“ਕੈਨੇਡਾ ਦੇ ਸ਼ਹਿਰ ਬਰੈਂਪਟਨ ਅਤੇ ਨੇੜੇ ਤੇੜੇ ਲੁੱਟਾਂ ਖੋਹਾਂ ਕਰਨ ਵਾਲੇ 17 ਪੰਜਾਬੀ ...”
(16 ਮਈ 2026)
ਤਾਜ਼ਾ ਖਬਰ: ਕੈਨੇਡਾ ਦੇ ਸ਼ਹਿਰ ਬਰੈਂਪਟਨ ਅਤੇ ਨੇੜੇ ਤੇੜੇ ਲੁੱਟਾਂ ਖੋਹਾਂ ਕਰਨ ਵਾਲੇ 17 ਪੰਜਾਬੀ ਫੜੇ ਗਏ।
* * *
ਕਿਰਤ ਨੂੰ ਸਿਜਦਾ
ਠੰਢ ਦੇ ਮੌਸਮ ਵਿੱਚ ਅਖਬਾਰ ਵੰਡਣ ਵਾਲਾ ਹਾਕਰ ਮੁੰਡਾ ਇੱਕ ਦਿਨ ਸਵੇਰੇ ਸਵੇਰੇ ਮੀਂਹ ਪੈਂਦੇ ਵਿੱਚ ਵੀ ਅਖਬਾਰ ਵੰਡਦਾ ਫਿਰੇ। ਵੱਖ ਵੱਖ ਘਰਾਂ ਵਿੱਚ ਅਖਬਾਰ ਵੰਡਦਾ ਉਹ ਸਾਡੇ ਘਰੇ ਵੀ ਅਖਬਾਰ ਸੁੱਟ ਗਿਆ। ਮੈਂ ਮੀਂਹ ਤੋਂ ਬਚਣ ਲਈ ਅੰਦਰੋਂ ਛਤਰੀ ਲਈ ਤੇ ਅਖਬਾਰ ਚੁੱਕਣ ਲਈ ਪੋਰਚ ਵਿੱਚ ਚਲਾ ਗਿਆ। ਹੈਂਅ! ਅਖਬਾਰ ਤਾਂ ਗਿੱਲਾ ਹੋ ਗਿਆ, ਮੈਂ ਤਲਖ ਲਹਿਜੇ ਵਿੱਚ ਉਹਨੂੰ ਆਵਾਜ਼ ਮਾਰਦਿਆਂ ਕਿਹਾ, “ਓ ਕਾਕੇ! ਦੇਖਕੇ ਨੀ ਸੁੱਟ ਸਕਦਾ ਅਖਬਾਰ? ਸਾਰਾ ਅਖਬਾਰ ਗਿੱਲਾ ਹੋ ਗਿਆ।” ਤਲਖੀ ਭਰੀ ਆਵਾਜ਼ ਸੁਣ ਅਖਬਾਰ ਵੰਡਣ ਵਾਲੇ ਉਸ ਹਾਕਰ ਮੁੰਡੇ ਨੇ ਇੱਕਦਮ ਆਪਣੀ ਸਾਇਕਲ ਨੂੰ ਬਰੇਕ ਮਾਰੀ ਤੇ ਵਾਪਸ ਮੇਰੇ ਕੋਲ ਆ ਕੇ ਖਿਮਾ ਮੰਗਦਾ ਆਖਣ ਲੱਗਾ, “ਕੋਈ ਨਹੀਂ ਅੰਕਲ ਜੀ ਅੱਗੇ ਤੋਂ ਧਿਆਨ ਰੱਖੂੰਗਾ, ਤੁਸੀਂ ਆਹ ਦੂਜਾ ਅਖਬਾਰ ਲੈ ਲਵੋ।” ਉਹਦੀ ਨਰਮੀ ਦੇਖ ਮੇਰਾ ਗੁੱਸਾ ਇੱਕਦਮ ਕਾਫੂਰ ਹੋ ਗਿਆ ਤੇ ਮੈਂ ਸ਼ਰਮਿੰਦਾ ਜਿਹਾ ਹੁੰਦੇ ਨੇ ਵਿਚਾਰਿਆ ਕਿ ਇਹ ਵਿਚਾਰਾ ਮੀਂਹ ਪੈਂਦੇ ਵਿੱਚ ਵੀ ਆਪਣੀ ਕਿਰਤ ਕਰਦਾ ਫਿਰ ਰਿਹਾ ਹੈ ਤੇ ਮੈਂ ਐਵੇਂ ਹੀ ਇਹਦੀ ਬੇਲੋੜੀ ਗ਼ਲਤੀ ਕੱਢ ਕੇ ਕੋਸੀ ਜਾ ਰਿਹਾ ਹਾਂ। ਮੈਂ ਇੱਕਦਮ ਪਛਤਾਵੇ ਨਾਲ ਕਿਹਾ, “ਕੋਈ ਨਾ ਬੇਟੇ ਮੈਂ ਇਸੇ ਅਖਬਾਰ ਨੂੰ ਸੁਕਾਉਣ ਤੋਂ ਬਾਅਦ ਪੜ੍ਹ ਲਊਂਗਾ।”
ਇਉਂ ਇੱਕ ਦਿਨ ਫਿਰ ਪੋਹ ਦੇ ਮਹੀਨੇ ਵਿੱਚ ਠਾਰੀ ਐਨੀ ਕਿ ਰਜਾਈ ਵਿੱਚ ਬੈਠੇ ਬੰਦੇ ਨੂੰ ਵੀ ਕਾਂਬਾ ਛਿੜੇ। ਉਸ ਦਿਨ ਸਵੇਰੇ ਸਾਝਰੇ ਉੱਠਕੇ ਮੈਂ ਜਿਉਂ ਹੀ ਘਰ ਦੇ ਗੇਟ ਦਾ ਕੁੰਡਾ ਖੋਲ੍ਹਿਆ ਤਾਂ ਦੇਖਿਆ, ਅੱਜ ਤਾਂ ਐਨੀ ਸੰਘਣੀ ਧੁੰਦ ਹੈ ਕਿ ਨੇੜੇ ਖੜ੍ਹਾ ਬੰਦਾ ਨਜ਼ਰ ਨਹੀਂ ਆ ਰਿਹਾ। “ਲੈ ਬਈ ਮਨਾਂ ਅੱਜ ਨੀ ਅਖਬਾਰ ਆਉਂਦਾ।” ਆਪਣੇ ਆਪ ਨਾਲ ਗੱਲ ਕਰਦਿਆਂ ਮੈਂ ਠੰਢ ਤੋਂ ਬਚਣ ਲਈ ਜਿਉਂ ਹੀ ਕਮਰੇ ਅੰਦਰ ਵਾਪਸ ਆਇਆ ਤਾਂ ਮੇਰੇ ਕੰਨਾਂ ਵਿੱਚ ਪਟੱਕ ਜਿਹੀ ਦੀ ਅਵਾਜ਼ ਪਈ। ਲੋਈ ਦੀ ਬੁੱਕਲ ਮਾਰ ਮੈਂ ਮੁੜ ਬਾਹਰ ਜਾ ਕੇ ਦੇਖਿਆ ਕਿ ਪੋਰਚ ਵਿੱਚ ਅਖਬਾਰ ਪਿਆ ਸੀ। ਅਖਬਾਰ ਚੱਕਦਿਆਂ ਸੋਚਿਆ, ਬਈ ਧਨ ਹੈ ਇਹ ਅਖਬਾਰ ਵੰਡਣ ਵਾਲਾ ਹਾਕਰ ਮੁੰਡਾ, ਠੰਢ ਅਤੇ ਧੁੰਦ ਦੀ ਪ੍ਰਵਾਹ ਕੀਤੇ ਬਿਨਾਂ ਆਪਣੀ ਡਿਊਟੀ ਨਿਭਾ ਰਿਹਾ ਹੈ।
ਮੈਂ ਗਲੀ ਵਾਲਾ ਦਰਵਾਜਾ ਖੋਲ੍ਹਿਆਂ ਤਾਂ ਦੇਖਿਆ, ਉਹ ਮੁੰਡਾ ਅਗਲੇ ਘਰਾਂ ਵਿੱਚ ਅਖਬਾਰ ਵੰਡਕੇ ਵਾਪਸ ਆ ਗਿਆ। ਉਸਨੂੰ ਰੋਕਦਿਆਂ ਮੈਂ ਕਿਹਾ, “ਕਾਕਾ, ਐਨੀ ਠੰਢ ਹੈ, ਆਜਾ ਤੈਨੂੰ ਚਾਹ ਪਿਆਵਾਂ।”
“ਨਹੀਂ ਅੰਕਲ ਜੀ, ਮੈਂ ਦੂਜੇ ਘਰਾਂ ਨੂੰ ਅਖਬਾਰ ਵੰਡਣ ਤੋਂ ਲੇਟ ਹੋਜੂੰਗਾ।” ਉਹਹਨੇ ਭੋਲੇ ਜਿਹੇ ਮੂੰਹ ਨਾਲ ਜਵਾਬ ਦਿੱਤਾ ਤੇ ਗਲੀ ਦੇ ਦੂਜੇ ਘਰਾਂ ਵਿੱਚ ਅਖਬਾਰ ਵੰਡਦਾ ਵੰਡਦਾ ਉਹ ਆਪਣੇ ਸਾਇਕਲ ਸਮੇਤ ਤੇਜ਼ੀ ਨਾਲ ਧੁੰਦ ਵਿੱਚ ਆਲੋਪ ਹੋ ਗਿਆ। ਕਿਰਤ ਦੇ ਉਸ ਮੁਜੱਸਮੇ ਨੂੰ ਸਿਜਦਾ ਕਰਦੇ ਨੇ ਮੈਂ ਉਹਦੇ ਜਾਂਦੇ ਦੀ ਪਿੱਠ ਨੂੰ ਸਲੂਟ ਮਾਰਿਆ।
* * *
ਜੰਗ ਅਤੇ ਖੇਡਾਂ - ਕੌਮਾਂਤਰੀ ਖੇਡ ਪਿੜ ’ਤੇ ਇਸਦਾ ਅਸਰ
ਖੇਡਾਂ ਹਮੇਸ਼ਾ ਤੋਂ ਹੀ ਮਨੁੱਖੀ ਸੱਭਿਅਤਾ ਵਿੱਚ ਏਕਤਾ, ਭਾਈਚਾਰੇ, ਸ਼ਾਂਤੀ ਅਤੇ ਸਿਹਤਮੰਦ ਮੁਕਾਬਲੇ ਦਾ ਪ੍ਰਤੀਕ ਰਹੀਆਂ ਹਨ। ਓਲੰਪਿਕ ਵਰਗੇ ਵੱਡੇ ਕੌਮਾਂਤਰੀ ਖੇਡ ਮੰਚਾਂ ਦਾ ਮੁੱਖ ਉਦੇਸ਼ ਦੁਨੀਆਂ ਦੇ ਵੱਖ-ਵੱਖ ਦੇਸ਼ਾਂ, ਨਸਲਾਂ ਅਤੇ ਵਿਚਾਰਧਾਰਾਵਾਂ ਦੇ ਲੋਕਾਂ ਨੂੰ ਇੱਕ ਥਾਂ ਇਕੱਠਾ ਕਰਨਾ, ਕਿਸੇ ਕਿਸਮ ਦੀ ਖਹਿਬਾਜ਼ੀ ਜਾਂ ਜੰਗ ਤੋਂ ਉੱਪਰ ਉੱਠ ਕੇ ਖੇਡ ਭਾਵਨਾ ਦਾ ਜਸ਼ਨ ਮਨਾਉਣਾ ਰਿਹਾ ਹੈ। ਪ੍ਰਾਚੀਨ ਯੂਨਾਨ ਵਿੱਚ ਓਲੰਪਿਕ ਖੇਡਾਂ ਦੌਰਾਨ ਪਵਿੱਤਰ ਜੰਗਬੰਦੀ ਦੀ ਪਰੰਪਰਾ ਸੀ, ਜਿਸ ਤਹਿਤ ਖੇਡਾਂ ਦੇ ਦਿਨਾਂ ਦੌਰਾਨ ਸਾਰੇ ਯੁੱਧ ਰੋਕ ਦਿੱਤੇ ਜਾਂਦੇ ਸਨ ਤਾਂ ਜੋ ਖਿਡਾਰੀ ਅਤੇ ਦਰਸ਼ਕ ਸੁਰੱਖਿਅਤ ਯਾਤਰਾ ਕਰ ਸਕਣ।
ਪਰ ਅਜੋਕੇ ਦੌਰ ਵਿੱਚ ਖੇਡਾਂ ਅਤੇ ਰਾਜਨੀਤੀ ਦਾ ਆਪਸੀ ਸੰਬੰਧ ਇੰਨਾ ਗੁੰਝਲਦਾਰ ਹੋ ਚੁੱਕਾ ਹੈ ਕਿ ਖੇਡਾਂ ਹੁਣ ਜੰਗ ਦੇ ਪਰਛਾਵੇਂ ਤੋਂ ਮੁਕਤ ਨਹੀਂ ਰਹੀਆਂ। ਮੌਜੂਦਾ ਸਮੇਂ ਵਿੱਚ ਮੱਧ-ਪੂਰਬ ਵਿੱਚ ਇਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਸਿੱਧੀ ਅਤੇ ਅਸਿੱਧੀ ਜੰਗ ਅਤੇ ਇਸ ਵਿੱਚ ਅਮਰੀਕਾ ਦੀ ਸਰਗਰਮ ਹਿੱਸੇਦਾਰੀ ਨੇ ਨਾ ਸਿਰਫ ਆਲਮੀ ਸਿਆਸਤ ਨੂੰ ਹਿਲਾ ਕੇ ਰੱਖ ਦਿੱਤਾ ਹੈ, ਸਗੋਂ ਕੌਮਾਂਤਰੀ ਖੇਡ ਪਿੜ ’ਤੇ ਵੀ ਇਸਨੇ ਬਹੁਤ ਡੂੰਘੇ ਅਤੇ ਚਿੰਤਾਜਨਕ ਪ੍ਰਭਾਵ ਪਾਏ ਹਨ। ਇਸ ਯੁੱਧ ਨੇ ਖੇਡਾਂ ਦੀ ਨਿਰਪੱਖਤਾ, ਖਿਡਾਰੀਆਂ ਦੀ ਸੁਰੱਖਿਆ, ਖੇਡ ਕੂਟਨੀਤੀ ਅਤੇ ਆਲਮੀ ਖੇਡ ਸੰਸਥਾਵਾਂ ਦੇ ਫੈਸਲਿਆਂ ਨੂੰ ਪ੍ਰਭਾਵਿਤ ਕੀਤਾ ਹੈ।
ਬੇਸ਼ਕ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੇ ਵੱਡੇ ਰਾਜਨੀਤਿਕ ਟਕਰਾਅ ਨੇ ਖੇਡਾਂ ਨੂੰ ਪ੍ਰਭਾਵਿਤ ਕੀਤਾ ਹੋਵੇ। ਪਹਿਲੇ ਅਤੇ ਦੂਜੇ ਵਿਸ਼ਵ ਯੁੱਧ ਕਾਰਨ ਸੰਨ 1916, 1940 ਅਤੇ 1944 ਦੀਆਂ ਓਲੰਪਿਕ ਖੇਡਾਂ ਰੱਦ ਕਰਨੀਆਂ ਪਈਆਂ ਸਨ। ਸੀਤ ਯੁੱਧ ਦੌਰਾਨ 1980 ਦੀਆਂ ਮਾਸਕੋ ਓਲੰਪਿਕਸ ਦਾ ਅਮਰੀਕਾ ਅਤੇ ਉਸਦੇ ਸਹਿਯੋਗੀ ਮੁਲਕਾਂ ਦੁਆਰਾ ਬਾਈਕਾਟ ਕੀਤਾ ਗਿਆ ਸੀ, ਜਿਸਦੇ ਜਵਾਬ ਵਿੱਚ ਸੋਵੀਅਤ ਸੰਘ (ਹੁਣ ਰੂਸ) ਅਤੇ ਉਸਦੇ ਸਾਥੀ ਦੇਸ਼ਾਂ ਨੇ 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ਦਾ ਬਾਈਕਾਟ ਕੀਤਾ। ਹਾਲ ਹੀ ਵਿੱਚ ਰੂਸ-ਯੁਕਰੇਨ ਜੰਗ ਕਾਰਨ ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ। ਇਰਾਨ, ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਿਹਾ ਵਰਤਮਾਨ ਟਕਰਾਅ ਇੱਕ ਵੱਖਰੀ ਕਿਸਮ ਦੀ ਚੁਣੌਤੀ ਪੇਸ਼ ਕਰਦਾ ਹੈ। ਇਹ ਟਕਰਾਅ ਨਾ ਸਿਰਫ ਵਿਚਾਰਧਾਰਕ ਹੈ, ਸਗੋਂ ਇਸ ਵਿੱਚ ਧਰਮ, ਖੇਤਰੀ ਪ੍ਰਭੂਸੱਤਾ ਅਤੇ ਪਰਮਾਣੂ ਹਥਿਆਰਾਂ ਦੀ ਦੌੜ ਵਰਗੇ ਸੰਵੇਦਨਸ਼ੀਲ ਮੁੱਦੇ ਸ਼ਾਮਲ ਹਨ ਜਿਸ ਕਾਰਨ ਇਸਦਾ ਅਸਰ ਕੌਮਾਂਤਰੀ ਖੇਡ ਮੁਕਾਬਲਿਆਂ ’ਤੇ ਬਹੁਤ ਤਿੱਖਾ ਅਤੇ ਤਣਾਅਪੂਰਨ ਪੈ ਰਿਹਾ ਹੈ।
ਇਸ ਯੁੱਧ ਕਾਰਨ ਸਭ ਤੋਂ ਪਹਿਲਾ ਅਸਰ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦੀ ਸੁਰੱਖਿਆ ’ਤੇ ਪੈ ਰਿਹਾ ਹੈ। ਮੱਧ-ਪੂਰਬ ਵਿੱਚ ਵਧ ਰਹੇ ਹਵਾਈ ਹਮਲਿਆਂ, ਮਿਜ਼ਾਈਲ ਦਾਗੇ ਜਾਣ ਦੀਆਂ ਘਟਨਾਵਾਂ ਅਤੇ ਅਸਥਿਰਤਾ ਕਾਰਨ ਇਸ ਖੇਤਰ ਵਿੱਚੋਂ ਲੰਘਣ ਵਾਲੀਆਂ ਹਵਾਈ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਇਰਾਨ ਅਤੇ ਇਜ਼ਰਾਈਲ, ਦੋਵਾਂ ਦੇਸ਼ਾਂ ਵਿੱਚ ਕੌਮਾਂਤਰੀ ਮੈਚਾਂ ਦੀ ਮੇਜ਼ਬਾਨੀ ਲਗਭਗ ਅਸੰਭਵ ਹੋ ਗਈ ਹੈ। ਏਸ਼ੀਅਨ ਫੁੱਟਬਾਲ ਕਨਫੈਡਰੇਸ਼ਨ ਅਤੇ ਫੀਫਾ ਵਰਗੀਆਂ ਖੇਡ ਸੰਸਥਾਵਾਂ ਨੇ ਕਈ ਵਾਰ ਇਰਾਨ ਦੇ ਕਲੱਬਾਂ ਅਤੇ ਰਾਸ਼ਟਰੀ ਟੀਮ ਦੇ ਮੈਚਾਂ ਨੂੰ ਸੁਰੱਖਿਆ ਕਾਰਨਾਂ ਕਰਕੇ ਨਿਰਪੱਖ ਸਥਾਨਾਂ (ਜਿਵੇਂ ਦੁਬਈ ਜਾਂ ਕਤਰ) ਵਿੱਚ ਤਬਦੀਲ ਕੀਤਾ ਹੈ। ਇਸੇ ਤਰ੍ਹਾਂ ਇਜ਼ਰਾਈਲ ਵਿੱਚ ਹੋਣ ਵਾਲੇ ਯੂਰਪੀਅਨ ਫੁੱਟਬਾਲ ਮੈਚ ਵੀ ਬਾਹਰ ਤਬਦੀਲ ਕਰਨੇ ਪਏ ਹਨ।
ਯੁੱਧ ਕਰਕੇ ਹੁਣ ਕੌਮਾਂਤਰੀ ਖਿਡਾਰੀ ਮੱਧ-ਪੂਰਬ ਦੇ ਖੇਤਰਾਂ ਵਿੱਚ ਜਾਣ ਤੋਂ ਡਰਨ ਲੱਗ ਪਏ ਹਨ। ਜਦੋਂ ਅਮਰੀਕਾ ਅਤੇ ਇਰਾਨ ਵਿਚਾਲੇ ਸਿੱਧੀ ਜੰਗ ਦੀਆਂ ਧਮਕੀਆਂ ਚੱਲ ਰਹੀਆਂ ਹੋਣ ਤਾਂ ਅਮਰੀਕੀ ਖਿਡਾਰੀ ਜਾਂ ਪੱਛਮੀ ਦੇਸ਼ਾਂ ਦੇ ਐਥਲੀਟ ਇਸ ਖੇਤਰ ਵਿੱਚ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਤੋਂ ਗੁਰੇਜ਼ ਕਰਦੇ ਹਨ। ਇਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੇ ਦੁਸ਼ਮਣੀ ਭਰੇ ਸਬੰਧਾਂ ਦਾ ਸਭ ਤੋਂ ਵੱਡਾ ਪ੍ਰਭਾਵ ਖੇਡ ਮੈਦਾਨਾਂ ਵਿੱਚ ਮੁਕਾਬਲੇ ਤੋਂ ਇਨਕਾਰ ਦੇ ਰੂਪ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਇਰਾਨ ਦੀ ਸਰਕਾਰ ਆਪਣੇ ਦੇਸ਼ ਦੇ ਖਿਡਾਰੀਆਂ ’ਤੇ ਸਖਤ ਪਾਬੰਦੀ ਲਾ ਦਿੱਤੀ ਹੈ ਕਿ ਉਹ ਕਿਸੇ ਵੀ ਕੌਮਾਂਤਰੀ ਮੰਚ ’ਤੇ ਇਜ਼ਰਾਈਲੀ ਖਿਡਾਰੀਆਂ ਨਾਲ ਮੁਕਾਬਲਾ ਨਾ ਕਰਨ। ਇਰਾਨ ਇਜ਼ਰਾਈਲ ਨੂੰ ਇੱਕ ਦੇਸ਼ ਵਜੋਂ ਮਾਨਤਾ ਨਹੀਂ ਦਿੰਦਾ। ਜੇਕਰ ਕੋਈ ਇਰਾਨੀ ਖਿਡਾਰੀ ਇਜ਼ਰਾਈਲੀ ਐਥਲੀਟ ਨਾਲ ਖੇਡਦਾ ਹੈ ਤਾਂ ਉਸ ਨੂੰ ਦੇਸ਼ ਵਿੱਚ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ। ਇਸ ਨੀਤੀ ਕਾਰਨ ਕਈ ਵਾਰ ਇਰਾਨ ਦੇ ਜੂਡੋ, ਕੁਸ਼ਤੀ ਅਤੇ ਸ਼ਤਰੰਜ ਦੇ ਖਿਡਾਰੀਆਂ ਨੂੰ ਜਾਣਬੁੱਝ ਕੇ ਮੈਚ ਹਾਰਨਾ ਪੈਂਦਾ ਹੈ ਤਾਂ ਜੋ ਅਗਲੇ ਦੌਰ ਵਿੱਚ ਇਜ਼ਰਾਈਲੀ ਖਿਡਾਰੀ ਨਾਲ ਟਾਕਰਾ ਨਾ ਹੋਵੇ ਜਾਂ ਫਿਰ ਬਿਮਾਰੀ ਦਾ ਬਹਾਨਾ ਬਣਾ ਕੇ ਟੂਰਨਾਮੈਂਟ ਤੋਂ ਪਿੱਛੇ ਹਟਣਾ ਪੈਂਦਾ ਹੈ।
