“ਮੈਂ ਸਕੂਲ ਸਿੱਖਿਆ ਵਿਭਾਗ ਵਿੱਚ ਜਦੋਂ 2008 ਸਮੇਂ ਅਧਿਆਪਕ ਭਰਤੀ ਹੋਈ, ਉਸ ਸਮੇਂ ...”
(28 ਮਾਰਚ 2026)
ਬਜ਼ੁਰਗ ਸਾਡੀ ਜ਼ਿੰਦਗੀ ਦਾ ਅਣਮੁੱਲਾ ਸਰਮਾਇਆ ਹੁੰਦੇ ਹਨ। ਦਾਦੀਆਂ ਨਾਨੀਆਂ ਦੀਆਂ ਪਾਈਆਂ ਬਾਤਾਂ ਅਤੇ ਬਚਪਨ ਦੇ ਵਿੱਚ ਦਿੱਤੀਆਂ ਲੋਰੀਆਂ ਬੱਚੇ ਨੂੰ ਕਦੇ ਵੀ ਨਹੀਂ ਭੁੱਲਦੀਆਂ। ਖਾਸ ਕਰ ਲੜਕੀ ਦੇ ਵਿਅਕਤੀਤਵ ਦੇ ਉੱਤੇ ਉਸਦੀ ਨਾਨੀ ਅਤੇ ਦਾਦੀ ਦੀ ਸ਼ਖਸੀਅਤ ਦਾ ਪ੍ਰਭਾਵ ਹਮੇਸ਼ਾ ਦੇ ਲਈ ਰਹਿੰਦਾ ਹੈ। ਅਜਿਹੀ ਹੀ ਇੱਕ ਅਭੁੱਲ ਯਾਦ ਸਾਂਝੀ ਕਰਨੀ ਚਾਹੁੰਦੀ ਹਾਂ ਜਦੋਂ ਮੇਰੀ ਦਾਦੀ ਜੀ ਵੱਲੋਂ ਦਿੱਤਾ ਗਿਆ ਅਸ਼ੀਰਵਾਦ ਮੇਰੇ ਲਈ ਵਰਦਾਨ ਸਾਬਤ ਹੋਇਆ। ਗੱਲ ਨੱਬੇ ਦੇ ਦਹਾਕੇ ਦੀ ਹੈ, ਜਦੋਂ ਪੰਜਾਬ ਦੇ ਹਾਲਾਤ ਖਰਾਬ ਸਨ। ਉਦੋਂ ਸ਼ਾਮ ਨੂੰ ਦਿਨ ਖੜ੍ਹੇ ਦਰਵਾਜ਼ੇ ਬੰਦ ਹੋ ਜਾਂਦੇ ਸਨ। ਉਸ ਸਮੇਂ ਪਿੰਡਾਂ ਵਿੱਚ ਰਹਿੰਦੇ ਨੌਕਰੀ ਕਰਦੇ ਲੋਕਾਂ ਨੇ ਸ਼ਹਿਰਾਂ ਵੱਲ ਰੁਖ ਮੋੜ ਲਿਆ ਸੀ। ਪੁਲਿਸ ਮੁਲਾਜ਼ਮ ਤਾਂ ਇੱਕਾ ਦੁੱਕਾ ਹੀ ਪਿੰਡਾਂ ਵਿੱਚ ਰਹਿ ਗਏ ਸਨ ਕਿਉਂਕਿ ਖਤਰਨਾਕ ਹਾਲਾਤ ਦੇ ਮੱਦੇ ਨਜ਼ਰ ਹਰ ਕੋਈ ਆਪਣੇ ਬੱਚਿਆਂ ਅਤੇ ਪਰਿਵਾਰ ਦੀ ਸੁਰੱਖਿਆ ਲਈ ਸ਼ਹਿਰੀ ਜਾ ਵਸਿਆ ਸੀ। ਮੇਰੇ ਪਿਤਾ ਜੀ ਪੁਲਿਸ ਵਿਭਾਗ ਵਿੱਚ ਨੌਕਰੀ ਕਰਦੇ ਸਨ। ਉਹ ਪੇਂਡੂ ਸੱਭਿਆਚਾਰ ਅਤੇ ਪਿੰਡ ਵਿੱਚ ਹੀ ਰਹਿਣਾ ਪਸੰਦ ਕਰਦੇ ਸਨ। ਪ੍ਰੰਤੂ ਮੇਰੇ ਦਾਦਾ ਦਾਦੀ ਜੀ ਅਤੇ ਹੋਰ ਰਿਸ਼ਤੇਦਾਰਾਂ ਦੇ ਕਹਿਣ ’ਤੇ ਉਹਨਾਂ ਜ਼ਿਲ੍ਹਾ ਰੂਪਨਗਰ ਵਿਖੇ ਬਦਲੀ ਕਰਵਾ ਲਈ। ਸਾਨੂੰ ਪੁਲਿਸ ਲਾਈਨ ਵਿੱਚ ਕੁਆਟਰ ਮਿਲ ਗਿਆ। ਮੈਂ ਅਤੇ ਮੇਰਾ ਭਰਾ ਅਜੇ ਬਹੁਤ ਛੋਟੇ ਸੀ। ਸਾਡੀ ਪੜ੍ਹਾਈ ਦੀ ਸ਼ੁਰੂਆਤ ਇੱਥੋਂ ਹੀ ਸ਼ੁਰੂ ਹੋਈ। ਪੰਜਾਬ ਰਾਜ ਬਿਜਲੀ ਬੋਰਡ ਦਾ ਰੋਪੜ ਥਰਮਲ ਪਲਾਟ (RTP) ਦੇ ਨਜ਼ਦੀਕ ਬਹੁਤ ਹੀ ਵਧੀਆ ਮਾਡਲ ਸਕੂਲ ਸੀ, ਜਿਸ ਵਿੱਚ ਸਾਨੂੰ ਦਾਖਲ ਕਰਵਾਇਆ ਗਿਆ। ਵਧੀਆ ਸਹੂਲਤਾਂ, ਸਿਵਾਲਕ ਦੀਆਂ ਪਹਾੜੀਆਂ ਦੀਆਂ ਜੜ੍ਹਾਂ ਵਿੱਚ ਵਸਿਆ ਸੁੰਦਰ ਸ਼ਹਿਰ ਰੂਪ ਨਗਰ ਬਹੁਤ ਹੀ ਰਮਣੀਕ ਵਾਤਾਵਰਣ ਵਾਲਾ ਸ਼ਹਿਰ ਹੈ। ਗਰਮੀਆਂ ਵਿੱਚ ਹੁੰਦੀਆਂ ਬਰਸਾਤਾਂ ਅਤੇ ਸ਼ਹਿਰੀ ਬਿਜਲੀ ਦੀ ਸਹੂਲਤ ਹੋਣ ਕਾਰਨ ਪਤਾ ਹੀ ਨਾ ਚੱਲਣਾ ਕਿ ਗਰਮੀ ਕਦੋਂ ਨਿਕਲ ਗਈ।
ਪੁਲਿਸ ਲਾਈਨ ਦੇ ਕੁਆਰਟਰਾਂ ਦਾ ਮਾਹੌਲ ਬਹੁਤ ਹੀ ਭਾਈਚਾਰੇ ਵਾਲਾ ਅਤੇ ਸਾਡੇ ਬੱਚਿਆਂ ਲਈ ਪਾਰਕ, ਝੂਟੇ ਲੈਣ ਲਈ ਝੂਲੇ, ਹੋਰ ਬਹੁਤ ਸਾਰੀਆਂ ਸਹੂਲਤਾਂ ਸਨ। ਸੌਣ ਮਹੀਨੇ ਤੀਆਂ ਦੇ ਦਿਨਾਂ ਵਿੱਚ ਨਾਨੀ ਜੀ ਮੇਰੀ ਮੰਮੀ ਦਾ ਸੰਧਾਰਾ ਲੈ ਕੇ ਆਉਂਦੇ। ਸਾਨੂੰ ਚਾਅ ਚੜ੍ਹ ਜਾਂਦਾ। ਕਦੇ ਦਾਦੀ ਜੀ ਅਤੇ ਦਾਦਾ ਜੀ ਨੇ ਆ ਜਾਣਾ। ਉਹਨਾਂ ਦੀਆਂ ਬਾਤਾਂ ਸੁਣਨ ਨੂੰ ਅਸੀਂ ਉਡੀਕਦੇ ਰਹਿੰਦੇ ਸੀ। ਉਸ ਸਮੇਂ ਫੋਨ ਦੀ ਸਹੂਲਤ ਨਹੀਂ ਸੀ। ਅਸੀਂ ਬੱਚੇ ਹੁੰਦਿਆਂ ਜੁਕਾਮ ਨਾਲ ਆਈ ਛਿੱਕ ਨੂੰ ਹੀ ਮੰਨਣਾ ਕਿ ਅੱਜ ਦਾਦੀ ਜੀ ਜਾਂ ਨਾਨੀ ਜੀ ਨੇ ਆਉਣਾ ਹੈ।
ਸਮਾਂ ਬੀਤਿਆ। ਅਸੀਂ ਕਲਾਸ ਦਰ ਕਲਾਸ ਅੱਗੇ ਚਲਦੇ ਗਏ। ਮੈਂ ਅਜੇ ਅੱਠਵੀਂ ਜਮਾਤ ਵਿੱਚ ਦਾਖਲਾ ਭਰਿਆ ਸੀ ਅਤੇ ਭਰਾ ਦਸਵੀਂ ਜਮਾਤ ਵਿੱਚ ਸੀ, ਅਚਾਨਕ ਦਾਦੀ ਮਾਂ ਜੀ ਦੀਆਂ ਅੱਖਾਂ ਦੀ ਰੌਸਨੀ ਕਮਜ਼ੋਰ ਹੋ ਗਈ। ਕੁਝ ਸਮਾਂ ਤਾਂ ਉਸ ਸਬਰ ਸੰਤੋਖ ਦੀ ਮੂਰਤ ਨੇ ਗੌਲਿਆ ਨਾ, ਕਿਉਂਕਿ ਉਹ ਆਪਣੀ ਸਿਹਤ ਨਾਲੋਂ ਸਾਡੀ ਪੜ੍ਹਾਈ ਦਾ ਜ਼ਿਆਦਾ ਫਿਕਰ ਕਰਦੀ ਸੀ। ਪਰ ਜਦੋਂ ਅੱਖਾਂ ਦੀ ਰੌਸ਼ਨੀ ਬਿਲਕੁਲ ਧੁੰਦਲੀ ਹੀ ਹੋ ਗਈ ਅਤੇ ਘਰ ਦੇ ਕੰਮ ਕਾਜ ਅਤੇ ਰੋਟੀ ਪਕਾਉਣੀ ਵੀ ਮੁਸ਼ਕਿਲ ਹੋ ਗਈ ਤਾਂ ਮੇਰੇ ਦਾਦਾ ਜੀ ਨੇ ਮੇਰੇ ਮਾਤਾ ਪਿਤਾ ਨੂੰ ਪਿੰਡ ਆਉਣ ਲਈ ਕਿਹਾ। ਉਸ ਸਮੇਂ ਬਜ਼ੁਰਗਾਂ ਦਾ ਫੈਸਲਾ ਅਟੱਲ ਹੁੰਦਾ ਸੀ। ਮੇਰੇ ਮਾਤਾ ਪਿਤਾ ਜੀ ਨੇ ਪਿੰਡ ਜਾਣ ਲਈ ਤਿਆਰੀ ਸ਼ੁਰੂ ਕਰ ਦਿੱਤੀ। ਭਾਵੇਂ ਬਦਲੀ ਕਰਵਾਉਣੀ ਅਜੇ ਔਖੀ ਸੀ, ਪ੍ਰੰਤੂ ਮੇਰੇ ਮਾਤਾ ਜੀ ਸਾਡੇ ਨਾਂ ਕਟਵਾਉਣ ਦੇ ਲਈ ਸਕੂਲ ਵਿੱਚ ਗਏ। ਜਦੋਂ ਪ੍ਰਿੰਸੀਪਲ ਨੂੰ ਸਕੂਲ ਛੱਡਣ ਦਾ ਸਰਟੀਫਿਕੇਟ ਲੈਣ ਸਬੰਧੀ ਬੇਨਤੀ ਕੀਤੀ ਤਾਂ ਪ੍ਰਿੰਸੀਪਲ ਮੈਡਮ ਬਹੁਤ ਔਖੇ ਹੋਏ, ਉਹਨਾਂ ਮੇਰੀ ਮਾਤਾ ਜੀ ਨੂੰ ਕਿਹਾ ਕਿ ਤੁਹਾਨੂੰ ਬੱਚਿਆਂ ਦੇ ਭਵਿੱਖ ਦਾ ਕੋਈ ਫਿਕਰ ਨਹੀਂ, ਤੁਹਾਡੇ ਬੱਚੇ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਹਨ। ਜੇਕਰ ਤੁਸੀਂ ਸਕੂਲ ਬਦਲੋਗੇ ਤਾਂ ਇਨ੍ਹਾਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਵੇਗਾ। ਮੇਰੀ ਮਾਤਾ ਜੀ ਨੇ ਬੇਵਸੀ ਪ੍ਰਗਟ ਕੀਤੀ। ਸਾਡੀ ਬੇਨਤੀ ’ਤੇ ਜਮਾਤ ਇੰਚਾਰਜ ਅਤੇ ਮੈਡਮ ਪ੍ਰਿੰਸੀਪਲ ਨੇ ਬਹੁਤ ਹੀ ਦੁਖੀ ਮਨ ਨਾਲ ਸਾਡੇ ਸਰਟੀਫਿਕੇਟ ਦੇ ਦਿੱਤੇ। ਮੈਡਮ ਪ੍ਰਿੰਸੀਪਲ ਨੇ ਕਿਹਾ ਕਿ ਜੇਕਰ ਭਵਿੱਖ ਵਿੱਚ ਤੁਹਾਡਾ ਫੈਸਲਾ ਬਦਲੇ ਤਾਂ ਸਕੂਲ ਦੇ ਦਰਵਾਜ਼ੇ ਤੁਹਾਡੇ ਲਈ ਖੁੱਲ੍ਹੇ ਹਨ। ਸਕੂਲ ਛੱਡਣ ਦਾ ਅਤੇ ਆਂਢ ਗੁਆਂਡ ਦੀਆਂ ਸਖੀਆਂ ਸਹੇਲੀਆਂ ਨੂੰ ਛੱਡਣ ਦਾ ਜੋ ਉਦਰੇਵਾਂ ਮੇਰੇ ਮਨ ਵਿੱਚ ਸੀ, ਉਹ ਮੈਂ ਹੀ ਮਹਿਸੂਸ ਕਰ ਸਕਦੀ ਸੀ।
ਅਸੀਂ ਪਿੰਡ ਦਾਦਾ ਦਾਦੀ ਜੀ ਕੋਲ ਚਲੇ ਗਏ। ਸਾਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਕੂਲੀ ਮਾਹੌਲ ਵਿੱਚ ਜ਼ਮੀਨ ਅਸਮਾਨ ਦਾ ਫਰਕ ਸੀ। ਕਿੱਥੇ ਮਾਡਲ ਸਕੂਲ, ਸ਼ਹਿਰੀ ਬੱਚੇ, ਕਿੱਥੇ ਸਰਕਾਰੀ ਸਕੂਲ ਅਤੇ ਪੇਂਡੂ ਮਾਹੌਲ। ਸਕੂਲ ਵਿੱਚ ਅਧਿਆਪਕਾਂ ਦੀਆਂ ਲੋੜੀਂਦੀਆਂ ਪੋਸਟਾਂ ਦੀ ਘਾਟ। ਉਸ ਸਮੇਂ ਪਿੰਡਾਂ ਵਿੱਚ ਬਿਜਲੀ ਬਹੁਤ ਘੱਟ ਆਉਂਦੀ ਸੀ। ਮੱਛਰ ਮੱਖੀਆਂ ਦੀ ਬਹੁਤਾਤ, ਜਿਸ ਕਾਰਨ ਪੇਂਡੂ ਮਾਹੌਲ ਵਿੱਚ ਮਨ ਲਾਉਣਾ ਬਹੁਤ ਔਖੀ ਗੱਲ ਸੀ। ਸਿੱਟੇ ਵਜੋਂ ਮੇਰਾ ਭਰਾ ਰੋਂਦਾ ਕੁਰਲਾਉਂਦਾ, ਉਸ ਨੂੰ ਬੁਖਾਰ ਚੜ੍ਹ ਜਾਂਦਾ। ਸਾਡੇ ਦਾਦਾ ਦਾਦੀ ਜੀ ਬਾਤਾਂ ਪਾ ਕੇ ਸਾਡਾ ਮਨ ਪਰਚਾਉਣ ਦੀਆਂ ਕੋਸ਼ਿਸ਼ਾਂ ਕਰਦੇ। ਮੇਰੀ ਦਾਦੀ ਵਿਚਾਰੀ ਹਰ ਸਮੇਂ ਆਪਣੇ ਆਪ ਨੂੰ ਕੋਸਦੀ, ਕਹਿੰਦੀ ਜੇਕਰ ਮੈਨੂੰ ਇਹ ਚੰਦਰੀਆਂ ਅੱਖਾਂ ਧੋਖਾ ਨਾ ਦਿੰਦੀਆਂ, ਪੁੱਤ ਮੈਂ ਤੁਹਾਨੂੰ ਕਦੇ ਵੀ ਵਾਪਸ ਨਾ ਬੁਲਾਉਂਦੀ। ਪਰ ਉਹ ਗੁਰੂ ਘਰ ਦੀ ਸੇਵਾ ਸਿਮਰਨ ਵਿੱਚ ਅਟੁੱਟ ਵਿਸ਼ਵਾਸ ਰੱਖਦੀ। ਉਹ ਹਰ ਸਮੇਂ ਇਹੀ ਅਰਦਾਸ ਕਰਦੀ ਕਿ ਪਰਮਾਤਮਾ, ਭਾਵੇਂ ਤੂੰ ਮੇਥੋਂ ਅੱਖਾਂ ਦੀ ਰੌਸ਼ਨੀ ਲੈ ਲਈ ਹੈ ਪਰ ਮੇਰੇ ਪੋਤਾ ਪੋਤੀ ਨੂੰ ਜ਼ਿੰਦਗੀ ਵਿੱਚ ਜ਼ਰੂਰ ਕਾਮਯਾਬ ਕਰਨਾ। ਉਹ ਹਰ ਸਮੇਂ ਅਸੀਸਾਂ ਦਿੰਦੀ।
ਪੰਜਾਬੀ ਦੇ ਮਕਬੂਲ ਕਹਾਣੀਕਾਰ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਖੱਬਲ ਦੇ ਅਨੁਸਾਰ ਜ਼ਿੰਦਗੀ ਦਾ ਕੁਦਰਤੀ ਪ੍ਰਵਾਹ ਵਿੱਚ ਵਗਣਾ ਕੁਦਰਤ ਦਾ ਸਿਧਾਂਤ ਹੀ ਹੈ। ਮੈਂ ਹਰ ਕਲਾਸ ਵਿੱਚ ਪਹਿਲੀ ਪੁਜ਼ੀਸ਼ਨ ਪ੍ਰਾਪਤ ਕਰਦੀ। ਮੇਰਾ ਭਰਾ ਵੀ ਪੜ੍ਹਨ ਵਿੱਚ ਹੁਸ਼ਿਆਰ ਸੀ। ਮੈਂ ਗਣਿਤ ਵਿਸ਼ੇ ਵਿੱਚ ਅਵੱਲ ਦਰਜੇ ’ਤੇ ਰਹਿੰਦਿਆਂ ਮਾਸਟਰ ਡਿਗਰੀ ਅਤੇ ਬੀ ਐੱਡ ਦੀ ਡਿਗਰੀ ਪ੍ਰਾਪਤ ਕਰ ਲਈ। ਮੇਰੇ ਭਰਾ ਨੇ ਬਾਰ੍ਹਵੀਂ ਜਮਾਤ ਪਾਸ ਕਰਨ ਤੋਂ ਬਾਅਦ ਤਕਨੀਕੀ ਸਿੱਖਿਆ ਵਿੱਚ ਡਿਗਰੀ ਪ੍ਰਾਪਤ ਕਰਕੇ ਵਿਦੇਸ਼ ਦੀ ਧਰਤੀ ’ਤੇ ਜਾਣ ਦਾ ਫੈਸਲਾ ਕਰ ਲਿਆ। ਉਹ ਅਮਰੀਕਾ ਦੀ ਧਰਤੀ ’ਤੇ ਜਾ ਵਸਿਆ।
ਮੈਂ ਸਕੂਲ ਸਿੱਖਿਆ ਵਿਭਾਗ ਵਿੱਚ ਜਦੋਂ 2008 ਸਮੇਂ ਅਧਿਆਪਕ ਭਰਤੀ ਹੋਈ, ਉਸ ਸਮੇਂ ਪੰਜਾਬ ਸਰਕਾਰ ਨੇ ਪੇਂਡੂ ਸਕੂਲਾਂ ਦੀਆਂ ਘੱਟ ਸਹੂਲਤਾਂ ਨੂੰ ਮੱਦੇ ਨਜ਼ਰ ਰੱਖਦਿਆਂ ਪੇਂਡੂ ਵਿਦਿਆਰਥੀਆਂ ਨੂੰ ਮੈਰਿਟ ਦੇ ਵਿੱਚ ਪੰਜ ਨੰਬਰ ਵੱਧ ਦਿੱਤੇ। ਭਾਵੇਂ ਕਿ ਮੇਰਾ ਨੰਬਰ ਸਿਲੈਕਸ਼ਨ ਸੂਚੀ ਵਿੱਚ ਆ ਰਿਹਾ ਸੀ ਪਰ ਜਦੋਂ ਇਹ ਨੰਬਰ ਮੈਨੂੰ ਮਿਲੇ ਤਾਂ ਸੱਚਮੁੱਚ ਹੀ ਮੈਨੂੰ ਇੰਝ ਜਾਪਿਆ ਜਿਵੇਂ ਇਹ ਵਾਧੂ ਨੰਬਰ ਮੇਰੀ ਦਾਦੀ ਮਾਂ ਦੀ ਅਸੀਸ ਹਨ।
ਅੱਜ ਦਾਦੀ ਮਾਂ ਨੂੰ ਪਰਮਾਤਮਾ ਕੋਲ ਗਿਆ ਭਾਵੇਂ ਬਹੁਤ ਸਮਾਂ ਹੋ ਗਿਆ, ਪ੍ਰੰਤੂ ਉਨ੍ਹਾਂ ਵੱਲੋਂ ਦਿੱਤੀਆਂ ਅਸੀਸਾਂ ਸਦਕਾ ਅੱਜ ਮੇਰਾ ਭਰਾ ਅਮਰੀਕਾ ਵਿੱਚ ਸਾਫਟਵੇਅਰ ਇੰਜਨੀਅਰ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ ਅਤੇ ਮੈਂ ਬਤੌਰ ਮੈਥ ਮਿਸਟ੍ਰੈਸ ਸਕੂਲ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੀ ਹਾਂ। ਮੈਂ ਅੱਜ ਵੀ ਵਿਦਿਆਰਥੀਆਂ ਨੂੰ ਮੋਬਾਇਲ ਦੀਆਂ ਗੇਮਾਂ ਨੂੰ ਛੱਡ ਕੇ ਦਾਦੀਆਂ ਨਾਨੀਆਂ ਦੀਆਂ ਬਾਤਾਂ ਸੁਣਨ ਲਈ ਪ੍ਰੇਰਿਤ ਕਰਦੀ ਰਹਿੰਦੀ ਹਾਂ।
ਬਹੁਤ ਸਮਾਂ ਪਹਿਲਾਂ ਪਹਿਲੀ ਜਮਾਤ ਦੇ ਕਾਇਦੇ ਵਿੱਚ ਪੜ੍ਹੀ ਇਹ ਕਵਿਤਾ ਮੇਰੀ ਪਿਆਰੀ ਦਾਦੀ ਮਾਂ ਨੂੰ ਸਮਰਪਿਤ ਹੈ;
ਪਿਆਰੀ ਪਿਆਰੀ ਦਾਦੀ ਮਾਂ,
ਡਾਢਾ ਪਿਆਰ ਜਤਾਉਂਦੀ ਆ,
ਲਾਡਾਂ ਨਾਲ ਬੁਲਾਉਂਦੀ ਆ,
ਪਿਆਰੀ ਪਿਆਰੀ ਦਾਦੀ ਮਾਂ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































