SurinderGillDr 7ਲੋਕ ਪ੍ਰਚਲਤ ਅਤੇ ਲੋਕ ਪਿਆਰੇ ਕਾਵਿ ਰੂਪਛੰਦ ਪਰਾਗੇ ਨੂੰ ਅਧਾਰ ਬਣਾਕੇ ਰਚੀ ਗਈ ...
(3 ਸਤੰਬਰ 2025) ਇਸ ਸਮੇਂ ਪਾਠਕ: 320.

 

ਪੰਜਾਬ, ਪੰਜਾਬੀਅਤ ਅਤੇ ਪੰਜਾਬੀ ਬੋਲੀ ਦਾ ਚਿੰਤਕ ਕਵੀ ਗੁਰਨਾਮ ਢਿੱਲੋਂ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਬਰਤਾਨੀਆ ਦੀ ਧਰਤੀ ਉੱਤੇ ਵਸਿਆ ਹੋਇਆ ਪੰਜਾਬੀ ਕਾਵਿ-ਰਚਨਾ ਅਤੇ ਅਧਿਅਨ ਵਿੱਚ ਗੜੁੱਚ ਹੈ

ਚੜ੍ਹਦੀ ਜਵਾਨੀ ਦੇ ਦਿਨਾਂ ਤੋਂ ਇੰਗਲੈਂਡ ਵਿੱਚ ਪਰਵਾਸ ਕਰ ਗਿਆ ਕਵੀ ਗੁਰਨਾਮ ਢਿੱਲੋਂ ਇੱਕ ਕਾਮੇ, ਵਿਉਪਾਰੀ ਅਤੇ ਪ੍ਰਬੰਧਕ ਦੇ ਰੂਪ ਵਿੱਚ ਆਪਣੇ ਆਪ ਨੂੰ ਸਥਾਪਤ ਕਰਨ ਵਿੱਚ ਕਠਨ ਸੰਗਰਾਮ ਵਿੱਚੋਂ ਲੰਘਿਆ ਹੈਪਰ ਉਸਦਾ ਮਨ-ਅੰਤਰ ਅਤੇ ਦਿਲ ਪੰਜਾਬ ਵਿੱਚ ਅਤੇ ਪੰਜਾਬ ਖਾਤਰ ਧੜਕਦਾ ਰਿਹਾ ਹੈ

ਇੰਗਲੈਂਡ ਵਿੱਚ ਰਹਿੰਦਿਆਂ ਰੋਜ਼ਗਾਰੀ ਘੋਲ ਦੇ ਨਾਲ ਨਾਲ ਉਹ ਸਮੇਂ ਦੀ ਲੋੜ ਅਨੁਸਾਰ ਪੰਜਾਬੀ ਵਿੱਚ ਕਾਵਿ ਰਚਨਾ ਕਰਦਾ ਅਤੇ ਪ੍ਰਗਤੀਸ਼ੀਲ ਲਿਖਾਰੀ ਸਭਾ ਗ੍ਰੇਟ ਬਿਰੇਟਨ (ਸਥਾਪਤ 1969) ਦਾ ਲੰਮਾ ਚਿਰ ਸਰਗਰਮ ਕਾਰਜ ਸਾਧਕ ਵੀ ਰਿਹਾ ਹੈਹੁਣ ਤਕ ਗੁਰਨਾਮ ਢਿੱਲੋਂ ਰਚਿਤ ਹੇਠ ਲਿਖੀਆਂ ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ:

ਅੱਗ ਦੇ ਬੀਜ (1970 ਈ.), ਹੱਥ ਤੇ ਹਥਿਆਰ (1974 ਈ.), ਤੇਰੇ ਨਾਂ ਦਾ ਮੌਸਮ (1997 ਈ.)

ਤੂੰ ਕੀ ਜਾਣੇ (2002 ਈ.), ਸਮਰਪਿਤ (2007 ਈ.) ਤੇਰੀ ਮੁਹੱਬਤ (2016 ਈ.) ਦਰਦ ਦੇ ਰੰਗ (2017), ਲੋਕ ਸ਼ਕਤੀ (2019), ਦਰਦ ਦਾ ਦਰਿਆ (2019 ਈ.), ਦਰਦ ਦੀ ਗੂੰਜ (2019 ਈ.), ਦਰਦ ਦੀ ਲਾਟ (2020 ਈ.) ਦਰਦ ਉੱਜੜੇ ਖੇਤਾਂ ਦਾ (2022 ਈ), ਨਗਾਰਾ (2022 ਈ.) ਜੂਝਦੇ ਸੂਰਜ (2024 ਈ), ਲਹਿੰਦੇ ਸੂਰਜ ਦੀ ਸੁਰਖੀ (2025 ਈ.)

ਸਮਾਲੋਚਨਾ: ਪੰਜਾਬੀ ਕਾਵਿ (ਸਿਧਾਂਤਕ ਪਰਿਪੇਖ) (2011 ਈ.)

ਵਾਰਤਕ: ਸਵੈਜੀਵਨ ਮੂਲਕ ਲੇਖ: ਓੜਕਿ ਸਚਿ ਰਹੀ (2021 ਈ.)

ਗੁਰਨਾਮ ਢਿੱਲੋਂ ਰਚਿਤ ਕਾਵਿ-ਸੰਗ੍ਰਹਿ ‘ਲੋਕ ਸ਼ਕਤੀ’ ਇੱਥੇ ਵਿਚਾਰ ਅਧੀਨ ਹੈ‘ਲੋਕ ਸ਼ਕਤੀ’, ਪੰਨੇ 72, ਪ੍ਰਕਾਸ਼ਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ ਦਾ ਪ੍ਰਕਾਸ਼ਨ ਸਾਡੇ ਸਮੇਂ ਦੀ ਇੱਕ ਵਿਸ਼ੇਸ਼ ਘਟਨਾ ਮੰਨੀ ਜਾ ਰਹੀ ਹੈ

‘ਲੋਕ ਸ਼ਕਤੀ’ ਦੀ ਵਿਲੱਖਣਤਾ ਇਹ ਹੈ ਕਿ ਇਸ ਵਿੱਚ ਕਵੀ ਗੁਰਨਾਮ ਢਿੱਲੋਂ ਨੇ ਪੰਜਾਬੀ ਦੇ ਪਰੰਪਰਿਕ ਛੰਦ ‘ਛੰਦ ਪਰਾਗੇ’ ਨੂੰ ਇੱਕ ਨਵੀਂ ਦਿਸ਼ਾ, ਦਸ਼ਾ ਅਤੇ ਰੂਪ ਬਖ਼ਸ਼ਿਆ ਹੈ

ਲੋਕ ਗੀਤਾਂ ਵਿੱਚ ਉਸਨੇ ਪ੍ਰਚਲਿਤ ਲੋਕ ਛੰਦ ਅਨੁਸਾਰ ਭਾਰਤ ਅਤੇ ਵਿਸ਼ੇਸ਼ਕਰ ਪੰਜਾਬ ਦੀਆਂ ਸਮਾਜਿਕ ਅਤੇ ਰਾਜਨੀਤਕ ਪ੍ਰਸਥਿਤੀਆਂ ਦਾ ਕਾਵਿ ਚਿਤਰਣ ਹੀ ਨਹੀਂ ਕੀਤਾ ਸਗੋਂ ਆਧੁਨਿਕ ਪ੍ਰਗਤੀਸ਼ੀਲ ਦ੍ਰਿਸ਼ਟੀਕੋਣ ਤੋਂ ਵਿਆਖਿਆ ਅਤੇ ਵਿਸ਼ਲੇਸ਼ਣ ਕਵੀ ਗੁਰਨਾਮ ਢਿੱਲੋਂ ਦੀ ਵਿਲੱਖਣ ਪ੍ਰਾਪਤੀ ਹੈ

ਡਾ. ਸੁਖਦੇਵ ਸਿੰਘ ਸਿਰਸਾ ਦੇ ਸ਼ਬਦਾਂ ਵਿੱਚਆਪਣੇ ਨਵੇਂ ਕਾਵਿ ਸੰਗ੍ਰਹਿ ‘ਲੋਕ ਸ਼ਕਤੀ’ ਵਿੱਚ ਉਸਨੇ ਅਜੋਕੇ ਨਵਸਾਮਰਾਜਵਾਦ ਦੀਆਂ ਅਲਾਮਤਾਂ - ਸੰਸਾਰੀਕਰਨ, ਉਦਾਰੀਕਰਨ, ਮੰਡੀਕਰਨ ਅਤੇ ਬਾਜ਼ਾਰਵਾਦ ਆਦਿ ਦੇ ਲੁਕਵੇਂ ਏਜੰਡੇ ਨੂੰ ਸਾਡੀ ਲੋਕ-ਕਾਵਿ ਪਰੰਪਰਾ ਵਿੱਚੋਂ ‘ਛੰਦ ਪਰਾਗੇ’ ਨਾਮੀ ਕਾਵਿ-ਰੂਪ ਰਾਹੀਂ ਬੇਪਰਦ ਕੀਤਾ ਹੈਛੰਦ ਪਰਾਗੇ ਸਾਡੀ ਲੋਕ ਰੀਤ ਦਾ ਸਮਰੱਥ ਅਤੇ ਕਟਾਖਸ਼ੀ ਕਾਵਿ-ਲਹਿਜਾ ਹੈਗੁਰਨਾਮ ਢਿੱਲੋਂ ਨੇ ਇਸ ਦੇਸੀ ਕਾਵਿ-ਰੂਪ ਦੀ ਪੁਨਰ-ਸਿਰਜਣਾ ਰਾਹੀਂ ਪੰਜਾਬੀ ਭਾਈਚਾਰੇ ਦੇ ਅਵਚੇਤਨੀ ਧਰਾਤਲ ਦੀਆਂ ਸੁੱਤੀਆਂ ਰਮਜ਼ਾਂ ਨੂੰ ਹਲੂਣਿਆ ਹੈਉਸਦੇ ਇਸ ਵਿਅੰਗ ਬਾਣ ਦਾ ਨਿਸ਼ਾਨਾ ਵਿਸ਼ਵ ਦੇ ਕਾਰਪੋਰੇਟ ਘਰਾਣੇ ਅਤੇ ਅੰਧ-ਰਾਸ਼ਟਰਵਾਦੀ ਦੋਵੇਂ ਬਣੇ ਹਨ।”

(ਪਿੱਠ ਪੰਨਾ, ਟਾਈਟਲ)

‘ਲੋਕ ਸ਼ਕਤੀ’ ਵਿੱਚ ਸੰਕਲਿਤ ਪਹਿਲਾ ਪਰਾਗਾ ਹੀ ਸਾਡੇ ਸਮਾਜ ਵਿੱਚ ਨਿੱਜਵਾਦੀ ਪ੍ਰਵਿਰਤੀ ਉੱਪਰ ਇੱਕ ਕਰੜਾ ਵਿਅੰਗ ਹੈ:

ਛੰਦ ਪਰਾਗੇ ਆਈਏ ਜਾਈਏ
ਨਾ ਜਾਈਏ ਨਾ ਆਈਏ
ਆਪਣੇ ਆਪਣੇ ਘੁਰਨੇ ਦੇ ਵਿੱਚ
ਰਹਿ ਕੇ ਅਉਧ ਹੰਢਾਈਏ

(ਪੰਨਾ 12)

ਰੋਮ ਜਲ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀਇਸ ਪੁਰਾਣੇ ਕਥਨ ਨੂੰ ਨਵਰੂਪ ਦਿੰਦਾ ਹੋਇਆ ਕਵੀ ਗੁਰਨਾਮ ਆਧੁਨਿਕ ਸਮਾਜਿਕ ਅਤੇ ਰਾਜਨੀਤਕ ਸਥਿਤੀ ਦਾ ਚਿਤਰਣ ਹੇਠ ਲਿਖੇ ਪਰਾਗੇ ਵਿੱਚ ਕਰਦਾ ਹੈ:

ਛੰਦ ਪਰਾਗੇ ਆਈਏ ਜਾਈਏ
ਛੰਦ ਪਰਾਗੇ ਖੁਰਲੀ
ਥਾਂ ਥਾਂ ਵਿੰਦ੍ਰਾਵਨ ਜਲਦੇ ਹਨ
ਕ੍ਹਾਨ ਵਜਾਵੇ ਮੁਰਲੀ

(ਪੰਨਾ 19)

ਜਾਗਰੂਕ ਕਵੀ ਕਿਉਂਕਿ ਰੋਮ ਦੀ ਥਾਂ ਭਾਰਤ ਦੀ ਗੱਲ ਕਰ ਰਿਹਾ ਹੈ- ਉਹ ਨੀਰੋ ਦੀ ਬੰਸਰੀ ਦੀ ਥਾਂ ਸ੍ਰੀ ਕ੍ਰਿਸ਼ਨ ਦੀ ਮੁਰਲੀ ਵੱਲ ਸੰਕੇਤ ਕਰਕੇ ਆਪਣੇ ਵਿਅੰਗ ਨੂੰ ਹੋਰ ਵੀ ਸ਼ਕਤੀਸ਼ਾਲੀ ਬਣਾ ਦਿੰਦਾ ਹੈ

ਇਸ ਨਿਕੀ ਜਿਹੀ ਸੈਂਚੀ ਵਿੱਚ ਗੁਰਨਾਮ ਢਿੱਲੋਂ ਭਾਰਤ ਵਿੱਚ ਪੂੰਜੀਪਤੀਆਂ ਅਤੇ ਜਨਸਧਾਰਨ ਵਿੱਚ ਆਰਥਿਕ ਅਸਾਵੇਂਪਨ, ਕਿਰਤ ਅਤੇ ਕਲਾ ਦੀ ਨੰਗੀ ਲੁੱਟ ਖਸੁੱਟ ਦਾ ਪ੍ਰਗਟਾ ਜਿਸ ਮਿਕਨਾਤੀਸੀ ਅੱਖ ਨਾਲ ਕਰਦਾ ਹੈ, ਉਸ ਤੋਂ ਇਹ ਅਨੁਮਾਨ ਲਾਉਣਾ ਸੰਭਵ ਹੋ ਜਾਂਦਾ ਹੈ ਕਿ ਕਵੀ ਪੰਜਾਬ ਨਹੀਂ ਸਗੋਂ ਭਾਰਤ ਤੋਂ ਸੱਤ ਸਮੁੰਦਰ ਪਾਰ ਬ੍ਰਤਾਨੀਆ ਵਿਖੇ ਵਸਦਿਆਂ ਉਪਰੋਕਤ ਚਿੰਤਨਸ਼ੀਲ ਅਨੁਭਵ ਪ੍ਰਾਪਤ ਕਰਕੇ ਉਸ ਨੂੰ ਆਪਣੇ ਛੰਦ ਪਰਾਗਿਆਂ ਵਿੱਚ ਪ੍ਰਗਟਾਉਣ ਵਿੱਚ ਸਫਲ ਹੋਇਆ ਹੈਕੇਵਲ 72 ਸਫਿਆਂ ਦੇ ਇਸ ਨਿਕ ਅਕਾਰੀ ਕਾਵਿ ਸੰਗ੍ਰਹਿ ਦਾ ਤਾਣਾ ਪੇਟਾ ਸਮੁੱਚੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ

ਲੋਕ ਸ਼ਕਤੀ ਦੇ ਰਚਾਇਤਾ ਅਨੁਸਾਰ ਬਹੁਗਿਣਤੀ ਸਮਾਜਿਕ ਅਤੇ ਆਰਥਿਕ ਬਿਮਾਰੀਆਂ ਦੀ ਜੜ੍ਹ ਸਾਮਰਾਜ ਹੈਸਾਮਰਾਜ ਨੇ ਜਿਸ ਕਿਸੇ ਵੀ ਸਮਾਜ ਨੂੰ ਘੁਣ ਵਾਂਗ ਲਗਦਾ, ਤਬਾਹ ਕਰ ਦਿੰਦਾ ਹੈ:

ਛੰਦ ਪਰਾਗੇ ਸਾਮਰਾਜ ਹੈ ਅਜਿਹਾ ਚੰਦਰਾ ਰੋਗ
ਜਿਸ ਦੇਸ ਵਿੱਚ ਜਾਵੇ ਉਸਦਾ ਪਾ ਦਿੰਦਾ ਹੈ ਭੋਗ

(ਪੰਨਾ 48)

ਕਵੀ ਦੀ ਦ੍ਰਿਸ਼ਟੀ ਵਿੱਚ ਇਸ ਰੋਗ ਦਾ ਇੱਕੋ ਇੱਕ ਇਲਾਜ ਲੋਕ ਸੰਗਰਾਮ ਹੈ:

ਛੰਦ ਪਰਾਗੇ ਲੋਕੋ! ਅਸਲੀ ਰਾਹ ਅਪਣਾਉਣਾ ਪੈਣਾ
ਹਾਕਮ ਹੱਕ ਕਦੀ ਨਹੀਂ ਦਿੰਦਾ ਖੋਹ ਕੇ ਲੈਣਾ ਪੈਣਾ

(ਪੰਨਾ 47)

ਇਸ ਲਈ ਕਵੀ ਵੰਗਾਰਦਾ ਹੈ ਕਿ

ਛੰਦ ਪਰਾਗੇ ਇੱਕ ਮੁੱਠ ਹੋ ਕੇ ਆਪਣੇ ਫਰਜ਼ ਪਛਾਣੋ
ਜਾਗੋ, ਉੱਠੋ, ਹੰਭਲਾ ਮਾਰੋ ਹੱਕ ਲਓ ਤੇ ਮਾਣੋ

(ਪੰਨਾ 47)

ਵਿਸ਼ਵ ਦੇ ਜਾਗਰੂਕ ਕਵੀਆਂ, ਕਲਾਕਾਰਾਂ ਅਤੇ ਚਿੰਤਕਾਂ ਵਾਂਗ ਪੱਤ੍ਰਕਾਰ ਗੌਰੀ ਲੰਕੇਸ਼ ਦੀ ਹੱਤਿਆ ਕਵੀ ਦੇ ਅੰਤਹਕਰਣ ਨੂੰ ਵਲੂੰਧਰ ਜਾਂਦੀ ਹੈ ਤਾਂ ਉਹ ਲਿਖਦਾ ਹੈ:

ਛੰਦ ਪਰਾਗੇ ਰੱਤ ਗੌਰੀ ਦੀ ਜਿੱਥੇ ਗਈ ਹੈ ਡੁੱਲ੍ਹ
ਉਸ ਜ਼ਿਮੀ ਵਿੱਚ ਪੈਦਾ ਹੋਣੇ ਸੁਰਖ ਗੁਲਾਬੀ ਫੁੱਲ

(ਪੰਨਾ 51)

ਲੋਕ ਪ੍ਰਚਲਤ ਅਤੇ ਲੋਕ ਪਿਆਰੇ ਕਾਵਿ ਰੂਪ, ਛੰਦ ਪਰਾਗੇ ਨੂੰ ਅਧਾਰ ਬਣਾਕੇ ਰਚੀ ਗਈ ਇਹ ਪੁਸਤਕ ‘ਲੋਕ ਸ਼ਕਤੀ’ ਆਧੁਨਿਕ ਭਾਰਤੀ ਰਾਜਨੀਤਕ, ਸਮਾਜਿਕ ਅਤੇ ਆਰਥਿਕ ਪ੍ਰਸਥਿਤੀਆਂ ਨੂੰ ਇੱਕ ਵਿਸ਼ੇਸ਼ ਦ੍ਰਿਸ਼ਟੀਕੋਣ ਤੋਂ ਦੇਖਣ, ਪਰਖਣ ਅਤੇ ਕਾਵਿ ਵਿੱਚ ਅਭਿਵਿਅਕਤ ਕਰਨ ਦਾ ਸਫਲ ਯਤਨ ਹੈਕੇਵਲ 72 ਪੰਨਿਆਂ ਦੇ ਇਸ ਨਿਕ ਅਕਾਰੀ ਕਾਵਿ ਦਾ ਤਾਣਾ ਪੇਟਾ ਸਮੁੱਚੇ ਬ੍ਰਹਿਮੰਡ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ ਅਤੇ ਵਿਸ਼ਵ ਭਰ ਦੇ ਕਾਮਿਆਂ ਦੀ ਅਵਾਜ਼ ਹੈਕਵੀ ਗੁਰਨਾਮ ਢਿੱਲੋਂ ਨੂੰ ਅਨੂਠੀ ਕਾਵਿ-ਰਚਨਾ ਲਈ ਵਧਾਈ

*   *   *

(ਸੰਪਰਕ 99154-73505) ਪਬਲਿਸ਼ਰ: ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ**

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਸੁਰਿੰਦਰ ਗਿੱਲ

ਡਾ. ਸੁਰਿੰਦਰ ਗਿੱਲ

Mohali, Punjab, India.
Phone: (91 - 99154 - 73505)