“ਬੱਚੇ ਨੂੰ ਸਰਕਾਰ ਮੌਕਾ ਮੁਹਈਆ ਕਰਵਾਏ ਤਾਂ ਜੋ ਉਸਦੀ ਪ੍ਰਤਿਭਾ ਦਾ ਮੁੱਲ ਪਵੇ। ਲੋਕਾਂ ਵਿੱਚ ...”
(16 ਅਪਰੈਲ 2026)
ਜੇਕਰ ਕਿਸੇ ਵੀ ਇਨਸਾਨ ਦੇ ਦਿਲ ਅੰਦਰ ਕੋਈ ਟੀਚਾ ਸਰ ਕਰਨ ਦੀ ਆਸ ਜਾਗ ਪਵੇ ਤਾਂ ਉਦੋਂ ਸਮਾਂ ਅਤੇ ਹਾਲਾਤ ਉਸਨੂੰ ਰੋਕ ਨਹੀਂ ਸਕਦੇ। ਇਸਦੀ ਤਾਜ਼ਾ ਮਿਸਾਲ ਜ਼ਿਲ੍ਹਾ ਫਰੀਦਕੋਟ ਦੀ ਜੈਤੋ ਤਹਿਸੀਲ ਦੀ ਧੀ ਤਮੰਨਾ ਪੁੱਤਰੀ ਨਰਿੰਦਰ ਕੁਮਾਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਐਲਾਨੇ ਅੱਠਵੀਂ ਦੇ ਨਤੀਜਿਆਂ ਵਿੱਚ 600 ਵਿੱਚੋਂ 600 ਅੰਕ ਹਾਸਲ ਕਰਕੇ ਆਪਣੇ ਮਾਪਿਆਂ, ਜੈਤੋ ਜਾਂ ਜ਼ਿਲ੍ਹੇ ਦਾ ਹੀ ਨਹੀਂ ਬਲਕਿ ਪੰਜਾਬ ਦਾ ਮਾਣ ਵਧਾਇਆ ਹੈ। ਅੱਠਵੀਂ ਦੀ ਇਸ ਪ੍ਰੀਖਿਆ ਦੇ ਪੇਪਰ ਕੁੱਲ 2,62,966 ਵਿਦਿਆਰਥੀਆਂ ਨੇ ਦਿੱਤੇ ਸਨ, ਜਿਨ੍ਹਾਂ ਵਿੱਚੋਂ 2, 53,789 ਬੱਚੇ ਪਾਸ ਹੋਏ। ਕੁੱਲ ਨਤੀਜਾ 96.51 ਫ਼ੀਸਦੀ ਰਿਹਾ। ਇਹ ਪੇਪਰ 123,603 ਕੁੜੀਆਂ, 139,355 ਮੁੰਡਿਆਂ ਅਤੇ ਅੱਠ ਟਰਾਂਸਜੈਂਡਰ ਬੱਚਿਆਂ ਨੇ ਦਿੱਤੇ ਸਨ, ਜਿਨ੍ਹਾਂ ਵਿੱਚੋਂ 120,808 ਕੁੜੀਆਂ, 132,973 ਮੁੰਡੇ ਅਤੇ ਅੱਠ ਟਰਾਂਸਜੈਂਡਰ ਪਾਸ ਹੋਏ। ਜੇਕਰ ਆਪਸੀ ਤੁਲਨਾ ਕਰੀਏ ਤਾਂ 97.74 ਫੀਸਦੀ ਕੁੜੀਆਂ, 95.42 ਫੀਸਦੀ ਮੁੰਡੇ ਅਤੇ 100 ਫੀਸਦੀ ਟਰਾਂਸਜੈਂਡਰ ਪਾਸ ਹੋਏ। ਪਹਿਲੇ ਤਿੰਨ ਸਥਾਨ ਵੀ ਕੁੜੀਆਂ ਨੇ ਹੀ ਹਾਸਲ ਕੀਤੇ ਹਨ। ਤਮੰਨਾ ਜੈਤੋ (ਫਰੀਦਕੋਟ) ਪਹਿਲਾ ਸਥਾਨ, ਜਸ਼ਨਦੀਪ ਕੌਰ ਕੋਟ ਸੁਖੀਆ (ਫਰੀਦਕੋਟ) ਦੂਜਾ ਅਤੇ ਜਪਨੀਤ ਕੌਰ (ਸੰਗਰੂਰ) ਤੀਜਾ ਸਥਾਨ। ਸਾਡੀ ਜੈਤੋ ਦੀ ਧੀ ਤਮੰਨਾ ਵੱਲੋਂ 100 ਫੀਸਦੀ ਅੰਕ ਪ੍ਰਾਪਤ ਕਰਕੇ ਨਵੀਂ ਪੀੜ੍ਹੀ ਨੂੰ ਇੱਕ ਸੰਦੇਸ਼ ਅਤੇ ਚੁਣੌਤੀ ਦਿੱਤੀ ਹੈ ਕਿ ਸਮਾਂ ਅਤੇ ਹਾਲਾਤ ਭਾਵੇਂ ਜਿਹੋ ਜਿਹੇ ਮਰਜ਼ੀ ਹੋਣ, ਇਹ ਤੁਹਾਡੀ ਪੜ੍ਹਾਈ ਮੋਹਰੇ ਅੜਿੱਕਾ ਨਹੀਂ ਬਣ ਸਕਦੇ। ਬੱਸ ਤੁਹਾਡੇ ਅੰਦਰ ਪੜ੍ਹਨ ਦੀ ਲਗਨ ਅਤੇ ਜਨੂੰਨ ਹੋਣਾ ਚਾਹੀਦਾ ਹੈ। ਘੱਟ ਸਹੂਲਤਾਂ ਮਿਲਣ ਦੇ ਬਾਵਜੂਦ ਵੀ ਕਿਸੇ ਟੀਚੇ ਨੂੰ ਹਾਸਲ ਕਰਨ ਲਈ ਜੀ ਤੋੜ ਮਿਹਨਤ ਦੀ ਲੋੜ ਹੁੰਦੀ ਹੈ ਨਾ ਕਿ ਖੁੱਲ੍ਹੇ ਖਰਚੇ ਅਤੇ ਸ਼ਾਹੀ ਠਾਠਬਾਠ ਦੀ। ਸਾਡੇ ਪੰਜਾਬ ਅੰਦਰ ਲਗਨ ਅਤੇ ਮਿਹਨਤ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ। ਦੂਜੇ ਪਾਸੇ ਨਸ਼ੇ ਦੀਆਂ ਨਦੀਆਂ ਵੀ ਪੰਜਾਬ ਅੰਦਰ ਵਗ ਰਹੀਆਂ ਹਨ। ਮਾਵਾਂ ਦੇ ਪੁੱਤ ਮਰ ਰਹੇ ਹਨ। ਇਹ ਤਾਂ ਬੱਚਿਆਂ ’ਤੇ ਮੁਨੱਸਰ ਹੈ ਕਿ ਨਸ਼ੇ ਦਲਦਲ ਵਿੱਚ ਫਸਣਾ ਹੈ ਜਾਂ ਉਚੇਰੀ ਸਿੱਖਿਆ ਹਾਸਲ ਕਰਕੇ ਦੇਸ਼ ਦਾ ਮਾਣ ਬਣਨਾ ਹੈ। ਸਿੱਖਿਆ ਪ੍ਰਤੀ ਦਿਲਚਸਪੀ ਪੈਦਾ ਕਰਨ ਲਈ ਮਾਪਿਆਂ ਦੇ ਨਾਲ-ਨਾਲ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੂੰ ਵੀ ਨੈਤਿਕਤਾ ਦਾ ਪਾਠ ਪੜ੍ਹਾਉਣ ਲਈ ਉਚੇਚੇ ਤੌਰ ’ਤੇ ਕਦਮ ਚੁੱਕਣ ਦੀ ਵੱਡੀ ਲੋੜ ਹੈ ਨਾ ਕਿ ਸਰਕਾਰਾਂ ਵੱਲੋਂ ਨਸ਼ਾ ਛਡਾਊ ਕੇਂਦਰ ਖੋਲ੍ਹਣ ਦੀ ਲੋੜ ਹੈ। ਚੰਗੀ ਨੈਤਿਕ ਸਿੱਖਿਆ ਦੀਆਂ ਕਲਾਸਾਂ ਨਾਲ ਬੱਚਿਆਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਿਆ ਜਾ ਸਕਦਾ ਹੈ। ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਅਜਿਹੇ ਚੰਗੇ ਕਾਰਜ ਕਰ ਵੀ ਰਹੀਆਂ ਹਨ।
ਸਾਡੇ ਦੇਸ਼ ਵਿੱਚ ਔਰਤ ਨੂੰ ਕਿਸੇ ਸਮੇਂ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਔਰਤ ਉੱਤੇ ਹੋਏ ਅਤੇ ਹੁੰਦੇ ਜ਼ੁਲਮਾਂ ਦੀ ਦਾਸਤਾਨ ਬਹੁਤ ਹੀ ਲੰਬੀ ਹੈ। ਔਰਤ ਲੰਬੇ ਸਮੇਂ ਤੋਂ ਮਰਦ ਦੇ ਵਹਿਸ਼ੀਪੁਣੇ ਦਾ ਸ਼ਿਕਾਰ ਹੁੰਦੀ ਆ ਰਹੀ ਹੈ। ਇਸਦੇ ਬਾਵਜੂਦ ਵੀ ਔਰਤ ਦੀ ਸਹਿਣਸ਼ੀਲਤਾ ਨੇ ਇਸ ਨੂੰ ਉੱਚੇ ਮੁਕਾਮ ’ਤੇ ਪਹੁੰਚਾਇਆ ਹੈ। ਅੱਜ ਪੂਰੀ ਦੁਨੀਆਂ ਦੀ ਕੁੱਲ ਅਬਾਦੀ ਵਿੱਚ ਔਰਤਾਂ ਦੀ ਗਿਣਤੀ 49.5 ਪ੍ਰਤੀਸ਼ਤ ਦੇ ਲਗਭਗ ਹੈ। ਮਰਦਾਂ ਦੇ ਮੁਕਾਬਲੇ ਔਰਤ ਦਾ ਯੋਗਦਾਨ ਘਰ ਚਲਾਉਣ ਤੋਂ ਲੈ ਕੇ ਦੇਸ਼ ਚਲਾਉਣ ਤਕ ਕਿਤੇ ਵੱਧ ਹੈ; ਜਿਸਦੀ ਮਿਸਾਲ ਜੇਨ ਆਸਟਨ ਯੂ.ਕੇ. (ਮਸ਼ਹੂਰ ਨਾਵਲਿਸਟ), ਫਲੋਰੈਂਸ ਨਾਈਟਿੰਗੇਲ ਇਟਲੀ (ਨਰਸ ਹੋਣ ਦੇ ਨਾਤੇ ਮਾਨਵਤਾ ਨੂੰ ਸਮਰਪਿਤ), ਐਮੇਲਾਈਨ ਪੈਨਖੁਰਸਤ ਯੂ.ਕੇ. (ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਕਾਰਕੁਨ), ਮੈਰੀ ਕਿਊਰੀ ਫਰਾਂਸ (ਮਸ਼ਹੂਰ ਸਾਇੰਸਦਾਨ), ਕੋਕੋ ਛਨੈਲ ਫਰਾਂਸ (ਮਸ਼ਹੂਰ ਫੈਸ਼ਨ ਡਿਜ਼ਾਈਨਰ), ਕੈਥੇਰਿਨਰੈਪ ਬਰਨ ਯੂ.ਐੱਸ. (ਫਿਲਮੀ ਦੁਨੀਆ ਦੀ ਮਹਾਨ ਹਸਤੀ), ਸੇਂਟ ਮਦਰ ਟੈਰੇਸਾ ਰੋਮਨ ਕੈਥੋਲਿਕ (ਸਾਰੀ ਜ਼ਿੰਦਗੀ ਮਨੁੱਖਤਾ ਨੂੰ ਸਮਰਪਿਤ), ਮਾਰਗੇਟ ਥੈਚਰ ਯੂ.ਕੇ. (ਪੀ.ਐੱਮ), ਕੁਈਨ ਐਲਿਜ਼ਬੈਥ ਦੂਜੀ ਯੂ.ਕੇ (ਮਹਾਰਾਣੀ), ਹਿਲੇਰੀ ਕਲਿੰਟਨ ਯੂ. ਐੱਸ. (ਮਸ਼ਹੂਰ ਸਿਆਸਤਦਾਨ), ਓਪਰਾ ਵਿਨਫਰੀ ਯੂ.ਐੱਸ (ਅੱਜ ਦੀ ਦੁਨੀਆਂ ਦੀ ਸਰਬ ਗੁਣ ਸੰਪੰਨ ਔਰਤ), ਜੇ ਕੇ ਰੋਵਉਲਿੰਗ ਯੂ.ਕੇ (ਮਹਾਨ ਲਿਖਾਰੀ), ਜੈਸਿਕਾ ਐਨਿਸਹਿੱਲ ਯੂ.ਕੇ (ਅਥਲੀਟ, ਲੰਡਨ ਉਲੰਪਿਕ ਦੀ ਗੋਲਡ ਮੈਡਲਿਸਟ), ਯੂਸਫ ਮਲਾਲਾ ਪਾਕਿਸਤਾਨ (ਰਾਜਨੈਤਿਕ ਕਾਰਕੁਨ, ਨੋਬਲ ਪੁਰਸਕਾਰ ਨਾਲ ਸਨਮਾਨਿਤ), ਸਵਰਗੀ ਸ੍ਰੀਮਤੀ ਇੰਦਰਾ ਗਾਂਧੀ, ਭਾਰਤ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ, ਕਲਪਨਾ ਚਾਵਲਾ ਭਾਰਤ ਦੇ ਕਰਨਾਲ ਵਿੱਚ ਜਨਮੀ ਪੁਲਾੜ ਯਾਤਰੀ, (ਨਾਸਾ ਵੱਲੋਂ ਪੁਲਾੜ ਵਿੱਚ ਭੇਜੀ ਪਹਿਲੀ ਮਹਿਲਾ), ਸਰੋਜਨੀ ਨਾਇਡੂ ਭਾਰਤੀ ਰਾਜਨੀਤਕ ਕਾਰਕੁਨ ਦੇ ਤੌਰ ’ਤੇ ਮਸ਼ਹੂਰ ਮਹਿਲਾ, ਰਾਣੀ ਲਕਸ਼ਮੀਬਾਈ ਭਾਰਤ ਦੇ ਵਾਰਾਣਸੀ ਵਿੱਚ ਜਨਮੀ (ਬਰਤਾਨਵੀ ਰਾਜ ਦੇ ਖਿਲਾਫ ਜੰਗ ਲੜਦੇ ਸ਼ਹੀਦ ਹੋਈ ਮਸ਼ਹੂਰ ਮਹਿਲਾ), ਰਜ਼ੀਆ ਸੁਲਤਾਨਾ ਬਦੌਣ ਵਿੱਚ ਜਨਮੀ (ਆਪਣੇ ਪਿਤਾ ਦੀ ਸਲਤਨਤ ਦੀ ਮੁਸਲਮਾਨ ਇਤਿਹਾਸ ਵਿੱਚ ਪਹਿਲੀ ਮਹਿਲਾ ਵਾਰਸ ਜੋ ਕਿ ਸੁਲਤਾਨ ਬਣੀ), ਇਸ ਤੋਂ ਇਲਾਵਾ ਸਿੱਖ ਧਰਮ ਵਿੱਚ ਫਖਰ ਤੇ ਸਤਿਕਾਰ ਨਾਲ ਲਿਆ ਜਾਣ ਵਾਲਾ ਨਾਮ “ਮਾਈ ਭਾਗੋ” ਸਿੱਖ ਧਰਮ ਵਿੱਚ ਬਹਾਦਰੀ ਦੇ ਤੌਰ ’ਤੇ ਮਾਈ ਭਾਗੋ ਦਾ ਅਹਿਮ ਸਥਾਨ ਹੈ। ਇਸਤੋਂ ਇਲਾਵਾ ਹੋਰ ਵੀ ਸੈਂਕੜੇ ਮਹਿਲਾਵਾਂ ਦੇ ਨਾਮ ਇਤਿਹਾਸ ਦੇ ਪੰਨਿਆਂ ’ਤੇ ਦਰਜ਼ ਹਨ, ਜਿਨ੍ਹਾਂ ਨੇ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਅਤੇ ਔਰਤ ਦੀ ਹੋਂਦ ਨੂੰ ਬਰਕਰਾਰ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਬੀਤੇ ਸਮੇਂ ਵਿੱਚ ਚੱਲਿਆ ਕਿਸਾਨੀ ਮੋਰਚਾ ਵੀ ਔਰਤਾਂ ਦੀ ਭਾਗੀਦਾਰੀ ਤੋਂ ਸੱਖਣਾ ਨਹੀਂ ਸੀ, ਜਿਸ ਵਿੱਚ ਔਰਤਾਂ ਨੇ ਅਹਿਮ ਭੂਮਿਕਾ ਨਿਭਾਈ ਸੀ। ਮੋਰਚੇ ਵਿੱਚ ਲੰਗਰ ਦੀ ਵਿਵਸਥਾ ਕਰਨ ਦੇ ਨਾਲ-ਨਾਲ ਔਰਤਾਂ ਵੱਲੋਂ ਸੰਘਰਸ਼ ਦੌਰਾਨ ਮੋਹਰਲੀਆਂ ਸਫ਼ਾ ਵਿੱਚ ਵਿਚਰਕੇ ਮਰਦਾਂ ਦੇ ਮੋਢੇ ਨਾਲ ਮੋਢਾ ਲਾ ਕੇ ਕਿਸਾਨੀ ਸੰਘਰਸ਼ ਨੂੰ ਸਿਖਰਾਂ ’ਤੇ ਪਹੁੰਚਾਇਆ ਸੀ। ਇਸਦੀ ਮਿਸਾਲ ਨੌਦੀਪ ਕੌਰ ਦੀ ਸਰਕਾਰ ਵੱਲੋਂ ਗ੍ਰਿਫਤਾਰੀ ਹੈ।
ਭਾਖੜਾ ਨੰਗਲ ਡੈਮ ਬਣਾਉਣ ਲਈ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ 104 ਕਰੋੜ ਰੁਪਏ ਕਰਜ਼ੇ ਵਜੋਂ ਦਿੱਤੇ ਸਨ। ਇਸ ਕਰਜ਼ੇ ਦੀ ਵਸੂਲੀ ਲਈ ਉਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋਂ ਸਰਕਾਰ ਨੇ ਕਿਸਾਨਾਂ ਉੱਪਰ ਟੈਕਸ ਲਾ ਦਿੱਤਾ ਸੀ; ਜਿਸ ਨੂੰ ਖੁਸ਼ਹੈਸੀਅਤ ਟੈਕਸ ਦਾ ਨਾਮ ਦਿੱਤਾ ਸੀ। ਇਸ ਖ਼ਿਲਾਫ ਸੰਘਰਸ਼ ਹੋਇਆ ਸੀ, ਜਿਸ ਵਿੱਚ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਨਾਲ ਮਾਤਾ ਚੰਦ ਕੌਰ ਅਤੇ ਬੀਬੀ ਬਚਨ ਕੌਰ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ। ਭਾਵ ਮਰਦਾਂ ਦੇ ਮੁਕਾਬਲੇ ਔਰਤਾਂ ਕਿਸੇ ਵੀ ਪਿੜ ਵਿੱਚ ਮੱਲਾਂ ਮਾਰਨ ਅਤੇ ਸ਼ਹੀਦੀ ਜਾਮ ਪੀਣ ਤੋਂ ਪਿੱਛੇ ਨਹੀਂ ਹਨ।
ਜੇਕਰ ਪੁਰਾਣੇ ਸਮਿਆਂ ਦੌਰਾਨ ਔਰਤ ਉੱਤੇ ਹੁੰਦੇ ਜ਼ੁਲਮਾਂ ਦੀ ਦਾਸਤਾਨ ਲਿਖਣ ਬੈਠੀਏ ਤਾਂ ਕਲਮ ਦੀ ਸਿਆਹੀ ਖਤਮ ਹੋ ਜਾਵੇਗੀ। ਔਰਤ ਨੂੰ ਹੀ ਮਾਤਾ ਸੀਤਾ ਦੇ ਰੂਪ ਵਿੱਚ ਆਪਣੇ-ਆਪ ਨੂੰ ਪਾਕ ਸਾਫ ਦਰਸਾਉਣ ਲਈ ਅਗਨੀ ਪ੍ਰੀਖਿਆ ਦੇਣੀ ਪਈ ਸੀ। ਅਜਿਹਾ ਕਰਨ ਦੇ ਬਾਵਜੂਦ ਵੀ ਉਸਨੂੰ ਨਕਾਰ ਦਿੱਤਾ ਗਿਆ। ਇਵੇਂ ਹੀ ਮਰਦ ਪ੍ਰਧਾਨ ਸਮਾਜ ਵੱਲੋਂ ਦਰੋਪਤੀ ਨੂੰ ਪਾਂਡਵਾਂ ਵੱਲੋਂ ਜੂਏ ਵਿੱਚ ਦਾਅ ’ਤੇ ਲਾਕੇ ਔਰਤ ਨੂੰ ਅਬਲਾ ਅਤੇ ਵਸਤੂ ਵਜੋਂ ਦਰਸਾਇਆ ਗਿਆ। ਕੌਰਵਾਂ ਵੱਲੋਂ ਆਪਣੇ ਨੀਚਪੁਣੇ ਦੀਆਂ ਹੱਦਾਂ ਪਾਰ ਕਰਦੇ ਹੋਏ, ਉਸਦਾ ਭਰੀ ਸਭਾ ਵਿੱਚ ਚੀਰ ਹਰਣ ਕਰਕੇ ਔਰਤ ਦੀ ਪੱਤ ਨੂੰ ਰੋਲ਼ਿਅਅ ਗਿਆ। ਇਸ ਤੋਂ ਸਿੱਧ ਹੁੰਦਾ ਹੈ ਕਿ ਹਮੇਸ਼ਾ ਔਰਤ ਮਰਦਾਂ ਦੀ ਘਟੀਆ ਸੋਚ ਦਾ ਸਦੀਆਂ ਤੋਂ ਸ਼ਿਕਾਰ ਬਣਕੇ ਸਮਾਜਿਕ ਕੁਰੀਤੀਆਂ ਦੀ ਭੇਟ ਚੜ੍ਹਦੀ ਆ ਰਹੀ ਹੈ, ਜਿਸ ਕਾਰਨ ਸਤੀ ਪ੍ਰਥਾ ਦੇ ਤਹਿਤ ਜਵਾਨ ਔਰਤ ਦੇ ਪਤੀ ਦੀ ਮੌਤ ਕਾਰਨ ਉਸ ਨੂੰ ਖੁਦ ਬਲਦੀ ਚਿਖਾ ਵਿੱਚ ਛਾਲ ਮਾਰ ਕੇ ਆਪਣੀ ਕੀਮਤੀ ਜ਼ਿੰਦਗੀ ਤੋਂ ਹੱਥ ਧੋਣੇ ਪੈਂਦੇ ਸਨ। ਇਸ ਮੰਜ਼ਰ ਨੂੰ ਮੌਕੇ ਦੇ ਸਾਰੇ ਸੂਝਵਾਨ ਲੋਕ ਅੱਖੀਂ ਦੇਖਕੇ ਵੀ ਕੁਝ ਬੋਲਣ ਤੋਂ ਆਪਣੀਆਂ ਜ਼ੁਬਾਨਾਂ ’ਤੇ ਜ਼ਿੰਦਰੇ ਜੜਕੇ ਘਰੋ-ਘਰੀ ਤੁਰ ਜਾਂਦੇ ਸਨ। ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਸ ਬੁਰਾਈ ਖਿਲਾਫ ਜੰਗ ਲੜਕੇ ਇਸਨੂੰ ਬੰਦ ਕਰਵਾਇਆ।
ਸਾਡੇ ਦੇਸ਼ ਦੇ ਨੌਜਵਾਨਾਂ ਨੂੰ, ਖਾਸ ਕਰਕੇ ਪੰਜਾਬ ਦੇ ਮੁੰਡਿਆਂ ਨੂੰ ਕੁੜੀਆਂ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਅਸਲ ਵਿੱਚ ਤਾਂ ਔਰਤ ਅਤੇ ਮਰਦ ਦੋਨੋਂ ਹੀ ਇਨਸਾਨ ਹਨ। ਪੜ੍ਹ-ਲਿਖਕੇ ਮੋਹਰਲੀਆਂ ਕਤਾਰਾਂ ਵਿੱਚ ਆਉਣਾ ਚਾਹੀਦਾ ਹੈ। ਭਾਵੇਂ ਮੁੰਡੇ ਵੀ ਪੜ੍ਹ ਰਹੇ ਹਨ, ਕੁੜੀਆਂ ਵੀ ਪੜ੍ਹ ਰਹੀਆਂ ਹਨ, ਪ੍ਰੰਤੂ ਸਰਵੇਖਣ ਮੁਤਾਬਿਕ ਇੱਕ ਲੜਕੀ 12 ਸਾਲ ਦੀ ਉਮਰ ਤੋਂ ਬਾਅਦ ਜ਼ਿੰਮੇਵਾਰ ਬਣ ਜਾਂਦੀ ਹੈ। ਉਸਦੇ ਮੁਕਾਬਲੇ ਲੜਕੇ 24 ਸਾਲ ਦੀ ਉਮਰ ਤੋਂ ਬਾਅਦ ਜ਼ਿੰਮੇਵਾਰ ਬਣਦੇ ਹਨ। ਔਰਤ ਦੀ ਸਰੀਰਕ ਬਣਤਰ ਹੀ ਅੱਲਾ-ਪਾਕ ਵੱਲੋਂ ਅਜਿਹੀ ਬਣਾਈ ਹੈ, ਜਿਸ ਕਰਕੇ ਬਾਹਰ੍ਹਵੇਂ ਸਾਲ ਤੋਂ ਹੀ ਸਮਝਦਾਰੀ ਵਾਲੇ ਗੁਣ ਪੈਦਾ ਹੋ ਜਾਂਦੇ ਹਨ ਤਾਂ ਜੋ ਆਪਣੇ ਪਰਿਵਾਰ ਦਾ ਪਾਲਣ ਪੋਸਣ ਅਤੇ ਸਾਂਭ-ਸੰਭਾਲ ਵਧੀਆ ਢੰਗ ਨਾਲ ਕਰ ਸਕੇ। ਮੈਂ ਮਹਿਸੂਸ ਕੀਤਾ ਹੈ ਤੇ ਦੇਖਿਆ ਹੈ ਕਿ ਲੜਕੀ ਦੇ ਖੇਡਣ ਵਾਸਤੇ ਵੀ ਗੁੱਡੀਆਂ-ਪਟੋਲੇ ਹੀ ਹੁੰਦੇ ਸਨ, ਜਿਸ ਕਾਰਨ ਸ਼ੁਰੂ ਤੋਂ ਹੀ ਉਸਨੂੰ ਜ਼ਿੰਮੇਵਾਰ ਬਣਾਇਆ ਜਾ ਸਕੇ। ਔਰਤ ਦੀ ਦਿਲਚਸਪੀ ਵੀ ਕਲਾ ਵਾਲੇ ਪਾਸੇ ਹੁੰਦੀ ਹੈ, ਜਿਸ ਕਾਰਨ ਸੱਚੇ ਪਾਤਸ਼ਾਹ ਵੱਲੋਂ ਉਸਨੂੰ ਸਹਿਣਸ਼ੀਲਤਾ ਅਤੇ ਬਰਦਾਸ਼ਤ ਸ਼ਕਤੀ ਮਰਦਾਂ ਨਾਲੋਂ ਸੈਂਕੜੇ ਗੁਣਾ ਵਧੇਰੇ ਦਿੱਤੀ ਹੈ। ਔਰਤ ਦੇ ਮੁਕਾਬਲੇ ਮਰਦ ਗੁੱਸੇਖੋਰ ਅਤੇ ਬਦਲਾਲਊ ਭਾਵਨਾ ਵੱਧ ਰੱਖਦਾ ਹੈ। ਅੱਜ ਦੇ ਨਵੇਂ ਜ਼ਮਾਨੇ ਮੁਤਾਬਿਕ ਮੁੰਡਿਆਂ ਅਤੇ ਕੁੜੀਆਂ ਵਿੱਚ ਗਲਤ ਧਾਰਨਾਵਾਂ ਪੈਦਾ ਹੋ ਰਹੀਆਂ ਹਨ, ਪ੍ਰੰਤੂ ਫਿਰ ਵੀ ਕੁੜੀਆਂ ਇਨ੍ਹਾਂ ਧਾਰਨਾਵਾਂ ਤੋਂ ਕੋਹਾਂ ਦੂਰ ਹਨ। ਦੇਖਣ ਵਿੱਚ ਆਉਂਦਾ ਹੈ ਕਿ ਵੱਡੀ ਗਿਣਤੀ ਵਿੱਚ ਮੁੰਡੇ ਵਿਦੇਸ਼ ਜਾਣ ਲਈ ਆਈਲੈਟਸ ਦਾ ਪੇਪਰ ਪਾਸ ਨਹੀਂ ਕਰ ਸਕੇ ਤੇ ਉਹਨਾਂ ਨੂੰ ਕੁੜੀਆਂ ਦਾ ਸਹਾਰਾ ਲੈਕੇ ਵਿਦੇਸ਼ ਜਾਣਾ ਪੈ ਰਿਹਾ ਹੈ। ਜ਼ਿਆਦਾਤਰ ਕੁੜੀਆਂ ਆਈਲੈਟਸ ਦਾ ਪੇਪਰ ਪਹਿਲੀ ਵਾਰ ਹੀ ਪਾਸ ਕਰ ਲੈਂਦੀਆਂ ਹਨ, ਪ੍ਰੰਤੂ ਲੜਕੇ ਪਾਸ ਨਹੀਂ ਕਰ ਪਾਉਂਦੇ। ਪੜ੍ਹਾਈ ਦੇ ਮੁਕਾਬਲੇ ਵਿੱਚ ਮੁੰਡੇ ਕੁੜੀਆਂ ਨਾਲੋਂ ਪਛੜ ਗਏ ਹਨ। ਖੇਡਾਂ ਵਿੱਚ ਵੀ ਕੁੜੀਆਂ ਲਗਾਤਾਰ ਬਾਜ਼ੀ ਮਾਰ ਰਹੀਆਂ ਹਨ। ਕੁੜੀਆਂ ਡਾਕਟਰੀ ਲਾਈਨ ਤੋਂ ਹਟ ਕੇ ਅੱਜ ਕੱਲ੍ਹ ਇੰਜਨੀਅਰਿੰਗ ਵਾਲੇ ਪਾਸੇ ਵੀ ਲਗਾਤਾਰ ਜਾ ਰਹੀਆਂ ਹਨ। ਬਿਜਲੀ ਨਿਗਮ ਦੇ ਬਿਜਲੀ ਘਰਾਂ ਨੂੰ ਚਲਾਉਣ ਲਈ ਬਹੁਤ ਹੀ ਠਰ੍ਹੰਮੇ ਤੇਅ ਕਾਬਲੀਅਤ ਦੀ ਲੋੜ ਹੁੰਦੀ ਹੈ। ਉੱਥੇ ਨਾਲ-ਨਾਲ ਹਰ ਚੀਜ਼ ਨੂੰ ਸਮਝਦੇ ਹੋਏ ਸਰੀਰਕ ਬਲ ਦੀ ਵੀ ਲੋੜ ਹੁੰਦੀ ਹੈ, ਪ੍ਰੰਤੂ ਅੱਜ ਕੱਲ੍ਹ ਬਿਜਲੀ ਨਿਗਮ ਦੇ ਬਿਜਲੀ ਘਰਾਂ ਵਿੱਚ ਵੀ ਲਗਾਤਾਰ ਭਰਤੀ ਦੌਰਾਨ ਕੁੜੀਆਂ ਨੌਕਰੀ ਤੇ ਲੱਗਕੇ ਬਿਜਲੀ ਘਰਾਂ ਨੂੰ ਚਲਾ ਰਹੀਆਂ ਹਨ। ਅਜੋਕੇ ਸਮੇਂ ਵਿੱਚ ਕੁੜੀਆਂ ਦੇਸ਼ ਦੀ ਤਰੱਕੀ ਲਈ ਹਰ ਖੇਤਰ ਵਿੱਚ ਮਰਦਾਂ ਦੇ ਮੁਕਾਬਲੇ ਮੱਲਾਂ ਮਾਰ ਕੇ ਅੱਗੇ ਵਧ ਰਹੀਆਂ ਹਨ। ਦੇਸ਼ ਦੀ ਸਰਹੱਦ ’ਤੇ ਬੀਐੱਸਐੱਫ ਵਿੱਚ ਵੀ ਵੱਡੀ ਗਿਣਤੀ ਵਿੱਚ ਸਾਡੀਆਂ ਧੀਆਂ ਆਪਣਾ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ।
ਸਾਡੀ ਜੈਤੋ ਦੀ ਇਸ ਧੀ ਤਮੰਨਾ ਨੇ, ਜਿਸਦਾ ਪਿਤਾ ਚਾਰ ਧੀਆਂ ਦਾ ਬਾਪ ਹੋਣ ਦੇ ਬਾਵਜੂਦ ਵੀ ਭਾਵੇਂ ਉਹ ਇੱਟਾਂ ਵਾਲੇ ਭੱਠੇ ਤੇ ਕਲਰਕ ਦੀ ਛੋਟੀ ਜਿਹੀ ਨੌਕਰੀ ਕਰ ਰਿਹਾ ਹੈ, ਕਾਬਿਲੇ ਤਾਰੀਫ ਹੈ। ਸਾਡੀ ਇਹ ਧੀ ਵੀ ਇਹੋ ਜਿਹੀਆਂ ਹਾਲਤਾਂ ਵਿੱਚ ਕਿੰਨੀ ਸਖਤ ਮਿਹਨਤ ਕਰਦੀ ਹੋਵੇਗੀ ਜਿਸਨੇ ਅੱਠਵੀਂ ਕਲਾਸ ਵਿੱਚੋਂ 100 ਫੀਸਦੀ ਅੰਕ ਹਾਸਲ ਕਰਕੇ ਦੇਸ਼ ਦਾ ਮਾਣ ਵਧਾਇਆ ਹੈ। ਉਸਦੀ ਮਿਹਨਤ ਆਖਰਕਾਰ ਰੰਗ ਲਿਆਈ ਅਤੇ ਪੰਜਾਬ ਵਿੱਚੋਂ ਪਹਿਲੇ ਨੰਬਰ ’ਤੇ ਆਈ। ਉਸਦੀ ਮਿਹਨਤ ਅੱਗੇ ਪੇਪਰ ਚੈੱਕ ਕਰਨ ਵਾਲੇ ਟੀਚਰਾਂ ਵਾਸਤੇ ਵੀ ਕੋਈ ਗੁੰਜਾਇਸ਼ ਨਹੀਂ ਰਹੀ ਕਿ ਉਸਦਾ ਅੱਧਾ ਨੰਬਰ ਵੀ ਕੱਟਿਆ ਜਾ ਸਕੇ। ਕਿਸੇ ਸਮੇਂ ਟੀਚਰ ਛੇਤੀ ਕੀਤਿਆਂ 100 ਵਿੱਚੋਂ 100 ਅੰਕ ਨਹੀਂ ਦਿੰਦੇ ਸਨ।
ਹੁਣੇ ਤੋਂ ਹੀ ਸਰਕਾਰ ਸਾਡੀਆਂ ਇਨ੍ਹਾਂ ਤਿੰਨੇ ਧੀਆਂ ਨੂੰ ਜੋ ਪਹਿਲੇ, ਦੂਜੇ ਅਤੇ ਤੀਜੇ ਨੰਬਰ ’ਤੇ ਆਈਆਂ ਹਨ, ਕੁਝ ਬਣਨ ਤਕ ਉਚੇਰੀ ਪੜ੍ਹਾਈ ਲਈ ਸਾਰਾ ਖਰਚਾ ਦੇਣ ਲਈ ਐਲਾਨ ਕਰੇ। ਪੜ੍ਹਾਈ ਦੇ ਨਾਲ-ਨਾਲ ਉਹਨਾਂ ਲਈ ਹੋਰ ਅੱਗੇ ਵਧਣ ਵਾਸਤੇ ਵੀ ਖੁਸ਼ ਗਵਾਰ ਮਾਹੌਲ ਅਤੇ ਖਰਚ ਸੰਬੰਧੀ ਸਰਕਾਰ ਜਾਂ ਸੰਸਥਾਵਾਂ ਬੀੜਾ ਚੁੱਕਣ, ਜਿਸ ਨਾਲ ਸਾਡੀਆਂ ਇਹ ਤਿੰਨੇ ਧੀਆਂ ਨਾਮੀ ਸ਼ਖਸੀਅਤਾਂ ਬਣ ਸਕਦੀਆਂ ਹਨ। ਨਹੀਂ ਤਾਂ ਕਈ ਵਾਰੀ ਪਰਿਵਾਰਿਕ ਮਜਬੂਰੀਆਂ ਅਜਿਹਾ ਅੜਿੱਕਾ ਬਣਦੀਆਂ ਹਨ, ਇਨਸਾਨ ਚਾਹਕੇ ਵੀ ਅੱਗੇ ਨਹੀਂ ਵੱਧ ਪਾਉਂਦਾ ਕਿਉਂਕਿ ਪੜ੍ਹਾਈਆਂ ਦੇ ਖਰਚੇ ਬਹੁਤ ਹਨ। 15 ਅਗਸਤ ਜਾਂ 26 ਜਨਵਰੀ ਮੌਕੇ ਸਰਕਾਰਾਂ ਛੋਟੇ ਮੋਟੇ ਇਨਾਮ ਦੇਣ ਤੋਂ ਬਾਅਦ ਪੁੱਛਦੀਆਂ ਹੀ ਨਹੀਂ, ਤੇ ਕਾਬਲ ਬਣਨ ਵਾਲੇ ਬੱਚੇ ਰੁਲ ਜਾਂਦੇ ਹਨ।
ਨਤੀਜੇ ਆਉਣ ਸਮੇਂ ਮਾਣਯੋਗ ਮੁੱਖ ਮੰਤਰੀ ਵੱਲੋਂ ਨਿਰਾਪੁਰਾ ਮਿਲਣ ਦੇ ਬਿਆਨ ਦੇਕੇ ਖਾਨਾਪੂਰਤੀ ਕਰਨ ਨਾਲ ਗੱਡੀ ਨਹੀਂ ਚੱਲਣੀ, ਹੁਣ ਕੁਝ ਕਰ ਕੇ ਦਿਖਾਉਣ ਦੀ ਲੋੜ ਹੈ। ਬੱਚੇ ਨੂੰ ਸਰਕਾਰ ਮੌਕਾ ਮੁਹਈਆ ਕਰਵਾਏ ਤਾਂ ਜੋ ਉਸਦੀ ਪ੍ਰਤਿਭਾ ਦਾ ਮੁੱਲ ਪਵੇ। ਲੋਕਾਂ ਵਿੱਚ ਮਿਸਾਲ ਬਣੇਗੀ ਕਿ ਫਲਾਂ ਬੱਚਾ ਪਹਿਲੇ ਨੰਬਰ ’ਤੇ ਆਇਆ ਸੀ, ਸਰਕਾਰ ਨੇ ਉਸਦੀ ਬਾਂਹ ਫੜੀ, ਪੜ੍ਹਾਈ ਸਮੇਤ ਉਸਦਾ ਸਾਰਾ ਰਹਿਣ-ਸਹਿਣ ਦਾ ਖਰਚ ਚੁੱਕਿਆ। ਇਸ ਨਾਲ ਬਾਕੀ ਬੱਚੇ ਸੇਧ ਲੈ ਕੇ ਉਤਸ਼ਾਹਿਤ ਹੋਕੇ ਅੱਗੇ ਵਧਣਗੇ, ਜਿਸ ਨਾਲ ਦੇਸ਼ ਤਰੱਕੀ ਕਰੇਗਾ। ਇਸ ਲਈ ਅੱਜ ਸਰਕਾਰ ਕੋਲ ਖਾਸ ਕਰਕੇ ਲੜਕੀਆਂ ਲਈ ਕੁਝ ਕਰਨ ਦਾ ਖਾਸ ਮੌਕਾ ਹੱਥ ਆਇਆ ਹੈ। ਇਹ ਮੌਕਾ ਜਾਣ ਨਹੀਂ ਦੇਣਾ ਚਾਹੀਦਾ ਤਾਂ ਜੋ ਲੋਕਾਂ ਦੇ ਮਨਾਂ ਵਿੱਚ ਪੈਦਾ ਹੋਏ ਭਰਮ ਨੂੰ ਦੂਰ ਕੀਤਾ ਜਾ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































