“ਆਉਣ ਵਾਲੇ ਕੁਝ ਦਿਨਾਂ ਬਾਅਦ ਜਦੋਂ ਹੜ੍ਹਾਂ ਦਾ ਪਾਣੀ ਰੁਕ ਜਾਵੇਗਾ, ਉਸ ਤੋਂ ਬਾਅਦ ...”
(8 ਸਤੰਬਰ 2025)
ਗੁਰੂਆਂ ਦੇ ਨਾਮ ’ਤੇ ਵਸਦੇ ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਪਾਣੀਆਂ ਦੀ ਮਾਰ ਕਾਰਨ ਸਾਰਾ ਬਾਰਡਰ ਏਰੀਆ ਇੱਕ ਵੱਡੇ ਡੈਮ ਦਾ ਰੂਪ ਧਾਰੀ ਬੈਠਾ ਹੈ। ਹਜ਼ਾਰਾਂ ਲੋਕ ਇਸਦੀ ਮਾਰ ਵਿੱਚ ਆਕੇ ਘਰ ਢਹਿਣ ਕਾਰਨ ਘਰੋਂ ਬੇਘਰ ਹੋ ਗਏ। ਬੀਜੀ ਫਸਲ ਹੜ੍ਹਾਂ ਦੀ ਮਾਰ ਥੱਲੇ ਆ ਕੇ ਪਾਣੀ ਵਿੱਚ ਵਹਿ ਗਈ। ਅਨੇਕਾਂ ਗਰੀਬ ਲੋਕਾਂ ਦੀਆਂ ਝੁੱਗੀਆਂ ਰਾਤੋ-ਰਾਤ ਪਾਣੀ ਆਪਣੇ ਨਾਲ ਰੋੜ੍ਹ ਕੇ ਲੈ ਗਿਆ। ਲੋਕਾਂ ਦਾ ਘਰ ਦੀ ਵਰਤੋਂ ਵਾਲਾ ਸਾਰਾ ਸਮਾਨ ਦੇਖਦੇ-ਦੇਖਦੇ ਪਾਣੀ ਵਿੱਚ ਵਹਿ ਗਿਆ। ਜੋ ਬਚ ਗਿਆ ਉਹ ਵਰਤੋਂ ਯੋਗ ਨਹੀਂ ਰਿਹਾ। ਪਸ਼ੂਆਂ ਲਈ ਸਾਂਭਿਆ ਤੂੜੀ ਤੰਦ ਤੇ ਹੋਰ ਚਾਰਾ ਪਾਣੀ ਵਿੱਚ ਤਰਦਾ ਵਿਖਾਈ ਦਿੱਤਾ। ਪੰਜਾਬ ਵਿੱਚ ਪਹਿਲਾਂ ਹੀ ਪਸ਼ੂ ਧਨ ਘੱਟ ਹੋਣ ਕਾਰਨ ਬਣਾਉਟੀ ਦੁੱਧ ਸਰਕਾਰ ਦੇ ਨੱਕ ਥੱਲੇ ਵਿਕ ਰਿਹਾ ਹੈ। ਸਾਡੇ ਪੰਜਾਬੀ ਭਰਾਵਾਂ ਦਾ ਸਾਰਾ ਮਾਲ ਡੰਗਰ ਪਾਣੀ ਵਿੱਚ ਵਹਿ ਕੇ ਕੁਝ ਪਾਕਿਸਤਾਨ ਵਾਲੇ ਪਾਸੇ ਚਲਾ ਗਿਆ ਕੁਝ ਪਾਣੀ ਦੀ ਲਪੇਟ ਵਿੱਚ ਆ ਕੇ ਮਰ ਗਿਆ। ਜੋ ਬਚ ਗਿਆ, ਉਸਦੇ ਲਈ ਜੱਦੋਜਹਿਦ ਜਾਰੀ ਹੈ।
ਕੁਦਰਤ ਦਾ ਭੇਤ ਪਾਉਣਾ ਮਨੁੱਖ ਦੇ ਵੱਸ ਵਿੱਚ ਨਹੀਂ ਹੈ। ਪ੍ਰੰਤੂ ਅੱਜ ਦੇ ਟੈਕਨਾਲੋਜੀ ਵਾਲੇ ਜ਼ਮਾਨੇ ਵਿੱਚ ਵਿਭਾਗ ਵੱਲੋਂ ਪਹਿਲਾਂ ਹੀ ਸੁਚੇਤ ਕਰ ਦਿੱਤਾ ਗਿਆ ਸੀ ਕਿ ਇਸ ਸਾਲ ਬਰਸਾਤਾਂ ਵੱਧ ਹੋਣ ਦੇ ਆਸਾਰ ਹਨ। ਵੈਸੇ ਤਾਂ ਪੂਰੇ ਦੇਸ਼ ਅੰਦਰ ਹੀ ਹਰ ਸਾਲ ਕਿਤੇ ਨਾ ਕਿਤੇ ਭਿਆਨਕ ਹੜ੍ਹ ਲੋਕਾਂ ਦਾ ਆਰਥਿਕ ਪੱਖੋਂ ਵੱਡਾ ਨੁਕਸਾਨ ਕਰਦੇ ਹਨ ਪ੍ਰੰਤੂ ਸਾਡਾ ਪੰਜਾਬ ਬਹੁਤ ਹੀ ਛੋਟਾ ਰਾਜ ਹੈ। ਬਾਰਡਰ ਏਰੀਆ ਅਤੇ ਘੱਗਰ ਦੇ ਨਾਲ ਦਾ ਇਲਾਕਾ ਵੀ ਪਾਣੀ ਦੀ ਮਾਰ ਤੋਂ ਨਹੀਂ ਬਚਦਾ। ਬਰਸਾਤ ਜ਼ਿਆਦਾ ਹੋਣ ਕਾਰਨ ਹੜ੍ਹਾਂ ਨੂੰ ਬਹੁਤੇ ਲੋਕ ਕੁਦਰਤੀ ਕਰੋਪੀ ਮੰਨਦੇ ਹਨ। ਕਈ ਮੁਲਕਾਂ ਵਿੱਚ ਜੰਗਲ ਜ਼ਿਆਦਾ ਹੋਣ ਕਾਰਨ ਉੱਥੇ ਜੰਗਲਾਤ ਨੂੰ ਅੱਗ ਬਹੁਤ ਵੱਡੀ ਤਾਦਾਦ ਵਿੱਚ ਆਪਣੀ ਲਪੇਟ ਵਿੱਚ ਲੈਕੇ ਲੋਕਾਂ ਅਤੇ ਦੇਸ਼ ਦਾ ਆਰਥਿਕ ਨੁਕਸਾਨ ਕਰਦੀ ਹੈ। ਪ੍ਰੰਤੂ ਉਹ ਮੁਲਕ ਫਿਰ ਵੀ ਨਵੇਂ ਤੋਂ ਨਵੇਂ ਪੈਂਤੜੇ ਅਪਣਾ ਕੇ ਉਸ ਅੱਗਜ਼ਨੀ ਨੂੰ ਰੋਕਣ ਅਤੇ ਹੜ੍ਹਾਂ ਦੀ ਮਾਰ ਤੋਂ ਬਚਣ ਲਈ ਯੋਗ ਉਪਰਾਲੇ ਕਰਦੇ ਰਹਿੰਦੇ ਹਨ। ਪੰਜਾਬ ਵਿੱਚ ਭਾਵੇਂ ਹਰੇਕ ਸਾਲ ਹੜ੍ਹਾਂ ਦੀ ਵੱਡੀ ਮਾਰ ਨਹੀਂ ਪੈਂਦੀ ਪ੍ਰੰਤੂ ਜਦੋਂ ਪਾਣੀ ਮਾਰ ਕਰਦਾ ਹੈ ਤਾਂ ਕੁਦਰਤ ਆਪਣੇ ਰੰਗ ਜ਼ਰੂਰ ਦਿਖਾਉਂਦੀ ਹੈ। ਕਿਤੇ ਨਾ ਕਿਤੇ ਇਨ੍ਹਾਂ ਸਥਿਤੀਆਂ ਲਈ ਮਨੁੱਖ ਖੁਦ ਵੀ ਜ਼ਿੰਮੇਵਾਰ ਹੈ। ਅਸੀਂ ਵੱਡੀ ਗਿਣਤੀ ਵਿੱਚ ਆਪਣੇ ਮਤਲਬ ਲਈ ਦਰਖਤਾਂ ਦੀ ਨਜਾਇਜ਼ ਕਟਾਈ ਕਰਕੇ ਮੁੜ ਜੰਗਲ ਪੈਦਾ ਹੀ ਨਹੀਂ ਕੀਤੇ। ਸਾਡੇ ਮੁਕਾਬਲੇ ਵਿਕਾਸਸ਼ੀਲ ਦੇਸ਼ਾਂ ਨੇ ਆਪਣੇ ਜੰਗਲਾਤ ’ਤੇ ਉੱਚੀ ਨੀਵੀਂ ਧਰਤੀ ਨੂੰ ਇਮਾਨਦਾਰੀ ਨਾਲ ਸੰਭਾਲਿਆ ਹੋਇਆ ਹੈ।
ਸਾਲ 1988 ਵਿੱਚ ਹੜ੍ਹਾਂ ਦੀ ਮਾਰ ਨੇ ਪੰਜਾਬ ਦਾ ਬਹੁਤ ਆਰਥਿਕ ਨੁਕਸਾਨ ਕੀਤਾ। ਉਸ ਤੋਂ ਬਾਅਦ ਸਾਲ 2013-14 ਦੌਰਾਨ ਸਥਿਤੀ ਗੰਭੀਰ ਬਣੀ। ਆਮ ਪਾਰਟੀ ਦੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਣ ਤੋਂ ਪਹਿਲਾਂ ਹੜ੍ਹਾਂ ਦੇ ਪਾਣੀ ’ਤੇ ਸਿਆਸਤ ਕਰਦੇ ਹੋਏ ਮੌਕੇ ਦੀਆਂ ਸਰਕਾਰਾਂ ਨੂੰ ਭੰਡਦੇ ਹੋਏ ਕਹਿੰਦੇ ਹੁੰਦੇ ਸਨ ਕਿ ਜਦੋਂ ਸਾਨੂੰ ਪਤਾ ਕਿ ਹਰ ਸਾਲ ਬਾਰਿਸ਼ਾਂ ਕਾਰਨ ਬਾਰਡਰ ਏਰੀਏ ਅਤੇ ਘੱਗਰ ਵਰਗੇ ਦਰਿਆਵਾਂ ਵਿੱਚ ਪਾਣੀ ਦੇ ਪੱਧਰ ਵਧਣ ਕਾਰਨ ਹੜ੍ਹ ਆਉਣੇ ਹਨ ਤਾਂ ਮੌਕੇ ਦੀਆਂ ਸਰਕਾਰਾਂ ਸੂਏ, ਕੱਸੀਆਂ, ਸੇਮ ਨਾਲਿਆਂ, ਨਹਿਰਾਂ ਅਤੇ ਦਰਿਆਵਾਂ ਵਿੱਚ ਜੰਮੀ ਹੋਈ ਸਿਲਟ ਤੇ ਬੂਟੀ ਨੂੰ ਸਾਫ ਕਿਉਂ ਨਹੀਂ ਕਰਵਾਉਂਦੀਆਂ? ਜੇਕਰ ਸਾਫ-ਸਫਾਈ ਹੋਈ ਹੋਵੇ ਤਾਂ ਪਾਣੀ ਮਾਰ ਨਹੀਂ ਕਰਦਾ। ਮੈਂ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਜਦੋਂ ਸਾਲ 2023 ਦੌਰਾਨ ਹੜ੍ਹਾਂ ਨੇ ਪੰਜਾਬ ਨੂੰ ਮੂਧਾ ਕੀਤਾ ਉਦੋਂ ਤਾਂ ਤੁਹਾਡੀ ਸਰਕਾਰ ਸੀ। ਤੇ ਚਲੋ ਇਹ ਮੰਨ ਲਈਏ ਕਿ ਭਾਈ ਤੁਸੀਂ ਸਰਕਾਰ ਚਲਾਉਣ ਲਈ ਉਦੋਂ ਨਵੇਂ-ਨਵੇਂ ਡਰਾਈਵਰ ਆਏ ਸੀ, ਅੱਜ ਸਾਲ 2025 ਦੌਰਾਨ ਤਾਂ ਤੁਹਾਨੂੰ ਮੌਸਮ ਵਿਭਾਗ ਨੇ ਨਵੀਂ ਟੈਕਨੌਲੋਜੀ ਰਾਹੀਂ ਸਭ ਕੁਝ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਇਸ ਸਾਲ ਬਾਰਿਸ਼ਾਂ ਦੀ ਸਥਿਤੀ ਅਜਿਹੀ ਹੋਵੇਗੀ। ਤੁਸੀਂ ਕੀ ਕੀਤਾ? ਪੁਰਾਣਿਆਂ ਦੀ ਤਰ੍ਹਾਂ ਤੁਹਾਡੀ ਟੀਮ ਦੇ ਮੰਤਰੀਆਂ, ਅਫਸਰਾਂ ਅਤੇ ਚਹੇਤਿਆਂ ਨੇ ਸਾਰੇ ਚੋਆਂ, ਨਹਿਰਾਂ, ਕੱਸੀਆਂ, ਸੇਮ ਨਾਲਿਆਂ, ਦਰਿਆਵਾਂ ਵਿੱਚ ਜੰਮੀ ਸਿਲਟ ਤੇ ਬੂਟੀ ਨੂੰ ਸਾਫ ਕਰਾਉਣ ਦੇ ਨਾਂ ’ਤੇ ਬਿੱਲੇ ਦੀ ਤਰ੍ਹਾਂ ਤੌੜੀ ਦਾ ਚੱਪਣ ਚੱਕ ਕੇ ਮਲਾਈਆਂ ਖਾਧੀਆਂ ਹਨ। ਕਿਸੇ ’ਤੇ ਇਲਜ਼ਾਮ ਲਾਉਣੇ ਬਹੁਤ ਸੌਖੇ ਹੁੰਦੇ ਹਨ, ਮਾਨ ਸਾਹਿਬ ਪੰਜਾਬ ਦੇ ਲੋਕਾਂ ਲਈ ਤੁਸੀਂ ਚਾਰ ਸਾਲਾਂ ਵਿੱਚ ਕੀ ਕੀਤਾ? ਸਿਰਫ ਸਿਆਸੀ ਕਿੜਾਂ ਕੱਢਣ ਲਈ ਵਿਰੋਧੀਆਂ ਨੂੰ ਖੂੰਜੇ ਲਾਉਣ ਲਈ ਸਰਕਾਰੀ ਪੈਸਾ ਬਰਬਾਦ ਕੀਤਾ ਹੈ। ਉਦੋਂ ਤਾਂ ਅੱਖਾਂ ਟੱਡ-ਟੱਡ ਕੇ ਮਜ਼ਾਕੀਆ ਲਹਿਜੇ ਵਿੱਚ ਮੁਰਗੀ, ਬੱਕਰੀ, ਦਿਹਾੜੀਆਂ ਤੇ ਪਤਾ ਨਹੀਂ ਕੀ-ਕੀ ਚੀਜ਼ਾਂ ਦੇ ਮੁਆਵਜ਼ੇ ਦੇਣ ਲਈ ਬਿਨਾਂ ਸੋਚੇ ਸਮਝੇ ਇਉਂ ਬਿਆਨ ਦੇਈ ਗਏ ਜਿਵੇਂ ਮਾਲ ਗੱਡੀਆਂ ਭਰ-ਭਰ ਕੇ ਕੇਂਦਰ ਦੀ ਸਰਕਾਰ ਨੇ ਮਹਿੰਦਰ ਮਾਸਟਰ ਦੇ ਮੁੰਡੇ ਕੋਲ ਭੇਜੀਆਂ ਹੋਣ! ਹੁਣ ਜਦੋਂ ਲੋਕ ਤੁਹਾਨੂੰ ਸਵਾਲ ਕਰਦੇ ਹਨ ਤਾਂ ਸੁਚੱਜਾ ਜਵਾਬ ਦੇਣ ਦੀ ਬਜਾਏ ਉਹਨਾਂ ਨੂੰ ਕਹਿੰਦੇ ਹੋ, ਪੀਟੀਸੀ ਤੋਂ ਆਏ ਹੋ? ਸੁਖਬੀਰ ਬਾਦਲ ਨੂੰ ਪੁੱਛੋ? ਮੁੱਖ ਮੰਤਰੀ ਦਾ ਤਾਜ ਤਾਂ ਪੰਜਾਬ ਦੇ ਲੋਕਾਂ ਨੇ ਤੈਨੂੰ ਦਿੱਤਾ, ਪੁੱਛੀਣ ਸੁਖਬੀਰ ਨੂੰ? ਅਸਲ ਵਿੱਚ ਮਾਨ ਸਾਹਿਬ ਤੁਸੀਂ ਪੰਜਾਬ ਨੂੰ ਦਿੱਲੀ ਵਾਲਿਆਂ ਕੋਲ ਗਹਿਣੇ ਰੱਖ ਦਿੱਤਾ ਹੈ। ਪੰਜਾਬ ਦੇ ਲੋਕ ਤਾਂ ਫਿਰ ਵੀ ਆਪਸੀ ਭਾਈਚਾਰਾ ਹੋਰ ਗੂੜ੍ਹਾ ਬਣਾ ਕੇ ਇਸ ਕਰੋਪੀ ਵਿੱਚੋਂ ਔਖੇ-ਸੌਖੇ ਨਿਕਲ ਜਾਣਗੇ ਪਰ ਤੇਰਾ 2027 ਵਿੱਚ ਘਰੋਂ ਨਿਕਲਣਾ ਮੁਸ਼ਕਿਲ ਕਰ ਦੇਣਗੇ। ਅਜੇ ਵੀ ਵਕਤ ਪਿਆ ਹੈ, ਪੰਜਾਬੀਆਂ ਨੂੰ ਹੈਲੀਕਾਪਟਰ ਨਹੀਂ ਚਾਹੀਦਾ, ਇਹ ਤਾਂ ਸਿਰਫ ਹਮਦਰਦੀ ਦੇ ਭੁੱਖੇ ਹਨ। ਆਪ ਭਾਵੇਂ ਉੱਜੜੀ ਜਾਣ ਫਿਰ ਵੀ ਦੂਜਿਆਂ ਦਾ ਭਲਾ ਮੰਗਦੇ ਹੋਏ ਮਾੜੇ ਸਮੇਂ ਵਿੱਚ ਕਿਸੇ ਦੇ ਵਾਸਤੇ ਸਭ ਤੋਂ ਮੋਹਰੇ ਜਾ ਖੜ੍ਹਦੇ ਹਨ। ਤੇ ਤੇਰੇ ਦਿੱਲੀ ਵਾਲੇ ਤੈਨੂੰ ਮੋਹਰੇ ਲਾ ਕੇ ਪੰਜਾਬ ਨੂੰ ਅੰਦਰੋ-ਅੰਦਰੀ ਸਿਉਂਕ ਵਾਂਗ ਖਾ ਰਹੇ ਹਨ।
ਕੀ ਸਾਲ 2023 ਤੋਂ ਬਾਅਦ ਹੁਣ ਤਕ ਤੁਹਾਡੀ ਸਰਕਾਰ ਨੇ ਸਾਰੇ ਸੂਏ, ਕੱਸੀਆਂ, ਨਹਿਰਾਂ, ਸੇਮ ਨਾਲਿਆਂ, ਦਰਿਆਵਾਂ ਵਿੱਚੋਂ ਸਿਲਟ ਅਤੇ ਬੂਟੀ ਸਾਫ ਕਰਵਾਈ ਹੈ? ਉਸਦੇ ਅੰਕੜੇ ਸਮੇਤ ਹੋਏ ਖਰਚੇ ਦੇ ਲੋਕਾਂ ਵਿੱਚ ਜਨਤਕ ਕੀਤੇ ਜਾਣ ਤਾਂ ਜੋ ਤੁਹਾਡੀ ਕਹਿਣੀ ਅਤੇ ਕਥਨੀ ਦਾ ਫਰਕ ਪਤਾ ਲੱਗ ਸਕੇ। ਮਾਨਯੋਗ ਮੁੱਖ ਮੰਤਰੀ ਸਰਦਾਰ ਬੇਅੰਤ ਸਿੰਘ ਦੀ ਸਰਕਾਰ ਮੌਕੇ ਉਹਨਾਂ ਵੱਲੋਂ ਦਰਿਆਵਾਂ ਦੇ ਕਿਨਾਰੇ ਉੱਚੇ ਕਰਕੇ ਪੱਕੇ ਕਰਨ ਦੀ ਵਿਉਂਤਬੰਦੀ ਬਣਾਈ ਗਈ ਸੀ। ਕੀ ਤੁਸੀਂ ਅਜਿਹੀਆਂ ਪ੍ਰਪੋਜ਼ਲਾਂ ਬਣਾ ਕੇ ਅਗਲੇ ਸਾਲਾਂ ਦੇ ਬਜਟ ਵਿੱਚ ਫੰਡਾਂ ਦੀ ਪ੍ਰੋਵੀਜ਼ਨ ਰੱਖੋਗੇ? ਜੇਕਰ ਤੁਸੀਂ ਵਾਕਿਆ ਹੀ ਪੰਜਾਬ ਹਿਤੈਸ਼ੀ ਹੋਵੋਗੇ ਤਾਂ ਅਜਿਹੀਆਂ ਪ੍ਰਪੋਜ਼ਲਾਂ ਤੁਰੰਤ ਬਣਾਕੇ, ਅਣਕਿਆਸੀ ਆਫਤ ਦੇ ਤਹਿਤ ਤੁਰੰਤ ਫੰਡ ਜਾਰੀ ਕਰਕੇ ਕਿਸੇ ਇੱਕ ਥਾਂ ਕੰਮ ਸ਼ੁਰੂ ਕਰਵਾਓ ਤੇ ਅਜਿਹਾ ਕਾਨੂੰਨ ਬਣਾ ਕੇ ਛੱਡ ਜਾਓ ਕਿ ਆਉਣ ਵਾਲੀਆਂ ਸਰਕਾਰਾਂ ਵੀ ਉਸ ਕੰਮ ਨੂੰ ਬੰਦ ਨਾ ਕਰ ਸਕਣ। ਆਪਣੇ ਹੀ ਹੜ੍ਹਾਂ ਦੀ ਮਾਰ ਤੋਂ ਨਿਰਲੇਪ ਵਰਕਰਾਂ ਨੂੰ ਜੱਫੀਆਂ ਪਾ-ਪਾ ਕੇ ਲੋਕਾਂ ਨੂੰ ਮੂਰਖ ਬਣਾਉਣਾ ਛੱਡੋ। ਕਿਉਂਕਿ ਇਸ ਸੀਜ਼ਨ ਵਿੱਚ ਆਏ ਪਾਣੀ ਨੇ ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਹੜ੍ਹਾਂ ’ਤੇ ਕੀਤੀ ਜਾ ਰਹੀ ਸਿਆਸਤ ਉੱਤੇ ਪਾਣੀ ਫਿਰ ਦਿੱਤਾ ਹੈ। ਲੋਕ ਤੁਹਾਡੇ ਤੋਂ ਚੁਟਕਲੇ ਸੁਣ ਕੇ ਅੱਕ ਨਹੀਂ ਥੱਕ ਵੀ ਚੁੱਕੇ ਹਨ। ਕਿਸੇ ਵੀ ਪਿੰਡ ਵਿੱਚ ਬਿਨਾਂ ਸਕਿਉਰਟੀ ਤੋਂ ਆਮ ਘਰਾਂ ਦੇ ਮੁੰਡੇ ਬਣ ਕੇ ਤਾਂ ਆਉ, ਲੋਕ ਤੁਹਾਨੂੰ ਦੱਸ ਦੇਣਗੇ! ਸਾਰਾ ਦਿਨ ਸੋਸ਼ਲ ਮੀਡੀਆ ’ਤੇ ਸ਼ਰੇਆਮ ਲੋਕ ਤੁਹਾਨੂੰ ਖੰਡ ਪਾ ਰਹੇ ਹਨ।
ਸਰਕਾਰ ਕਹਿ ਰਹੀ ਹੈ ਸਰਕਾਰੀ ਤੰਤਰ ਹੜ੍ਹਾਂ ਦੀ ਸਥਿਤੀ ’ਤੇ ਨਜ਼ਰ ਰੱਖ ਰਿਹਾ ਹੈ। ਇਹ ਨਜ਼ਰ ਸਿਰਫ ਤੁਹਾਡੀ ਸਰਕਾਰ ਅਤੇ ਤੁਹਾਡੇ ਅਫਸਰਾਂ ਨੇ ਦਫਤਰਾਂ ਦੇ ਏਸੀ ਕਮਰਿਆਂ ਵਿੱਚ ਬੈਠ ਕੇ ਹੀ ਰੱਖੀ ਸੀ। ਗਰਾਊਂਡ ਜ਼ੀਰੋ ’ਤੇ ਆਊਟਪੁੱਟ ਜ਼ੀਰੋ ਸੀ। ਅਸਲ ਵਿੱਚ ਤਾਂ ਤੁਹਾਡੇ ਅਤੇ ਤੁਹਾਡੀ ਸਰਕਾਰ ’ਤੇ ਪੰਜਾਬੀ ਅਖਾਣ ਪੂਰੀ ਤਰ੍ਹਾਂ ਢੁਕਦਾ ਹੈ, “ਅਖੇ ਪਿੰਡ ਉੱਜੜਿਆ ਜਾਵੇ, ਕਮਲੀ ਨੂੰ ਜੂਆਂ ਦੀ।” ਭਾਵੇਂ ਅੱਗ ਜਾਂ ਪਾਣੀ ਵਾਲੀ ਪਰਲੋ ’ਤੇ ਕਾਬੂ ਪਾਉਣਾ ਔਖਾ ਹੁੰਦਾ ਹੈ ਪਰ ਫਿਰ ਵੀ ਸਾਲ 2025 ਵਾਲੇ ਹੜ੍ਹਾਂ ਵਿੱਚ ਹੋਈ ਤਬਾਹੀ ਅਤੇ ਆਰਥਿਕ ਬਰਬਾਦੀ ਲਈ ਮੌਜੂਦਾ ਮਾਨ ਸਰਕਾਰ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਕਿਉਂਕਿ ਸਮਾਂ ਰਹਿੰਦੇ ਕੰਮ ਨੂੰ ਸੰਭਾਲਿਆ ਨਹੀਂ ਗਿਆ। ਕਾਰਨ? ਸਾਡੇ ਮਾਨਯੋਗ ਮੁੱਖ ਮੰਤਰੀ ਤਾਂ ਦਿੱਲੀ ਵਾਲਿਆਂ ਦੇ ਪੇਟੇ ਪੈ ਕੇ ਸਿਆਸੀ ਕਿੜਾਂ ਹੀ ਕੱਢ ਰਹੇ ਹਨ, ਨਾ ਕਿ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਕੋਈ ਯੋਗ ਉਪਰਾਲੇ ਕੀਤੇ ਹਨ। ਬਿਨਾਂ ਸੋਚੇ ਸਮਝੇ ਹਰ ਫੈਸਲਾ ਲੈ ਕੇ ਫਿਰ ਉਸ ਨੂੰ ਵਾਪਸ ਲੈਣਾ ਇਹੀ ਇਨ੍ਹਾਂ ਦੀ ਫਿਤਰਤ ਹੈ।
ਬਹੁਤ ਸਾਰੀਆਂ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਲੋਕਾਂ ਦੀ ਸੇਵਾ ਕਰ ਰਹੀਆਂ ਹਨ। ਦਵਾਈਆਂ, ਪਸ਼ੂ ਲਈ ਚਾਰਾ, ਲੋਕਾਂ ਲਈ ਰੋਟੀ ਆਦਿ ਦਾ ਪ੍ਰਬੰਧ ਕਰ ਰਹੀਆਂ ਹਨ। ਜਿਹੜੀਆਂ ਅਜੇ ਰਹਿ ਗਈਆਂ ਹਨ, ਉਹਨਾਂ ਨੂੰ ਵੀ ਲੋਕਾਂ ਦੀ ਸੇਵਾ ਵਿੱਚ ਮੋਹਰੇ ਹੋ ਕੇ ਆਉਣਾ ਚਾਹੀਦਾ ਹੈ। ਆਉਣ ਵਾਲੇ ਕੁਝ ਦਿਨਾਂ ਬਾਅਦ ਜਦੋਂ ਹੜ੍ਹਾਂ ਦਾ ਪਾਣੀ ਰੁਕ ਜਾਵੇਗਾ, ਉਸ ਤੋਂ ਬਾਅਦ ਮਰੇ ਹੋਏ ਜਾਨਵਰ ਅਤੇ ਹੋਰ ਸਾਜੋ-ਸਮਾਨ ਦਾ ਜਿਹੜਾ ਚਿੱਕੜ ਬਚ ਜਾਵੇਗਾ, ਉਸ ਵਿੱਚੋਂ ਭਿਆਨਕ ਬਦਬੂ ਪੈਦਾ ਹੋਵੇਗੀ, ਜਿਸ ਨਾਲ ਮਹਾਂਮਾਰੀ ਫੈਲ ਸਕਦੀ ਹੈ। ਉਦੋਂ ਲੋਕਾਂ ਦੀ ਮਦਦ ਅਤੇ ਸੇਵਾ ਸੰਭਾਲ ਲਈ ਬਹੁਤ ਥੋੜ੍ਹੇ ਲੋਕ ਰਹਿ ਜਾਣਗੇ। ਸੋ ਸਾਰੇ ਪੰਜਾਬ ਵਾਸੀਆਂ ਨੂੰ ਸਾਡੇ ਵੱਲੋਂ ਹੱਥ ਜੋੜ ਕੇ ਬੇਨਤੀ ਹੈ ਕਿ ਉਸ ਸਮੇਂ ਆਪਾਂ ਸਾਰਿਆਂ ਨੇ ਰਲਮਿਲ ਕੇ ਹੜ੍ਹ ਨਾਲ ਪ੍ਰਭਾਵਤ ਲੋਕਾਂ ਦਾ ਪੂਰਨ ਰੂਪ ਵਿੱਚ ਸਾਥ ਦੇਣਾ ਹੈ। ਜਿਨ੍ਹਾਂ ਦੇ ਘਰ ਢਹਿ ਗਏ ਜਾਂ ਜਿਨ੍ਹਾਂ ਨੂੰ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ, ਆਪਾਂ ਲਾਮਬੰਦ ਹੋ ਕੇ ਉਹਨਾਂ ਦੇ ਮੁੜ ਵਸੇਬੇ ਲਈ ਯਤਨ ਕਰਨੇ ਹਨ। ਸਾਡੇ ਪੰਜਾਬ ਦੇ ਬਹੁਤੇ ਕਲਾਕਾਰ ਸਿੰਗਰ ਵੀਰ ਜਿਹੜੇ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹੋ ਚੁੱਕੇ ਹਨ ਤੇ ਜਿਹੜੇ ਪੰਜਾਬ ਨਾਲ ਸੰਬੰਧਿਤ ਹੋਰ ਦੂਰ ਦੁਰਾਡੇ ਬੈਠੇ ਹਨ, ਬਾਹਰਲੇ ਮੁਲਕਾਂ ਜਾਂ ਬੰਬੇ ਬੈਠੇ ਹਨ, ਫਿਲਮੀ ਕਲਾਕਾਰ ਹਨ, ਉਹਨਾਂ ਨੂੰ ਪੰਜਾਬ ਵਾਸੀਆਂ ਦੀ ਸੇਵਾ ਵਿੱਚ ਅੱਗੇ ਹੋ ਕੇ ਯੋਗਦਾਨ ਪਾਉਣਾ ਬਣਦਾ ਹੈ।
ਕੇਂਦਰ ਸਰਕਾਰ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਆਈ ਹੈ। ਅੱਜ ਦੁੱਖ ਦੀ ਘੜੀ ਵਿੱਚ ਕੇਂਦਰ ਸਰਕਾਰ ਪੰਜਾਬ ਲਈ ਤੁਰੰਤ ਰਾਹਤ ਪੈਕੇਜ ਦਿਲ ਖੋਲ੍ਹ ਕੇ ਜਾਰੀ ਕਰੇ ਤਾਂ ਜੋ ਆਪਣੇਪਨ ਕਾਰਨ ਲੋਕਾਂ ਦਾ ਦਿਲ ਜਿੱਤਿਆ ਜਾ ਸਕੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (