“ਕਹਾਣੀਕਾਰ ਨਿਰੰਜਣ ਬੋਹਾ ਇੱਕ ਵਾਰ ਫਿਰ ਸਮਰੱਥ ਕਹਾਣੀਕਾਰ ਦੇ ਤੌਰ ’ਤੇ ਆਪਣੀ ਵੱਖਰੀ ਪਛਾਣ ...”
(24 ਸਤੰਬਰ 2025)
ਇਸ ਦੁਨੀਆਂ ਦੇ ਸਿਰਜਕ ਨੇ ਇਨਸਾਨਾਂ ਵਿੱਚ ਹੀ ਨਹੀਂ ਪਸ਼ੂ-ਪੰਛੀਆਂ ਵਿੱਚ ਵੀ ਨਰ ਅਤੇ ਮਾਦਾ ਦੇ ਅਨੁਪਾਤ ਦਾ ਸੰਤੁਲਨ ਹੀ ਰੱਖਿਆ ਹੈ, ਤਾਂ ਜੋ ਸਭ ਨੂੰ ਆਪਣਾ-ਆਪਣਾ ਸਾਥ ਮਿਲ ਸਕੇ। ਕਈ ਵਾਰ ਰੁੱਖਾਂ ਵਿੱਚ ਵੀ ਇਸ ਪੱਖੋਂ ਵਖਰੇਵਾਂ ਹੁੰਦਾ ਹੈ। ਨਰ ਅਤੇ ਮਾਦਾ ਦੇ ਕੁਝ ਬੁਨਿਆਦੀ ਪੱਖਾਂ ਦੀ ਬਰਾਬਰੀ ਦੇ ਬਾਵਜੂਦ ਵੀ ਇਨ੍ਹਾਂ ਦੋਹਾਂ ਦੇ ਕੁਝ ਆਪਣੇ-ਆਪਣੇ ਖਾਸੇ ਵੀ ਹੁੰਦੇ ਹਨ। ਇਸ ਸਮੇਂ ਮੈਂ ਇੱਕ ਸਾਹਿਤਕ ਪੁਸਤਕ ਦੀ ਪੜਚੋਲ ਕਰ ਰਿਹਾ ਹਾਂ, ਇਸ ਲਈ ਮੇਰਾ ਸੰਬੰਧ ਔਰਤਾਂ ਦੀਆਂ ਅੰਤਰ-ਮੁਖੀ ਭਾਵਨਾਵਾਂ ਨਾਲ ਹੈ। ਸਾਡੇ ਦੇਸ ਵਿੱਚ ਕਿਉਂ ਜੋ ਕੁੜੀਆਂ ਨੂੰ ਮੁੱਢ ਤੋਂ ਹੀ ਇੱਕ ਨਿਸ਼ਚਿਤ ਮਰਯਾਦਾ ਵਿੱਚ ਰਹਿਣ ਦੀ ਸਿੱਖਿਆ ਦਿੱਤੀ ਜਾਂਦੀ ਹੈ, ਇਸ ਲਈ ਉਹ ਬਚਪਨ ਤੋਂ ਆਪਣੇ ਦਿਲ ਦੇ ਅਹਿਸਾਸਾਂ ਨੂੰ ਜ਼ਬਾਨ ਤੋਂ ਲਿਆਉਣ ਲਈ ਝਿਜਕਦੀਆਂ ਹਨ। ਆਪਣੀਆਂ ਹਮ-ਉਮਰ ਸਹੇਲੀਆਂ ਨਾਲ, ਵੱਡੀਆਂ ਭੈਣਾਂ ਜਾਂ ਨਜ਼ਦੀਕੀ ਰਿਸ਼ਤੇਦਾਰੀ ਵਿਚਲੀਆਂ ਕੁੜੀਆਂ ਨਾਲ ਦਿਲ ਦੇ ਵਲਵਲੇ ਭਾਵੇਂ ਸਾਂਝੇ ਕਰ ਲੈਣ, ਪਰ ਕਿਸੇ ਮਰਦ ਸਾਹਵੇਂ ਮੂੰਹ ਨਹੀਂ ਖੋਲਦੀਆਂ। ਇੱਥੋਂ ਤਕ ਕਿ ਵਿਆਹ ਤੋਂ ਬਾਅਦ ਆਪਣੇ ਪਤੀ ਨਾਲ ਵੀ ਨਹੀਂ। ਇੱਕ ਉਮਰ ਵਿੱਚ ਆ ਕੇ ਉਹ ਆਪਣੀਆਂ ਮਾਵਾਂ ਨਾਲ ਕੁਝ ਗੱਲਾਂ ਸਾਂਝੀਆਂ ਕਰ ਲੈਂਦੀਆਂ ਹਨ। ਅੱਜ ਕੱਲ੍ਹ ਇਸ ਪੱਖੋਂ ਭਾਵੇਂ ਕੁਝ ਬਦਲਾਵ ਆ ਰਿਹਾ ਹੈ, ਪਰ ਇੱਕ ਸੀਮਿਤ ਹੱਦ ਤਕ।
ਸਾਹਿਤਕ ਖੇਤਰ ਵਿੱਚ ਇਹ ਆਮ ਹੀ ਕਿਹਾ ਜਾਂਦਾ ਹੈ ਕਿ ਇਸਤਰੀ ਪਾਤਰਾਂ ਦੀ ਅਵਾਜ਼ ਇਸਤਰੀ ਲੇਖਿਕਾਵਾਂ ਹੀ ਬਣਦੀਆਂ ਹਨ। ਇਸਦਾ ਸਭ ਤੋਂ ਵੱਡਾ ਕਾਰਨ ਤਾਂ ਇਹੋ ਹੋ ਸਕਦਾ ਹੈ ਕਿ ਲੇਖਿਕਾਵਾਂ ਆਪ ਅਜਿਹੀਆਂ ਅਵਸਥਾਵਾਂ ਨਾਲ ਦੋ-ਚਾਰ ਹੋ ਚੁੱਕੀਆਂ ਹੁੰਦੀਆਂ ਹਨ, ਪਰ ਕਈ ਮਰਦ ਲੇਖਕ ਵੀ ਆਪਣੀਆਂ ਸਾਹਿਤਕ ਕਿਰਤਾਂ ਵਿੱਚ ਮਰਦ ਅਤੇ ਔਰਤ, ਦੋਹਾਂ ਦੇ ਅੰਦਰੂਨੀ ਵਿਚਾਰਾਂ ਦੀ ਤਰਜਮਾਨੀ ਕਰਨ ਦੇ ਯੋਗ ਹੁੰਦੇ ਹਨ। ਕੁਝ ਲੇਖਕ ਪਾਤਰਾਂ ਦੇ ਮਨੋਵਿਗਿਆਨ ਨੂੰ ਸਮਝਣ ਵਿੱਚ ਪਰਵੀਨ ਹੁੰਦੇ ਹਨ।
ਪ੍ਰਸਤੂਤ ਪੁਸਤਕ ‘ਇਹ ਤਾਂ ਮੈਂ ਹੀ ਹਾਂ’ ’ਤੇ ਚਰਚਾ ਕਰਨ ਤੋਂ ਪਹਿਲਾਂ ਮੈਂ ਇੱਕ ਸਫ਼ਲ ਕਹਾਣੀ ਸੰਬੰਧੀ ਕੁਝ ਕਹਿਣਾ ਚਾਹੁੰਦਾ ਹਾਂ। ਕਹਾਣੀ ਜਾਂ ਕਹਾਣੀਆਂ ਦੀ ਪਰਖ ਸਮੇਂ ਕਹਾਣੀਕਲਾ ਦੇ ਕੁਝ ਸਮਾਂ ਵਿਹਾ ਚੁੱਕੇ ਤਕਨੀਕੀ ਨੁਕਤਿਆਂ ਨੂੰ ਮੈਂ ਬਹੁਤਾ ਨਹੀਂ ਗੌਲਦਾ। ਮੇਰੇ ਲਈ ਉਹੀ ਕਹਾਣੀ ਸਫਲ ਹੈ, ਜੋ ਆਮ ਲੋਕਾਂ ਦੀਆਂ ਜੀਵਨ ਝਲਕਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਹੀ ਪੇਸ਼ ਕਰੇ। ਕਹਾਣੀ ਪੜ੍ਹਨ ਉਪਰੰਤ ਪਾਠਕ ਨੂੰ ਇਹ ਲੱਗੇ ਕਿ ਲੇਖਕ ਨੇ ਉਸਦੀ ਜ਼ਿੰਦਗੀ ਦੇ ਕਿਸੇ ਪਹਿਲੂ ਨੂੰ ਆਪਣੇ ਸ਼ਬਦਾਂ ਵਿੱਚ ਪੇਸ਼ ਕਰ ਦਿੱਤਾ ਹੈ ਜਾਂ ਅਜਿਹੀਆਂ ਘਟਨਾਵਾਂ ਤਾਂ ਉਸਦੇ ਆਲੇ-ਦੁਆਲੇ ਵਾਪਰਦੀਆਂ ਰਹਿੰਦੀਆਂ ਹਨ ਜਾਂ ਵਾਪਰ ਸਕਦੀਆਂ ਹਨ। ਕਹਾਣੀ ਪੜ੍ਹਨ ਤੋਂ ਬਾਅਦ ਪਾਠਕ ਦੇ ਜ਼ਹਿਨ ਵਿੱਚ ਕਹਾਣੀ ਲੰਬਾ ਸਮਾਂ ਖੌਰੂ ਪਾਉਂਦੀ ਰਹੇ ਅਤੇ ਪਾਠਕ ਵੀ ਸੋਚਣ ’ਤੇ ਮਜਬੂਰ ਹੋ ਜਾਵੇ ਕਿ ਜੇ ਉਹ ਆਪ ਵੀ ਕਹਾਣੀ ਵਾਲੇ ਪਾਤਰ ਦੀ ਅਵਸਥਾ ਵਿੱਚ ਹੁੰਦਾ ਤਾਂ ਉਸਦਾ ਰਵਈਆ ਵੀ ਕਹਾਣੀ ਦੇ ਪਾਤਰ ਵਰਗਾ ਹੀ ਹੁੰਦਾ। ਕਹਾਣੀਕਾਰ ਆਪਣੀ ਕਹਾਣੀ ਦੇ ਪਾਤਰਾਂ ਦੇ ਮੂੰਹ ਵਿੱਚ ਆਪਣੇ ਸ਼ਬਦ ਨਾ ਪਾਏ ਬਲਕਿ ਪਾਤਰ ਦੀ ਮਨੋਦਸ਼ਾ ਅਨੁਸਾਰ ਉਸ ਨੂੰ ਬੋਲਣ ਦੇਵੇ ਜਾਂ ਮਨ ਬਚਨੀ (ਆਪਣੇ ਆਪ ਨਾਲ ਗੱਲਾਂ ਕਰਨੀਆਂ) ਕਰਨ ਦੇਵੇ।
ਨਿਰੰਜਣ ਬੋਹਾ ਦਾ ਨਵਾਂ ਕਹਾਣੀ ਸੰਗ੍ਰਹਿ ‘ਇਹ ਤਾਂ ਮੈਂ ਹੀ ਹਾਂ’ ਨਾ ਕੇਵਲ ਇੱਕ ਕਹਾਣੀ ਸੰਗ੍ਰਹਿ ਦੀ ਇੱਕ ਕਹਾਣੀ ਦਾ ਸਿਰਲੇਖ ਹੀ ਨਹੀਂ, ਸਗੋਂ ਮੇਰੇ ਉਪਰੋਕਤ ਕਥਨ ਦੀ ਪ੍ਰੋੜ੍ਹਤਾ ਕਰਨ ਵਾਲਾ ਵੀ ਹੈ। ਪ੍ਰਸਤੁਤ ਪੁਸਤਕ ਦੀਆਂ ਕਹਾਣੀਆਂ ਨੂੰ ਪੜਚੋਲਵੀਂ ਨਜ਼ਰ ਤੋਂ ਨਿਹਾਰਨ ਤੋਂ ਪਹਿਲਾਂ ਮੈਂ ਦੋ ਕੁ ਗੱਲਾਂ ਲੇਖਕ ਸੰਬੰਧੀ ਕਰਨੀਆਂ ਚਾਹੁੰਦਾ ਹਾਂ। ਨਿਰੰਜਣ ਬੋਹਾ ਨੇ ਕਦੇ ਇਹ ਸੋਚ ਕੇ ਕਹਾਣੀ ਨਹੀਂ ਲਿਖੀ ਕਿ ਉਸਨੇ ਬਹੁਤ ਦੇਰ ਤੋਂ ਕਹਾਣੀ ਨਹੀਂ ਲਿਖੀ, ਇਸ ਲਈ ਹੁਣ ਨਵੀਂ ਕਹਾਣੀ ਲਿਖਣੀ ਚਾਹੀਦੀ ਹੈ। ਉਹ ਸਮਾਜ ਦੇ ਦਿਸਦੇ ਪਸਾਰੇ ਨੂੰ ਨੀਝ ਨਾਲ ਦੇਖਦਾ ਰਹਿੰਦਾ ਹੈ। ਕਈ ਵਰਤਾਰੇ ਉਸਦੇ ਦਿਮਾਗ ਵਿੱਚ ਕਹਾਣੀਆਂ ਦੀ ਰੂਪ-ਰੇਖਾ ਨੂੰ ਸਮੁੰਦਰੀ ਜਵਾਰਭਾਟੇ ਦੀ ਤਰ੍ਹਾਂ ਉੱਪਰ-ਹੇਠ ਕਰਦੇ ਰਹਿੰਦੇ ਹਨ। ਕਹਾਣੀਆਂ ਦੇ ਪਾਤਰਾਂ ਦੇ ਕਈ ਰੂਪ ਉਸ ਨਾਲ ਲੁਕਣਮੀਟੀ ਦੀ ਖੇਡ ਖੇਡਦੇ ਰਹਿੰਦੇ ਹਨ ਅਤੇ ਸਮਾਂ ਪਾ ਕੇ ਜਦੋਂ ਕਹਾਣੀ ਦੇ ਕਈ ਰੂਪ ਉਸਦੇ ਸਾਹਮਣੇ ਇੱਕ ਤਸਵੀਰ ਜਿਹੀ ਉਲੀਕਦੇ ਹਨ ਤਾਂ ਉਹ ਸਭ ਤੋਂ ਉੱਘੜਵੀਂ ਤਸਵੀਰ ਵਿੱਚ ਸ਼ਬਦਾਂ ਨਾਲ ਰੰਗ ਭਰਨੇ ਸ਼ੁਰੂ ਕਰ ਦਿੰਦਾ ਹੈ। ਇਹ ਰੰਗ ਭਰਦਾ ਵੀ ਉਹ ਕਦੇ ਕਾਹਲੀ ਨਹੀਂ ਕਰਦਾ ਅਤੇ ਬਾਰ-ਬਾਰ ਕੈਨਵਸ ਬਦਲ ਕੇ ਰੰਗਾਂ ਦੀ ਲਿਪਾ-ਪੋਚੀ ਕਰਦਾ ਰਹਿੰਦਾ ਹੈ। ਨਿਰਸੰਦੇਹ ਅਜਿਹੇ ਸ਼ਬਦੀ ਮੰਥਨ ਉਪਰੰਤ ਅੰਮ੍ਰਿਤ ਰੂਪੀ ਘੜਾ (ਪੂਰੀ ਕਹਾਣੀ) ਭਰਦਾ ਹੈ ਤਾਂ ਲੇਖਕ ਦੇ ਨਾਲ-ਨਾਲ ਪਾਠਕ ਵੀ ਉਹ ਕਹਾਣੀ ਪੜ੍ਹ ਕੇ ਸਰਸ਼ਾਰ ਹੋ ਜਾਂਦਾ ਹੈ। ਆਪਣੇ ਪਾਤਰਾਂ ਨੂੰ ਘੜਦੇ ਹੋਏ ਉਸਦੇ ‘ਫ਼ੋਟੋਗਰਾਫ਼ਰ’ ਹੋਣ ਦਾ ਪੇਸ਼ਾ ਬਹੁਤ ਕੰਮ ਆਉਂਦਾ ਹੈ। ਜਦੋਂ ਕੋਈ ਉਸ ਕੋਲ ਫ਼ੋਟੋ ਖਿਚਵਾਉਣ ਆਉਂਦਾ ਜਾਂ ਕਿਸੇ ਵਿਆਹ-ਸ਼ਾਦੀ ’ਤੇ ਉਹ ਆਪਣੇ ਕੈਮਰੇ ਵਿੱਚ ਰੰਗ-ਬਰੰਗੇ ਚਿਹਰਿਆਂ ਨੂੰ ਕੈਦ ਕਰਦਾ ਤਾਂ ਉਹ ਆਪਣੇ ਤੀਜੇ ਨੇਤਰ ਰਾਹੀਂ ਫ਼ੋਟੋ ਖਿਚਵਾਉਣ ਵਾਲਿਆਂ ਦੇ ਦਿਲੋ-ਦਿਮਾਗ ਵਿੱਚ ਚੱਲ ਰਹੇ ਚੰਗੇ-ਮਾੜੇ ਵਿਚਾਰਾਂ, ਅਸਲੀ ਜਾਂ ਨਕਲੀ ਮੁਸਕਰਾਹਟ ਨੂੰ ਵੀ ਪੜ੍ਹ ਲੈਂਦਾ। ਆਪਣੀ ਇਸੇ ਖੂਬੀ ਨੂੰ ਉਹ ਕਹਾਣੀਆਂ ਦੇ ਸਿਰਜਕ ਪਲਾਂ ਵਿੱਚ ਵੀ ਵਰਤਦਾ ਹੈ। ਇਸੇ ਲਈ ਉਹ ਆਪਣੇ ਪਾਤਰਾਂ ਦੀ ਅੰਦਰੂਨੀ ਕਸ਼-ਮ-ਕਸ਼ ਨੂੰ ਸ਼ਬਦਾਂ ਦੇ ਕੈਮਰੇ ਰਾਹੀਂ ਰੂਪਮਾਨ ਕਰਦਾ ਹੈ। ਉਹ ਫ਼ੋਟੋਗਰਾਫ਼ੀ ਕਰਦਾ ਕੈਮਰੇ ਨੂੰ ਹੀ ਹਰਕਤ ਵਿੱਚ ਨਹੀਂ ਸੀ ਰੱਖਦਾ ਸਗੋਂ ਲੋਕਾਂ ਦੇ ਮੂੰਹੋਂ ਨਿਕਲਦੇ ਸ਼ਬਦਾਂ ਨੂੰ ਵੀ ਆਪਣੇ ਕੰਨਾਂ ਵਿੱਚ ਵਸਾ ਲੈਂਦਾ। ਜ਼ਿੰਦਗੀ ਦੇ ਇਸ ਪੜਾਅ ’ਤੇ ਪਹੁੰਚ ਕੇ ਉਸ ਕੋਲ ਸਮੇਂ ਅਤੇ ਸਥਾਨ ਅਨੁਸਾਰ ਢੁਕਵੀਂ ਸ਼ਬਦਾਵਲੀ ਦਾ ਅਜਿਹਾ ਅਮੁੱਕ ਖ਼ਜ਼ਨਾ ਇਕੱਠਾ ਹੋ ਚੁੱਕਿਆ ਹੈ ਕਿ ਉਸਦੇ ਪਾਤਰ ਹਾਲਾਤ ਦੀ ਤਰਜ਼ਮਾਨੀ ਕਰਦੇ ਪ੍ਰਤੀਤ ਹੁੰਦੇ ਹਨ। ਇਹੋ ਕਾਰਨ ਹੈ ਕਿ ਉਸਦੀਆਂ ਕਹਾਣੀਆਂ ਪਾਠਕਾਂ ਨੂੰ ਆਪਣੀਆਂ ਕਹਾਣੀਆਂ ਹੀ ਪ੍ਰਤੀਤ ਹੁੰਦੀਆਂ ਹਨ ਅਤੇ ਆਲੋਚਕਾਂ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ।
ਹੁਣ ਕੁਝ ਗੱਲਾਂ ਉਸਦੇ ਪ੍ਰਸਤੁਤ ਕਹਾਣੀ ਸੰਗ੍ਰਹਿ ਸੰਬੰਧੀ। ਪੰਨਾ 9 ਤੋਂ ਪੰਨਾ 106 ਤਕ, ਕੁੱਲ ਸੱਤ ਕਹਾਣੀਆਂ ਹਨ। ਹਰ ਕਹਾਣੀ ਦਾ ਵੱਖਰਾ ਰੰਗ ਹੈ, ਅਨੂਠਾ ਪ੍ਰਭਾਵ ਹੈ। ਜੇ ਉਸਦੀਆਂ ਪਹਿਲੀਆਂ ਲਿਖੀਆਂ ਕਹਾਣੀਆਂ ਨੂੰ ਵੀ ਅਵਚੇਤਨ ਮਨ ਵਿੱਚੋਂ ਕੱਢ ਕੇ ਨਵੀਂਆਂ ਕਹਾਣੀਆਂ ਨਾਲ ਤੁਲਨਾ ਕਰੀਏ ਤਾਂ ਕਿਸੇ ਵੀ ਦੋ ਕਹਾਣੀਆਂ ਵਿੱਚ ਸਮਾਨਤਾ ਨਹੀਂ ਮਿਲਦੀ। ਨਾ ਹੀ ਵਿਸ਼ੇ ਪੱਖੋਂ, ਪਾਤਰਾਂ ਪੱਖੋਂ ਜਾਂ ਸਮੁੱਚੇ ਪ੍ਰਭਾਵ ਪੱਖੋਂ। ਹਰ ਕਹਾਣੀ ਹੀ ਵੱਖਰੇ ਅੰਦਾਜ਼ ਦੀ ਹੈ।
ਇਸ ਪੁਸਤਕ ਦੀ ਪਹਿਲੀ ਕਹਾਣੀ ਦਾ ਵਿਸ਼ਾ ਕੋਈ ਬਹੁਤਾ ਵਿਲੱਖਣ ਨਹੀਂ, ਪਰ ਕਹਾਣੀ ਦਾ ਅੰਤ ਬਹੁਤ ਹੀ ਭਾਵਪੂਰਤ ਹੈ. ਪੁਰਾਣੇ ਸਮੇਂ ਤੋਂ ਹੀ ਪੰਜਾਬ ਦੇ ਪਿੰਡਾਂ ਵਿੱਚ ਵੱਟ ਦਾ ਰੌਲਾ, ਸਾਂਝੀ ਕੰਧ ਪਿੱਛੇ ਲੜਾਈ-ਝਗੜਾ ਜਾਂ ਕਿਸੇ ਹੋਰ ਕਾਰਨ ਆਪਸੀ ਦੁਸ਼ਮਣੀਆਂ ਦਾ ਸਿਲਸਲਾ ਚਲਦਾ ਹੀ ਰਹਿੰਦਾ ਅਤੇ ਇਨ੍ਹਾਂ ਪਿੱਛੇ ਆਪਸੀ ਹੱਥੋਂ ਪਾਈ ਤਾਂ ਛੱਡੋ, ਤਲਵਾਰਾਂ-ਗੰਡਾਸਿਆਂ ਤੋਂ ਵੀ ਗੱਲ ਵਧ ਕੇ ਖੂਨ-ਖਰਾਬੇ ਤਕ ਜਾ ਪਹੁੰਚਦੀ ਅਤੇ ਇਹ ਝਗੜੇ ਪੁਸ਼ਤ-ਦਰ-ਪੁਸ਼ਤ ਚਲਦੇ ਰਹਿੰਦੇ ਸਨ। ‘ਨਰ ਬੰਦਾ’ ਕਹਾਣੀ ਦਾ ਤਾਣਾਬਾਣਾ ਇਸੇ ਪਿਛੋਕੜ ਵਾਲਾ ਹੈ। ਸੁਖਦੇਵ ਦੇ ਪਰਿਵਾਰ ਦਾ ਨੰਬਰਦਾਰ ਦੇ ਪਰਿਵਾਰ ਨਾਲ ਵੀ ਵੱਟ ਦਾ ਝਗੜਾ ਸੀ। ਨੰਬਰਦਾਰ ਦੇ ਇੱਕ ਮੁੰਡੇ ਜੈਲੇ ਨੇ ਮੌਕਾ ਪਾ ਕੇ ਸੁਖਦੇਵ ਨੂੰ ਪਾਰ ਬੁਲਾ ਦਿੱਤਾ। ਸੁਖਦੇਵ ਦੀਆਂ ਆਖਰੀ ਰਸਮਾਂ ਤੋਂ ਬਾਅਦ ਉਸਦੀ ਪਤਨੀ ਨੂੰ ਉਸਦੀਆਂ ਨਣਦਾ ਗੱਲਾਂ-ਗੱਲਾਂ ਵਿੱਚ ਗੁਰਮੇਲ (ਸੁਖਦੇਵ ਦਾ ਛੋਟਾ ਭਰਾ) ਨਾਲ ਚਾਦਰ ਪਾਉਣ ਦੀ ਗੱਲ ਕਰਦੀਆਂ ਹਨ। ਉਹ ਕੋਈ ਹੁੰਗਾਰਾ ਨਹੀਂ ਭਰਦੀ। ਕੁਝ ਦਿਨਾਂ ਬਾਅਦ ਉਹ ਪੇਕੇ ਚਲੀ ਜਾਂਦੀ ਹੈ। ਇੱਕ ਦਿਨ ਸੁਖਦੇਵ ਦਾ ਬਾਪੂ ਅਤੇ ਉਸਦੀਆਂ ਕੁੜੀਆਂ ਸੁਖਦੇਵ ਦੀ ਪਤਨੀ ਅਤੇ ਉਸਦੇ ਬੱਚੇ ਨੂੰ ਮਿਲਣ ਜਾਂਦੇ ਹਨ ਅਤੇ ਫਿਰ ਉਹੀ ਗੱਲ ਕਰਦੇ ਹਨ ਤਾਂ ਸੁਖਦੇਵ ਦੀ ਪਤਨੀ ਸਾਫ ਕਹਿ ਦਿੰਦੀ ਹੈ ਕਿ ਗੁਰਮੇਲ ਤਾਂ ਬਾਬਿਆਂ ਦੇ ਡੇਰੇ ਜਾਣ ਜੋਗਾ ਹੀ ਹੈ। ਉਹਨਾਂ ਨੂੰ ਬੇਆਸ ਹੋ ਕੇ ਮੁੜਨਾ ਪੈਂਦਾ ਹੈ। ਪਰ ਸੱਸ ਦਾ ਫੋਨ ਆਏ ’ਤੇ ਕਿ ਉਹ ਕਦੇ ਆ ਕੇ ਉਹਨਾਂ ਦੇ ਪੋਤੇ ਬਬਲੂ ਨੂੰ ਹੀ ਮਿਲਾ ਜਾਵੇ, ਉਹ ਆਪਣੇ ਸਹੁਰੇ ਘਰ ਚਲੀ ਜਾਂਦੀ ਹੈ। ਇੱਥੋਂ ਤਕ ਦੀ ਕਹਾਣੀ ਸਧਾਰਨ ਕਹਾਣੀਆਂ ਵਰਗੀ ਹੈ। ਇਸ ਤੋਂ ਬਾਅਦ ਕਹਾਣੀ ਇੱਕ ਨਵਾਂ ਮੋੜ ਕੱਟਦੀ ਹੈ, ਜਦੋਂ ਨੰਬਰਦਾਰ ਦਾ ਮੁੰਡਾ ਜੈਲਾ, ਗੁਰਮੇਲ ਨੂੰ ਲਲਕਾਰਦਾ ਹੈ ਤਾਂ ਅੱਗੋਂ ਗੁਰਮੇਲ ਆਪਣੇ ਗੰਡਾਸੇ ਨਾਲ ਜੈਲੇ ਦੀ ਲੱਤ ਵੱਢ ਦਿੰਦਾ ਹੈ। ਗੁਰਮੇਲ ਦੀ ਗਰਿਫਤਾਰੀ ਤੋਂ ਬਅਦ ਜਦੋਂ ਉਸ ਨੂੰ ਕਚਹਿਰੀ ਵਿੱਚ ਪੇਸ਼ ਕਰਨਾ ਹੁੰਦਾ ਹੈ ਤਾਂ ਸਾਰਾ ਪਰਿਵਾਰ ਉਸ ਨੂੰ ਮਿਲਣ ਜਾਂਦਾ ਹੈ। ਗੁਰਮੇਲ ਦੀ ਵਿਧਵਾ ਭਰਜਾਈ ਉਸ ਵੱਲ ਪਹਿਲੀ ਵਾਰ ਪਿਆਰ ਨਾਲ ਤੱਕਦੀ ਹੋਈ ਆਪਣੇ ਸਹੁਰੇ ਨੂੰ ਕਹਿੰਦੀ ਹੈ, “ਬਾਪੂ, ਭਾਵੇਂ ਬਬਲੂ ਦੇ ਹਿੱਸੇ ਦੀ ਸਾਰੀ ਜ਼ਮੀਨ ਲੱਗ ਜੇ ... ਸਾਰੇ ਵਕੀਲ ਗੰਢ ਲਵੋ, ਥੋਡਾ ਛੋਟਾ ਪੁੱਤ ਬਰੀ ਹੋਣਾ ਚਾਹੀਦੈ ...।” ਪਰਿਵਾਰ ਦੇ ਸਾਰੇ ਜੀਅ ਉਸ ਵੱਲ ਹੈਰਾਨ ਹੋ ਕੇ ਦੇਖਣ ਲੱਗੇ ਅਤੇ ਉਹਨਾਂ ਤੋਂ ਕੁਝ ਦੂਰ ਹੋ ਗਏ। ਉਹ ਗੁਰਮੇਲ ਦੇ ਨੇੜੇ ਹੁੰਦੀ ਕਹਿੰਦੀ ਹੈ, “ਗੁਰਮੇਲ, ਮੈਂ ਤੇਰਾ ਇੰਤਜ਼ਾਰ ਕਰਾਂਗੀ, ਹੁਣ ਤੂੰ ਸੰਤਾਂ ਦਾ ਚੇਲਾ ਨਹੀਂ ... ਨਰ ਬੰਦਾ ਐਂ।” ਕਹਾਣੀ ਦਾ ਇਸ ਤਰ੍ਹਾਂ ਦਾ ਅੰਤ ਪਾਠਕਾਂ ਨੂੰ ਅਚੰਬਤ ਹੀ ਨਹੀਂ ਕਰਦਾ, ਹਲੂਣਾ ਵੀ ਦਿੰਦਾ ਹੈ। ਸੁਖਦੇਵ ਦੀ ਵਿਧਵਾ ਦੇ ਅਜਿਹੇ ਅਹਿਸਾਸ ਅਸਲ ਵਿੱਚ ਔਰਤ ਦੇ ਅੰਤਰੀਵ ਭਾਵਾਂ ਦੀ ਤਰਜਮਾਨੀ ਕਰਦੇ ਹਨ। ਔਰਤ ਆਪਣੇ ਪਤੀ ਦੇ ਸਰੀਰਕ ਰੂਪ, ਉਸਦੀ ਸ਼ੋਹਰਤ, ਅਮੀਰੀ ਦੇ ਨਾਲ-ਨਾਲ ਇਹ ਵੀ ਇੱਛਾ ਕਰਦੀ ਹੈ ਕਿ ਉਸਦਾ ਜੀਵਨ ਸਾਥੀ ਦੱਬੂ ਕਿਸਮ ਦਾ ਨਾ ਹੋ ਕੇ ਬਹਾਦਰ ਵੀ ਹੋਵੇ। ਪਾਤਰ ਦਾ ਅਜਿਹਾ ਚਿਤਰਣ ਕਹਾਣੀ ਨੂੰ ਇੱਕ ਨਵੀਂ ਦਿਸ਼ਾ ਪਰਦਾਨ ਕਰਦਾ ਹੈ ਅਤੇ ਕਹਾਣੀ ਦੇ ਸਿਰਲੇਖ ਨੂੰ ਵੀ ਸਾਰਥਕ ਸਿੱਧ ਕਰਦਾ ਹੈ।
‘ਨਵੀਂ ਕੰਧ’ ਕਹਾਣੀ ਵਿੱਚ ਵੀ ਲੇਖਕ ਨੇ ਪੰਜਾਬ ਦੇ ਬਹੁਤੇ ਘਰਾਂ ਵਿੱਚ ਵੰਡ-ਵੰਡਾਈ ਨੂੰ ਲੈ ਕੇ ਘਰ ਦੇ ਵਿਹੜੇ ਵਿੱਚ ਉੱਸਰਦੀਆਂ ਕੰਧਾਂ ਵਾਲੀ ਪਿਰਤ ਦੀ ਗੱਲ ਕੀਤੀ ਹੈ, ਪਰ ਇਸ ਕਹਾਣੀ ਵਿੱਚ ਵੀ ਨਿਰੰਜਣ ਬੋਹਾ ਕਹਾਣੀ ਨੂੰ ਨਵੇਕਲੇ ਢੰਗ ਨਾਲ ਸਮੇਟਦਾ ਹੈ, ਜਿਸ ਤੋਂ ਉਸਦੀ ਪਰਪੱਕ ਸੂਝ ਦਾ ਪਤਾ ਲਗਦਾ ਹੈ। ਪਿਉ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਆਪਣੇ ਨੂੰਹ-ਪੁੱਤ ਦੇ ਵਤੀਰੇ ਤੋਂ ਦੁਖੀ ਹੋਇਆ ਬੈਠਾ ਹੈ। ਇੱਕ ਵਾਰ ਤਾਂ ਮੁੰਡੇ ਨੇ ਪਿਉ ’ਤੇ ਹੱਥ ਹੀ ਚੁੱਕ ਲਿਆ ਸੀ। ਉਸ ਨੂੰ ਆਪਣੀ ਮਰ ਚੁੱਕੀ ਪਤਨੀ ਸਿਮਰ ਦੀ ਗੱਲ ਯਾਦ ਆਉਂਦੀ ਹੈ, ਜਿਸਨੇ ਉਸ ਨੂੰ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਕਿ ਅਜਿਹੇ ਨੂੰਹ-ਪੁੱਤ ਤੋਂ ਕਿਸੇ ਤਰ੍ਹਾਂ ਦੀ ਆਸ ਨਾ ਰੱਖੀ, ਆਪਣਾ ਬੁਢਾਪਾ ਅਰਾਮ ਨਾਲ ਬਿਤਾਉਣ ਲਈ ਕਿਸੇ ਲੋੜਵੰਦ ਨਾਲ ਦੁਬਾਰਾ ਘਰ ਵਸਾ ਲਈ। ਹਾਲਾਤ ਨੂੰ ਚੰਗੀ ਤਰ੍ਹਾਂ ਦੇਖਦੇ ਹੋਏ, ਉਹ ਹੋਰ ਵਿਆਹ ਕਰਵਾ ਲੈਂਦਾ ਹੈ ਅਤੇ ਰੋਜ਼ਾਨਾ ਦੇ ਕਲੇਸ਼ ਤੋਂ ਪਿੱਛਾ ਛਡਉਣ ਲਈ ਵਿਹੜੇ ਵਿੱਚ ਕੰਧ ਵੀ ਕੱਢ ਲੈਂਦਾ ਹੈ। ਇਸ ਕਹਾਣੀ ਵਿੱਚ ਵੀ ਲੇਖਕ ਨੇ ਪੁਰਾਣੀ ਕਹਾਵਤ ‘ਨੌਹਾਂ ਨਾਲੋਂ ਮਾਸ ਅੱਡ ਨਹੀਂ ਹੁੰਦਾ’ ਨੂੰ ਵੀ ਬਦਲਦੇ ਹਾਲਾਤ ਅਨੁਸਾਰ ਭੁੱਲ ਜਾਣ ਨੂੰ ਹੀ ਚੰਗਾ ਦੱਸਿਆ ਹੈ ਅਤੇ ਬਜ਼ੁਰਗਾਂ ਨੂੰ ਇਸ ਗੱਲ ਵੱਲ ਵੀ ਕੰਨ ਧਰਨ ਲਈ ਕਿਹਾ ਹੈ ਕਿ ‘ਜੇ ਕੁਝ ਜਾਇਦਾਦ ਆਪਣੇ ਨਾਂ ਰੱਖ ਲਈ ਜਾਵੇ ਤਾਂ ਬੁਢਾਪਾ ਸੌਖਾ ਲੰਘ ਜਾਂਦਾ ਹੈ।’ ਇਸ ਕਹਾਣੀ ਵਿੱਚ ਲੇਖਕ ਨੇ ਔਰਤ ਦੇ ਨਾਲ-ਨਾਲ ਮਰਦ ਦੀ ਅੰਦਰਲੀ ਲੁਕਵੀਂ ਚੀਸ ਨੂੰ ਕਹਾਣੀ ਦੇ ਮੁੱਖ ਪਾਤਰ ਰਾਹੀਂ ਇੰਜ ਕੁਹਾਇਆ ਹੈ, “ਆਪਣੇ-ਆਪਣੇ ਪੱਧਰ ’ਤੇ ਅਸੀਂ ਦੋਵੇਂ ਹੀ ਲੋੜਵੰਦ ਸਾਂ ਅਤੇ ਆਪਣੀਆਂ-ਆਪਣੀਆਂ ਲੋੜਾਂ ਦੀ ਪੂਰਤੀ ਲਈ ਇੱਕ ਸਮਝੌਤੇ ਅਧੀਨ ਹੀ ਇੱਕ ਦੂਜੇ ਦਾ ਸਾਥ ਕਬੂਲਿਆ ਹੈ।”
‘ਪੌਣ’ ਕਹਾਣੀ ਘਟਨਾਵਾਂ ਭਰਪੂਰ ਹੈ। ਕਹਾਣੀ ਵਿੱਚ ਕਈ ਕਹਾਣੀਆਂ ਵਾਪਰਦੀਆਂ ਹਨ। ਨਰੀ (ਨਰਦੇਵ), ਉਸਦੀ ਪਤਨੀ ਅਤੇ ਨਰੀ ਦੀ ਮਾਂ ਦੇ ਆਲੇ-ਦੁਆਲੇ ਕਹਾਣੀ ਘੁੰਮਦੀ ਹੈ, ਪਰ ਮੁੱਖ ਪਾਤਰ ਨਰੀ ਦੀ ਪਤਨੀ ਹੀ ਹੈ। ਇਸ ਕਹਾਣੀ ਵਿੱਚ ਵੀ ਸਾਡੇ ਪੇਂਡੂ (ਸ਼ਹਿਰੀ ਵੀ) ਜ਼ਿੰਦਗੀ ਦੀਆਂ ਕੁਝ ਝਲਕੀਆਂ ਪੇਸ਼ ਕਰਦੇ ਹੋਏ ਕਹਾਣੀਕਾਰ ਨੇ ਦੱਸਿਆ ਹੈ ਕਿ ਜੇ ਇੱਕ ਔਰਤ ਨੂੰ ਪਤਨੀ ਦੇ ਰੂਪ ਵਿੱਚ ਆਪਣੇ ਪਤੀ ਦੀਆਂ ਬਾਹਾਂ ਵਿੱਚ ਆ ਕੇ ਕਿਸੇ ਸਮੇਂ ਸਕੂਨ ਮਿਲਦਾ ਸੀ ਤਾਂ ਉਹੀ ਪਤਨੀ ਜਦੋਂ ਪਤੀ ਦੇ ਗਲਤ ਕੰਮਾਂ ਤੋਂ ਦੁਖੀ ਹੁੰਦੀ ਹੈ ਤਾਂ ਦਿਲ ਵਿੱਚ ਸੋਚਦੀ ਹੈ, “ਹੁਣ ਤੂੰ ਮੇਰੀਆਂ ਨਜ਼ਰਾਂ ਵਿੱਚ ਜਿਊਂਦਾ ਕਿਵੇਂ ਹੋ ਸਕਦਾ ਹੈਂ?” ਆਪਣੀ ਸੱਸ ਨੂੰ ਵੀ ਸੁਣਾ ਦਿੰਦੀ ਹੈ ਕਿ ਉਸਦੇ ਪੁੱਤਰ ਵਿੱਚ ਮਰਦਾਂ ਵਾਲੀ ਹੈਂਕੜ ਹੀ ਬਚੀ ਹੋਈ ਹੈ, ਮਰਦਪੁਣੇ ਵਾਲੀ ਗੈਰਤ ਖਤਮ ਹੋ ਚੁੱਕੀ ਹੈ ਅਤੇ ਉਹ ਇਹ ਕਹਿਣ ’ਤੇ ਮਜਬੂਰ ਹੋ ਜਾਂਦੀ ਹੈ, “ਕੀ ਥੁੜਿਆ ਪਿਆ ਐ ... ਇਹੋ ਜਿਹੇ ਸਿਰ ਦੇ ਸਾਈਂ ਬਿਨਾਂ।”
ਇਸ ਕਹਾਣੀ ਵਿੱਚ ਲੇਖਕ ਨੇ ਔਰਤ ਦੇ ‘ਮਾਂ ਰੂਪ’ ਦੀ ਉਸ ਸਥਿਤੀ ਦਾ ਬਾ-ਕਮਾਲ ਵਰਣਨ ਕੀਤਾ ਹੈ ਜਦੋਂ ਉਸ ਨੂੰ ਪਰਿਵਾਰ ਦੀ ਮਾਇਕ ਅਵਸਥਾ ਨੂੰ ਠੁੰਮਣਾ ਦੇਣ ਲਈ ਆਪਣੀ ਕੁੱਖ ਵਿੱਚ ਧੜਕ ਰਹੀ ਨਵੀਂ ਜ਼ਿੰਦਗੀ ਦਾ ਮਜਬੂਰੀ ਵਿੱਚ ਸੌਦਾ ਕਰਨਾ ਪੈਂਦਾ ਹੈ, ਪਰ ਜਦੋਂ ਉਸ ਵਿੱਚੋਂ ਨਰੀ ਵਰਗਾ ਆਪਣੇ ਨਸ਼ੇ ਲਈ ਦਾਅ ਲਾ ਜਾਏ, ਤਾਂ ਹੀ ਦੁਖੀ ਹੋਈ ਪਤਨੀ ਅਜਿਹੇ ‘ਸਿਰ ਦੇ ਸਾਈਂ’ ਦੀ ਕੋਈ ਸੁੱਖ ਨਹੀਂ ਭਾਲਦੀ, ਸਗੋਂ ਚੰਡੀ ਦਾ ਰੂਪ ਧਾਰ ਕੇ ਉਸਦੀ ਛਾਤੀ ’ਤੇ ਸਵਾਰ ਹੋ ਜਾਂਦੀ ਹੈ। ਲੇਖਕ ਕੋਲ ‘ਗੁੱਝੀਆਂ’ ਗੱਲਾਂ ਨੂੰ ‘ਗੁੱਝੇ’ ਢੰਗ ਨਾਲ ਕਹਿਣ ਦੀ ਕਲਾ ਵੀ ਹੈ (ਪਰ ਕਿਸੇ ਵੇਲੇ ਇਸ ਵੱਲੋਂ ਧੱਕਾ ਕਰਨ ’ਤੇ ਮੇਰੇ ਅੰਦਰਲੀ ਔਰਤ ਦੀਆਂ ਸਰੀਰਕ ਲੋੜਾਂ ਇਸਦਾ ਕੰਮ ਅਸਾਨ ਕਰ ਦਿੰਦੀਆਂ)। ਔਰਤ ਦੀ ਮਨੋਦਸ਼ਾ ਨੂੰ ਪ੍ਰਗਟਾਉਂਦੇ ਅਜਿਹੇ ਵਾਰਤਾਲਾਪ ਪਾਠਕਾਂ ਨੂੰ ਟੁੰਬਦੇ ਹਨ।
‘ਹੁਣ ਮੈਂ ਤਿਆਰ ਹਾਂ’ ਕਹਾਣੀ ਵਿੱਚ ਇੱਕ ਗੋਦ ਲਿਆ ਪੁੱਤਰ ਆਪਣੇ ਪਾਲਕ ਮਾਤਾ-ਪਿਤਾ ਦੀ ਧੀ ਨੂੰ ਹੀ ਭੈੜੀਆਂ ਨਜ਼ਰਾਂ ਨਾਲ ਦੇਖਦਾ ਹੈ ਅਤੇ ਇੱਥੋਂ ਤਕ ਕਹਿ ਦਿੰਦਾ ਹੈ, “ਤੇਰਾ ਵੀ ਕੰਡਾ ਕੱਢਣਾ ਹੀ ਪਊ ਕਿਸੇ ਦਿਨ’ ਤਾਂ ਅੱਕ ਕੇ ਉਸ ਨੂੰ ਆਪਣੇ ਪਿਉ ਨੂੰ ਕਹਿਣਾ ਪੈਂਦਾ ਹੈ, “ਜਦੋਂ ਉਹ ਤੁਹਾਡੀ ਧੀ ਦਾ ਭਰਾ ਨਹੀਂ ਬਣਿਆ ਤਾਂ ਤੁਹਾਡਾ ਬੇਟਾ ਕਿਵੇਂ ਹੋਇਆ?” ਅਤੇ ਇਸ ਤੋਂ ਬਾਅਦ ਸਿੱਧਾ ਹੀ ਕਹਿੰਦੀ ਹੈ, “ਸਿੱਧੀ ਗੱਲ ਤਾਂ ਇਹ ਹੈ ਕਿ ਤੁਹਾਡੇ ਘਰ ਵਿੱਚ ਤੁਹਾਡੀ ਧੀ ਤੁਹਾਡੇ ਬਣਾਏ ਪੁੱਤਰ ਤੋਂ ਈ ਆਪਣੀ ਇੱਜ਼ਤ ਨੂੰ ਖਤਰਾ ਮਹਿਸੂਸ ਕਰਦੀ ਐ।” ਐਨੀ ਗੱਲ ਉਸਨੇ ਹਿੰਮਤ ਕਰਕੇ ਕਹਿ ਤਾਂ ਦਿੱਤੀ ਪਰ ਚੱਕਰ ਖਾ ਕੇ ਸੋਫੇ ’ਤੇ ਡਿਗ ਗਈ।
‘ਮਦਰ ਡੇ’ ਗਿਫਟ’ ਕਹਾਣੀ ਵਿੱਚ ਬੇ-ਔਲਾਦ ਜੋੜੇ ਵੱਲੋਂ ਕਿਸੇ ਗਰੀਬ ਦਾ ਬੱਚਾ ਪੈਸੇ ਦੇ ਕੇ ਗੋਦ ਲੈਣਾ ਜਾਂ ‘ਕਿਰਾਏ ਦੀ ਕੁੱਖ’ ਰਾਹੀਂ ਬੱਚਾ ਪੈਦਾ ਕਰਨ ਵਰਗੀਆਂ ਗੱਲਾਂ ਅੱਜ-ਕੱਲ੍ਹ ਦੀ ਪੀੜ੍ਹੀ ਲਈ ਤਾਂ ਮੰਨਣਯੋਗ ਹਨ, ਪਰ ਪੁਰਾਣੇ ਬਜ਼ੁਰਗਾਂ ਲਈ ਨਹੀਂ। ਇਸ ਕਹਾਣੀ ਵਿੱਚ ਵੀ ਹਰੀਸ਼ ਦੀ ਦਾਦੀ ਲਈ ਇਹ ਸੁਣਨਾ ਵੀ ਗਵਾਰਾ ਨਹੀਂ। ਅਸਲ ਵਿੱਚ ਅਜਿਹੀ ਸੋਚ ਲਈ ਉਸਦੀ ਜ਼ਿੰਦਗੀ ਵਿੱਚ ਵਾਪਰੀ ਇੱਕ ਨਿੱਜੀ ਘਟਨਾ ਕਰਕੇ ਹੈ। ਦੇਸ਼ ਦੀ ਵੰਡ ਵੇਲੇ ਉਸਦੀ ਗੋਦੀ ਵਿੱਚ ਰਤਨ ਅਜੇ ਕੁਝ ਦਿਨਾਂ ਦਾ ਹੀ ਸੀ, ਉਹਨਾਂ ਨੂੰ ਕੈਂਪ ਵਿੱਚ ਰਹਿਣਾ ਪਿਆ। ਕੈਂਪ ਦੇ ਭੀੜ-ਭੜੱਕੇ ਵਾਲੇ ਮਾਹੌਲ ਵਿੱਚ ਬੱਚਾ ਬਿਮਾਰ ਹੋ ਗਿਆ। ਕੈਂਪ ਮੈਨੇਜਰ ਨੇ ਉਸ ਨੂੰ ਅਤੇ ਉਸਦੇ ਪਤੀ ਨੂੰ ਆਪਣੇ ਦਫਤਰ ਵਿੱਚ ਬੁਲਾ ਕੇ ਇੱਕ ਸੇਠ ਨਾਲ ਮਿਲਵਾਇਆ ਅਤੇ ਕਿਹਾ ਕਿ ਇਸ ਹਾਲਾਤ ਵਿੱਚ ਉਹ ਆਪਣੇ ਬੱਚੇ ਨੂੰ ਪਾਲ ਨਹੀਂ ਸਕਦੇ ਇਸ ਲਈ ਬੱਚਾ ਸੇਠ ਸਾਹਿਬ ਨੂੰ ਦੇ ਕੇ ਕੁਝ ਪੈਸੇ ਲੈ ਲੈਣ। ਇਹ ਸੁਣ ਕੇ ਪਤੀ-ਪਤਨੀ ਹੈਰਾਨ ਹੋ ਗਏ ਅਤੇ ਕੈਂਪ ਮੈਨੇਜਰ ਨੂੰ ਸਾਫ ਇਨਕਾਰ ਕਰਕੇ ਉਸਦੇ ਦਫਤਰ ਵਿੱਚੋਂ ਬਾਹਰ ਆ ਗਏ। ਇਸ ਗੱਲ ਨੂੰ ਭਾਵੇਂ ਬਹੁਤ ਅਰਸਾ ਬੀਤ ਚੁੱਕਿਆ ਸੀ, ਪਰ ਉਸ ਵਕਤ ਦੀ ਕੌੜੀ-ਕੁਸੈਲੀ ਯਾਦ ਅਜੇ ਵੀ ਸੀ। ਇਸੇ ਲਈ ਦਾਦੀ ਕਿਸੇ ਗਰੀਬ ਔਰਤ ਤੋਂ ਪੈਸੇ ਦੇ ਕੇ ਬੱਚਾ ਲੈਣ ਦੇ ਹੱਕ ਵਿੱਚ ਨਹੀਂ ਸੀ। ਉਹ ਦਿਲ ਵਿੱਚ ਸੋਚਦੀ ਸੀ ਕਿਸੇ ਵੀ ਮਾਂ ਤੋਂ ਉਸਦਾ ਬੱਚਾ ਦੂਰ ਨਹੀਂ ਕਰਨਾ ਚਾਹੀਦਾ।
ਕਹਾਣੀ ਦੇ ਅੰਤ ਵਿੱਚ ਜਦੋਂ ਹਰੀਸ਼ ਅਤੇ ਉਸਦੀ ਪਤਨੀ ਨਿਸ਼ਾ ਸ਼ਾਮ ਦੇ ਸਮੇਂ ਘਰ ਮੁੜਦੇ ਹਨ (ਮਾਂ ਦਿਵਸ ਵਾਲੇ ਦਿਨ) ਤਾਂ ਨਿਸ਼ਾ ਦੀ ਗੋਦੀ ਵਿੱਚ ਡੇਢ ਦੋ ਸਾਲ ਦਾ ਬੱਚਾ ਦੇਖ ਕੇ ਸਾਰੇ ਬੈਰਾਨ ਰਹਿ ਜਾਂਦੇ ਹਨ। ਅਸਲ ਵਿੱਚ ਹਰੀਸ਼ ਅਤੇ ਉਸਦੀ ਪਤਨੀ ਇਹ ਬੱਚਾ ਕਿਸੇ ਅਨਾਥ ਆਸ਼ਰਮ ਵਿੱਚੋਂ ਗੋਦ ਲੈ ਕੇ ਆਏ ਹਨ। ਇਸ ਬੱਚੇ ਦੇ ਮਾਂ-ਪਿਉ ਕੁਝ ਸਮਾਂ ਪਹਿਲਾਂ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਸੀ। ਬੱਚੇ ਦੇ ਰਿਸ਼ਤੇਦਾਰ ਬੱਚਾ ਅਨਾਥ ਆਸ਼ਰਮ ਵਿੱਚ ਛੱਡ ਗਏ ਸੀ। ਦਾਦੀ ਆਪਣੇ ਪੜਪੋਤੇ ਨੂੰ ਆਪਣੀ ਹਿੱਕ ਨਾਲ ਲਾ ਲੈਂਦੀ ਹੈ।
‘ਹੁਣ ਨਹੀਂ’ ਕਹਾਣੀ ਵਿੱਚ ਇਹ ਦਰਸਾਇਆ ਗਿਆ ਹੈ ਕਿ ਕਿਸੇ ਨੂੰ ਸੱਚਾ ਪਿਆਰ ਕਰਨ ਵਾਲੀ ਲੜਕੀ ਭਾਵੇਂ ਹਵਸ ਦਾ ਸ਼ਿਕਾਰ ਹੋ ਕੇ, ਮਜਬੂਰੀ ਵਿੱਚ ਜਾਂ ਜਵਾਨੀ ਦੇ ਜੋਸ਼ ਵਿੱਚ ਸਮਾਜਕ ਮਰਯਾਦਾ ਪਾਰ ਕਰ ਜਾਵੇ ਅਤੇ ਉਸਦਾ ਨਤੀਜਾ ਵੀ ਭੁਗਤੇ, ਪਰ ਉਹ ਆਪਣੇ ਨਾਲ ਧੋਖਾ ਕਰਨ ਵਾਲੇ ਨੂੰ ਕਦੇ ਮੁਆਫ਼ ਨਹੀਂ ਕਰਦੀ। ਸੰਦੀਪ ਅਤੇ ਸਿਮਰਨ ਦੀ ਵੀ ਇਹੋ ਕਹਾਣੀ ਹੈ। ਦੋਵੇਂ ਭਾਵੇਂ ਇੱਕ-ਦੂਜੇ ਨੂੰ ਪਿਆਰ ਕਰਦੇ ਹਨ, ਸੰਦੀਪ ਨੂੰ ਮਜਬੂਰੀ, ਪਰਿਵਾਰਕ ਹਾਲਾਤ ਜਾਂ ਕੈਨੇਡਾ ਜਾਣ ਦੇ ਲਾਲਚ ਕਾਰਨ ਸਿਮਰਨ ਤੋਂ ਦੂਰ ਹੋਣਾ ਪਿਆ। ਇਹ ਤਾਂ ਸਿਮਰਨ ਦੀ ਕਿਸਮਤ ਚੰਗੀ ਸੀ ਜੋ ਉਸ ਨੂੰ ਅਸ਼ੋਕ ਮਿੱਤਲ ਵਰਗਾ ਜੀਵਨ ਸਾਥੀ ਮਿਲ ਗਿਆ, ਜਿਸਨੇ ਕਦੇ ਉਸ ਤੋਂ ਉਸਦੇ ਵਿਆਹ ਤੋਂ ਪਹਿਲਾਂ ਦੇ ਸਬੰਧਾਂ ਕਰਕੇ ਉਸਦੀ ਕੁੱਖ ਵਿੱਚ ਪਲ ਰਹੇ ਬੱਚੇ ਦੇ ਪਿਉ ਬਾਰੇ ਕਦੇ ਨਹੀਂ ਸੀ ਪੁੱਛਿਆ ਅਤੇ ਛੇ ਸਾਲ ਬਾਅਦ ਜਦੋਂ ਸੰਦੀਪ ਅਤੇ ਸਿਮਰਨ ਕਿਸੇ ਮਾਲ ਵਿੱਚ ਅਚਾਨਕ ਹੀ ਮਿਲੇ (ਸਿਮਰਨ ਦਾ ਪਤੀ ਅਤੇ ਉਸਦਾ ਬੱਚਾ ਅਭਿਸ਼ੇਕ ਵੀ ਨਾਲ ਸੀ) ਤਾਂ ਉਹ ਸੰਦੀਪ ਦੀ ਜਾਣ ਪਛਾਣ ਆਪਣੇ ਜਮਾਤੀ ਦੇ ਤੌਰ ’ਤੇ ਕਰਵਾਉਂਦੀ ਹੈ। ਅਭਿਸ਼ੇਕ ਕਿਉਂ ਜੋ ਸੰਦੀਪ ਅਤੇ ਸਿਮਰਨ ਦੇ ਆਪਸੀ ਸੰਬੰਧਾਂ ਤੋਂ ਪੈਦਾ ਹੋਇਆ ਬੱਚਾ ਸੀ, ਇਸ ਲਈ ਉਹ ਕੁਦਰਤੀ ਇੱਕ-ਦੂਜੇ ਵੱਲ ਖਿੱਚੇ ਜਾਂਦੇ ਹਨ। ਕਹਾਣੀ ਦੇ ਅੰਤ ਵਿੱਚ ਜਦੋਂ ਉਹ ਕੁਝ ਸਮੇਂ ਲਈ ਇਕੱਲੇ ਹੁੰਦੇ ਹਨ ਤਾਂ ਸੰਦੀਪ (ਜਿਸਦਾ ਪਰਿਵਾਰਕ ਜੀਵਨ ਠੀਕ ਨਹੀਂ ਸੀ), ਸਿਮਰਨ ਤੋਂ ਮੰਗ ਕਰਦਾ ਹੈ ਕੀ ਉਹ ਵਾਪਸ ਕੈਨੇਡਾ ਜਾਣ ਤੋਂ ਪਹਿਲਾਂ ਇੱਕ-ਦੋ ਬਾਰ ਆਪਣੇ ਪੁੱਤਰ ਅਭਿਸ਼ੇਕ ਨੂੰ ਮਿਲ ਸਕਦਾ ਹੈ ਤਾਂ ਉਹ ਕਹਿੰਦੀ ਹੈ, “ਹੁਣ ਨਹੀਂ, ਸੰਦੀਪ ... ਤੂੰ ਪਹਿਲਾਂ ਵੀ ਮੈਨੂੰ ਧੋਖਾ ਦੇ ਚੁੱਕੈਂ, ਬੱਸ ਅੱਜ ਤੋਂ ਬਾਅਦ ਤੇਰਾ ਪਰਛਾਵਾਂ ਵੀ ਅਭਿਸ਼ੇਕ ’ਤੇ ਨਹੀਂ ਪੈਣਾ ਚਾਹੀਦਾ। ਅੰਤ ਵਿੱਚ ਉਹ ਆਪਣੇ ਪਤੀ ਦਾ ਹੱਥ ਪਕੜ ਕੇ ਸੰਦੀਪ ਵੱਲ ਨਫ਼ਰਤ ਭਰੀ ਨਜ਼ਰ ਨਾਲ ਦੇਖ ਚਲੀ ਜਾਂਦੀ ਹੈ।
ਕਿਤਾਬ ਦੇ ਨਾਂ ਵਾਲੀ ਕਹਾਣੀ ‘ਇਹ ਤਾਂ ਮੈਂ ਹੀ ਹਾਂ’ ਇੱਕ ਨਵੇਕਲੀ ਕਹਾਣੀ ਹੈ। ਸੱਸ ਅਤੇ ਨੂੰਹ ਮੁੱਖ ਪਾਤਰ ਹਨ। ਨਿੰਦਰ ਦਾ ਪਤੀ ਸਹਿਦੇਵ ਤਾਂ ਗੌਣ ਪਾਤਰ ਹੀ ਹੈ। ਅਸਲ ਗੱਲ ਇਹ ਹੈ ਕਿ ਸਹਿਦੇਵ ਅਤੇ ਨਿੰਦਰ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਹਨ। ਸ਼਼ਰੂ ਵਿੱਚ ਪਤੀ-ਪਤਨੀ ਦੀ ਬਾਹਵਾ ਬਣਦੀ ਸੀ, ਪਰ ਫਿਰ ਪਤਾ ਨਹੀਂ ਕੀ ਹੋਇਆ ਦੋਹਾਂ ਦਾ ਕਲੇਸ਼ ਰੋਜ਼ਾਨਾ ਹੋਣ ਲੱਗਾ। ਸਹਿਦੇਵ ਦੀ ਸ਼ਰਾਬ ਦੀ ਲਤ ਦਿਨੋ ਦਿਨ ਵਧਦੀ ਗਈ। ਪਤੀ ਨਾਲ ਬੋਲ-ਬੁਲਾਰੇ ਦੇ ਬਾਵਜੂਦ ਨਿੰਦਰ ਆਪਣੀ ਸੱਸ ਦਾ ਪੂਰਾ ਧਿਆਨ ਰੱਖਦੀ। ਇਸ ਲਈ ਸਹਿਦੇਵ ਦੀ ਮਾਂ ਨੂੰ ਆਪਣੇ ਪੁੱਤਰ ਦਾ ਹੀ ਜ਼ਿਆਦਾ ਕਸੂਰ ਲਗਦਾ। ਆਪਣੇ ਮੁੰਡੇ ਦੀ ਸ਼ਰਾਬ ਦੀ ਆਦਤ ਤੋਂ ਉਹ ਵੀ ਬਹੁਤ ਦੁਖੀ ਸੀ, ਕਿਉਂਕਿ ਉਸਦਾ ਘਰ ਵੀ ਸ਼ਰਾਬ ਨੇ ਹੀ ਬਰਬਾਦ ਕੀਤਾ ਸੀ। ਸਹਿਦੇਵ ਅਜੇ ਚਾਰ ਸਾਲ ਦਾ ਹੀ ਸੀ ਕਿ ਉਸਦਾ ਪਤੀ ਹਰਬੰਸ ਜ਼ਿਆਦਾ ਨਸ਼ਿਆਂ ਕਾਰਨ ਮੁੱਕ ਗਿਆ ਸੀ। ਹੌਲੀ-ਹੌਲੀ ਸਹਿਦੇਵ ਸ਼ਰਾਬ ਦੇ ਨਾਲ ਹੋਰ ਨਸ਼ੇ ਵੀ ਕਰਨ ਲੱਗ ਪਿਆ। ਸਹਿਦੇਵ ਦੇ ਨਸ਼ਿਆਂ ਕਾਰਨ ਨਿੰਦਰ ਦਾ ਝੁਕਾਅ ਆਪਣੇ ਪਤੀ ਦੇ ਤਾਏ ਦੇ ਮੁੰਡੇ ਬਲਬੀਰ ਵੱਲ ਹੋ ਗਿਆ। ਸਹਿਦੇਵ ਇਸ ਗੱਲ ਤੋਂ ਵੀ ਵੱਟਿਆ ਰਹਿੰਦਾ। ਨਿੰਦਰ ਦੀ ਸੱਸ ਨੂੰ ਵੀ ਇਹ ਚੰਗਾ ਨਾ ਲਗਦਾ, ਪਰ ਉਹ ਆਪਣੀ ਨੁੰਹ ਨੂੰ ਵੀ ਕੁਝ ਕਹਿਣ ਤੋਂ ਝਿਝਕਦੀ ਸੀ। ਅਸਲ ਵਿੱਚ ਉਸ ਨੂੰ ਆਪਣਾ ਸਮਾਂ ਯਾਦ ਆ ਗਿਆ ਜਦੋਂ ਉਸਦੀ ਸੱਸ ਨੇ ਉਸ ਨੂੰ ਸਰੂਪ ਨਾਲ ਬੈਠੇ ਦੇਖ ਲਿਆ ਸੀ ਅਤੇ ਸਾਰੇ ਘਰ ਵਿੱਚ ਇਸਦਾ ਰੌਲਾ ਵੀ ਪਾ ਦਿੱਤਾ ਸੀ।
ਇੱਕ ਦਿਨ ਜਦੋਂ ਸਹਿਦੇਵ ਕਿਤੇ ਬਾਹਰ ਗਿਆ ਹੋਇਆ ਸੀ ਤਾਂ ਉਸ ਨੂੰ ਨਿੰਦਰ ਦੇ ਕਮਰੇ ਵਿੱਚੋਂ ਅਵਾਜ਼ਾਂ ਆਉਂਦੀਆਂ ਸੁਣਾਈ ਦਿੱਤੀਆਂ। ਉਸਨੇ ਜਾ ਕੇ ਦਰਵਾਜ਼ਾ ਖੜਕਾਇਆ। ਕੋਈ ਪਰਛਾਵਾਂ ਜਿਹਾ ਬਾਹਰ ਨਿਕਲਿਆ। ਨਿੰਦਰ ਦੀ ਸੱਸ ਨੇ ਪਛਾਣ ਲਿਆ ਕਿ ਉਹ ਬਲਵੀਰ ਸੀ। ਨਿੰਦਰ ਬਿਲਕੁਲ ਨਾ ਘਬਰਾਈ। ਜਦੋਂ ਸੱਸ ਨੇ ਕੁਝ ਉਜਰ ਕੀਤਾ ਤਾਂ ਨਿੰਦਰ ਆਪਣੇ ਆਪ ਨੂੰ ਰੋਕ ਨਾ ਸਕੀ ਅਤੇ ਨਿਡਰਤਾ ਨਾਲ ਬੋਲੀ, “ਤੁਹਾਡੇ ਪੁੱਤਰ ਵਿੱਚ ਹੁਣ ਉਹ ਤਿੰਨ ਕਾਣੇ ਨਹੀਂ ਜੋ ਬਲਵੀਰ ਨੂੰ ਇੱਥੋਂ ਆਉਣ ਤੋਂ ਰੋਕ ਸਕਣ ... ਇਹ ਕੰਮ ਮਰਦਾ ਦਾ ਹੁੰਦਾ ਹੈ ... ਹੁਣ ਤੁਸੀਂ ਸੋਚੋ ਕਿ ਆਪਣੇ ਪੁੱਤਰ ਦੀ ਇੱਜ਼ਤ ਰੱਖਣੀ ਹੈ ਜਾਂ ਨਹੀਂ।” ਲੇਖਕ ਨੇ ਨਿੰਦਰ ਦਾ ਦਰਦ ਉਸਦੇ ਬੋਲਾਂ ਰਾਹੀਂ ਪ੍ਰਗਟਾ ਦਿੱਤਾ, ਪਰ ਸੱਸ ਦੀ ਹਾਲਤ ਉਸਦੀ ਸੋਚ ਰਾਹੀਂ ਦਰਸਾ ਦਿੱਤੀ ... ਮੈਨੂੰ ਲਗਦਾ ਹੈ ਕਿ ਜ਼ਿੰਦਗੀ ਦੇ ਰੰਗ ਮੰਚ ’ਤੇ ਮੈਂ ਆਪਣੇ ਆਪ ਨੂੰ ਦੋਹਰਾ ਰਹੀ ਹਾਂ। ਇਸ ਘਰ ਨੂੰ ਜਾਇਦਾਦ ਦਾ ਵਾਰਸ ਦੇਣ ਲਈ ਮੈਨੂੰ ਵੀ ਤਾਂ ਅਜਿਹਾ ਕਰਨਾ ਪਿਆ ਸੀ। ਇਸ ਕਹਾਣੀ ਵਿੱਚ ਕਹਾਣੀਕਾਰ ਨੇ ਬੜੇ ਸੰਜਮ ਨਾਲ ਔਰਤ ਦੀਆਂ ਅੰਦਰੂਨੀ ਲਾਲਸਾਵਾਂ ਨੂੰ ਪਾਠਕਾਂ ਦੇ ਸਨਮੁਖ ਕਰ ਦਿੱਤਾ ਹੈ ਅਤੇ ਸੱਸ-ਨੂੰਹ ਦੇ ਇੱਕੋ ਜਿਹੇ ਦੁਖਾਂਤ ਨੂੰ ਕਲਮਬੰਦ ਕੀਤਾ ਹੈ। ਨਿਸ਼ਚੇ ਹੀ ਇਹ ਕਹਾਣੀ ਪੰਜਾਬੀ ਦੀਆਂ ਸਿਰਮੌਰ ਕਹਾਣੀਆਂ ਵਿੱਚੋਂ ਇੱਕ ਹੈ।
‘ਗਰਮ ਗੁਲਾਬੀ ਕੋਟ’ ਵਿੱਚ ਇੱਕ ਵਾਰ ਫਿਰ ਪਰਿਵਾਰਕ ਦੁਖਾਂਤ ਨੂੰ ਪੇਸ਼ ਕਰਦੇ ਹੋਏ ਕਹਾਣੀਕਾਰ ਨੇ ਇੱਕ ਬੇਵੱਸ ਔਰਤ ਦੀ ਉਸ ਅਵਸਥਾ ਦਾ ਜ਼ਿਕਰ ਕੀਤਾ ਹੈ, ਜਿੱਥੇ ਉਸ ਨੂੰ ਇਹ ਪਤਾ ਨਹੀਂ ਲਗਦਾ ਕਿ ਉਹ ਕੀ ਕਰੇ। ਇਹੋ ਨਹੀਂ ਸਾਡੇ ਸਮਾਜ ਦੇ ਉਸ ਵਰਤਾਰੇ ਨੂੰ ਵੀ ਚਿਤਰਿਆ ਹੈ, ਜਿਸ ਵਿੱਚ ਮਾੜੇ ਹਾਲਾਤ ਵਿੱਚ ਵੀ ਨਵੀਂ ਜ਼ਿੰਦਗੀ ਦੀ ਭਾਲ ਕਰਨ ਲਈ ਦੇਰ ਨਹੀਂ ਲਾਈ ਜਾਂਦੀ। ਕਮਲ ਦਾ ਜੀਵਨ ਸਾਥੀ ਹਰਮਨ ਛੋਟੀ ਉਮਰ ਵਿੱਚ ਹੀ ਰੱਬ ਨੂੰ ਪਿਆਰਾ ਹੋ ਜਾਂਦਾ ਹੈ। ਇਸ ਦੁਖਦਾਇਕ ਘਟਨਾ ਦੇ ਛੇ ਦਿਨ ਬਾਅਦ ਹੀ ਕਮਲ ਦੀ ਭਰਜਾਈ ਉਸ ਨੂੰ ਪੁੱਛਦੀ ਹੈ, “ਅੱਗੇ ਲਈ ਕੀ ਸੋਚਿਐ?” ਅਤੇ ਇਹ ਵੀ ਕਹਿ ਦਿੰਦੀ ਹੈ, “ਜਵਾਨ ਉਮਰ ਵਿੱਚ ਔਰਤ ਦੀ ਭੁੱਖ ਕੇਵਲ ਰੋਟੀ ਨਾਲ ਨਹੀਂ ਮਿਟਦੀ ... ਉਸਦੀਆਂ ਹੋਰ ਵੀ ਕਈ ਮਾਨਸਿਕ ਲੋੜਾਂ ਹੁੰਦੀਆਂ ਹਨ ... ਅਤੇ ਨਾਲ ਦੀ ਨਾਲ ਉਸਦੇ ਦਿਉਰ ਦਿਲਬਾਗ ਵਾਰੇ ਵੀ ਉਸਦੀ ਰਾਏ ਪੁੱਛਦੀ ਹੈ। ਕਮਲ ਦੇ ਪਿਉ ਦੀ ਵੀ ਇੱਕ ਗੱਲ ਕਮਲ ਤਕ ਪਹੁੰਚ ਜਾਂਦੀ ਹੈ ਕਿ “ਜਾਂ ਤਾਂ ਦਿਲਬਾਗ, ਹਰਮਨ ਦੀ ਥਾਂ ਉਹਨਾਂ ਤੋਂ ਪੱਗ ਲੈ ਲਵੇ, ਨਹੀਂ ਉਹ ਜੱਸੀ (ਕਮਲ ਅਤੇ ਹਰਮਨ ਦੀ ਛੋਟੀ ਜਿਹੀ ਬੱਚੀ) ਨੂੰ ਸਾਂਭਣ ਤੇ ਅਸੀਂ ਆਪਣੀ ਕੁੜੀ ਲਈ ਕੋਈ ਹੋਰ ਮੁੰਡਾ ਲੱਭੀਏ।” ਅਜਿਹੇ ਵਤੀਰੇ ਰਾਹੀਂ ਇਹ ਦਰਸਾਇਆ ਹੈ ਕਿ ਔਰਤ ਦੀਆਂ ਅੰਦਰੂਨੀ ਭਾਵਨਾਵਾਂ ਨੂੰ ਤਾਂ ਸਮਝਦਾ ਹੀ ਨਹੀਂ। ਕਮਲ ਦੇ ਦਿਲੋ-ਦਿਮਾਗ ਵਿੱਚ ਜੋ ਹਲਚੱਲ ਮਚੀ ਹੋਈ ਹੈ, ਉਸ ਨੂੰ ਕੋਈ ਸਮਝਣ ਦਾ ਯਤਨ ਹੀ ਨਹੀਂ ਕਰ ਰਿਹਾ। ਅਸਲ ਵਿੱਚ ਕਮਲ ਨੇ ਆਪਣੇ ਦਿਉਰ ਦੇ ਕਹਿਣ ਤੇ ਉਸਦੀ ਗੱਲ ਆਪਣੀ ਬਚਪਨ ਦੀ ਸਹੇਲੀ ਜਸ਼ਨਪ੍ਰੀਤ ਨਾਲ ਕਰਵਾ ਦਿੱਤੀ ਸੀ ਅਤੇ ਦੋਹਾਂ ਨੂੰ ਇਕੱਠੇ ਕਰਨ ਦੀ ਹਾਮੀ ਵੀ ਭਰ ਦਿੱਤੀ ਸੀ। ਉਸ ਨੂੰ ਪਤਾ ਹੈ ਕਿ ਦਿਲਬਾਗ, ਜਸ਼ਨਪ੍ਰੀਤ ਨੂੰ ਦਿਲੋਂ ਪਿਆਰ ਕਰਦਾ ਹੈ। ਉਹ ਕਿਵੇਂ ਆਪਣੇ ਲਈ ਉਹਨਾਂ ਦੀ ਜੋੜੀ ਤੋੜ ਦੇਵੇ। ਇਸਦੇ ਨਾਲ ਹੀ ਉਸਦੇ ਮਨ ਵਿੱਚ ਇਹ ਖਿਆਲ ਵੀ ਜਨਮ ਲੈਂਦਾ ਹੈ, “ਜਸ਼ਨਪ੍ਰੀਤ ਨੂੰ ਹੋਰ ਮੁੰਡਿਆਂ ਦਾ ਘਾਟਾ ਨਹੀਂ ... ਆਪੇ ਚਾਰ ਦਿਨਾਂ ਵਿੱਚ ਦਿਲਬਾਗ ਨੂੰ ਭੁੱਲ ਜਾਊ ... ਪਰ ਜੱਸੀ ਨੂੰ ਦਿਲਬਾਗ ਤੋਂ ਬਗੈਰ ਹੋਰ ਕਿਸੇ ਨੇ ਬਾਪ ਦਾ ਪਿਆਰ ਨਹੀਂ ਦੇਣਾ ... ਐਵੇਂ ਭਾਵੁਕ ਨਾ ਹੋ ... ਠੰਢੇ ਦਿਮਾਗ ਨਾਲ ਪੇਕੇ ਘਰ ਦੀ ਤਜਵੀਜ਼ ’ਤੇ ਵਿਚਾਰ ਕਰ।” ਕਮਲ ਦੀ ਅਜਿਹੀ ਦੋ ਪਾਸੜ ਸੋਚ ਗੈਰ-ਕੁਦਰਤੀ ਨਹੀਂ, ਸਗੋਂ ਉਸਦੇ ਅੰਦਰੂਨੀ ਦਵੰਦ ਨੂੰ ਪੇਸ਼ ਕਰਦੀ ਹੈ।
ਸਾਰੀਆਂ ਹੀ ਕਹਾਣੀਆਂ ਵਿੱਚ ਵਾਰਤਾਲਾਪ ਪਾਤਰਾਂ ਦੇ ਚਿਤਰਣ ਨੂੰ ਉਭਾਰਨ ਵਿੱਚ ਸਹਾਈ ਹੁੰਦੇ ਹਨ। ਕਹਾਣੀਆਂ ਪਾਠਕਾਂ ਨੂੰ ਆਪਣੇ ਵਹਾ ਵਿੱਚ ਵਹਾ ਕੇ ਲੈ ਜਾਂਦੀਆਂ ਹਨ। ਕਹਾਣੀ ਪੜ੍ਹਨ ਤੋਂ ਬਾਅਦ ਵੀ ਕਹਾਣੀਆਂ ਦੇ ਪਾਤਰ, ਪਾਠਕਾਂ ਦੇ ਮਨ-ਮਸਤਕ ਵਿੱਚ ਵਿਚਰਦੇ ਹਨ। ਨਿਰਸੰਦੇਹ ‘ਇਹ ਤਾਂ ਮੈਂ ਹੀ ਹਾਂ’ ਕਹਾਣੀ ਸੰਗ੍ਰਹਿ ਪੰਜਾਬੀ ਕਹਾਣੀ ਦੀ ਅਮੀਰ ਵਿਰਾਸਤ ਨੂੰ ਅੱਗੇ ਤੋਰਦਾ ਹੈ ਅਤੇ ਕਹਾਣੀਕਾਰ ਨਿਰੰਜਣ ਬੋਹਾ ਇੱਕ ਵਾਰ ਫਿਰ ਸਮਰੱਥ ਕਹਾਣੀਕਾਰ ਦੇ ਤੌਰ ’ਤੇ ਆਪਣੀ ਵੱਖਰੀ ਪਛਾਣ ਨੂੰ ਹੋਰ ਗੂੜ੍ਹੀ ਕਰਦਾ ਹੈ। 106 ਪੰਨਿਆਂ ਦੀ ਇਹ ਪੁਸਤਕ ‘ਊੜਾ ਪਬਲੀਕੇਸ਼ਨ’, ਮੋਗਾ ਨੇ ਪ੍ਰਕਾਸ਼ਿਤ ਕੀਤੀ ਹੈ।
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (