“ਇਸੇ ਬਾਗ ਵਿੱਚ ਰਹਿੰਦਿਆਂ ਮੈਂ ਦਰਖਤਾਂ ਵਿੱਚ ਘੁੰਮ ਘੁੰਮ ਕੇ ਬਹੁਤ ਪੁਸਤਕਾਂ ਪੜ੍ਹੀਆਂ। ਕੁਰਸੀ ’ਤੇ ...”
(19 ਮਾਰਚ 2026)
ਜਿਵੇਂ ਹਰ ਇੱਕ ਪਿੰਡ ਵਿੱਚ ਪਰਿਵਾਰਾਂ ਦੀ ਕੋਈ ਨਾ ਕੋਈ ਅੱਲ ਪਈ ਹੁੰਦੀ ਹੈ, ਜਾਂ ਉਨ੍ਹਾਂ ਨੂੰ ਕਿਸੇ ਵਿਸ਼ੇਸ਼ਣ ਜਾਂ ਉਪਨਾਮ ਨਾਲ ਜਾਣਿਆ ਜਾਂਦਾ ਹੈ, ਇਵੇਂ ਮੇਰੇ ਪਿੰਡ ਕੁੱਬੇ ਵਿੱਚ ਸਾਡੀ ਅੱਲ ‘ਬਾਗ਼ ਵਾਲੇ’ ਪਈ ਹੋਈ ਹੈ। ਜੇ ਕਿਸੇ ਨੇ ਪਿੰਡ ਵਿੱਚ ਸਾਡਾ ਘਰ ਲੱਭਣਾ ਹੋਵੇ ਤਾਂ ਦੱਸਣਾ ਪਵੇਗਾ ਕਿ ਬਾਗ਼ ਵਾਲਿਆਂ ਦੇ ਘਰ ਜਾਣਾ ਹੈ। ਪਿੰਡ ਵਿੱਚ ਹੋਰ ਵੀ ਬਹੁਤ ਸਾਰੇ ਪਰਿਵਾਰਾਂ ਬਾਰੇ ਇਸ ਤਰ੍ਹਾਂ ਦੀ ਅੱਲਾਂ ਪਈਆਂ ਹੋਈਆਂ ਹਨ; ਜਿਵੇਂ ਵੱਢ ਖਾਣੇ, ਦਾਲ ਪੀਣੇ, ਗੱਪੀ, ਜੱਕੜੀਏ, ਟੋਭਾ ਫੂਕ, ਗੜਵਈ, ਮਸੰਦ, ਡਾਕਟਰ, ਚੁਬਾਰੇ ਵਾਲੇ, ਹਵੇਲੀ ਵਾਲੇ, ਯੂ ਪੀ ਵਾਲੇ, ਕਲਕੱਤੇ ਵਾਲੇ, ਬਾਹਰਲੇ, ਬਿਲਗੇ ਵਾਲੇ, ਲੰਬੜ, ਸਰਪੰਚ, ਡਾਕਟਰ, ਮਾਸਟਰ, ਵਗੈਰਾ। ਕਈ ਪਰਿਵਾਰਾਂ ਦੀਆਂ ਅੱਲਾਂ ਕਈ ਕਈ ਪੀੜ੍ਹੀਆਂ ਤੋਂ ਉਨ੍ਹਾਂ ਦੇ ਬਜ਼ੁਰਗਾਂ ਨਾਲ ਜੁੜੀਆਂ ਹੀ ਚੱਲੀਆਂ ਆ ਰਹੀਆਂ ਹਨ। ਹਰ ਵਿਸ਼ੇਸ਼ਣ ਜਾਂ ਉਪਨਾਮ ਪਿੱਛੇ ਕੋਈ ਨਾ ਕੋਈ ਭੇਤ ਜ਼ਰੂਰ ਛੁਪਿਆ ਹੁੰਦਾ ਹੈ। ਸਾਡੇ ਪਰਿਵਾਰ ’ਤੇ ‘ਬਾਗ਼ ਵਾਲੇ’ ਹੋਣ ਦਾ ਲੇਬਲ ਸਦੀਆਂ ਪੁਰਾਣਾ ਨਹੀਂ ਹੈ। ਉੰਨੀਵੀਂ ਸਦੀ ਵਿੱਚ ਸਾਡੀ ਪਛਾਣ ‘ਸੇਢੇ ਕੇ’ ਕਰਕੇ ਹੁੰਦੀ ਸੀ। ਸਾਡਾ ਕੋਈ ਪੁਰਾਣਾ ਬਜ਼ੁਰਗ ਸੀ ਸੇਢਾ ਸਿੰਘ, ਜਿਸਦੇ ਨਾਂ ’ਤੇ ਪਿੰਡ ਵਿੱਚ ਸੇਢਾ ਪੱਤੀ ਵੀ ਹੈ। ਪਰ ਵੀਹਵੀਂ ਸਦੀ ਵਿੱਚ ਜਦੋਂ ਮੇਰਾ ਦਾਦਾ ਭਾਨ ਸਿੰਘ ਅਤੇ ਉਸਦਾ ਵੱਡਾ ਭਰਾ ਪੰਜਾਬ ਸਿੰਘ ਮਿਲਟਰੀ ਵਿੱਚੋਂ ਰਿਟਾਇਰ ਹੋ ਕੇ ਪਿੰਡ ਆਣ ਵਸੇ ਤਾਂ ਉਨ੍ਹਾਂ ਆਪਣੀ ਜ਼ਮੀਨ ਵਿੱਚ ਇੱਕ ਸ਼ਾਨਦਾਰ ਬਾਗ ਲਵਾਇਆ। ਵੱਡੇ ਬਾਬਾ ਜੀ, ਜਿਸ ਨੂੰ ਸਾਰਾ ਪਿੰਡ ਤਾਇਆ ਜੀ ਜਾਂ ਹੌਲਦਾਰ ਕਹਿੰਦਾ ਸੀ, ਉਸਨੇ ਵਿਆਹ ਨਹੀਂ ਸੀ ਕਰਵਾਇਆ ਪ੍ਰੰਤੂ ਉਹ ਵੇਲਾਂ ਬੂਟਿਆਂ ਨੂੰ ਹੀ ਆਪਣੇ ਬੱਚੇ ਸਮਝ ਕੇ ਹੱਦੋਂ ਵੱਧ ਪਿਆਰ ਕਰਦਾ ਸੀ।
ਬਾਬਾ ਜੀ ਨੂੰ ਬਾਗ਼ਵਾਨੀ ਦਾ ਸ਼ੌਕ ਜਨੂੰਨ ਦੀ ਹੱਦ ਤਕ ਸੀ। ਉਸਨੇ ਬਾਗ ਵਿੱਚ ਹੀ ਆਪਣਾ ਘਰ ਬਣਾ ਰੱਖਿਆ ਸੀ ਤੇ ਉੱਥੇ ਹੀ ਰਹਿੰਦਾ ਸੀ, ਖੇਤਾਂ ਵਿੱਚ। ਆਪਣੀ ਜ਼ਮੀਨ ਵਿੱਚ ਉਸਨੇ ਅੰਬ, ਅੰਗੂਰ, ਕੇਲੇ, ਜਾਮਣ, ਸੰਤਰੇ, ਨਾਸ਼ਪਾਤੀਆਂ, ਨਿੰਬੂ, ਕਿੰਨੂ ਅਤੇ ਹੋਰ ਅਨੇਕਾਂ ਕਿਸਮ ਦੇ ਫਲਦਾਰ ਬੂਟਿਆਂ ਤੋਂ ਇਲਾਵਾ, ਖੀਰੇ, ਖਰਬੂਜੇ, ਤਰਾਂ, ਮਟਰ, ਟਮਾਟਰ, ਭਿੰਡੀਆਂ, ਕਰੇਲੇ ਤੇ ਹੋਰ ਬਹੁਤ ਕੁਝ ਲਾ ਰੱਖਿਆ ਸੀ। ਬੱਸ ਉਹ ਇਨ੍ਹਾਂ ਨੂੰ ਗੁੱਡਦਾ, ਸਵਾਰਦਾ, ਪਾਣੀ ਲਾਉਂਦਾ ਜਾਂ ਖਾਦ ਪਾਉਂਦਾ ਰਹਿੰਦਾ।
ਬਾਬਾ ਜੀ ਸ. ਪੰਜਾਬ ਸਿੰਘ ਨੂੰ ਗੁਲਾਬ, ਗੇਂਦੇ, ਕਲੀਆਂ, ਬੋਗਨਵਿਲੀਆ, ਚਮੇਲੀ, ਰਾਤ ਦੀ ਰਾਣੀ, ਕਚਨਾਰ ਦੇ ਫੁੱਲਾਂ ਨਾਲ ਅੰਤਾਂ ਦਾ ਮੋਹ ਸੀ। ਉਹ ਕਿਸੇ ਤਾਈਂ ਫੁੱਲਾਂ ਨੂੰ ਅਤੇ ਕੱਚੇ ਫਲਾਂ ਨੂੰ ਹੱਥ ਵੀ ਨਾ ਲਾਉਣ ਦਿੰਦਾ। ਜੇ ਕੋਈ ਉਸਦੀ ਇਜਾਜ਼ਤ ਬਗੈਰ ਅਜਿਹੀ ਕੁਤਾਹੀ ਕਰਦਾ ਤਾਂ ਉਹ ਡਾਂਗ ਲੈ ਕੇ ਅਗਲੇ ਦੇ ਮਗਰ ਪੈ ਜਾਂਦਾ। ਜਿਹੜਾ ਉਸ ਨੂੰ ਮਿਲਣ ਜਾਂਦਾ, ਉਹ ਪੱਕੇ ਅਤੇ ਮਿੱਠੇ ਫਲਾਂ ਨਾਲ ਉਸ ਨੂੰ ਰਜਾ ਕੇ ਤੋਰਦਾ। ਘਰ ਲਈ ਫਲਾਂ ਫਰੂਟਾਂ ਤੋਂ ਇਲਾਵਾ, ਪੁਦੀਨਾ, ਪਾਲਕ, ਧਨੀਆਂ, ਹਰੀਆਂ ਮਿਰਚਾਂ ਅਤੇ ਸਬਜ਼ੀਆਂ ਦੀ ਸੌਗਾਤ ਵੀ ਦਿੰਦਾ। ਜਾਨਵਰਾਂ ਤੋਂ ਬਾਗ਼ ਦੀ ਰਾਖੀ ਲਈ ਉਸਨੇ ਦਰਖਤ ’ਤੇ ਇੱਕ ਉੱਚਾ ਮਣ੍ਹਾ ਵੀ ਬਣਾ ਰੱਖਿਆ ਸੀ। ਪੂਰੇ ਦਾ ਪੂਰਾ ਮੰਜਾ ਤਰਪਾਲ ਦੀ ਛੱਤ ਵਾਲਾ, ਜਿਸ ਤਰ੍ਹਾਂ ਅਸਮਾਨ ਵਿੱਚ ਤੰਬੂ ਲੱਗਿਆ ਹੋਵੇ। ਇਸ ਨੂੰ ਉਸਦੀ ਸਕਿਉਰਟੀ ਪੋਸਟ ਵੀ ਕਿਹਾ ਜਾ ਸਕਦਾ ਸੀ। ਕਿਸੇ ਦਾ ਡੰਗਰ ਪਸ਼ੂ ਦੇਖ ਉਹ ਉੱਥੋਂ ਹੀ ਸ਼ੇਰ ਵਾਂਗ ਦਹਾੜਦਾ ਤੇ ਅਗਲਾ ਡਰ ਨਾਲ ਕੰਬਣ ਲਗਦਾ। ਕਈ ਵਾਰੀ ਜਾਨਵਰਾਂ ਦੇ ਉਡਾਉਣ ਲਈ ਉਹ ਟਿੰਡ ਜਾਂ ਪੀਪਾ ਖੜਕਾਉਂਦਾ। ਆਪਣੇ ਬਾਗ਼ ਦੀ ਸਿੰਚਾਈ ਲਈ ਉਸਨੇ ਪਿੰਡ ਵਿੱਚ ਸਭ ਤੋਂ ਪਹਿਲਾਂ ਹਲਟ ਲਵਾਇਆ ਸੀ।
ਬਾਗ਼ ਦਾ ਮਾਹੌਲ ਬੜਾ ਹੀ ਰਮਣੀਕ ਸੀ। ਮੇਰੇ ਤਾਇਆ ਜੀ ਗਿਆਨੀ ਮੋਹਣ ਸਿੰਘ ਜੋ ਕਿ ਸ਼ਾਇਰ ਸਨ, ਇਸੇ ਬਾਗ ਵਿੱਚ ਰਹਿੰਦੇ, ਜਿੱਥੇ ਉਨ੍ਹਾਂ ਇੱਕ ਭੋਰਾ ਵੀ ਬਣਾ ਰੱਖਿਆ ਸੀ। 