KamalBathinda7ਅੱਜ ਕੱਲ੍ਹ ਮਾਨਸਿਕ ਰੋਗੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਖੁਦਕੁਸ਼ੀਆਂ ...
(10 ਮਈ 2026)


ਹੁਣ ਤਾਂ ਉਹ ਕਹਾਵਤ
ਧੀਆਂ ਦੀ ਮਾਂ ਰਾਣੀ, ਬੁਢੇਪੇ ਭਰਦੀ ਪਾਣੀ? ”, ਉਡ-ਪੁਡ ਗਈ ਹੀ ਜਾਪਦੀ ਹੈ ਕਿਉਂਕਿ ਹੁਣ ਇਕੱਲੀਆਂ ਧੀਆਂ ਦੀਆਂ ਮਾਂਵਾਂ ਹੀ ਨਹੀਂ, ਪੁੱਤਾਂ ਦੀਆਂ ਮਾਵਾਂ ਵੀ ਬੁਢੇਪੇ ਵਿੱਚ ਪਾਣੀ ਭਰ ਰਹੀਆਂ ਹਨ

ਪੁੱਤਾਂ ਨੂੰ ਜਨਮ ਦੇਣ ਵਾਲੀਆਂ ਮਾਵਾਂ ਵਿੱਚ ਤਾਂ ਵੱਖਰਾ ਹੀ ਗਰੂਰ ਹੁੰਦਾ ਹੈ। ਉਹ ਆਪਣੇ ਨਾਲ ਦੀਆਂ ਔਰਤਾਂ ਤੋਂ ਗਿੱਠ ਉੱਚਾ ਹੋ-ਹੋ ਤੁਰਦੀਆਂ ਹਨ ਤੇ ਜਿਸਦੇ ਦੋ ਪੁੱਤ ਹੋਣ ਉਹਦਾ ਤਾਂ ਮਜਾਜ ਹੀ ਵੱਖਰਾ ਹੁੰਦਾ ਹੈ। ਪਰ ਅੱਜ ਜੋ ਦੁਰਗਤੀ ਉਹਨਾਂ ਦੀ ਹੋ ਰਹੀ ਹੈ, ਉਹ ਕਿਸੇ ਤੋਂ ਲੁਕੀ ਛਿਪੀ ਨਹੀਂ। ਦੋਨੇਂ ਪੁੱਤ ਹੀ ਮਾਪਿਆਂ ਨੂੰ ਦੋਸ਼ੀ ਮੰਨਦੇ ਹਨ, ਦੋਨਾਂ ਨੂੰ ਹੀ ਇਹੀ ਰੋਸਾ ਰਹਿੰਦਾ ਹੈ ਕਿ ਦੂਜੇ ਭਰਾ ਨੂੰ ਹੀ ਸਾਰਾ ਕੁਝ ਲੁਟਾਈ ਜਾ ਰਹੇ ਹਨ। ਇਸੇ ਗੱਲ ਨੂੰ ਲੈ ਕੇ ਘਰਾਂ ਵਿੱਚ ਨਿੱਤ ਦਾ ਕਲੇਸ਼ ਰਹਿੰਦਾ ਹੈ, ਲੜਦੇ-ਝਗੜਦੇ ਰਹਿੰਦੇ ਹਨ। ਕਈ ਸਲੱਗਤਾਂ ਇੱਥੋਂ ਤਕ ਕਹਿਣ ਨੂੰ ਜਾਂਦੇ ਹਨ, “ਤੁਸੀਂ ਮੈਂਨੂੰ ਜੰਮਿਆ ਹੀ ਕਿਉਂ ਸੀ?” ਜਿਨ੍ਹਾਂ ਮਾਪਿਆਂ ਦੇ ਇੱਕ ਪੁੱਤ ਤੇ ਇੱਕ ਧੀ ਹੋਵੇ, ਜ਼ਿੰਦਗੀ ਉਹਨਾਂ ਦੀ ਵੀ ਸੁਖ਼ਾਲੀ ਨਹੀਂ। ਨੂੰਹ ਪੁੱਤ ਨੂੰ ਇਹੀ ਵਹਿਮ ਰਹਿੰਦਾ ਹੈ ਕਿ ਮਾਪੇ ਤਾਂ ਬੱਸ ਧੀ ਦਾ ਹੀ ਘਰ ਭਰੀ ਜਾ ਰਹੇ ਹਨ, ਸਾਡੇ ਬਾਰੇ ਤਾਂ ਕੁਝ ਸੋਚਦੇ ਹੀ ਨਹੀਂਇਸੇ ਕਲੇਸ਼ ਤੋਂ ਡਰਦੇ ਮਾਪੇ ਸਭ ਕੁਝ ਹੁੰਦਿਆਂ-ਸੁੰਦਿਆਂ ਵੀ ਆਪਣੀ ਧੀ ਲਈ ਕੁਝ ਕਰ ਨਹੀਂ ਸਕਦੇ, ਜੋ ਉਹ ਦਿਲੋਂ ਕਰਨਾ ਚਾਹੁੰਦੇ ਹੁੰਦੇ ਹਨ

ਜੇ ਇਕੱਲਾ ਪੁੱਤ ਹੋਵੇ ਤਾਂ ਉਹਨੇ ਵੀ ਮਾਪਿਆਂ ਦੀ ਜਾਨ ਹਮੇਸ਼ਾ ਸੂਲੀ ਟੰਗੀ ਹੁੰਦੀ ਹੁੰਦੀ ਹੈ। ਨੂੰਹ-ਪੁੱਤ ਨੂੰ ਹਮੇਸ਼ਾ ਸਭ ਕਾਸੇ ਦੇ ਕਰਤਾ ਧਰਤਾ ਬਣਨ ਦੀ ਕਾਹਲ ਲੱਗੀ ਰਹਿੰਦੀ ਹੈ। ਉਹ ਤਾਂ ਚਾਹੁੰਦੇਹਨ ਕਿ ਮਾਪੇ ਸਾਹ ਵੀ ਉਹਨਾਂ ਤੋਂ ਪੁੱਛ ਕੇ ਹੀ ਲੈਣ ਇਸ ਨਿੱਤ ਦੇ ਜੱਭ ਕਰਕੇ ਕਈ ਮਾਪੇ ਨੂੰਹਾਂ-ਪੁੱਤਾਂ ਤੋਂ ਅਲੱਗ ਹੀ ਰਹਿੰਦੇ ਹਨ। ਕਈ ਉਸੇ ਘਰ ਵਿੱਚ ਹੀ ਅਲੱਗ-ਅਲੱਗ ਅਤੇ ਕਈ ਵਾਰੀ ਤਾਂ ਬਿਰਧ ਆਸ਼ਰਮ ਵੀ ਉਹਨਾਂ ਦਾ ਰੈਣ-ਬਸੇਰਾ ਬਣਦੇ ਜਾਂਦੇ ਹਨ

ਉਹ ਮਾਪੇ ਵੀ ਇਕੱਲਤਾ ਭੋਗਦੇ ਹਨ ਜਿਨ੍ਹਾਂ ਦੇ ਧੀਆਂ-ਪੁੱਤ ਦੂਰ-ਦੁਰਾਡੇ ਨੌਕਰੀਆਂ ਕਰਦੇ ਹਨ। ਭਾਵੇਂ ਕੰਪਨੀਆਂ ਮੋਟੇ ਪੈਕੇਜ ਦਿੰਦੀਆਂ ਹਨ ਪਰ ਵਿਅਕਤੀ ਕੰਪਨੀ ਦਾ ਹੀ ਹੋ ਕੇ ਰਹਿ ਜਾਂਦਾ ਹੈ। ਉਹਨੂੰ ਆਪਣੀ ਕੋਈ ਸੁੱਧ-ਬੁੱਧ ਨਹੀਂ ਰਹਿੰਦੀ, ਉਹਨੇ ਮਾਪਿਆਂ ਦੀ ਕੀ ਸੱਦ-ਪੁੱਛ ਕਰਨੀ ਹੈ

ਕਈ ਮਾਪੇ ਪੁੱਤਾਂ ਦੇ ਨਸ਼ੇੜੀ ਬਣਨ ਕਰਕੇ ਬਹੁਤ ਜ਼ਿਆਦਾ ਦੁੱਖ ਭੋਗਦੇ ਹਨ। ਉਹਨਾਂ ਦੀ ਨਸ਼ੇ ਦੀ ਤੋਟ ਉਹ ਨਿੱਤ-ਨਿੱਤ ਕਿੱਥੋਂ ਪੂਰੀ ਕਰਨ? ਕਿਸੇ ਮਾਪਿਆਂ ਦੇ ਦੋ, ਕਿਸੇ ਦੇ ਚਾਰ-ਚਾਰ ਪੁੱਤ ਨਸ਼ੇ ਦੀ ਭੇਟ ਚੜ੍ਹ ਗਏ ਹਨ। ਕਈ ਤਾਂ ਮਰ ਮੁੱਕ ਹੀ ਗਏ ਹਨ ਅਤੇ ਕਈ ਮਰਿਆਂ ਵਰਗੇ ਹੋ ਕੇ ਤੁਰੇ ਫਿਰਦੇ ਹਨ। ਮਾਪੇ ਬੁਢਾਪੇ ਵਿੱਚ ਰੁਲ ਰਹੇ ਹਨ ਇਨ੍ਹਾਂ ਮਾਪਿਆਂ ਦੀਆਂ ਨਸ਼ੇੜੀ ਪੁੱਤਾਂ ਦੇ ਹੱਥੋਂ ਮਾਰ ਕੁਟਾਈ ਦੀਆਂ ਹੀ ਨਹੀਂ, ਸਗੋਂ ਜਾਨੋਂ ਮਾਰੇ ਜਾਣ ਦੀਆਂ ਖ਼ਬਰਾਂ ਵੀ ਨਿੱਤ ਪੜ੍ਹਨ-ਸਣਨ ਨੂੰ ਮਿਲਦੀਆਂ ਹਨ

ਮਾਪੇ ਤਾਂ ਉਹ ਵੀ ਇਕਲਾਪੇ ਦੀ ਭੱਠੀ ਵਿੱਚ ਸੜਦੇ ਹਨ, ਜਿਨ੍ਹਾਂ ਨੇ ਆਪਣੇ ਧੀਆਂ-ਪੁੱਤਾਂ ਨੂੰ ਸੋਹਣੇ ਭਵਿੱਖ ਲਈ ਸੱਤ ਸਮੁੰਦਰੋਂ ਪਾਰ ਭੇਜਿਆ ਸੀ ਅਤੇ ਉਹ ਉੱਥੋਂ ਦੇ ਹੀ ਹੋ ਕੇ ਰਹਿ ਗਏ ਹਨ। ਘਰ ਵਿੱਚ ਪੁੱਛ-ਦੱਸ ਵਾਲਾ ਕੋਈ ਜੀਅ ਨਹੀਂ ਰਿਹਾ। ਜ਼ਿੰਦਗੀ ਨੂੰ ਠੁੰਮ੍ਹਣਾ ਦੇਣ ਲਈ ਸੱਭੋ ਕੁਝ ਆਪ ਹੀ ਕਰਨਾ ਪੈਂਦਾ ਹੈ ਅਤੇ ਕਈ ਵਾਰੀ ਤਾਂ ਧੀਆਂ-ਪੁੱਤਾਂ ਨੂੰ ਉਡੀਕਦੇ-ਉਡੀਕਦੇ, ਦਰਾਂ ਵੱਲ ਤੱਕਦੇ-ਤੱਕਦੇ ਮਾਪੇ ਸਦਾ ਲਈ ਅੱਖਾਂ ਮੀਚ ਜਾਂਦੇ ਹਨ। ਮੌਤ ਤੋਂ ਬਾਅਦ ਦੀਆਂ ਸਾਰੀਆਂ ਅੰਤਿਮ ਰਸਮਾਂ ਵੀ ਆਂਢੀ-ਗੁਆਂਢੀ, ਪਿੰਡ ਵਾਸੀ ਜਾਂ NGO ਵੱਲੋਂ ਹੀ ਨਿਭਾਈਆਂ ਜਾਂਦੀਆਂ ਹਨ

ਅੱਜ ਕੱਲ੍ਹ ਮਾਪਿਆਂ ਲਈ ਇਹ ਵੀ ਇੱਕ ਬੜਾ ਵੱਡਾ ਦੁਖਾਂਤ ਹੈ ਬੱਚੇ ਅਲੱਗ-ਅਲੱਗ ਦੇਸ਼ਾਂ ਵਿੱਚ ਰਹਿੰਦੇ ਹਨ। ਬੱਚਿਆਂ ਦੇ ਬੱਚਿਆਂ ਦੀ ਸਾਂਭ-ਸੰਭਾਲ ਲਈ ਬੁੱਢੇ ਮਾਪੇ ਲਟਾ-ਪੀਂਘ ਹੁੰਦੇ ਫਿਰਦੇ ਹਨ। ਇੱਕ ਕੋਲ ਮਾਂ ਅਤੇ ਦੂਜੇ ਕੋਲ ਬਾਪ ਨੂੰ ਰਹਿਣਾ ਪੈਂਦਾ ਹੈ। ਉਹ ਜਿਊਂਦੇ ਜੀਅ ਇਕੱਲਤਾ ਹੀ ਨਹੀਂ ਸਗੋਂ ਬਿਗਾਨੀ ਧਰਤੀ ’ਤੇ ਕਿੰਨਾ ਸੰਤਾਪ ਭੋਗਦੇ ਹਨ, ਉਹਨਾਂ ਦੇ ਕਿੱਸੇ ਵੀ ਬੜੇ ਦਰਦ ਭਰੇ ਹੁੰਦੇ ਹਨ। ਸਾਰੀ ਉਮਰ ਘੱਟਾ ਢੋਣ ਤੋਂ ਬਾਅਦ ਜਿਹੜੇ ਸੋਚਦੇ ਸੀ ਕਿ ਬੱਚੇ ਸੈੱਟ ਕਰ ਦਿੱਤੇ, ਹੁਣ ਰਹਿੰਦੀ ਜ਼ਿੰਦਗੀ ਬੇ ਫਿਕਰੇ ਹੋ ਕੇ ਆਰਾਮ ਨਾਲ ਜੀਆਂਗੇ, ਉਹ ਹੁਣ ਫਿਰ ਕੋਹਲੂ ਦੇ ਬੈਲ ਬਣੇ ਹੋਏ ਹਨਜੇ ਬੁਢਾਪੇ ਵਿੱਚ ਜੀਵਨ-ਸਾਥੀਆਂ ਵਿੱਚੋਂ ਇੱਕ ਜਹਾਨੋਂ ਤੁਰ ਜਾਵੇ ਤਾਂ ਹਾਲਤ ਹੋਰ ਵੀ ਬਦਤਰ ਹੋ ਜਾਂਦੀ ਹੈ

ਇਸ ਸਭ ਕੁਝ ਦਾ ਕਾਰਨ ਤਾਂ ਅਸਲ ਵਿੱਚ ਇਸ ਗੱਲ ਵਿੱਚ ਪਿਆ ਹੈ ਕਿ ਸਾਡੇ ’ਤੇ ਰਾਜ ਕਰ ਰਹੀਆਂ ਸ਼ਕਤੀਆਂ ਨਵੀਨਤਾ ਦੇ ਨਾਮ ਥੱਲੇ ਸਾਡੀਆਂ ਸਾਰੀਆਂ ਸਮਾਜਿਕ ਕਦਰਾਂ-ਕੀਮਤਾਂ, ਰਿਸ਼ਤੇ ਨਾਤੇ, ਭਾਈਚਾਰਕ ਸਾਂਝ, ਸਭ ਕੁਝ ਦਾ ਨਾਮੋ-ਨਿਸ਼ਾਨ ਮਿਟਾਉਣ ’ਤੇ ਲੱਗੀਆਂ ਹੋਈਆਂ ਹਨ। ਸਾਰਾ ਦਿਨ ਮਾਪਿਆਂ ਨੂੰ ਬੱਚਿਆਂ ਖਿਲਾਫ ਅਤੇ ਬੱਚਿਆਂ ਨੂੰ ਮਾਪਿਆਂ ਖਿਲਾਫ ਭੜਕਾਉਣ ਦਾ ਧੂੰਆਂਧਾਰ ਪ੍ਰਚਾਰ ਹੁੰਦਾ ਹੈ। ਬੱਚਿਆਂ ਨੂੰ ਜਨਰੇਸ਼ਨ ਗੈਪ, ਉਹਨਾਂ ਦੀ ਨਿੱਜੀ ਜ਼ਿੰਦਗੀ, ਉਹਨਾਂ ਦੀ ਅਜ਼ਾਦੀ, ਖਾਓ ਪੀਓ ਐਸ਼ ਕਰੋ ਵਰਗੇ ਪ੍ਰਚਾਰ ਰਾਹੀਂ ਬੇਲੋੜੀ ਫੂਕ ਛਕਾ ਕੇ ਉਹਨਾਂ ਨੂੰ ਪਰਿਵਾਰਕ ਸਾਂਝ ਨਾਲੋਂ ਤੋੜਿਆ ਜਾ ਰਿਹਾ ਹੈ ਅਤੇ ਇਸ ਕਨਜ਼ਿਊਮਰ ਕਲਚਰ, ਲੱਚਰ ਸਾਹਿਤ ਅਤੇ ਨਸ਼ਿਆਂ ਵਿੱਚ ਗਲਤਾਨ ਕਰਕੇ ਉਹਨਾਂ ਦੀ ਸੁੱਧ-ਬੁੱਧ ਹੀ ਗਵਾ ਛੱਡੀ ਹੈ। ਬੱਚੇ ਮਾਪਿਆਂ ਨੂੰ ਬੇਸਮਝ, ਬੇਅਕਲ ਸਮਝਦੇ ਹਨ ਅਤੇ ਹਰੇਕ ਸਮਝਾਉਣ-ਬੁਝਾਉਣ ਵਾਲੇ ਨੂੰ ਪਿਛਾਂਹ ਖਿੱਛੂ

ਮਾਪਿਆਂ ਲਈ ਅੱਡ ਧੜਾਧੜ ਪ੍ਰਚਾਰ ਕੀਤਾ ਜਾਂਦਾ ਰਹਿੰਦਾ ਹੈ। ਉਹਨਾਂ ਨੂੰ ਜ਼ਿੰਦਗੀ ਮਾਣਨ ਲਈ ਤਰ੍ਹਾਂ-ਤਰ੍ਹਾਂ ਦੀਆਂ ਮੱਤਾਂ ਦਿੱਤੀਆਂ ਜਾਂਦੀਆਂ ਹਨ ਕਿ ਆਪਣੇ ਬਾਰੇ ਸੋਚੋ, ਜ਼ਿੰਦਗੀ ਮਾਣੋ, ਬੱਚਿਆਂ ਉੱਤੇ ਵਿਸ਼ਵਾਸ ਨਾ ਕਰੋ, ਆਪਣੀ ਜਾਇਦਾਦ, ਆਪਣੇ ਪੈਸੇ ਕੋਲ ਰੱਖੋ ਮਤਲਬ ਕਿ ਉਹ ਤਾਂ ਰਿਸ਼ਤੇ-ਨਾਤੇ, ਪਰਿਵਾਰਕ ਮੋਹ-ਪਿਆਰ ਸਭ ਕੁਝ ਨੂੰ ਬੀਤੇ ਦੀ ਗੱਲ ਬਣਾਉਣ ਲੱਗੇ ਹਨ ਮੁੱਕਦੀ ਗੱਲ ਇਹ ਹੈ ਕਿ ਇਹ ਦਿਨ-ਰਾਤ ਲੋਕਾਂ ਨੂੰ ਆਪਸ ਵਿੱਚ ਹੀ ਲੜਾਉਣ ਦੀਆਂ, ਦੁਸ਼ਮਣ ਬਣਾਉਣ ਦੀਆਂ ਚਾਲਾਂ ਚਲਦੇ ਹਨ ਤਾਂ ਜੋ ਦੋ ਸਿਰ ਇਕੱਠੇ ਹੋ ਕੇ ਕਦੇ ਨਾ ਬੈਠ ਸਕਣਸਮਾਜਿਕ ਜ਼ਿੰਮੇਵਾਰੀ ਵਾਲਾ ਤਾਂ ਵਰਕਾ ਹੀ ਪਾੜਿਆ ਜਾ ਰਿਹਾ ਹੈਨਿੱਜ ਭਾਰੂ ਹੋਣ ਕਰਕੇ ਇਸਦਾ ਸੰਤਾਪ ਅਸੀਂ ਸਾਰੇ ਹੰਢਾਅ ਰਹੇ ਹਾਂਇਹੀ ਸਾਡੇ ਹੁਕਮਰਾਨਾਂ ਦੀ ਉਮਰ ਲੰਬੀ ਕਰ ਰਿਹਾ ਹੈ

ਅੱਜ ਕੱਲ੍ਹ ਮਾਨਸਿਕ ਰੋਗੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਖੁਦਕੁਸ਼ੀਆਂ, ਕਤਲੋ-ਗਾਰਤ, ਲੁੱਟਾਂ-ਖੋਹਾਂ, ਤਰ੍ਹਾਂ ਤਰ੍ਹਾਂ ਦੇ ਨਸ਼ੇ ਕਾਰਨ ਮੌਤਾਂ, ਜਵਾਨੀ ਵਿੱਚ ਹੀ ਹਾਰਟ ਅਟੈਕ ਅਤੇ ਹੋਰ ਅਨੇਕਾਂ ਉਹ ਬਿਮਾਰੀਆਂ ਨੌਜੁਆਨਾਂ ਨੂੰ ਘੇਰ ਰਹੀਆਂ ਹਨ, ਜਿਨ੍ਹਾਂ ਨੂੰ ਬੁਢਾਪੇ ਦੀਆਂ ਅਲਾਮਤਾਂ ਸਮਝਿਆ ਜਾਂਦਾ ਸੀਇਹ ਕਿਹੋ ਜਿਹਾ ਵਿਕਾਸ ਹੈ ਅਤੇ ਇਹਦੇ ਵਿੱਚ ਕਿਸਦਾ ਵਿਕਾਸ ਹੈ? ਇਹ ਸਵਾਲ ਸਾਡੇ ਮਨਮਸਤਕ ਵਿੱਚ ਜ਼ਰੂਰ ਉੱਠਣਾ ਚਾਹੀਦਾ ਹੈ। ਇਹਦੇ ਹੱਲ ਲਈ ਅਹੁਲਣਾ ਵੀ ਚਾਹੀਦਾ ਹੈ। ਸੋਹਣਾ ਸਮਾਜ ਸਿਰਜਣ ਵਿੱਚ ਆਪਣਾ ਬਣਦਾ ਹਿੱਸਾ ਪਾਉਣਾ ਚਾਹੀਦਾ ਹੈ ਜਿਸ ਵਿੱਚ:

ਧੀਆਂ-ਪੁੱਤਾਂ ਦਾ ਬਾਪ ਰਾਜਾ! ਮਾਂ ਰਾਣੀ!
ਕਦੇ ਨਾ ਭਰਨ ਬੁਢੇਪੇ ਪਾਣੀ
।”
 

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ:  (
sarokar2015@gmail.com)

About the Author

ਕਮਲ ਬਠਿੰਡਾ

ਕਮਲ ਬਠਿੰਡਾ

Bathinda, Punjab, India.
Phone: (91 - 94630 - 23100)
Email: (kamalphnt@gmail.com)