“13 ਸਤੰਬਰ 1915 ਨੂੰ ਸਰਾਭਾ ਜੀ ਸਮੇਤ 24 ਸਾਥੀਆਂ ਨੂੰ ਫਾਂਸੀ ਅਤੇ ...”
(24 ਮਈ 2026)
24 ਮਈ 1896 ਨੂੰ ਜਨਮ ਲੈਣ ਤੋਂ ਲੈ ਕੇ 16 ਨਵੰਬਰ 1915 ਤਕ ਦੇ ਛੋਟੇ ਜਿਹੇ ਸਫਰ ਦੌਰਾਨ ਕਰਤਾਰ ਸਿੰਘ ਦਾ ਜੀਵਨ ਹਰ ਇੱਕ ਮਨੁੱਖ ਲਈ ਪ੍ਰੇਰਨਾਦਾਇਕ ਹੈ ਜੋ ਅਜ਼ਾਦੀ ਦਾ ਜੰਡਾ-ਬਰਦਾਰ ਹੈ। ਇਸ ਸੂਰਮੇ ਦੀ ਫੋਟੋ ਸਦਾ ਹੀ ਸ. ਭਗਤ ਸਿੰਘ ਦੀ ਜੇਬ ਵਿੱਚ ਹੁੰਦੀ ਸੀ। ਉਹਨਾਂ ਦਾ ਜਨਮ ਸ. ਮੰਗਲ ਸਿੰਘ ਜੀ ਦੇ ਘਰ ਮਾਤਾ ਸਾਹਿਬ ਕੌਰ ਦੀ ਕੁੱਖੋਂ ਜ਼ਿਲ੍ਹਾ ਲੁਧਿਆਣਾ ਦੇ ਇੱਕ ਛੋਟੇ ਜਿਹੇ ਪਿੰਡ ‘ਸਰਾਭਾ’ ਵਿੱਚ ਹੋਇਆ। ਸ. ਕਰਤਾਰ ਸਿੰਘ ਆਪਣੇ ਮਾਤਾ-ਪਿਤਾ ਦਾ ਇੱਕਲੌਤਾ ਪੁੱਤਰ ਸੀ। ਬਚਪਨ ਵਿੱਚ ਹੀ ਆਪ ਦੇ ਮਾਤਾ ਜੀ ਤੇ ਪਿਤਾ ਜੀ ਦੇ ਅਕਾਲ-ਚਲਾਣਾ ਕਰ ਜਾਣ ਤੋਂ ਬਾਅਦ ਆਪ ਦਾ ਪਾਲਣ-ਪੋਸਣ ਆਪ ਦੇ ਦਾਦਾ ਸ. ਬਦਨ ਸਿੰਘ ਜੀ ਨੇ ਕੀਤਾ। ਪਹਿਲਾਂ ਉਹਨਾਂ ਨੇ ਗੁਜਰਵਾਲ ਪਿੰਡ ਦੇ ਸਕੂਲ ਵਿੱਚ ਵਿੱਦਿਆ ਹਾਸਲ ਕੀਤੀ। ਅਗਲੀ ਪੜ੍ਹਾਈ ਲੁਧਿਆਣਾ ਦੇ ਮਾਲਵਾ ਖਾਲਸਾ ਹਾਈ ਸਕੂਲ ਤੋਂ ਕੀਤੀ ਤੇ ਉਸ ਤੋਂ ਬਾਅਦ ਉਹ ਆਪਣੇ ਚਾਚੇ ਬਖਸੀਸ਼ ਸਿੰਘ ਕੋਲ ਉੜੀਸਾ ਚਲੇ ਗਏ। ਉਦੋਂ ਤਕ ਉਹ ਸਕੂਲੀ ਕਿਤਾਬਾਂ ਦੇ ਨਾਲ ਨਾਲ ਹੋਰ ਸਾਹਿਤ ਪੜ੍ਹਨ ਦੇ ਵੀ ਆਦੀ ਹੋ ਚੁੱਕੇ ਸਨ। ਖੁੱਲ੍ਹ-ਦਿਲੇ, ਮਿਲਾਪੜੇ, ਦਲੀਲ ਨਾਲ ਗੱਲ ਕਰਨ ਵਾਲੇ ਅਤੇ ਹਸਮੁਖ ਸੁਭਾਅ ਵਾਲੇ ਇਸ ਨੌਜਵਾਨ ਉੱਤੇ ਉਸ ਸਮੇਂ ਚੱਲ ਰਹੇ ਮਾਹੌਲ ਦਾ ਅਸਰ ਹੋਣਾ ਕੁਦਰਤੀ ਸੀ। ਗੁਲਾਮੀ ਦੇ ਅਹਿਸਾਸ ਨੇ ਸ. ਕਰਤਾਰ ਸਿੰਘ ਦੀ ਅੰਤਰ-ਆਤਮਾ ਨੂੰ ਬੜੀ ਬੁਰੀ ਤਰ੍ਹਾਂ ਟੁੰਬਣਾ ਸ਼ੁਰੂ ਕਰ ਦਿੱਤਾ। ਪਰ ਇਸ ਤੋਂ ਪਹਿਲਾਂ ਕਿ ਇਹ ਅਹਿਸਾਸ ਕਿਸੇ ਘਟਨਾਕਰਮ ਨੂੰ ਅੰਜਾਮ ਦੇਣ ਤਕ ਪੁੱਜਦਾ, ਉਹਨਾਂ ਦਾ ਅਮਰੀਕਾ ਜਾਣ ਦਾ ਪ੍ਰੋਗਰਾਮ ਬਣ ਗਿਆ। 1912 ਵਿੱਚ ਉਹ ਸਨਫਰਾਂਸਿਸਕੋ ਵਿੱਚ ਸੀ, ਜਿੱਥੇ ਅਮਰੀਕੀ ਸਿਪਾਹੀਆਂ ਵੱਲੋਂ ਭਾਰਤੀਆਂ ਨਾਲ ਦੁਰਵਿਹਾਰ ਨੇ ਇਸ ਯੋਧੇ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ।
ਗੁਲਾਮੀ ਦੇ ਇਸੇ ਸਰਾਪ ਤੋਂ ਆਪਣੇ ਦੇਸ਼ ਅਤੇ ਦੇਸ਼ਵਾਸੀਆਂ ਨੂੰ ਅਜ਼ਾਦੀ ਦਿਵਾਉਣ ਲਈ 21 ਅਪਰੈਲ 1913 ਈ: ਨੂੰ ਬਾਬਾ ਸੋਹਣ ਸਿੰਘ ਭਕਨਾ ਦੀ ਅਗਵਾਈ ਹੇਠ ਅਮਰੀਕਾ ਵਿੱਚ ਗ਼ਦਰ ਪਾਰਟੀ ਹੋਂਦ ਵਿੱਚ ਆ ਚੁੱਕੀ ਸੀ। ਸਰਾਭੇ ਨੇ ਵੀ ਗ਼ਦਰ ਪਾਰਟੀ ਰਾਹੀਂ ਅਜ਼ਾਦੀ ਦੀ ਜੰਗ ਲੜਨੀ ਸ਼ੁਰੂ ਕਰ ਦਿੱਤੀ। ਤੇਜ਼-ਤਰਾਰ ਅਤੇ ਅਣਖੀਲੇ ਸੁਭਾਅ ਵਾਲੇ ਇਸ ਨੌਜਵਾਨ ਸੂਰਮੇ ਨੇ ਦਿਨਾਂ ਵਿੱਚ ਉਹਨਾਂ ਲੋਕਾਂ ਨਾਲ ਤਾਲਮੇਲ ਬਣਾ ਲਿਆ ਜਿਹੜੇ ਅੰਗਰੇਜ਼ੀ ਹਕੂਮਤ ਤੋਂ ਅਜ਼ਾਦੀ ਲਈ ਜੂਝਣ ਦੀ ਸੋਚ ਰੱਖਦੇ ਸਨ। ਉਸਦੇ ਸਾਥੀ ਕਹਿਣ ਲੱਗ ਗਏ ਸੀ ਕਿ ਇਹ ਨੌਜਵਾਨ ਮੈਦਾਨ ਵਿੱਚ ਨਿੱਤਰ ਪੈਣ ਤਾਂ ਅੰਗੇਰਜ਼ ਨੂੰ ਚੌਵੀ ਘੰਟਿਆਂ ਵਿੱਚ ਹੀ ਇੰਗਲੈਂਡ ਉਪੜਦਾ ਕਰ ਦੇਣ।
ਸ. ਸਰਾਭੇ ਨੇ ਮਹਿਸੂਸ ਕੀਤਾ ਕਿ ਲੋਕਾਂ ਨੂੰ ਜਾਗਰੂਕ ਕਰਨ ਲਈ ਆਪਣਾ ਅਖਬਾਰ ਕੱਢਣਾ ਚਾਹੀਦਾ ਹੈ। 1 ਨਵੰਬਰ 1913 ਈ: ਨੂੰ ਗਦਰ ਪਾਰਟੀ ਨੇ ਲੋਕਾਂ ਨੂੰ ਲਾਮਬੰਦ ਕਰਨ ਲਈ ਗਦਰ ਨਾਂ ਦਾ ਅਖਬਾਰ ਛਾਪਣਾ ਸ਼ੁਰੂ ਕੀਤਾ। ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤਕ ਆਪਣੀ ਗੱਲ ਪਹੁੰਚਾਉਣ ਅਤੇ ਅਜ਼ਾਦੀ ਦੇ ਕਾਫਲੇ ਨੂੰ ਮਜਬੂਤ ਕਰਨ ਦੇ ਮਕਸਦ ਨਾਲ ਇਹ ਅਖਬਾਰ ਪੰਜਾਬੀ ਤੋਂ ਇਲਾਵਾ ਉਰਦੂ, ਹਿੰਦੀ, ਗੁਜਰਾਤੀ, ਬੰਗਾਲੀ ਅਤੇ ਪਸ਼ਤੋ ਭਾਸ਼ਾਵਾਂ ਵਿੱਚ ਵੀ ਛਾਪਿਆ ਜਾਂਦਾ ਸੀ। ਸ. ਭਗਤ ਸਿੰਘ ਵੀ ਸ. ਸਰਾਭੇ ਦੀਆਂ ਲਿਖਤਾਂ ਦੇ ਪ੍ਰਭਾਵ ਤੋਂ ਬਿਨਾਂ ਨਹੀਂ ਰਹਿ ਸਕਿਆ, ਜਿਸਦਾ ਜ਼ਿਕਰ ਉਹਨਾਂ ਨੇ ਆਪ ਵੀ ਕੀਤਾ ਹੈ। ਭਾਵੇਂ ਉਹ ਅੰਗਰੇਜ਼ੀ ਦੇ ਵੀ ਮਾਹਿਰ ਸੀ ਪਰ ਸ. ਸਰਾਭਾ ਹਮੇਸ਼ਾ ਪੰਜਾਬੀ ਮਾਂ ਬੋਲੀ ਵਿੱਚ ਬੋਲਣ-ਲਿਖਣ ’ਤੇ ਜ਼ੋਰ ਦਿੰਦਾ ਸੀ। ਹੈ ਵੀ ਸੱਚ, ਹਰ ਬੰਦਾ ਆਪਣੇ ਜਜ਼ਬਾਤ ਸਭ ਤੋਂ ਵਧੀਆ ਢੰਗ ਨਾਲ ਆਪਣੀ ਮਾਂ-ਬੋਲੀ ਵਿੱਚ ਹੀ ਪ੍ਰਗਟਾਅ ਸਕਦਾ ਹੈ। ‘ਗ਼ਦਰ’ ਅਖਬਾਰ ਵਿੱਚ ਛਪੀ ਉਹਦੀ ਪਹਿਲੀ ਪੰਜਾਬੀ ਲਿਖਤ ਦੀਆਂ ਪਹਿਲੀਆਂ ਸਤਰਾਂ ਵਿੱਚ ਹੀ ਉਸਨੇ ਐਲਾਨ ਕੀਤਾ ਹੈ, “ਅੱਜ ਪਹਿਲੀ ਨਵੰਬਰ ਸੰਨ 1913 ਭਾਰਤ ਦੇ ਇਤਿਹਾਸ ਵਿੱਚ ਇੱਕ ਨਵੀਂ ਸ਼ੁਰੂਆਤ ਹੈ ਕਿਉਂਕਿ ਅੱਜ ਅੰਗਰੇਜ਼ੀ ਰਾਜ ਦੇ ਵਿਰੁੱਧ ਪਰਦੇਸ ਵਿੱਚੋਂ ਦੇਸੀ ਜ਼ਬਾਨ ਵਿੱਚ ਜੰਗ ਛਿੜਦੀ ਹੈ।”
ਗ਼ਦਰ ਅਖਬਾਰ ਕੱਢਣ, ਗ਼ਦਰ ਪਾਰਟੀ ਦਾ ਝੰਡਾ ਡਿਜ਼ਾਈਨ ਕਰਨ ਅਤੇ ਜੰਗ ਲਈ ਹਰ ਤਰ੍ਹਾਂ ਦੀ ਟ੍ਰੇਨਿੰਗ ਲੈਣ ਵਾਲੇ ਸਰਾਭਾ ਨੇ ਬਹੁਤ ਥੋੜ੍ਹੇ ਅਰਸੇ ਵਿੱਚ ਅੰਗਰੇਜ਼ ਹਕੂਮਤ ਵਿਰੁੱਧ ਜੂਝ ਰਹੇ ਹੋਰ ਲੋਕਾਂ ਵਿੱਚ ਸਿਰਮੌਰਤਾ ਹਾਸਲ ਕਰ ਲਈ। ਗ਼ਦਰ ਦੀ ਹਰ ਕਾਰਵਾਈ ਵਿੱਚ ਸ. ਸਰਾਭਾ ਦਾ ਯੋਗਦਾਨ ਹੋਣਾ ਸ਼ੁਰੂ ਹੋ ਗਿਆ ਸੀ। 1914 ਦੀ ਪਹਿਲੀ ਸੰਸਾਰ ਸੰਗ ਛਿੜ ਗਈ। 15 ਸਤੰਬਰ 1914 ਨੂੰ ਸ. ਕਰਤਾਰ ਸਿੰਘ ਸਰਾਭਾ ਸ੍ਰੀ ਲੰਕਾ ਹੁੰਦਾ ਹੋਇਆ ਭਾਰਤ ਪੁੱਜਿਆ। ਉਸਨੇ ਭਾਰਤ ਵਿੱਚ ਆ ਕੇ ਲੋਕਾਂ ਨੂੰ ਲਾਮਬੰਦ ਕਰਨਾ ਸ਼ੁਰੂ ਕੀਤਾ। ਦਰਅਸਲ ਗ਼ਦਰ ਲਹਿਰ ਦੇ ਮੋਹਰੀ ਆਗੂ ਬੜੀ ਛੇਤੀ ਗ੍ਰਿਫਤਾਰ ਹੋ ਗਏ ਸਨ ਤੇ ਮਗਰੋਂ ਸਾਰੀ ਜ਼ਿੰਮੇਵਾਰੀ ਸ. ਸਰਾਭੇ ਦੇ ਸਿਰ ਪੈ ਗਈ। ਇਸ ਮਾਹੌਲ ਵਿੱਚ ਉਸਦੇ ਸਿਰ ਉੱਤੇ ਇੱਕ ਜਨੂੰਨ ਸਵਾਰ ਸੀ ਕਿ ਗ਼ਦਰ ਕਾਮਯਾਬ ਕਰਨਾ ਹੈ। ਵਿਦੇਸ਼ਾਂ ਤੋਂ ਛੇ-ਸੱਤ ਹਜ਼ਾਰ ਗ਼ਦਰੀ ਹਿੰਦੋਸਤਾਨੀ ਪੁੱਜ ਚੁੱਕੇ ਸਨ। ਸ. ਕਰਤਾਰ ਸਿੰਘ ਸਰਾਭਾ, ਸ. ਹਰਨਾਮ ਸਿੰਘ ਟੁੰਡੀਲਾਟ, ਸ. ਜਗਤ ਸਿੰਘ ਸੁਰ ਸਿੰਘ, ਸ. ਮਥਰਾ ਸਿੰਘ, ਪੰਡਤ ਜਗਤ ਰਾਮ, ਸ. ਪ੍ਰਿਥਵੀ ਸਿੰਘ, ਸ. ਰੁਲੀਆ ਸਿੰਘ, ਸ. ਰੂੜ ਸਿੰਘ, ਬਾਬਾ ਗੁਰਮੁਖ ਸਿੰਘ ਲਲਤੋਂ, ਨਿਧਾਨ ਸਿੰਘ ਚੁਘਾ, ਬਾਬਾ ਸੋਹਣ ਸਿੰਘ ਭਕਨਾ ਅਤੇ ਹੋਰ ਅਨੇਕਾਂ ਹੀ ਮੈਦਾਨ ਵਿੱਚ ਨਿੱਤਰੇ ਹੋਏ ਸਨ।
ਗ਼ਦਰ ਦੀ ਤਰੀਕ 21 ਫਰਵਰੀ ਮਿਥ ਲਈ ਗਈ ਸੀ ਤੇ ਮੁਖਬਰ ਕਿਰਪਾਲ ਸਿੰਘ ਰਾਹੀਂ ਇਹ ਤਰੀਕ ਹਕੂਮਤ ਕੋਲ ਪੁੱਜ ਚੁੱਕੀ ਸੀ। ਪਰ ਗਦਰੀਆਂ ਨੇ ਗ਼ਦਰ ਦੀ ਤਰੀਕ ਦੋ ਦਿਨ ਪਹਿਲਾਂ ਕਰ ਲੈਣ ਦਾ ਫੈਸਲਾ ਕੀਤਾ। ਪਰ ਕਿਰਪਾਲ ਸਿੰਘ ਅਜਿਹਾ ਚੰਟ ਨਿਕਲਿਆ ਕਿ ਨਵੀਂ ਤਰੀਕ ਵੀ ਹਕੂਮਤ ਨੂੰ ਦੱਸ ਦਿੱਤੀ ਕਿ ਹੁਣ ਗ਼ਦਰ 19 ਫਰਵਰੀ ਨੂੰ ਹੋਣਾ ਹੈ। ਇਸ ਹਾਲਤ ਵਿੱਚ ਗ਼ਦਰੀਆਂ ਨੇ ਖਿੰਡ ਜਾਣ ਦਾ ਫੈਸਲਾ ਕੀਤਾ। ਬਾਕੀ ਤਾਂ ਸਾਰੇ ਗ਼ਦਰੀ ਆਪੋ-ਆਪਣੇ ਟਿਕਾਣਿਆਂ ਨੂੰ ਤੁਰ ਗਏ ਪਰ ਇਹ ਅਠਾਰਾਂ-ਉੰਨੀ ਸਾਲ ਦਾ ਯੋਧਾ ਬਹੁਤ ਵੱਡੀ ਜ਼ਿੰਮੇਵਾਰੀ ਸਿਰ ’ਤੇ ਚੁੱਕੀ ਫਿਰਦਾ ਸੀ। ਫਿਰੋਜ਼ਪੁਰ ਤੋਂ ਲਾਹੌਰ ਪੁੱਜਿਆ ਤੇ ਮੋਚੀ ਦਰਵਾਜ਼ੇ ਵਾਲੀ ਗੁਪਤ ਠਾਹਰ ਤੇ ਜਾ ਕੇ ਦਾਦਾ ਰਾਸ ਬਿਹਾਰੀ ਬੋਸ ਨੂੰ ਜਾ ਮਿਲਿਆ। ਸ. ਸਰਾਭਾ ਖਾਮੋਸ਼ੀ ਦਾ ਦਰਿਆ ਬਣਿਆ ਦਾਦਾ ਰਾਜ ਬਿਹਾਰੀ ਬੋਸ ਦੇ ਕੋਲ ਮੰਜੀ ਉੱਤੇ ਲੇਟ ਗਿਆ। ਕੁਝ ਪਲਾਂ ਮਗਰੋਂ ਦਾਦਾ ਰਾਸ ਬਿਹਾਰੀ ਬੋਸ ਨੇ ਸ. ਸਰਾਭੇ ਨੂੰ ਇੱਥੋਂ ਚੱਲਣ ਲਈ ਕਿਹਾ ਤੇ ਸ. ਸਰਾਭਾ ਉਹਨਾਂ ਨੂੰ ਬਨਾਰਸ ਵਾਲੀ ਗੱਡੀ ਚੜ੍ਹਾਉਣ ਟਾਂਗੇ ਵਿੱਚ ਲੈ ਤੁਰਿਆ। ਸਟੇਸ਼ਨ ਤੋਂ ਸ. ਸਰਾਭਾ ਮੱਛੀਹੱਟੇ ਵਾਲੇ ਟਿਕਾਣੇ ਪੁੱਜਾ ਜਿੱਥੇ ਸ. ਹਰਨਾਮ ਸਿੰਘ ਟੁੰਡੀਲਾਟ ਤੇ ਸ. ਜਗਤ ਸਿੰਘ ਸੁਰਸਿੰਘੀਆ ਮੌਜੂਦ ਸਨ। ਖਤਰਨਾਕ ਹਾਲਾਤ ਵਿੱਚ ਉਹਨਾਂ ਛੇਤੀ ਤੋਂ ਛੇਤੀ ਆਪਣੇ ਕਿਸੇ ਗੁਪਤ ਟਿਕਾਣੇ ਜਾਣ ਦਾ ਫੈਸਲਾ ਕੀਤਾ। ਅੰਤ ਉਹਨਾਂ ਅਫਗਾਨਸਤਾਨ ਵਾਲੀ ਸਰਹੱਦ ਪਾਰ ਕਰਨ ਦਾ ਇਰਾਦਾ ਧਾਰ ਲਿਆ। ਉਸ ਤੋਂ ਬਾਅਦ ਫੜੋ-ਫੜੀ ਸ਼ੁਰੂ ਹੋ ਗਈ। ਅਫਗਾਨ ਹਕੂਮਤ ਵੀ ਅੰਗਰੇਜ਼ ਹਕੂਮਤ ਨਾਲ ਪੂਰਾ ਮਿਲਾਪ ਰੱਖ ਰਹੀ ਸੀ। ਇਹ ਤਿੰਨੋਂ ਸਾਥੀਆਂ ਨੇ ਪੰਜਾਬ ਪਰਤਣ ਤੇ ਅਗਲੀਆਂ ਗੁਰੀਲਾ ਸਰਗਰਮੀਆਂ ਦੀ ਵਿਉਂਤ ਬਣਾ ਲਈ। ਲਾਹੌਰ ਨੇੜੇ ਸਰਗੋਧਾ ਦੀ ਬਾਰ ਦੇ ਚੱਕ ਨੰ: 5 ਤੋਂ ਰਾਜਿੰਦਰ ਸਿੰਘ ਪੈਨਸ਼ਨੀਏ ਦੇ ਘਰੋਂ ਰਸਾਲਦਾਰ ਗੰਡਾ ਸਿੰਘ ਗੰਡੀਵਿੰਡ ਦੀ ਗ਼ਦਾਰੀ ਦੇ ਸਿੱਟੇ ਵਜੋਂ ਕਰਤਾਰ ਸਿੰਘ ਸਰਾਭਾ, ਹਰਨਾਮ ਸਿੰਘ ਟੁੰਡੀਲਾਟ, ਜਗਤ ਸਿੰਘ ਸੁਰਸਿੰਘਵਾਲਾ 2 ਮਾਰਚ 1915 ਨੂੰ ਇਕੱਠੇ ਫੜੇ ਗਏ ਅਤੇ ਸੈਂਟਰਲ ਜੇਲ੍ਹ ਲਾਹੌਰ ਵਿੱਚ ਡੱਕ ਦਿੱਤੇ ਗਏ।
13 ਸਤੰਬਰ 1915 ਨੂੰ ਸਰਾਭਾ ਜੀ ਸਮੇਤ 24 ਸਾਥੀਆਂ ਨੂੰ ਫਾਂਸੀ ਅਤੇ ਜਾਇਦਾਦ-ਜ਼ਬਤੀ ਦੀ ਸਜ਼ਾ ਸੁਣਾਈ ਗਈ। ਪ੍ਰੰਤੂ ਪਿੱਛੋਂ ਵਾਇਸਰਾਏ ਨੇ 17 ਦੀ ਸਜ਼ਾ ਬਦਲ ਕੇ ਉਮਰ ਕੈਦ ਕਾਲੇ ਪਾਣੀ ਅਤੇ ਜਾਇਦਾਦ ਜ਼ਬਤੀ ਕਰ ਦਿੱਤੀ। 16 ਨਵੰਬਰ 1915 ਨੂੰ 7 ਮਹਾਨ ਗ਼ਦਰੀ ਯੋਧੇ- ਸ. ਕਰਤਾਰ ਸਿੰਘ ਸਰਾਭਾ, ਸ. ਜਗਤ ਸਿੰਘ ਸੁਰਸਿੰਘ (ਅੰਮ੍ਰਿਤਸਰ), ਸ. ਹਰਨਾਮ ਸਿੰਘ ਸਿਆਲਕੋਟੀ, ਵਿਸ਼ਨੂੰ ਗਣੇਸ਼ ਪਿੰਗਲੇ (ਪੂਨਾ), ਸ. ਬਖਸ਼ੀਸ਼ ਸਿੰਘ, ਸ. ਸੁਰੈਣ ਸਿੰਘ ਵੱਡਾ, ਸ. ਸੁਰੈਣ ਸਿੰਘ ਛੋਟਾ (ਤਿੰਨੇ ਗਿੱਲਵਾਲੀ-ਅੰਮ੍ਰਿਤਸਰ) ਸੈਂਟਰਲ ਜੇਲ੍ਹ ਲਾਹੌਰ ਵਿੱਚ ਹੱਸ-ਹੱਸ ਕੇ ਫਾਂਸੀ ਚੜ੍ਹ ਗਏ ਤੇ ਸਦਾ-ਸਦਾ ਲਈ ਅਮਰ ਹੋ ਗਏ।
ਇੱਥੇ ਇਹ ਵਰਨਣਯੋਗ ਹੈ ਕਿ ਗ਼ਦਰ ਲਈ ਉਹਨਾਂ ਨੂੰ ਕੁੱਲ 166 ਦਿਨ ਮਿਲੇ ਸਨ। ਇਸ ਦੌਰਾਨ ਜੋ ਕੁਝ ਉਹਨਾਂ ਨੇ ਕੀਤਾ, ਉਹ ਸਾਡੇ ਸਾਹਮਣੇ ਹੈ। ਬੇਸ਼ਕ ਗ਼ਦਰ ਅਸਫਲ ਹੋ ਗਿਆ ਅਤੇ ਅਨੇਕਾਂ ਸ਼ਹੀਦੀਆਂ ਹੋਈਆਂ ਅਤੇ ਅਨੇਕਾਂ ਸੂਰਬੀਰਾਂ ਨੂੰ ਜੇਲ੍ਹਾਂ ਕੱਟਣੀਆਂ ਪਈਆਂ ਪਰ ਅਸਲ ਵਿੱਚ ਇਨ੍ਹਾਂ ਕੁਰਬਾਨੀਆਂ ਨੇ ਹੀ ਅਜ਼ਾਦੀ ਸੰਗਰਾਮ ਨੂੰ ਬਲ ਦਿੱਤਾ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