5 ਮਾਰਚ 1947 ਨੂੰ ਹਾਲ ਬਜ਼ਾਰ ਅਮ੍ਰਿਤਸਰ ਵਿੱਚ ਹੋਏ ਫਿਰਕੂ ਫਸਾਦਾਂ ਦਾ ਸ਼ਿਕਾਰ ਪੰਜਾਬੀ ਦਾ ਇਹ ਸ਼ਾਇਰ ਵੀ ਹੋ ਗਿਆ ਸੀ। ਅਜੇ ਤਾਂ ਉਸਦੀ ਉਮਰ ਅਠਾਰਾਂ ਸਾਲ ਸੀ। ਅੱਧਖਿੜਿਆ ਫੁੱਲ ਸੀ ਉਹ। ਤਾਂ ਹੀ ਤਾਂ ਪੰਜਾਬ ਸਿੰਘ, ਕਿਸੇ ਨੂੰ ਅੱਧਖਿੜੇ ਫੁੱਲਾਂ ਨੂੰ ਤੋੜਨ ’ਤੇ ਮਾਰਨ ਪੈ ਜਾਂਦਾ। ਮੋਹਣ ਸਿੰਘ ਵਰਗੇ ਲਾਇਕ ਭਤੀਜੇ ਦੀ ਮੌਤ ਨੇ ਉਸ ਨੂੰ ਹਿਲਾ ਕੇ ਰੱਖ ਦਿੱਤਾ ਸੀ। ਦੂਸਰੀ ਵਾਰੀ ਉਸਦਾ ਮਨ ਉਦੋਂ ਵਲੂਧਰਿਆ ਗਿਆ ਜਦੋਂ ਮੇਰੇ ਇੱਕ ਹੋਰ ਤਾਇਆ ਜੀ ਤੋਂ ਧੋਖੇ ਨਾਲ ਕਿਸੇ ਨੇ ਅੱਧਾ ਬਾਗ ਆਪਣੇ ਨਾਮ ਕਰਵਾ ਲਿਆ। ਮੇਰੇ ਬਾਬਾ ਜੀ ਨੂੰ ਲੱਗਿਆ ਸੀ ਜਿਵੇਂ ਕਿਸੇ ਨੇ ਉਸਦਾ ਅੱਧਾ ਜਿਸਮ ਚੀਰ ਕੇ ਦੋ ਟੁਕੜੇ ਕਰ ਦਿੱਤੇ ਹੋਣ।
ਇਹ ਗੱਲਾਂ ਮੇਰੇ ਸੋਝੀ ਸੰਭਲਣ ਤੋਂ ਬਹੁਤ ਪਹਿਲਾਂ ਦੀਆਂ ਹਨ। ਮੈਂ ਆਪਣੇ ਬਚਪਨ ਵਿੱਚ ਨਾਨਕੇ ਪੜ੍ਹਦਾ ਸੀ। ਗਰਮੀਆਂ ਦੀਆਂ ਛੁੱਟੀਆਂ ਵਿੱਚ ਜਦੋਂ ਪਿੰਡ ਆਉਂਦਾ ਤਾਂ ਬਾਬਾ ਜੀ ਬਹੁਤ ਸਾਰੇ ਫਲ ਖਵਾਉਂਦੇ। ਸਾਰਾ ਸਾਰਾ ਦਿਨ ਅਸੀਂ ਬਾਗ ਵਿੱਚ ਖੇਡਦੇ। ਮਣ੍ਹੇ ’ਤੇ ਬੈਠ ਕਾਂ ਤੋਤੇ ਉਡਾਉਂਦੇ। ਉਸ ਵਕਤ ਨਾਲ ਬਹੁਤ ਸਾਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਬਾਗ਼ ਵਿੱਚ ਛੱਲੀਆਂ ਭੁੰਨ ਕੇ ਚੱਬਣੀਆਂ, ਅੰਬ ਚੂਪਣੇ, ਛੋਲਿਆਂ ਦੀਆਂ ਹੋਲਾਂ ਭੁੰਨਣੀਆਂ, ਜਾਮਣਾਂ ਖਾਣੀਆਂ, ਅੰਗੂਰਾਂ ਦੇ ਗੁੱਛੇ ਬਾਂਸਾਂ ਨਾਲ ਬਣਾਈਆਂ ਛੱਤਾਂ ਹੇਠ ਲਮਕਦੇ ਹੋਣੇ। ਕੇਲਿਆਂ ਦੇ ਗੁੱਟ ਬੜੇ ਹੀ ਸੋਹਣੇ ਲੱਗਣੇ। ਅਸੀਂ ਮੋਟਰ ਦੇ ਚੁਬੱਚੇ ਵਿੱਚ ਛਾਲਾਂ ਮਾਰ ਮਾਰ ਨਹਾਉਂਦੇ ਰਹਿਣਾ। ਰੱਜ ਕੇ ਫਲ਼ ਖਾਣੇ ਤੇ ਦਾਦਾ ਜੀ ਦੀ ਬਣਾਈ ਹੋਈ ਚਾਹ ਪੀਣੀ।
ਬਾਬਾ ਜੀ ਪੰਜਾਬ ਸਿੰਘ ਦੀ ਮੌਤ ਤੋਂ ਬਾਅਦ ਇਹ ਫਲਦਾਰ ਦਰਖਤ ਅਤੇ ਫੁੱਲ ਬੂਟੇ ਵੀ ਮਰਨੇ ਸ਼ੁਰੂ ਹੋ ਗਏ। ਸ਼ਾਇਦ ਆਪਣੇ ਮਾਲਕ ਦੇ ਵਿਯੋਗ ਵਿੱਚ। ਹੁਣ ਉਨ੍ਹਾਂ ਦੀ ਸ਼ਿੱਦਤ ਨਾਲ ਦੇਖ ਭਾਲ ਕਰਨ ਵਾਲਾ ਕੋਈ ਨਹੀਂ ਸੀ। ਮੇਰੇ ਚਾਚਿਆਂ ਤਾਇਆਂ ਨੂੰ ਵਾਹੀਯੋਗ ਜ਼ਮੀਨ ਚਾਹੀਦੀ ਸੀ ਤੇ ਇਹ ਬੂਟੇ ਉਨ੍ਹਾਂ ਲਈ ਵਾਧੂ ਦਾ ਖਲਜਗਣ ਜਾਂ ਅੜਿੱਕਾ ਹੀ ਸਨ, ਜੋ ਫਸਲ ’ਤੇ ਛਾਂ ਕਰਦੇ ਸਨ। ਤੇ ਉਨ੍ਹਾਂ ਇੱਕ ਇੱਕ ਕਰਕੇ ਵੱਢ ਸੁੱਟੇ। ਕੇਲੇ ਅੰਗੂਰ ਅੰਬ ਸੰਤਰੇ ਸਭ ਮੁੱਕ ਗਏ। ਹਲਟੀ ਪੁੱਟ ਕੇ ਖੂਹੀ ਪੂਰ ਦਿੱਤੀ ਗਈ। ਹੁਣ ਸਾਡੇ ਕੋਲ ਕੋਈ ਬਾਗ਼ ਤਾਂ ਭਾਵੇਂ ਨਾ ਰਿਹਾ ਪਰ ‘ਬਾਗ਼ ਵਾਲੇ’ ਸਾਡੀ ਪਛਾਣ ਬਣ ਗਈ।
ਮੇਰੇ ਬਾਪੂ ਜੀ ਦੇ ਮਿਲਟਰੀ ਵਿੱਚੋਂ ਰਿਟਾਇਰ ਹੋ ਕੇ ਘਰ ਆਉਣ ਵਕਤ ਜ਼ਮੀਨ ਜਾਇਦਾਦ ਦੀ ਵੰਡ ਹੋਈ ਤਾਂ ਸਾਨੂੰ ਨਵਾਂ ਘਰ ਬਣਾਉਣ ਲਈ ਬਾਗ਼ ਦਾ ਅੱਧਾ ਹਿੱਸਾ ਦਿੱਤਾ ਗਿਆ। ਅੱਜ ਕੱਲ੍ਹ ਸਾਡਾ ਘਰ ਇੱਥੇ ਹੀ ਹੈ। ਬਾਪੂ ਜੀ ਨੇ ਬਾਗ਼ ਨੂੰ ਮੁੜ ਸੁਰਜੀਤ ਕਰਨ ਲਈ ਫੇਰ ਅਨੇਕਾਂ ਭਾਂਤ ਦੇ ਫੁੱਲ ਬੂਟੇ ਲਾਉਣੇ ਸ਼ੁਰੂ ਕੀਤੇ। ਮੈਂ ਉਦੋਂ ਨੌਂਵੀਂ ਜਮਾਤ ਵਿੱਚ ਹੋਇਆ ਸੀ ਜਦੋਂ ਮੈਂ ਇਸ ਵਿੱਚ ਪਹਿਲਾ ਅਮਰੂਦ ਲਾਇਆ। ਪੁਰਾਣੇ ਬਾਗ ਵਿੱਚੋਂ ਸਿਰਫ ਇੱਕ ਅੰਬ ਦਾ ਦਰਖਤ ਬਚਿਆ ਸੀ, ਜਿਸ ਨੂੰ ਬੇਸ਼ੁਮਾਰ ਫਲ ਲਗਦਾ। ਜਾਂ ਉੱਚੇ ਲੰਬੇ ਬਾਂਸਾ ਦੇ ਕੁਝ ਦਰਖਤ ਬਚੇ ਸਨ ਜੋ ਕਿ ਬਾਅਦ ਵਿੱਚ ਵੱਢ ਦਿੱਤੇ ਗਏ। ਇਨ੍ਹਾਂ ਦੀ ਜਗਾਹ ਜਾਮਣ, ਕਿੰਨੂ, ਆਨਾਰ, ਨਿੰਬੂ, ਪਿਉਂਦੀ ਬੇਰ ਅਤੇ ਹੋਰ ਫਲਦਾਰ ਬੂਟਿਆਂ ਨੇ ਲਈ। ਇਹ ਤੋਂ ਇਲਾਵਾ ਸਫੈਦੇ, ਚਮੇਲੀ, ਰਾਤ ਦੀ ਰਾਣੀ, ਤੁਲਸੀ, ਮਰੂਆਂ, ਗੁਲਾਬ, ਗੇਂਦਾ, ਬੋਗਨਵਿਲੀਆ, ਬੋਤਲ ਬੁਰਸ਼ ਅਤੇ ਕਲੀਆਂ ਫੇਰ ਮਹਿਕਣ ਲੱਗੀਆਂ। ਅਸੀਂ ਛੋਟੇ ਹੁੰਦੇ ਨਲਕੇ ਦੇ ਪਾਣੀ ਨਾਲ ਹੀ ਘੰਟਿਆਂ ਬੱਧੀ ਇਸ ਨੂੰ ਸਿੰਜਦੇ ਰਹਿੰਦੇ। ਬੂਟਿਆਂ ਦੇ ਨਾਲ ਨਾਲ, ਲਸਣ ਗੰਢੇ, ਮੇਥੀ ਪਾਲਕ, ਮੂਲੀਆਂ ਟਮਾਟਰ, ਖੀਰੇ ਵਗੈਰਾ ਵੀ ਲਾਏ ਜਾਂਦੇ।
ਇਸੇ ਬਾਗ ਵਿੱਚ ਰਹਿੰਦਿਆਂ ਮੈਂ ਦਰਖਤਾਂ ਵਿੱਚ ਘੁੰਮ ਘੁੰਮ ਕੇ ਬਹੁਤ ਪੁਸਤਕਾਂ ਪੜ੍ਹੀਆਂ। ਕੁਰਸੀ ’ਤੇ ਬੈਠ ਦਰਖਤਾਂ ਦਾ ਅਸਰਾ ਲੈ ਕਹਾਣੀਆਂ ਲਿਖੀਆਂ। ਮੇਰਾ ਸਾਹਿਤਕ ਸਫਰ ਇੱਥੋਂ ਹੀ ਸ਼ੁਰੂ ਹੋਇਆ। ਹੁਣ ਹਲਟੀ ਦੀ ਜਗਾ ਇੱਥੇ ਮੋਟਰ ਲੱਗ ਗਈ ਸੀ। ਮੇਰਾ ਪਾਲਤੂ ਕੁੱਤਾ ਟੋਮੀ ਵੀ ਇਸ ਬਾਗ ਵਿੱਚ ਮੇਰੇ ਨਾਲ ਖੇਡਦਾ ਰਹਿੰਦਾ। 1990 ਵਿੱਚ ਜਦੋਂ ਮੈਂ ਕਨੇਡਾ ਆਇਆ, ਮੈਨੂੰ ਟੋਮੀ ਅਤੇ ਆਪਣੇ ਹੱਥੀਂ ਪਾਲ ਕੇ ਵੱਡੇ ਕੀਤੇ ਬੂਟਿਆਂ ਨਾਲੋਂ ਵਿਛੜਨਾ ਬਹੁਤ ਔਖਾ ਲੱਗਿਆ। ਆਖਰੀ ਦਿਨ ਮੇਰਾ ਇਸ ਬਾਗ ਵਿੱਚੋਂ ਨਿੱਕਲਦੇ ਦਾ ਰੋਣ ਨਿਕਲ ਗਿਆ ਤੇ ਮੈਂ ਦਿੱਲੀ ਤਕ ਰੋਂਦਾ ਗਿਆ।
ਮੇਰੇ ਪਿੰਡ ਛੱਡਣ ਤੋਂ ਬਾਅਦ ਮੇਰਾ ਕੁੱਤਾ ਟੋਮੀ ਮੈਨੂੰ ਭਾਲਦਾ ਰਿਹਾ। ਉਹ ਜੋ ਸਵੇਰੇ ਪੌਂਚ੍ਹਿਆਂ ਨਾਲ ਮੇਰੇ ਕਮਰੇ ਦਾ ਦਰਵਾਜਾ ਖੜਕਾਕੇ ਮੈਨੂੰ ਉਠਾਉਂਦਾ ਸੀ, ਹੁਣ ਮੇਰੇ ਬਿਸਤਰੇ ਦੀ ਚਾਦਰ ਖਿੱਚ ਖਿੱਚ ਰੋਂਦਾ, ਤੇ ਖਾਣਾ ਪੀਣਾ ਵੀ ਛੱਡ ਗਿਆ। ਟੋਮੀ ਦੇ ਮਰਨ ਪਿੱਛੋਂ ਇੱਕ ਇੱਕ ਕਰਕੇ ਬੂਟੇ ਫੇਰ ਮਰਨੇ ਸ਼ੁਰੂ ਹੋ ਗਏ। 1993 ਵਿੱਚ ਬਾਪੂ ਜੀ ਸਮੇਤ ਸਾਰਾ ਪਰਿਵਾਰ ਕਨੇਡਾ ਆ ਗਿਆ ਤੇ ਇਸ ਬਾਗ ਵਿੱਚ ਬਣੇ ਘਰ ਨੂੰ ਅਤੇ ਬਾਗ਼ ਨੂੰ ਹਮੇਸ਼ਾ ਜੰਦਰੇ ਲੱਗ ਗਏ। ਜਿਵੇਂ ਕਹਿੰਦੇ ਨੇ ਕਿ ਮਾਲੀ ਬਿਨਾਂ ਬਾਗ਼ ਕਾਹਦੇ? ਸਾਰਾ ਕੁਝ ਉੱਜੜ ਗਿਆ। ਬੂਟੇ ਸੁੱਕ ਗਏ, ਦਰਖਤ ਪੁੱਟੇ ਗਏ, ਮੋਟਰ ਬੰਦ ਹੋ ਗਈ। ਇੱਕੋ ਇੱਕ ਅੰਬ ਦਾ ਦਰਖਤ ਬਚਿਆ ਸੀ, ਆਖਰ ਉਹ ਵੀ ਡਿਗ ਗਿਆ। ਜਾਂ ਇਹ ਕਹਿ ਲਉ ਉੱਜੜੇ ਬਾਗਾਂ ਦੇ ਗਾਲੜ੍ਹ ਪਟਵਾਰੀ।
ਹੁਣ ਜਦੋਂ ਅਸੀਂ ਕਨੇਡਾ ਤੋਂ ਪਿੰਡ ਜਾਂਦੇ ਹਾਂ ਤਾਂ ਲੋਕ ਕਹਿੰਦੇ ਨੇ ‘ਬਾਗ਼ ਆਲੇ’ ਆਏ ਨੇ। ਪਰ ਹੁਣ ਸਾਡਾ ਬਾਗ ਕੋਈ ਨਹੀਂ ਹੈ। ਉੱਜੜੇ ਬਾਗ਼ ਨੂੰ ਤੇ ਵਿਛੜ ਗਏ ਮਾਲੀਆਂ ਨੂੰ ਯਾਦ ਕਰਕੇ ਧਾਹ ਨਿੱਕਲਦੀ ਹੈ; ਜਿਨ੍ਹਾਂ ਵਿੱਚ ਮੇਰੇ ਬਾਬਾ ਜੀ ਸ: ਪੰਜਾਬ ਸਿੰਘ, ਸ: ਭਾਨ ਸਿੰਘ, ਤਾਇਆ ਜੀ ਸ਼ਾਇਰ ਮੋਹਣ ਸਿੰਘ ਅਤੇ ਬਾਪੂ ਜੀ ਸ. ਸ਼ੇਰ ਸਿੰਘ ਸ਼ਾਮਲ ਹਨ। ਕਦੀ ਕਦੀ ਜੀ ਵੀ ਬਹੁਤ ਕਰਦਾ ਹੈ ਕਿ ਪਿੰਡ ਜਾਕੇ ਵੱਡਾ ਸਾਰਾ ਬਾਗ਼ ਲਾ ਕੇ ਉਸ ਵਿੱਚ ਵਿੱਚ ਨਿੱਕਾ ਜਿਹਾ ਘਰ ਬਣਾਕੇ ਦੁਨੀਆਂ ਭਰ ਦਾ ਸਾਹਿਤ ਪੜ੍ਹਾਂ ਤੇ ਲਿਖਾਂ। ਪਰ ਮੈਨੂੰ ਪਤਾ ਹੈ ਇਹ ਸਵਰਗ ਮੈਨੂੰ ਕਦੇ ਵੀ ਨਸੀਬ ਨਹੀਂ ਹੋਣਾ।
ਸਾਡੇ ਪਿੰਡ ਵਿੱਚ ਮੇਰੇ ਨਾਂ ਦੇ ਹੋਰ ਵੀ ਕਈ ਬੰਦੇ ਹੋਣਗੇ ਪਰ ਜਦੋਂ ਤੁਸੀਂ ਮੇਰੇ ਬਾਰੇ ਪੁੱਛਣਾ ਹੋਵੇ ਤਾਂ ਤੁਹਾਨੂੰ ‘ਬਾਗ਼ ਵਾਲਿਆਂ’ ਦਾ ਕਹਿਣਾ ਪਵੇਗਾ। ਇਸ ਬਾਗ ਨੇ ਇੱਕ ਸਦੀ ਤੋਂ ਸਾਨੂੰ ਇਹ ਪਛਾਣ ਦਿੱਤੀ ਹੋਈ ਹੈ, ਜੋ ਅਜੇ ਪਤਾ ਨਹੀਂ ਕਦੋਂ ਕੁ ਤਕ ਰਹੇਗੀ। ਜਾਂ ਸ਼ਾਇਦ ਕਨੇਡਾ ਵਿੱਚ ਜਜ਼ਬ ਹੋਣ ਕਾਰਨ ਬਾਗ਼ ਵਾਂਗ ਇਹ ਵੀ ਖੁਰ ਜਾਵੇਗੀ। ਕਨੇਡਾ ਵਿੱਚ ਜੰਮੇ ਪਲੇ, ਪਿੰਡ ਗਏ ਸਾਡੇ ਬੱਚਿਆਂ ਨੂੰ ਵੀ ‘ਬਾਗ਼ ਵਾਲਿਆਂ’ ਦੇ ਕਹਿ ਹੀ ਜਾਣ ਪਛਾਣ ਕਰਵਾਈ ਜਾਂਦੀ ਹੈ। ਸ਼ਾਇਦ ਇਹ ਪਛਾਣ ਸਾਡਾ ਮੁਕਟ ਹੈ, ਜਿਸ ’ਤੇ ਸਾਨੂੰ ਸਾਰਿਆਂ ਨੂੰ ਮਾਣ ਹੈ। ਅਸੀਂ ਅੱਜ ਵੀ ‘ਬਾਗ ਵਾਲੇ’ ਹੀ ਹਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)













































































































