“13 ਦਸੰਬਰ 1976 ਨੂੰ ਵੱਡੀ ਜੱਦੋਜਹਿਦ ਪਿੱਛੋਂ ਲੰਡਨ ਤੋਂ ਸ਼ਹੀਦ ਮਦਨ ਲਾਲ ਢੀਂਗਰਾ ਦੀਆਂ ਅਸਥੀਆਂ ...”
(17 ਅਗਸਤ 2025)
“ਮੇਰਾ ਯਕੀਨ ਹੈ ਕਿ ਇੱਕ ਕੌਮ ਜਿਸ ਨੂੰ ਬੰਦੂਕ ਦੀ ਨੋਕ ’ਤੇ ਦਬਾ ਕੇ ਰੱਖਿਆ ਜਾਵੇ, ਉਹ ਨਿਰੰਤਰ ਲੜਾਈ ਦੀ ਅਵਸਥਾ ਵਿੱਚ ਹੁੰਦੀ ਹੈ, ਕਿਉਂਕਿ ਇੱਕ ਬਿਨਾਂ ਹਥਿਆਰ ਦੇ ਕੌਮ ਲਈ ਆਹਮੋ-ਸਾਹਮਣੇ ਲੜਾਈ ਲੜਨੀ ਨਾ ਮੁਮਕਿਨ ਹੁੰਦੀ ਹੈ, ਇਸ ਲਈ ਮੈਂ ਬਿਨਾਂ ਦੱਸਿਆਂ ਹਮਲਾ ਕੀਤਾ। ਕਿਉਂਕਿ ਮੈਨੂੰ ਬੰਦੂਕਾਂ ਨਹੀਂ ਦਿੱਤੀਆਂ ਗਈਆਂ, ਇਸ ਲਈ ਮੈਂ ਆਪਣਾ ਪਿਸਤੌਲ ਕੱਢਿਆ ਤੇ ਫਾਇਰ ਕਰ ਦਿੱਤਾ। ਸਰੀਰਕ ਅਤੇ ਬੌਧਿਕ ਪੱਖੋਂ ਕਮਜ਼ੋਰ ਹੋਣ ਕਰਕੇ ਮੇਰੇ ਵਰਗਾ ਪੁੱਤਰ ਆਪਣੀ ਮਾਂ ਨੂੰ ਸਿਵਾਏ ਆਪਣੇ ਖ਼ੂਨ ਦੇ ਹੋਰ ਦੇ ਵੀ ਕੀ ਸਕਦਾ ਹੈ। ਇਸ ਲਈ ਮੈਂ ਉਸਦੀ ਹਾਲਤ ਬਦਲਣ ਲਈ ਆਪਣਾ ਖ਼ੂਨ ਕੁਰਬਾਨ ਕਰ ਦਿੱਤਾ। ਇਸ ਸਮੇਂ ਭਾਰਤੀਆਂ ਨੂੰ ਇੱਕੋ ਸਬਕ ਸਿੱਖਣਾ ਚਾਹੀਦਾ ਹੈ ਕਿ ਕਿਵੇਂ ਮਰਿਆ ਜਾਵੇ ਅਤੇ ਮਰ ਕੇ ਹੀ ਅਜਿਹਾ ਪਾਠ ਦੂਜਿਆਂ ਨੂੰ ਪੜ੍ਹਾਇਆ ਜਾਵੇ। ਮੇਰੀ ਰੱਬ ਅੱਗੇ ਪ੍ਰਾਰਥਨਾ ਹੈ ਕਿ ਮੈਂ ਉਸੇ ਮਾਂ ਦੀ ਕੁੱਖੋਂ ਮੁੜ ਜਨਮ ਲਵਾਂ ਅਤੇ ਮੁੜ ਇਸੇ ਪਵਿੱਤਰ ਕਾਰਜ ਲਈ ਮੁੜ ਮਰਾਂ ਤੇ ਇਹ ਪ੍ਰਕਿਰਿਆ ਉਸ ਸਮੇਂ ਤੀਕ ਜਾਰੀ ਰਹੇ ਜਦੋਂ ਤੀਕ ਮੇਰਾ ਪਵਿੱਤਰ ਕਾਰਜ ਸਫ਼ਲ ਨਹੀਂ ਹੋ ਜਾਂਦਾ। ਬੰਦੇ ਮਾਤਰਮ!”
ਇਹ ਸ਼ਬਦ 22 ਸਾਲ ਦੇ ਮਦਨ ਲਾਲ ਢੀਂਗਰਾ ਨੇ 17 ਅਗਸਤ 1909 ਈ. ਨੂੰ ਲੰਡਨ ਦੀ ਪੈਂਟੋਵਿਲੇ ਜੇਲ੍ਹ ਵਿੱਚ ਫ਼ਾਂਸੀ ਦੇ ਤਖ਼ਤ ’ਤੇ ਚੜ੍ਹਨ ਤੋਂ ਪਹਿਲਾਂ ਕਹੇ।” ਉਹ ਬਰਤਾਨੀਆ ਵਿੱਚ ਫ਼ਾਂਸੀ ਦੇ ਤਖ਼ਤੇ ’ਤੇ ਚੜ੍ਹਨ ਵਾਲਾ ਪਹਿਲਾ ਸ਼ਹੀਦ ਸੀ।
ਮਦਨ ਲਾਲ ਢੀਂਗਰਾ ਦਾ ਜਨਮ 18 ਫਰਵਰੀ 1883 ਈ. ਦਿਨ ਐਤਵਾਰ ਨੂੰ ਅੰਮ੍ਰਿਤਸਰ ਦੇ ਅਮੀਰ ਪਰਿਵਾਰ ਵਿੱਚ ਹੋਇਆ ਜੋ 1850 ਈ. ਵਿੱਚ ਸਾਹੀਵਾਲ ਤੋਂ ਅੰਮ੍ਰਿਤਸਰ ਆਇਆ ਸੀ। ਉਸਦੇ ਪਿਤਾ ਸਾਹਿਬ ਦਿੱਤਾ ਮਲ ਅੱਖਾਂ ਦੇ ਮਸ਼ਹੂਰ ਡਾਕਟਰ ਸਨ ਜੋ ਕਿ ਸਿਵਲ ਹਸਪਤਾਲ ਗੁਰਦਾਸਪੁਰ, ਹਿਸਾਰ ਅਤੇ ਅੰਮ੍ਰਿਤਸਰ ਸਿਵਲ ਸਰਜਨ ਰਹੇ। ਕਿਹਾ ਜਾਂਦਾ ਹੈ ਕਿ ਉਹ ਪਹਿਲੇ ਭਾਰਤੀ ਸਨ, ਜਿਹੜੇ ਇਸ ਉੱਚੀ ਪਦਵੀ ’ਤੇ ਬਿਰਾਜਮਾਨ ਹੋਏ। ਉਨ੍ਹਾਂ ਨੂੰ ਅੰਗਰੇਜ਼ਾਂ ਦੇ ਚੰਗੇ ਮਿੱਤਰ ਹੋਣ ਕਰਕੇ ਅੰਗਰੇਜ਼ਾਂ ਨੇ ਰਾਇ ਸਾਹਿਬ ਦੇ ਖ਼ਿਤਾਬ ਨਾਲ ਨਿਵਾਜ਼ਿਆ ਹੋਇਆ ਸੀ। ਇਹ ਪਰਿਵਾਰ ਬਹੁਤ ਹੀ ਅਮੀਰ ਅਤੇ ਪੜ੍ਹਿਆਂ ਲਿਖਿਆਂ ਦਾ ਪਰਿਵਾਰ ਸੀ। ਇਨ੍ਹਾਂ ਦੀ ਅੰਮ੍ਰਿਤਸਰ ਵਿੱਚ ਕਟੜਾ ਸ਼ੇਰ ਸਿੰਘ ਵਿੱਚ ਬਹੁਤ ਜਾਇਦਾਦ ਸੀ ਅਤੇ ਇਹ ਪਰਿਵਾਰ ਅੰਗਰੇਜ਼ੀ ਹਕੂਮਤ ਦਾ ਵਫ਼ਾਦਾਰ ਸੀ।
ਮਦਨ ਲਾਲ ਨੇ ਮਿਉਂਸਿਪਲ ਕਾਲਜ ਲਾਹੌਰ ਵਿੱਚ ਕੁਝ ਸਮਾਂ ਪੜ੍ਹਾਈ ਕੀਤੀ। ਉਸਦੇ ਪਿਤਾ ਉਸ ਨੂੰ ਆਪਣੇ ਕਾਰੋਬਾਰ ਵਿੱਚ ਲਾਉਣਾ ਚਾਹੁੰਦੇ ਸਨ ਪਰ ਉਹ ਉੁੱਥੋਂ ਆਪਣੇ ਵੱਡੇ ਭਰਾ ਦੀ ਸਲਾਹ ਨਾਲ ਉਚੇਰੀ ਪੜ੍ਹਾਈ ਲਈ 1906 ਵਿੱਚ ਇੰਗਲੈਂਡ ਚਲਾ ਗਿਆ ਤੇ ਯੂਨੀਵਰਸਿਟੀ ਕਾਲਜ ਲੰਡਨ ਵਿੱਚ ਦਾਖ਼ਲਾ ਲੈ ਲਿਆ। ਉੱਥੇ ਇੰਡੀਆ ਹਾਊਸ ਵਿੱਚ ਉਸਦਾ ਮੇਲ ਪ੍ਰਸਿੱਧ ਇਨਕਲਾਬੀ ਵਿਨਾਇਕ ਦਮੋਦਰ ਸਾਵਰਕਰ ਨਾਲ ਹੋਇਆ ਤੇ ਉਸ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ। ਉਨ੍ਹਾਂ ਦਿਨਾਂ ਵਿੱਚ ਇੰਡੀਆ ਹਾਊਸ ਦੀ ਵਰਤੋਂ ਵਿਦਿਆਰਥੀਆਂ ਦੇ ਹੋਸਟਲ ਵਜੋਂ ਹੁੰਦੀ ਸੀ। ਪਰ ਇਹ ਭਾਰਤੀ ਸਿਆਸਤਦਾਨਾਂ ਦਾ ਅੱਡਾ ਵੀ ਸੀ, ਜਿਸ ਨੂੰ ਕਿ 1905 ਈ. ਵਿੱਚ ਸ਼ਿਆਮ ਜੀ ਕ੍ਰਿਸ਼ਨਾ ਵਰਮਾ ਨੇ ਖਰੀਦ ਲਿਆ ਸੀ। ਉਹ ਬੰਗਾਲੀ ਇਨਕਲਾਬੀਆਂ ਖ਼ੁਦੀ ਰਾਮ ਬੋਸ, ਕਨਹਾਲੀ ਲਾਲ, ਨਰੇਂਦਰ ਅਤੇ ਹੋਰ ਇਨਕਲਾਬੀਆਂ ਦੇ ਕਾਰਨਾਮਿਆਂ ਤੋਂ ਬਹੁਤ ਪ੍ਰਭਾਵਿਤ ਸੀ। ਉਸਨੇ ਦੂਜੇ ਇਨਕਲਾਬੀਆਂ ਨਾਲ ਵੀ ਸੰਬੰਧ ਸਥਾਪਤ ਕਰ ਲਏ, ਜਿਨ੍ਹਾਂ ਵਿੱਚ ਸ਼ਿਆਮ ਜੀ ਕ੍ਰਿਸ਼ਨਾ ਵਰਮਾ, ਲਾਲਾ ਹਰਦਿਆਲ, ਗਿਆਨ ਚੰਦ ਅਤੇ ਕੋਰੇ ਗਾਕਰ ਆਦਿ ਸ਼ਾਮਲ ਸਨ। ਇਨ੍ਹਾਂ ਸਾਰਿਆਂ ਦਾ ਸੰਬੰਧ ਇੰਡੀਆ ਹਾਊਸ ਨਾਲ ਸੀ। ਉਸਨੇ ਇੰਡੀਅਨ ਹੋਮ ਰੂਲ ਸੋਸਾਇਟੀ ਅਤੇ ਅਭਿਵਨਵ ਭਾਰਤ ਸੋਸਾਇਟੀ, ਜਿਸਦੇ ਕਿ ਸੰਸਥਾਪਕ ਸਾਵਰਕਰ ਸਨ, ਨਾਲ ਗੂੜ੍ਹੇ ਸੰਬੰਧ ਬਣਾ ਲਏ। ਸਾਵਰਕਾਰ ਨੇ ਢੀਂਗਰਾ ਨੂੰ ਹਥਿਆਰ ਚਲਾਉਣ ਦੀ ਟ੍ਰੇਨਿੰਗ ਦਿੱਤੀ। ਉਨ੍ਹਾਂ ਦਿਨਾਂ ਵਿੱਚ ਦੇਸ਼ ਭਗਤ ਖ਼ੁਦੀ ਰਾਮ ਬੋਸ, ਸਤਿੰਦਰ ਪਾਲ, ਕਾਂਸ਼ੀ ਰਾਮ ਅਤੇ ਕਨਈ ਦੱਤ ਨੂੰ ਫਾਂਸੀ ਲਾਉਣ ਤੇ 8 ਜੂਨ 1909 ਨੂੰ ਵੀਰ ਸਾਰਵਰਕਰ ਦੇ ਵੱਡੇ ਭਰਾ ਗਣੇਸ਼ ਦਮੋਦਰ ਸਾਰਵਰਕਰ ਨੂੰ ਕਾਲੇ ਪਾਣੀ ਦੀ ਸਜ਼ਾ ਦਿੱਤੀ ਗਈ। ਮਦਨ ਲਾਲ ਢੀਂਗਰਾ, ਸਾਵਰਕਰ ਤੇ ਇੰਗਲੈਂਡ ਵਿਚਲੇ ਹੋਰ ਇਨਕਲਾਬੀ ਭਾਰਤੀਆਂ ਨੂੰ ਬਹੁਤ ਗ਼ੁੱਸਾ ਸੀ ਤੇ ਉਹ ਇਸਦਾ ਬਦਲਾ ਲੈਣਾ ਚਾਹੰਦੇ ਸਨ।
ਲੰਡਨ ਵਿੱਚ ਰਹਿੰਦੇ ਭਾਰਤੀਆਂ ਨੇ ਭਾਰਤੀ ਵਿਦਿਆਰਥੀਆਂ ਨੂੰ ਆਪਣੇ ਵੱਲ ਖਿੱਚਣ ਲਈ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਬਣਾਈ ਹੋਈ ਸੀ। ਮਿਸ ਐਮਾ ਜੋਸਫੀਨ ਬੈਕ ਇਸਦੀ ਸੈਕਟਰੀ ਸੀ। ਢੀਂਗਰਾ ਮਾਰਚ 1909 ਵਿੱਚ ਇਸ ਦਫਤਰ ਗਿਆ ਤੇ ਇਸ ਸੰਸਥਾ ਦਾ ਮੈਂਬਰ ਬਣਨ ਦੀ ਇੱਛਾ ਪ੍ਰਗਟ ਕੀਤੀ। ਉਸ ਨੂੰ ਅਪਰੈਲ 1909 ਵਿੱਚ ਮੈਂਬਰ ਬਣਾ ਲਿਆ ਗਿਆ। ਉਸਨੇ ਇੱਕ ਰਿਵਾਲਵਰ ਤੇ ਦੋ ਪਿਸਤੌਲ ਇੱਕ ਵਿਅਕਤੀ ਪਾਸੋਂ ਖਰੀਦੇ ਅਤੇ ਇਨ੍ਹਾਂ ਦੀ ਵਰਤੋਂ ਕਰਨ ਦੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ।
