“ਚੁੱਪ ਸਭ ਤੋਂ ਖਤਰਨਾਕ ਹੈ। ਗੱਲ ਸਿਰਫ ਕੈਨੇਡਾ ਦੇ ਸੁਪਨੇ ਦੀ ਨਹੀਂ, ਗੱਲ ...”

(20 ਮਾਰਚ 2026)
ਨੈਂਸੀ ਗਰੇਵਾਲ
ਬਿਰਿੰਦਰ ਸਿੰਘ
ਕੈਨੇਡਾ ਵਿੱਚ ਪੰਜਾਬੀ ਭਾਈਚਾਰਾ ਇਨ੍ਹਾਂ ਦਿਨਾਂ ਦੀਆਂ ਕਈ ਦੁਖਦਾਈ ਘਟਨਾਵਾਂ ਕਾਰਨ ਗਹਿਰੀ ਫਿਕਰਮੰਦੀ ਵਿੱਚੋਂ ਗੁਜ਼ਰ ਰਿਹਾ ਹੈ। ਕੈਨੇਡਾ ਵਿੱਚ ਹਾਲ ਹੀ ਵਿੱਚ ਮਾਰੇ ਗਏ ਪੰਜਾਬੀ ਨੌਜਵਾਨਾਂ ਦੀਆਂ ਖਬਰਾਂ ਨੇ ਪੰਜਾਬੀਆਂ ਨੂੰ ਸੋਗ ਵਿੱਚ ਡੋਬ ਦਿੱਤਾ ਹੈ। ਜਿੱਥੇ ਕਦੇ ਕੈਨੇਡਾ ਲੰਬੇ ਸਮੇਂ ਤੋਂ ਪੜ੍ਹਾਈ, ਕੰਮ, ਸੁਰੱਖਿਆ ਅਤੇ ਬਿਹਤਰ ਭਵਿੱਖ ਲਈ ਖੜ੍ਹਾ ਰਿਹਾ ਹੈ, ਉੱਥੇ ਹੁਣ ਹਰ ਬੇਵਕਤੀ ਮੌਤ ਉਸ ਸੁਪਨੇ ਨੂੰ ਡਾਵਾਂਡੋਲ ਕਰ ਰਹੀ ਹੈ।
ਪਿਛਲੇ ਮਹੀਨੇ 45 ਸਾਲਾ ਪੰਜਾਬੀ ਮੂਲ ਦੀ ਸੋਸ਼ਲ ਮੀਡੀਆ ਸਿਰਜਣਹਾਰ, ਨੈਂਸੀ ਗਰੇਵਾਲ, 3 ਮਾਰਚ, 2026 ਨੂੰ ਓਂਟੇਰੀਓ ਦੇ ਵਿੰਡਸਰ ਨੇੜੇ ਲਾਸਾਲੇ ਵਿੱਚ ਉਸਦੇ ਆਪਣੇ ਘਰ ਵਿੱਚ ਚਾਕੂ ਮਾਰ ਕੇ ਮਾਰ ਦਿੱਤਾ ਗਿਆ। ਪੁਲਿਸ ਇਸਨੂੰ ਮਿੱਥ ਕੇ ਕੀਤੀ ਹੱਤਿਆ ਦੱਸਦੀ ਹੈ ਕਿਉਂਕਿ ਉਸਦਾ ਘਰ ਪਹਿਲਾਂ ਸਾੜ ਦਿੱਤਾ ਗਿਆ ਸੀ। ਉਹ ਸੋਸ਼ਲ ਮੀਡੀਆ ਰਾਹੀਂ ਕੈਨੇਡਾ ਵਿੱਚ ਹੋ ਰਹੇ ਖਾਲਿਸਤਾਨੀ ਪਰਚਾਰ ਦਾ ਵਿਰੋਧ ਕਰਦੀ ਸੀ, ਇਸ ਲਈ ਉਸ ਨੂੰ ਮੌਤ ਦੀਆਂ ਧਮਕੀਆਂ ਮਿਲ ਰਹੀਆਂ ਸਨ। ਪਿਛਲੇ ਸਾਲ ਉਸਦੇ ਘਰ ਨੂੰ ਸਾੜਨ ਦੀ ਵੀ ਕੋਸ਼ਿਸ਼ ਕੀਤੀ ਗਈ ਸੀ।
ਇਸ ਤੋਂ ਇਲਾਵਾ ਇੱਕ ਅਨਸਰ ਪੰਜਾਬੀ ਕਾਰੋਬਾਰੀਆਂ ਨੂੰ ਵੀ ਆਪਣਾ ਨਿਸ਼ਾਨਾ ਬਣਾਉਂਦਾ ਹੈ ਅਤੇ ਕਈ ਮੌਤਾਂ ਵੀ ਹੋਈਆਂ ਹਨ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਵੀ ਕਈ ਮੌਤਾਂ ਹੋਈਆਂ ਹਨ। ਨੇਤਾਵਾਂ ਦਾ ਕਹਿਣਾ ਹੈ ਕਿ ਬਹੁਤ ਸਾਰੇ ਮਾਮਲੇ ਡਰੱਗ ਓਵਰਡੋਜ਼ ਜਾਂ ਮਾਨਸਿਕ ਸਿਹਤ ਸਮੱਸਿਆਵਾਂ ਦੇ ਹਨ ਪਰ ਪਰਿਵਾਰ ਦਿਲ ਦੇ ਦੌਰੇ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ। ਬ੍ਰਿਟਿਸ਼ ਕੋਲੰਬੀਆ, ਅਲਬਰਟਾ ਅਤੇ ਓਂਟੇਰੀਓ ਵਿੱਚ ਸੜਕ ਹਾਦਸਿਆਂ ਵਿੱਚ ਵੀ ਕਈ ਮੌਤਾਂ ਹੋਈਆਂ ਹਨ। ਭਾਈਚਾਰੇ ਦੇ ਮੈਂਬਰ ਹੁਣ ਸੁਰੱਖਿਆ ਬਾਰੇ ਚਿੰਤਤ ਹਨ ਅਤੇ ਉਹ ਬਿਹਤਰ ਸੁਰੱਖਿਆ ਲਈ ਜ਼ੋਰ ਦੇ ਰਹੇ ਹਨ।
ਕੈਨੇਡਾ ਨੂੰ ਲੰਮੇ ਸਮੇਂ ਤੋਂ ਪੜ੍ਹਾਈ, ਨੌਕਰੀ, ਸੁਰੱਖਿਆ ਅਤੇ ਚੰਗੇ ਭਵਿੱਖ ਵਾਲਾ ਦੇਸ਼ ਮੰਨਿਆ ਜਾਂਦਾ ਹੈ, ਜਿੱਥੇ ਲੱਖਾਂ ਲੋਕਾਂ ਨੇ ਇਸ ਨੂੰ ਆਪਣਾ ਪਸੰਦੀਦਾ ਦੇਸ਼ ਮੰਨ ਕੇ ਦੂਸਰੇ ਮੁਲਕਾਂ ਤੋਂ ਆ ਕੇ ਇੱਥੇ ਆਪਣਾ ਭਵਿੱਖ ਖੁਸ਼ਹਾਲ ਬਣਾਇਆ ਹੈ। ਪਰ ਜਾਪਦਾ ਹੈ ਜਿਵੇਂ ਕੁਝ ਸਾਲਾਂ ਤੋਂ ਪੰਜਾਬੀ ਭਾਈਚਾਰੇ ਦੇ ਏਕੇ ਨੂੰ ਗ੍ਰਹਿਣ ਲੱਗ ਗਿਆ ਹੋਵੇ। ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬੀ ਭਾਈਚਾਰੇ ਦੇ ਲੋਕਾਂ ਦੀਆਂ ਗੋਲੀਆਂ ਮਾਰ ਕੇ ਮਾਰੇ ਜਾਣ ਦੀਆਂ ਖਬਰਾਂ ਦੁਨੀਆਂ ਭਰ ਦੇ ਮੀਡੀਏ ਵਿੱਚ ਆ ਰਹੀਆਂ ਹਨ। ਨੌਜਵਾਨਾਂ ਅਤੇ ਪਰਿਵਾਰਾਂ ਦੇ ਸੁਪਨੇ ਚਕਨਾਚੂਰ ਹੋ ਰਹੇ ਹਨ।
ਮੌਤਾਂ ਦੇ ਕਾਰਨ ਭਾਵੇਂ ਵੱਖ ਵੱਖ ਸਨ, ਹਾਲਾਤ ਵੱਖ ਸਨ, ਪਰ ਦਰਦ ਇੱਕੋ ਜਿਹਾ ਸੀ। ਕਿਤੇ ਝਗੜਾ ਜਾਨ ਲੈ ਗਿਆ, ਕਿਤੇ ਫਿਰੌਤੀ, ਸੜਕਾਂ ਉੱਤੇ ਝਗੜੇ-ਝੇੜੇ। ਫੋਰਟ ਸੇਂਟ ਪਾਲ ਵਿੱਚ ਗੁਰਕੀਰਤ ਸਿੰਘ ਮਨੋਚਾ ਦੋ ਗਰੁੱਪਾਂ ਵਿਚਕਾਰ ਹੋਏ ਝਗੜੇ ਵਿੱਚ ਗੰਭੀਰ ਜ਼ਖਮੀ ਹੋਇਆ। ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇੱਕ ਜਵਾਨ ਜ਼ਿੰਦਗੀ ਅਚਾਨਕ ਰੁਕ ਗਈ ਅਤੇ ਪਿੱਛੇ ਪਰਿਵਾਰ ਲਈ ਕਈ ਸਵਾਲ ਛੱਡ ਗਈ। ਪੰਜਾਬ ਵਿੱਚ ਬੈਠੇ ਮਾਪਿਆਂ ਲਈ ਇਹ ਖਬਰ ਸਿਰਫ ਇੱਕ ਘਟਨਾ ਨਹੀਂ ਸੀ, ਇਹ ਉਹ ਸੁਪਨਾ ਟੁੱਟਣਾ ਸੀ, ਜਿਸ ਲਈ ਬੱਚੇ ਨੂੰ ਪਰਦੇਸ ਭੇਜਿਆ ਸੀ। ਸਥਾਨਕ ਪੰਜਾਬੀ ਭਾਈਚਾਰੇ ਨੇ ਵੀ ਇਸਨੂੰ ਆਪਣਾ ਨਿੱਜੀ ਦੁੱਖ ਮੰਨਿਆ।
ਬ੍ਰੈਂਟਫੋਰਡ, ਸੈਸਕੈਚਵਾਨ ਵਿੱਚ ਦਵਿੰਦਰ ਸਿੰਘ ਆਪਣੀ ਟੈਕਸੀ ਵਿੱਚ ਮੋਟਲ ਦੇ ਬਾਹਰ ਇੰਤਜ਼ਾਰ ਕਰ ਰਿਹਾ ਸੀ। ਉਦੋਂ ਉਸਨੂੰ ਗੋਲੀ ਲੱਗੀ ਅਤੇ ਉਸਦੀ ਮੌਤ ਹੋ ਗਈ। ਉਹ ਪਰਿਵਾਰ ਸਮੇਤ ਕੈਨੇਡਾ ਆਇਆ ਸੀ, ਇਸ ਆਸ ਨਾਲ ਕਿ ਮਿਹਨਤ ਨਾਲ ਘਰ ਸੰਭਲ ਜਾਵੇਗਾ। ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਾ ਇੱਕ ਕਮਾਉ ਪੁੱਤ ਅਚਾਨਕ ਚਲਾ ਗਿਆ।
ਅਲਬਰਟਾ ਸੂਬੇ ਦੇ ਸ਼ਹਿਰ ਐਡਮਿੰਟਨ ਨੇੜੇ ਹਾਈਵੇ 2 ਉੱਤੇ ਬੀਰਿੰਦਰ ਸਿੰਘ ਦੇ ਕਾਰ ਚਲਾਉਂਦੇ ਸਮੇਂ ਕਿਸੇ ਵੱਲੋਂ ਗਲ਼ ਵਿੱਚ ਦੋ ਗੋਲੀਆਂ ਮਾਰੀਆਂ ਗਈਆਂ। ਬੀਰਿੰਦਰ ਦੇ ਦੋ ਸਾਥੀ ਦੱਸਦੇ ਹਨ ਕਿ ਕੋਈ ਗੱਲਬਾਤ ਹੋਈ, ਕੋਈ ਲੜਾਈ-ਘਗੜਾ ਨਹੀਂ ਹੋਇਆ। ਚਿੰਤਾ ਵਾਲੀ ਇਹੋ ਗੱਲ ਹੈ। ਨਸਲਵਾਦ ਦਾ ਸ਼ੰਕਾ ਜ਼ਾਹਰ ਕੀਤਾ ਜਾ ਰਿਹਾ ਹੈ। ਬੀਰਿੰਦਰ ਅੰਮ੍ਰਿਤਸਰ ਦਾ ਸੀ। ਉਹ ਸਟੱਡੀ ਵੀਜ਼ੇ ਤੇ ਕੈਨੇਡਾ ਆਇਆ ਸੀ ਅਤੇ ਕੰਸਟਰਕਸ਼ਨ ਕੰਮ ਕਰ ਰਿਹਾ ਸੀ। ਘਰ ਵਾਲਿਆਂ ਲਈ ਉਹ ਉਮੀਦ ਸੀ। ਪਲ ਵਿੱਚ ਖੁਸ਼ੀਆਂ ਰੋਣੇ-ਧੋਣੇ ਵਿੱਚ ਬਦਲ ਗਈਆਂ।
ਸੜਕ ਹਾਦਸੇ, ਅਚਾਨਕ ਦਿਲ ਦੇ ਦੌਰੇ, ਸ਼ੱਕੀ ਮੌਤਾਂ ਅਤੇ ਕੁਝ ਮਾਮਲਿਆਂ ਵਿੱਚ ਮਾਨਸਿਕ ਦਬਾਅ ਨਾਲ ਜੁੜੀਆਂ ਤਰਾਸਦੀਆਂ, ਇਹ ਸਭ ਮਿਲ ਕੇ ਭਾਈਚਾਰੇ ਦੀ ਬੇਚੈਨੀ ਵਧਾਉਂਦੀਆਂ ਹਨ। ਬ੍ਰਿਟਿਸ਼ ਕੋਲੰਬੀਆ ਵਿੱਚ ਅਲਾਸਕਾ ਹਾਈਵੇ, ਫੋਰਟ ਨੇਲਸਨ ਨੇੜੇ, ਟਰੱਕ ਹਾਦਸੇ ਵਿੱਚ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਦੀ ਖਬਰ ਨੇ ਵੀ ਦੋ ਘਰ ਸੁੰਨੇ ਕਰ ਦਿੱਤੇ। ਪਿਛਲੇ ਸਾਲ 12 ਦਸੰਬਰ ਦੀ ਰਾਤ ਨੂੰ ਐਡਮਿੰਟਨ ਵਿੱਚ ਰਣਵੀਰ ਸਿੰਘ (20) ਅਤੇ ਗੁਰਦੀਪ ਸਿੰਘ (26) ਕਿਸੇ ਨੇ ਨਿਸ਼ਾਨਾ ਬਣਾ ਕੇ ਗੋਲੀਆਂ ਮਾਰੀਆਂ ਸਨ। ਦੋਵਾਂ ਦੀ ਮੌਕੇ ’ਤੇ ਮੌਤ ਹੋ ਗਈ ਸੀ। ਦੋਵੇਂ ਮਾਨਸਾ ਜ਼ਿਲ੍ਹੇ ਨਾਲ ਸੰਬੰਧਿਤ ਸਨ। ਇਹ ਘਟਨਾਵਾਂ ਦੱਸਦੀਆਂ ਹਨ ਕਿ ਖਤਰਾ ਸਿਰਫ ਇੱਕ ਸ਼ਹਿਰ ਜਾਂ ਇੱਕ ਸਮੱਸਿਆ ਤਕ ਸੀਮਿਤ ਨਹੀਂ ਰਿਹਾ।
ਇਸ ਤੋਂ ਪਹਿਲਾਂ 25 ਸਾਲਾ ਸੁਖਜਿੰਦਰ ਸਿੰਘ, ਜੋ ਮੋਗਾ ਦੇ ਪਿੰਡ ਨਾਲ ਸੰਬੰਧਿਤ ਸੀ, ਦਿਲ ਦੇ ਦੌਰੇ ਨਾਲ ਚਲਾ ਗਿਆ। ਉਹ ਤਿੰਨ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਆਇਆ ਸੀ। ਕੇਵਲ ਤਿੰਨ ਦਿਨ ਪਹਿਲਾਂ ਉਸਨੂੰ ਵਰਕ ਪਰਮਿਟ ਮਿਲਿਆ ਸੀ ਅਤੇ ਉਹ ਪਰਿਵਾਰ ਨੂੰ ਚੌਂਕਾਉਣ ਲਈ ਜਲਦੀ ਭਾਰਤ ਜਾਣਾ ਚਾਹੁੰਦਾ ਸੀ।
ਲੁਧਿਆਣਾ ਦੇ 27 ਸਾਲਾ ਅਮਰਵੀਰ ਸਿੰਘ ਦੀ ਬਰੈਂਪਟਨ ਵਿੱਚ ਦਿਲ ਦੇ ਦੌਰੇ ਨਾਲ ਮੌਤ ਹੋਈ। ਉਹ ਉੱਚੀ ਪੜ੍ਹਾਈ ਲਈ ਇੱਥੇ ਆਇਆ ਸੀ ਅਤੇ ਬਾਅਦ ਵਿੱਚ ਵਰਕ ਪਰਮਿਟ ਉੱਤੇ ਟਰੱਕ ਡਰਾਈਵਰ ਵਜੋਂ ਕੰਮ ਕਰ ਰਿਹਾ ਸੀ। ਕੈਲਗਰੀ ਦੇ ਰੈਡਸਟੋਨ ਇਲਾਕੇ ਵਿੱਚ ਏਕਮਵੀਰ ਸਿੰਘ ਅਤੇ ਉਸਦੀ ਪਤਨੀ ਜੈਸਮੀਨ ਕੌਰ ਦੀਆਂ ਖੂਨ ਨਾਲ ਲਥਪਥ ਲਾਸ਼ਾਂ ਮਿਲਣ ਦੀ ਖਬਰ ਨੇ ਹੋਰ ਡਰ ਪੈਦਾ ਕਰ ਦਿੱਤਾ। ਇਸਦੇ ਨਾਲ ਹੀ ਸਰੀ ਵਿੱਚ ਰਹਿੰਦਾ 24 ਸਾਲਾ ਰਾਜਪ੍ਰੀਤ ਸਿੰਘ ਦੀ, ਜੋ ਸਟੱਡੀ ਵੀਜ਼ੇ ’ਤੇ ਸੀ, ਅਚਾਨਕ ਮੌਤ ਹੋ ਗਈ।
ਟੋਰਾਂਟੋ ਦੇ ਇੱਕ ਸ਼ਮਸਾਨਘਰ ਇੰਚਾਰਜ ਮੁਤਾਬਿਕ ਲਗਭਗ ਹਰ ਹਫਤੇ ਇੱਕ ਨੌਜਵਾਨ ਪੰਜਾਬੀ ਦਾ ਸਰੀਰ ਅੰਤਿਮ ਸੰਸਕਾਰ ਲਈ ਆ ਜਾਂਦਾ ਹੈ, ਅਤੇ ਬਹੁਤ ਕੇਸ ਸੁਸਾਈਡ ਜਾਂ ਡਰੱਗ ਓਵਰਡੋਜ਼ ਨਾਲ ਜੁੜੇ ਹੁੰਦੇ ਹਨ।
ਪੰਜਾਬੀ ਭਾਈਚਾਰੇ ਲਈ ਸੁਰੱਖਿਆ ਦੀਆਂ ਚੁਣੌਤੀਆਂ ਅਤੇ ਅੱਗੇ ਵਧਣ ਦੇ ਰਾਹ ਇਨ੍ਹਾਂ ਘਟਨਾਵਾਂ ਦੇ ਕਾਰਨ ਇੱਕੋ ਜਿਹੇ ਨਹੀਂ ਹਨ। ਕੁਝ ਮਾਮਲੇ ਸੜਕੀ ਝਗੜਿਆਂ ਨਾਲ, ਕੁਝ ਅਚਾਨਕ ਸਿਹਤ ਖਰਾਬੀ ਨਾਲ, ਕੁਝ ਤਣਾਅ (ਸੁਸਾਈਡ), ਕੁਝ ਇਕੱਲੇਪਨ ਅਤੇ ਕੁਝ ਡਰੱਗ ਓਵਰਡੋਜ਼ ਨਾਲ ਜੁੜੇ ਸਾਹਮਣੇ ਆਉਂਦੇ ਹਨ। ਨਵੇਂ ਦੇਸ਼ ਵਿੱਚ ਰਹਿਣਾ ਹਮੇਸ਼ਾ ਚਮਕਦਾਰ ਨਹੀਂ ਹੁੰਦਾ। ਫੀਸਾਂ, ਕਿਰਾਇਆ, ਸ਼ਿਫਟਾਂ, ਪੱਕੇ ਹੋਣ ਦਾ ਦਬਾਅ ਅਤੇ ਘਰ ਤੋਂ ਦੂਰੀ, ਇਹ ਸਭ ਮਿਲ ਕੇ ਮਨ ਨੂੰ ਥਕਾ ਸਕਦੇ ਹਨ, ਬੇਚੈਨ ਕਰ ਸਕਦੇ ਹਨ।
ਇਸ ਲਈ ਧਿਆਨ ਤਿੰਨ ਪੱਧਰਾਂ ਤੇ ਲੋੜੀਂਦਾ ਹੈ, ਪਰਿਵਾਰ, ਸਿੱਖਿਆ ਸੰਸਥਾਵਾਂ ਅਤੇ ਭਾਈਚਾਰਾ। ਘਰ ਵਾਲਿਆਂ ਨੂੰ ਕੇਵਲ ਪੈਸੇ ਜਾਂ ਨੰਬਰ ਨਹੀਂ ਪੁੱਛਣੇ ਚਾਹੀਦੇ, ਬੱਚੇ ਦੀ ਹਾਲਤ ਵੀ ਸੁਣਨੀ ਚਾਹੀਦੀ ਹੈ। ਕਾਲਜਾਂ ਅਤੇ ਸਥਾਨਕ ਗੁਰਦੁਆਰਿਆਂ ਨੂੰ ਨਵੇਂ ਆਏ ਨੌਜਵਾਨਾਂ ਦੀ ਮਦਦ ਲਈ ਸਾਧਨ ਜੁਟਾਉਣੇ ਚਾਹੀਦੇ ਹਨ।
ਸਭ ਤੋਂ ਖਤਰਨਾਕ ਹੈ ਚੁੱਪ। ਗੱਲ ਸਿਰਫ ਕੈਨੇਡਾ ਦੇ ਸੁਪਨੇ ਦੀ ਨਹੀਂ, ਗੱਲ ਸੁਪਨੇ ਸਿਰਜ ਰਹੇ ਨੌਜਵਾਨਾਂ, ਮੁਟਿਆਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਰਥਾਤ ਸਮੁੱਚੇ ਪੰਜਾਬੀ ਭਾਈਚਾਰੇ ਦੀ ਹੈ। ਗੁਰਕੀਰਤ, ਦਵਿੰਦਰ, ਬੀਰਿੰਦਰ, ਸੁਖਜਿੰਦਰ, ਅਮਰਵੀਰ, ਰਾਜਪ੍ਰੀਤ, ਮਨਦੀਪ ਕੇਵਲ ਨਾਂ ਜਾਂ ਖਬਰਾਂ ਨਹੀਂ, ਦਿਲਾਂ ਦੀਆਂ ਧੜਕਣਾਂ ਸਨ। ਇਹ ਗ਼ਮ ਵੰਡਾਉਣ ਦੀ ਘੜੀ ਹੈ। ਅਜਿਹਾ ਅਗਾਂਹ ਨਾ ਵਾਪਰੇ, ਕੁਝ ਕਰਨ ਦੀ ਘੜੀ ਹੈ। ਗੁੰਮਸੁੰਮ ਰਹਿਣਾ ਸਿਆਣਪ ਨਹੀਂ, ਚੁੱਪ ਤੋੜਨ ਅਤੇ ਕੁਝ ਕਰਨ ਦਾ ਸਮਾਂ ਆ ਗਿਆ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