ਦੂਜੇ ਬੰਨੇ ਅਮਰੀਕਾ, ਜੋ ਕਿ ਇਜ਼ਰਾਈਲ ਦਾ ਸਭ ਤੋਂ ਵੱਡਾ ਸਹਿਯੋਗੀ ਹੈ, ਅਕਸਰ ਅਜਿਹੀਆਂ ਘਟਨਾਵਾਂ ’ਤੇ ਤਿੱਖਾ ਪ੍ਰਤੀਕਰਮ ਦਿੰਦਾ ਹੈ ਅਤੇ ਕੌਮਾਂਤਰੀ ਮੰਚਾਂ ’ਤੇ ਇਰਾਨੀ ਖੇਡ ਫੈਡਰੇਸ਼ਨਾਂ ’ਤੇ ਪਾਬੰਦੀਆਂ ਲਾਉਣ ਲਈ ਦਬਾਅ ਪਾਉਂਦਾ ਹੈ। ਇਸ ਨਾਲ ਖੇਡਾਂ ਦਾ ਮਾਹੌਲ ਪੂਰੀ ਤਰ੍ਹਾਂ ਰਾਜਨੀਤਿਕ ਬਣ ਜਾਂਦਾ ਹੈ। ਕੌਮਾਂਤਰੀ ਖੇਡ ਸੰਸਥਾਵਾਂ ਦੇ ਦੋਹਰੇ ਮਾਪਦੰਡ ਅਤੇ ਸਿਆਸੀਕਰਨ ਕਰਕੇ ਇਸ ਯੁੱਧ ਨੇ ਆਈ.ਓ.ਸੀ., ਫੀਫਾ ਅਤੇ ਹੋਰ ਖੇਡ ਸੰਸਥਾਵਾਂ ਦੀ ਭਰੋਸੇਯੋਗਤਾ ’ਤੇ ਵੱਡੇ ਸਵਾਲੀਆ ਨਿਸ਼ਾਨ ਲਗਾ ਦਿੱਤੇ ਹਨ। ਜਦੋਂ ਰੂਸ ਨੇ ਯੁਕਰੇਨ ’ਤੇ ਹਮਲਾ ਕੀਤਾ ਸੀ ਤਾਂ ਆਈ.ਓ.ਸੀ. ਅਤੇ ਫੀਫਾ ਨੇ ਤੁਰੰਤ ਰੂਸ ਨੂੰ ਖੇਡਾਂ ਵਿੱਚੋਂ ਮੁਅੱਤਲ ਕਰ ਦਿੱਤਾ ਸੀ ਅਤੇ ਰੂਸੀ ਖਿਡਾਰੀਆਂ ਨੂੰ ਰਾਸ਼ਟਰੀ ਝੰਡੇ ਹੇਠ ਖੇਡਣ ਤੋਂ ਰੋਕ ਦਿੱਤਾ। ਪਰ ਹੁਣ ਜਦੋਂ ਇਜ਼ਰਾਈਲ-ਗਾਜ਼ਾ-ਇਰਾਨ ਯੁੱਧ ਚੱਲ ਰਿਹਾ ਹੈ, ਜਿਸ ਵਿੱਚ ਹਜ਼ਾਰਾਂ ਬੇਗੁਨਾਹ ਲੋਕ ਮਾਰੇ ਜਾ ਚੁੱਕੇ ਹਨ, ਤਾਂ ਇਨ੍ਹਾਂ ਸੰਸਥਾਵਾਂ ਨੇ ਇਜ਼ਰਾਈਲ ਵਿਰੁੱਧ ਕੋਈ ਸਖਤ ਕਾਰਵਾਈ ਨਹੀਂ ਕੀਤੀ।
ਦੁਨੀਆ ਦੇ ਕਈ ਦੇਸ਼ਾਂ, ਵਿਸ਼ੇਸ਼ ਤੌਰ ’ਤੇ ਗਲੋਬਲ ਸਾਊਥ ਅਤੇ ਮੁਸਲਿਮ ਦੇਸਾਂ ਦਾ ਦੋਸ਼ ਹੈ ਕਿ ਇਨ੍ਹਾਂ ਖੇਡ ਸੰਸਥਾਵਾਂ ਉੱਤੇ ਅਮਰੀਕਾ ਅਤੇ ਪੱਛਮੀ ਦੇਸ਼ਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ। ਅਮਰੀਕੀ ਕਾਰਪੋਰੇਟ ਸਪਾਂਸਰਾਂ ਦੇ ਪ੍ਰਭਾਵ ਅਤੇ ਰਾਜਨੀਤਿਕ ਦਬਾਅ ਕਾਰਨ ਇਜ਼ਰਾਈਲ ਵਿਰੁੱਧ ਕਾਰਵਾਈ ਕਰਨ ਤੋਂ ਬਚਿਆ ਜਾਂਦਾ ਹੈ, ਜਦਕਿ ਇਰਾਨ ਵਰਗੇ ਦੇਸ਼ਾਂ ਦੇ ਖਿਡਾਰੀਆਂ ’ਤੇ ਸਖਤ ਨਿਗਾਹ ਰੱਖੀ ਜਾਂਦੀ ਹੈ। ਇਹ ਪੱਖਪਾਤ ਕੌਮਾਂਤਰੀ ਖੇਡ ਪਿੜ ਵਿੱਚ ਵੰਡੀਆਂ ਪਾ ਰਿਹਾ ਹੈ। ਯੁੱਧ ਕਾਰਨ ਖੇਡ ਸਪਾਂਸਰਸ਼ਿੱਪ, ਮੱਧ-ਪੂਰਬੀ ਪੂੰਜੀ ’ਤੇ ਆਰਥਿਕ ਅਸਰ ਦੇਖਣ ਨੂੰ ਮਿਲ ਰਿਹਾ ਹੈ ਮਸਲਨ ਅੱਜ ਦੇ ਦੌਰ ਵਿੱਚ ਖੇਡਾਂ ਸਿਰਫ ਸਰੀਰਕ ਮੁਕਾਬਲਾ ਨਹੀਂ ਹਨ, ਸਗੋਂ ਅਰਬਾਂ ਡਾਲਰਾਂ ਦਾ ਉਦਯੋਗ ਵੀ ਹਨ। ਇਸ ਉਦਯੋਗ ਵਿੱਚ ਮੱਧ-ਪੂਰਬ ਦੇ ਦੇਸ਼ (ਕਤਰ, ਯੂ.ਏ.ਈ., ਸਾਊਦੀ ਅਰਬ) ਅਤੇ ਅਮਰੀਕੀ ਕਾਰਪੋਰੇਟ ਕੰਪਨੀਆਂ ਸਭ ਤੋਂ ਵੱਡੇ ਨਿਵੇਸ਼ਕ ਹਨ।
ਇਸ ਜੰਗ ਕਾਰਨ ਵਿਸ਼ਵ ਪੱਧਰ ’ਤੇ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾ ਆਇਆ ਹੈ। ਆਰਥਿਕ ਮੰਦੀ ਦੇ ਡਰ ਕਾਰਨ ਖੇਡਾਂ ਦੇ ਬਜਟ, ਸਟੇਡੀਅਮਾਂ ਦੀ ਉਸਾਰੀ ਅਤੇ ਵੱਡੇ ਖੇਡ ਟੂਰਨਾਮੈਂਟਾਂ ਦੇ ਆਯੋਜਨ ’ਤੇ ਨਕਾਰਾਤਮਕ ਅਸਰ ਪਿਆ ਹੈ। ਅਮਰੀਕੀ ਕੰਪਨੀਆਂ ਵੀ ਯੁੱਧ ਪ੍ਰਭਾਵਿਤ ਖੇਤਰਾਂ ਵਿੱਚ ਨਿਵੇਸ਼ ਕਰਨ ਤੋਂ ਪਿੱਛੇ ਹਟਦੀਆਂ ਨਜ਼ਰ ਆ ਰਹੀਆਂ ਹਨ। ਇਸ ਯੁੱਧ ਦੇ ਕੇਂਦਰ ਵਿੱਚ ਰਹਿਣ ਵਾਲੇ ਦੇਸ਼ਾਂ ਦੇ ਖਿਡਾਰੀਆਂ ਦੀ ਮਾਨਸਿਕ ਸਥਿਤੀ ਬਹੁਤ ਨਾਜ਼ਕ ਬਣੀ ਹੋਈ ਹੈ। ਜਦੋਂ ਕੋਈ ਇਰਾਨੀ ਜਾਂ ਇਜ਼ਰਾਈਲੀ ਖਿਡਾਰੀ ਵਿਦੇਸ਼ ਦੀ ਧਰਤੀ ’ਤੇ ਖੇਡ ਰਿਹਾ ਹੁੰਦਾ ਹੈ ਤੇ ਦੂਜੇ ਪਾਸੇ ਉਸਦੇ ਆਪਣੇ ਦੇਸ਼ ’ਤੇ ਮਿਜ਼ਾਈਲਾਂ ਵਰ੍ਹ ਰਹੀਆਂ ਹੋਣ ਤਾਂ ਉਸ ਲਈ ਖੇਡ ’ਤੇ ਧਿਆਨ ਕੇਂਦਰਿਤ ਕਰਨਾ ਅਸੰਭਵ ਹੁੰਦਾ ਹੈ। ਇੰਝ ਖਿਡਾਰੀਆਂ ਦੇ ਪਰਿਵਾਰਾਂ ਦੀ ਸੁਰੱਖਿਆ ਹਮੇਸ਼ਾ ਖਤਰੇ ਵਿੱਚ ਰਹਿੰਦੀ ਹੈ। ਖਿਡਾਰੀਆਂ ਉੱਪਰ ਆਪਣੀਆਂ ਸਰਕਾਰਾਂ ਦੀਆਂ ਜੰਗੀ ਨੀਤੀਆਂ ਦਾ ਸਮਰਥਨ ਕਰਨ ਲਈ ਦਬਾਅ ਪਾਇਆ ਜਾਂਦਾ ਹੈ। ਜੇਕਰ ਕੋਈ ਖਿਡਾਰੀ ਜੰਗ ਦੇ ਖ਼ਿਲਾਫ ਸ਼ਾਂਤੀ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਦੇਸ਼ਧ੍ਰੋਹੀ ਐਲਾਨ ਦਿੱਤਾ ਜਾਂਦਾ ਹੈ। ਕਈ ਇਰਾਨੀ ਖਿਡਾਰੀਆਂ ਨੇ ਜਦੋਂ ਦੇਸ਼ ਵਿੱਚ ਮਨੁੱਖੀ ਅਧਿਕਾਰਾਂ ਦੇ ਹੱਕ ਵਿੱਚ ਜਾਂ ਯੁੱਧ ਵਿਰੁੱਧ ਆਵਾਜ਼ ਉਠਾਈ ਤਾਂ ਉਹਨਾਂ ਦੇ ਪਾਸਪੋਰਟ ਜ਼ਬਤ ਕਰ ਲਏ ਗਏ ਜਾਂ ਉਹਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ।
ਯੁੱਧ ਨੇ ਵਿਸ਼ਵ ਖੇਡ ਜਗਤ ਨੂੰ ਦੋ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਅਮਰੀਕਾ ਅਤੇ ਉਸਦੇ ਸਹਿਯੋਗੀ ਮੁਲਕਾਂ ਨੂੰ ਪੱਛਮੀ ਬਲਾਕ ਵਾਲਾ ਧੜਾ ਕਿਹਾ ਜਾਂਦਾ ਹੈ ਤੇ ਇਹ ਧੜਾ ਇਜ਼ਰਾਈਲ ਦੀ ਹਿਮਾਇਤ ਕਰਦਾ ਹੈ ਅਤੇ ਕੌਮਾਂਤਰੀ ਮੰਚਾਂ ’ਤੇ ਇਰਾਨ ਦੀਆਂ ਖੇਡ ਗਤੀਵਿਧੀਆਂ ’ਤੇ ਨਜ਼ਰ ਰੱਖਦਾ ਹੈ। ਉਹ ਇਰਾਨ ਦੇ ਮਨੁੱਖੀ ਅਧਿਕਾਰਾਂ ਦੇ ਰਿਕਾਰਡ ਅਤੇ ਮਹਿਲਾਵਾਂ ਨੂੰ ਸਟੇਡੀਅਮਾਂ ਵਿੱਚ ਜਾਣ ਦੀ ਇਜਾਜ਼ਤ ਨਾ ਦੇਣ ਵਰਗੇ ਮੁੱਦਿਆਂ ’ਤੇ ਸਖਤ ਰੁਖ ਅਪਣਾਉਂਦਾ ਹੈ। ਦੂਜੇ ਬੰਨੇ ਪੂਰਬੀ ਅਤੇ ਇਸਲਾਮਿਕ ਬਲਾਕ ਵਾਲਾ ਧੜਾ ਫਲਸਤੀਨ ਅਤੇ ਇਰਾਨ ਦੀ ਹਿਮਾਇਤ ਵਿੱਚ ਖੜ੍ਹਦਾ ਹੈ। ਕਈ ਅਰਬ ਖਿਡਾਰੀ ਜਿਵੇਂ ਅਲਜੀਰੀਆ ਦੇ ਜੂਡੋ ਖਿਡਾਰੀ ਫੇਥੀ ਨੂਰੀਨ ਨੇ ਇਜ਼ਰਾਈਲ ਵਿਰੁੱਧ ਖੇਡਣ ਦੀ ਬਜਾਏ ਖੇਡਾਂ ਨੂੰ ਛੱਡਣਾ ਬਿਹਤਰ ਸਮਝਿਆ। ਅਜਿਹੇ ਖਿਡਾਰੀਆਂ ਨੂੰ ਉਹਨਾਂ ਦੇ ਦੇਸ਼ਾਂ ਵਿੱਚ ਇੱਕ ਨਾਇਕ ਵਜੋਂ ਦੇਖਿਆ ਜਾਂਦਾ ਹੈ।
ਇਹ ਧਰੁਵੀਕਰਨ ਖੇਡਾਂ ਦੀ ਉਸ ਮੂਲ ਭਾਵਨਾ ਨੂੰ ਤਬਾਹ ਕਰ ਰਿਹਾ ਹੈ ਜਿਸਦਾ ਉਦੇਸ਼ ਖੇਡਾਂ ਰਾਹੀਂ ਦੁਨੀਆਂ ਨੂੰ ਜੋੜਨਾ ਸੀ।
ਯੁੱਧ ਕਾਰਨ ਉੱਪਜੇ ਇਸ ਮਾਹੌਲ ਕਾਰਨ ਸਵਾਲ ਉੱਠਦਾ ਹੈ ਕੀ ਖੇਡ ਡਿਪਲੋਮੇਸੀ ਅਜੇ ਵੀ ਸੰਭਵ ਹੈ? ਪਰ ਇਤਿਹਾਸ ਗਵਾਹ ਹੈ ਕਿ ਖੇਡਾਂ ਨੇ ਕਈ ਵਾਰ ਕੱਟੜ ਦੁਸ਼ਮਣਾਂ ਨੂੰ ਵੀ ਨੇੜੇ ਲਿਆਂਦਾ ਹੈ। 1970 ਦੇ ਦਹਾਕੇ ਵਿੱਚ ਅਮਰੀਕਾ ਅਤੇ ਚੀਨ ਵਿਚਾਲੇ ਪਿੰਗ-ਪੌਂਗ (ਟੇਬਲ ਟੈਨਿਸ) ਕੂਟਨੀਤੀ ਨੇ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਸੁਧਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਕੂਟਨੀਤੀ ਨੇ ਕਈ ਵਾਰ ਤਣਾਅ ਨੂੰ ਘੱਟ ਕੀਤਾ ਹੈ। 2018 ਦੀਆਂ ਵਿੰਟਰ ਓਲੰਪਿਕਸ ਵਿੱਚ ਉੱਤਰੀ ਅਤੇ ਦੱਖਣੀ ਕੋਰੀਆ ਦੇ ਖਿਡਾਰੀਆਂ ਨੇ ਇੱਕੋ ਝੰਡੇ ਹੇਠ ਮਾਰਚ ਕੀਤਾ ਸੀ। ਪਰ ਅਜੇ ਇਰਾਨ, ਇਜ਼ਰਾਈਲ ਅਤੇ ਅਮਰੀਕਾ ਦੇ ਮਾਮਲੇ ਵਿੱਚ ਅਜਿਹੀ ਕਿਸੇ ਖੇਡ ਕੂਟਨੀਤੀ ਦੀ ਉਮੀਦ ਬਹੁਤ ਮੱਧਮ ਨਜ਼ਰ ਆਉਂਦੀ ਹੈ ਕਿਉਂਕਿ ਇਸਦੇ ਕਈ ਮੁੱਖ ਕਾਰਨ ਹਨ। ਮਸਲਨ ਦੋਵਾਂ ਪਾਸਿਆਂ ਤੋਂ ਰਾਜਨੀਤਿਕ ਅਤੇ ਧਾਰਮਿਕ ਲੀਡਰਸ਼ਿੱਪ ਖੇਡਾਂ ਨੂੰ ਵੀ ਆਪਣੇ ਪ੍ਰਚਾਰ ਦੇ ਸਾਧਨ ਵਜੋਂ ਵਰਤਦੀ ਹੈ। ਜਦੋਂ ਤਕ ਦੋਵੇਂ ਧਿਰਾਂ ਇੱਕ-ਦੂਜੇ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦੀਆਂ, ਉਦੋਂ ਤਕ ਖੇਡਾਂ ਦੇ ਮੈਦਾਨ ਵਿੱਚ ਕਿਸੇ ਸਕਾਰਾਤਮਕ ਸੰਵਾਦ ਦੀ ਸ਼ੁਰੂਆਤ ਨਹੀਂ ਹੋ ਸਕਦੀ।
ਕੌਮਾਂਤਰੀ ਖੇਡ ਪਿੜ ਨੂੰ ਜੰਗ ਅਤੇ ਰਾਜਨੀਤੀ ਦੇ ਭਿਆਨਕ ਪ੍ਰਭਾਵਾਂ ਤੋਂ ਬਚਾਉਣ ਲਈ ਕੁਝ ਦੂਰਅੰਦੇਸ਼ੀ ਕਦਮ ਚੁੱਕਣ ਦੀ ਲੋੜ ਹੈ। ਜਿਵੇਂ ਖੇਡ ਸੰਸਥਾਵਾਂ ਆਈ.ਓ.ਸੀ., ਫੀਫਾ ਅਤੇ ਹੋਰਾਂ ਨੂੰ ਪੂਰਨ ਖੁਦਮੁਖਤਿਆਰੀ ਲਈ ਕਿਸੇ ਵੀ ਸੁਪਰਪਾਵਰ, ਚਾਹੇ ਉਹ ਅਮਰੀਕਾ ਹੋਵੇ ਜਾਂ ਕੋਈ ਹੋਰ, ਦੇ ਸਿਆਸੀ ਪ੍ਰਭਾਵ ਤੋਂ ਮੁਕਤ ਹੋਣਾ ਚਾਹੀਦਾ ਹੈ। ਨਿਯਮ ਸਾਰੇ ਦੇਸ਼ਾਂ ਲਈ ਇੱਕੋ ਜਿਹੇ ਹੋਣੇ ਚਾਹੀਦੇ ਹਨ। ਜੇਕਰ ਕਿਸੇ ਦੇਸ਼ ’ਤੇ ਹਮਲੇ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਾਰਨ ਪਾਬੰਦੀ ਲਾਈ ਜਾਂਦੀ ਹੈ ਤਾਂ ਉਹ ਕਾਨੂੰਨ ਸਾਰੇ ਦੇਸ਼ਾਂ ’ਤੇ ਬਰਾਬਰ ਲਾਗੂ ਹੋਣਾ ਚਾਹੀਦਾ ਹੈ, ਨਾ ਕਿ ਸਿਰਫ ਪੱਛਮੀ ਦੇਸ਼ਾਂ ਦੇ ਵਿਰੋਧੀਆਂ ਉੱਤੇ। ਖਿਡਾਰੀਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰੋਟੋਕੋਲ ਹੋਵੇ। ਜੰਗ ਪ੍ਰਭਾਵਿਤ ਖੇਤਰਾਂ ਦੇ ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ਵਿੱਚ ਸੁਰੱਖਿਅਤ ਹਿੱਸਾ ਲੈਣ ਦੇਣ ਲਈ ਕੌਮਾਂਤਰੀ ਪੱਧਰ ’ਤੇ ਸੇਫ ਪੈਸੇਜ ਅਤੇ ਵੀਜ਼ਾ ਨਿਯਮਾਂ ਨੂੰ ਸਰਲ ਬਣਾਇਆ ਜਾਣਾ ਚਾਹੀਦਾ ਹੈ। ਵੱਡੇ ਖੇਡ ਟੂਰਨਾਮੈਂਟਾਂ ਦੌਰਾਨ ਸਿਆਸੀ ਬਿਆਨਬਾਜ਼ੀ, ਪ੍ਰਦਰਸ਼ਨ ਅਤੇ ਬਾਈਕਾਟ ਦੇ ਰੁਝਾਨ ਨੂੰ ਉਤਸ਼ਾਹਿਤ ਨਹੀਂ ਕੀਤਾ ਜਾਣਾ ਚਾਹੀਦਾ। ਖੇਡਾਂ ਨੂੰ ਸਿਰਫ ਖੇਡ ਦੇ ਰੂਪ ਵਿੱਚ ਹੀ ਦੇਖਿਆ ਜਾਣਾ ਚਾਹੀਦੈ।
ਮੱਧ-ਪੂਰਬ ਵਿੱਚ ਇਰਾਨ, ਇਜ਼ਰਾਈਲ ਅਤੇ ਅਮਰੀਕਾ ਦਾ ਚੱਲ ਰਿਹਾ ਵਰਤਮਾਨ ਟਕਰਾਅ ਕੇਵਲ ਇੱਕ ਖੇਤਰੀ ਯੁੱਧ ਨਹੀਂ ਹੈ, ਸਗੋਂ ਇਹ ਮਨੁੱਖੀ ਕਦਰਾਂ-ਕੀਮਤਾਂ, ਅਮਨ-ਸ਼ਾਂਤੀ ਅਤੇ ਕੌਮਾਂਤਰੀ ਭਾਈਚਾਰੇ ’ਤੇ ਇੱਕ ਵੱਡਾ ਹਮਲਾ ਹੈ। ਇਸ ਜੰਗ ਦੇ ਭਾਰੀ ਪਰਛਾਵੇਂ ਨੇ ਖੇਡਾਂ ਦੇ ਮੈਦਾਨਾਂ ਨੂੰ ਆਪਣੇ ਲਪੇਟੇ ਵਿੱਚ ਲੈ ਰੱਖਿਆ ਹੈ, ਜਿਸ ਨਾਲ ਖੇਡਾਂ ਦੀ ਨਿਰਪੱਖਤਾ, ਖਿਡਾਰੀਆਂ ਦੀ ਮਾਨਸਿਕ ਅਤੇ ਸਰੀਰਕ ਸੁਰੱਖਿਆ ਅਤੇ ਆਲਮੀ ਖੇਡ ਸੰਸਥਾਵਾਂ ਦੀ ਸਾਖ ਨੂੰ ਵੱਡੀ ਸੱਟ ਵੱਜੀ ਹੈ। ਖੇਡਾਂ ਸਾਨੂੰ ਇਹ ਸਿਖਾਉਂਦੀਆਂ ਹਨ ਕਿ ਅਸੀਂ ਵਿਰੋਧੀ ਹੋ ਸਕਦੇ ਹਾਂ, ਪਰ ਦੁਸ਼ਮਣ ਨਹੀਂ। ਜੇਕਰ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਖੇਡਾਂ ਦੇ ਅਸਲ ਮਨੋਰਥ, ਸ਼ਾਂਤੀ ਅਤੇ ਭਾਈਚਾਰੇ ਨੂੰ ਮਹਿਸੂਸ ਕਰ ਸਕਣ ਤਾਂ ਵਿਸ਼ਵ ਭਾਈਚਾਰੇ ਨੂੰ ਜੰਗਾਂ ਨੂੰ ਰੋਕਣ ਲਈ ਗੰਭੀਰ ਯਤਨ ਕਰਨੇ ਪੈਣਗੇ। ਖੇਡਾਂ ਦਾ ਪਿੜ ਜੰਗ ਦੇ ਹਥਿਆਰਾਂ ਨਾਲ ਨਹੀਂ, ਸਗੋਂ ਖਿਡਾਰੀਆਂ ਦੀ ਖੇਡ ਭਾਵਨਾ ਅਤੇ ਦਰਸ਼ਕਾਂ ਦੀਆਂ ਤਾੜੀਆਂ ਨਾਲ ਗੂੰਜਣਾ ਚਾਹੀਦਾ ਹੈ। ਜੰਗਾਂ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀਆਂ, ਉਹ ਸਿਰਫ ਤਬਾਹੀ ਲਿਆਉਂਦੀਆਂ ਹਨ, ਜਦਕਿ ਖੇਡਾਂ ਸਾਨੂੰ ਮੁੜ ਉੱਠਣ, ਜੁੜਨ ਅਤੇ ਜੀਵਨ ਦਾ ਜਸ਼ਨ ਮਨਾਉਣ ਦੀ ਪ੍ਰੇਰਣਾ ਦਿੰਦੀਆਂ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































