“ਆਪਣੀਆਂ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ, ਬੱਚਿਆਂ ਨੂੰ ...”
(10 ਅਗਸਤ 2025)
ਜਨਮ ਤੋਂ ਆਦਮਜਾਤ ਦਾ ਬੱਚਾ ਰੋਂਦਿਆਂ ਪੈਦਾ ਹੋਣਾ ਕੁਦਰਤੀ ਵਰਤਾਰਾ ਹੈ ਚਾਹੇ ਕੁੜੀ ਹੋਵੇ ਭਾਵੇਂ ਮੂੰਡੇ ਦੇ ਰੂਪ ਵਿੱਚ ਜਮਿਆ ਹੋਵੇ। ਪਰ ਸਮਾਂ ਪਇਆਂ ਕੁਦਰਤਨ ਤੇ ਫਿਦਰਤਨ ਕੁਝ ਸਮਾਜਿਕ ਬਣਤਰ ਮੁਤਾਬਕ ਮੁੰਡਿਆਂ ਦੀ ਜ਼ਿੰਦਗੀ ਵਿੱਚੋਂ ਰੋਣਾ ਮਨਫ਼ੀ ਹੋ ਜਾਂਦਾ ਹੈ। ਔਰਤਾਂ ਦੀਆਂ ਔਕੜਾਂ ਬਾਰੇ ਸਮਾਜ ਵਿੱਚ ਖੁੱਲ੍ਹ ਕੇ ਗੱਲਬਾਤ ਕੀਤੀ ਜਾਂਦੀ ਹੈ ਪਰ ਮਰਦ ਦੀਆਂ ਮੁਸ਼ਕਿਲਾਂ ਬਾਬਤ ਜ਼ਿਕਰ ਘੱਟ ਹੀ ਸੁਣਨ ਨੂੰ ਮਿਲਦਾ ਹੈ। ਆਦਮੀ ਵੱਲੋਂ ਆਪਣੀਆਂ ਮੁਸ਼ਕਲਾਂ ਦਰਸਾਉਣਾ ਉਸ ਨੂੰ ਕਮਜ਼ੋਰ ਸਾਬਤ ਕਰਦਾ ਹੈ। ਸੰਘਰਸ਼ ਹਰ ਜਾਨਦਾਰ ਜੀਵ ਦੇ ਜੀਵਨ ਦਾ ਹਿੱਸਾ ਹੁੰਦਾ ਹੈ, ਚਾਹੇ ਉਹ ਨਰ ਹੋਵੇ ਜਾਂ ਨਾਰੀ। ਔਰਤ ਕੋਲ ਰੋਣਾ ਸਹਿਜ ਹੋਣ ਲਈ ਇੱਕ ਸਹੂਲਤ ਹੈ, ਜੋ ਮਰਦ ਦੇ ਹਿੱਸੇ ਸਮਾਜਿਕ ਤੌਰ ’ਤੇ ਸ਼ਰੇਆਮ ਨਹੀਂ ਆਉਂਦੀ। ਮਰਦ ਰੋਇਆਂ ਕਮਜ਼ੋਰ ਅਖਵਾਉਂਦਾ ਹੈ, ਜੋ ਉਸ ਲਈ ਸ਼ਰਮਿੰਦਗੀ ਦਾ ਬਾਇਸ ਬਣਦਾ ਹੈ।
ਔਰਤ ਕੋਮਲ ਹੁੰਦੀ ਕੇਰੇ ਹੰਝੂ, ਮਨ ਹੌਲਾ ਕਰ ਸਕਦੀ ਹੈ।
ਬੰਦਾ ਭਾਵੇਂ ਅੰਦਰੋਂ ਪੱਥਰ ਹੋ ਜੇ, ਮਰਦ ਤਾਂ ਮਰਦ ਹੀ ਹੁੰਦਾ ਏ।
ਲੜਕਾ ਬਚਪਨੇ ਵਿੱਚ ਸਕੂਲ ਜਾਂਦਿਆਂ ਜਾਂ ਕੋਈ ਚੀਜ਼ ਲੈਣ ਦੀ ਜ਼ਿਦ ਕਾਰਨ ਜਦੋਂ ਰੋਂਦਾ ਤਾਂ ਮਾਪਿਆਂ ਦੇ ਇੰਨਾ ਕਹਿਣ ਦੀ ਦੇਰ ਹੁੰਦੀ ਹੈ ਕਿ ਲੋਕੀਂ ਕੀ ਕਹਿਣਗੇ, ਮੁੰਡਾ ਹੋ ਕੇ ਰੋਂਦਾ? ਤਾਂ ਲੜਕਾ ਝੱਟ ਚੁੱਪ ਕਰ ਜਾਂਦਾ ਹੈ ਅਤੇ ਆਪਣੇ ਆਪ ਨੂੰ ਮਜ਼ਬੂਤ ਸਾਬਤ ਕਰਨ ਦੀ ਸ਼ੁਰੂਆਤ ਕਰਦਾ ਹੈ। ਸਾਊ ਮੁੰਡਾ ਸਕੂਲੀ ਸ਼ਰਾਰਤੀ ਮੁੰਡਿਆਂ ਦੀਆਂ ਖੁਰਾਫ਼ਾਤੀ ਗੱਲਾਂ ਨਾਲ ਨਜਿੱਠਦਾ ਹੈ, ਜੋ ਉਹ ਡਰਦਿਆਂ ਮਾਂ ਬਾਪ ਨੂੰ ਵੀ ਨਹੀਂ ਦੱਸਦਾ ਤੇ ਟੀਚਰਾਂ ਤੋਂ ਛੁਪਾਉਂਦਾ ਭੈ-ਗ੍ਰਸਤ ਹੋਇਆ ਰਹਿੰਦਾ ਹੈ, ਝਗੜੇ ਤੋਂ ਬਚਾ ਕਰਨ ਵਿੱਚ ਕਾਮਯਾਬੀ ਹਾਸਲ ਕਰ ਜਾਂਦਾ ਹੈ। ਚੰਗੇ ਬੱਚੇ ਪੜ੍ਹ ਲਿਖ ਕੇ ਚੰਗੇ ਨਾਗਰਿਕ ਬਣਦੇ ਹਨ, ਬਿਗੜੈਲ ਮੁੰਡੇ ਸਮਾਜ ਲਈ ਕੋੜ੍ਹ ਬਣ ਜਾਂਦੇ ਹਨ। ਬੁਰੇ ਬੰਦੇ ਸਮਾਜ ਵਿੱਚ ਆਟੇ ਵਿੱਚ ਨਮਕ ਜਿੰਨੇ ਹੁੰਦੇ ਹਨ, ਜੋ ਗ਼ਲਤ ਰਾਹ ਚੁਣਦੇ ਹਨ।
ਇੱਥੇ ਇੱਕ ਬਚਪਨ ਦੀ ਘਟਨਾ, ਜਿਹੜੀ ਮੇਰੇ ਦੋਸਤ ਨਾਲ ਵਾਪਰੀ, ਬਿਆਨ ਕਰਨ ਲੱਗਾ ਹਾਂ। ਜਦੋਂ ਅਸੀਂ ਪੰਜਵੀਂ ਕਲਾਸ ਵਿੱਚ ਇਕੱਠੇ ਪੜ੍ਹਿਆ ਕਰਦੇ ਸੀ, ਲੜਕਿਆਂ ਦੀ ਜ਼ਿੰਮੇਵਾਰੀ ਆਪਣੀ ਭੈਣਾਂ ਦੀ ਰੱਖਿਆ ਕਰਨਾ ਹੁੰਦੀ ਸੀ। ਭਾਵੇਂ ਭਰਾ ਭੈਣ ਨਾਲੋਂ ਛੋਟਾ ਹੀ ਕਿਉਂ ਨਾ ਹੋਵੇ। ਮੇਰੇ ਦੋਸਤ ਦੇ ਦੱਸਣ ਮੁਤਾਬਕ ਉਹ ਵੱਡੀ ਭੈਣ ਨਾਲ ਕਿਸੇ ਘਰੇਲੂ ਕੰਮ ਜਾ ਰਹੇ ਸਨ। ਵੱਡੀ ਭੈਣ ਸਾਇਕਲ ਚਲਾ ਰਹੀ ਸੀ, ਉਹ ਪਿੱਛੇ ਬੈਠਾ ਹੋਇਆ ਸੀ। ਦੋ ਗ਼ਲਤ ਅਨਸਰ ਸਾਇਕਲ ’ਤੇ ਕੋਲੋਂ ਬਰਾਬਰ ਲੰਘਦੇ ਭੈਣ ਜੀ ਦੇ ਹਵਾ ਵਿੱਚ ਲਹਿਰਾਉਂਦੇ ਦੁਪੱਟੇ ਨੂੰ ਦੇਖ ਕੇ ਸ਼ਰਾਰਤ ਵਿੱਚ ਹਿੰਦੀ ਫਿਲਮੀ ਗਾਣਾ ਗਾਉਣ ਲੱਗ ਪਏ, “ਚੁੰਨਰੀ ਸੰਭਾਲ ਗੋਰੀ ਉੜੀ ਚਲੀ ਜਾਏ ਰੇ…”
ਮੇਰਾ ਦੋਸਤ ਕਹਿੰਦਾ ਮੇਰਾ ਦਿਲ ਕਰੇ ਸਾਇਕਲ ’ਤੇ ਮੈਂ ਪਿੱਛੇ ਬੈਠਾ ਉਨ੍ਹਾਂ ਦੇ ਸਾਇਕਲ ਨੂੰ ਲੱਤ ਮਾਰ ਕੇ ਦੋਨਾਂ ਨੂੰ ਥੱਲੇ ਸੁੱਟ ਦੇਵਾਂ ਪਰ ਲੱਤਾਂ ਦੀ ਪਹੁੰਚ ਇੰਨੀ ਨਹੀਂ ਸੀ। ਭਰਾ ਛੋਟਾ ਹੋਵੇ ਚਾਹੇ ਵੱਡਾ, ਭੈਣਾਂ ਦੇ ਰੱਖਿਅਕ ਦਾ ਫ਼ਰਜ਼ ਨਿਭਾਉਣਾ ਪੈਂਦਾ ਹੈ। ਮੇਰੀ ਭੈਣ ਨੇ ਸਾਈਕਲ ਤੇਜ਼ ਗਤੀ ਨਾਲ ਚਲਾ ਕੇ ਆਪਣੇ ਘਰ ਦਾ ਰਾਹ ਫੜਿਆ।
ਬਚਪਨ ਤੋਂ ਬਾਅਦ ਜਵਾਨੀ ਵੇਲੇ ਮਰਦ ਪੂਰੇ ਜੋਸ਼ ਵਿੱਚ ਹੁੰਦਾ। ਉਹ ਹਰ ਅਸੰਭਵ ਦਿਖਾਈ ਦੇਂਦੇ ਕੰਮਾਂ ਨੂੰ ਸੰਭਵ ਬਣਾਉਣ ਦੀ ਸਮਰੱਥਾ ਰੱਖਦਾ ਹੈ। ਹਰ ਔਰਤ ਬਾਹਰੀ ਕੰਮ ਕਾਜੀ ਨਹੀਂ ਹੁੰਦੀ। ਮਰਦ ਦੀ ਕਮਾਈ ਤੋਂ ਬਿਨਾਂ ਘਰ ਨਹੀਂ ਚੱਲ ਸਕਦਾ। ਨਾ ਨੌਕਰੀ ਨਾ ਹੀ ਵਿਉਪਾਰ ਕਰਨਾ ਸੁਖਾਲਾ ਹੈ। ਹਰ ਖੇਤਰ ਵਿੱਚ ਮੁਕਾਬਲੇ ਦੀ ਦੌੜ ਲੱਗੀ ਹੋਈ ਹੈ, ਜਿਸ ਵਿੱਚ ਆਪਣੇ ਲਈ ਰਾਹ ਪੱਧਰਾ ਕਰ ਕੇ ਅੱਗੇ ਵਧਣਾ ਲਾਜ਼ਮੀ ਹੈ। ਕੋਈ ਢਿੱਲ ਮੱਠ ਦੀ ਗੁੰਜਾਇਸ਼ ਨਹੀਂ। ਪਿੱਛੇ ਰਹਿ ਜਾਣ ਦਾ ਖ਼ਤਰਾ ਸਿਰ ’ਤੇ ਮੰਡਲਾਉਂਦਾ ਰਹਿੰਦਾ ਹੈ। ਹਰ ਖੇਤਰ ਵਿੱਚ ਮਰਦ ਦਾ ਮੁਕਾਬਲਾ ਮਰਦਾਂ ਨਾਲ ਹੁੰਦਾ ਹੈ, ਜਿਸ ਪਿੱਛੇ ਕਾਮਯਾਬੀ ਲਈ ‘ਮਰਦਾ ਕੀ ਨਹੀਂ ਕਰਦਾ’ ਵਾਲੀ ਹਾਲਤ ਹੋ ਜਾਂਦੀ ਹੈ। ਔਰਤਾਂ ਲਈ ਕੰਮਾਂ ਦੀ ਹੱਦਬੰਦੀ ਹੁੰਦੀ ਹੈ। ਸਮਾਜਿਕ ਅਤੇ ਇਖਲਾਕੀ ਤੌਰ ’ਤੇ ਬੇ-ਵਕਤ ਬਾਹਰ ਰਹਿਣਾ ਔਰਤ ਦੇ ਇਖ਼ਤਿਆਰ ਖੇਤਰ ਵਿੱਚ ਨਹੀਂ ਆਉਂਦਾ। ਮਰਦ ਲਈ ਚੌਵੀ ਘੰਟੇ ਕੰਮ ਦੀ ਕੋਈ ਲਛਮਣ ਰੇਖਾ ਨਿਰਦੇਸ਼ਿਤ ਨਹੀਂ ਹੈ।
ਚੰਗਾ ਭਵਿੱਖ ਨਿਰਮਾਣ ਤਦ ਹੁੰਦਾ ਹੈ ਜਦੋਂ ਭਵਿੱਖੀ ਆਮਦਨ ਨਿਸ਼ਚਿਤ ਹੁੰਦੀ ਹੈ। ਯੋਗ ਜੀਵਨ ਸਾਥੀ ਮਿਲਣ ਵੇਲੇ ਸਹਾਇਕ ਜ਼ਰੂਰ ਬਣਦਾ ਹੈ। ਫਿਰ ਦੋਨੋਂ ਮਿਲ ਕੇ ਆਪਣਾ ਘਰ ਬਣਾਉਂਦੇ ਹਨ, ਜਿਸ ਵਿੱਚ ਮਰਦ ਦੀ ਅਹਿਮ ਭੂਮਿਕਾ ਹੁੰਦੀ ਹੈ। ਮਰਦ ਮਾਂ-ਬਾਪ ਅਤੇ ਪਤਨੀ ਵਿੱਚ ਪੁਲ ਦਾ ਕੰਮ ਕਰਦਾ ਹੈ, ਤਾਂ ਹੀ ਘਰੇਲੂ ਮਾਹੌਲ ਸੁਖਾਵਾਂ ਬਣਦਾ ਹੈ। ਨੂੰਹ ਅਤੇ ਸੱਸ ਵਿੱਚ ਅਣਬਣ ਦਾ ਠੀਕਰਾ ਮਰਦ ਸਿਰ ਹੀ ਭੰਨਿਆ ਜਾਂਦਾ ਹੈ ਕਿਉਂ ਜੋ ਉਹੀ ਤਾਲ-ਮੇਲ ਬਿਠਾਉਣ ਵਿੱਚ ਨਾਕਾਮਯਾਬ ਰਹਿੰਦਾ ਹੈ।
ਆਪਣੀਆਂ ਅਤੇ ਆਪਣੇ ਪਰਿਵਾਰਿਕ ਮੈਂਬਰਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ, ਬੱਚਿਆਂ ਨੂੰ ਵਿਆਹੁਣੋ ਪਹਿਲਾਂ ਉਨ੍ਹਾਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਅਤਿ ਜ਼ਰੂਰੀ ਹੁੰਦਾ ਹੈ। ਮਰਦ ਗ੍ਰਹਿਸਤੀ ਗੱਡੀ ਦਾ ਅਗਲਾ ਪਹੀਆ ਹੁੰਦਾ ਹੈ। ਗ਼ਲਤ ਰਾਹੀਂ ਮੁੜਿਆਂ ਮੰਜ਼ਿਲ ਇੱਕ ਪਾਸੇ ਰਹਿ ਜਾਂਦੀ ਹੈ। ਆਦਮੀ ਦੁਆਰਾ ਲਏ ਹੋਏ ਨਿਰਣਾਇਕ ਫੈਸਲੇ ਭਵਿੱਖ ਉੱਤੇ ਬਹੁਤ ਡੂੰਘਾ ਅਸਰ ਛੱਡਦੇ ਹਨ, ਜੋ ਆਉਣ ਵਾਲੇ ਸਮਿਆਂ ਵਿੱਚ ਆਉਂਦੀਆਂ ਉਸਦੀਆਂ ਅਗਲੀਆਂ ਪੀੜ੍ਹੀਆਂ ਭੁਗਤਦੀਆਂ ਹਨ। ਦੇਖਾ-ਦੇਖੀ ਜਾਂ ਮਰਜ਼ੀ ਬੱਚਿਆਂ ਨੂੰ ਵਿਦਿਆਰਥੀ/ਨੌਕਰੀ ਲਈ ਵਿਦੇਸ਼ੀਂ ਪੱਕਾ ਭੇਜਣਾ ਆਪਣਾ ਬੁਢਾਪਾ ਘੜੀ ਦੇ ਪੈਂਡੂਲਮ ਵਾਂਗ ਬਣਾ ਲੈਣਾ ਕੋਈ ਸਿਆਣਪ ਨਹੀਂ। ਜਦੋਂ ਦੋਨੋਂ ਸਾਥੀ ਜ਼ਿੰਦਾ ਹੁੰਦੇ ਹਨ, ਜਿਹੜੇ ਵਿਦੇਸ਼ੀ ਰਹਿੰਦੇ ਬੱਚਿਆਂ ਦੀਆਂ ਉਪਲਬਧੀਆਂ ਗਿਣਾਉਂਦੇ ਫੁੱਲੇ ਨਹੀਂ ਸਮਾਉਂਦੇ, ਇਕੱਲਤਾ ਵੇਲੇ ਸਿਵਾਏ ਝੂਰਨ ਤੋਂ ਹੋਰ ਕੋਈ ਚਾਰਾ ਨਹੀਂ ਰਹਿੰਦਾ। ਧੀਆਂ-ਪੁੱਤਰ ਹੁੰਦਿਆਂ ਬੇ-ਔਲਾਦਿਆਂ ਵਰਗੀ ਜ਼ਿੰਦਗੀ ਨਾਲ ਮੇਲ ਖਾਣ ਲਗਦੀ ਏ। ਕਦੀ ਬਾਹਰ ਕਦੇ ਆਪਣੇ ਮੁਲਕ ਵਿੱਚ ਜੀਵਨ ਬਸਰ ਕਰਨਾ ਸੌਖਾ ਨਹੀਂ, ਖਾਸ ਤੌਰ ’ਤੇ ਜਦੋਂ ਮਰਦ ਇਕੱਲਾ ਰਹਿ ਜਾਵੇ। ਮਰਦ ਤੇ ਇਕੱਲਤਾ ਦਾ ਚੋਲੀ ਦਾਮਨ ਵਾਲਾ ਸਾਥ ਹੁੰਦਾ ਹੈ। ਉਸ ਵਕਤ ਦੋਸਤਾਨਾ ਸਬੰਧ ਕੰਮ ਆਉਂਦੇ ਹਨ। ਜੇ ਹਨ ਤਾਂ ਠੀਕ, ਨਹੀਂ ਤਾਂ ਇਕੱਲੇ ਦਾ ਰੱਬ ਰਾਖਾ। ਇਕਲਾਪਾ ਦੂਰ ਕਰਨ ਹਿਤ ਗ਼ਲਤ ਰਾਹ ਪੈਣੋ ਆਪ ਨੂੰ ਰੋਕਣਾ ਹੀ ਪਰਿਵਾਰ, ਸਮਾਜ ਲਈ ਲਾਹੇਵੰਦ ਸਾਬਤ ਹੁੰਦਾ ਹੈ। ਬੰਦਾ ਮਾਂ, ਭੈਣ, ਪਤਨੀ, ਨੂੰਹ, ਧੀ ਤੋਂ ਉਨ੍ਹਾਂ ਦੀਆਂ ਸੇਵਾਵਾਂ ਲੈਣ ਬਦਲੇ ਤਨ ਅਤੇ ਧਨ ਅਰਪਨ ਕੀਤਿਆਂ ਮਾਣ ਮਹਿਸੂਸ ਕਰਦਾ ਹੈ, ਅੰਦਰੂਨੀ ਖੁਸ਼ੀ ਪ੍ਰਾਪਤ ਕਰਦਾ ਹੈ। ਅਗਰ ਤੁਸੀਂ ਆਪਣੀ ਔਲਾਦ ਸੰਗ ਰਹਿੰਦੇ ਹੋ, ਅੱਗੋਂ ਉਨ੍ਹਾਂ ਦੇ ਜਵਾਕਾਂ ਨਾਲ ਦਿਲ ਬਹਿਲਾਉਣਾ ਤੇ ਅੰਨਦ ਪ੍ਰਾਪਤੀ ਲਈ ਸਾਧਨ ਬਣਾਉਣਾ ਸਿਆਣਪ ਹੈ।
ਆਦਮੀ ਲਈ ਪਤਨੀ ਦਾ ਵਿਛੋੜਾ ਦੁੱਖ ਦਰਦ ਨਾਲ ਢੇਰ ਦੁਸ਼ਵਾਰੀਆਂ ਲੈ ਕੇ ਆਉਂਦਾ ਹੈ। ਪਹਿਲਾ ਮਸਲਾ ਰੋਟੀ ਦਾ ਹੁੰਦਾ ਹੈ। ਨੌਕਰਾਂ ਵੱਸ ਪਿਆਂ ਨੂੰ ਕੋਈ ਪੁੱਛੇ, ਜ਼ਿੰਦਗੀ ਕਿੰਝ ਗ਼ੁਜ਼ਰ ਰਹੀ ਹੈ। ਗੱਲਬਾਤ ਲਈ ਪਾਰਕਾਂ ਵਿੱਚ ਸਹਾਰਾ ਲੈਣਾ ਪੈਂਦਾ ਹੈ। ਘਰ ਤੁਹਾਡਾ ਕੋਈ ਉਡੀਕਵਾਨ ਨਹੀਂ ਹੁੰਦਾ ਜੋ ਤੁਹਾਡਾ ਰਾਹ ਤੱਕਦਾ ਹੋਵੇ। ਪਾਰਕਾਂ ਵਿੱਚ ਬੈਠੇ ਬਜ਼ੁਰਗ ਇਕੱਠੇ ਹੋ ਹਾਸੇ-ਠੱਠੇ, ਮਜ਼ਾਕ ਨਾਲ ਸੁੰਨੀ ਜ਼ਿੰਦਗੀ ਵਿੱਚ ਰੌਣਕ ਭਰਨ ਦੀ ਕੋਸ਼ਿਸ਼ ਕਰਦੇ ਹਨ। ਆਪਣੇ ਆਪ ਨੂੰ ਸੰਭਾਲਣਾ ਅਤੇ ਬਾਕੀ ਰਹਿੰਦਾ ਜੀਵਨ ਸੁਚੱਜੇ ਢੰਗ ਨਾਲ ਬਤੀਤ ਕਰਨ ਦੇ ਉਪਰਾਲੇ ਨਹੀਂ ਛੱਡਣੇ ਚਾਹੀਦੇ। ਜਿਹੜੇ ਬੰਦੇ ਨੇ ਇਕੱਲੇ ਮੁਸ਼ਕਿਲਾਂ, ਮੁਸੀਬਤਾਂ, ਔਕੜਾਂ ਨਾਲ ਜੂਝਦਿਆਂ ਜਿੰਦਗੀ ਲੰਘਾਉਂਦੇ ਹਨ, ਦੁਨੀਆਂ ਉਨ੍ਹਾਂ ਨੂੰ ਚਟਾਨੀ ਹੌਸਲੇ ਵਾਲੇ ਮਰਦ ਕਹਿਕੇ ਨਿਵਾਜਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (