PrabhdeepSChawlaDr7ਦਿਵਿਆਂਗ ਵਿਅਕਤੀ ਸਾਡੇ ਭਰਾ-ਭੈਣ, ਬੱਚੇ, ਮਾਪੇ, ਦੋਸਤ ਅਤੇ ਸਾਥੀ ਨਾਗਰਿਕ ਹਨ। ਆਉ ...
(27 ਅਗਸਤ 2025)


ਅਸੀਂ ਸਾਰੇ ਇੱਕ ਮਨੁੱਖੀ ਸਮਾਜ ਦਾ ਹਿੱਸਾ ਹਾਂ
, ਜਿੱਥੇ ਹਰ ਵਿਅਕਤੀ ਨੂੰ ਬਰਾਬਰੀ ਅਤੇ ਇੱਜ਼ਤ ਨਾਲ ਜੀਣ ਦਾ ਅਧਿਕਾਰ ਹੈ। ਪ੍ਰੰਤੂ ਅਜੇ ਵੀ ਸਾਡੇ ਸਮਾਜ ਵਿੱਚ ਦਿਵਿਆਂਗਾਂ ਨਾਲ ਭੇਦਭਾਵ ਕੀਤਾ ਜਾਂਦਾ ਹੈ, ਉਨ੍ਹਾਂ ਨੂੰ ਨਫਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਅਤੇ ਸਮਾਜਿਕ ਕਲੰਕ ਕਿਹਾ ਜਾਂਦਾ ਹੈ। ਇਹ ਸਥਿਤੀ ਨਾ ਸਿਰਫ ਉਨ੍ਹਾਂ ਦੇ ਮਨੋਬਲ ਨੂੰ ਤੋੜਦੀ ਹੈ, ਸਗੋਂ ਉਨ੍ਹਾਂ ਦੀ ਤਰੱਕੀ ਵਿੱਚ ਵੀ ਰੁਕਾਵਟ ਬਣਦੀ ਹੈ। ਅਪੰਗਤਾ ਕੋਈ ਅਪਰਾਧ ਨਹੀਂ, ਨਾ ਹੀ ਇਹ ਕਿਸੇ ਵਿਅਕਤੀ ਦੀ ਯੋਗਤਾ ਨੂੰ ਮਾਪਣ ਦਾ ਪੈਮਾਨਾ ਹੈ। ਹਰ ਵਿਅਕਤੀ ਵਿੱਚ ਕੋਈ ਨਾ ਕੋਈ ਖਾਸ ਯੋਗਤਾ ਹੁੰਦੀ ਹੈ, ਭਾਵੇਂ ਉਸਦੀ ਸਰੀਰਕ ਜਾਂ ਮਾਨਸਿਕ ਸਥਿਤੀ ਕੁਝ ਵੀ ਹੋਵੇ। ਰਾਸ਼ਟਰੀ ਸਰਵੇਖਣ 2018 ਅਨੁਸਾਰ ਭਾਰਤ ਦੇ 2.68 ਕਰੋੜ (2.21%) ਵਿਅਕਤੀ ਦਿਵਿਆਂਗ ਹਨ। 75% ਦਿਵਿਆਂਗ ਵਿਅਕਤੀ ਗੁਆਂਢੀਆਂ ਜਾਂ ਰਿਸ਼ਤੇਦਾਰਾਂ ਦੇ ਭੇਦਭਾਵ ਦਾ ਸ਼ਿਕਾਰ ਹੁੰਦੇ ਹਨ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਦਿਵਿਆਂਗ ਲੋਕਾਂ ਦੀ ਮਦਦ ਕਰੀਏ, ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਲ ਕਰਨ ਲਈ ਪ੍ਰੇਰਿਤ ਕਰੀਏ। ਉਨ੍ਹਾਂ ਨੂੰ ਵੀ ਸਿੱਖਿਆ, ਰੋਜ਼ਗਾਰ ਅਤੇ ਹੋਰ ਸੁਵਿਧਾਵਾਂ ਪ੍ਰਾਪਤ ਕਰਨ ਦੇ ਮੌਕੇ ਮਿਲਣੇ ਚਾਹੀਦੇ ਹਨ। ਜਦੋਂ ਅਸੀਂ ਉਨ੍ਹਾਂ ਨੂੰ ਆਪਣੇ ਹੁਨਰ ਨੂੰ ਨਿਖਾਰਨ ਦਾ ਮੌਕਾ ਦਿੰਦੇ ਹਾਂ ਤਾਂ ਉਹ ਵੀ ਸਮਾਜ ਵਿੱਚ ਸਹਿਯੋਗ ਕਰ ਸਕਦੇ ਹਨ ਅਤੇ ਆਪਣੇ ਟੀਚੇ ਪ੍ਰਾਪਤ ਕਰ ਸਕਦੇ ਹਨ। ਪ੍ਰੰਤੂ ਅਫਸੋਸ ਦੀ ਗੱਲ ਹੈ ਕਿ ਅਜੇ ਵੀ ਸਾਡੇ ਵਿੱਚ ਦਿਵਿਆਂਗ ਵਿਅਕਤੀਆਂ ਨੂੰ ਹੀਣ ਭਾਵਨਾ, ਭੇਦਭਾਵ ਅਤੇ ਕਈ ਵਾਰ ਨਫ਼ਰਤ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਇਹ ਸਿਰਫ਼ ਇੱਕ ਸਮਾਜਿਕ ਬੁਰਾਈ ਹੀ ਨਹੀਂ, ਸਗੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਅਪੰਗਤਾ ਕੋਈ ਕਮੀ ਨਹੀਂ, ਇੱਕ ਵੱਖਰੀ ਯੋਗਤਾ ਹੈ। ਕਿਸੇ ਵਿਅਕਤੀ ਦਾ ਦਿਵਿਆਂਗ ਹੋਣਾ ਕਾਬਲੀਅਤ, ਹੁਨਰ ਜਾਂ ਸੰਭਾਵਨਾ ਨੂੰ ਪਰਿਭਾਸ਼ਿਤ ਨਹੀਂ ਕਰਦਾ। ਹਰੇਕ ਵਿਅਕਤੀ ਵਿੱਚ ਅਨੋਖੀ ਸ਼ਕਤੀ ਅਤੇ ਯੋਗਤਾ ਹੁੰਦੀ ਹੈ। ਕਈ ਅਜਿਹੇ ਵਿਅਕਤੀ ਹਨ ਜਿਨ੍ਹਾਂ ਨੇ ਭਾਵੇਂ ਉਨ੍ਹਾਂ ਨੂੰ ਚੱਲਣ, ਦੇਖਣ, ਬੋਲਣ-ਸੁਣਨ ਜਾਂ ਸਿੱਖਣ ਵਿੱਚ ਔਖਿਆਈਆਂ ਹਨ ਪਰ ਆਪਣੇ ਪੱਕੇ ਇਰਾਦੇ ਅਤੇ ਹੌਸਲੇ ਨਾਲ ਅਜਿਹੇ ਵਿਅਕਤੀਆਂ ਨੇ ਕਲਾ, ਵਿਗਿਆਨ, ਖੇਡਾਂ, ਟੈਕਨਾਲੋਜੀ, ਸਿੱਖਿਆ, ਵਪਾਰ ਅਤੇ ਹੋਰ ਬਹੁਤ ਸਾਰੇ ਖੇਤਰਾਂ ਵਿੱਚ ਸਫਲਤਾ ਦੀਆਂ ਉੱਚੀਆਂ ਮੰਜ਼ਿਲਾਂ ਹਾਸਲ ਕੀਤੀਆਂ ਹਨ। ਸਭ ਤੋਂ ਪਹਿਲਾਂ, ਸਾਨੂੰ ਆਪਣੀ ਸੋਚ ਬਦਲਣੀ ਚਾਹੀਦੀ ਹੈ। ਦਿਵਿਆਂਗ ਵਿਅਕਤੀ ਨਾਲ ਸਤਿਕਾਰ ਨਾਲ ਪੇਸ਼ ਆਉਣਾ ਚਾਹੀਦਾ ਹੈ, ਤਰਸ ਜਾਂ ਡਰ ਨਾਲ ਨਹੀਂ। ਉਹਨਾਂ ਦੀਆਂ ਚੁਣੌਤੀਆਂ ਨੂੰ ਸਮਝੋ। ਅਪਾਹਿਜ ਜਾਂ ਨਕਾਰਾ ਕਹਿ ਕੇ ਹਾਸੇ-ਮਖੌਲ ਦਾ ਪਾਤਰ ਬਣਾਉਣਾ, ਛੇੜਨਾ ਜਾਂ ਚਿੜਾਉਣਾ ਇੱਕ ਕਿਸਮ ਦਾ ਮਾਨਸਿਕ ਸ਼ੋਸ਼ਣ ਹੈ। ਅਪਮਾਨਜਨਕ ਸ਼ਬਦਾਂ ਦੀ ਵਰਤੋਂ ਨਾ ਕਰੋ। ਵਿਅਕਤੀ ਨਿਸ਼ਚਿਤ ਸਮਰੱਥਾ ਨਾਲ, ਵੀਲ ਚੇਅਰ ਯੂਜ਼ਰ, ਵਿਜ਼ੂਅਲੀ ਚੈਲੰਜਡ, ਦਿਵਿਆਂਗਜਨ ਵਰਗੇ ਸਤਿਕਾਰਜਨਕ ਸ਼ਬਦਾਂ ਦੀ ਵਰਤੋਂ ਕਰੋ। ਜੇ ਕੋਈ ਵਿਅਕਤੀ ਵੀਲ ਚੇਅਰ ’ਤੇ ਹੈ ਜਾਂ ਕਿਸੇ ਹੋਰ ਸਹਾਇਕ ਉਪਕਰਣ ਦੀ ਵਰਤੋਂ ਕਰ ਰਿਹਾ ਹੈ ਤਾਂ ਉਸਦੇ ਲਈ ਰਾਹ ਬਣਾਓ, ਰੁਕਾਵਟਾਂ ਹਟਾਓ, ਜ਼ਰੂਰਤ ਪੈਣ ’ਤੇ ਮਦਦ ਦੀ ਪੇਸ਼ਕਸ਼ ਕਰੋ, ਪਰ ਜਬਰਨ ਮਦਦ ਨਾ ਕਰੋ। ਹਰੇਕ ਬੱਚੇ ਨੂੰ, ਭਾਵੇਂ ਉਸਦੀ ਅਪੰਗਤਾ ਕੋਈ ਵੀ ਹੋਵੇ, ਗੁਣਵੱਤਾਪੂਰਨ ਸਿੱਖਿਆ ਪ੍ਰਾਪਤ ਕਰਨ ਦਾ ਅਧਿਕਾਰ ਹੈ। ਸਾਰੇ ਸਕੂਲਾਂ ਨੂੰ ਵਿਸ਼ੇਸ਼ ਸਿਖਲਾਈ ਪ੍ਰਾਪਤ ਅਧਿਆਪਕ, ਸੰਕੇਤਕ ਭਾਸ਼ਾ ਮਾਹਿਰ ਅਤੇ ਢੁਕਵੀਂ ਸਿਖਲਾਈ ਸਮੱਗਰੀ, ਸਾਜੋ-ਸਾਮਾਨ ਨਾਲ ਲੈਸ ਕਰਨਾ ਚਾਹੀਦਾ ਹੈ। ਕੰਪਨੀਆਂ, ਸੰਗਠਨਾਂ ਅਤੇ ਸੰਸਥਾਵਾਂ ਨੂੰ ਚਾਹੀਦਾ ਹੈ ਕਿ ਉਹ ਯੋਗ ਦਿਵਿਆਂਗ ਉਮੀਦਵਾਰਾਂ ਨੂੰ ਨੌਕਰੀਆਂ ਤੇ’ ਰੱਖਣ ਲਈ ਖੁੱਲ੍ਹੇ ਦਿਲ ਅਤੇ ਦਿਮਾਗ ਨਾਲ ਵਿਚਾਰ ਕਰਨ। ਉਨ੍ਹਾਂ ਦੇ ਹੁਨਰ ਅਤੇ ਲਗਨ ’ਤੇ ਧਿਆਨ ਦੇਣ, ਉਨ੍ਹਾਂ ਦੀਆਂ ਸਰੀਰਕ ਸੀਮਾਵਾਂ ਤੇ ਨਹੀਂ। ਉਨ੍ਹਾਂ ਦੀ ਕੰਮ ਕਰਨ ਦੀ ਜਗ੍ਹਾ ਨੂੰ ਜ਼ਰੂਰੀ ਸਹੂਲਤਾਂ ਜਿਵੇਂ ਰੈਂਪ, ਵਿਸ਼ੇਸ਼ ਕੰਪਿਊਟਰ ਸਾਫਟਵੇਅਰ, ਅਪਰੇਟਸ-ਮਸ਼ੀਨਾਂ, ਇੰਟਰਪਰੇਟਰ ਆਦਿ ਅਤੇ ਲਚਕੀਲਾ ਸਮਾਂ ਪ੍ਰਦਾਨ ਕਰੋ। ਉਨ੍ਹਾਂ ਨੂੰ ਸਮਾਜਿਕ, ਸੱਭਿਆਚਾਰਕ ਅਤੇ ਰਾਜਨੀਤਿਕ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਮੌਕਾ ਦਿਓ, ਉਨ੍ਹਾਂ ਦੀ ਰਾਏ ਮਹੱਤਵਪੂਰਨ ਹੈ।

ਸਰਕਾਰ ਨੂੰ ਅਪੀਲ: ਸਮਾਜਕ ਜਾਗਰੂਕਤਾ ਦੇ ਨਾਲ-ਨਾਲ ਸਰਕਾਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਹ ਇਸ ਨੈਤਿਕ ਜ਼ਿੰਮੇਵਾਰੀ ਨੂੰ ਨਿਭਾਉਂਦੇ ਹੋਏ ਦਿਵਿਆਂਗ ਨਾਗਰਿਕਾਂ ਲਈ ਪ੍ਰਭਾਵਸ਼ਾਲੀ ਸਹੂਲਤਾਂ ਦਾ ਪ੍ਰਬੰਧ ਕਰੇ। ਦਿਵਿਆਂਗਾਂ ਲਈ ਵਿਸ਼ੇਸ਼ ਰੋਜ਼ਗਾਰ ਮੁਹਿੰਮ ਚਲਾਈ ਜਾਵੇ, ਨਵੀਂਆਂ ਸਰਕਾਰੀ ਅਸਾਮੀਆਂ ਸਥਾਪਿਤ ਕੀਤੀਆਂ ਜਾਣ ਅਤੇ ਸਰਕਾਰੀ ਵਿਭਾਗਾਂ ਵਿੱਚ ਖਾਲੀ ਪਈਆਂ ਇਨ੍ਹਾਂ ਦੇ ਕੋਟੇ ਦੀਆਂ ਰਾਖਵੀਆਂ ਅਸਾਮੀਆਂ ਤੁਰੰਤ ਭਰੀਆਂ ਜਾਣ। ਸਾਰੀਆਂ ਪਬਲਿਕ ਇਮਾਰਤਾਂ ਜਿਵੇਂ ਸਕੂਲ, ਹਸਪਤਾਲ, ਦਫਤਰ, ਬੈਂਕ, ਆਵਾਜਾਈ ਟਰਮੀਨਲ, ਪਾਰਕਾਂ ਅਤੇ ਫੁੱਟਪਾਥਾਂ ਵਿੱਚ ਰੈਂਪ, ਲਿਫਟਾਂ, ਵਿਸ਼ੇਸ਼ ਪਖਾਨੇ ਅਤੇ ਬਰੇਲ ਚਿੰਨ੍ਹਾਂ ਦਾ ਪ੍ਰਬੰਧ ਹੋਣਾ ਚਾਹੀਦਾ ਹੈ। ਇਹ ਸਹੂਲਤਾਂ ਸਿਰਫ ਕਾਗਜ਼ਾਂ ’ਤੇ ਨਹੀਂ, ਅਸਲ ਵਿੱਚ ਲਾਗੂ ਹੋਣੀਆਂ ਚਾਹੀਦੀਆਂ ਹਨ।

ਦਿਵਿਆਂਗ ਵਿਅਕਤੀਆਂ ਨੂੰ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਦੇ ਕੇ ਸੁਤੰਤਰ ਕੰਮਾਂ ਲਈ ਵਿਸ਼ੇਸ਼ ਵਿੱਤੀ ਸਹਾਇਤਾ ਗ੍ਰਾਂਟ, ਰਿਆਇਤੀ ਕਰਜ਼ੇ ਅਤੇ ਮਾਰਗਦਰਸ਼ਨ ਮੁਹਈਆ ਕਰਵਾਇਆ ਜਾਵੇ। ਯੋਗ ਦਿਵਿਆਂਗ ਵਿਅਕਤੀਆਂ ਨੂੰ ਨੌਕਰੀ ਦੇਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਅਤੇ ਅਦਾਰਿਆਂ ਨੂੰ ਟੈਕਸ ਰਿਆਇਤਾਂ ਜਾਂ ਹੋਰ ਲਾਭ ਦਿੱਤੇ ਜਾਣ। ਦਿਵਿਆਂਗ ਵਿਅਕਤੀਆਂ ਨੂੰ ਮੁਫਤ ਅਤੇ ਵਧੀਆ ਸਿਹਤ ਸੇਵਾਵਾਂ ਅਤੇ ਸਹਾਇਕ ਉਪਕਰਣ ਜਿਵੇਂ ਸਟਿੱਕ, ਵੀਲਚੇਅਰ, ਕੰਨਾਂ ਦੀ ਮਸ਼ੀਨ, ਆਡੀਓ ਏਡਜ਼ ਅਤੇ ਆਦਿ ਦੀ ਆਸਾਨ ਉਪਲਬਧਤਾ ਕਰਵਾਈ ਜਾਵੇ, ਹਰ ਜ਼ਿਲ੍ਹੇ ਵਿੱਚ ਵਿਸ਼ੇਸ਼ ਫਿਜ਼ੀਓਥੈਰੇਪੀ ਸੈਂਟਰ ਅਤੇ ਬਣਾਉਟੀ ਅੰਗ ਲਾਉਣ ਦੇ ਸਹਿ-ਸੈਂਟਰ ਖੋਲ੍ਹੇ ਜਾਣ। ਪਬਲਿਕ ਟਰਾਂਸਪੋਰਟ ਵਿੱਚ ਆਡੀਓ ਅਨਾਊਂਸਮੈਂਟ ਅਤੇ ਰੈਂਪ ਲਾਉਣਾ ਲਾਜ਼ਮੀ ਕੀਤਾ ਜਾਵੇ। ਲੋਕਾਂ ਨੂੰ ਜਾਗਰੂਕ ਕਰਨ ਲਈ ਵਿੱਦਿਅਕ ਅਦਾਰਿਆਂ ਅਤੇ ਹਰ ਪਿੰਡ-ਕਸਬੇ ਵਿੱਚ ਅਪੰਗ ਵਿਅਕਤੀਆਂ ਦੇ ਹੱਕਾਂ ਅਤੇ ਕਾਨੂੰਨਾਂ ਸਬੰਧੀ ਜਾਗਰੂਕਤਾ ਬਾਰੇ ਸੈਮੀਨਾਰ ਲਾਏ ਜਾਣ। ਮੀਡੀਆ ਰਾਹੀਂ ਦਿਵਿਆਂਗ ਸਫਲ ਵਿਅਕਤੀਆਂ ਦੀਆਂ ਕਹਾਣੀਆਂ ਪ੍ਰਸਾਰਿਤ ਕੀਤੀਆਂ ਜਾਣ, ਦਿਵਿਆਂਗ ਵਿਅਕਤੀਆਂ ਦੇ ਅਧਿਕਾਰਾਂ ਦੀ ਰੱਖਿਆ ਕਰਨ ਵਾਲੇ ਕਾਨੂੰਨਾਂ ਨੂੰ ਸਰਕਾਰ ਸਖ਼ਤੀ ਨਾਲ ਲਾਗੂ ਕਰੇ।

ਦਿਵਿਆਂਗ ਵਿਅਕਤੀ ਸਾਡੇ ਭਰਾ-ਭੈਣ, ਬੱਚੇ, ਮਾਪੇ, ਦੋਸਤ ਅਤੇ ਸਾਥੀ ਨਾਗਰਿਕ ਹਨ। ਆਉ ਅਜਿਹੇ ਸਮਾਜ ਦੀ ਰਚਨਾ ਕਰੀਏ ਜਿੱਥੇ ਹਰੇਕ ਵਿਅਕਤੀ, ਉਸਦੀਆਂ ਸਰੀਰਕ ਜਾਂ ਮਾਨਸਿਕ ਸੀਮਾਵਾਂ ਦੇ ਬਾਵਜੂਦ ਆਤਮ-ਸਨਮਾਨ ਨਾਲ ਜੀਣ ਅਤੇ ਆਪਣੀਆਂ ਸੰਭਾਵਨਾਵਾਂ ਨੂੰ ਪੂਰਾ ਕਰਨ ਦੇ ਯੋਗ ਹੋਵੇ। ਦਿਵਿਆਂਗਾਂ ਨੂੰ ਅਪੀਲ ਹੈ ਕਿ ਉਹ ਦਿਵਿਆਂਗਜਨ ਸਸ਼ਕਤੀਕਰਨ ਵਿਭਾਗ, ਭਾਰਤ ਸਰਕਾਰ ਵੱਲੋਂ ਜਾਰੀ ਰਾਸ਼ਟਰੀ ਸੂਚਨਾ ਹੈਲਪ ਲਾਈਨ ਨੰਬਰ 14456 ਡਾਇਲ ਕਰਕੇ ਜਾਣਕਾਰੀ, ਮਾਰਗਦਰਸ਼ਨ ਅਤੇ ਸਲਾਹ ਸੇਵਾਵਾਂ ਦਾ ਲਾਭ ਲੈ ਸਕਦੇ ਹਨ।

*       *       *       *       *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਡਾ. ਪ੍ਰਭਦੀਪ ਸਿੰਘ ਚਾਵਲਾ

ਡਾ. ਪ੍ਰਭਦੀਪ ਸਿੰਘ ਚਾਵਲਾ

Dept. Of Health and Family Welfare, Faridkot, Punjab India.
Phone: (91 - 98146 - 56257)
Email: (chawlahealthmedia@gmail.com)

More articles from this author