“ਪ੍ਰਿੰਸੀਪਲ ਕੋਲ ਖੜ੍ਹੀ ਰੋ ਰਹੀ ਉਸ ਲੜਕੀ ਨੂੰ ਦੇਖ ਮੇਰੇ ਮਨ ਨੇ ਤੁਰੰਤ ਫੈਸਲਾ ਲਿਆ ਤੇ ਮੈਂ ...”
(24 ਫਰਵਰੀ 2026)
ਇਹ ਮੇਰੀ ਬੇਕਾਰੀ ਦੇ ਦਿਨ ਸਨ, ਪੜ੍ਹਾਈ ਮੁਕੰਮਲ ਕਰਨ ਉਪਰੰਤ ਨੌਕਰੀ ਲਈ ਭੱਜ-ਦੌੜ ਕਰਨ ਦੇ ਦਿਨ। ਕਿਉਂਕਿ ਕਵਿਤਾਵਾਂ ਉਦੋਂ ਲਿਖਣ ਲੱਗ ਪਿਆ ਸਾਂ, ਕਵਿਤਾਵਾਂ ਵਿੱਚ ਬੇਰੁਜ਼ਗਾਰੀ ਸ਼ਬਦ ਵੀ ਕਿਸੇ ਨਾ ਕਿਸੇ ਰੂਪ ਵਿੱਚ ਆ ਜਾਂਦਾ ਸੀ। ਸੰਘਰਸ਼ ਤੁਹਾਡੇ ਅੰਦਰਲੀ ਸਿਰਜਣਾ ਨੂੰ ਹੁਲਾਰਾ ਦਿੰਦਾ ਹੈ। ਬੀ.ਐੱਸ.ਸੀ. ਬੀ.ਐੱਡ ਕਰਨ ਉਪਰੰਤ ਪਹਿਲੀ ਨੌਕਰੀ ਮੈਨੂੰ ਮਾਲਵਾ ਖਾਲਸਾ ਸੀ. ਸੈ. ਸਕੂਲ ਫਿਰੋਜ਼ਪੁਰ ਵਿਖੇ ਮਿਲੀ। ਇਸ ਸਕੂਲ ਨਾਲ ਬਹੁਤ ਸਾਰੀਆਂ ਚੰਗੀਆਂ ਗੱਲਾਂ ਵੀ ਜੁੜੀਆਂ ਹੋਈਆਂ ਹਨ। ਪ੍ਰਮਜੀਤ ਇਸ ਸਕੂਲ ਵਿੱਚ ਹੀ ਮੇਰਾ ਦੋਸਤ ਬਣਿਆ ਤੇ ਅੱਜ ਵੀ ਦੋਸਤ ਹੈ। ਦਸਵੀਂ ਜਮਾਤ ਵਿੱਚ ਪੜ੍ਹਦਾ ਅਸ਼ੋਕ ਕੁਮਾਰ ਹੁਣ ਵੀ ਕਦੀ ਕਦੀ ਫੋਨ ਕਰਕੇ ਯਾਦ ਕਰ ਲੈਂਦਾ ਹੈ। ਮੈਂ ਉੱਥੇ ਡੇਢ ਕੁ ਸਾਲ ਉੱਥੇ ਨੌਕਰੀ ਕੀਤੀ। ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਰੱਫੜ ਕਾਰਨ ਇਹ ਨੌਕਰੀ ਮੈਨੂੰ ਛੱਡਣੀ ਪਈ। ਇਸ ਅਰਸੇ ਦੌਰਾਨ ਮਹਿਕਮੇ ਵੱਲੋਂ ਮੇਰੀ ਨਿਯੁਕਤੀ ਦੀ ਪ੍ਰਵਾਨਗੀ ਵੀ ਨਾ ਆਈ। ਇੰਝ ਇਹ ਡੇਢ ਸਾਲ ਮੈਨੂੰ ਬਿਨਾਂ ਤਨਖਾਹ ਤੋਂ ਕੰਮ ਕਰਨਾ ਪਿਆ। ਘਰ ਦੇ ਹਾਲਾਤ ਇੰਝ ਦੇ ਨਹੀਂ ਸਨ ਕਿ ਮੈਂ ਘਰੋਂ ਪੈਸੇ ਲਿਆ ਕੇ ਆਪਣਾ ਗੁਜ਼ਾਰਾ ਕਰ ਸਕਦਾ। ਮੈਂ ਨੌਕਰੀ ਛੱਡ ਵਾਪਸ ਆਪਣੇ ਪਿੰਡ ਆ ਗਿਆ। ਪਰ ਮੈਂ ਫਿਰੋਜ਼ਪੁਰ ਵਿੱਚ ਰਿਹਾਇਸ਼ ਦੌਰਾਨ ਰੁਜ਼ਗਾਰ ਦਫਤਰ ਵਿੱਚ ਆਪਣਾ ਨਾਂ ਦਰਜ਼ ਕਰਵਾ ਦਿੱਤਾ ਸੀ। ਇਸਦਾ ਨਤੀਜਾ ਇਹ ਹੋਇਆ ਕਿ ਮੈਨੂੰ ਫਿਰੋਜ਼ਪੁਰ ਦੇ ਰੁਜ਼ਗਾਰ ਦਫਤਰੋਂ ਇੰਟਰਵਿਊ ਲਈ ਸੱਦਾ-ਪੱਤਰ ਮਿਲਿਆ। ਇਹ ਸੱਦਾ-ਪੱਤਰ ਕੇਂਦਰੀ ਵਿਦਿਆਲਿਆ ਫਿਰੋਜ਼ਪੁਰ ਕੈਂਟ ਵਿੱਚ ਸਾਇੰਸ ਅਧਿਆਪਕ ਲਈ ਅਡਹੌਕ ਨਿਯੁਕਤੀ ਲਈ ਸੀ। ਉਸ ਸਕੂਲ ਦੇ ਪ੍ਰਿਸੀਪਲ ਯੂਪੀ ਤੋਂ ਸਨ। ਉਹ ਬੜੇ ਭਲੇ ਪੁਰਸ਼ ਸਨ। ਬਾਰਾਂ ਤੇਰਾਂ ਲੋਕ ਇੰਟਰਵਿਊ ਲਈ ਪਹੁੰਚੇ ਸਨ। ਦਫਤਰ ਵਿੱਚ ਪ੍ਰਿੰਸੀਪਲ ਦੀ ਪ੍ਰਧਾਨਗੀ ਹੇਠ ਹੋਈ ਇੰਟਰਵਿਊ ਵਿੱਚ ਮੇਰੀ ਚੋਣ ਹੋ ਗਈ।
ਕੇਂਦਰੀ ਵਿਦਿਆਲਿਆ ਵਿੱਚ ਬਤੌਰ ਅਡਹੌਕ (ਤਦ-ਅਰਥੀ) ਆਧਾਰ ’ਤੇ ਕੰਮ ਕਰਨ ਦੀਆਂ ਆਪਣੀਆਂ ਚੁਣੌਤੀਆਂ ਹਨ। ਸੈਸ਼ਨ ਦੇ ਅਖੀਰ ਵਿੱਚ ਯਾਨੀ 31 ਮਾਰਚ ਨੂੰ ਅਡਹੌਕ ਮੁਲਾਜ਼ਮਾਂ ਨੂੰ ਫਾਰਗ ਕਰ ਦਿੱਤਾ ਜਾਂਦਾ ਹੈ। ਅਗਲੇ ਸੈਸ਼ਨ ਲਈ ਦੁਬਾਰਾ ਇੰਟਰਵਿਊ ਕੀਤੀ ਜਾਂਦੀ ਹੈ। ਸੈਸ਼ਨ ਦੇ ਚਲਦਿਆਂ ਜੇਕਰ ਕੋਈ ਰੈਗੂਲਰ ਆਰਡਰ ਲੈ ਕੇ ਆ ਜਾਂਦਾ ਹੈ ਤਾਂ ਅਡਹੌਕ ਮੁਲਾਜ਼ਮ ਨੂੰ ਦਫਤਰ ਵਿੱਚ ਬੁਲਾ ਕੇ ਸੂਚਿਤ ਕਰ ਦਿੱਤਾ ਜਾਂਦਾ ਹੈ। ਪਹਿਲੇ ਸਾਲ ਅਜਿਹਾ ਹੀ ਵਾਪਰਿਆ। ਅਡਹੌਕ ’ਤੇ ਕੰਮ ਕਰਦੇ ਅਸੀਂ ਦੋ ਅਧਿਆਪਕ ਸਾਂ। ਦੂਸਰੇ ਕੋਈ ਫਿਰੋਜ਼ਪੁਰ ਦੇ ਰਹਿਣ ਵਾਲੇ ਮੈਡਮ ਸਨ। ਉਸ ਸਾਲ ਮੈਡਮ ਨੂੰ ਫਾਰਗ ਕਰ ਦਿੱਤਾ ਗਿਆ। ਮੇਰਾ ਬਚਾ ਹੋ ਗਿਆ। ਅਗਲੇ ਸਾਲ ਵੀ ਅਜਿਹਾ ਹੀ ਵਾਪਰਿਆ। ਸਕੂਲ ਵਿੱਚ ਖੇਡਾਂ ਹੋ ਰਹੀਆਂ ਸਨ। ਸਾਰਾ ਸਟਾਫ, ਵਿਦਿਆਰਥੀ ਸਮੇਤ ਪ੍ਰਿਸੀਪਲ ਸਕੂਲ ਗਰਾਊਂਡ ਵਿੱਚ ਹਾਜ਼ਰ ਸਨ। ਉਹ ਲੜਲੀ, ਜਿਸ ਨੂੰ ਪਿਛਲੇ ਸਾਲ ਰੈਗੂਲਰ ਅਧਿਆਪਕ ਦੇ ਆਉਣ ਕਾਰਨ ਰੀਲੀਵ ਕਰ ਦਿੱਤਾ ਗਿਆ ਸੀ, ਪ੍ਰਿੰਸੀਪਲ ਕੋਲ ਖਲੋਤੀ ਰੋ ਰਹੀ ਸੀ। ਮੈਂ ਕਿਸੇ ਨੂੰ ਕਾਰਨ ਪੁੱਛਿਆ ਤਾਂ ਪਤਾ ਲੱਗਾ ਕਿ ਕੋਈ ਰੈਗੂਲਰ ਆਰਡਰ ਲੈ ਕੇ ਆ ਗਿਆ ਹੈ, ਇਸ ਨੂੰ ਫਾਰਗ ਕਰ ਰਹੇ ਹਨ। ਉਦੋਂ ਤਕ ਮੇਰੀ ਨਿਯੁਕਤੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਕੋਟਲਾ ਸੁਲਤਾਨ ਸਿੰਘ, ਜੋ ਕਿ ਮੁਹੰਮਦ ਰਫ਼ੀ ਦਾ ਪਿੰਡ ਹੈ, ਵਿਖੇ ਅਕਾਲੀ ਸਰਕਾਰ ਵੱਲੋਂ ਖੋਲ੍ਹੇ ਗਏ ਸ੍ਰੀ ਦਸ਼ਮੇਸ਼ ਪਬਲਿਕ ਸਕੂਲ ਵਿੱਚ ਹੋ ਗਈ ਸੀ। ਇਸ ਅਰਧ ਸਰਕਾਰੀ ਸਕੂਲ ਦਾ ਚੇਅਰਮੈਨ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਅਤੇ ਜਨਰਲ ਸਕੱਤਰ ਜ਼ਿਲ੍ਹੇ ਦਾ ਡੀ.ਡੀ. ਓ. ਹੁੰਦਾ ਹੈ। ਪੰਜਾਬ ਵਿੱਚ ਅਜਿਹੇ ਤਿੰਨ ਸਕੂਲ ਖੋਲ੍ਹੇ ਗਏ ਸਨ। ਇੱਕ ਬਾਦਲ ਪਿੰਡ ਵਿੱਚ, ਦੂਜਾ ਤਲਵੰਡੀ ਸਾਬੋ ਤੇ ਤੀਜਾ ਇਹ ਕੋਟਲਾ ਸੁਲਤਾਨ ਸਿੰਘ ਵਾਲਾ, ਜਿੱਥੇ ਮੇਰੀ ਚੋਣ ਹੋਈ ਸੀ। ਨਿਯੁਕਤੀ ਦੇ ਆਰਡਰ ਮੇਰੀ ਜੇਬ ਵਿੱਚ ਸਨ। ਪਰ ਮੇਰਾ ਫਿਰੋਜ਼ਪੁਰ ਛੱਡਣ ਨੂੰ ਮਨ ਨਹੀਂ ਸੀ ਕਰ ਰਿਹਾ। ਪ੍ਰਿੰਸੀਪਲ ਕੋਲ ਖੜ੍ਹੀ ਰੋ ਰਹੀ ਉਸ ਲੜਕੀ ਨੂੰ ਦੇਖ ਮੇਰੇ ਮਨ ਨੇ ਤੁਰੰਤ ਫੈਸਲਾ ਲਿਆ ਤੇ ਮੈਂ ਗਰਾਊਂਡ ਦੇ ਦੂਜੇ ਕਿਨਾਰੇ ਬੈਠੇ ਪ੍ਰਿੰਸੀਪਲ ਕੋਲ ਪਹੁੰਚ ਗਿਆ। ਮੈਂ ਪੁੱਛਿਆ, “ਸਰ ਇਹ ਮੈਡਮ ਕਿਉਂ ਰੋ ਰਹੇ ਹਨ?”
ਉਹ ਬੋਲੇ, “ਅਰੇ ਮਲਵਿੰਦਰ, ਕੋਈ ਟੀਚਰ ਰੈਗੂਲਰ ਆਰਡਰ ਲੇ ਕਰ ਆ ਗਿਆ ਹੈ। ਇਸ ਲੀਏ ਇਸ ਕੋ ਫਾਰਗ ਕਰਨਾ ਪੜਾ ਹੈ।”
ਮੇਰੇ ਕਹਿਣ ’ਤੇ ਕਿ ਮੈਨੂੰ ਫਾਰਗ ਕਰ ਦੇਵੋ, ਪ੍ਰਿੰਸੀਪਲ ਬੋਲੇ, “ਆਪ ਕਹਾਂ ਜਾ ਰਹੇ ਹੋ?”
ਮੇਰੇ ਦੱਸਣ ’ਤੇ ਕਿ ਮੇਰੀ ਨਿਯੁਕਤੀ ਆਪਣੇ ਜ਼ਿਲ੍ਹੇ ਦੇ ਕਿਸੇ ਸਕੂਲ ਵਿੱਚ ਹੋ ਗਈ ਹੈ, ਉਹ ਕਹਿਣ ਲੱਗੇ, “ਤੋ ਆਪ ਇਸਕੇ ਸਾਥ ਜਾਉ, ਇਸ ਕੀ ਫਾਰਗੀ ਟਾਈਪ ਹੋ ਰਹੀ ਹੈ। ਵੋ ਨਿਕਾਲ ਕਰ ਅਪਨੀ ਕਰਵਾ ਲੋ।”
ਗਰਾਊਂਡ ਤੋਂ ਸਕੂਲ ਦੇ ਦਫਤਰ ਵੱਲ ਜਾਂਦਿਆਂ ਉਹ ਲੜਕੀ ਬਾਰ-ਬਾਰ ਮੇਰਾ ਧੰਨਵਾਦ ਕਰ ਰਹੀ ਸੀ। ਉਸ ਦੱਸਿਆ ਕਿ ਕੁਝ ਮਹੀਨਿਆਂ ਨੂੰ ਉਸਦਾ ਵਿਆਹ ਹੈ। ਇਹ ਕੁਝ ਬਚੇ ਮਹੀਨਿਆਂ ਦੀ ਤਨਖਾਹ ਉਸਦੇ ਵਿਆਹ ਵਿੱਚ ਕੰਮ ਆਵੇਗੀ। ਮੈਨੂੰ ਆਪਣੇ ਫੈਸਲੇ ਉੱਪਰ ਮਾਣ ਹੋ ਰਿਹਾ ਸੀ। ਮੈਂ ਆਪਣਾ ਪਿਆਰਾ ਸ਼ਹਿਰ ਫਿਰੋਜ਼ਪੁਰ ਛੱਡ ਕੇ ਜਾ ਰਿਹਾ ਸਾਂ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (