“ਵੰਡ ਦੇ ਭਿਆਨਕ ਮੰਜ਼ਰ ਦੇ ਦੌਰਾਨ ਦੋਹੀਂ ਪਾਸੀਂ ਕੁਝ ਨੇਕ ਇਨਸਾਨ ਵੀ ਹੋਏ ਹਨ, ਜਿਨ੍ਹਾਂ ਨੇ ...”
(14 ਅਗਸਤ 2025)
ਅਗਸਤ 1947 ਵਿੱਚ ਭਾਰਤ ਨੂੰ ਇੱਕ ਪਾਸੇ ਬਸਤੀਵਾਦੀ ਬਰਤਾਨਵੀ ਸਾਮਰਾਜ ਤੋਂ ਮੁਕਤੀ ਮਿਲੀ, ਪਰ ਇਸਦੇ ਨਾਲ ਹੀ ਦੇਸ਼ ਦੋਂਹ ਟੋਟਿਆਂ ਵਿੱਚ ਵੰਡਿਆ ਗਿਆ। ਦੇਸ਼ ਦੀ ਹੋਈ ਇਹ ਵੰਡ ਇਸ ਮਹਾਂਦੀਪ ਦਾ 20ਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਹੈ। ਫਿਰਕੂ ਲੀਹਾਂ ’ਤੇ ਹੋਈ ਇਸ ਚੰਦਰੀ ਵੰਡ ਨੇ ਕਰੋੜਾਂ ਹੀ ਦੇਸ਼ ਵਾਸੀਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਦੇਸ਼ ਦੇ ਆਜ਼ਾਦੀ ਅੰਦੋਲਨ ਦੌਰਾਨ ਵੱਡੀਆਂ ਕੁਰਬਾਨੀਆਂ ਦੇਣ ਵਾਲੇ ਪੰਜਾਬ ਅਤੇ ਬੰਗਾਲ ਪ੍ਰਾਂਤ ਵੰਡੇ ਗਏ ਅਤੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ। ਵੱਡੇ ਪੱਧਰ ’ਤੇ ਗੈਰ ਸੁਰੱਖਿਅਤ ਤੌਰ ’ਤੇ ਵਸੋਂ ਦਾ ਤਬਾਦਲਾ ਹੋਇਆ। ਦੇਸ਼ ਦੀ ਆਜ਼ਾਦੀ ਲਈ ਹਿੰਦੂਆਂ, ਸਿੱਖਾਂ, ਮੁਸਲਮਾਨਾਂ, ਸਾਰਿਆਂ ਨੇ ਰਲਮਿਲ ਕੇ ਬਹੁਤ ਲੰਮੀ ਜੱਦੋਜਹਿਦ ਕੀਤੀ, ਪਰ ਅੰਗਰੇਜ਼ਾਂ ਦੀ ਪਾੜੋ ਅਤੇ ਰਾਜ ਕਰੋ ਦੀ ਨੀਤੀ ਅਤੇ ਦੇਸ਼ ਦੇ ਨੇਤਾਵਾਂ ਦੀ ਸੱਤਾ ਦੀ ਭੁੱਖ ਕਾਰਨ ਅਖੰਡ ਭਾਰਤ ਦਾ ਸੁਪਨਾ ਚਕਨਾਚੂਰ ਹੋ ਗਿਆ। 1937 ਦੀਆਂ ਹੋਈਆਂ ਸੂਬਾਈ ਚੋਣਾਂ ਦੌਰਾਨ ਮੁਸਲਿਮ ਲੀਗ ਬੁਰੀ ਤਰ੍ਹਾਂ ਹਾਰ ਗਈ ਸੀ ਅਤੇ ਕਾਂਗਰਸ ਨੇ ਸੱਤ ਸੂਬਿਆਂ ਵਿੱਚ ਆਪਣੀਆਂ ਸਰਕਾਰਾਂ ਬਣਾ ਲਈਆਂ ਸਨ। ਮੁਸਲਿਮ ਲੀਗ ਕਾਂਗਰਸੀ ਸਰਕਾਰਾਂ ਵੱਲੋਂ ਲਏ ਗਏ ਕੁਝ ਫੈਸਲਿਆਂ ਤੋਂ ਨਰਾਜ਼ ਸੀ ਅਤੇ ਉਸਦੇ ਆਗੂਆਂ ਨੂੰ ਇਹ ਮਹਿਸੂਸ ਹੁੰਦਾ ਸੀ ਕਿ ਉਹ ਹਿੰਦੂ ਬਹੁ ਗਿਣਤੀ ਵਾਲੇ ਦੇਸ਼ ਵਿੱਚ ਸੁਰੱਖਿਅਤ ਨਹੀਂ ਰਹਿ ਸਕਣਗੇ। ਦੂਜਾ ਵਿਸ਼ਵ ਯੁੱਧ ਛਿੜ ਜਾਣ ’ਤੇ 1939 ਵਿੱਚ ਕਾਂਗਰਸੀ ਸਰਕਾਰਾਂ ਨੇ ਅਸਤੀਫੇ ਦੇ ਦਿੱਤੇ ਅਤੇ ਲੜਾਈ ਵਿੱਚ ਅੰਗਰੇਜ਼ਾਂ ਦੀ ਹਿਮਾਇਤ ਕਰਨ ਦੀ ਥਾਂ ਅੰਗਰੇਜ਼ਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। 1942 ਵਿੱਚ ਕਾਂਗਰਸ ਵੱਲੋਂ ਭਾਰਤ ਛੱਡੋ ਅੰਦੋਲਨ ਵੱਡੇ ਪੱਧਰ ’ਤੇ ਸ਼ੁਰੂ ਕਰ ਦਿੱਤਾ ਗਿਆ।
1939 ਵਿੱਚ ਮੁਸਲਿਮ ਲੀਗ ਵੱਲੋਂ ਕ੍ਰਾਂਚੀ ਵਿਖੇ ਹੋਏ ਸੈਸ਼ਨ ਦੌਰਾਨ ‘ਦੋ ਕੌਮਾਂ’ ਦਾ ਸਿਧਾਂਤ ਪੇਸ਼ ਕੀਤਾ ਗਿਆ। 23 ਮਾਰਚ 1940 ਦੇ ਮੁਸਲਿਮ ਲੀਗ ਦੇ ਲਾਹੌਰ ਪ੍ਰਸਤਾਵ (ਜਿਸ ਨੂੰ ਪਾਕਿਸਤਾਨ ਦਾ ਪ੍ਰਸਤਾਵ ਵੀ ਕਿਹਾ ਜਾਂਦਾ ਹੈ) ਵਿੱਚ ਮੁਸਲਿਮ ਲੀਗ ਨੇ ਦੇਸ਼ ਵੰਡ ਦਾ ਮਤਾ ਪਾਸ ਕਰ ਦਿੱਤਾ। ਸਰ ਸਿਕੰਦਰ ਹਿਆਤ ਖਾਂ ਨੇ ‘ਪਾਕਿਸਤਾਨ’ ਦੇ ਪ੍ਰਸਤਾਵ ਨੂੰ ‘ਜਿਨਾਹਸਥਾਨ’ ਦੇ ਪ੍ਰਸਤਾਵ ਦਾ ਨਾਂ ਦਿੱਤਾ, ਕਿਉਂਕਿ ਉਸ ਨੂੰ ਪੱਕਾ ਪਤਾ ਸੀ ਕਿ ਪਾਕਿਸਤਾਨ ਦਾ ਮਤਲਬ ਪੰਜਾਬ ਵਿੱਚ ਕਤਲੇਆਮ ਹੋਵੇਗਾ। ਉਸਨੇ ਮੁਸਲਿਮ ਲੀਗ ਦੇ ਪਾਕਿਸਤਾਨ ਦੇ ਪ੍ਰਸਤਾਵ ਨਾਲ ਕਦੇ ਵੀ ਸਹਿਮਤੀ ਪ੍ਰਗਟ ਨਹੀਂ ਕੀਤੀ ਸੀ। 11 ਮਾਰਚ, 1941 ਨੂੰ ਉਸਨੇ ਪੰਜਾਬ ਵਿਧਾਨ ਸਭਾ ਵਿੱਚ ਕਿਹਾ, “ਅਸੀਂ ਉਸ ਆਜ਼ਾਦੀ ਦੀ ਮੰਗ ਨਹੀਂ ਕਰਦੇ ਜਿਸ ਨਾਲ ਇੱਥੇ ਮੁਸਲਿਮ ਰਾਜ ਹੋਵੇ ਤੇ ਹਿੰਦੂ ਰਾਜ ਕਿਤੇ ਹੋਰ ਕਾਇਮ ਹੋਵੇ। ਜੇ ਪਾਕਿਸਤਾਨ ਦਾ ਮਤਲਬ ਇਹੀ ਹੈ ਤਾਂ ਉਸ ਨਾਲ ਮੇਰਾ ਕੋਈ ਸਬੰਧ ਨਹੀਂ ਹੈ। ਮੈਂ ਪਹਿਲਾਂ ਵੀ ਕਹਿ ਚੁੱਕਿਆ ਹਾਂ ਤੇ ਸਭਾ ਵਿੱਚ ਇਸ ਨੂੰ ਦੁਬਾਰਾ ਦੁਹਰਾਉਂਦਾ ਹਾਂ।”
ਮੁਸਲਿਮ ਲੀਗ ਵੱਲੋਂ ਕੀਤੀ ਵੱਖਰੇ ਰਾਜ ਦੀ ਮੰਗ ਨਾਲ ਦੇਸ਼ ਦੀ ਵੰਡ ਦਾ ਬੀਜ ਬੀਜਿਆ ਗਿਆ। ਮੁਸਲਿਮ ਲੀਗ ਦੀ ਵੱਖਰੇ ਮੁਸਲਿਮ ਰਾਜ ਦੀ ਮੰਗ ਕਰਨ ’ਤੇ ਉਸ ਸਮੇਂ ਦੇ ਉੱਘੇ ਸਿੱਖ ਨੇਤਾ ਗਿਆਨੀ ਕਰਤਾਰ ਸਿੰਘ ਨੇ ਆਜ਼ਾਦ ਪੰਜਾਬ ਯੋਜਨਾ ਦੀ ਵਕਾਲਤ ਕੀਤੀ। ਪੰਥ ਦੇ ਬੇਤਾਜ ਬਾਦਸ਼ਾਹ ਵਜੋਂ ਜਾਣੇ ਜਾਂਦੇ ਬਾਬਾ ਖੜਕ ਸਿੰਘ ਨੇ ਵੀ ਮੁਸਲਿਮ ਲੀਗ ਦੀ ਪਾਕਿਸਤਾਨ ਦੀ ਮੰਗ ਦਾ ਜ਼ੋਰਦਾਰ ਵਿਰੋਧ ਕੀਤਾ ਅਤੇ ਉਹਨਾਂ ਨੂੰ 1944 ਵਿੱਚ ਗੁਜਰਾਂਵਾਲਾ ਵਿਖੇ ਅਖੰਡ ਹਿੰਦੁਸਤਾਨ ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਨੂੰ ਸਰਕਾਰ ਨੇ ਬੰਦੀ ਬਣਾ ਲਿਆ।
1946 ਦੀਆਂ ਹੋਈਆਂ ਚੋਣਾਂ ਨੇ ਪੰਜਾਬ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਲਿਆਂਦਾ। ਪੰਜਾਬ ਵਿਧਾਨ ਸਭਾ ਲਈ ਲੜੀਆਂ ਗਈਆਂ 83 ਸੀਟਾਂ ਵਿੱਚੋਂ ਮੁਸਲਿਮ ਲੀਗ ਨੇ 72 ਸੀਟਾਂ ਜਿੱਤੀਆਂ, ਜਦੋਂ ਕਿ ਯੂਨੀਅਨਨਿਸਟ ਪਾਰਟੀ ਨੇ 94 ਸੀਟਾਂ ਲੜ ਕੇ ਕੇਵਲ 19 ਸੀਟਾਂ ਉੱਤੇ ਹੀ ਜਿੱਤ ਪ੍ਰਾਪਤ ਕੀਤੀ। ਮੁਸਲਿਮ ਲੀਗ ਨੂੰ 65.26% ਵੋਟ ਮਿਲੇ, ਜਦੋਂ ਕਿ ਯੂਨੀਅਨਿਸਟ ਪਾਰਟੀ ਨੂੰ 26.16% ਵੋਟ ਹੀ ਪਏ। ਪੰਜਾਬ ਵਿੱਚ ਮੁਸਲਿਮ ਲੀਗ ਇੱਕ ਵੱਡੀ ਪਾਰਟੀ ਵਜੋਂ ਉੱਭਰੀ। ਪਰ ਇਸਦੇ ਬਾਵਜੂਦ ਖ਼ਿਜ਼ਰ ਹਿਆਤ ਖਾਂ ਟਿਵਾਣਾ ਨੇ ਅਕਾਲੀ ਅਤੇ ਕਾਂਗਰਸ ਪਾਰਟੀ ਦੇ ਸਮਰਥਨ ਨਾਲ ਸਾਂਝੀ ਸਰਕਾਰ ਬਣਾ ਲਈ। ਇਸਦਾ ਮੁਸਲਿਮ ਲੀਗ ’ਤੇ ਬਹੁਤ ਬੁਰਾ ਅਸਰ ਹੋਇਆ। ਮੁਸਲਿਮ ਲੀਗ ਨੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ। ਮੁਸਲਿਮ ਲੀਗ ਨੇ ਸਾਰਾ ਜ਼ੋਰ ਲਾ ਕੇ 2 ਮਾਰਚ, 1947 ਨੂੰ ਖ਼ਿਜ਼ਰ ਹਯਾਤ ਖਾਨ ਤੋਂ ਅਸਤੀਫਾ ਦਿਵਾ ਦਿੱਤਾ। ਤਿੰਨ ਮਾਰਚ ਨੂੰ ਅਕਾਲੀ ਪਾਰਟੀ ਦੀ ਮੀਟਿੰਗ ਲਾਹੌਰ ਦੇ ਅਸੈਂਬਲੀ ਹਾਲ ਦੀ ਇਮਾਰਤ ਵਿੱਚ ਹੋਈ, ਜਿਸਦੀ ਪ੍ਰਧਾਨਗੀ ਸਰਦਾਰ ਸਵਰਨ ਸਿੰਘ ਨੇ ਕੀਤੀ। ਇਸ ਮੀਟਿੰਗ ਵਿੱਚ ਅਕਾਲੀ ਦਲ ਦੇ ਪ੍ਰਮੁੱਖ ਆਗੂ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਊਧਮ ਸਿੰਘ ਨਾਗੋਕੇ ਅਤੇ ਹੋਰ ਬਹੁਤ ਸਾਰੇ ਸ਼ਾਮਲ ਸਨ। ਮੀਟਿੰਗ ਵਿੱਚ ਸਾਂਝਾ ਮਤਾ ਪਾਸ ਕੀਤਾ ਗਿਆ ਕਿ ਅਸੀਂ ਪਾਕਿਸਤਾਨ ਬਣਨ ਦੇ ਵਿਰੁੱਧ ਹਾਂ ਅਤੇ ਜੇ ਸਾਡੀ ਮਦਦ ਨਾਲ ਮੁਸਲਿਮ ਲੀਗ ਦੀ ਸਰਕਾਰ ਪੰਜਾਬ ਵਿੱਚ ਬਣ ਜਾਂਦੀ ਹੈ ਤਾਂ ਇਹ ਤੁਰੰਤ ਮਤਾ ਪਾਸ ਕਰਕੇ ਸਾਰੇ ਪੰਜਾਬ ਨੂੰ ਪਾਕਿਸਤਾਨ ਵਿੱਚ ਸ਼ਾਮਲ ਕਰਨ ਦਾ ਫੈਸਲਾ ਸੁਣਾ ਦੇਵੇਗੀ, ਜੋ ਕਿ ਸਿੱਖਾਂ ਦੇ ਖਿਲਾਫ ਹੋਵੇਗਾ।
ਕਾਂਗਰਸ ਆਗੂ ਮੁੱਢ ਤੋਂ ਹੀ ਦੇਸ਼ ਦੀ ਵੰਡ ਦੇ ਖਿਲਾਫ ਰਹੇ ਸਨ, ਪਰ ਮੁਸਲਿਮ ਲੀਗ ਦੇ ਆਗੂ ਮੁਹੰਮਦ ਅਲੀ ਜਿਨਾਹ ਹਰ ਹਾਲਤ ਵਿੱਚ ਵੱਖਰਾ ਦੇਸ਼ ਲੈਣ ਲਈ ਬਜ਼ਿੱਦ ਸੀ ਤੇ ਉਸ ਵਿੱਚ ਪੂਰੇ ਪੰਜਾਬ ਨੂੰ ਸ਼ਾਮਲ ਕਰਨਾ ਚਾਹੁੰਦਾ ਸੀ। ਮੁਹੰਮਦ ਅਲੀ ਜਿਨਾਹ ਨੇ ਆਪਣੀ ਮੰਗ ’ਤੇ ਜ਼ੋਰ ਦੇਣ ਅਤੇ ਸਰਕਾਰ ਉੱਤੇ ਦਬਾਅ ਬਣਾਉਣ ਲਈ ਮੁਸਲਮਾਨਾਂ ਨੂੰ 16 ਅਗਸਤ, 1946 ਦਾ ਦਿਨ ਸਿੱਧੀ ਕਾਰਵਾਈ ਵਜੋਂ ਮਨਾਉਣ ਦਾ ਸੱਦਾ ਦਿੱਤਾ। ਇਸ ਦਿਨ ਕਲਕੱਤੇ ਵਿੱਚ ਵੱਡੀ ਪੱਧਰ ’ਤੇ ਕਤਲੋਗਾਰਤ ਹੋਈ।
20 ਫਰਵਰੀ, 1947 ਨੂੰ ਇੰਗਲੈਂਡ ਦੇ ਪ੍ਰਧਾਨ ਮੰਤਰੀ ਲਾਰਡ ਐਟਲੀ ਨੇ ਐਲਾਨ ਕਰ ਦਿੱਤਾ ਕਿ ਜੂਨ 1948 ਤਕ ਅੰਗਰੇਜ਼ ਹਰ ਹਾਲਤ ਵਿੱਚ ਭਾਰਤ ਦਾ ਰਾਜ ਭਾਗ ਛੱਡ ਦੇਣਗੇ। ਇਸ ਕੰਮ ਵਿੱਚ ਤੇਜ਼ੀ ਲਿਆਉਣ ਲਈ ਭਾਰਤ ਵਿੱਚ ਲਾਰਡ ਵੇਵਲ ਦੀ ਥਾਂ ਫਰਵਰੀ 1947 ਵਿੱਚ ਲਾਰਡ ਮਾਊਂਟਬੈਟਨ ਨੂੰ ਭਾਰਤ ਦਾ ਵਾਇਸਰਾਏ ਲਾਇਆ ਗਿਆ। ਲਾਰਡ ਮਾਊਂਟਬੈਟਨ ਨੇ ਸਾਰੀਆਂ ਸਿਆਸੀ ਪਾਰਟੀਆਂ ਨਾਲ ਸਲਾਹ ਮਸ਼ਵਰਾ ਕਰਕੇ ਬੰਗਾਲ ਅਤੇ ਪੰਜਾਬ ਦੀ ਵੰਡ ਦੀ ਸਕੀਮ ਤਿਆਰ ਕਰ ਲਈ। ਕਾਂਗਰਸ ਹਮੇਸ਼ਾ ਦੇਸ਼ ਦੀ ਵੰਡ ਦੇ ਵਿਰੁੱਧ ਰਹੀ ਸੀ, ਪਰ ਅੰਤਲੇ ਸਮੇਂ ਉਸਨੇ ਵੀ ਦੇਸ਼ ਵੰਡ ਦੇ ਫੈਸਲੇ ਨੂੰ ਪ੍ਰਵਾਨ ਕਰ ਲਿਆ। ਇੱਥੋਂ ਤਕ ਕਿ ਕਾਂਗਰਸ ਨੇ ਮਹਾਤਮਾ ਗਾਂਧੀ ਦੀ ਅਪੀਲ ਕਿ, “ਜੇਕਰ ਕਾਂਗਰਸ ਦੇਸ਼ ਦੀ ਵੰਡ ਮੰਨਦੀ ਹੈ ਤਾਂ ਇਹ ਮੇਰੀ ਲਾਸ਼ ’ਤੇ ਹੀ ਹੋਵੇਗੀ” ਨੂੰ ਵੀ ਨਜ਼ਰ ਅੰਦਾਜ਼ ਕਰ ਦਿੱਤਾ। ਸਿੱਖਾਂ ਨੇ ਵੀ ਪੰਜਾਬ ਦੀ ਵੰਡ ਦੀ ਸਕੀਮ ਪ੍ਰਵਾਨ ਕਰ ਲਈ। ਵਾਇਸਰਾਏ ਲਾਰਡ ਲੂਈਸ ਬੈਂਟਨ ਨੇ 3 ਜੂਨ, 1947 ਨੂੰ ਐਲਾਨ ਕਰ ਦਿੱਤਾ ਕਿ 15 ਅਗਸਤ, 1947 ਨੂੰ ਹਿੰਦੁਸਤਾਨ ਦੇ ਦੋ ਟੁਕੜੇ ਕਰ ਦਿੱਤੇ ਜਾਣਗੇ ਅਤੇ ਮੁਸਲਮਾਨਾਂ ਲਈ ਇੱਕ ਵੱਖਰਾ ਰਾਜ ਪਾਕਿਸਤਾਨ ਹੋਂਦ ਵਿੱਚ ਆ ਜਾਵੇਗਾ। ਕਾਂਗਰਸੀ ਆਗੂਆਂ ਨੇ ਇਸ ਫੈਸਲੇ ਉੱਪਰ ਕੋਈ ਇਤਰਾਜ਼ ਨਾ ਕੀਤਾ। ਮੁਸਲਿਮ ਲੀਗ ਤਾਂ ਪਹਿਲਾਂ ਹੀ ਵੱਖਰੇ ਪਾਕਿਸਤਾਨ ਦੀ ਮੰਗ ਕਰ ਰਹੀ ਸੀ। 18 ਜੁਲਾਈ, 1947 ਨੂੰ ਭਾਰਤੀ ਸੁਤੰਤਰਰਤਾ ਐਕਟ ਵੀ ਪਾਸ ਕਰ ਦਿੱਤਾ ਗਿਆ। ਇਸ ਐਕਟ ਵਿੱਚ ਭਾਰਤ ਅਤੇ ਪਾਕਿਸਤਾਨ, ਦੋ ਵੱਖਰੇ ਰਾਸ਼ਟਰ ਸਿਰਜਣ ਦਾ ਉਪਬੰਧ ਕੀਤਾ ਗਿਆ।
ਭਾਰਤ ਦੇ ਵਾਇਸਰਾਏ ਲਾਰਡ ਮਾਊਂਟਬੈਟਨ ਵੱਲੋਂ ਪੰਜਾਬ ਨੂੰ ਵੰਡਣ ਲਈ ਸਰ ਸਿਰਿਲ ਰੈੱਡ ਕਲਿਫ ਦੀ ਅਗਵਾਈ ਹੇਠ ਬਾਊਂਡਰੀ ਕਮਿਸ਼ਨ ਬਣਾਇਆ ਗਿਆ। ਸਰ ਰੈੱਡ ਕਲਿਫ 8 ਜੁਲਾਈ, 1947 ਨੂੰ ਭਾਰਤ ਆਇਆ। ਉਸਨੇ ਬਹੁਤ ਜਲਦਬਾਜ਼ੀ ਵਿੱਚ ਆਪਣਾ ਐਵਾਰਡ 13 ਅਗਸਤ ਨੂੰ ਸਰਕਾਰ ਨੂੰ ਸੌਂਪ ਦਿੱਤਾ ਅਤੇ ਵਾਪਸ ਚਲਾ ਗਿਆ। ਲਾਰਡ ਲੂਈਸ ਮਾਊਂਟਬੈਟਨ ਗਵਰਨਰ ਜਨਰਲ ਨੇ ਇਹ ਐਵਾਰਡ 16 ਅਗਸਤ ਨੂੰ ਨਸ਼ਰ ਕੀਤਾ ਅਤੇ ਇਸਦੀ ਸਰਕਾਰੀ ਪੁਸ਼ਟੀ 18 ਅਗਸਤ, 1947 ਨੂੰ ਕੀਤੀ ਗਈ। ਵੰਡ ਅਨੁਸਾਰ ਪੱਛਮੀ ਪੰਜਾਬ ਵਿੱਚ ਮੁਲਤਾਨ ਕਮਿਸ਼ਨਰੀ (ਮਿੰਟਗੁਮਰੀ, ਲਾਇਲਪੁਰ, ਝੰਗ, ਮੁਲਤਾਨ, ਮੁਜੱਫਰਗੜ੍ਹ ਅਤੇ ਡੇਰਾ ਗਾਜ਼ੀ ਖਾਨ ਜ਼ਿਲ੍ਹੇ), ਰਾਵਲਪਿੰਡੀ ਕਮਿਸ਼ਨਰੀ (ਗੁਜਰਾਤ, ਜੇਹਲਮ ਰਾਵਲਪਿੰਡੀ, ਅਟਕ, ਮੀਆਂਵਾਲੀ ਅਤੇ ਸ਼ਾਹਪੁਰ ਜ਼ਿਲ੍ਹੇ), ਲਾਹੌਰ ਕਮਿਸ਼ਨਰੀ (ਗੁਜਰਾਂਵਾਲਾ, ਸ਼ੇਖੂਪੁਰਾ, ਸਿਆਲਕੋਟ, ਲਾਹੌਰ ਦੇ ਜ਼ਿਲ੍ਹੇ) ਅਤੇ ਗੁਰਦਾਸਪੁਰ ਜ਼ਿਲ੍ਹੇ ਦੀ ਸ਼ਕਰਗੜ੍ਹ ਤਹਿਸੀਲ ਸ਼ਾਮਲ ਸੀ।
ਪੂਰਬੀ ਜਾਂ ਚੜ੍ਹਦੇ ਪੰਜਾਬ ਵਿੱਚ ਅੰਬਾਲਾ ਕਮਿਸ਼ਨਰੀ (ਗੁੜਗਾਉਂ, ਰੋਹਤਕ, ਕਰਨਾਲ, ਹਿਸਾਰ, ਅੰਬਾਲਾ ਅਤੇ ਸ਼ਿਮਲਾ ਜ਼ਿਲ੍ਹੇ), ਜਲੰਧਰ ਕਮਿਸ਼ਨਰੀ (ਕਾਂਗੜਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਅਤੇ ਫਿਰੋਜ਼ਪੁਰ ਜ਼ਿਲ੍ਹੇ), ਅੰਮ੍ਰਿਤਸਰ ਦਾ ਸਾਰਾ ਜ਼ਿਲ੍ਹਾ ਅਤੇ ਗੁਰਦਾਸਪੁਰ ਦੀ ਸ਼ਕਰਗੜ੍ਹ ਤਹਿਸੀਲ ਛੱਡ ਕੇ ਬਾਕੀ ਦੀਆਂ ਤਿੰਨ ਤਹਿਸੀਲਾਂ ਪੂਰਬੀ ਪੰਜਾਬ ਵਿੱਚ ਸ਼ਾਮਲ ਕੀਤੀਆਂ ਗਈਆਂ।
ਚੜ੍ਹਦੇ ਪੰਜਾਬ ਵੱਲੋਂ ਲਹਿੰਦੇ ਪੰਜਾਬ ਵੱਲ ਲੱਖਾਂ ਦੀ ਗਿਣਤੀ ਵਿੱਚ ਮੁਸਲਮਾਨ ਪਰਿਵਾਰ ਉੱਜੜ ਕੇ ਗਏ ਅਤੇ ਇਸੇ ਤਰ੍ਹਾਂ ਲਹਿੰਦੇ ਪੰਜਾਬ ਵੱਲੋਂ ਚੜ੍ਹਦੇ ਪੰਜਾਬ ਵੱਲ ਲੱਖਾਂ ਦੀ ਗਿਣਤੀ ਵਿੱਚ ਹਿੰਦੂ ਸਿੱਖ ਪਰਿਵਾਰ ਉੱਜੜ ਕੇ ਆਏ, ਜਿਨ੍ਹਾਂ ਨੂੰ ਦੇਸ਼ ਵਿੱਚ ਰਿਫਿਊਜੀ ਜਾਂ ਪਨਾਹਗੀਰ ਕਿਹਾ ਜਾਣ ਲੱਗ ਪਿਆ।
ਮਾਰਚ 1947 ਵਿੱਚ ਦੇਸ਼ ਵਿੱਚ ਫਿਰਕੂ ਦੰਗੇ ਸ਼ੁਰੂ ਹੋ ਚੁੱਕੇ ਸਨ। 10 ਤੋਂ 13 ਮਾਰਚ ਤਕ ਰਾਵਲਪਿੰਡੀ ਡਿਵੀਜ਼ਨ ਦੇ ਸਾਰੇ ਇਲਾਕਿਆਂ ਅਤੇ ਫਰੰਟੀਅਰ ਸੂਬੇ ਦੇ ਕੋਹਾਟ, ਐਬਟਾਬਾਦ, ਹਰੀਪੁਰ, ਹਜ਼ਾਰਾਂ ਵਿੱਚ ਵੀ ਸਿੱਖਾਂ ਦੇ ਸਾਰੇ ਪਿੰਡ ਸਾੜ ਦਿੱਤੇ ਗਏ। ਭਰਾਵਾਂ ਵਾਂਗ ਰਹਿ ਰਹੇ ਲੋਕ ਇੱਕ ਦੂਸਰੇ ਦੇ ਖੂਨ ਦੇ ਪਿਆਸੇ ਹੋ ਗਏ ਅਤੇ ਅੰਨ੍ਹੀ ਕਤਲੋਗਾਰਤ ਦੀ ਹਨੇਰੀ ਝੁੱਲ ਪਈ। ਰਾਵਲਪਿੰਡੀ ਦੇ ਫਸਾਦਾਂ ਤੋਂ ਪਿੱਛੋਂ ਦੇਸ਼ ਬਲਦੀ ਦੇ ਬੁੱਥੇ ਜਾ ਪਿਆ। ਹਜ਼ਾਰਾਂ ਔਰਤਾਂ ਦੇ ਉਧਾਲੇ ਹੋਏ, ਜ਼ਬਰੀ ਪੱਤਾਂ ਲੁੱਟੀਆਂ ਗਈਆਂ, ਜਬਰੀ ਧਰਮ ਪਰਿਵਰਤਨ ਕਰਵਾਏ ਗਏ, ਅੰਨ੍ਹੀ ਕਤਲੋਗਾਰਤ ਹੋਈ, ਪਰਿਵਾਰ ਇੱਕ ਦੂਜੇ ਤੋਂ ਵਿਛੜ ਗਏ। ਇੱਜ਼ਤਾਂ ਬਚਾਉਣ ਖਾਤਰ ਧੀਆਂ ਭੈਣਾਂ ਨੇ ਖੂਹਾਂ ਵਿੱਚ ਛਾਲਾਂ ਮਾਰ ਦਿੱਤੀਆਂ। ਫਿਰਕੂਪੁਣੇ ਦਾ ਨੰਗਾ ਨਾਚ ਹੋਇਆ ਅਤੇ ਇਨਸਾਨੀਅਤ ਦਾ ਘਾਣ ਹੋਇਆ। ਪੁਰਾਣੇ ਬਜ਼ੁਰਗ ਦੱਸਦੇ ਰਹੇ ਹਨ ਕਿ ਔਰਤਾਂ ਦੀਆਂ ਭਰੀਆਂ ਛਾਤੀ ਵੱਢੀਆਂ ਟਰੇਨਾਂ ਪਹਿਲਾਂ ਪਾਕਿਸਤਾਨ ਵੱਲੋਂ ਭਾਰਤ ਵੱਲ ਆਈਆਂ ਅਤੇ ਫਿਰ ਇੱਥੋਂ ਦੇ ਹਿੰਦੂ ਸਿੱਖਾਂ ਨੇ ਵੀ ਅਜਿਹਾ ਹੀ ਜਵਾਬੀ ਪ੍ਰਤੀਕਰਮ ਦਿੱਤਾ। ਡਾ. ਰਣਜੀਤ ਸਿੰਘ ਘੁੰਮਣ ਇਸਤਿਆਕ ਅਹਿਮਦ ਦੀ ਖੋਜ ਭਰਪੂਰ ਪੁਸਤਕ “The Punjab: Bloodied, Partitioned and Cleansed” ਦੇ ਹਵਾਲੇ ਨਾਲ ਲਿਖਦੇ ਹਨ, “ਵੰਡ ਤੋਂ ਪਹਿਲਾਂ ਦੇ ਹਾਲਾਤ ਅਤੇ ਵੰਡ ਤੋਂ ਫੌਰਨ ਬਾਅਦ (ਖਾਸ ਕਰਕੇ 15 ਅਗਸਤ ਤੋਂ 31 ਦਸੰਬਰ 1947 ਤਕ) ਵਾਪਰੀਆਂ ਅਣਮਨੁੱਖੀ ਘਟਨਾਵਾਂ ਇਸ ਗੱਲ ਦਾ ਸਬੂਤ ਹਨ ਕਿ ਮੁਸਲਿਮ ਲੀਗ ਨੇ ਪੱਛਮੀ ਪੰਜਾਬ ਨੂੰ ਹਿੰਦੂਆਂ ਅਤੇ ਸਿੱਖਾਂ ਤੋਂ ਮੁਕਤ ਕਰਾਉਣ ਅਤੇ ਹਿੰਦੂ ਮਹਾਂ ਸਭਾ ਅਤੇ ਸਿੱਖ ਪੰਥਕ ਪਾਰਟੀ ਨੇ ਪੂਰਬੀ ਪੰਜਾਬ ਨੂੰ ਮੁਸਲਮਾਨਾਂ ਤੋਂ ਮੁਕਤ ਕਰਾਉਣ ਦੀਆਂ ਯੋਜਨਾਵਾਂ ਪਹਿਲਾਂ ਤੋਂ ਹੀ ਬਣਾਈਆਂ ਹੋਈਆਂ ਸਨ।
ਵੰਡ ਦੇ ਭਿਆਨਕ ਮੰਜ਼ਰ ਦੇ ਦੌਰਾਨ ਦੋਹੀਂ ਪਾਸੀਂ ਕੁਝ ਨੇਕ ਇਨਸਾਨ ਵੀ ਹੋਏ ਹਨ, ਜਿਨ੍ਹਾਂ ਨੇ ਖੂਨ ਖਰਾਬੇ ਤੋਂ ਬਿਨਾਂ ਲੋਕਾਂ ਨੂੰ ਹਿਫਾਜ਼ਤੀ ਕੈਂਪਾਂ ਤਕ ਪਹੁੰਚਾਇਆ। ਕਾਮਰੇਡ ਧਨਵੰਤਰੀ ਆਪਣੀ ਲਿਖੀ ਲਘੂ ਪੁਸਤਕ ਵਿੱਚ ਲਿਖਦਾ ਹੈ ਕਿ ਧਰਮ ਨਿਰਪੱਖ ਸੋਚ ਦੇ ਧਾਰਨੀ ਸਰਦਾਰ ਗੁਰਬਖਸ਼ ਸਿੰਘ ਪ੍ਰੀਤ ਲੜੀ ਅਤੇ ਗਦਰ ਪਾਰਟੀ ਦੇ ਪਹਿਲੇ ਪ੍ਰਧਾਨ ਬਾਬਾ ਸੋਹਨ ਸਿੰਘ ਭਕਨਾ ਦੇ ਪ੍ਰਭਾਵ ਅਤੇ ਕੋਸ਼ਿਸ਼ਾਂ ਕਾਰਨ ਪ੍ਰੀਤ ਨਗਰ ਅਤੇ ਪਿੰਡ ਭਕਨਾ ਦੇ ਆਸ ਪਾਸ ਦੇ ਇਲਾਕੇ ਦੇ ਮੁਸਲਮਾਨ ਵੱਢਾ-ਟੁਕੀ ਅਤੇ ਖੂਨ ਖਰਾਬੇ ਤੋਂ ਬਚੇ ਰਹੇ ਅਤੇ ਉਹ ਸੁਰੱਖਿਅਤ ਹਿਫ਼ਾਜ਼ਤੀ ਕੈਂਪਾਂ ਵਿੱਚ ਪਹੁੰਚੇ। ਅੰਮ੍ਰਿਤਸਰ ਵਿੱਚ ਕਾਮਰੇਡ ਗਹਿਲ ਸਿੰਘ ਛੱਜਲਵੱਡੀ ਮੁਸਲਮਾਨ ਪਰਿਵਾਰਾਂ ਦੀ ਸੁਰੱਖਿਅਤ ਨਿਕਾਸੀ ਕਰਵਾਉਣ ਦੇ ਬਦਲੇ ਫਿਰਕੂ ਜਨੂੰਨੀਆ ਦੇ ਹੱਥੋਂ ਸ਼ਹੀਦ ਹੋਏ। ਇਸੇ ਤਰ੍ਹਾਂ ਜਲੰਧਰ ਵਿੱਚ ਫਿਰਕੂ ਇਕਸੁਰਤਾ ਬਣਾਈ ਰੱਖਣ ਲਈ ਸ਼ਹੀਦ ਬਾਬੂ ਲਾਭ ਸਿੰਘ ਜੀ ਨੇ ਕੁਰਬਾਨੀ ਦਿੱਤੀ। ਵੱਖ ਵੱਖ ਇਲਾਕਿਆਂ ਵਿੱਚ ਇੱਧਰ ਅਤੇ ਉੱਧਰ ਇਸ ਤਰ੍ਹਾਂ ਦੀਆਂ ਕਈ ਉਦਾਹਰਨਾਂ ਮਿਲ ਸਕਦੀਆਂ ਹਨ।
ਵੰਡ ਸਮੇਂ ਪੰਜਾਬ ਪ੍ਰਾਂਤ ਦਾ ਕੁੱਲ ਖੇਤਰਫਲ 3 ਲੱਖ 57 ਹਜ਼ਾਰ 692 ਵਰਗ ਕਿਲੋਮੀਟਰ ਸੀ। ਕੁੱਲ ਰਕਬੇ ਦਾ 38 ਫੀਸਦੀ ਪੂਰਬੀ ਪੰਜਾਬ ਦੇ ਹਿੱਸੇ ਆਇਆ ਅਤੇ 62% ਹਿੱਸਾ ਪੱਛਮੀ ਪੰਜਾਬ ਦੇ ਹਿੱਸੇ ਆਇਆ। ਹਿੰਦੂ ਅਤੇ ਸਿੱਖ ਵਾਹੀਕਾਰਾਂ ਵੱਲੋਂ ਪੱਛਮੀ ਪੰਜਾਬ ਵਿੱਚ ਤਕਰੀਬਨ 27 ਲੱਖ ਹੈਕਟੇਅਰ ਜ਼ਮੀਨ ਛੱਡੀ ਗਈ ਸੀ, ਜਦੋਂ ਕਿ ਮੁਸਲਮਾਨਾਂ ਵੱਲੋਂ ਪੂਰਬੀ ਪੰਜਾਬ ਵਿੱਚ 19 ਲੱਖ ਹੈਕਟੇਅਰ ਜ਼ਮੀਨ ਛੱਡੀ ਗਈ ਸੀ। ਮੁਸਲਮਾਨਾਂ ਵੱਲੋਂ ਛੱਡੀ ਗਈ ਜ਼ਮੀਨ ਕਟੌਤੀ ਲਾ ਕੇ ਹਿੰਦੂ ਸਿੱਖ ਵਾਹੀਕਾਰਾਂ ਨੂੰ ਤਕਸੀਮ ਕੀਤੀ ਗਈ। ਬਾਰਾਂ ਵਿੱਚ ਅਬਾਦ ਕੀਤੀ ਗਈ ਉਪਜਾਊ ਜ਼ਮੀਨ ਪੱਛਮੀ ਪੰਜਾਬ (ਪਾਕਿਸਤਾਨ) ਵਿੱਚ ਛੱਡ ਕੇ ਵਾਹੀਕਾਰਾਂ ਨੂੰ ਪੂਰਬੀ ਪੰਜਾਬ ਵੱਲ ਆਉਣਾ ਪਿਆ। ਪੱਛਮੀ ਪੰਜਾਬ ਤੋਂ ਆਏ 3 ਲੱਖ 50 ਹਜ਼ਾਰ ਕਿਸਾਨਾਂ ਨੂੰ ਪੂਰਬੀ ਪੰਜਾਬ ਦੇ ਜ਼ਿਲ੍ਹਿਆਂ ਫਿਰੋਜ਼ਪੁਰ, ਕਰਨਾਲ, ਅੰਬਾਲਾ, ਹਿਸਾਰ ਅਤੇ ਰੋਹਤਕ ਵਿੱਚ ਮੁਸਲਮਾਨਾਂ ਵੱਲੋਂ ਛੱਡੀ ਜ਼ਮੀਨ ਅਲਾਟ ਕੀਤੀ ਗਈ। ਪੱਛਮੀ ਪੰਜਾਬ ਦੇ ਲਾਹੌਰ, ਰਾਵਲਪਿੰਡੀ, ਸਿਆਲਕੋਟ, ਫੈਸਲਾਬਾਦ (ਲਾਇਲਪੁਰ) ਅਤੇ ਹੋਰ ਸ਼ਹਿਰਾਂ ਵਿੱਚ ਵਪਾਰ ਕਰਦੇ ਸ਼ਾਹੂਕਾਰਾਂ ਨੂੰ ਆਪਣਾ ਵਪਾਰ ਛੱਡ ਕੇ ਪੂਰਬੀ ਪੰਜਾਬ ਵੱਲ ਆਉਣਾ ਪਿਆ। ਸੂਦ ਖੋਰੀ ਦਾ ਕੰਮ ਹਿੰਦੂ ਸਿੱਖ ਅਮੀਰ ਲੋਕ ਹੀ ਕਰਦੇ ਸਨ, ਕਿਉਂਕਿ ਮੁਸਲਿਮ ਧਰਮ ਵਿੱਚ ਪੈਸਾ ਬਿਆਜੂ ਦੇਣ ਦੀ ਮਨਾਹੀ ਹੈ। ਸੂਦ ਖੋਰ ਘਰਾਣਿਆਂ ਦਾ ਬਹੁਤ ਸਾਰਾ ਸਰਮਾਇਆ ਲਹਿੰਦੇ ਪੰਜਾਬ ਵਿੱਚ ਡੁੱਬ ਗਿਆ। ਇਸ ਤਰ੍ਹਾਂ ਉੱਜੜ ਕੇ ਆਏ ਹਿੰਦੂ ਸਿੱਖ ਪਰਿਵਾਰਾਂ ਨੂੰ ਆਰਥਿਕ ਤੌਰ ’ਤੇ ਬਹੁਤ ਵੱਡੀ ਢਾਹ ਲੱਗੀ।
ਭਾਰਤ ਦੇ ਬਟਵਾਰੇ ਸਮੇਂ 10 ਲੱਖ ਤੋਂ ਵਧੇਰੇ ਲੋਕ ਮਾਰੇ ਗਏ। ਮਰਨ ਵਾਲਿਆਂ ਵਿੱਚ 75-80% ਗਿਣਤੀ ਪੰਜਾਬੀਆਂ ਦੀ ਸੀ। ਲੱਖਾਂ ਔਰਤਾਂ ਦੇ ਉਧਾਲੇ ਹੋਏ। ਬਹੁਤ ਸਾਰੀਆਂ ਧੀਆਂ ਭੈਣਾਂ ਨੇ ਖੂਹਾਂ ਵਿੱਚ ਛਾਲਾਂ ਮਾਰ ਕੇ ਆਪਣੀਆਂ ਇੱਜ਼ਤਾਂ ਬਚਾਈਆਂ। ਔਰਤਾਂ ਦੇ ਹੋ ਰਹੇ ਹਸ਼ਰ ਨੂੰ ਦੇਖ ਕੇ ਕਈ ਪਰਿਵਾਰਾਂ ਨੇ ਆਪਣੀਆਂ ਨੂੰਹਾਂ ਧੀਆਂ ਨੂੰ ਖੁਦ ਹੀ ਮਾਰ ਦਿੱਤਾ। 1951 ਦੀ ਵਿਸਥਾਪਿਤ ਜਨਗਨਣਾ ਦੇ ਅੰਕੜਿਆਂ ਅਨੁਸਾਰ 72 ਲੱਖ 26 ਹਜ਼ਾਰ ਮੁਸਲਮਾਨ ਭਾਰਤ ਤੋਂ ਪਾਕਿਸਤਾਨ ਗਏ ਅਤੇ 72 ਲੱਖ 49 ਹਜ਼ਾਰ ਹਿੰਦੂ ਸਿੱਖ ਪਾਕਿਸਤਾਨ ਤੋਂ ਭਾਰਤ ਆਏ। ਇਸ ਵਸੋਂ ਦੇ ਤਬਾਦਲੇ ਵਿੱਚ ਪੰਜਾਬ ਦੇ 78 ਪ੍ਰਤੀਸ਼ਤ ਲੋਕ ਸ਼ਾਮਲ ਸਨ। ਪੰਜਾਬ ਦੀ ਵੰਡ ਭਾਰਤ ਦੇ ਇਤਿਹਾਸ ਵਿੱਚ ਘਟੀ ਅਜਿਹੀ ਖੂਨੀ ਅਮਾਨਵੀ ਅਤੇ ਭਿਆਨਕ ਘਟਨਾ ਹੈ, ਜਿਸਦੀ ਉਦਾਹਰਨ ਵਿਸ਼ਵ ਦੇ ਇਤਿਹਾਸ ਵਿੱਚ ਨਹੀਂ ਮਿਲਦੀ। ਪੰਜਾਬੀਆਂ ਲਈ ਵੰਡ ਦਾ ਸੰਤਾਪ ਭੁੱਲ ਸਕਣਾ ਅਸੰਭਵ ਹੈ, ਪੁਰਾਣੇ ਬਜ਼ੁਰਗ ਅਕਸਰ ਆਪਣੀ ਜੰਮਣ ਭੋਏਂ ਦੇ ਦਰਸ਼ਣਾਂ ਲਈ ਤਾਂਘਦੇ ਰਹਿੰਦੇ ਹਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (