱਸਿਆ ਹੈ ਕਿ ਪਾਕਿਸਤਾਨ ਤੋਂ ਉੱਜੜ ਕੇ ਆਉਣ ਕਰਕੇ ਸਾਡੀ ਆਰਥਿਕ ਹਾਲਤ ਬਹੁਤ ਚੰਗੀ ਨਹੀਂ ਸੀ। ਸ਼ੁਕਰ ਸੀ ਮਾਪੇ ਮਿਹਨਤ ਮਜ਼ਦੂਰੀ ਕਰ ਕੇ ਮੈਨੂੰ ਪੜ੍ਹਾ ਰਹੇ ਸਨ। ਗੁਰਬਤ ਕਾਰਨ ਮੈਂ ਸੰਗੀਤ ਅਤੇ ਪੇਟਿੰਗ ਨੂੰ ਮਹਿੰਗਾ ਕੰਮ ਸਮਝ ਕੇ ਲਿਖਣਾ ਹੀ ਚੁਣ ਲਿਆ। ਮੇਰੀ ਸਿਰਜਣ ਪ੍ਰਕਿਰਿਆ ਕਿਵੇਂ ਸੀ? ਉਹ ਇਸ ਤਰ੍ਹਾਂ ਸੀ: ਅਸੀਂ ਸਹਿਜਾਪੁਰ (ਸ਼ਾਹ ਜਹਾਨਪੁਰ) ਜ਼ਿਲ੍ਹਾ ਲੁਧਿਆਣਾ, ਬਰਾਸ (ਜ਼ਿਲ੍ਹਾ ਪਟਿਆਲਾ) ਵਸ ਕੇ ਪੱਕੇ ਤੌਰ ’ਤੇ ਕੰਮੋ ਮਾਜਰਾ ਕਲਾਂ (ਸੰਗਰੂਰ) ਵਿਖੇ ਵਸ ਗਏ। ਉੱਥੇ ਸਾਨੂੰ ਮੁਸਲਮਾਨਾਂ ਦਾ ਘਰ ਮਿਲਿਆ। ਉਹ ਘਰ ਲੋੜ ਨਾਲੋਂ ਘੱਟ ਸੀ। ਉਹਨਾਂ ਦਿਨਾਂ ਵਿੱਚ ਮੈਂ ਕਵਿਤਾ ਅਤੇ ਕਹਾਣੀ ਲਿਖਣੀ ਸ਼ੁਰੂ ਕਰ ਦਿੱਤੀ ਸੀ। ਮੈਂ ਲਿਖਣ ਪੜ੍ਹਨ ਲਈ ਬਾਹਰ ਖੇਤਾਂ ਵਿੱਚ ਚਲਾ ਜਾਂਦਾ। ਕਾਲਜ ਦੀ ਪੜ੍ਹਾਈ ਕਰਦਿਆਂ ਜੇਕਰ ਮੈਨੂੰ ਕੋਈ ਸਾਹਿਤਕ ਰਚਨਾ ਫੁਰਦੀ ਤਾਂ ਮੈਂ ਆਪਣੀ ਰਫ ਕਾਪੀ ਉੱਤੇ ਹੀ ਪੈਨਸਿਲ ਨਾਲ ਲਿਖ ਲੈਂਦਾ। ਫਿਰ ਮੈਂ ਜਾ ਕੇ ਸਤਰਾਂ ਵਾਲਾ ਲੰਬਾ ਕਾਗਜ਼ ਲੈ ਕੇ, ਸਸਤੇ ਜਿਹੇ ਫਾਉਂਟੇਨ ਪੈੱਨ ਨਾਲ ਉਸ ਰਚਨਾ ਨੂੰ ਉਸ ਉੱਤੇ ਉਤਾਰ ਲੈਂਦਾ। ਹੱਥ ਦੀ ਤੰਗੀ ਕਰਕੇ ਮੈਨੂੰ ਕਾਗਜ਼ ਵੀ ਮਹਿੰਗਾ ਲਗਦਾ। ਮੈਂ ਇੱਕ ਮੋਟੀ ਜਿਹੀ ਖਾਕੀ ਰੰਗ ਦੇ ਕਾਗਜ਼ ਵਾਲੀ ਰਫ ਕਾਪੀ ਲੈ ਲਈ। ਉਸਦੇ ਸਫੇ ਲਗਭਗ ਤਿੰਨ ਸੌ ਸਨ। ਉਹ ਲਕੀਰਾਂ ਵਾਲੀ ਕਾਪੀ ਸੀ। ਮੈਂ ਉਸ ਕਾਪੀ ਉੱਤੇ ਕਾਲਜ ਦਾ ਅਤੇ ਰਚਨਾਵਾਂ ਦਾ ਸਾਰਾ ਕੰਮ ਪੈਨਸਿਲ ਨਾਲ ਹੀ ਕਰਦਾ। ਮੈਂ ਉਹ ਕਾਪੀ ਨਿਰੋਲ ਸਾਹਿਤਕ ਰਚਨਾਵਾਂ ਲਈ ਹੀ ਰੱਖੀ। ਮੈਂ ਉਸ ਪੈਨਸਿਲ ਨਾਲ ਲਿਖੀ ਕਾਪੀ ਉੱਤੇ ਹੀ ਫਾਊਂਟੇਨ ਪੈੱਨ ਨਾਲ ਕਵਿਤਾ, ਕਹਾਣੀ ਆਦਿ ਲਿਖ ਲੈਂਦਾ। ਉਸ ਨੂੰ ਲਕੀਰਾਂ ਵਾਲੇ ਕਾਗਜ਼ ਉੱਤੇ ਸੋਧ ਕੇ ਛਪਣ ਭੇਜ ਦਿੰਦਾ।
ਪੱਟਾਂ ਉੱਤੇ ਰੱਖ ਕੇ ਲਿਖਣ ਦੀ ਮੈਨੂੰ ਘੱਟ ਆਦਤ ਸੀ। ਪੱਟਾਂ ਉੱਤੇ ਰੱਖ ਕੇ ਮੈਂ ਉਦੋਂ ਲਿਖਦਾ ਜਦੋਂ ਮੈਂ ਖੇਤਾਂ ਵਿੱਚ ਬੈਠਾ ਹੁੰਦਾ। ਘਰ ਹੁੰਦਿਆਂ ਮੈਂ ਆਪਣੇ ਘਰ ਆਪਣੇ ਹੇਠ ਆਟੇ ਵਾਲਾ ਪੀਪਾ ਰੱਖ ਲੈਂਦਾ। ਕਾਗਜ਼ ਹੇਠ ਰੱਖਣ ਲਈ ਮੋਟੀ ਕਾਪੀ ਅਤੇ ਕਾਗਜ਼ ਮੰਜੇ ਉੱਤੇ ਮੇਜ਼ ਵਾਂਗ ਰੱਖ ਲੈਂਦਾ ਅਤੇ ਰਚਨਾ ਦਾ ਕੰਮ ਕਰਦਾ। ਕਿਉਂਕਿ ਸਾਡਾ ਘਰ ਬਹੁਤਾ ਵੱਡਾ ਨਹੀਂ ਸੀ, ਆਮ ਕਰਕੇ ਉਸ ਵੇਲੇ ਮੇਰੀ ਬੀਬੀ ਮੇਰੇ ਕੋਲ ਹੀ ਬੈਠੀ ਕੱਤਦੀ ਜਾਂ ਉਣਦੀ ਹੁੰਦੀ। ਜੇਕਰ ਮੈਂ ਕੋਈ ਰਚਨਾ ਪਸੰਦ ਨਾ ਆਉਣ ’ਤੇ ਉਸ ਨੂੰ ਪਾੜ ਕੇ ਹੇਠ ਸੁੱਟ ਦਿੰਦਾ ਤਾਂ ਮੇਰੀ ਬੀਬੀ ਪੁੱਛਦੀ, “ਹੁਣ ਕਿਉਂ ਪਾੜਤੀ ਰਚਨਾ” ਤਾਂ ਮੈਂ ਕਹਿ ਦਿੰਦਾ ਕਿ ਇਹ ਰਚਨਾ ਮੇਰੇ ਪਸੰਦ ਦੀ ਨਹੀਂ। ਲਿਖਦਿਆਂ ਲਿਖਦਿਆਂ ਜੇਕਰ ਮੈਨੂੰ ਕੋਈ ਸ਼ਬਦ ਨਾ ਔੜ੍ਹਦਾ ਤਾਂ ਮੈਂ ਆਪਣੀ ਬੀਬੀ ਤੋਂ ਪੁੱਛਦਾ। ਬਹੁਤੀਆਂ ਕਹਾਣੀਆਂ ਵੀ ਮੈਂ ਉਹ ਹੀ ਲਿਖੀਆਂ ਹਨ ਜਿਹੜਾ ਮੈਟਰ ਮੇਰੀ ਬੀਬੀ ਨੇ ਹੀ ਦਿੱਤਾ ਹੁੰਦਾ ਸੀ। ਕਹਾਣੀ ਲਿਖ ਕੇ ਛਪਣ ਤੋਂ ਪਹਿਲਾਂ ਮੈਂ ਆਪਣੀ ਬੀਬੀ ਨੂੰ ਹੀ ਸੁਣਾਉਂਦਾ। ਗਜ਼ਲ ਲਿਖ ਕੇ ਮੈਂ ਆਪਣੀ ਬੀਵੀ ਮਲਕੀਤ ਮੀਤ ਨੂੰ ਸੁਣਾਉਂਦਾ।
ਰਾਤੀਂ ਸੌਣ ਲੱਗਿਆਂ ਮੈਂ ਆਪਣੀ ਰਫ ਕਾਪੀ ਅਤੇ ਫਾਊਂਟੇਨ ਪੈੱਨ ਸਿਰਹਾਣੇ ਰੱਖ ਕੇ ਸੌਂਦਾ। ਜੇਕਰ ਲੰਮੇ ਪਿਆਂ ਜਾਂ ਸੁਪਨੇ ਵਿੱਚ ਕੋਈ ਸਾਹਿਤਕ ਵਿਚਾਰ ਮੈਨੂੰ ਆ ਜਾਂਦਾ ਤਾਂ ਮੈਂ ਉਸ ਵੇਲੇ ਬੱਤੀ ਜਗਾ ਕੇ ਉਹ ਵਿਚਾਰ ਜਾਂ ਮੁੱਖੜਾ ਲਿਖ ਲੈਂਦਾ। ਮੈਂ ਮੌਕਾ ਸਾਂਭਣ ਵਿੱਚ ਕਦੇ ਸੁਸਤੀ ਨਹੀਂ ਕੀਤੀ। ਹਾਂ, ਉਸ ਵੇਲੇ (1960) ਸਾਡੇ ਪਿੰਡ ਵਿੱਚ ਬਿਜਲੀ ਆ ਗਈ ਸੀ। ਫਿਰ ਮੈਂ ਦਿਨੇ ਮੌਕਾ ਕੱਢ ਕੇ ਉਸ ਰਚਨਾ ਨੂੰ ਪੂਰੀ ਕਰ ਲੈਂਦਾ।
ਸ਼ੁਰੂ ਸ਼ੁਰੂ ਵਿੱਚ ਮੈਂ ਗਜ਼ਲ ਪਿੰਡ ਤੋਂ ਰਣਬੀਰ ਕਾਲਜ ਸੰਗਰੂਰ ਤਕ ਸਾਇਕਲ ’ਤੇ ਜਾਂਦਿਆਂ ਜਾਂਦਿਆਂ ਹੀ ਲਿਖ ਲੈਂਦਾ ਸੀ। ਉਸ ਵੇਲੇ ਸਾਇਕਲ ਬਹੁਤ ਘੱਟ ਲੋਕਾਂ ਕੋਲ ਹੁੰਦੇ ਸਨ, ਪਰ ਮੇਰੇ ਕੋਲ ਸਾਇਕਲ ਹੁੰਦਾ ਸੀ। ਉਹ ਸਾਇਕਲ ਮੈਨੂੰ ਮੇਰੇ ਤਾਇਆ ਜੀ, ਸਰਦਾਰ ਜੀਵਾ ਸਿੰਘ ਨੇ ਲੈ ਕੇ ਦਿੱਤਾ ਹੋਇਆ ਸੀ ਕਿਉਂਕਿ ਉਸਦੇ ਕੋਈ ਔਲਾਦ ਨਹੀਂ ਸੀ। ਸੋ, ਕਾਲਜ ਜਾਂਦਿਆਂ ਜਦੋਂ ਮੈਨੂੰ ਕੋਈ ਮਤਲਾ ਜਾਂ ਸ਼ੇਅਰ ਸੁੱਝਦਾ, ਮੈਂ ਸਾਇਕਲ ਰੋਕ ਕੇ ਮਤਲਾ ਜਾਂ ਸ਼ੇਅਰ ਪੂਰਾ ਕਰਕੇ, ਫਿਰ ਸਾਇਕਲ ’ਤੇ ਚੜ੍ਹ ਜਾਂਦਾ। ਕਾਲਜ ਪੁੱਜਣ ਤੀਕ ਮੈਂ ਗਜ਼ਲ ਪੂਰੀ ਕਰ ਲੈਂਦਾ। ਲੋੜ ਪੈਣ ’ਤੇ ਕਈ ਵਾਰ ਮੈਂ ਕਾਲਜ ਵਿੱਚ ਆਪਣੇ ਸਾਥੀਆਂ ਸੁਰਜੀਤ ਅੰਮ੍ਰਿਤ, ਚੇਤਨ ਸਿੰਘ, ਉਂਕਾਰ ਸਿੰਘ, ਜੋਰਾ ਸਿੰਘ ਸਿੱਧੂ, ਰਜਿੰਦਰ ਸਿੰਘ ਤੋਂ ਇਕੱਲਾ ਹੋ ਜਾਂਦਾ। ਜੇਕਰ ਮੈਨੂੰ ਕੋਈ ਵਿਚਾਰ ਆਇਆ ਹੁੰਦਾ ਤਾਂ ਮੈਂ ਉਸ ਨੂੰ ਪੂਰਾ ਕਰ ਲੈਂਦਾ।
ਜਦੋਂ ਮੈਂ ਲੈਕਚਰਾਰ ਲੱਗ ਗਿਆ ਤਾਂ ਫਿਰ ਮੈਂ ਨਹਾ ਧੋਕੇ, ਕਮੀਜ਼ ਪਾਜਾਮਾ ਪਾਕੇ, ਸਿਰ ਉੱਤੇ ਪਟਕਾ ਬੰਨ੍ਹ ਕੇ ਕੁਰਸੀ ਉੱਤੇ ਬੈਠ ਕੇ ਮੇਜ਼ ਉੱਤੇ ਕਾਗਜ਼ ਰੱਖ ਕੇ ਲਿਖਦਾ। ਹੁਣ ਮੈਨੂੰ ਕਾਗਜ਼ ਦੀ ਤੰਗੀ ਨਹੀਂ ਸੀ। ਫਾਊਂਟੇਨ ਪੈੱਨ ਵੀ ਮੈਂ ਟੌਪ ਦਾ ਰੱਖਦਾ। ਮੈਂ ਮੇਜ਼ ਉੱਤੇ ਸ਼ੀਸ਼ਾ ਵੀ ਟਿਕਾ ਕੇ ਰੱਖਦਾ। ਕਈ ਵਾਰ ਲਿਖਦਿਆਂ ਲਿਖਦਿਆਂ ਮੈਂ ਲੇਖਕ ਵਰਗੇ ਹਾਵ ਭਾਵ ਆਪਣੇ ਚਿਹਰੇ ’ਤੇ ਲਿਆਉਂਦਾ। ਉਹਨਾਂ ਹਾਵਾਂ ਭਾਵਾਂ ਨੂੰ ਮੈਂ ਸ਼ੀਸ਼ੇ ਵਿੱਚ ਦੇਖਦਾ। ਹਾਂ, ਸ਼ਰਾਬ ਪੀ ਕੇ ਮੈਂ ਕੋਈ ਵੀ ਰਚਨਾ ਨਹੀਂ ਕੀਤੀ। ਚਾਹ ਪੀਣ ਦਾ ਮੈਂ ਸ਼ੌਕੀਨ ਹਾਂ। ਇਸੇ ਲਈ ਮੈਂ ਕਦੇ ਸ਼ਰਾਬ ਨਹੀਂ ਪੀਤੀ। ਬਾਅਦ ਵਿੱਚ ਸ਼ਾਦੀ ਵਿਆਹ ਵਾਲੇ ਭਾਰੂ ਹੋ ਜਾਂਦੇ। ਹਾਂ, ਮੇਰੇ ਪ੍ਰਸ਼ੰਸਕ ਆਲੋਚਕ ਨਹੀਂ ਹਨ।
ਲੈਕਚਰਾਰ ਸਮੇਂ ਬਹੁਤੀਆਂ ਕਵਿਤਾਵਾਂ ਅਤੇ ਗਜ਼ਲਾਂ ਮੈਂ ਉਸ ਸਮੇਂ ਲਿਖੀਆਂ ਜਦੋਂ ਮੈਂ ਇਮਤਿਹਾਨ ਦੇ ਸੈਂਟਰ ਵਿੱਚ ਡਿਊਟੀ ਦੇ ਰਿਹਾ ਹੁੰਦਾ। ਮੈਂ ਬੱਚਿਆਂ ਉੱਤੇ ਕਰੜੀ ਨਜ਼ਰ ਰੱਖਦਿਆਂ ਕੋਮਲ ਦਿਲ ਤੋਂ ਕਵਿਤਾ ਜਾਂ ਗਜ਼ਲ ਦੀ ਸਿਰਜਣਾ ਕਰਦਾ ਰਹਿੰਦਾ। ਸਿਰੜੀ ਰਚਨਾ ਮੈਂ ਇਗਜ਼ਾਮੀਨੇਸ਼ਨ ਸੈਂਟਰ ਵਿੱਚ ਕਰਦਾ, ਉਹ ਮੈਂ ਸੀਟਿੰਗ ਪਲਾਨ ਉੱਤੇ ਹੀ ਕਰ ਲੈਂਦਾ। ਉਹਨਾਂ ਗਜ਼ਲਾਂ ਨੂੰ ਬੇਅੰਤ ਉੱਤਮ ਸਮਝਦਾ ਹਾਂ, ਮੈਂ ਉਹਨਾਂ ਨੂੰ ਇਗਜ਼ਾਮੀਨੇਸ਼ਨ ਸੈਂਟਰ ਜਾਂ ਸਫਰ ਕਰਦਿਆਂ, ਗੱਡੀ ਅਤੇ ਬੱਸ ਵਿੱਚ ਵੀ ਲਿਖਿਆ ਹੈ। ਮਿਸਾਲ ਦੇ ਤੌਰ ’ਤੇ ਮੈਂ 1978 ਵਿੱਚ ਦਿੱਲੀ ਜਾ ਰਿਹਾ ਸਾਂ, ਜਦੋਂ ਮੇਰੀ ਬੱਸ ਪਾਣੀਪਤ ਰੁਕੀ ਤਾਂ ਮੈਨੂੰ ਮਤਲਾ ਅਹੁੜਿਆ-
ਸੜਕਾਂ ’ਤੇ ਜੋ ਫਿਰਦੇ, ਸਭ ਮੁਸਾਫਿਰ ਨਹੀਂ।
ਮੇਰੇ ਘਰ ਜੋ ਆਉਂਦੇ ਸਾਰੇ ਮਿੱਤਰ ਨਹੀਂ।
ਇਹ ਗਜ਼ਲ ਮੈਂ ਬੱਸ ਦੀ ਟਿਕਟ ਮਗਰ ਹੀ ਦਿੱਲੀ ਤੀਕ ਪੂਰੀ ਕਰ ਲਈ। ਮੈਂ ਓਹੀ ਗਜ਼ਲ ਸਰਦਾਰ ਧੰਨਾ ਸਿੰਘ ਗੁਲਸ਼ਨ (ਮਰਹੂਮ) ਮੇਰੇ ਧਰਮ ਪਿਤਾ ਦੀ ਕੋਠੀ ਵਿੱਚ ਸਾਦੇ ਜਿਹੇ ਕਵੀ ਦਰਬਾਰ ਵਿੱਚ ਸੁਣਾਈ। ਅਮਰਜੀਤ ਸਿੰਘ ਅਕਸ ਉਸ ਵੇਲੇ ਉੱਥੇ ਹਾਜ਼ਰ ਸੀ। ਉਸ ਨੂੰ ਉਹ ਗਜ਼ਲ ਬੜੀ ਪਸੰਦ ਆਈ। ਉਸਨੇ ਉਸ ਗਜ਼ਲ ਨੂੰ ਅਕਸ ਵਿੱਚ ਛਾਪਿਆ।
ਅੱਜ ਕੱਲ੍ਹ ਮੈਂ ਖੂਬ ਲਿਖ ਰਿਹਾ ਹਾਂ। ਕਈ ਲੋਕ ਮੈਨੂੰ ਸਵਾਲ ਕਰਦੇ ਹਨ ਕਿ ਤੁਸੀਂ ਲੈਕਚਰਾਰ (ਪੜ੍ਹਾਉਣ ਵਾਲੇ) ਰਹੇ। ਕਾਮੇ ਪ੍ਰਿੰਸੀਪਲ ਰਹੇ। ਫਿਰ ਤੁਸੀਂ ਲਗਭਗ ਦੋ ਦਰਜਨ ਤੋਂ ਵੱਧ ਪੁਸਤਕਾਂ ਕਿਵੇਂ ਲਿਖ ਗਏ? ਮੈਂ ਉਹਨਾਂ ਨੂੰ ਉੱਤਰ ਦਿੰਦਾ ਹਾਂ ਕਿ ਮੈਂ ਕਦੇ ਵੀ ਸਮਾਂ ਬਰਬਾਦ ਨਹੀਂ ਕੀਤਾ। ਮੈਨੂੰ ਜਦੋਂ ਵੀ ਵਿਹਲ ਮਿਲਦੀ ਹੈ, ਮੈਂ ਲਿਖ ਲੈਂਦਾ ਹਾਂ।
ਹੁਣੇ ਮੇਰੀ ਆਰਥਿਕ ਹਾਲਤ ਚੰਗੀ ਹੈ। ਇਸ ਲਈ ਲਿਖਣ ਲੱਗਿਆਂ ਮੈਂ ਚੰਗਾ ਕਾਗਜ਼ ਅਤੇ ਚੰਗੀ ਕਲਮ ਵਰਤਦਾ ਹਾਂ। ਹੁਣ ਮੈਂ ਪੈਨਸਿਲ ਨਾਲ ਨਹੀਂ ਲਿਖਦਾ ਪਰ ਮੈਂ ਅਜੇ ਵੀ ਪੈੱਨ ਸਟੈਂਡ ਵਿੱਚ ਪੈਨਸਿਲ ਰੱਖਦਾ ਹਾਂ। ਉਹ ਕਲਮਾਂ, ਜਿਹੜੀਆਂ ਮੈਂ ਅੱਜ ਤਕ ਸਾਹਿਤਕ ਸਿਰਜਣਾ ਲਈ ਵਰਤੀਆਂ ਹਨ, ਸੁੱਟੀਆਂ ਨਹੀਂ, ਸਾਂਭੀਆਂ ਪਈਆਂ ਹਨ। ਬਹੁਤ ਸਾਰੀਆਂ ਰਫ ਰੂਪ ਵਿੱਚ ਲਿਖੀਆਂ ਰਚਨਾਵਾਂ ਵੀ ਮੇਰੇ ਕੋਲ ਪਈਆਂ ਹਨ।
ਹੁਣ ਮੈਂ ਕਦੇ ਕਦੇ ਹੱਥ ਨਾਲ ਰਚਨਾ ਕਰਦਾ ਹਾਂ ਅਤੇ ਫਿਰ ਉਸ ਨੂੰ ਟਾਈਪ ਕਰਦਾ ਹਾਂ। ਕਈ ਵਾਰ ਮੈਂ ਕਾਗਜ਼ ਸਿੱਧਾ ਹੀ ਟਾਈਪ ’ਤੇ ਚਾੜ੍ਹ ਦਿੰਦਾ ਹਾਂ। ਇੱਕ ਲੇਖਕ ਨੂੰ ਟਾਈਪ ਆਉਣੀ ਬਹੁਤ ਜ਼ਰੂਰੀ ਹੈ। ਇਸ ਲਈ ਮੈਂ ਜਦੋਂ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਸੁਨਾਮ ਦਾ ਪ੍ਰਿੰਸੀਪਲ ਸਾਂ, ਆਪਣੀ ਸਟੈਨੋ ਸਰੋਜ ਤੋਂ ਟਾਈਪ ਸਿੱਖ ਲਈ ਸੀ।
ਹੁਣ ਮੇਰਾ ਆਪਣਾ ਰੀਡਿੰਗ ਰੂਮ ਹੈ। ਉਸ ਵਿੱਚ ਲਗਭਗ ਪੰਦਰਾਂ ਕੁ ਹਜ਼ਾਰ ਜਿਲਦਾਂ ਹਨ। ਮੈਂ ਆਪਣੇ ਰੀਡਿੰਗ ਰੂਮ ਵਿੱਚ ਬੈਠ ਕੇ ਪੜ੍ਹਦਾ ਘੱਟ ਪਰ ਲਿਖਦਾ ਜਾਂ ਟਾਈਪ ਵੱਧ ਕਰਦਾ ਹਾਂ।, ਪਰ ਹੁਣ ਮੇਰੇ ਕੋਲ ਮੇਰੀ ਬੀਬੀ ਨਹੀਂ ਹੁੰਦੀ। ਉਸਦੀ ਫਰੇਮ ਕੀਤੀ ਫ਼ੋਟੋ ਹੁੰਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































