“ਪੁੱਤ ਮੇਰੇ ਮਨ ’ਤੇ ਭਾਰ ਆ ਇੱਕ। ਲੋਕ ਮੈਨੂੰ ਕਮਲਾ ਕਹਿੰਦੇ ਨੇ, ਪਰ ਮੈਂ ...”
(23 ਮਈ 2026)
ਮੈਂ ਜਦੋਂ ਵੀ ਸਆਦਤ ਹਸਨ ਮੰਟੋ ਦੀ ਕਹਾਣੀ ‘ਟੋਭਾ ਟੇਕ ਸਿੰਘ’ ਪੜ੍ਹਦਾ ਹਾਂ ਤਾਂ ਮੈਨੂੰ ਬੈਂਕ ਦੀ ਨੌਕਰੀ ਵਿੱਚ ਦਹਾਕਾ ਪਹਿਲਾਂ ਮਿਲਿਆ ਬੜ੍ਹਕ ਸਿੰਘ ਯਾਦ ਆ ਜਾਂਦਾ ਹੈ। ਉਦੋਂ ਮੇਰੀ ਉਮਰ ਲਗਭਗ ਤੇਈ-ਚੌਵੀ ਸਾਲ ਸੀ ਤੇ ਬੜ੍ਹਕ ਸਿੰਘ ਸੱਤਰ-ਪੰਝੱਤਰ ਸਾਲਾਂ ਨੂੰ ਢੁੱਕਿਆ ਮਾੜਚੂ ਜਿਹਾ ਦਰਮਿਆਨੇ ਕੱਦ ਵਾਲਾ ਗੁਰਸਿੱਖ ਬਜ਼ੁਰਗ ਸੀ। ਉਸਨੇ ਅਕਸਰ ਨੀਲੀ ਪੱਗ ਬੰਨ੍ਹੀ ਹੁੰਦੀ ਤੇ ਘਸਮੈਲਾ ਜਿਹਾ ਚਿੱਟਾ ਕੁੜਤਾ ਪਜਾਮਾ ਪਾਇਆ ਹੁੰਦਾ। ਹੱਥ ਵਿੱਚ ਸੋਟੀ ਅਤੇ ਅੱਖਾਂ ਉੱਤੇ ਮੋਟਾ ਚਸ਼ਮਾ ਉਮਰਾਂ ਦੀ ਬਾਤ ਪਾਉਂਦੇ। ਉਹ ਜਦੋਂ ਵੀ ਬੈਂਕ ਵਿੱਚ ਪੈਰ ਧਰਦਾ ਤਾਂ ਹਮੇਸ਼ਾ ਉੱਚੀ ਆਵਾਜ਼ ਵਿੱਚ ਫਤਿਹ ਬੁਲਾਉਂਦਾ, “ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।” ਇਉਂ ਜਾਪਦਾ ਜਿਵੇਂ ਉਸ ਨੂੰ ਖ਼ੁਦ ਨੂੰ ਸੁਣਾਈ ਨਾ ਦਿੰਦਾ ਹੋਵੇ। ਪੈਨਸ਼ਨ ਲੈਣ ਆਏ ਦੂਜੇ ਬਜ਼ੁਰਗਾਂ ਵਿੱਚੋਂ ਕੋਈ ਉਸ ਨੂੰ ਕਮਲਾ ਆਖਦਾ, ਕੋਈ ਕਹਿੰਦਾ ਭੁਚਾਲ ਆ ਗਿਆ। ਬੈਂਕ ਦਾ ਸਟਾਫ ਵੀ ਉਸਦੀ ਉੱਚੀ ਆਵਾਜ਼ ਵਿੱਚ ਗੱਲ ਕਰਨ ਦੀ ਆਦਤ ਕਰਕੇ ਪਹਿਲਾਂ ਉਸੇ ਨੂੰ ਹੀ ਵਿਹਲਾ ਕਰਕੇ ਤੋਰਨ ਦੀ ਕਰਦਾ। ਸ਼ਾਇਦ ਉੱਚੀ ਆਵਾਜ਼ ਵਿੱਚ ਬੋਲਣ ਦੀ ਆਦਤ ਕਰ ਕੇ ਹੀ ਉਸਦਾ ਨਾਮ ਬੜ੍ਹਕ ਸਿੰਘ ਪੈ ਗਿਆ ਹੋਵੇ। ਆਪਣੀ ਆਦਤ ਤੋਂ ਮਜਬੂਰ ਉਹ ਕੁਝ ਨਾ ਕੁਝ ਲਗਾਤਾਰ ਉਚਾਰਦਾ ਰਹਿੰਦਾ, “ਵਾਹਗੁਰੂ ਵਾਹਗੁਰੂ”, “ਭਲੀ ਕਰੂ ਕਰਤਾਰ”, “ਮਿਹਰ ਰੱਖੀਂ ਰੱਬਾ”, “ਖ਼ੈਰ ਹੋਵੇ” ਵਰਗੇ ਸ਼ਬਦ ਅਕਸਰ ਹੀ ਉਸਦੇ ਮੂੰਹੋਂ ਕਿਰਦੇ ਰਹਿੰਦੇ। ਉਸ ਨੂੰ ਦੇਖ ਮਨ ਵਿੱਚ ਸਵਾਲ ਉੱਠਦਾ ਕਿ ਇਸਦੇ ਅਜੀਬ ਵਿਹਾਰ ਪਿੱਛੇ ਕੀ ਕਾਰਨ ਹੋ ਸਕਦਾ ਹੈ? ਟੋਭਾ ਟੇਕ ਸਿੰਘ ਕਹਾਣੀ ਵਾਲੇ ਬਿਸ਼ਨ ਸਿੰਘ ਵੱਲੋਂ ਬੋਲਿਆ ਜਾਂਦਾ ਉਘੜ-ਦੁਘੜ ਫਿਕਰਾ ‘ਔਪੜ ਦਿ ਗੜ ਗੜ ਅਨੈਕਸ ਦੀ ਬੇਧਿਆਨਾ ਦਿ ਮੂੰਗ ਕਿ ਦਾਲ ਆਫ ਦੀ ਲਾਲਟੈਨ’ ਯਾਦ ਆਉਂਦਾ ਹੈ। ਕਦੇ ਕਦੇ ਮੈਨੂੰ ਜਾਪਦਾ ਕਿ ਬੜ੍ਹਕ ਸਿੰਘ ਕਿਸੇ ਅਕਹਿ ਮਾਨਸਿਕ ਪੀੜਾ ਦਾ ਸ਼ਿਕਾਰ ਹੈ। ਜਦੋਂ ਉਹ ਬੈਂਕ ਆਉਂਦਾ ਤਾਂ ਮੇਰੀ ਕੋਸ਼ਿਸ਼ ਹੁੰਦੀ ਕਿ ਆਨੇ ਬਹਾਨੇ ਉਸ ਨੂੰ ਬੁਲਾਇਆ ਜਾਵੇ। ਮੇਰਾ ਉਸ ਨੂੰ ‘ਬਾਪੂ ਜੀ’ ਆਖ ਕੇ ਬੁਲਾਉਣਾ ਸ਼ਾਇਦ ਉਸ ਨੂੰ ਚੰਗਾ ਲਗਦਾ ਸੀ ਜਿਸ ਕਰਕੇ ਉਹ ਖ਼ੁਦ ਮੇਰੇ ਕੋਲ ਆ ਜਾਂਦਾ। ਮੇਰੇ ਨਾਲ ਗੱਲ ਕਰਦੇ ਸਮੇਂ ਉਸਦੀ ਸੁਰ ਵੀ ਥੋੜ੍ਹੀ ਧੀਮੀ ਹੋਣ ਲੱਗ ਪਈ। ਹਫਤੇ-ਦਸ ਦਿਨ ਬਾਅਦ ਉਹ ਚੱਕਰ ਮਾਰਨ ਲੱਗ ਗਿਆ। ਇੱਕ ਨਿਗੂਣੀ ਜਿਹੀ ਰਕਮ ਦੀ ਐੱਫ ਡੀ ਵੀ ਉਸਨੇ ਬਣਵਾਈ। ਐੱਫ ਡੀ ਦਾ ਵਾਰਿਸ ਕਿਸ ਨੂੰ ਰੱਖਣਾ ਹੈ? ਪੁੱਛਣ ’ਤੇ ਮੈਨੂੰ ਪਤਾ ਲੱਗਿਆ ਕਿ ਉਸਦਾ ਵਿਆਹ ਨਹੀਂ ਹੋਇਆ। ਮੈਂ ਤਸੱਲੀ ਮਹਿਸੂਸ ਕਰਦਾ ਕਿ ਉਹ ਹੁਣ ਕੁਝ ਧੀਮੀ ਆਵਾਜ਼ ਵਿੱਚ ਬੋਲਦਾ ਹੈ।
ਫਿਰ ਥੋੜ੍ਹੇ ਜਿਹੇ ਅਰਸੇ ਬਾਅਦ ਕਿਸੇ ਤਿਉਹਾਰ ਵਾਲੇ ਦਿਨ ਉਹ ਬੈਂਕ ਆਇਆ। ਪਰ ਇਸ ਵਾਰ ਉਸਨੇ ਫਤਹਿ ਨਹੀਂ ਬੁਲਾਈ, ਧੀਮੀ ਸੁਰ ਵਿੱਚ ਮੈਨੂੰ ਕਿਹਾ, “ਪੁੱਤ! ਦਫਤਰ ਤੋਂ ਬਾਹਰ ਆਈਂ, ਤੇਰੇ ਨਾਲ ਗੱਲ ਕਰਨੀ ਐ ਇੱਕ ਪਰਦੇ ਆਲੀ।”
ਉਸਦੇ ਜ਼ੋਰ ਦੇਣ ’ਤੇ ਮੈਂ ਬੈਂਕ ਸ਼ਾਖਾ ਤੋਂ ਬਾਹਰ ਚਲਾ ਗਿਆ। ਬਾਹਰ ਜਾ ਕੇ ਉਹ ਬੋਲਿਆ, “ਪੁੱਤ ਮੇਰੇ ਮਨ ’ਤੇ ਭਾਰ ਆ ਇੱਕ। ਲੋਕ ਮੈਨੂੰ ਕਮਲਾ ਕਹਿੰਦੇ ਨੇ, ਪਰ ਮੈਂ ਕਮਲਾ ਨੀ ਹੈਗਾ। ਅੱਠੇ ਪਹਿਰ ਰੱਬ ਨੂੰ ਧਿਆਉਨਾ ਮੈਂ। ਪਰ ਇੱਕ ਗੱਲ ਗ਼ਲਤ ਹੋ ਗਈ ਤੀ ਮੇਰੇ ਨਾਲ ...।”
ਇਹ ਕਹਿੰਦਿਆਂ ਬੜ੍ਹਕ ਸਿੰਘ ਦਾ ਗੱਚ ਭਰ ਆਇਆ। ਮੇਰੇ ਕੁਝ ਢਾਰਸ ਦੇਣ ’ਤੇ ਉਹ ਬੋਲਿਆ, “ਸਾਡੀ ਕੁੱਲ ਨੂੰ ਦਾਗ ਲੱਗ ਗਿਆ। ਮੈਂ ਨਿਆਣਾ ਈ ਸੀ ਹਾਲੇ ਜਦੋਂ ਮੇਰੀ ਮਾਂ ਚਲੀ ਗਈ ਤੀ ਕਿਸੇ ਨਾਲ। ਸੱਤਰ ਸਾਲ ਹੋ ਗਏ ਇਨ੍ਹਾਂ ਗੱਲਾਂ ਨੂੰ। ਚਾਚੀਆਂ ਤਾਈਆਂ ਨੇ ਈ ਪਾਲਿਆ ਤੀ ਮੈਨੂੰ ...”
ਬੜ੍ਹਕ ਸਿੰਘ ਦੀਆਂ ਗੱਲਾਂ ਸੁਣ ਕੇ ਮੈਂ ਸੁੰਨ ਜਿਹਾ ਹੋ ਗਿਆ ਕਿ ਸੱਤਰ ਸਾਲਾਂ ਦਾ ਮਨ ’ਤੇ ਪਿਆ ਬੋਝ ਕਿਵੇਂ ਵੰਡਾਵਾਂ? ਕੀ ਆਖਾਂ, ਮੈਨੂੰ ਕੁਝ ਸਮਝ ਨਹੀਂ ਲੱਗ ਰਹੀ ਸੀ। ਥੋੜ੍ਹੇ ਸਮੇਂ ਬਾਅਦ ਅਸਮਾਨ ਵੱਲ ਦੇਖ ਕੇ ਉਹਨੇ ਹੱਥ ਜੋੜੇ ’ਤੇ ਬੋਲਿਆ, “ਮਾਂ ਤਾਂ ਅੱਜ ਵੀ ਯਾਦ ਆਉਂਦੀ ਐ ਮੈਨੂੰ, ਰੋਜ਼ ਅਰਦਾਸ ਕਰਦਾਂ ਉਹਦੇ ਲਈ, ਉਹਦੀ ਮੁਕਤੀ ਲਈ।”
ਆਪਣਾ ਮਨ ਹੌਲਾ ਕਰ ਕੇ ਬੜ੍ਹਕ ਸਿੰਘ ਘਰ ਨੂੰ ਮੁੜ ਗਿਆ। ਮੈਨੂੰ ਜਾਪਿਆ ਕਿ ਜਿਵੇਂ ਮਾਂ ਦੇ ਪਿਆਰ ਦੀ ਅਣਹੋਂਦ ਨੇ ਹੀ ਉਸ ਨੂੰ ‘ਬੜ੍ਹਕ ਸਿੰਘ’ ਬਣਾ ਦਿੱਤਾ ਹੋਵੇ, ਜੋ ਸੋਹਣ ਸਿੰਘ ਮੀਸ਼ਾ ਦੀ ਕਵਿਤਾ ‘ਚੀਕ ਬੁਲਬੁਲੀ’ ਦੇ ਨੰਦੂ ਛੜੇ ਵਾਂਗ ਆਪਣਾ ਮਨ ਹਲਕਾ ਕਰਨ ਲਈ ਉੱਚੀ ਉੱਚੀ ਬੋਲਦਾ ਰਹਿੰਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)















































































































