“ਇਹ ਜੀਵਨ ਅਮੁੱਲਾ ਹੈ। ਇੱਕ ਵਾਰ ਹੱਥੋਂ ਗਿਆ, ਮੁੜ ਹੱਥ ਨਹੀਂ ਆਉਂਦਾ। ਇਸ ਨੂੰ ਆਸ ਭਰਪੂਰ ...”
(30 ਅਗਸਤ)
H = S + C + V
Happiness = Set point (S) + Conditions (C) + Voluntary actions (V)
• Set point is your genetic baseline.
• Conditions are your life circumstances.
• Voluntary actions are the things you choose to do - like practicing gratitude or kindness - that can boost happiness.
ਗੁਰਨੂਰ ਸਰਦਾਰ ਹਰਬੰਸ ਸਿੰਘ ਦੀ ਲੜਕੀ, ਜਿਸਦਾ ਛੋਟਾ ਨਾਂ ਨੂਰ ਸੀ, ਉਸ ਨੂੰ ਰੱਬ ਨੇ ਰੱਜ ਕੇ ਰੂਪ ਦਿੱਤਾ। ਗੋਰਾ ਰੰਗ, ਤਿੱਖੇ ਨੈਣ ਨਕਸ਼ ਅਤੇ ਪਤਲੀ ਪਤੰਗ, ਪੜ੍ਹਾਈ ਵਿੱਚ ਵੀ ਬੜੀ ਹੁਸ਼ਿਆਰ। ਉਸਨੇ ਆਪਣੀ ਕਲਾਸ ਵਿੱਚੋਂ ਸਦਾ ਫਸਟ ਆਉਣਾ ਤੇ ਸਿਲਾਈ ਕਢਾਈ ਵਿੱਚ ਵੀ ਸਭ ਤੋਂ ਅੱਗੇ। ਪਰ ਪਤਾ ਨਹੀਂ ਕਿਉਂ ਉਸ ਨੂੰ ਰਸੋਈ ਦਾ ਕੰਮ ਕਾਜ ਬਹੁਤਾ ਨਹੀਂ ਸੀ ਆਉਂਦਾ। ਖਬਰੇ ਉਨ੍ਹਾਂ ਦੇ ਘਰ, ਰਸੋਈ ਵਿੱਚ ਕੰਮ ਕਰਨ ਵਾਲੇ ਨੌਕਰ ਚਾਕਰ ਸਨ, ਤਾਂ ਕਰਕੇ ਜਾਂ ਫਿਰ ਇਸ ਵਿੱਚ ਉਸਦੀ ਰੁਚੀ ਹੀ ਨਹੀਂ ਸੀ। ਅਜੇ ਉਹ ਬੀ.ਏ ਹੀ ਕਰ ਰਹੀ ਸੀ ਕਿ ਸਰਦਾਰ ਹਰਬੰਸ ਸਿੰਘ ਨੂੰ ਕਿਸੇ ਨੇ ਨੂਰ ਲਈ ਚੰਗੇ ਰਿਸ਼ਤੇ ਦੀ ਦੱਸ ਪਾਈ। ਉਨ੍ਹਾਂ ਨੂੰ ਇਹ ਰਿਸ਼ਤਾ ਪਸੰਦ ਆ ਗਿਆ ਕਿਉਂਕਿ ਲੜਕਾ ਇੰਗਲੈਂਡ ਤੋਂ ਪੜ੍ਹਕੇ ਆਇਆ ਸੀ ਤੇ ਉਸ ਕੋਲ ਜ਼ਮੀਨ ਜਾਇਦਾਦ ਵੀ ਖੁੱਲ੍ਹੀ ਸੀ, ਕੋਈ 200 ਏਕੜ ਦੇ ਨੇੜ ਤੇੜ। ਤੇ ਫਿਰ ਮਾਪਿਆਂ ਦਾ ਇੱਕੋ ਇੱਕ ਪੁੱਤ।
ਸ. ਗੁਰਦੀਪ ਸਿੰਘ ਦਾ ਇਕੱਲਾ ਪੁੱਤ ਤੇ ਮਾਪਿਆਂ ਨੇ ਉਸਦਾ ਨਾਂ ਰੱਖਿਆ ਰਾਜਦੀਪ, ਜਿਸ ਨੂੰ ਸਾਰੇ ਰਾਜਾ ਕਹਿਕੇ ਬਲਾਉਂਦੇ ਸਨ। ਸ. ਹਰਬੰਸ ਸਿੰਘ ਨੇ ਦੋਵੇਂ ਪਰਿਵਾਰਾਂ ਦੇ ਮਿਲਣ-ਮਿਲਾਉਣ ਦਾ ਸਮਾਂ ਰੱਖ ਦਿੱਤਾ। ਉਸ ਦਿਨ ਨੂਰ ਨੂੰ ਦੇਖਣ ਸਾਰ ਹੀ ਰਾਜੇ ਦੀ ਮੰਮੀ ਨੇ ਨੂਰ ਦੇ ਗਲ ਵਿੱਚ ਇੱਕ ਹਾਰ ਪਾ ਦਿੱਤਾ ਤੇ ਹੱਥ ’ਤੇ ਪੌਂਡ ਧਰ ਦਿੱਤਾ। ਰਿਸ਼ਤਾ ਪੱਕਾ ਹੋ ਗਿਆ। ਦੋਨੋਂ ਧਿਰਾਂ ਬਹੁਤ ਖੁਸ਼। ਨੂਰ ਦੇ ਮਾਪਿਆਂ ਨੂੰ ਸੋਹਣਾ ਸੁਨੱਖਾ ਮੁੰਡਾ ਮਿਲ ਗਿਆ। ਗੋਰਾ ਰੰਗ, ਨੈਣ ਨਕਸ਼ ਤਿੱਖੇ, ਮੋਟੀ ਅੱਖ ਇੰਜ ਲਗਦਾ ਸੀ ਕਿ ਜਿਵੇਂ ਰੱਬ ਨੇ ਉਸ ਨੂੰ ਵਿਹਲੇ ਵੇਲੇ ਆਪ ਹੀ ਬਣਾਇਆ ਹੋਵੇ। ਰਾਜੇ ਦੇ ਮਾਪੇ ਵੀ ਪੂਰੇ ਖੁਸ਼ ਸਨ ਕਿ ਉਨ੍ਹਾਂ ਦੇ ਬੇਟੇ ਲਈ ਸੋਹਣੀ ਸੁਨੱਖੀ ਅਤੇ ਸੁਲਝੀ ਹੋਈ ਕੁੜੀ ਮਿਲ ਗਈ ਹੈ।
ਵਿਆਹ ਦਾ ਦਿਨ ਧਰ ਦਿੱਤਾ ਗਿਆ। ਗੁਰਨੂਰ ਨੂੰ ਬਹੁਤ ਚਾਅ ਸੀ। ਉਹ ਚਾਈਂ-ਚਾਈਂ ਕਦੇ ਘਰ ਬੈਠੇ ਦਰਜੀ ਕੋਲ ਜਾਂਦੀ ਤੇ ਪੁੱਛਦੀ ਬਾਈ ਜੀ ਕੀ ਮੇਰੇ ਕੱਪੜੇ ਤਿਆਰ ਹੋ ਗਏ, ਤੇ ਕਦੇ ਉਹ ਰਜਾਈਆਂ ਗੁਦੈਲੇ ਭਰਨ ਵਾਲੇ ਤਾੜੇ ਕੋਲ ਜਾਂਦੀ ਜੋ ਘਰ ਵਿੱਚ ਤਾੜਾ ਲਾ ਕੇ ਤੁਨਕ-ਤੁਨਕ ਕਰ ਰਿਹਾ ਸੀ। ਹਰ ਪਾਸੇ ਹੀ ਖੁਸ਼ੀ ਦਾ ਮਾਹੌਲ ਸੀ। ਨੂਰ ਦੀ ਮੰਮੀ ਵੀ ਬਹੁਤ ਖੁਸ਼ ਸੀ। ਪਰ ਉਸਦੇ ਮਨ ਵਿੱਚ ਇੱਕ ਗੱਲ ਵਾਰ ਵਾਰ ਆਉਂਦੀ ਸੀ ਕਿ ਜੇ ਅੱਜ ਮੇਰੀ ਮਾਂ ਜਿਊਂਦੀ ਹੁੰਦੀ, ਮੈਂ ਉਸ ਨੂੰ ਦਿਖਾਉਂਦੀ ਕਿ ਦੇਖ ਮੇਰਾ ਜੁਆਈ! ਕਿਉਂਕਿ ਨੂਰ ਦੀ ਮੰਮੀ ਨੂੰ ਸ. ਹਰਬੰਸ ਸਿੰਘ ਬਹੁਤਾ ਪਸੰਦ ਨਹੀਂ ਸੀ। ਉਸਦਾ ਸੁਭਾਅ ਸਖਤ ਸੀ ਤੇ ਉਹ ਰੰਗ ਵੱਲੋਂ ਵੀ ਪੱਕਾ ਸੀ, ਜਦੋਂ ਕਿ ਨੂਰ ਦੀ ਮੰਮੀ ਦਾ ਰੰਗ ਗੋਰਾ ਸੀ। ਨੂਰ ਦੀ ਮੰਮੀ ਹਮੇਸ਼ਾ ਹੀ ਆਪਣੀ ਮਾਂ ਨੂੰ ਕੋਸਦੀ ਰਹਿੰਦੀ ਸੀ ਕਿ ਤੂੰ ਮੇਰੇ ਲਈ ਚੰਗਾ ਵਰ ਨਹੀਂ ਲੱਭਿਆ। ਅੱਗੋਂ ਨੂਰ ਦੀ ਨਾਨੀ ਨੇ ਕਹਿਣਾ, ਮੈਂ ਕਿਹੜਾ ਸੀਰੀ ਰਲੀ ਹੋਈ ਸੀ ਉਹਨਾਂ ਨਾਲ, ਤੂੰ ਹੁਣ ਚੰਗੇ ਜੁਆਈ ਲੱਭ ਲਈਂ। ਨੂਰ ਦੀ ਮੰਮੀ ਦੇ ਮਨ ਵਿੱਚ ਇਹ ਸਦੀਵੀ ਕੰਡਾ ਚੁਭਿਆ ਹੋਇਆ ਸੀ। ਚਾਹੇ ਹਰਬੰਸ ਸਿੰਘ ਕੋਲ ਜ਼ਮੀਨ ਜਾਇਦਾਦ ਬਹੁਤ ਸੀ ਪਰ ਉਹ ਕਹਿੰਦੀ ਕਿ ਕੀ ਮੈਂ ਸਿਰ ਮਾਰਨੀ ਹੈ ਜ਼ਮੀਨ ਜਾਇਦਾਦ ਜਦੋਂ ਮਨ ਚਾਹਿਆ ਵਰ ਹੀ ਨਾ ਮਿਲਿਆ। ਨੂਰ ਦੀ ਮਾਂ ਕਹਿੰਦੀ- ਮਾਂ ਅੱਜ ਤੂੰ ਜਿਊਂਦੀ ਹੁੰਦੀ ਤਾਂ ਮੈਂ ਤੈਨੂੰ ਦੱਸਦੀ, ਕਿ ਦੇਖ ਮੇਰਾ ਜੁਆਈ ਕਿੰਨਾ ਸੋਹਣਾ ਹੈ ਤੇ ਮੈਂ ਕਿਹੜਾ ਸੀਰੀ ਰਲ ਕੇ ਲੱਭਿਆ ਹੈ।
ਵਿਆਹ ਵਾਲਾ ਦਿਨ ਆ ਗਿਆ। ਸਰਦਾਰ ਦੇ ਆਪਣੇ ਘਰ ਹੀ ਜੰਝ ਦਾ ਢੁਕਾਅ ਹੋਇਆ। ਗੇਟ ’ਤੇ ਖੜ੍ਹੀਆਂ ਕੁੜੀਆਂ ਨੂਰ ਦੇ ਪਰਾਹੁਣੇ ਨੂੰ ਦੇਖਣ ਲਈ ਬਹੁਤ ਉਤਾਵਲੀਆਂ ਸਨ। ਰਾਜਦੀਪ ਦੇ ਕੇਸਰੀ ਪੱਗ ਬੰਨ੍ਹੀ ਹੋਈ ਹਿ ਤੇ ਕੇਸਰੀ ਹੀ ਅਚਕਨ ਪਾਈ ਹੋਈ। ਉਹ ਤਾਂ ਸਿਹਰੇ ਵਿੱਚੋਂ ਇੰਜ ਲੱਗ ਰਿਹਾ ਸੀ ਜਿਵੇਂ ਸਿਆਲ ਦਾ ਚੜ੍ਹਦਾ ਸੂਰਜ ਸੰਦਲੀ ਕਿਰਨਾਂ ਛੱਡ ਰਿਹਾ ਹੋਵੇ। ਗੋਰਾ ਰੰਗ, ਗੁਲਾਬੀ ਬੁੱਲ੍ਹਾਂ ਵਾਲਾ ਲਾੜਾ ਕਿਸੇ ਸਾਹਿਬਜ਼ਾਦੇ ਤੋਂ ਘੱਟ ਨਹੀਂ ਸੀ ਲੱਗ ਰਿਹਾ। ਜੰਝ ਵਿੱਚ ਆਏ ਸਾਰੇ ਜਾਂਝੀ ਚੰਗੇ ਅਫਸਰ ਜਾਪਦੇ ਸਨ। ਰਾਜਦੀਪ ਦੇ ਪਾਪਾ ਦੀ ਮਹਾਰਾਜਾ ਫਰੀਦਕੋਟ ਨਾਲ ਬਹੁਤ ਗੂੜ੍ਹੀ ਦੋਸਤੀ ਸੀ ਤੇ ਅੱਜ ਰਾਜਦੀਪ ਵੀ ਮਹਾਰਾਜਾ ਹੀ ਲੱਗ ਰਿਹਾ ਸੀ। ਕਨਾਤਾਂ ਦੇ ਪਿੱਛੋਂ ਕੁੜੀਆਂ ਦੇ ਗਾਉਣ ਦੀ ਅਵਾਜ਼ ਆ ਰਹੀ ਸੀ, “ਚੰਦ ਨਾਲ ਲਾਵਾਂ ਲੈ ਲਈਆਂ ਕੋਈ ਮੋਤੀ ਕੀਤੇ ਦਾਨ।” ਨੂਰ ਦੀ ਮੰਮੀ ਦੀ ਧਰਤੀ ਉੱਤੇ ਅੱਡੀ ਨਹੀਂ ਸੀ ਲੱਗ ਰਹੀ।
ਵਿਆਹ ਹੋ ਗਿਆ। ਨੂਰ ਨੂੰ ਵਿਦਾ ਕਰ ਦਿੱਤਾ ਗਿਆ। ਆਪਣੇ ਘਰ ਜਾ ਕੇ ਨੂਰ ਬਹੁਤ ਖੁਸ਼ ਸੀ ਕਿਉਂਕਿ ਰਾਜਦੀਪ ਦਾ ਸੁਭਾਅ ਬਹੁਤ ਹੀ ਚੰਗਾ ਸੀ। ਜਿੰਨਾ ਉਹ ਆਪ ਸੋਹਣਾ ਸੀ ਉਸ ਤੋਂ ਵੀ ਵੱਧ ਸੋਹਣੀ ਉਸਦੀ ਬੋਲ ਬਾਣੀ ਸੀ। ਉਹ ਹਰ ਇੱਕ ਨੂੰ ਜੀ ਕਹਿਕੇ ਬੁਲਾਉਂਦਾ। ਨੂਰ ਦੀਆਂ ਭੈਣਾਂ ਨੂੰ ਉਹ ਸਦਾ ‘ਬੀਬਾ ਜੀ’ ਕਹਿਕੇ ਬੁਲਾਉਂਦਾ। ਜਦੋਂ ਕਦੇ ਉਨ੍ਹਾਂ ਦੋਨਾਂ ਨੇ ਕਿਤੇ ਬਾਹਰ ਜਾਣਾ ਹੁੰਦਾ ਤਾਂ ਉਹ ਨੂਰ ਨੂੰ ਵੀ ਇਹੀ ਕਹਿੰਦਾ ਕਿ ਨੂਰ ਜੀ ਤੁਸੀਂ ਤਿਆਰ ਹੋ ਜਾਓ, ਆਪਾਂ ਘੁੰਮਣ ਜਾਣਾ ਹੈ। ਨੂਰ ਨੂੰ ਉਸਨੇ ਕਦੇ ਤੂੰ ਕਹਿ ਕੇ ਨਹੀਂ ਸੀ ਬੁਲਾਇਆ।
ਥੋੜ੍ਹੇ ਸਮੇਂ ਪਿੱਛੋਂ ਨੂਰ ਨੇ ਗਰਭ ਧਾਰਨ ਕਰ ਲਿਆ। ਉਸਦੇ ਸੱਸ ਸਹੁਰਾ ਬਹੁਤ ਖੁਸ਼ ਹੋਏ। ਨੂਰ ਦੇ ਰੰਗ ਰੂਪ ਵਿੱਚ ਹੋਰ ਵੀ ਨਿਖਾਰ ਆਉਣ ਲੱਗ ਪਿਆ। ਉਸਦੇ ਲਾਲ ਸੂਟ ਪਾਇਆ ਇੰਜ ਫਬਦਾ ਜਿਵੇਂ ਕੋਈ ਸਾਉਣ ਦੇ ਮਹੀਨੇ ਚੀਜ਼ ਵਹੁਟੀ ਹੋਵੇ। ਨੂਰ ਦੀ ਮੰਮੀ ਨੇ ਹਮੇਸ਼ਾ ਇਹੋ ਕਹਿਣਾ ਕਿ ਪੁੱਤ ਨਜ਼ਰ ਨਾ ਲੱਗ ਜਾਵੇ ਲੈ ਤੇਰੇ ਤੋਂ ਮਿਰਚਾਂ ਵਾਰ ਦੇਵਾਂ। ਨੂਰ ਦਾ ਵਿਆਹ ਹੋਏ ਨੂੰ ਅਜੇ ਇੱਕ ਸਾਲ ਤਿੰਨ ਮਹੀਨੇ ਹੀ ਹੋਏ ਸਨ ਜਦੋਂ ਉਸਦੇ ਸਹੁਰਿਆਂ ਤੋਂ ਸੁਨੇਹਾ ਆ ਗਿਆ ਕਿ ਰਾਜਦੀਪ ਬਿਮਾਰ ਹੈ। ਉਹ ਚੰਡੀਗੜ੍ਹ ਹਸਪਤਾਲ ਵਿੱਚ ਦਾਖਲ ਹੈ। ਨੂਰ ਦੀ ਮੰਮੀ ਦੇ ਹੱਥਾਂ ਦੇ ਭਾਂਡੇ ਛੁੱਟ ਗਏ। ਉਹ ਰੱਬ ਅੱਗੇ ਅਰਦਾਸਾਂ ਕਰਨ ਲੱਗੀ। ਹਰਬੰਸ ਸਿੰਘ ਤੇ ਉਸਦੀ ਪਤਨੀ ਦੋਵੇਂ ਆਪਣੇ ਜਵਾਈ ਕੋਲ ਚੰਡੀਗੜ੍ਹ ਪਹੁੰਚ ਗਏ ਤੇ ਗੁਰੂ ਅੱਗੇ ਤਰਲੇ ਪਾਉਣ ਲੱਗੇ- ਹੇ ਵਾਹਿਗੁਰੂ, ਤੂੰ ਬੱਚੇ ਦੇ ਸਿਰ ’ਤੇ ਹੱਥ ਰੱਖੀਂ। ਪਰ ਹੋਣਾ ਉਹੀ ਹੁੰਦਾ ਹੈ, ਜੋ ਕੁਦਰਤ ਨੂੰ ਮਨਜ਼ੂਰ ਹੁੰਦਾ ਹੈ।
ਰਾਜਦੀਪ ਹਸਪਤਾਲ ਵਿੱਚ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਗਿਆ। ਇਹ ਖ਼ਬਰ ਜਦੋਂ ਨੂਰ ਦੀ ਮੰਮੀ ਨੇ ਸੁਣੀ ਤਾਂ ਉਸਦਾ ਰੋਣ ਨਹੀਂ ਸੀ ਥੰਮ੍ਹ ਰਿਹਾ। ਉਹ ਕਿਵੇਂ ਆਪਣੀ ਧੀ ਨੂੰ ਹੌਸਲਾ ਦੇਵੇ। ਉਸਨੇ ਰੋਂਦੀ ਨੇ ਕਿਹਾ, “ਪੁੱਤ ਤੇਰੀ ਤਾਂ ਦੁਨੀਆਂ ਹੀ ਉੱਜੜ ਗਈ।”
ਨੂਰ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਬਾਹਾਂ ਵਿੱਚ ਪਾਈਆਂ ਚੂੜੀਆਂ ਟੁੱਟ ਕੇ ਖਿਲਰ ਗਈਆਂ। ਮਾਂ ਧੀ ਨੂੰ ਹੋਸ਼ ਵਿੱਚ ਲਿਆਉਣ ਲਈ ਦਲਾਸੇ ਦਿੰਦੀ ਰਹੀ। ਭੋਗ ਪੈ ਗਿਆ। ਕੇਲ ਕਰੇਂਦੇ ਹੰਝੁ ਨੂੰ ਅਚਿੰਤੇ ਬਾਜ਼ ਪਏ।
ਨੂਰ ਦੇ ਮਾਪੇ ਇਸ ਗੱਲ ’ਤੇ ਜ਼ੋਰ ਦੇਣ ਲੱਗੇ ਕਿ ਅਜੇ ਉਸਦੀ ਉਮਰ ਹੀ ਕੀ ਹੈ? ਕਿਉਂ ਨਾ ਉਸਦਾ ਦੁਬਾਰਾ ਵਿਆਹ ਕਰ ਦਿੱਤਾ ਜਾਵੇ। ਪਰ ਨੂਰ ਇਹ ਗੱਲ ਮੰਨਣ ਲਈ ਤਿਆਰ ਨਹੀਂ ਸੀ। ਉਹ ਕਹਿੰਦੀ ਜੋ ਇੱਜ਼ਤ ਪਿਆਰ ਮੈਨੂੰ ਰਾਜਦੀਪ ਨੇ ਦਿੱਤਾ ਹੈ, ਉਹ ਜੇਕਰ ਮੈਨੂੰ ਦੂਜੇ ਮਰਦ ਕੋਲ਼ੋਂ ਨਾ ਮਿਲਿਆ ਤਾਂ ਮੇਰੀ ਜ਼ਿੰਦਗੀ ਹੋਰ ਵੀ ਨਰਕ ਹੋ ਜਾਵੇਗੀ। ਮੈਂ ਰਾਜਦੀਪ ਨੂੰ ਨਹੀਂ ਭੁੱਲ ਸਕਦੀ। ਉਸਦਾ ਬੋਲਣ ਦਾ ਸੁਚੱਜਾ ਢੰਗ ਤੇ ਉਸਦਾ ਪਿਆਰ ਉਸ ਨੂੰ ਹੋਰ ਪਾਸੇ ਜਾਣ ਤੋਂ ਰੋਕ ਰਿਹਾ ਸੀ। ਹਾਰ ਕੇ ਮਾਪੇ ਹੀ ਪਿੱਛੇ ਹਟ ਗਏ। ਰਾਜਦੀਪ ਦੇ ਸੁਰਗਵਾਸ ਹੋਣ ਦੇ ਪੰਜ ਮਹੀਨੇ ਪਿੱਛੋਂ ਨੂਰ ਨੇ ਇੱਕ ਸੋਹਣੇ ਜਿਹੇ ਬੱਚੇ ਨੂੰ ਜਨਮ ਦਿੱਤਾ। ਆਸ ਦੀ ਇੱਕ ਨਵੀਂ ਕਿਰਨ ਜਾਗ ਉੱਠੀ। ਉਹ ਆਪਣੇ ਬੱਚੇ ਦੀ ਸੁੱਖ ਸੁਵਿਧਾ ਲਈ ਤਨ ਮਨ ਤੋਂ ਕੁਰਬਾਨ ਸੀ।
ਨੂਰ ਨੇ ਅੱਗੇ ਪੜ੍ਹਾਈ ਅਰੰਭ ਕਰ ਲਈ ਅਤੇ ਬੀ.ਏ ਪਾਸ ਕਰਨ ਪਿੱਛੋਂ ਐੱਮ.ਏ, ਐੱਮ. ਐੱਡ ਪਾਸ ਕਰ ਲਈ। ਅਤੇ ਉਸਨੇ ਇੱਕ ਪ੍ਰਈਵੇਟ ਸਕੂਲ ਵਿੱਚ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ। ਭਾਵੇਂ ਸਹੁਰੇ ਦੀ ਜ਼ਮੀਨ ਜਾਇਦਾਦ ਬਹੁਤ ਸੀ ਪਰ ਉਹ ਸੋਚਦੀ ਸੀ ਘਰੋਂ ਬਾਹਰ ਜਾ ਕੇ ਸ਼ਾਇਦ ਉਸਦਾ ਟਾਈਮ ਚੰਗਾ ਪਾਸ ਹੋ ਜਾਵੇਗਾ। ਹੁਣ ਉਹ ਇੱਕ ਮਾਂ ਦੇ ਫਰਜ਼ ਹੀ ਨਹੀਂ ਸਗੋਂ ਬਾਪ ਦੇ ਫਰਜ਼ ਵੀ ਇਮਾਨਦਾਰੀ ਨਾਲ ਨਿਭਾਉਣ ਲੱਗੀ। ਬੱਚੇ ਦੀ ਜ਼ਿੰਦਗੀ ਉਸਦੇ ਸਾਹਾਂ ਦੀ ਜ਼ਿੰਦਗੀ ਸੀ। ਉਹ ਉਸਦੀ ਅੱਖਾਂ ਦੀ ਜੋਤ ਸੀ। ਉਹ ਬੱਚੇ ਦੀ ਸੇਵਾ ਵਿੱਚ ਲੱਗੀ ਰਹਿੰਦੀ ਤਾਂ ਜੋ ਇਹ ਪੜ੍ਹ ਲਿਖ ਕੇ ਆਪਣਾ ਚੰਗਾ ਨਾਂ ਕਮਾਵੇ। ਉਸਨੇ ਆਪਣੀ ਜ਼ਮੀਨ ਜ਼ਾਇਦਾਦ ਦੀ ਢੁਕਵੀਂ ਦੇਖਭਾਲ ਕਰਨੀ ਸ਼ੁਰੂ ਕਰ ਦਿੱਤੀ। ਜਿਸਦੇ ਚੰਗੇ ਸਿੱਟੇ ਸਾਹਮਣੇ ਆਉਣ ਲੱਗੇ।
ਸਮਾਂ ਆਪਣੀ ਚਾਲ ਚੱਲਦਾ ਗਿਆ। ਉਸਦਾ ਪੁੱਤਰ ਪੜ੍ਹ ਲਿਖ ਤਾਂ ਗਿਆ ਪਰ ਕੰਮ ਕਾਰ ਵਿੱਚ ਉਸਦੀ ਰੁਚੀ ਨਹੀਂ ਸੀ। ਉਸਨੇ ਇੱਕ ਨੌਕਰੀ ਕੀਤੀ, ਕੇਵਲ ਦੋ ਮਹੀਨੇ ਲਈ ਹੀ ਅਤੇ ਛੱਡ ਦਿੱਤੀ। ਮਾਂ ਦੇ ਤਰਲੇ ਪਾਉਣ ਉੱਤੇ ਵੀ ਉਹ ਟੱਸ ਤੋਂ ਮੱਸ ਨਾ ਹੋਇਆ। ਉਨ੍ਹਾਂ ਦਿਨਾਂ ਵਿੱਚ ਹੀ ਨੂਰ ਦਾ ਸਹੁਰਾ ਵੀ ਸੁਰਗਵਾਸ ਹੋ ਗਿਆ। ਹੁਣ ਉਹ ਦੋਵੇਂ ਮਾਂ ਪੁੱਤ ਅਤੇ ਨੂਰ ਦੀ ਸੱਸ ਆਪਣਾ ਸਮਾਂ ਗੁਜ਼ਾਰ ਰਹੇ ਸਨ। ਨੂਰ ਦੀ ਸਮਰੱਥਾ ਦਿਨੋ ਦਿਨ ਘਟਦੀ ਜਾ ਰਹੀ ਸੀ। ਜਿਵੇਂ ਲੱਕੜ ਨੂੰ ਘੁਣ ਅੰਦਰੋ ਅੰਦਰੀ ਖਾਈ ਜਾਂਦਾ ਹੈ। ਉਹ ਆਪਣੀ ਉਮਰ ਨਾਲ਼ੋਂ ਜ਼ਿਆਦਾ ਬੁੱਢੀ ਲੱਗਣ ਲੱਗ ਪਈ। ਉਸਦੀ ਨਿੱਘਰਦੀ ਜਾਂਦੀ ਸਿਹਤ ਗਵਾਹੀ ਭਰ ਰਹੀ ਸੀ ਕਿ ਉਸ ਨੂੰ ਅੰਦਰੋਂ ਕੋਈ ਫਿਕਰ ਖਾ ਰਿਹਾ ਹੈ। ਉਸ ਨੂੰ ਚਾਰ ਚੁਫੇਰੇ ਹਨੇਰਾ ਹੀ ਹਨੇਰਾ ਜਾਪਦਾ ਸੀ, ਕਿਸੇ ਪਾਸੇ ਵੀ ਆਸ ਦੀ ਕਿਰਨ ਦਿਖਾਈ ਨਹੀਂ ਦੇ ਰਹੀ ਸੀ। ਆਖਰਕਾਰ ਉਸਨੇ ਆਪਣੇ ਪੁੱਤ ਦਾ ਵਿਆਹ ਕਰਨ ਦੀ ਸੋਚੀ। ਸ਼ਾਦੀ ਉਸਨੇ ਬੜੀ ਹੀ ਧੂਮਧਾਮ ਨਾਲ ਕੀਤੀ। ਸਾਰੇ ਰਿਸ਼ਤੇਦਾਰਾਂ ਅਤੇ ਸ਼ਹਿਰ ਦੇ ਸਿਰਕੱਢ ਲੋਕਾਂ ਨੇ ਉਸਦੀ ਬੜੀ ਪ੍ਰਸ਼ੰਸਾ ਕੀਤੀ।
ਦੋ ਸਾਲ ਪਿੱਛੋਂ ਉਸਦੇ ਘਰ ਇੱਕ ਨੰਨ੍ਹੀ ਜਿਹੀ ਬੇਟੀ ਨੇ ਜਨਮ ਲਿਆ। ਨੂਰ ਉਸ ਵਿੱਚ ਹੀ ਆਪਣਾ ਦਿਲ ਲਾਉਣ ਲੱਗੀ। ਬੇਟੇ ਨੇ ਗਲਤ ਸੰਗਤ ਵਿੱਚ ਪੈ ਕੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਇਸ ਸਮੇਂ ਵਿੱਚ ਉਸਦੇ ਘਰ ਇੱਕ ਹੋਰ ਪੋਤੀ ਨੇ ਜਨਮ ਲੈ ਲਿਆ।
ਇੱਕ ਦਿਨ ਨੂਰ ਨੂੰ ਇਹ ਸੁਣ ਕੇ ਵੱਡਾ ਝਟਕਾ ਲੱਗਾ ਕਿ ਉਸਦੇ ਬੇਟੇ ਨੇ ਬਹੁਤੀ ਸ਼ਰਾਬ ਪੀ ਕੇ ਆਪਣਾ ਮੂੰਹ ਮੱਥਾ ਸੱਟਾਂ ਨਾਲ ਭਨਾ ਲਿਆ ਹੈ। ਨੂਰ ਨੇ ਆਪਣੇ ਮੱਥੇ ’ਤੇ ਹੱਥ ਮਾਰਿਆ ਕਿ ਅਜੇ ਮੈਂ ਇਹ ਦਿਨ ਵੀ ਦੇਖਣੇ ਸਨ। ਮੈਂ ਕੀ ਭੁੰਨ ਕੇ ਬੀਜਿਆ ਸੀ। ਘਰ ਵਿੱਚ ਹਰ ਰੋਜ਼ ਦਾ ਝਗੜਾ ਹੋਣ ਲੱਗ ਪਿਆ। ਨੂਰ ਨੇ ਕਹਿਣਾ, “ਵੇ ਪੁੱਤ! ਮੈਂ ਤੈਨੂੰ ਕਿਵੇਂ ਪਾਲਿਆ ਹੈ, ਤੂੰ ਕੁਝ ਤਾਂ ਖਿਆਲ ਕਰ।” ਨੂਰ ਆਪਣੇ ਪਤੀ ਨੂੰ ਯਾਦ ਕਰਕੇ ਰੋਂਦੀ ਤੇ ਕਹਿੰਦੀ ਤੇਰੇ ਪਿਤਾ ਤਾਂ ਕਿੰਨੇ ਸਿਆਣੇ ਸੀ, ਤੂੰ ਕਿਸ ’ਤੇ ਚਲਿਆ ਗਿਆ। ਇਕੱਲੀ ਪਈ ਰਾਤਾਂ ਨੂੰ ਸੋਚਦੀ ਰਹਿੰਦੀ। ਫਿਰ ਉਸ ਨੂੰ ਰਾਜਦੀਪ ਦੇ ਵਿਛੋੜੇ ਦਾ ਦੁੱਖ, ਉਸਦੀ ਪੀੜਾਂ ਵਿੱਚੋਂ ਲੰਘਣਾ, ਹੋਰ ਵੀ ਲੰਬਾ ਹੋਣ ਲੱਗ ਪਿਆ। ਬਿਰਹਾ ਦੇ ਅੱਠੇ ਪਹਿਰ ਇਸ ਯਾਦ ਵਿੱਚ ਲੰਘ ਜਾਂਦੇ। ਉਸਨੇ ਕਹਿਣਾ ਕਿ ਜਿੰਨਾ ਚਿਰ ਮੈਂ ਸਿਵਿਆਂ ਵਿੱਚ ਨਹੀਂ ਜਾਂਦੀ ਪਤਾ ਨਹੀਂ ਉੰਨਾ ਚਿਰ ਹੋਰ ਅਜੇ ਕੀ-ਕੀ ਦੁੱਖ ਕੱਟਣੇ ਹਨ।
ਇੱਕ ਦਿਨ ਉਹ ਮੇਰੇ ਕੋਲ ਆਪਣੇ ਦੁੱਖਾਂ ਦਾ ਪਟਾਰਾ ਖੋਲ੍ਹ ਕੇ ਬੈਠ ਗਈ। ਮੈਂ ਪਹਿਲੋਂ ਵੀ ਉਸ ਨਾਲ ਦੁੱਖ ਸੁੱਖ ਕਰਦੀ ਰਹਿੰਦੀ ਸਾਂ। ਮੈਂ ਚੁੱਪ ਕਰਕੇ ਉਸ ਨੂੰ ਸੁਣਦੀ ਗਈ ਅਤੇ ਆਪਣੇ ਅੰਦਰੇ ਅੰਦਰ ਉਸਦੇ ਅੰਦਰ ਦੀ ਤਾਜ਼ਾ ਸਥਿਤੀ ਦੀ ਪੁਣਛਾਣ ਕਰਦੀ ਰਹੀ। ਜਦੋਂ ਉਹ ਆਪਣਾ ਢਿੱਡ ਫੋਲ ਕੇ ਸ਼ਾਂਤ ਹੋ ਗਈ ਤਾਂ ਮੈਂ ਕਿਹਾ ਕਿ ਦੇਖ ਭੈਣ ਮੇਰੀਏ! ਅਸੀਂ ਹਾਂ ਅਤੇ ਸਮਾਂ ਹੈ। ਸਮਾਂ ਸਾਡੇ ਨਾਲ਼ੋਂ ਬਹੁਤ ਬਲਬਾਨ ਹੈ। ਸਮੇਂ ਦੀਆਂ ਕੁਰੀਤੀਆਂ ਹੀ ਸਮਾਜ ਦੇ ਹਾਲ ਨੂੰ ਪੁੱਠਾ ਗੇੜ ਦੇ ਰਹੀਆਂ ਹਨ, ਜਿਸ ਵਿੱਚ ਗਿਣਤੀ ਦੇ ਲੋਕ ਹੀ ਮਾਲੋਮਾਲ ਹੋ ਰਹੇ ਹਨ ਪਰ ਅਨੇਕਾਂ ਦਾ ਘਾਣ ਹੋਈ ਜਾਂਦਾ ਹੈ। ਕਮੀਨੇ ਲੋਕ ਉੱਥੇ ਹੀ ਵਾਰ ਕਰਦੇ ਹਨ, ਜਿੱਥੇ ਕੁਝ ਖਾਣ ਨੂੰ ਹੁੰਦਾ ਹੈ। ਅਸੀਂ ਆਪਣੇ ਬੱਚੇ ਨੂੰ, ਜੋ ਸਾਡਾ ਭਵਿੱਖ ਹੈ, ਪੁੱਠੇ ਸਮੇਂ ਦੀ ਮਾਰ ਤੋਂ ਨਹੀਂ ਬਚਾ ਸਕੇ। ਕਿਤੇ ਨਾ ਕਿਤੇ ਗਲਤੀ ਸਾਡੇ ਤੋਂ ਵੀ ਹੋਈ ਹੈ।
“ਮੈਂ ਹੁਣ ਕੀ ਕਰਾਂ?“ ਨੂਰ ਨੇ ਪੁੱਛਿਆ।
“ਮੇਰੇ ਇੱਕ ਅੰਕਲ ਆਮ ਹੀ ਕਹਿੰਦੇ ਹਨ ਕਿ ਔਕੜ ਵਿੱਚ ਦਿਲ ਛੱਡ ਕੇ, ਢੇਰੀ ਢਾਇਆਂ ਕੁਝ ਨਹੀਂ ਬਣਦਾ, ਸਗੋਂ ਨੁਕਸਾਨ ਹੀ ਹੁੰਦਾ ਹੈ।” ਮੈਂ ਬੋਲੀ। “ਹਰ ਪਾਸੇ ਤੋਂ ਹਾਰ ਕੇ ਵੀ ਇਨਸਾਨ ਨੂੰ ਫਿਰ ਹਿੰਮਤ ਅਤੇ ਹੌਸਲੇ ਦਾ ਲੜ ਫੜਨਾ ਹੀ ਬਣਦਾ ਹੈ। ਰਹਿੰਦੇ ਜੀਵਨ ਭਰ ਸੋਚ ਸਮਝ ਅਤੇ ਯਤਨ ਕਰਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਜੀਵਨ ਸਵਾਰਨਾ ਚਾਹੀਦਾ ਹੈ। ਤੇਰੇ ਕੋਲ ਤੇਰਾ ਬੇਟਾ ਹੈ, ਉਸਦੇ ਪਰਿਵਾਰ ਵਿੱਚ ਅੱਗੇ ਪਤਨੀ ਅਤੇ ਦੋ ਬੇਟੀਆਂ ਹਨ। ਉਨ੍ਹਾਂ ਨਾਲ ਆਪਣੇ ਮੋਹ ਦੀਆਂ ਤੰਦਾਂ ਪੀਡੀਆਂ ਕਰ। ਜਾਂ ਫਿਰ ਕਿਸੇ ਹੋਰ ਬਾਹਰਲੇ ਬੱਚੇ ਨਾਲ ਮੋਹ ਪਾਲ਼ ਕਿਉਂਕਿ ਇਹ ਜੀਵਨ ਅਮੁੱਲਾ ਹੈ। ਇੱਕ ਵਾਰ ਹੱਥੋਂ ਗਿਆ, ਮੁੜ ਹੱਥ ਨਹੀਂ ਆਉਂਦਾ। ਇਸ ਨੂੰ ਆਸ ਭਰਪੂਰ ਜਿਊਣ ਲਈ ਬੰਦੇ ਨੂੰ ਪਿਆਰ ਅਤੇ ਆਹਰ ਦੋਹਾਂ ਦੀ ਲੋੜ ਹੁੰਦੀ ਹੈ। ਆਪ ਹੀ ਜਿਸ ਨਾਲ ਮੋਹ ਪੈਂਦਾ ਹੈ, ਪਾ ਲੈ। ਜਿੱਥੇ ਪਿਆਰ ਆਉਂਦਾ ਹੈ, ਉੱਥੇ ਆਹਰ ਵੀ ਆ ਹੀ ਜਾਂਦਾ ਹੈ। ਇਸੇ ਵਿੱਚ ਹੀ ਤੇਰੀ ਭਲਾਈ ਹੈ। ਇਸੇ ਵਿੱਚ ਹੀ ਸਭ ਦੇ ਭਲਾਈ ਹੈ। ਤੇ ਇਹ ਸਭ ਕੁਝ ਤੇਰੇ ਲਈ ਕਿਸੇ ਦੂਸਰੇ ਨੇ ਨਹੀਂ ਕਰਨਾ, ਇਹ ਜੁਗਾੜ ਤੈਂਨੂੰ ਆਪ ਹੀ ਕਰਨਾ ਹੈ।”
“ਗੱਲ ਤਾਂ ਤੇਰੀ ਠੀਕ ਹੈ ...।” ਨੂਰ ਦੇ ਬੁੱਲ੍ਹ ਫਰਕੇ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (