KCRupana7ਸਲਾਨਾ ਪ੍ਰੀਖਿਆ ਵਿੱਚ ਮਿਹਨਤ ਦਾ ਰੰਗ ਸਾਫ਼ ਨਜ਼ਰ ਆਇਆ। ਪੰਜਵੀਂ ਦੀ ਪ੍ਰੀਖਿਆ ਵਿੱਚੋਂ ...
(13 ਸਤੰਬਰ 2025)


ਕੋਰਸ ਪੂਰਾ ਕਰਦਿਆਂ ਹੀ ਮੈਨੂੰ ਸਰਕਾਰੀ ਅਧਿਆਪਕ ਦੀ ਨੌਕਰੀ ਮਿਲ ਗਈ। ਮਾਂ ਬਾਪ ਨੂੰ ਆਪਣੀ ਦਸਾਂ ਨਹੁੰਆਂ ਦੀ ਕਿਰਤ ਕਮਾਈ ਲੇਖੇ ਲੱਗਣ ਦਾ ਸਕੂਨ ਹਾਸਲ ਹੋਇਆ। ਸਵੇਰ ਸਾਰ ਸਕੂਲ ਲਈ ਬੱਸ ਫੜਨਾ ਤੇ ਛੁੱਟੀ ਹੋਣ ’ਤੇ ਸ਼ਾਮ ਤਕ ਵਾਪਸ ਘਰ ਪਰਤਣਾ। ਨੌਕਰੀ ਅਤੇ ਅਧਿਆਪਨ ਦੇ ਕੰਮ ਦੀ ਖੁਸ਼ੀ ਇਹ ਦੂਰੀ ਮਹਿਸੂਸ ਹੀ ਨਾ ਹੋਣ ਦਿੰਦੀ। ਪਿੰਡ ਦਾ ਰੁੱਖਾਂ ਵਿਚਕਾਰ ਘਿਰਿਆ ਸਕੂਲ। ਘਰੋਂ ਪੜ੍ਹਨ ਲਈ ਤਿਆਰ ਹੋ ਕੇ ਆਉਂਦੇ ਨੰਨ੍ਹੇ ਬਾਲ। ਉੱਚ ਯੋਗਤਾ ਪ੍ਰਾਪਤ ਸੁਹਜ ਸਲੀਕੇ ਵਾਲੇ ਅਧਿਆਪਕਾਂ ਦੀ ਸੰਗਤ। ਅਜਿਹੇ ਸਾਜ਼ਗਾਰ ਮਾਹੌਲ ਵਿੱਚ ਪੜ੍ਹਾਉਂਦਿਆਂ ਲਗਨ  ਤੇ ਉਤਸ਼ਾਹ ਸੱਤਵੇਂ ਅਸਮਾਨ ’ਤੇ ਰਹਿੰਦੇ।

ਸਕੂਲ ਦਾ ਮੁੱਖ ਅਧਿਆਪਕ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਅਗਵਾਈ ਵਿੱਚ ਜੁਟਿਆ ਰਹਿੰਦਾ। ਅਧਿਆਪਕਾਂ ਦੀ ਮੀਟਿੰਗ ਵਿੱਚ ਉਹ ਅਕਸਰ ਆਖਦਾ, “ਅਧਿਆਪਨ ਭਾਵੇਂ ਆਪਣਾ ਰੁਜ਼ਗਾਰ ਹੈ ਪਰ ਉਸ ਤੋਂ ਪਹਿਲਾਂ ਆਪਣਾ ਫਰਜ਼ ਹੈ, ਜਿਸਨੇ ਵਿਦਿਆਰਥੀਆਂ ਦਾ ਭਵਿੱਖ ਸੰਵਾਰਨਾ ਹੈ।” ਸਾਰੇ ਅਧਿਆਪਕ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਪੜ੍ਹਾਉਣ ਵਿੱਚ ਜੁਟੇ ਰਹਿੰਦੇ। ਵਿਦਿਆਰਥੀ ਅਨੁਸ਼ਾਸਨ ਅਤੇ ਆਗਿਆ ਵਿੱਚ ਰਹਿੰਦੇ। ਅੱਧੀ ਛੁੱਟੀ ਵੇਲੇ ਉਹ ਮਿਲ ਬੈਠ ਕੇ ਖਾਂਦੇ ਅਤੇ ਰੁੱਖਾਂ ਛਾਵੇਂ ਹੱਸਦੇ ਖੇਡਦੇ।

ਸਵੇਰ ਸਾਰ ਸਾਡੇ ਸਕੂਲ ਪਹੁੰਚਦਿਆਂ ਮੁੱਖ ਅਧਿਆਪਕ ਦਫਤਰ ਵਿੱਚ ਮੌਜੂਦ ਹੁੰਦੇ। ਉਨ੍ਹਾਂ ਦੇ ਮੇਜ਼ ’ਤੇ ਉਸ ਦਿਨ ਦਾ ਅਖ਼ਬਾਰ ਅਤੇ ਕੋਈ ਨਾ ਕੋਈ ਪੁਸਤਕ ਹੁੰਦੀ। ਸਵੇਰ ਦੀ ਸਭਾ ਵਿੱਚ ਉਹ ਵਿਦਿਆਰਥੀਆਂ ਨਾਲ ਗੱਲਾਂ ਕਰਦੇ; ਗੱਲਾਂ ਵਿੱਚ ਗਿਆਨ ਅਤੇ ਤਰਕ ਦਾ ਸੁਮੇਲ ਹੁੰਦਾ। ਉਹ ਆਖਦੇ, “ਪੜ੍ਹਾਈ ਜੀਵਨ ਦੀ ਸਫਲਤਾ ਦਾ ਰਾਹ ਹੈ, ਜਿਸ ਵਿੱਚ ਅਨੇਕਾਂ ਮੁਸ਼ਕਿਲਾਂ ਵੀ ਹਨ। ਮੁਸ਼ਕਿਲਾਂ ਤੋਂ ਹਾਰ ਮੰਨਣ ਦਾ ਭਾਵ ਅਸਫਲਤਾ ਨੂੰ ਸੱਦਾ ਦੇਣਾ ਮੰਨਿਆ ਜਾਂਦਾ ਹੈ। ਸਖ਼ਤ ਮਿਹਨਤ ਅਤੇ ਲਗਨ ਨਾਲ ਮੁਸ਼ਕਿਲਾਂ ਦੂਰ ਹੋ ਜਾਂਦੀਆਂ ਹਨ। ਸਫਲਤਾ ਦੀ ਮੰਜ਼ਿਲ ’ਤੇ ਪਹੁੰਚਣ ਲਈ ਰਸਤਾ ਸਾਫ਼ ਹੋ ਜਾਂਦਾ ਹੈ। ਜ਼ਿੰਦਗੀ ਵਿੱਚ ਸਫਲ ਹੋਣ ਲਈ ਇਹੋ ਰਸਤਾ ਹੈ। ਆਪਣਾ ਕੰਮ ਨੇਪਰੇ ਚੜ੍ਹਾਉਣ ਲਈ ਜੀਅ ਜਾਨ ਲਾ ਕੇ ਜੁਟੇ ਰਹਿਣਾ ਇੱਕ ਦਿਨ ਸਫਲਤਾ ਦੇ ਬੂਹੇ ਦੀ ਦਸਤਕ ਬਣਦਾ ਹੈ।”

ਇੱਕ ਦਿਨ ਉਹ ਮੇਰੀ ਪੰਜਵੀਂ ਜਮਾਤ ਵਿੱਚ ਆਏ। ਸਾਰੀ ਜਮਾਤ ਨੇ ਉਤਸ਼ਾਹ ਨਾਲ ਉਨ੍ਹਾਂ ਦਾ ਸਵਾਗਤ ਕੀਤਾ। ਪੜ੍ਹਾਈ ਬਾਰੇ ਪੁੱਛਣ ਮਗਰੋਂ ਉਹ ਕਹਿਣ ਲੱਗੇ, “ਪ੍ਰੀਖਿਆ ਸਾਰੇ ਸਾਲ ਦੀ ਮਿਹਨਤ ਹੁੰਦੀ ਹੈ। ਮਿਹਨਤ ਦਾ ਫ਼ਲ ਮਿੱਠਾ ਹੁੰਦਾ ਹੈ। ਮਿਹਨਤ ਦਾ ਆਪਣਾ ਰੰਗ ਹੁੰਦਾ ਹੈ, ਜਿਹੜਾ ਸਫਲਤਾ ਹਾਸਲ ਕਰਨ ਮਗਰੋਂ ਚਿਹਰਿਆਂ ’ਤੇ ਖੁਸ਼ੀ ਬਣਕੇ ਝਲਕਦਾ ਹੈ। ਮੈਂ ਅਕਸਰ ਦੇਖਦਾ ਹਾਂ, ਤੁਹਾਡੇ ਵਿੱਚੋਂ ਬਹੁਤੇ ਜਣੇ ਆਪਣੇ ਗਲਾਂ ਵਿੱਚ ਧਾਗੇ ਤਵੀਤ ਪਾ ਕੇ ਰੱਖਦੇ ਆਉਂਦੇ ਹਨ। ਇਹ ਸਾਡੇ ਮਾਪਿਆਂ ਅਤੇ ਸਮਾਜ ਦੀ ਅਨਪੜ੍ਹਤਾ ਤੇ ਅਗਿਆਨਤਾ ਦਾ ਨਤੀਜਾ ਹੈ। ਤੁਹਾਡੇ ਵਿੱਚੋਂ ਬਹੁਤੇ ਜਣੇ ਆਪਣੇ ਮਾਂ ਬਾਪ ਦੀ ਇੱਛਾ ਅਨੁਸਾਰ ਪ੍ਰੀਖਿਆ ਤੋਂ ਪਹਿਲਾਂ ਸੁੱਖ ਸੁੱਖਣ, ਡੇਰਿਆਂ, ਰੁੱਖਾਂ ’ਤੇ ਮੱਥੇ ਰਗੜਨ ਜਿਹੇ ਅੰਧਵਿਸ਼ਵਾਸਾਂ ਦਾ ਓਟ ਆਸਰਾ ਵੀ ਤੱਕਦੇ ਹੋਣਗੇ ਪਰ ਇਹ ਧਾਰਨਾਵਾਂ ਮਿਹਨਤ ਦਾ ਬਦਲ ਨਹੀਂ ਹੁੰਦੀਆਂ; ਨਾ ਹੀ ਅਜਿਹਾ ਕਰ ਕੇ ਪ੍ਰੀਖਿਆ ਦੇ ਨਤੀਜੇ ’ਤੇ ਕੋਈ ਅਸਰ ਹੁੰਦਾ ਹੈ। ਯਾਦ ਰੱਖਿਓ! ਸਫਲਤਾ ਦਾ ਤਾਜ ਹਮੇਸ਼ਾ ਮਿਹਨਤ ਵਿੱਚ ਦਿਨ ਰਾਤ ਇੱਕ ਕਰਨ ਵਾਲਿਆਂ ਸਿਰ ਸਜਦਾ ਹੈ।”

ਮੁੱਖ ਅਧਿਆਪਕ ਦੀ ਪ੍ਰੇਰਨਾ ਸਾਡੇ ਮਨਾਂ ਨੂੰ ਵੀ ਟੁੰਬਦੀਅ, ਜਿਸਨੇ ਅਧਿਆਪਕਾਂ ਵਿੱਚ ਹੋਰ ਸਿੱਖਣ ਤੇ ਜਾਣਨ ਦਾ ਰਾਹ ਖੋਲ੍ਹਿਆ। ਅਸੀਂ ਉਨ੍ਹਾਂ ਤੋਂ ਚੰਗੀਆਂ ਪੁਸਤਕਾਂ ਬਾਰੇ ਜਾਣ ਕੇ ਉਹ ਪੁਸਤਕਾਂ ਖਰੀਦਦੇ, ਪੜ੍ਹਦੇ, ਚਰਚਾ ਕਰਦੇ ਅਤੇ ਸਬਕ ਆਪਣੇ ਵਿਦਿਆਰਥੀਆਂ ਨਾਲ ਸਾਂਝੇ ਕਰਦੇ। ਸਿੱਖਣ ਸਿਖਾਉਣ ਦਾ ਇਹ ਤਰੀਕਾ ਆਪਣਾ ਰੰਗ ਦਿਖਾਉਣ ਲੱਗਾ। ਵਿਦਿਆਰਥੀਆਂ ਵਿੱਚ ਵੀ ਹੋਰ ਜਾਣਨ ਤੇ ਸਿੱਖਣ ਦੀ ਰੁਚੀ ਵਿਕਸਿਤ ਹੋਣ ਲੱਗੀ। ਸਲਾਨਾ ਪ੍ਰੀਖਿਆ ਵਿੱਚ ਮਿਹਨਤ ਦਾ ਰੰਗ ਸਾਫ਼ ਨਜ਼ਰ ਆਇਆ। ਪੰਜਵੀਂ ਦੀ ਪ੍ਰੀਖਿਆ ਵਿੱਚੋਂ ਸਾਰੇ ਵਿਦਿਆਰਥੀ ਪਹਿਲੇ ਦਰਜੇ ਵਿੱਚ ਪਾਸ ਹੋਏ। ਇੱਕ ਵਿਦਿਆਰਥੀ ਜ਼ਿਲ੍ਹੇ ਵਿੱਚੋਂ ਅਤੇ ਦੋ ਵਿਦਿਆਰਥੀ ਬਲਾਕ ਵਿੱਚੋਂ ਉੱਤਮ ਅੰਕ ਪ੍ਰਾਪਤ ਕਰਨ ਵਾਲਿਆਂ ਵਿੱਚ ਆਏ।

ਮਾਪਿਆਂ ਦੀ ਹਾਜ਼ਰੀ ਵਿੱਚ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ ਸਕੂਲ ਵਿੱਚ ਸਮਾਗਮ ਰੱਖਿਆ ਗਿਆ। ਸਕੂਲ ਨੂੰ ਫੁੱਲਾਂ ਨਾਲ ਸਜਾਇਆ ਗਿਆ। ਸਾਰੇ ਵਿਦਿਆਰਥੀ ਵੀ ਫੁੱਲਾਂ ਵਾਂਗ ਹੱਸਦੇ ਚਿਹਰਿਆਂ ਨਾਲ ਸ਼ਾਮਲ ਹੋਏ। ਸਕੂਲ ਵਿੱਚ ਚੁਫੇਰੇ ਖੁਸ਼ੀ ਦਾ ਪਾਸਾਰ ਨਜ਼ਰ ਆਇਆ। ਰੁੱਖਾਂ, ਫੁੱਲਾਂ, ਬੂਟਿਆਂ ਨਾਲ ਖੇਡਦੀ ਰੁਮਕਦੀ ਠੰਢੀ ਮਿੱਠੀ ਪੌਣ ਵੀ ਖੁਸ਼ੀ ਵਿੱਚ ਸ਼ਾਮਲ ਜਾਪੀ। ਗੀਤਾਂ, ਕਵਿਤਾਵਾਂ ਨੇ ਸਮਾਰੋਹ ਵਿੱਚ ਚੰਗਾ ਰੰਗ ਬੰਨ੍ਹਿਆ। ਪਿੰਡ ਦੀ ਪੰਚਾਇਤ ਹੱਥੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਦਿਵਾਇਆ ਗਿਆ। ਮੁੱਖ ਅਧਿਆਪਕ ਨੇ ਵਿਦਿਆਰਥੀਆਂ ਨੂੰ ਸਫਲਤਾ ਦੀ ਵਧਾਈ ਦਿੱਤੀ ਅਤੇ ਸਹਿਯੋਗ ਲਈ ਪੰਚਾਇਤ ਦਾ ਧੰਨਵਾਦ ਕੀਤਾ। ਸਮਾਰੋਹ ਦੀ ਸਮਾਪਤੀ ’ਤੇ ਚਾਹ ਪਾਣੀ ਪੀਂਦੇ ਮਾਪਿਆਂ ਅਤੇ ਬੱਚਿਆਂ ਦੇ ਚਿਹਰਿਆਂ ’ਤੇ ਖੁਸ਼ੀ ਦਾ ਨੂਰ ਸਮਾਰੋਹ ਦਾ ਹਾਸਲ ਨਜ਼ਰ ਆਇਆ।

ਸਕੂਲ ਦੇ ਚੰਗੇ ਨਤੀਜਿਆਂ ਨਾਲ ਸਕੂਲ ਅਤੇ ਪਿੰਡ ਦਾ ਮਾਣ-ਸਨਮਾਨ ਵਧਿਆ। ਅਗਲਾ ਵਿੱਦਿਅਕ ਸੈਸ਼ਨ ਉਤਸ਼ਾਹ ਨਾਲ ਸ਼ੁਰੂ ਹੋਇਆ। ਸੈਸ਼ਨ ਦੇ ਅੱਧ ਵਿਚਕਾਰ ਮੁੱਖ ਅਧਿਆਪਕ ਦਾ ਤਬਾਦਲਾ ਹੋ ਗਿਆ। ਵਿਦਾਇਗੀ ਸਮੇਂ ਉਨ੍ਹਾਂ ਵਿਦਿਆਰਥੀਆਂ ਨੂੰ ਆਖਿਆ, “ਇਹ ਗੱਲ ਹਮੇਸ਼ਾ ਆਪਣੇ ਜੀਵਨ-ਲੜ ਨਾਲ ਬੰਨ੍ਹ ਕੇ ਰੱਖਣਾ! ਆਪਣੀ ਮੰਜ਼ਿਲ ਪਾਉਣ ਲਈ ਸਖ਼ਤ ਮਿਹਨਤ, ਲਗਨ ਅਤੇ ਪੱਕਾ ਇਰਾਦਾ ਉਹ ਸੁੱਚਾ ਸੁਪਨਾ ਹੁੰਦਾ ਹੈ, ਜਿਹੜਾ ਕਦੇ ਨਹੀਂ ਬਿਖਰਦਾ। ਮੰਜ਼ਿਲ ਦੇ ਦਰਾਂ ’ਤੇ ਪਹੁੰਚ ਕੇ ਇਹ ਜ਼ਿੰਦਗੀ ਦੀ ਝੋਲੀ ਖੁਸ਼ੀ, ਮਾਣ-ਸਨਮਾਨ ਅਤੇ ਸਫਲਤਾ ਦੀ ਸੌਗਾਤ ਨਾਲ ਭਰ ਦਿੰਦਾ ਹੈ।”

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਕੇ. ਸੀ. ਰੁਪਾਣਾ

ਕੇ. ਸੀ. ਰੁਪਾਣਾ

Village: Rupana, Sri Mukatsar Sahib, Punjab, India.
Phone: (91 - 78140 - 77120)
Email: (kcrupana@gmail.com)