“ਉਹ ਕੁਝ ਪਲ ਦੁੱਖ ਸੁੱਖ ਸਾਂਝਾ ਕਰਨ, ਕੁਝ ਮੋਹ ਮੁਹੱਬਤ ਦੀ ਗੱਲਾਂ ਸੁਣਨ ਜਾਂਦੀ ਪਰ ਉੱਥੇ ...”
(20 ਫਰਵਰੀ 2026)
ਕਾਲਜ ਦੀ ਪੜ੍ਹਾਈ ਦੌਰਾਨ ਹੋਸਟਲ ਦੀ ਸਹੂਲਤ ਬੰਦ ਹੋਣ ਕਾਰਨ ਸਾਨੂੰ ਕਮਰਾ ਕਿਰਾਏ ’ਤੇ ਲੈਕੇ ਰਹਿਣਾ ਪਿਆ। ਹੋਸਟਲ ਵਾਲੀ ਘਾਟ ਕਦੇ ਨਾ ਪੂਰੀ ਹੋਈ। ਹੋਟਲ ਦੀ ਰੋਟੀ ਸਾਡੀ ਜੇਬ ’ਤੇ ਚੋਖੀ ਮਾਰ ਕਰਦੀ ਸੀ। ਹੱਥ ਦੀ ਤੰਗੀ ਨੇ ਸਾਨੂੰ ਖ਼ੁਦ ਚੁੱਲ੍ਹਾ ਤਪਾਉਣ ਦੇ ਰਾਹ ਪਾ ਦਿੱਤਾ। ਮੈਨੂੰ ਰੋਟੀ ਦਾ ਵੱਲ ਨਹੀਂ ਸੀ ਆਉਂਦਾ, ਸੋ ਵਰਤਣ ਸਾਫ ਕਰਨਾ ਮੇਰੇ ਹਿੱਸੇ ਆ ਗਿਆ। ਐਡਵੋਕੇਟ ਸਵਰਨ ਸਬਜ਼ੀ ਦਾ ਮਾਹਿਰ ਸੀ, ਪਰ ਰੋਟੀਆਂ ਲਾਹੁਣ ਦਾ ਜੋ ‘ਜੱਸ’ ਕਰਮ ਸਿੰਘ ਦੇ ਹਿੱਸੇ ਆਇਆ ਸੀ, ਉਹ ਸ਼ਾਇਦ ਕਿਸੇ ਮਾਂ ਦੇ ਹੱਥਾਂ ਵਿੱਚ ਵੀ ਨਾ ਹੋਵੇ। ਜਦੋਂ ਉਹ ਤਵੇ ’ਤੇ ਰੋਟੀ ਪਾਉਂਦਾ, ਰੋਟੀ ਫੁੱਲ ਜਾਂਦੀ, ਬਿਲਕੁਲ ਉਸਦੇ ਆਪਣੇ ਮਨ ਵਾਂਗ, ਜਿਹੜਾ ਦੂਜਿਆਂ ਦੇ ਫਿਕਰ ਨਾਲ ਹਮੇਸ਼ਾ ਭਰਿਆ ਰਹਿੰਦਾ ਸੀ।
ਕਰਮ ਸਿੰਘ ਅਜੀਬ ਬੰਦਾ ਸੀ। ਪੜ੍ਹਾਈ ਵੱਲ ਉਸਦਾ ਚਿੱਤ ਘੱਟ ਹੀ ਰਹਿੰਦਾ ਪਰ ਸਾਰੇ ਪਿੰਡ ਦਾ ਦਰਦ ਉਸਦੇ ਮੋਢੇ ਵਾਲੀ ਕਿੱਟ ਵਿੱਚ ਸਮਾਇਆ ਹੁੰਦਾ। ਕਦੇ ਕਿਸੇ ਸੱਜਣ ਦਾ ਕੰਮ ਕਰ ਰਿਹਾ ਹੁੰਦਾ ਤੇ ਕਦੇ ਕਿਸੇ ਦੀ ਸਿਫ਼ਾਰਸ਼ ਲਈ ਭੱਜਿਆ ਫਿਰਦਾ। ਜਦੋਂ ਮੈਂ ਕਾਲਜੋਂ ਮੁੜਨਾ, ਉਹ ਅਕਸਰ ਫ਼ੋਨ ਦੀ ਸਕਰੀਨ ’ਤੇ ਨਜ਼ਰਾਂ ਗੱਡੀ ਬੈਠਾ ਹੁੰਦਾ। ਉਹ ਪ੍ਰੀਤ ਸੀ, ਉਸਦੀ ਨਹੀਂ, ਸਗੋਂ ਉਸਦੇ ਦੋਸਤ ਦੀ ਪ੍ਰੇਮਿਕਾ। ਪ੍ਰੀਤ ਪੜ੍ਹੀ-ਲਿਖੀ ਕੁੜੀ ਸੀ, ਉਹ ਹਮੇਸ਼ਾ ਅੰਗਰੇਜ਼ੀ ਵਿੱਚ ਉਲਝੇ ਹੋਏ ਸੁਨੇਹੇ ਭੇਜਦੀ ਰਹਿੰਦੀ। ਕਰਮ ਉਹਨਾਂ ਸ਼ਬਦਾਂ ਦੇ ਅਰਥ ਲੱਭਦਾ-ਲੱਭਦਾ ਖਪ ਜਾਂਦਾ। ਜਦੋਂ ਅਸੀਂ ਆਉਣਾ ਤਾਂ ਉਸਨੇ ਬੜੇ ਚਾਅ ਨਾਲ ਪੁੱਛਣਾ, “ਬਾਈ, ਦੇਖੀਂ ਭਲਾ ਇਹ ਕੀ ਲਿਖਿਆ? ਨਾਲੇ ਇਹਦਾ ਜਵਾਬ ਵੀ ਲਿਖ ਦੇ... ਫੇਰ ਦੇਖੀਂ ਰੋਟੀ ਕਿਵੇਂ ਤਵੇ ’ਤੇ ਨੱਚਦੀ ਆ!”
ਸਾਨੂੰ ਪਹਿਲਾਂ-ਪਹਿਲ ਖਿਝ ਆਉਂਦੀ। ਇਹ ਕਿਹੋ ਜਿਹਾ ਇਸ਼ਕ ਸੀ, ਜਿੱਥੇ ਆਸ਼ਕ ਕੋਈ ਹੋਰ ਸੀ ਤੇ ਚਿੱਠੀਆਂ ਦਾ ਰਾਹਕ ਕਰਮ ਬਣਿਆ ਹੋਇਆ ਸੀ? ਪਰ ਹੌਲੀ-ਹੌਲੀ ਜਦੋਂ ਪ੍ਰੀਤ ਦੇ ਘਰ ਦੇ ਹਾਲਾਤ ਦੀਆਂ ਪਰਤਾਂ ਖੁੱਲ੍ਹੀਆਂ ਤਾਂ ਸਾਡੇ ਅੰਦਰਲੀ ਖਿਝ ਹਮਦਰਦੀ ਵਿੱਚ ਬਦਲ ਗਈ। ਕਰਮ ਦੱਸਦਾ, “ਬਾਈ, ਮੇਰਾ ਯਾਰ ਮੇਰੇ ’ਤੇ ਰੱਬ ਜਿੰਨਾ ਯਕੀਨ ਕਰਦੈ। ਜਦੋਂ ਉਹਨਾਂ ਮਿਲਣਾ ਹੁੰਦੈ, ਮੈਂ ਹੀ ਮੋਟਰਸਾਈਕਲ ’ਤੇ ਬਿਠਾ ਕੇ ਪ੍ਰੀਤ ਨੂੰ ਉਹਦੇ ਕੋਲ ਛੱਡ ਕੇ ਆਉਨਾ।”
ਸਾਨੂੰ ਇਹ ਗੱਲਾਂ ਅਜੀਬ ਲਗਦੀਆਂ, ਪਰ ਉਸ ਪਾਕ-ਪਵਿੱਤਰ ਦੋਸਤੀ ਅਤੇ ਨਿਰਸੁਆਰਥ ਸੇਵਾ ਵਿੱਚ ਇੱਕ ਅਣੋਖਾ ਰਸ ਵੀ ਸੀ।
ਪ੍ਰੀਤ ਤੇ ਉਸਦਾ ਪ੍ਰੇਮੀ ਅਕਸਰ ਲੜਦੇ ਰਹਿੰਦੇ ਤੇ ਕਰਮ ਉਹਨਾਂ ਵਿਚਾਲੇ ‘ਪੁਲ’ ਬਣ ਕੇ ਖੜ੍ਹ ਜਾਂਦਾ। ਪ੍ਰੀਤ ਸਿਆਣੀ ਅਤੇ ਸਮਝਦਾਰ ਕੁੜੀ ਸੀ ਪਰ ਉਸਦਾ ਦੋਸਤ ਐਸ਼ੋ-ਆਰਾਮ ਵਾਲਾ ਮੁੰਡਾ ਸੀ। ਵਕਤ ਦੀ ਮਾਰ ਦੇਖੋ, ਹੌਲੀ-ਹੌਲੀ ਉਹਨਾਂ ਵਿਚਕਾਰ ਵਿੱਥਾਂ ਵਧ ਗਈਆਂ। ਹੁਣ ਪ੍ਰੀਤ ਦੇ ਦੁੱਖ-ਸੁਖ ਦਾ ਇੱਕੋ-ਇੱਕ ਸਹਾਰਾ ਕਰਮ ਰਹਿ ਗਿਆ। ਕਰਮ ਸਿੰਘ ਦੇ ਮਨ ਵਿੱਚ ਵੀ ਕਿਤੇ ਨਾ ਕਿਤੇ ਪ੍ਰੀਤ ਲਈ ਮੋਹ ਦੀ ਕਣੀ ਪੁੰਗਰ ਆਈ ਸੀ, ਪਰ ਉਹ ‘ਯਾਰੀ’ ਦੇ ਡਰੋਂ ਜ਼ੁਬਾਨ ਖੋਲ੍ਹਣ ਦੀ ਹਿੰਮਤ ਨਹੀਂ ਸੀ ਕਰਦਾ।
ਇੱਕ ਸਵੇਰ ਜਦੋਂ ਕਰਮ ਨਹਾ ਰਿਹਾ ਸੀ, ਪ੍ਰੀਤ ਦੇ ਫ਼ੋਨ-ਸੰਦੇਸ਼ ਦੀ ਟੁਣਕਾਰ ਲਗਾਤਾਰ ਹੋਣ ਲੱਗੀ। ਅੰਦਰੋਂ ਕਰਮ ਦੀ ਆਵਾਜ਼ ਆਈ, “ਓਏ ਬਾਈ, ਪੜ੍ਹ ਕੇ ਜਵਾਬ ਤਾਂ ਦੇ ਦੇ, ਉਹ ਉਡੀਕਦੀ ਹੋਊ।” ਪਤਾ ਨਹੀਂ ਮੇਰੇ ਮਨ ਵਿੱਚ ਕੀ ਆਈ, ਮੈਂ ਸ਼ਰਾਰਤ ਜਾਂ ਸ਼ਾਇਦ ਕਿਸੇ ਹੋਣੀ ਦੇ ਵੱਸ ਹੋ ਕੇ ਮੈਂ ਪ੍ਰੇਮ ਦੇ ਢਾਈ ਅੱਖਰ ਟਾਈਪ ਕਰ ਦਿੱਤੇ।
ਉੱਧਰੋਂ ਵੀ ਸ਼ਾਇਦ ਇਸੇ ਪਲ ਦੀ ਉਡੀਕ ਸੀ। ਮੋੜਵਾਂ ਜਵਾਬ ਮੁਹੱਬਤ ਵਿੱਚ ਭਿੱਜਿਆ ਹੋਇਆ ਆਇਆ। ਜਦੋਂ ਕਰਮ ਬਾਹਰ ਆਇਆ ਤਾਂ ਉਸਨੇ ਉਹ ਸੁਨੇਹੇ ਪੜ੍ਹੇ। ਉਹ ਪਹਿਲਾਂ ਤਾਂ ਕਮਲਿਆਂ ਵਾਂਗ ਖ਼ੁਸ਼ ਹੋਇਆ ਤੇ ਫਿਰ ਉਸਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ। ਉਹ ਖੁਸ਼ੀ ਅਤੇ ਡਰ ਦਾ ਅਜੀਬ ਸੰਗਮ ਸੀ।
ਪ੍ਰੀਤ ਆਪਣੇ ਪਰਿਵਾਰ ਦਾ ਸਾਰਾ ਖਰਚਾ ਆਪ ਹੀ ਚਲਾ ਰਹੀ ਸੀ। ਪਿਤਾ ਦਾ ਸਾਇਆ ਸਿਰ ਤੋਂ ਉੱਠ ਜਾਣ ਤੋਂ ਬਾਅਦ ਭਰਾ ਨਿੱਕਾ ਹੋਣ ਕਰਕੇ ਜ਼ਿੰਮੇਵਾਰੀ ਦੀ ਪੱਗ ਹੁਣ ਪ੍ਰੀਤ ਦੇ ਸਿਰ ’ਤੇ ਸੀ। ਕਰਮ ਵੀ ਉਸਦਾ ਹਰ ਕੰਮ ਵਿੱਚ ਪੂਰਾ ਸਾਥ ਦਿੰਦਾ। ਦਿਨ ਲੰਘਦਿਆਂ ਨੂੰ ਕੀ ਲਗਦਾ ਹੈ, ਸਮੇਂ ਨਾਲ ਰਿਸ਼ਤਾ ਹੋਰ ਗੂੜ੍ਹਾ ਹੁੰਦਾ ਗਿਆ। ਅਖੀਰ ਗੱਲ ਵਿਆਹ ’ਤੇ ਆ ਕੇ ਖੜ੍ਹ ਗਈ। ਸਾਡੇ ਵਿੱਚੋਂ ਕੋਈ ਵੀ ਇਸ ਫੈਸਲੇ ਦੇ ਹੱਕ ਵਿੱਚ ਨਹੀਂ ਸੀ - “ਕਰਮ ਸਿਆਂ, ਅੱਖੀਂ ਦੇਖ ਕੇ ਮੱਖੀ ਖਾਣੀ ਬਹੁਤ ਔਖੀ ਹੈ।”
ਇੱਕ ਸਾਥੀ ਨੇ ਇਸ਼ਾਰਾ ਕੀਤਾ ਕਿ ਉਸਦਾ ਕੋਈ ਦੋਸਤ ਵੀ ਹੈ। ਕਰਮ ਖਿਝ ਕੇ ਕਹਿੰਦਾ ‘ਸੀ’ ਪਰ ‘ਹੈ’ ਨਹੀਂ। ਉਹਨਾਂ ਵਿਚਕਾਰ ਕਦੇ ਵੀ ਕੁਝ ਅਜਿਹਾ ਨਹੀਂ ਹੋਇਆ। ਜਦੋਂ ਵੀ ਪ੍ਰੀਤ ਉਸਨੂੰ ਮਿਲਣ ਗਈ, ਮੈਂ ਹਰ ਵਾਰ ਨਾਲ ਤਾਂ ਹੁੰਦਾ ਸੀ। ਮੋਹ ਵਿੱਚ ਆਇਆ ਕਰਮ ਕਹਿੰਦਾ “ਚਲੋ ਵੱਡੇ ਸਿਆਣਿਓ ਇਹ ਦੱਸੋ ਕਿ ਫਿਰ ਉਸ ਨਾਲ ਵਿਆਹ ਕੌਣ ਕਰਵਾਊ? ਸਿਰ ’ਤੇ ਪਿਤਾ ਦਾ ਸਾਇਆ ਨਹੀਂ, ਭਰਾ ਨਿੱਕਾ ਜਿਹਾ ਹੈ। ਇੰਨੀ ਚੰਗੀ ਕੁੜੀ ਦੀ ਜ਼ਿੰਦਗੀ ਤਬਾਹ ਹੋ ਜਾਵੇਗੀ। ਮੈਨੂੰ ਪਤਾ, ਇਹ ਕਿੰਨੀ ਮਿਹਨਤੀ ਕੁੜੀ ਹੈ।”
ਕਰਮ ਸੋਚਦਾ, ਇਨ੍ਹਾਂ ਲੋਕਾਂ ਨੂੰ ਕਿਵੇਂ ਸਮਝਾਵਾਂ ਕਿ ਉਸਦਾ ਦੋਸਤ ਪ੍ਰੀਤ ਨਾਲ ਕਿਸ ਗੱਲ ਤੋਂ ਲੜਦਾ ਰਹਿੰਦਾ ਸੀ, ਜਦੋਂ ਉਸਨੂੰ ਮਿਲਣ ਗਈ ਰੀਤ ਹਰ ਵਾਰ ਗੁੱਸੇ ਹੋ ਕੇ ਵਾਪਸ ਆਉਂਦੀ ਸੀ। ਪ੍ਰੀਤ ਚਾਹੁੰਦੀ ਸੀ ਕਿ ਵਿਆਹ ਤੋਂ ਬਾਅਦ ਸਭ ਕੁਝ ਤੇਰਾ ਹੈ ਪਰ ਇੱਕ ਉਹ ਸੀ, ਜਿਸਨੂੰ ਸ਼ਿਕਾਰੀ ਕੁੱਤੇ ਜਿਹੀ ਭੁੱਖ ਸੀ। ਉਹ ਕੁਝ ਪਲ ਦੁੱਖ ਸੁੱਖ ਸਾਂਝਾ ਕਰਨ, ਕੁਝ ਮੋਹ ਮੁਹੱਬਤ ਦੀ ਗੱਲਾਂ ਸੁਣਨ ਜਾਂਦੀ ਪਰ ਉੱਥੇ ਮੁੜ ਗੱਲ ਉਸ ਵਿਸ਼ੇ ’ਤੇ ਆ ਜਾਂਦੀ, ਜਿਸ ਬਾਰੇ ਪ੍ਰੀਤ ਨੇ ਕਦੇ ਵਿਆਹ ਤੋਂ ਪਹਿਲਾਂ ਸੋਚਿਆ ਵੀ ਨਹੀਂ ਸੀ।
ਕਰਮ ਅਕਸਰ ਸੋਚਦਾ. ਮੈਂ ਕੇਹੇ ਧਰਮ-ਸੰਕਟ ਵਿੱਚ ਫਸ ਗਿਆ ਹਾਂ? ਇੱਕ ਪਾਸੇ ਉਸਦਾ ਉਹ ਦੋਸਤ ਸੀ, ਜਿਸਨੇ ਅੱਖਾਂ ਮੀਟ ਕੇ ਆਪਣੀ ‘ਅਮਾਨਤ’ ਕਰਮ ਦੇ ਮੋਢੇ ’ਤੇ ਰੱਖ ਦਿੱਤੀ ਸੀ। ਦੂਜੇ ਪਾਸੇ ਪ੍ਰੀਤ ਸੀ, ਜਿਸਦੀਆਂ ਅੰਗਰੇਜ਼ੀ ਦੀਆਂ ਲਿਖਤਾਂ ਹੁਣ ਕਰਮ ਨੂੰ ਸਿਰਫ ਅੱਖਰ ਨਹੀਂ, ਸਗੋਂ ਆਪਣੇ ਵੱਲ ਵਧਦੇ ਹੋਏ ਹੱਥ ਜਾਪਦੇ ਸਨ। ਜਦੋਂ ਪ੍ਰੀਤ ਫ਼ੋਨ ’ਤੇ ਆਪਣੇ ਦੁੱਖ ਫੋਲਦੀ ਤਾਂ ਕਰਮ ਨੂੰ ਲਗਦਾ ਜਿਵੇਂ ਉਹ ਉਹਦੇ ਮਨ ਦੇ ਵਿਹੜੇ ਵਿੱਚ ਬੈਠੀ ਹੰਝੂ ਕੇਰ ਰਹੀ ਹੋਵੇ। ਕਰਮ ਆਪਣੇ ਆਪ ਨੂੰ ਕੋਸਦਾ, “ਕਰਮਿਆ! ਤੂੰ ਯਾਰ ਦੀ ਗੱਲ ਸੁਲਝਾਉਣ ਗਿਆ ਸੀ ਜਾਂ ਉੱਥੇ ਆਪਣਾ ਦਿਲ ਹਾਰਨ?” ਪਰ ‘ਰਿਸ਼ਤਿਆਂ ਦਾ ਗਣਿਤ’ ਬੜਾ ਅਜੀਬ ਹੁੰਦਾ ਹੈ। ਰਿਸ਼ਤਿਆਂ ਦਾ ਜਮ੍ਹਾਂ-ਘਟਾਓ ਕਈ ਵਾਰੀ ਕੁਦਰਤ ਦੇ ਹੱਥ ਹੁੰਦਾ ਹੈ। ਜਦੋਂ ਉਹ ਪ੍ਰੀਤ ਨੂੰ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਆਪਣੇ ਦੋਸਤ ਕੋਲ ਲੈ ਕੇ ਜਾਂਦਾ ਹੁੰਦਾ ਸੀ ਤਾਂ ਉਹਦੀ ਪਿੱਠ ’ਤੇ ਪੈਂਦੀ ਪ੍ਰੀਤ ਦੀ ਪਰਛਾਈਂ ਉਹਨੂੰ ਕੰਬਣੀ ਛੇੜ ਦਿੰਦੀ ਸੀ। ਉਹ ਸ਼ੀਸ਼ੇ ਵਿੱਚੋਂ ਪ੍ਰੀਤ ਦਾ ਉਦਾਸ ਚਿਹਰਾ ਦੇਖਦਾ ਤਾਂ ਉਹਦਾ ਜੀਅ ਕਰਦਾ ਕਿ ਮੋਟਰਸਾਈਕਲ ਦਾ ਰੁਖ ਮੋੜ ਲਵੇ। ਪਰ ‘ਯਾਰੀ’ ਦਾ ਜੂਲਾ ਉਹਦੀ ਗਰਦਨ ’ਤੇ ਇੰਨਾ ਭਾਰੀ ਸੀ ਕਿ ਉਹ ਚਾਹ ਕੇ ਵੀ ਸਿਰ ਨਹੀਂ ਸੀ ਚੁੱਕ ਸਕਦਾ। ਦੋਸਤਾਂ ਨੇ ਬੜਾ ਰੋਕਿਆ, “ਕਰਮ ਸਿਆਂ, ਇਹ ਤੇਰੇ ਲਈ ਬਹੁਤ ਵੱਡਾ ਫੈਸਲਾ ਹੈ ...” ਪਰ ਕਰਮ ਹੁਣ ਕਿਸੇ ਹੋਰ ਜਹਾਨ ਵਿੱਚ ਸੀ।
ਵਾਹਿਗੁਰੂ ਦੀ ਮਿਹਰ ਹੋਈ, ਦੋਵੇਂ ਇੱਕ ਹੋ ਗਏ। ਪ੍ਰੀਤ ਨੂੰ ਸਿਹਤ ਵਿਭਾਗ ਵਿੱਚ ਸਰਕਾਰੀ ਨੌਕਰੀ ਮਿਲ ਗਈ ਤੇ ਉਹਨਾਂ ਦੇ ਵਿਹੜੇ ਵਿੱਚ ਇੱਕ ਪੁੱਤਰ ਦੀ ਕਿਲਕਾਰੀ ਗੂੰਜੀ। ਜ਼ਿੰਦਗੀ ਸੁਖੀ ਲੀਹਾਂ ’ਤੇ ਚੱਲ ਪਈ ਸੀ। ਪ੍ਰੀਤ ਡਿਊਟੀ ’ਤੇ ਜਾਂਦੀ ਤੇ ਕਰਮ ਉਸਦੀ ਥਾਂ ਜਨਤਕ ਘੋਲਾਂ ਅਤੇ ਧਰਨਿਆਂ ਵਿੱਚ ਸ਼ਾਮਲ ਹੁੰਦਾ।
ਪਰ ਸਮੇਂ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਵਕਤ ਦੀ ਮਾਰ ਪਈ, ਇੱਕ ਨਾਮੁਰਾਦ ਬਿਮਾਰੀ ਕਰਮ ਦੇ ਸਰੀਰ ਵਿੱਚ ਅਜਿਹੀ ਵੜੀ ਕਿ ਉਸਨੇ ਦੇਖਦੇ ਹੀ ਦੇਖਦੇ ਉਸ ਹੱਸਦੇ-ਖੇਡਦੇ ਜਵਾਨ ਨੂੰ ਸਾਡੇ ਕੋਲੋਂ ਖੋਹ ਲਿਆ।
ਅੱਜ ਕਰਮ ਸਿੰਘ ਸਾਡੇ ਵਿੱਚ ਨਹੀਂ ਹੈ, ਪਰ ਉਸਦੀ ਵਿਰਾਸਤ ਪ੍ਰੀਤ ਸਾਂਭੀ ਬੈਠੀ ਹੈ। ਵਕਤ ਦੀ ਮਾਰ ਝੱਲਦਿਆਂ ਉਹ ਹੁਣ ਨੌਕਰੀ ਦੇ ਨਾਲ ਨਾਲ ਕਰਮ ਦੇ ਬੁੱਢੇ ਮਾਪਿਆਂ ਦੀ ਸੇਵਾ ਵੀ ਕਰਦੀ ਹੈ। ਉਹ ਆਪਣੇ ਪੁੱਤਰ ਦੀਆਂ ਅੱਖਾਂ ਵਿੱਚ ਕਰਮ ਦਾ ਉਹੀ ਰੰਗ ਲੱਭਦੀ ਹੈ, ਜਿਹੜਾ ਰੰਗ ਕਦੇ ਤਵੇ ’ਤੇ ਫੁੱਲਦੀ ਰੋਟੀ ਅਤੇ ਦੂਜਿਆਂ ਲਈ ਜਿਊਣ ਦੇ ਚਾਅ ਵਿੱਚ ਹੁੰਦਾ ਸੀ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