1 ਜੁਲਾਈ 1909 ਨੂੰ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਦਾ ਸਲਾਨਾ ਦਿਵਸ ਸੀ। ਇੰਪੀਅਰਲ ਇਨਸਟੀਚਿਊਟ ਦੇ ਜਹਾਂਗੀਰ ਹਾਲ ਨੂੰ ਇਸ ਸਮਾਗਮ ਲਈ ਚੁਣਿਆ ਗਿਆ। ਢੀਂਗਰਾ ਨੇ ਐਮਾ ਬੈਕ ਪਾਸੋਂ ਸਾਰੀ ਜਾਣਕਾਰੀ ਪ੍ਰਾਪਤ ਕਰਕੇ ਸਾਵਰਕਰ ਨਾਲ ਆਪਣੀ ਯੋਜਨਾ ਤਿਆਰ ਕੀਤੀ। ਉਸ ਪੰਜਾਬੀ ਅੰਦਾਜ਼ ਵਿੱਚ ਅਸਮਾਨੀ ਰੰਗ ਦੀ ਪਗੜੀ ਬੰਨ੍ਹੀ ਤੇ ਟਾਈ ਸਮੇਤ ਇੱਕ ਸ਼ਾਨਦਾਰ ਸੂਟ ਪਹਿਨਿਆ। ਉਸਨੇ ਕੋਟ ਦੀਆਂ ਜੇਬਾਂ ਵਿੱਚ ਇੱਕ ਰਿਵਾਲਵਰ, ਦੋ ਪਸਤੌਲ ਅਤੇ ਦੋ ਚਾਕੂ ਰੱਖੇ। ਢੀਂਗਰਾ ਪਾਰਟੀ ਵਿੱਚ ਸ਼ਾਮ 8 ਵਜੇ ਪੁੱਜਾ। ਰਾਤ ਦੇ ਸਵਾ ਦਸ ਵੱਜੇ ਭਾਰਤ ਵਿਚਲੇ ਸੈਕਟਰੀ ਆਫ ਸਟੇਟ ਦੇ ਰਾਜਸੀ ਸਹਾਇਕ ਸਰ ਵਿਲੀਅਮ ਹਟ ਕਰਜ਼ਨ ਵਾਇਲੀ ਅਤੇ ਉਸਦੀ ਪਤਨੀ ਪੁੱਜੇ। ਵਾਇਲੀ ਭਾਰਤੀ ਵਿਦਿਆਰਥੀਆਂ ਦੀ ਖ਼ੁਫ਼ੀਆ ਨਿਗਰਾਨੀ ਕਰਦਾ ਸੀ। ਉਹ ਉਨ੍ਹਾਂ ਨੂੰ ਪ੍ਰੇਸ਼ਾਨ ਕਰਦਾ ਸੀ। ਭਾਰਤੀ ਵਿਦਿਆਰਥੀ ਉਸ ਤੋਂ ਦੁਖੀ ਸਨ। ਇਸ ਲਈ ਮਦਨ ਲਾਲ ਨੇ ਉਸ ਨੂੰ ਮਾਰਨ ਦਾ ਮਨ ਬਣਾਇਆ ਸੀ। ਉਨ੍ਹਾਂ ਨੂੰ ਦੇਖ ਕੇ ਉਸ ਨੂੰ ਜੋਸ਼ ਚੜ੍ਹ ਗਿਆ। ਗਿਆਰਾਂ ਵਜੇ ਦੇ ਕਰੀਬ ਸਾਰੀ ਕਾਰਵਾਈ ਮੁਕੰਮਲ ਹੋਈ। ਵਾਇਲੀ ਸਟੇਜ ਤੋਂ ਉੱਤਰਕੇ ਲੋਕਾਂ ਨੂੰ ਗ਼ੈਰ-ਰਸਮੀ ਮਿਲਣ ਲੱਗਾ। ਢੀਂਗਰਾ ਨੇ ਉਸਦੇ ਮੂੰਹ ’ਤੇ 5 ਗੋਲੀਆਂ ਦਾਗ਼ੀਆਂ ਜਿਨ੍ਹਾਂ ਵਿੱਚੋਂ 4 ਆਪਣੇ ਨਿਸ਼ਾਨੇ ’ਤੇ ਲੱਗੀਆਂ। ਇੱਕ ਪਾਰਸੀ ਡਾਕਟਰ ਕੋਵਾਸਜੀ ਲਲਕਾਰਾ, ਜਿਸਨੇ ਕਿ ਵਾਇਲੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, 6ਵੀਂ ਤੇ 7ਵੀਂ ਗੋਲੀ ਦਾ ਨਿਸ਼ਾਨਾ ਬਣਿਆ। ਮਦਨ ਲਾਲ ਨੇ ਇਸ ਸਬੰਧੀ ਅਦਾਲਤ ਨੂੰ ਵੀ ਦੱਸਿਆ ਕਿ ਲਲਕਾਰਾ ਨੂੰ ਮਾਰਨ ਦਾ ਉਸਦਾ ਕੋਈ ਇਰਾਦਾ ਨਹੀਂ ਸੀ ਤੇ ਇਹ ਦੁਰਘਟਨਾ ਵੱਸ ਹੋ ਗਿਆ। ਜਦੋਂ ਭੀੜ ਵਿੱਚੋਂ ਕਿਸੇ ਨੇ ਉਸ ਨੂੰ ਕਾਤਲ ਕਿਹਾ ਤਾਂ ਉਸਨੇ ਕਿਹਾ ਕਿ ਮੈਂ ਦੇਸ਼ ਭਗਤ ਹਾਂ ਤੇ ਆਪਣੀ ਮਾਤ ਭੂਮੀ ਨੂੰ ਗ਼ੁਲਾਮੀ ਦੀ ਪੰਜਾਲੀ ਵਿੱਚੋਂ ਬਾਹਰ ਕੱਢਣਾ ਚਾਹੁੰਦਾ ਹਾਂ। ਬਿਨਾਂ ਕਿਸੇ ਡਰ ਅਤੇ ਖ਼ੌਫ਼ ਦੇ ਉਸਨੇ ਕਿਹਾ, “ਜੋ ਮੈਂ ਕੀਤਾ ਹੈ, ਉਸ ਲਈ ਮੈਂ ਹੱਕਦਾਰ ਹਾਂ। ਜੇ ਜਰਮਨੀਆਂ ਨੇ ਇੰਗਲੈਂਡ ’ਤੇ ਕਬਜ਼ਾ ਕੀਤਾ ਹੁੰਦਾ ਤਾਂ ਇੰਗਲੈਂਡ ਵਾਸੀ ਨੇ ਵੀ ਇਹੋ ਕੁਝ ਕਰਨਾ ਸੀ।”
ਮਦਨ ਲਾਲ ਨੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ। ਉਸਨੇ ਖ਼ੁਦ ਗ੍ਰਿਫਤਾਰੀ ਦਿੱਤੀ। ਉਸ ਨੂੰ 7 ਦਿਨਾਂ ਲਈ ਪੁਲਿਸ ਹਵਾਲੇ ਕੀਤਾ ਗਿਆ। ਉਹ ਇਨ੍ਹਾਂ ਦਿਨਾਂ ਵਿੱਚ ਉਸ ਬਿਆਨ ਨੂੰ ਤਿਆਰ ਕਰਨ ਵਿੱਚ ਰੁਝਾ ਰਿਹਾ ਜੋ ਕਿ ਉਸਨੇ ਅਦਾਲਤ ਵਿੱਚ ਦੇਣਾ ਸੀ। 10 ਜੁਲਾਈ ਨੂੰ ਜਦੋਂ ਉਸ ਨੂੰ ਮੈਜਿਸਟਰੇਟ ਅੱਗੇ ਪੇਸ਼ ਕੀਤਾ ਗਿਆ ਤਾਂ ਉਸਨੇ ਇਹ ਬਿਆਨ ਉੱਚੀ ਪੜ੍ਹ ਕੇ ਸੁਣਾਇਆ, ਜਿਸ ਵਿੱਚ ਉਸਨੇ ਕਿਹਾ, “ਮੈਂ ਆਪਣੇ ਕੀਤੇ ਕੰਮ ਦੀ ਸੁਰੱਖਿਆ ਲਈ ਕੁਝ ਨਹੀਂ ਕਹਿਣਾ ਚਾਹੁੰਦਾ। ਮੈਂ ਨਹੀਂ ਸਮਝਦਾ ਹਾਂ ਕਿ ਇੰਗਲੈਂਡ ਦੀ ਅਦਾਲਤ ਨੂੰ ਮੈਨੂੰ ਸਜ਼ਾ ਦੇਣ ਜਾਂ ਜੇਲ੍ਹ ਵਿੱਚ ਬੰਦੀ ਰੱਖਣ ਦਾ ਕੋਈ ਅਧਿਕਾਰ ਹੈ ਅਤੇ ਮੇਰਾ ਇਹ ਕਹਿਣਾ ਹੈ ਕਿ ਜੇ ਇਸ ਦੇਸ਼ ਨੂੰ ਜਰਮਨਾਂ ਨੇ ਆਪਣੇ ਕਬਜ਼ੇ ਵਿੱਚ ਕੀਤਾ ਹੁੰਦਾ ਤੇ ਇੰਗਲੈਸ਼ਮੈਨ ਦਾ ਜਰਮਨੀਆਂ ਖ਼ਿਲਾਫ਼ ਲੜਨਾ ਦੇਸ਼ ਭਗਤੀ ਹੁੰਦੀ ਤਾਂ ਮੇਰੇ ਇਸ ਕੇਸ ਵਿੱਚ ਅੰਗਰੇਜ਼ਾਂ ਖ਼ਿਲਾਫ਼ ਲੜਨਾ ਉਸ ਨਾਲੋਂ ਵੀ ਜ਼ਿਆਦਾ ਹੱਕੀ ਅਤੇ ਦੇਸ਼ ਭਗਤੀ ਵਾਲਾ ਕਾਰਜ ਹੈ। ਮੈਂ 50 ਸਾਲਾਂ ਵਿੱਚ ਆਪਣੇ ਦੇਸ਼ ਵਾਸੀਆਂ ਦੇ 80 ਲੱਖ ਕਤਲਾਂ ਲਈ ਅੰਗਰੇਜ਼ਾਂ ਨੂੰ ਜ਼ਿੰਮੇਵਾਰ ਮੰਨਦਾ ਹਾਂ। ਉਹ ਹਰ ਸਾਲ 10 ਕਰੋੜ ਪੌਂਡ ਭਾਰਤ ਤੋਂ ਇੱਥੇ ਲਿਆਉਣ ਲਈ ਜ਼ਿੰਮੇਵਾਰ ਹਨ। ਮੈਂ ਉਨ੍ਹਾਂ ਨੂੰ ਹਜ਼ਾਰਾਂ ਦੇਸ਼ਵਾਸੀਆਂ ਨੂੰ ਫਾਂਸੀ ਲਾਉਣ ਅਤੇ ਜਲਾਵਤਨੀ ਲਈ ਜ਼ਿੰਮੇਵਾਰ ਸਮਝਦਾ ਹਾਂ।”
23 ਜੁਲਾਈ ਨੂੰ ਓਲਡ ਬੈਲੇ ਕੋਰਟ, ਲੰਡਨ ਵਿੱਚ ਮੁਕੱਦਮੇ ਦੀ ਕਾਰਵਾਈ ਹੋਈ। 20 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਅਦਾਲਤ ਨੇ 17 ਅਗਸਤ 1909 ਨੂੰ ਫਾਂਸੀ ਲਾਉਣ ਦਾ ਫੈਸਲਾ ਦੇ ਦਿੱਤਾ। ਜਦੋਂ ਜੱਜ ਨੇ ਸਜ਼ਾ ਸੁਣਾਈ ਤਾਂ ਮਦਨ ਲਾਲ ਢੀਂਗਰਾ ਨੇ ਗਰਜਵੀਂ ਆਵਾਜ਼ ਵਿੱਚ ਕਿਹਾ, “ਮੈਨੂੰ ਮਾਣ ਹੈ ਕਿ ਮੈਂ ਆਪਣੇ ਦੇਸ਼ ਲਈ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਹੈ। ਪਰ ਯਾਦ ਰੱਖੋ ਆਉਂਦੇ ਦਿਨਾਂ ਵਿੱਚ ਸਮਾਂ ਸਾਡਾ ਹੋਵੇਗਾ।” ਮਦਨ ਲਾਲ ਢੀਂਗਰਾ ਨੇ ਆਪਣੀ ਸਹਾਇਤਾ ਲਈ ਕੋਈ ਵਕੀਲ ਨਹੀਂ ਕੀਤਾ ਤੇ ਅੰਤ ਉਸ ਨੂੰ 17 ਅਗਸਤ 1909 ਨੂੰ ਲੰਡਨ ਦੀ ਪੈਂਟੋਨਵਿਲੇ ਜੇਲ੍ਹ ਵਿੱਚ ਫਾਂਸੀ ’ਤੇ ਚੜ੍ਹਾ ਦਿੱਤਾ ਗਿਆ।
ਮਦਨ ਲਾਲ ਢੀਂਗਰਾ ਨੂੰ ਲਾਵਾਰਸ ਕੈਦੀ ਘੋਸ਼ਿਤ ਕਰਕੇ ਜੇਲ੍ਹ ਵਿੱਚ ਹੀ ਇੱਕ ਆਮ ਵਿਅਕਤੀ ਦੀ ਤਰ੍ਹਾਂ ਦਫ਼ਨਾ ਦਿੱਤਾ ਗਿਆ ਤੇ ਇੱਕ ਇੱਟ ਲਾ ਦਿੱਤੀ ਗਈ ਜਿਸ ’ਤੇ ਲਿਖਿਆ ਸੀ ਐੱਮ ਐੱਲ ਡੀ। ਇਸਦਾ ਪਤਾ ਵੀ ਉਸ ਸਮੇਂ ਲੱਗਾ ਜਦੋਂ ਸ਼ਹੀਦ ਊਧਮ ਸਿੰਘ ਦੀਆਂ ਅਸਥੀਆਂ ਭਾਰਤ ਲਿਆਉਣੀਆਂ ਸਨ ਤਾਂ ਸ਼ਹੀਦ ਊਧਮ ਸਿੰਘ ਦੀ ਕਬਰ ਲੱਭਦਿਆਂ ਲੱਭਦਿਆਂ ਇਹ ਇੱਟ ਨਜ਼ਰ ਪਈ। ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਹ ਮਦਨ ਲਾਲ ਢੀਂਗਰਾ ਦੀ ਕਬਰ ਹੈ।
ਬਰਤਾਨੀਆ ਅਤੇ ਭਾਰਤ ਦੀ ਜ਼ਿਆਦਾਤਰ ਪ੍ਰੈੱਸ ਨੇ ਢੀਂਗਰਾ ਦੀ ਕਾਰਵਾਈ ਦੀ ਨਿੰਦਿਆ ਕੀਤੀ। ਮਹਾਤਮਾ ਗਾਂਧੀ ਨੇ ਵੀ ਵਾਇਲੀ ਦੇ ਕਤਲ ਦੀ ਨਖੇਧੀ ਕੀਤੀ। ਇੰਗਲੈਂਡ ਦੇ ਇੰਡੀਅਨ ਸੋਸ਼ਿਆਲੋਜੀ ਪਰਚੇ ਨੇ ਢੀਂਗਰਾ ਦੀ ਹਮਦਰਦੀ ਵਿੱਚ ਲੇਖ ਲਿਖਿਆ। ਇਸ ਲੇਖ ਲਿਖਣ ਬਦਲੇ ਇਸਦੇ ਪ੍ਰਿੰਟਰ ਗਾਈ ਅਲਡਰੈਡ ਨੂੰ 12 ਮਹੀਨੇ ਦੀ ਕੈਦ ਹੋਈ।
ਮਦਨ ਲਾਂਲ ਢੀਂਗਰਾ ਫ਼ਾਂਸੀ ਚੜ੍ਹਨ ਤੋਂ ਪਹਿਲਾਂ ਇੱਕ ਬਿਆਨ ਅਖ਼ਬਾਰਾਂ ਨੂੰ ਦੇਣਾ ਚਾਹੁੰਦਾ ਸੀ ਪਰ ਉਸਦੀ ਇਹ ਇੱਛਾ ਪੂਰੀ ਨਾ ਕੀਤੀ ਗਈ। ਪਰ ਉਹ ਇੱਕ ਵਿਦੇਸ਼ੀ ਮਹਿਲਾ ਪੱਤਰਕਾਰ ਦੀ ਸਹਾਇਤਾ ਨਾਲ ਦੇਸ਼ ਵਾਸੀਆਂ ਦੇ ਨਾਂ ਸੰਦੇਸ਼ ਦੇਣ ਵਿੱਚ ਕਾਮਯਾਬ ਹੋ ਗਿਆ। ਉਸਦਾ ਇਹ ਬਿਆਨ ਫ਼ਰਾਂਸੀਸੀ ਅਖ਼ਬਾਰਾਂ ਵਿੱਚ ਫ਼ਾਂਸੀ ਵਾਲੇ ਦਿਨ ਪ੍ਰਕਾਸ਼ਿਤ ਹੋਇਆ।
ਢੀਂਗਰਾ ਦੀ ਇਸ ਦਲੇਰਾਨਾ ਕਾਰਵਾਈ ਅਤੇ ਸ਼ਹਾਦਤ ਨੇ ਭਾਰਤੀ ਨੌਜੁਆਨਾਂ ਨੂੰ ਹਥਿਆਰਬੰਦ ਸੰਘਰਸ਼ ਦਾ ਰਾਹ ਦਿਖਾਉਣ ਲਈ ਇੱਕ ਚਿੰਗਿਆੜੀ ਦਾ ਕੰਮ ਕੀਤਾ ਕਿਉਂਕਿ ਉਹ ਉਨ੍ਹਾਂ ਲਈ ਪਹਿਲਾ ਰੋਲ ਮਾਡਲ ਬਣਿਆ। ਉਹ ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ, ਸ਼ਹੀਦ ਚੰਦਰ ਸ਼ੇਖਰ ਆਦਿ ਨੌਜੁਆਨਾਂ ਦਾ ਉਹ ਪ੍ਰੇਰਨਾ ਸ੍ਰੋਤ ਸੀ। ਡਾ. ਸੈਫ਼ੁਲ ਦੀਨ ਕਿਚਲੂ ਵੀ ਉਸ ਸਮਾਗਮ ਵਿੱਚ ਸ਼ਾਮਲ ਸੀ, ਜਿਸ ਵਿੱਚ ਢੀਂਗਰਾ ਨੇ ਵਾਇਲੀ ਦਾ ਕਤਲ ਕੀਤਾ ਸੀ ਤੇ ਸ਼ਾਇਦ ਇਹੋ ਹੀ ਕਾਰਨ ਸੀ ਕਿ ਉਸਨੇ ਅੰਮ੍ਰਿਤਸਰ ਆ ਕੇ ਆਜ਼ਾਦੀ ਦੀ ਲਹਿਰ ਵਿੱਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ ਅਤੇ ਉਸਨੇ ਸਾਰੀ ਉਮਰ ਹਿੰਦੂ ਮੁਸਲਮ ਏਕਤਾ ਅਤੇ ਦੇਸ਼ ਦੀ ਆਜ਼ਾਦੀ ਲਈ ਲਾ ਦਿੱਤੀ ਸੀ। ਅਮਰੀਕਾ ਵਿੱਚ ਗਦਰ ਪਾਰਟੀ ਦੇ ਬਾਨੀ ਲਾਲਾ ਹਰਦਿਆਲ ਨੇ ਸ਼ਹੀਦ ਮਦਨ ਲਾਲ ਢੀਂਗਰਾ ਦੀ ਸ਼ਹਾਦਤ ਬਾਰੇ ਲਿਖਿਆ ਸੀ, “ਢੀਂਗਰਾ ਨੇ ਮੈਨੂੰ ਮੱਧਕਾਲ ਦੇ ਰਾਜਪੂਤਾਂ ਅਤੇ ਸਿੱਖਾਂ ਦੀ ਯਾਦ ਮੁੜ ਤਾਜ਼ਾ ਕਰਵਾ ਦਿੱਤੀ ਹੈ ਜੋ ਮੌਤ ਦੀ ਲਾੜੀ ਨੂੰ ਵਿਆਹੁਣ ਲਈ ਬੜੇ ਚਾਵਾਂ ਨਾਲ ਘੋੜੀ ’ਤੇ ਬੈਠ ਕਿ ਜੰਗ ਨੂੰ ਜਾਂਦੇ ਸਨ। ਇੰਗਲੈਂਡ ਸੋਚਦਾ ਹੈ ਕਿ ਉਨ੍ਹਾਂ ਨੇ ਢੀਂਗਰਾ ਨੂੰ ਮਾਰ ਦਿੱਤਾ ਹੈ ਪਰ ਉਹ ਹਮੇਸ਼ਾ ਲਈ ਅਮਰ ਹੈ।”
ਜਰਮਨੀ ਦੀ ਲੇਖਕ ਐਗਨਸ ਸਮੈਡਲੀ ਆਪਣੀ ਪੁਸਤਕ ਵਿੱਚ ਲਿਖਦੀ ਹੈ, “ਮਾਂ ਨਾਲ ਇੰਨਾ ਪਿਆਰ - ਫਾਂਸੀ ਦੇ ਤਖ਼ਤੇ ’ਤੇ ਖਲੋਤੇ ਹੋਇਆਂ ਨੂੰ ਪੁੱਛਿਆ ਜਾਂਦਾ ਹੈ ਕਿ ਕੁਝ ਕਹਿਣਾ ਚਾਹੁੰਦੇ ਹੋ ਤਾਂ ਜਵਾਬ ਦਿੱਤਾ, “ਵੰਦੇ ਮਾਤਰਮ, ਮਾਂ … ਭਾਰਤ ਮਾਂ … ਤੈਨੂੰ ਨਮਸਕਾਰ।” ਉਹ ਹੱਸਦਾ ਹੋਇਆ ਫਾਂਸੀ ਦੇ ਤਖ਼ਤੇ ’ਤੇ ਲਟਕ ਗਿਆ ਤੇ ਉਸਦੀ ਲਾਸ਼ ਜੇਲ੍ਹ ਦੇ ਅੰਦਰ ਹੀ ਦਫ਼ਨਾ ਦਿੱਤੀ ਗਈ ਤੇ ਹਿੰਦੁਸਤਾਨੀਆਂ ਨੂੰ ਉਸਦੀ ਦੇਹ ਕਿਰਿਆ ਆਦਿ ਦੀ ਆਗਿਆ ਨਾ ਦਿੱਤੀ ਗਈ। ਧਨ ਸੀ ਉਹ ਵੀਰ! ਧਨ ਹੈ ਉਸਦੀ ਯਾਦ! ਐਸੇ ਦੇਸ਼ ਦੇ ਅਮੋਲਕ ਹੀਰੇ ਨੂੰ ਵਾਰ-ਵਾਰ ਨਮਸਕਾਰ!
13 ਦਸੰਬਰ 1976 ਨੂੰ ਵੱਡੀ ਜੱਦੋਜਹਿਦ ਪਿੱਛੋਂ ਲੰਡਨ ਤੋਂ ਸ਼ਹੀਦ ਮਦਨ ਲਾਲ ਢੀਂਗਰਾ ਦੀਆਂ ਅਸਥੀਆਂ ਭਾਰਤ ਮੰਗਵਾਈਆਂ ਗਈਆਂ। ਸ਼ਰਧਾਂਜਲੀ ਭੇਟ ਕਰਨ ਹਿਤ ਸ਼ਹੀਦ ਦੀਆਂ ਅਸਥੀਆਂ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚੋਂ ਹੁੰਦੀਆਂ ਹੋਈਆਂ 20 ਦਸੰਬਰ ਨੂੰ ਸ਼ਹੀਦ ਦੀ ਜਨਮ ਭੂਮੀ ਅੰਮ੍ਰਿਤਸਰ ਪੁੱਜੀਆਂ। ਸ਼ਹਿਰ ਦੀ ਮਾਲ ਮੰਡੀ ਨੇੜੇ ਉਨ੍ਹਾਂ ਦਾ ਸਸਕਾਰ ਕੀਤਾ ਗਿਆ। ਉਸੇ ਦੌਰਾਨ ਸਸਕਾਰ ਵਾਲੇ ਸਥਾਨ ’ਤੇ ਤਤਕਾਲੀ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਵੱਲੋਂ ਸ਼ਹੀਦ ਢੀਂਗਰਾ ਦੀ ਸਮਾਧ ’ਤੇ ਸਮਾਰਕ ਦਾ ਨੀਂਹ ਪਥੱਰ ਰੱਖਿਆ ਗਿਆ। ਅਫ਼ਸੋਸ ਦੀ ਗੱਲ ਹੈ ਕਿ ਉਸਦੇ ਜੱਦੀ ਘਰ ਨੂੰ ਅਸੀਂ ਸੰਭਾਲ ਨਹੀਂ ਸਕੇ। ਹਾਈਕੋਰਟ ਦੇ ਆਦੇਸ਼ਾਂ ਦੇ ਬਾਵਜੂਦ ਵੀ ਇਹ ਘਰ ਖੰਡਰ ਬਣਿਆ ਪਿਆ ਹੈ। ਲੋੜ ਹੈ ਕਿ ਇਸ ਥਾਂ ’ਤੇ ਯਾਦਗਾਰ ਬਣਾਈ ਜਾਵੇ ਤੇ ਲੰਡਨ ਤੋਂ ਉਸਦਾ ਪਿਸਤੌਲ ਤੇ ਹੋਰ ਨਿਸ਼ਾਨੀਆਂ ਲਿਆ ਕੇ ਇੱਥੇ ਰੱਖੀਆਂ ਜਾਣ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (