“ਮੈਂ ਸੋਚਿਆ, ਇਹ ਤਰੁੱਟੀ ਐਡਮਿਨਿਸਟਰੇਸ਼ਨ ਤਕ ਤਾਂ ਪਹੁੰਚਾਈਏ। ਉਹ ਗੱਲ ਮੈਂ ਅਖਬਾਰ ਨੂੰ ...”
(18 ਫਰਵਰੀ 2026)
ਅੱਜ ਮੇਰੇ ਮਨ ਵਿੱਚ ਕੁਝ ਵਿਚਾਰ ਆਏ ਹਨ ਜਿਨ੍ਹਾਂ ਦਾ ਸਾਡੀ ਰੋਜ਼ਾਨਾ ਜ਼ਿੰਦਗੀ ਨਾਲ ਗਹਿਰਾ ਵਾਸਤਾ ਹੈ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਕੁਝ ਗੱਲਾਂ ਬੇਸ਼ਕ ਮਾਮੂਲੀ ਹੁੰਦੀਆਂ ਨੇ ਜਿਨ੍ਹਾਂ ਵੱਲ ਅਸੀਂ ਧਿਆਨ ਨਹੀਂ ਦਿੰਦੇ ਅਤੇ ਬੇਧਿਆਨੀ ਦਾ ਸਾਡੀ ਜ਼ਿੰਦਗੀ ’ਤੇ ਅਸਰ ਜ਼ਰੂਰ ਹੋ ਰਿਹਾ ਹੈ। ਇਹ ਉਸ ਵੇਲੇ ਦੀ ਗੱਲ ਸੀ ਜਦੋਂ ਹਕੂਮਤ ਆਪਣੇ ਰਾਜ ਦੇ ਲੋਕਾਂ ਨੂੰ ਕਿਸੇ ਮਾਮਲੇ ਦੀ ਇਤਲਾਹ ਦੇਣੀ ਜ਼ਰੂਰੀ ਸਮਝਦੀ ਤਾਂ ਉਸ ਵੇਲੇ ਜਦੋਂ ਲਾਊਡ ਸਪੀਕਰ ਵਗੈਰਾ ਨਹੀਂ ਸਨ ਹੁੰਦੇ ਅਤੇ ਮੁਨਾਦੀ ਦਾ ਸੁਨੇਹਾ ਸਾਰੇ ਲੋਕਾਂ ਤਕ ਪਹੁੰਚੇ, ਇਸ ਵਾਸਤੇ ਮੁਨਾਦੀ ਕਰਨ ਵਾਲਾ ਇੱਕ ਖਾਲੀ ਪੀਪੇ ਨੂੰ ਚੌਂਕ ਵਿੱਚ ਖੜ੍ਹਾ ਹੋ ਕੇ ਡੰਡੇ ਦੇ ਨਾਲ ਕੁੱਟਦਾ ਸੀ, ਜਿਸ ਨਾਲ ਕੋਲੋਂ ਲੰਘਦੇ ਲੋਕ ਰੁਕ ਜਾਂਦੇ ਸਨ ਜਾਂ ਉਸ ਖੇਤਰ ਨਾਲ ਸਬੰਧਤ ਅਬਾਦੀ ਦੇ ਲੋਕਾਂ ਦੇ ਕੰਨ ਇਸ ਪਾਸੇ ਲੱਗ ਜਾਂਦੇ ਸਨ ਕਿ ਅੱਜ ਸਰਕਾਰ ਵੱਲੋਂ ਕੋਈ ਹੁਕਮ ਆਇਆ ਹੈ। ਮੈਂ 1960 ਵਿਆਂ ਵਿੱਚ ਇਹ ਦੇਖਿਆ ਕਿ ਮੇਰੇ ਸ਼ਹਿਰ ਦੀ ਮਿਉਂਸਪਲ ਕਮੇਟੀ ਦਾ ਸਫਾਈ ਸੇਵਕ ਪੀਪਾ ਲੈ ਕੇ, ਉਹਦੇ ਉੱਤੇ ਡੰਡੇ ਮਾਰ ਮਾਰ ਕੇ ਲੋਕਾਂ ਨੂੰ ਇਕੱਠੇ ਕਰ ਲੈਂਦਾ ਸੀ। ਬੇਸ਼ਕ ਉਹ ਅਨਪੜ੍ਹ ਸੀ ਪਰ ਬੜੇ ਵਧੀਆ ਤਰੀਕੇ ਨਾਲ ਇੱਕ ਇੱਕ ਲਫਜ਼ ਬੋਲ ਕੇ ਮੁਨਾਦੀ ਨਾਲ ਕਰਦਾ ਸੀ। ਨਿਜ਼ਾਮੀ ਹੁਕਮ ਲੋਕਾਂ ਵਾਸਤੇ ਇੱਕ ਤਰ੍ਹਾਂ ਨਾਲ ਇਲਾਹੀ ਹੁਕਮ ਹੁੰਦਾ ਸੀ। ਚੌਂਕ ਵਿੱਚ ਰੁਕ ਕੇ ਲਗਭਗ 5 ਮਿੰਟ ਪੀਪਾ ਖੜਕਾਉਣ ਮਗਰੋਂ ਉਹ ਮੁਨਾਦੀ ਸ਼ੁਰੂ ਕਰਦਾ, “ਸੁਨੋ! ਸੁਨੋ!! ਸੁਨੋ!!! ਜਨਾਬੇ ਵਾਲਾ, ਕਿਆ ਕਹਿਤਾ ਹੈ ਮੁਨਾਦੀ ਵਾਲਾ। ਮੁਨਾਦੀ ਸੁਣਨਾ ਗੌਰ ਸੇ, ਫਿਰ ਬਾਤ ਕਰਨਾ ਕਿਸੀ ਔਰ ਸੇ ... ਮਿਉਂਸਪਲ ਕਮੇਟੀ ਵੱਲੋਂ ਹਰ ਖਾਸ ਅਤੇ ਆਮ ਨੂੰ ਇਤਲਾਹ ਦਿੱਤੀ ਜਾਂਦੀ ਹੈ ਕਿ ਕੱਲ੍ਹ ਤੋਂ ਛੋਟੇ ਬੱਚਿਆਂ ਦੇ ਚੇਚਕ ਦੀ ਰੋਕ ਥਾਮ ਲਈ ਟੀਕੇ (ਲੋਦੇ) ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ, ਇਸ ਲਈ ਜਦੋਂ ਵੀ ਕਮੇਟੀ ਦੇ ਮੁਲਾਜ਼ਮ ਤੁਹਾਡੇ ਇਲਾਕੇ ਵਿੱਚ ਆਉਣ ਤਾਂ ਆਪਣੇ ਬੱਚਿਆਂ ਨੂੰ ਇਹ ਟੀਕੇ ਜ਼ਰੂਰ ਲਵਾ ਲੈਣਾ।” ਇੰਨਾ ਕਹਿ ਕੇ ਉਹ ਅੱਗੇ ਤੁਰ ਪੈਂਦਾ।
ਹੁਣ ਮੈਂ ਗੱਲ ਦੱਸਣ ਲੱਗਿਆਂ ਤੁਹਾਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਬਣਨ ਤੋਂ ਬਾਅਦ ਦੀ। 70 ਵਿਆਂ ਤੋਂ ਬਾਅਦ ਮੁਨਾਦੀ ਦੇ ਹੋਰ ਬਥੇਰੇ ਤਰੀਕੇ ਪ੍ਰਚਲਤ ਹੋ ਚੁੱਕੇ ਸਨ। ਇੱਕ ਨੱਥਾ ਢੋਲੀ ਸੀ ਜਿਹੜਾ ਢੋਲ ਦੇ ਨਾਲ ਮੁਨਾਦੀ ਕਰਦਾ ਹੁੰਦਾ ਸੀ। ਉਹਨੇ ਪਹਿਲਾਂ ਢੋਲ ਵਜਾਉਂਦੇ ਹੋਏ ਆਉਣਾ ਤਾਂ ਸਾਰੇ ਬਜ਼ਾਰ ਵਿੱਚ ਲੋਕਾਂ ਦਾ ਧਿਆਨ ਉੱਧਰ ਹੋ ਜਾਣਾ, ਬਈ ਅੱਜ ਨੱਥਾ ਢੋਲੀ ਕੋਈ ਨਵੀਂ ਅਨਾਉਂਸਮੈਂਟ ਲੈ ਕੇ ਆਇਆ ਹੈ। ਹਰ ਚੌਂਕ ਜਾਂ ਮੋੜ ’ਤੇ ਉਹਨੇ ਟੁੱਟੇ ਫੁੱਟੇ ਲਫਜ਼ਾਂ ਵਿੱਚ ਪੰਜਾਬੀ ਵਿੱਚ ਮੁਨਾਦੀ ਦੇਣਾ। ਉਸ ਤੋਂ ਬਾਅਦ ਨੱਥੂ ਰਾਮ ਬਹਾਵਲਪੁਰੀਆ ਸਪੀਕਰ ਵਾਲਾ ਆ ਗਿਆ ਜੋ ਹੌਲੀ ਹੌਲੀ ਤੁਰ ਰਹੇ ਰਿਕਸ਼ੇ ਉੱਤੇ ਆਪਣੀ ਚਾਬੀ ਦੇਕੇ ਚੱਲਣ ਵਾਲੀ ਗਰਾਮੋਫੋਨ/ਲਾਊਡ ਸਪੀਕਰ ਲੈ ਕੇ ਉਹਦੇ ’ਤੇ ਰਿਕਾਰਡ ਲਾਉਂਦਾ ਤੁਰਦਾ ਜਾਂਦਾ। ਬਜ਼ਾਰ ਵਿੱਚ ਜਾਂ ਇਲਾਕੇ ਵਿੱਚ ਜਿੱਥੇ ਕਿਤੇ ਚੌਂਕ ਆਉਂਦਾ ਤਾਂ ਕਈ ਪਾਸੇ ਆਵਾਜ਼ ਜਾਂਦੀ। ਉੱਥੇ ਉਹਨੇ ਰੁਕ ਜਾਣਾ ਅਤੇ ਰੁਕ ਕੇ ਫਿਰ ਸਰਕਾਰੀ ਜਾਂ ਕਾਰੋਬਾਰੀ ਮੁਨਾਦੀ ਕਰਨੀ। ਸਮੇਂ ਨੇ ਪਲਟਾ ਖਾਧਾ। ਹਾਲਾਤ ਬਦਲ ਗਏ। ਹੁਣ ਇਹ ਲੋੜ ਹ ਆਲੂ ਪਿਆਜ਼ ਜਾਂ ਸਬਜ਼ੀ, ਫਲ ਵੇਚਣ ਵਾਲੇ ਅਤੇ ਸੁੱਕੇ ਮੇਵੇ ਤੋਂ ਇਲਾਵਾ ਗਲੀਆਂ ਦੇ ਵਿੱਚ ਘੁੰਮ ਫਿਰ ਕੇ ਸਮਾਨ ਵੇਚਣ ਵਾਲਿਆਂ ਵਾਸਤੇ, ਜਿਹੜੇ ਪਹਿਲਾਂ ਉੱਚੀ ਉੱਚੀ ਆਵਾਜ਼ਾਂ ਲਾਉਂਦੇ ਥੱਕ ਜਾਂਦੇ ਸਨ, ਹੁਣ ਰਿਕਾਰਡਡ ਛੋਟੇ ਸਪੀਕਰ ਸੈੱਟ ਦੀ ਵਰਤੋਂ ਉਹਨਾਂ ਦੀ ਲੋੜ ਬਣ ਗਈ ਹੈ। ਮੁਨਾਦੀ ਵਾਲਾ ਪੈਦਲ ਤੁਰ ਕੇ ਜਾਂਦਾ ਸੀ, ਹੁਣ ਇਹ ਆਪਣੇ ਵਹੀਕਲ ਉੱਤੇ ਸਪੀਕਰ ਲਾ ਰੱਖਦੇ ਨੇ, ਜਿਸ ਤੋਂ ਕੁਝ ਕੁ ਫੀਸਦੀ ਲੋਕਾਂ ਤਕ ਉਹਨਾਂ ਦਾ ਹੋਕਾ ਪੁੱਜਦਾ ਹੈ।
ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀ, ਉਸਦਾ ਸੰਬੰਧ ਮਹਿਕਮਾ ਸਿਹਤ ਦੇ ਨਾਲ ਸੀ। ਮੇਰੇ ਸ਼ਹਿਰ ਵਿੱਚ ਇੱਕ ਬਹੁਤ ਜ਼ਰੂਰੀ ਅਨਾਉਂਸਮੈਂਟ ਹੋਈ। ਮੁਨਾਦੀ ਕਰਨ ਵਾਲਾ ਸਕੂਟਰ/ਆਟੋ ’ਤੇ, ਸਪੀਡ ਜਿਸਦੀ ਆਪਾਂ ਜਾਣਦੇ ਹਾਂ 15 ਤੋਂ 20 ਕਿਲੋਮੀਟਰ ਹੁੰਦੀ ਹੈ, ਉਹ ਕਰਦਾ ਜਾਂਦਾ ਸੀ। ਮੇਰਾ ਧਿਆਨ ਗਿਆ ਉੱਧਰ। ਮੈਂ ਸੋਚਿਆ, ਕੋਈ ਖਾਸ ਮੁਨਾਦੀ ਨਾ ਹੋਵੇ ਕਿਉਂਕਿ ਅੱਜ ਬੰਦੇ ਦਾ ਧਿਆਨ ਹਰ ਵੇਲੇ ਕਈ ਪਾਸੇ ਹੁੰਦਾ ਹੈ ਜਿਸਦੇ ਲਈ ਇਹ ਢੰਗ ਕਾਰਗਰ ਨਹੀਂ। ਪਰ ਮੁਨਾਦੀ ਪੂਰੀ ਹੋਣ ਤਕ ਉਹ ਬਹੁਤ ਦੂਰ ਜਾ ਚੁੱਕਾ ਸੀ ਅਤੇ ਮੇਰੇ ਤਾਂ ਕੀ ਹੋਰਾਂ ਦੇ ਵੀ ਕੁਝ ਪੱਲੇ ਨਾ ਪਿਆ। ਇਹ ਮਹਿਸੂਸ ਕਰਦਿਆਂ ਮੈਂ ਸੋਚਿਆ, ਇਹ ਤਰੁੱਟੀ ਐਡਮਿਨਿਸਟਰੇਸ਼ਨ ਤਕ ਤਾਂ ਪਹੁੰਚਾਈਏ। ਉਹ ਗੱਲ ਮੈਂ ਅਖਬਾਰ ਨੂੰ ਭੇਜੀ ਬਈ ਸਿਹਤ ਮਹਿਕਮੇ ਦੀ ਮੁਨਾਦੀ ਸੁਣਨ ਵਾਸਤੇ ਹੁਣ ਮੁਨਾਦੀ ਕਰਨ ਵਾਲੇ ਦੇ ਨਾਲੋ ਨਾਲ ਸਕੂਟਰ ਲੈ ਕੇ ਚੱਲਣਾ ਪਵੇਗਾ ਜਾਂ ਫਿਰ ਸਾਈਕਲ ਉੱਤੇ। ਮੈਂ ਕਿਹਾ ਕਿ ਇਹ ਮੁਨਾਦੀ ਹੈ ਕਿ ਮੱਛਰ ਮਾਰ ਦਵਾਈ ਦਾ ਛਿੜਕਾਓ? ਮੈਨੂੰ ਸਿਵਲ ਸਰਜਨ ਫਤਿਹਗੜ ਸਾਹਿਬ ਡਾ. ਸੁਖਦੇਵ ਸਿੰਘ ਮਾਹਲ ਦਾ ਫੋਨ ਆਇਆ, ਜੋ ਬੜੇ ਖੁਸ਼ ਮਿਜ਼ਾਜ ਹਨ। ਉਹ ਕਹਿਣ ਲੱਗੇ ਬਈ ਬੇਸ਼ਕ ਮਨੋਰੰਜਕ ਢੰਗ ਦੇ ਨਾਲ ਖਬਰ ਲੱਗੀ ਹੈ ਲੇਕਿਨ ਸਾਨੂੰ ਪਤਾ ਲੱਗ ਗਿਆ ਕਿ ਅਸੀਂ ਜੋ ਕਰ ਰਹੇ ਆਂ ਉਹ ਠੀਕ ਨਹੀਂ ਹੈ ਤੇ ਲੋਕਾਂ ਤਕ ਸਾਡਾ ਸੁਨੇਹਾ ਪੂਰੀ ਤਰ੍ਹਾਂ ਨਹੀਂ ਪਹੁੰਚ ਰਿਹਾ ਕਿਉਂਕਿ ਦੋ ਸ਼ਬਦ ਇੱਥੇ ਬੋਲ ਦਿੱਤੇ, ਦੋ ਅੱਗੇ। ਤੁਹਾਡਾ ਸੁਝਾਓ ਬਹੁਤ ਵਧੀਆ ਹੈ ਸਾਡੇ ਵਾਸਤੇ। ਹੁਣ ਅੱਗੋਂ ਵਾਸਤੇ ਅਸੀਂ ਆਖਾਂਗੇ ਕਿ ਚੌਕ ਵਿੱਚ ਰੁਕਕੇ ਉੱਥੇ ਕੀਤੀ ਜਾਵੇ ਤਾਂ ਕਿ ਹਰ ਕੋਈ ਇਸ ਅਨਾਉਂਸਮੈਂਟ ਦਾ ਫਾਇਦਾ ਉਠਾ ਸਕੇ।
ਹੁਣ ਮੈਂ ਦੇਖਦਾ ਹਾਂ ਰੁਜ਼ਗਾਰ ਵਾਸਤੇ ਨੌਜਵਾਨ ਪੜ੍ਹਾਈ ਕਰਨ ਮਗਰੋਂ ਵੱਖ ਵੱਖ ਕਾਰੋਬਾਰਾਂ ਵਿੱਚ ਲੱਗ ਗਏ ਹਨ, ਜੋ ਇੱਕ ਸਿਹਤਮੰਦ ਰਵਾਇਤ ਹੈ। ਉਹਨਾਂ ਵਿੱਚ ਆਪਣੇ ਵਹੀਕਲ ਦੇ ਉੱਤੇ ਸਬਜ਼ੀ, ਫਰੂਟ ਡਰਾਈ ਫਰੂਟ ਅਤੇ ਹੋਰ ਕਿੰਨਾ ਨਿਕਸੁਕ ਜੋ ਸਾਡੇ ਰੋਜ਼ਾਨਾ ਘਰਾਂ ਵਿੱਚ ਇਸਤੇਮਾਲ ਕੀਤਾ ਜਾਂਦਾ ਹੈ, ਚਾਹੇ ਉਹ ਪਲਾਸਟਿਕ ਦੀਆਂ ਕੁਰਸੀਆਂ ਹੋਣ ਜਾਂ ਕੁਛ ਹੋਰ ਹੋਵੇ, ਉਹਨਾਂ ਦਾ ਅਨਾਉਂਸਮੈਂਟ ਕਰਨ ਦਾ ਤਰੀਕਾ ਵੀ ਇਹੀ ਹੈ ਜਿਸਦੇ ਨਾਲ ਹਰ ਕੋਈ ਦੂਜੇ ਨੂੰ ਪੁੱਛਦਾ ਰਹਿ ਜਾਂਦਾ ਹੈ ਕਿ ਇਹ ਵੇਚਦਾ ਕੀ ਹੈ? ਇਹ ਕਿਉਂਕਿ ਘਰਾਂ ਦੇ ਦਰਵਾਜ਼ੇ ਵਿੱਚ ਤਾਂ ਖੜ੍ਹੇ ਨਹੀਂ ਹੁੰਦੇ ਅਤੇ ਘਰਾਂ ਵਾਲੇ ਵੀ ਕੰਮਕਾਰ ਕਰ ਰਹੇ ਹੁੰਦੇ ਹਨ, ਘਰ ਦੇ ਮੈਂਬਰ ਜਦੋਂ ਨੂੰ ਆਪਣੇ ਮਕਾਨ ਦੇ ਬਾਹਰ ਆਉਂਦੇ ਹਨ, ਇਹ ਦੂਰ ਲੰਘ ਗਏ ਹੁੰਦਾ ਹਨ। ਇਹਦੇ ਨਾਲ ਫਾਇਦਾ ਕਿਸੇ ਦਾ ਵੀ ਨਹੀਂ ਹੁੰਦਾ। ਮੈਂ ਇੱਥੇ ਇਹ ਕਹਿਣਾ ਚਾਹਾਂਗਾ ਕਿ ਸਮਾਨ ਵੇਚਣ ਵਾਲਿਆਂ ਨੂੰ ਵੀ ਪੁਰਾਣਾ ਤਰੀਕਾ ਵਰਤਣਾ ਚਾਹੀਦਾ ਹੈ। ਉਹ ਮੇਰੀ ਮੁਨਾਦੀ ਦੇ ਢੰਗ ਵਾਲੀ ਸਲਾਹ ’ਤੇ ਅਮਲ ਕਰਕੇ ਦੇਖਣ, ਰੁਕਣ ਭਾਵੇਂ ਦੋ-ਚਾਰ ਮਿੰਟ ਹੀ। ਚਲਦੇ ਵਾਹਨ ਤੋਂ ਬੋਲਦਿਆਂ ਕਿਸੇ ਦੇ ਕੁਝ ਪੱਲੇ ਨਹੀਂ ਪੈਂਦਾ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































