“ਤੂੰ ਸੋਮਵਾਰ ਨੂੰ ਆ ਜਾਈਂ ਪਿੰਡ, ਆਪਾਂ ਸ਼ਹਿਰ ਚੱਲਾਂਗੇ।ਉੱਥੇ ਕਿਸੇ ...”
(21 ਅਪਰੈਲ 2026)
ਸ਼ਰੀਕੇ-ਭਾਈਚਾਰੇ ਵਿੱਚੋਂ ਮੇਰੇ ਚਚੇਰੇ ਭਰਾ ਲਗਦੇ ਭਜਨ ਸਿੰਹੋਂ ਨੇ ਟੈਲੀਫੋਨ ’ਤੇ ਗੱਲ ਕਰਦਿਆਂ ਮੈਨੂੰ ਕਿਹਾ, “ਛੋਟੇ ਭਾਈ, ਤੇਰੇ ਭਤੀਜੇ ਦਾ ਵਿਆਹ ਧਰ ’ਤਾ ਕੱਤਕ ਦੇ ਸੱਤਵੇਂ ਪ੍ਰਵਿਸ਼ਟੇ ਦਾ। ਛੇ ਨੂੰ ਪਾਠ ਦਾ ਭੋਗ ਐ, ਸੱਤ ਦਾ ਵਿਆਹ ਐ ਤੇ ਬਾਕੀ ਅੱਠਵੇਂ ਪ੍ਰਵਿਸ਼ਟੇ ਦੀ ਪਾਰਟੀ ਰੱਖੀ ਐ ਸ਼ਹਿਰ ਦੇ ਵੱਡੇ ਪੈਲੇਸ ਵਿੱਚ। ਜ਼ਰੂਰ ਪਹੁੰਚਣਾ ਟੱਬਰ ਨੂੰ ਨਾਲ ਲੈਕੇ। ਕਾਰਡ ਮੈਂ ਵਟਸਐਪ ’ਤੇ ਭੇਜ ਰਿਹਾਂ, ਟੈਮ ਦੀ ਕਿੱਲਤ ਐ ਮੇਰੇ ਕੋਲ। ਚੰਗਾ ਬੀਰਾ ਜਰੂਰ-ਬਰ-ਜਰੂਰ ਪਹੁੰਚਣਾ।”
ਮੈਂ ਭਰਾ ਹੋਣ ਦੇ ਨਾਤੇ ਭਜਨੇ ਨਾਲ ਹਿਰਖ ਜਿਤਾਇਆ, “ਭਜਨਿਆਂ, ਤੈਨੂੰ ਪਤੈ ਭਰਾਵਾਂ ਨੂੰ ਕਿੱਦਾਂ ਬੁਲਾਈਦਾ ਐ ਵਿਆਹ-ਸ਼ਾਦੀ ’ਤੇ? ਭਾਜੀ ਨਹੀਂ ਸੀ ਭੇਜਣੀ ਮੈਨੂੰ? ਸੱਖਣਾ ਕਾਰਡ ਭੇਜ ਕੇ ਸਾਰ ਤਾਂ, ਉਹ ਵੀ ਟੈਲੀਫੋਨ ’ਤੇ।”
ਭਜਨੇ ਨੇ ਖਚਰਾ ਜਿਹਾ ਹੱਸਦਿਆਂ ਲਾਪ੍ਰਵਾਹੀ ਜਿਹੀ ਨਾਲ ਕਿਹਾ, “ਓ ਛੱਡ ਬੀਰੇ, ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰਦੈਂ ਤੂੰ। ਭਾਜੀਆਂ-ਭੂਜੀਆਂ ਚਲੀਆਂ ਗਈਆਂ ਬਜ਼ੁਰਗਾਂ ਨਾਲ ਈ। ਆਪਾਂ ਤਾਂ ਨਵੇਂ ਜ਼ਮਾਨੇ ਦੇ ਬੰਦੇ ਆਂ, ਪੜ੍ਹੇ-ਲਿਖੇ। ਛੱਡੀਏ ਘਸੇ-ਪਿੱਟੇ ਰਿਵਾਜਾਂ ਨੂੰ।”
ਭਜਨੇ ਦੀ ਗੱਲਬਾਤ ਵਿੱਚੋਂ ਮੈਨੂੰ ਉਸਦਾ ਹੋਛਾਪਣ ਦਿਖਾਈ ਦਿੱਤਾ ਅਤੇ ਨਾਲ ਹੀ ਮੈਨੂੰ ਡਾਢਾ ਹਿਰਖ ਆਇਆ। ਮੈਂ ਮਨ ਹੀ ਮਨ ਸੋਚਿਆ, “ਭਜਨਿਆਂ, ਤੈਨੂੰ ਜ਼ਿਆਦਾ ਈ ਰੰਗ ਚੜ੍ਹ ਗਿਆ ਜ਼ਮਾਨੇ ਦਾ।” ਪਰ ਭਜਨੇ ਨੂੰ ਨਹੀਂ ਸੀ ਪਤਾ ਕਿ ਕੋਈ ਜ਼ਮਾਨਾ ਕਦੇ ਪੁਰਾਣਾ ਜਾਂ ਨਵਾਂ ਨਹੀਂ ਹੁੰਦਾ, ਬੱਸ ਬੰਦੇ ਦੀ ਆਪਣੀ ਸੋਚ ਹੀ ਬਦਲ ਜਾਂਦੀ ਹੈ।
ਵਿਆਹ ਵਾਲੇ ਦਿਨ ਮੈਂ ਸਿੱਧਾ ਮੈਰਿਜ ਪੈਲੇਸ ਪਹੁੰਚ ਗਿਆ। ਪੈਲੇਸ ਵਿੱਚ ਦਾਖ਼ਲ ਹੋਇਆ ਤਾਂ ਇੰਝ ਲੱਗਿਆ ਜਿਵੇਂ ਮੈਂ ਕਿਸੇ ਮੇਲੇ ਵਿੱਚ ਆ ਗਿਆ ਹੋਵਾਂ। ਅੰਦਰ ਅੰਤਾਂ ਦੀ ਭੀੜ ਤੇ ਉਸ ਤੋਂ ਵੀ ਵੱਧ ਡੀਜੇ ਦਾ ਚੀਕ-ਚਿਹਾੜਾ। ਐਨੀ ਭੀੜ ਵਿੱਚ ਮੈਨੂੰ ਭਜਨਾ ਕਿੱਤੇ ਨਜ਼ਰ ਨਾ ਆਇਆ। ਮੈਂ ਪੈਲੇਸ ਤੋਂ ਬਾਹਰ ਆ ਗਿਆ। ਉੱਥੇ ਖੜ੍ਹੇ ਆਪਣੀ ਪਛਾਣ ਦੇ ਇੱਕ ਬੰਦੇ ਨੂੰ ਮੈਂ ਭਜਨੇ ਬਾਰੇ ਪੁੱਛਿਆ। ਥੋੜ੍ਹੀ ਦੇਰ ਬਾਅਦ ਉਹ ਭਜਨੇ ਨੂੰ ਲੱਭ ਕੇ ਲੈ ਆਇਆ। ਭਜਨੇ ਨੇ ਮੈਨੂੰ ਰਸਮੀ ਜਿਹੀ ਜੱਫੀ ਪਾਉਂਦੇ ਮਿਲਦਿਆਂ ਕਿਹਾ, “ਓ ਬੱਲੇ ਬੀਰਾ... ਬੜੀ ਦੇਰ ਲਾ ’ਤੀ ਆਉਂਦੇ-ਆਉਂਦੇ। ਤੇਰੇ ਭਤੀਜੇ ਦਾ ਵਿਆਹ ਐ, ਤੂੰ ਤਾਂ ਲੋਕਾਂ ਵਾਂਗ ਆਇਐਂ? ਹਾਂ ਸੱਚ, ਭਾਬੀ ਕਿੱਥੇ ਐ?” ਮੈਨੂੰ ਭਜਨੇ ਦੀ ਜੱਫੀ ਅਤੇ ਬੋਲਾਂ ਵਿੱਚ ਕਿਧਰੇ ਵੀ ਭਰਾਵਾਂ ਵਾਲਾ ਨਿੱਘ ਮਹਿਸੂਸ ਨਾ ਹੋਇਆ। ਮੈਂ ਕਿਹਾ, “ਭਜਨ ਬੀਰੇ ਕਾਰਡ ?ਤੇ ਤਾਂ ਇਕੱਲਾ ਮੇਰਾ ਈ ਨਾਂ ਲਿਖਿਆ ਹੋਇਆ ਸੀ, ਤੇ ਮੈਂ ਆ ਗਿਆ।”
ਭਜਨਾ ਛਿੱਥਾ ਜਿਹਾ ਹੋ ਕੇ ਕਹਿਣ ਲੱਗਾ, “ਓ ਲੈ ਦੱਸ, ਤੂੰ ਤਾਂ ਓਪਰਿਆਂ ਆਲੀਆਂ ਗੱਲਾਂ ਕਰਦੈਂ ਛੋਟੇ ਭਾਈ, ਤੈਨੂੰ ਕੋਈ ਕੈਹਣ ਦੀ ਲੋੜ ਤੀ ਭਲਾ? ਬਾਕੀ ਤੈਨੂੰ ਪਤਾ ਈ ਐ ਬੀਰਾ ਬਈ ਵਿਆਹ-ਕਾਰਜਾਂ ਵੇਲੇ ਬੰਦਾ ਕਈ ਪਾਸੇ ਫਸਿਆ ਹੁੰਦੈ, ਦਿਮਾਗ ਈ ਬੌਂਦਲ ਜਾਂਦਾ ਐ।”
ਗੱਲਾਂ ਕਰਦਿਆਂ ਮੈਂ ਲਾਲ ਰੰਗ ਦਾ ਇੱਕ ਲਿਫ਼ਾਫ਼ਾ ਭਜਨੇ ਦੀ ਜੇਬ ਵਿੱਚ ਪਾ ਦਿੱਤਾ। ਐਨੇ ਨੂੰ ਇੱਕ ਬੰਦੇ ਨੇ ਆ ਕੇ ਭਜਨੇ ਦੇ ਕੰਨ ਵਿੱਚ ਕੁਝ ਕਿਹਾ।
“ਓ ਅੱਛਾ-ਅੱਛਾ, ... ਲੈ ਬੀਰਾ, ਤੂੰ ਕੁਛ ਠੰਢਾ-ਤੱਤਾ ਪੀ, ਬਾਹਰ ਐੱਮ.ਐੱਲ.ਏ ਸਾਹਿਬ ਆਏ ਐ। ਮੈਂ ਜਾ ਕੇ ਦੇਖਾਂ ਜਰਾ ਬਾਹਰ।”
ਭਜਨੇ ਨੇ ਬਾਹਰ ਗੇਟ ਵੱਲ ਨੂੰ ਛੂਟ ਵੱਟ ਲਈ।
ਪੈਲੇਸ ਵਿੱਚ ਘੁੰਮਦਿਆਂ ਮੈਨੂੰ ਆਪਣੇ ਪਿੰਡ ਦੇ ਕੁਝ ਬੰਦੇ ਮਿਲ ਗਏ। ਅਸੀਂ ਸਾਰੇ ਇਕੱਠੇ ਚਾਹ-ਪਾਣੀਪੀਣ ਲੱਗ ਪਏ। ਥੋੜ੍ਹੀ ਦੇਰ ਬਾਅਦ ਢੋਲ ਵੱਜਣ ਦੀਆਂ ਅਵਾਜ਼ਾਂ ਸੁਣਾਈ ਦਿੱਤੀਆਂ। ਇੱਕ ਵੱਡੇ ਸਾਰੇ ਕਾਫਲੇ ਨਾਲ ਫੁੱਲਾਂ ਨਾਲ ਲੱਦੇ ਹੋਏ ਐੱਮ.ਐੱਲ.ਏ. ਸਾਹਿਬ ਆ ਰਹੇ ਸਨ ਅਤੇ ਨਾਲ-ਨਾਲ ਭਜਨਾ ਐੱਮ.ਐੱਲ.ਏ ਦੇ ਗਲ ਵਿੱਚ ਬਾਂਹ ਪਾਈ, ਧੁੱਪ ਵਾਲੀਆਂ ਕਾਲੀਆਂ ਐਨਕਾਂ ਲਾਈ ਹੱਸਦਾ-ਮੁਸਕਰਾਉਂਦਾ ਤੁਰਿਆ ਆ ਰਿਹਾ ਸੀ। ਅੱਗੇ-ਅੱਗੇ ਢੋਲ ਵੱਜ ਰਿਹਾ ਸੀ।
ਭਜਨੇ ਨੇ ਐੱਮ.ਐੱਲ.ਏ. ਸਾਹਿਬ ਨਾਲ ਸਾਰੇ ਪੰਡਾਲ ਦਾ ਗੇੜਾ ਕੱਢਿਆ। ਪਹਿਲਾਂ ਆਪਣੇ ਕੁੜਮਾਂ ਨਾਲ ਜਾਣ-ਪਛਾਣ ਕਰਾਈ, ਫੋਟੋ ਖਿਚਵਾਈਆਂ, ਵੀਡੀਓ ਬਣਵਾਈਆਂ। ਫਿਰ ਖ਼ਾਸ-ਖਾਸ ਦੋਸਤਾਂ ਮਿੱਤਰਾਂ ਅਤੇ ਸ਼ਹਿਰ ਦੇ ਪਤਵੰਤੇ ਸੱਜਣਾਂ ਨਾਲ ਜਾਣ-ਪਛਾਣ ਕਰਵਾਈ। ਵਿਆਹ ’ਤੇ ਆਇਆ ਹਰ ਬੰਦਾ ਐੱਮ.ਐੱਲ ਏ. ਨਾਲ ਸੈਲਫੀ ਲੈਣ ਲਈ ਤਰਲੋਮੱਛੀ ਹੋ ਰਿਹਾ ਸੀ। ਸੈਲਫੀ ਲੈਣ ਵਾਲਿਆਂ ਨੇ ਐੱਮ.ਐੱਲ.ਏ. ਨੂੰ ਬੁਰੀ ਤਰ੍ਹਾਂ ਘੇਰ ਲਿਆ। ਲੋਕਾਂ ਤੋਂ ਖਹਿੜਾ ਛਡਾਉਣ ਲਈ ਫਿਰ ਭਜਨਾ ਐੱਮ.ਐੱਲ.ਏ ਨੂੰ ਲੈ ਕੇ ਉੱਪਰਲੀ ਮੰਜ਼ਿਲ ’ਤੇ ਚੜ੍ਹ ਗਿਆ। ਮੈਂ ਬਾਹਰ ਧੁੱਪ ਵਿੱਚ ਬੈਠ ਗਿਆ। ਸੋਚਿਆ ਜਦੋਂ ਭਜਨਾ ਬਾਹਰ ਆਇਆ ਤਾਂ ਉਸ ਤੋਂ ਇਜਾਜ਼ਤ ਲੈ ਕੇ ਦਿਨ ਖੜ੍ਹੇ ਚੰਡੀਗੜ੍ਹ ਪਹੁੰਚ ਜਾਵਾਂਗਾ। ਘੰਟਾ, ਫਿਰ ਦੋ ਘੰਟੇ ਬੀਤ ਗਏ ਪਰ ਭਜਨਾ ਬੰਦ ਕਮਰੇ ਵਿੱਚੋਂ ਬਾਹਰ ਨਾ ਆਇਆ। ਉੱਪਰੋਂ ਦਿਨ ਢਲ ਰਿਹਾ ਸੀ। ਮੈਨੂੰ ਬੱਸ ਨਾ ਮਿਲਣ ਦਾ ਡਰ ਸਤਾਉਣ ਲੱਗਾ। ਮੈਂ ਹੋਰ ਇੰਤਜ਼ਾਰ ਕਰਨੀ ਠੀਕ ਨਾ ਸਮਝੀ ਤੇ ਅਖੀਰ ਬਿਨਾਂ ਮਿਲਿਆਂ ਹੀ ਤੁਰ ਪਿਆ। ਵਿਆਹ ਵਿੱਚ ਭਜਨੇ ਦੀ ਅਣਦੇਖੀ ਨੇ ਮੈਨੂੰ ਬਹੁਤ ਉਦਾਸ ਕਰ ਦਿੱਤਾ। ਮੈਂ ਮਸੋਸਿਆ ਜਿਹਾ ਆਪਣੇ ਘਰ ਪਹੁੰਚ ਗਿਆ।
ਤੀਜੇ ਦਿਨ ਸਵੇਰੇ-ਸਵੇਰੇ ਭਜਨੇ ਦਾ ਟੈਲੀਫੋਨ ਆਇਆ। ਭਜਨਾ ਬੜੀ ਉੱਚੀ ਆਵਾਜ਼ ਵਿੱਚ ਬੋਲ ਰਿਹਾ ਸੀ, “ਓ ਕਿੱਦਾਂ ਛੋਟੇ ਭਾਈ ਠੀਕ ਐਂ? ਓ ਯਾਰ ਚੰਗਾ ਬੰਦਾ ਐਂ ਤੂੰ, ਓਦਣ ਮੈਨੂੰ ਬਿਨਾਂ ਦੱਸਿਆਂ ਚਲਾ ਗਿਆ। ਮੈਂ ਤੈਨੂੰ ਐੱਮ.ਐੱਲ.ਏ. ਸਾਹਿਬ ਨੂੰ ਮਿਲਾਉਣਾ ਤੀ, ਕੋਈ ਗੱਲਬਾਤ ਕਰਦੇ ਇਕੱਠੇ ਬਹਿ ਕੇ। ਪਤਾ ਨ੍ਹੀ ਤੂੰ ਕੁਛ ਖਾਧਾ-ਪੀਤਾ ਵੀ ਕਿ ਨਹੀਂ। ਹੋਰ ਵਿਆਹ ਕਿੱਦਾਂ ਦਾ ਲੱਗਿਆ? ਇੱਧਰ ਸਾਰੇ ਇਲਾਕੇ ਵਿੱਚ ਤਾਂ ਬੱਲੇ ਬੱਲੇ ਹੋਈ ਪਈ ਐ। ਪਰ ਕਈ ਸ਼ਰੀਕ ਤਾਂ ਭੁੱਜ ਕੇ ਕੋਲਾ ਹੋਏ ਪਏ ਐ।”
ਗੱਲ ਮੁਕਾਉਣ ਲਈ ਮੈਂ ਰਸਮੀ ਤੌਰ ’ਤੇ ਕਿਹਾ, “ਬਹੁਤ ਵਧੀਆ ਹੋ ਗਿਆ ਵਿਆਹ, ਮੇਰੇ ਵੱਲੋਂ ਵਧਾਈਆਂ।” ਇਹ ਕਹਿ ਕੇ ਮੈਂ ਫੋਨ ਕੱਟ ਦਿੱਤਾ। ਦੋ ਕੁ ਮਿੰਟਾਂ ਬਾਅਦ ਫਿਰ ਘੰਟੀ ਖੜਕ ਪਈ। ਭਜਨਾ ਕਹਿ ਰਿਹਾ ਸੀ, “ਹਾਂ, ਜਰੂਰੀ ਗੱਲ ਤਾਂ ਰਹਿ ਹੀ ਗਈ ਸੀ ਕਰਨੇ ਆਲੀ। ਤੂੰ ਸੋਮਵਾਰ ਨੂੰ ਆ ਜਾਈਂ ਪਿੰਡ, ਆਪਾਂ ਸ਼ਹਿਰ ਚੱਲਾਂਗੇ।ਉੱਥੇ ਕਿਸੇ ਵਧੀਆ ਜਿਹੇ ਹੋਟਲ ਵਿੱਚ ਮੈਂ ਤੈਨੂੰ ਪਾਰਟੀ ਕਰਨੀ ਐਂ ਵਿਆਹ ਦੀ। ਓਦਣ ਕੁਛ ਕਸਰ ਜਿਹੀ ਰਹਿ ਗਈ ਤੀ ਤੇਰੀ ਸੇਵਾ ਵਿੱਚ। ਨਾਲੇ ਇੱਕ ਛੋਟਾ ਜਿਹਾ ਕੰਮ ਐ ਕਚਹਿਰੀ ਵਿੱਚ। ਓ ਵਿਆਹ ਰਜਿਸਟਰ ਕਰਾਉਂਣੈ, ਤੇਰੀ ਗਵਾਹੀ ਪੁਆਉਣੀਂ ਐਂ ਕਾਗਜਾਂ ’ਤੇ।”
ਮੈਂ ਗੁੱਸੇ ਵਿੱਚ ਕਿਹਾ, “ਓਹ ਤੇਰਾ ਐੱਮ.ਐੱਲ.ਏ. ਕਿੱਥੇ ਕੰਮ ਆਊਗਾ ਫਿਰ?”
“ਓ ਨਹੀਂ ਬੀਰਾ, ਜਿੱਥੇ ਭਰਾ ਦੀ ਲੋੜ ਐ, ਉੱਥੇ ਹੋਰ ਨਹੀਂ ਕੋਈ ਖੜ੍ਹ ਸਕਦਾ। ਨਾਲੇ ਇਨ੍ਹਾਂ ਬੜੇ ਲੋਕਾਂ ਤੋਂ ਤਾਂ ਬੜੇ ਕੰਮ ਈ ਲਈਦੇ ਐ। ਭਰਾ ਭਰਾ ਈ ਹੁੰਦੈ। ਤੂੰ ਆਜੀਂ ਸਵਖਤੇ, ਮੈਂ ਇੰਤਜ਼ਾਰ ਕਰੂੰਗਾ ਸੋਮਵਾਰ ਨੂੰ, ਨਾਲੇ ...।”
ਮੈਂ ਬਿਨਾਂ ਫੋਨ ਕੱਟਿਆਂ ਬਾਹਰ ਜਾ ਕੇ ਬਹਿ ਗਿਆ। ਭਜਨੇ ਦੇ ਬੋਲਣ ਦੀ ਧੀਮੀ-ਧੀਮੀ ਆਵਾਜ਼ ਮੈਨੂੰ ਲਗਾਤਾਰ ਸੁਣਾਈ ਦਿੰਦੀ ਰਹੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































