“ਹੁਣ ਉਸ ਨੂੰ ਹੈ ਤੋਂ ਸੀ ਕਹਿੰਦਿਆਂ ਹੌਲ ਪੈਂਦੇ ਹਨ। ਉਸਦਾ ਤੁਰ ਜਾਣਾ ਦੁਖਦਾਈ ਹੈ, ਅਣਕਿਆਸਿਆ ...”
(4 ਸਤੰਬਰ 2025)
ਕਿਸੇ ਸਮੇਂ ਬਠਿੰਡੇ ਜ਼ਿਲ੍ਹੇ ਦਾ ਪਿੰਡ ਭਾਈਰੂਪਾ ਕਾਮਰੇਡਾਂ ਦਾ ਲੈਨਿਨਗਰਾਦ ਕਹਾਉਂਦਾ ਸੀ। ਕਾ. ਗੁਰਦੇਵ ਸਿੰਘ ਸੰਧੂ, ਗਿਆਨੀ ਭਾਗ ਸਿੰਘ, ਕਰਮ ਸਿੰਘ ਗਰੇਵਾਲ ਵੱਲੋਂ ਵੀਹਵੀਂ ਸਦੀ ਦੇ ਸੱਤਵੇਂ ਦਹਾਕੇ ਦੇ ਵਿਦਿਆਰਥੀਆਂ ਦਾ ਇੱਕ ਪੂਰ ਮਾਰਕਸਵਾਦ ਦੇ ਰਾਹ ਤੋਰਿਆ ਸੀ। ਕਾ. ਜਰਨੈਲ ਭਾਈਰੂਪਾ ਉਸ ਪੂਰ ਵਿੱਚੋਂ ਅਹਿਮ ਸੀ।
ਜਰਨੈਲ ਦੇ ਬਾਪ ਸਾਧੂ ਸਿੰਘ ਦਾ ਪਿੰਡ ਪੱਟੀ ਕੋਲ ਕੁਹਾੜਕਾ ਸੀ। ਨੌਕਰੀ ਦੇ ਸਿਲਸਿਲੇ ਵਿੱਚ ਉਹਨਾਂ ਦੀ ਰਿਹਾਇਸ਼ ਪਾਕਿਸਤਾਨ ਵਾਲੇ ਪਾਸੇ ਸੀ। ਜਦੋਂ ਭਾਰਤ ਪਾਕਿ ਵੰਡ ਹੋ ਗਈ ਤਾਂ ਸਾਧੂ ਸਿੰਘ ਆਪਣੇ ਸਹੁਰੇ ਪਿੰਡ ਭਾਈਰੂਪੇ ਆ ਗਿਆ। ਇੱਥੇ ਹੀ ਜਰਨੈਲ ਦਾ ਜਨਮ 31 ਜਨਵਰੀ 1951 ਨੂੰ ਹੋਇਆ। ਕਾਮਰੇਡੀ ਦੀ ਪਹੁਲ ਉਸ ਨੂੰ ਆਪਣੇ ਸਾਥੀਆਂ ਸਮੇਤ ਸਕੂਲ ਸਮੇਂ ਹੀ ਲੱਗ ਗਈ ਸੀ। ਗਿਆਨੀ ਭਾਗ ਸਿੰਘ ਨੇ ਉਨ੍ਹਾਂ ਨੂੰ ਅਗਾਂਹਵਧੂ ਸਾਹਿਤ ਦੇ ਨਾਲ ਮਾਰਕਸੀ ਫ਼ਲਸਫ਼ਾ ਵੀ ਪੜ੍ਹਨ ਲਾ ਦਿੱਤਾ ਸੀ। ਸਕੂਲ ਪੜ੍ਹਦਿਆਂ ਉਨ੍ਹਾਂ ਪੰਜਾਬੀ ਸਾਹਿਤ ਸਭਾ ਬਣਾ ਲਈ। ਟੀ ਪੀ ਡੀ ਮਾਲਵਾ ਕਾਲਜ ਰਾਮਪੁਰਾਫੂਲ ਵਿੱਚ ਉਹ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦਾ ਮੈਂਬਰ ਅਤੇ ਆਗੂ ਬਣ ਗਿਆ। ਉਦੋਂ ਹੀ ਜਰਨੈਲ ਨੇ ਆਪਣੇ ਸਾਥੀਆਂ ਡਾ. ਲਾਭ ਸਿੰਘ ਖੀਵਾ, ਗੁਰਦੇਵ ਖੋਖਰ, ਹਰਪਾਲ ਖੋਖਰ ਨਾਲ ਮਿਲਕੇ ਨਾਟਕ ਮੰਡਲੀ ਬਣਾ ਲਈ ਅਤੇ ਪਿੰਡਾਂ ਸ਼ਹਿਰਾਂ ਵਿੱਚ ਨਾਟਕ ਖੇਡਣ ਲੱਗ ਪਏ।
ਉਨ੍ਹੀਂ ਸੌ ਬਹੱਤਰ ਵਿੱਚ ਬੀ ਏ ਕਰਨ ਤੋਂ ਬਾਅਦ ਜਰਨੈਲ ਨੌਕਰੀ ਪਿੱਛੇ ਨਹੀਂ ਭੱਜਿਆ। ਉਸਦੀ ਯੋਗਤਾ ਮੁਤਾਬਿਕ ਐਕਸਾਈਜ਼ ਇੰਸਪੈਕਟਰ ਦੀ ਨੌਕਰੀ ਭਾਵੇਂ ਉਸ ਨੂੰ ਮਿਲਦੀ ਸੀ, ਪਰ ਉਸਨੇ ਭਾਰਤੀ ਕਮਿਊਨਿਸਟ ਪਾਰਟੀ ਦਾ ਕੁੱਲਵਕਤੀ ਬਣਨ ਨੂੰ ਤਰਜੀਹ ਦਿੱਤੀ। 1973 ਵਿੱਚ ਜਰਨੈਲ ਪਾਰਟੀ ਦਾ ਹੋਲਟਾਈਮਰ ਬਣ ਕੇ ਬਠਿੰਡੇ ਆ ਗਿਆ। ਉਸਦੀ ਡਿਊਟੀ ਘਰ ਘਰ ਨਵਾਂ ਜ਼ਮਾਨਾ ਅਖ਼ਬਾਰ ਪਹੁੰਚਾਉਣ ’ਤੇ ਲੱਗੀ। ਉਸਨੇ ਇਹ ਡਿਊਟੀ ਬੜੀ ਤਨਦੇਹੀ, ਲਗਨ ਅਤੇ ਸਿਰੜ ਨਾਲ ਨਿਭਾਈ। ਜਦੋਂ ਪੰਜਾਬ ਬੁੱਕ ਸੈਂਟਰ ਦੀ ਬਰਾਂਚ ਬਠਿੰਡੇ ਖੋਲ੍ਹੀ ਗਈ ਤਾਂ ਜਰਨੈਲ ਨੂੰ ਉਸਦਾ ਮੈਨੇਜਰ ਬਣਾਇਆ ਗਿਆ। ਬਤੌਰ ਮੈਨੇਜਰ ਉਸਨੇ ਪੰਜਾਬ ਬੁੱਕ ਸੈਂਟਰ ਲਈ ਬਹੁਤ ਕੰਮ ਕੀਤਾ। ਸੋਵੀਅਤ ਸਾਹਿਤ ਦੇ ਨਾਲ ਪੰਜਾਬੀ ਸਾਹਿਤ ਵੱਡੀ ਗਿਣਤੀ ਵਿੱਚ ਪਾਠਕਾਂ ਤਕ ਪੁੱਜਦਾ ਕੀਤਾ। ਕਾ.ਜਰਨੈਲ ਦੱਸਿਆ ਕਰਦਾ ਸੀ:
“... ਮੈਂ ਤਿੰਨ ਰੁਪਏ ਦਾ ‘ਮਾਂ’ ਨਾਵਲ ਅਤੇ ਸਾਢੇ ਤਿੰਨ ਰੁਪਏ ਵਿੱਚ ਰਸੂਲ ਹਮਜ਼ਾਤੋਵ ਦੀ ਜਗਤ ਪ੍ਰਸਿੱਧ ਪੁਸਤਕ ‘ਮੇਰਾ ਦਾਗਿਸਤਾਨ’ ਹਜ਼ਾਰਾਂ ਵਿੱਚ ਪਾਠਕਾਂ ਨੂੰ ਦਿੱਤੇ ਹਨ। ਪੰਜਾਬੀ ਦੇ ਵੱਡੇ ਲੇਖਕ ਅਤੇ ਧੁਰੰਧਰ (ਵੱਡੇ ਵੱਡੇ) ਪਾਠਕ ਮੇਰੇ ਤੋਂ ਕਿਤਾਬਾਂ ਲਿਜਾ ਕੇ ਪੜ੍ਹਦੇ ਹੁੰਦੇ ਸਨ। ਮੈਂ ਵਿਦਿਆਰਥੀਆਂ ਜਾਂ ਬੇਰੁਜ਼ਗਾਰ ਨੌਜਵਾਨਾਂ ਨੂੰ ਬਿਨਾਂ ਪੈਸੇ ਲਏ ਕਿਤਾਬਾਂ ਦੇ ਦਿੰਦਾ ਹੁੰਦਾ ਸੀ। ਪੰਜਾਬ ਬੁੱਕ ਸੈਂਟਰ ਵੱਲੋਂ ਦੂਰ-ਦੁਰਾਡੇ ਪਿੰਡਾਂ-ਸ਼ਹਿਰਾਂ ਅਤੇ ਪਾਰਟੀ ਪ੍ਰੋਗਰਾਮਾਂ ਉੱਤੇ ਸਿਰ ਉੱਪਰ ਕਿਤਾਬਾਂ ਦੀ ਪੰਡ ਚੁੱਕ ਕੇ ਪੁਸਤਕ ਪ੍ਰਦਰਸ਼ਨੀਆਂ ਲਾਈਆਂ ਹਨ ...!”
ਪਾਰਟੀ ਹੋਲਟਾਈਮਰ ਬਣਕੇ ਜਰਨੈਲ ਨੇ ਨਿਹਚਾ ਅਤੇ ਸਿਦਕ ਨਾਲ ਕੰਮ ਕੀਤਾ। 1978 ਦੀ ਗਿਆਰ੍ਹਵੀਂ ਪਾਰਟੀ ਕੁੱਲ ਹਿੰਦ ਕਾਂਗਰਸ, ਕੁੱਲ ਹਿੰਦ ਕਿਸਾਨ ਕਾਨਫਰੰਸ, ਔਰਤਾਂ ਅਤੇ ਖੇਤ ਮਜ਼ਦੂਰਾਂ ਦੀਆਂ ਨੈਸ਼ਨਲ ਲੈਵਲ ਦੀਆਂ ਕਾਨਫਰੰਸਾਂ ਵਿੱਚ ਜਰਨੈਲ ਦਿਨ ਰਾਤ ਇੱਕ ਕਰਕੇ ਕੰਮ ਕਰਦਾ ਹੁੰਦਾ ਸੀ। ਅਜਿਹੀ ਹੀ ਇੱਕ ਕਾਨਫਰੰਸ ਸਮੇਂ ਜਰਨੈਲ ਦੀ ਡਿਊਟੀ ਲੰਗਰ ’ਤੇ ਲੱਗੀ ਸੀ। ਉਹ ਗੇਟ ’ਤੇ ਖੜ੍ਹਾ ਜ਼ਿਲ੍ਹਾ ਵਾਇਜ਼ ਡੈਲੀਗੇਟਾਂ ਨੂੰ ਖਾਣਾ ਖਾਣ ਲਈ ਲੰਘਾ ਰਿਹਾ ਸੀ। ਕਾ. ਸੱਤਪਾਲ ਡਾਂਗ ਉਸ ਸਮੇਂ ਪੰਜਾਬ ਪੱਧਰ ਦੇ ਹੀ ਨਹੀਂ, ਨੈਸ਼ਨਲ ਲੈਵਲ ਦੇ ਆਗੂ ਸਨ। ਕੰਮਾਂ ਵਿੱਚ ਮਸਰੂਫ ਕਾ. ਡਾਂਗ ਜਦੋਂ ਬਿਨਾਂ ਵਾਰੀ ਤੋਂ ਲੰਗਰ ਹਾਲ ਵਿੱਚ ਲੰਘਣ ਲੱਗੇ ਤਾਂ ਜਰਨੈਲ ਨੇ ਉਸ ਅੱਗੇ ਡਾਂਗ ਦਾ ਬੈਰੀਅਰ ਲਾ ਦਿੱਤਾ।
“ਤੂੰ ਕੌਣ ਐਂ ਬਈ ਡਾਂਗ ਦੇ ਅੱਗੇ ਡਾਂਗ ਕਰਨ ਵਾਲਾ? ... ਮੈਨੂੰ ਜਾਣਦਾ ਨਹੀਂ?” ਕਾ. ਸੱਤਪਾਲ ਡਾਂਗ ਨੇ ਘੂਰ ਕੇ ਪੁੱਛਿਆ।
“ਬੜੀ ਚੰਗੀ ਤਰ੍ਹਾਂ ਜਾਣਦਾਂ ਕਾ. ਡਾਂਗ ਜੀ, ਪਰ ਬਿਨਾਂ ਵਾਰੀ ਤੋਂ ਅਸੂਲ ਤੋੜ ਕੇ ਮੈਂ ਨਹੀਂ ਜਾਣ ਦਿੰਦਾ।” ਜਰਨੈਲ ਨੇ ਹਿੱਕ ਠੋਕ ਕੇ ਜਵਾਬ ਦਿੱਤਾ।
ਕਾ. ਸੱਤਪਾਲ ਡਾਂਗ ਨੇ ਇਸ ਗੱਲ ਦੀ ਭਰਵੀਂ ਪ੍ਰਸ਼ੰਸਾ ਆਪਣੇ ਭਾਸ਼ਣ ਵਿੱਚ ਕੀਤੀ। ਅਸੂਲ ਉੱਤੇ ਅੜ ਜਾਣ ਦੀਆਂ ਇੱਕ ਨਹੀਂ, ਅਨੇਕਾਂ ਮਿਸਾਲਾਂ ਕਾ. ਜਰਨੈਲ ਨੇ ਆਪਣੇ ਜੀਵਨ ਵਿੱਚ ਦਿੱਤੀਆਂ ਹਨ।
ਕਾ. ਜਰਨੈਲ ਦਾ ਪਰਿਵਾਰ ਤਹੇਤਰ ਚਹੌਤਰ ਵਿੱਚ ਬਠਿੰਡੇ ਆ ਗਿਆ, ਤਿੰਨਕੋਨੀ ਵਾਲੇ ਘਰ ਵਿੱਚ ਰਹਿਣ ਲੱਗਾ। ‘ਭਾਈਰੂਪਾ ਟਾਇਰ ਵਰਕਸ’ ਇਨ੍ਹਾਂ ਦੀ ਮਸ਼ਹੂਰ ਦੁਕਾਨ ਸੀ ਜਿੱਥੇ ਸਿਆਸੀ, ਸਮਾਜਿਕ, ਸਾਹਿਤਕ ਸ਼ਖ਼ਸ਼ੀਅਤਾਂ ਦਾ ਆਉਣ ਜਾਣ ਹਮੇਸ਼ਾ ਰਹਿੰਦਾ ਸੀ। ਇੱਥੇ ਹੀ ਜਰਨੈਲ ਦੇ ਭਰਾ ਕਰਨੈਲ ਤੇ ਰਾਣਾ ਰਹਿੰਦੇ ਸਨ। ਕਾ. ਜਰਨੈਲ ਦਾ ਮਨਪਸੰਦ ਵਿਆਹ ਦਲਜੀਤ ਕੌਰ ਨਾਲ ਹੋਇਆ। ਉਨ੍ਹਾਂ ਦੇ ਦੋ ਬੱਚੇ ਮੰਟੂ ਤੇ ਮੰਨਾ ਹੋਏ।
ਕਾ. ਜਰਨੈਲ ਨੇ ਲੰਬਾ ਸਮਾਂ ਸੀ ਪੀ ਆਈ ਵਿੱਚ ਇੱਕ ਵਫ਼ਾਦਾਰ ਸਿਪਾਹੀ ਬਣ ਕੇ ਕੰਮ ਕੀਤਾ। ਕਾ. ਤੇਜਾ ਸਿੰਘ ਸੁਤੰਤਰ, ਕਾ. ਜੰਗੀਰ ਸਿੰਘ ਜੋਗਾ, ਕਾ. ਧਰਮ ਸਿੰਘ ਫੱਕਰ, ਕਾ.ਭਾਨ ਸਿੰਘ ਭੌਰਾ, ਕਾ. ਜਗਿੰਦਰ ਸਿੰਘ ਭਸੀਨ ਵਰਗੇ ਵੱਡੇ ਲੀਡਰਾਂ ਦੀ ਅਗਵਾਈ ਹੇਠ ਕੰਮ ਕੀਤਾ। ਕਾ. ਹਰਦੇਵ ਅਰਸ਼ੀ, ਕਾ. ਗੁਰਸੇਵਕ, ਕਾ. ਜਗਜੀਤ ਜੋਗਾ, ਕਾ. ਮੱਖਣ, ਹਰਪਾਲ ਖੋਖਰ, ਜਗਦੀਸ਼ ਸਿੰਘ ਘਈ, ਕਰਮ ਸਿੰਘ ਗੁਲਾਬਗੜ੍ਹ ਆਦਿ ਸਾਥੀਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ। ਜਰਨੈਲ ਰੇਲ ਦੇ ਪਹੀਏ ਵਾਂਗ ਘੁੰਮਿਆ ਅਤੇ ਘਸਿਆ ਕਮਿਊਨਿਸਟ ਵਰਕਰ ਸੀ। ਜਦੋਂ ਆਰੀਆ ਸਮਾਜ ਚੌਕ ਵਾਲੇ ਪਾਰਟੀ ਦਫਤਰ ਦੀ ਬਿਲਡਿੰਗ ਬਣ ਰਹੀ ਸੀ ਤਾਂ ਕਾ. ਜਰਨੈਲ ਨੇ ਸਿਰ ਤੇ ਬੱਠਲ ਚੱਕ ਕੇ ਕੰਮ ਕੀਤਾ ਸੀ।
ਹਰੇਕ ਤਰ੍ਹਾਂ ਦੀਆਂ ਚੋਣਾਂ ਸਮੇਂ ਜਰਨੈਲ ਦੀ ਡਿਊਟੀ ਦਫਤਰ ਸਕੱਤਰ ਦੀ ਲਗਦੀ ਹੁੰਦੀ ਸੀ। ਕਾਮਰੇਡ ਆਗੂਆਂ ਦੇ ਦੌਰਿਆਂ, ਚੋਣ ਰੈਲੀਆਂ, ਕਾਨਫਰੰਸਾਂ ਦੇ ਬਣੇ ਪ੍ਰੋਗਰਾਮ ਲਾਗੂ ਕਰਨ ਵਿੱਚ ਜਰਨੈਲ ਦਾ ਮੋਹਰੀ ਰੋਲ ਹੁੰਦਾ ਸੀ। ਨਾਮਜ਼ਦਗੀ ਭਰਨ ਦੇ ਪਹਿਲੇ ਦਿਨ ਤੋਂ ਲੈ ਕੇ ਵੋਟਾਂ ਪੈਣ ਅਤੇ ਗਿਣਤੀ ਹੋਣ ਦੇ ਆਖਰੀ ਦਿਨ ਤਕ ਉਹ ਕੰਮਾਂ ਨੂੰ ਮਿਸ਼ਨ ਬਣਾ ਕੇ, ਮਿਸ਼ਨਰੀ ਭਾਵਨਾ ਨਾਲ ਕਰਦਾ ਸੀ। ਉਸ ਵਿੱਚ ਪੈਸੇ ਟਕੇ, ਫੰਡਾਂ ਦੇ ਮਾਮਲੇ ਵਿੱਚ ਐਨੀ ਇਮਾਨਦਾਰੀ ਸੀ ਕਿ ਕੀ ਮਜ਼ਾਲ ਐ ਕਿ ਇੱਕ ਰੁਪਇਆ ਵੀ ਇੱਧਰ ਉੱਧਰ ਹੋ ਜਾਵੇ।
ਕਾ. ਜਰਨੈਲ ਪਿਛਲੇ ਪੱਚੀ ਤੀਹ ਸਾਲਾਂ ਤੋਂ ਸਾਰੇ ਬਠਿੰਡੇ ਦਾ ਸਾਂਝਾ ਸੀ। ਹਰੇਕ ਸਿਆਸੀ ਪਾਰਟੀ, ਸਮਾਜਿਕ ਸੰਗਠਨਾਂ, ਸਰਕਾਰੀ ਅਦਾਰੇ ਵਿੱਚ ਉਸਦਾ ਮਾਣ ਤਾਣ ਅਤੇ ਸਤਿਕਾਰ ਸੀ। ਉਸਦੀ ਜਾਣ ਪਛਾਣ ਐਨੀ ਸੀ ਕਿ ਬੱਚਾ ਬੱਚਾ ਉਸ ਨੂੰ ਜਾਣਦਾ ਸੀ। ਜਰਨੈਲ ਦੀ ਯਾਦਸ਼ਕਤੀ ਐਨੀ ਸੀ ਕਿ ਉਹ ਹਰ ਘਟਨਾ ਨੂੰ ਮਿਤੀ ਮੁਤਾਬਿਕ ਦੱਸ ਦਿੰਦਾ ਸੀ। ਹਰੇਕ ਸਮਾਗਮ ਵਿੱਚ, ਚਾਹੇ ਉਹ ਕਿਸੇ ਜਥੇਬੰਦੀ ਦਾ ਹੋਵੇ ਜਾਂ ਨਿੱਜੀ, ਉਹ ਮੋਹਰੀ ਹੁੰਦਾ ਸੀ। ਵਿਆਹ-ਸ਼ਾਦੀ, ਮਰਨੇ-ਪਰਨੇ, ਭੋਗ-ਸੋਗ ਦੇ ਸਮੇਂ ਉਸਦੀਆਂ ਨਿਰਸਵਾਰਥ ਸੇਵਾਵਾਂ ਹਾਜ਼ਰ ਹੁੰਦੀਆਂ ਸਨ। ਉਹ ਹਰੇਕ ਦੇ ਦੁੱਖ-ਸੁਖ ਨੂੰ ਹੀ ਨਹੀਂ, ਕੰਮ-ਧੰਦੇ ਨੂੰ ਆਪਣਾ ਸਮਝਦਾ ਸੀ ਤੇ ਨੇਪਰੇ ਚਾੜ੍ਹਦਾ ਸੀ।
ਉਸਨੇ ਸਾਹਿਤ ਘਰ ਘਰ ਪਹੁੰਚਾਇਆ। ਉਸ ਤੋਂ ਕਿਤਾਬਾਂ ਲੈ ਕੇ ਪੜ੍ਹਨ ਵਾਲਿਆਂ ਅਤੇ ਕਾਮਯਾਬੀਆਂ ਪ੍ਰਾਪਤ ਕਰਨ ਵਾਲਿਆਂ ਦੀ ਲੜੀ ਲੰਬੀ ਹੈ। ਸਾਹਿਤ ਉਸਨੇ ਪੜ੍ਹਾਇਆ ਹੀ ਨਹੀਂ ਆਪ ਵੀ ਪੜ੍ਹਿਆ। ਉਹ ਵਧੀਆ ਵਿਸ਼ਲੇਸ਼ਕ ਅਤੇ ਬੁਲਾਰਾ ਸੀ। ਪੰਜਾਬੀ ਸਾਹਿਤ ਸਭਾ ਬਠਿੰਡਾ ਦਾ ਉਹ ਬਾਨੀ ਮੈਂਬਰ ਸੀ ਤੇ ਪਿਛਲੇ ਲੰਬੇ ਸਮੇਂ ਤੋਂ ਸਾਹਿਤ ਸਭਾ ਦਾ ਕੈਸ਼ੀਅਰ ਸੀ। ਪੰਜਾਬ ਭਰ ਵਿੱਚ ਹੁੰਦੇ ਸਾਹਿਤਕ ਸਮਾਗਮਾਂ ਵਿੱਚ ਉਸਦੀ ਹਾਜ਼ਰੀ ਯਕੀਨੀ ਹੁੰਦੀ ਸੀ।
ਇੱਕ ਵਾਰ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੀ ਚੋਣ ਵੇਲੇ ਕਿਸੇ ਨੇ ਜਰਨੈਲ ਨੂੰ ਛੇੜਿਆ, “ਕਾਮਰੇਡਾ ਤੂੰ ਲੇਖਕ ਤਾਂ ਹੈਨੀ... ਤੂੰ ਕਿਵੇਂ ਫਿਰਦੈਂ?”
“ਮੈਂ ਲੇਖਕਾਂ ਦਾ ਜਰਨੈਲ ਹਾਂ...!”
ਜਰਨੈਲ ਸਿਰਫ ਲੇਖਕਾਂ ਦਾ ਹੀ ਜਰਨੈਲ ਨਹੀਂ ਸੀ ਸਗੋਂ ਉਹ ਦੱਬੇ ਕੁਚਲਿਆ ਦਾ ਵੀ ਜਰਨੈਲ ਸੀ! ਉਹ ਆਪਣੇ ਸੰਗੀਆਂ ਸਾਥੀਆਂ ਦਾ ਜਰਨੈਲ ਸੀ! ਉਹ ਦੁੱਖਾਂ-ਸੁੱਖਾਂ, ਵਿਆਹ-ਸ਼ਾਦੀਆਂ, ਸ਼ੋਕ ਸਭਾਵਾਂ, ਭੋਗਾਂ ਦਾ ਵੀ ਜਰਨੈਲ ਸੀ! ਉਹ ਪੰਜਾਬ ਬੁੱਕ ਸੈਂਟਰ ਦਾ ਜਰਨੈਲ ਸੀ! ਉਹ ਸਮੁੱਚੇ ਬਠਿੰਡੇ ਦਾ ਜਰਨੈਲ ਸੀ!
ਹੁਣ ਉਸ ਨੂੰ ਹੈ ਤੋਂ ਸੀ ਕਹਿੰਦਿਆਂ ਹੌਲ ਪੈਂਦੇ ਹਨ। ਉਸਦਾ ਤੁਰ ਜਾਣਾ ਦੁਖਦਾਈ ਹੈ, ਅਣਕਿਆਸਿਆ ਹੈ, ਬੇਵਕਤ ਹੈ, ਅਸਹਿ ਹੈ... ਅਤੇ ਲੰਮਾ ਸਮਾਂ ਭੁੱਲਣ ਵਾਲਾ ਨਹੀਂ!!!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (