“ਆਹ ਜਿਹੜੀ ਬੱਸ ਤੁਸੀਂ ਦੇਖ ਰਹੇ ਹੋ, ਇਸਨੇ ਮੇਰੇ ਤਿੰਨ ਬੱਚੇ ਪੜ੍ਹਾ ਕੇ ਨੌਕਰੀਆਂ ’ਤੇ ...”
(10 ਅਗਸਤ 2025)
ਬੱਸ ਡਰਾਇਵਰ ਤੋਂ ਮਿਲਿਆ ਜ਼ਿੰਦਗੀ ਦਾ ਵੱਡਾ ਸਬਕ,
ਜਿਸਦੀ ਬਦੌਲਤ ਜ਼ਿੰਦਗੀ ਸਕੂਨ ਭਰੀ ਹੋਈ।
ਜ਼ਿੰਦਗੀ ਵਿੱਚ ਕਈ ਦਫਾ ਕਈ ਵਿਅਕਤੀ ਤੁਹਾਨੂੰ ਜ਼ਿੰਦਗੀ ਬਿਹਤਰ ਬਣਾਉਣ ਦਾ ਅਜਿਹਾ ਸਬਕ ਦੇ ਜਾਂਦੇ ਹਨ, ਜਿਸਨੂੰ ਤੁਸੀਂ ਤਾਉਮਰ ਆਪਣੇ ਸੀਨੇ ਨਾਲ ਲਾ ਕੇ ਰੱਖਦੇ ਹੋ। ਅਜਿਹੇ ਸਬਕ ਭਾਵੇਂ ਤੁਹਾਨੂੰ ਕਿਸੇ ਛੋਟੇ-ਵੱਡੇ, ਅਮੀਰ-ਗਰੀਬ, ਬੱਚੇ ਜਾਂ ਬੁਜ਼ਰਗ ਵਿਅਕਤੀ ਤੋਂ ਹੀ ਕਿਉਂ ਨਾ ਮਿਲੇ ਹੋਣ। ਇਹ ਤੁਹਾਡੀ ਸ਼ਖਸੀਅਤ ਦੇ ਬਹੁਪੱਖੀ ਵਿਕਾਸ ਵਿੱਚ ਵੀ ਚੋਖਾ ਹਿੱਸਾ ਪਾਉਂਦੇ ਹਨ। ਅਜਿਹੇ ਸਬਕਾਂ ਦੀ ਬਦੌਲਤ ਹੀ ਤੁਸੀਂ ਆਪਣੇ ਅਦਾਰੇ ਜਾਂ ਸਮਾਜ ਵਿੱਚ ਮਾਣ ਸਨਮਾਨ ਵੀ ਖੱਟਦੇ ਹੋ ਅਤੇ ਇਹ ਸਬਕ ਤੁਹਾਡੀ ਜ਼ਿੰਦਗੀ ਨੂੰ ਸਕੂਨ ਭਰੀ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਆਮ ਦੇਖਿਆ ਗਿਆ ਹੈ ਸਰਕਾਰੀ ਨੌਕਰੀ ਵਾਲਿਆਂ ਵਿੱਚ ਆਲਸ ਦੀ ਪ੍ਰਵਿਰਤੀ ਪ੍ਰਾਈਵੇਟ ਨੌਕਰੀ ਕਰਨ ਵਾਲਿਆਂ ਦੇ ਮੁਕਾਬਲੇ ਕੁਝ ਜ਼ਿਆਦਾ ਹੀ ਹੁੰਦੀ ਹੈ। ਜਿਸਦਾ ਇੱਕ ਕਾਰਨ ਵਧੀਆ ਸ਼ੰਦੇਸ ਤੇ ਸਬਕ ਦੀ ਘਾਟ ਵੀ ਹੁੰਦਾ ਹੈ।
ਕਹਿੰਦੇ ਹਨ ਜਿਸਦੇ ਹੱਥ ਸਰਕਾਰੀ ਨੌਕਰੀ ਲੱਗ ਗਈ, ਉਸਦੀਆਂ ਪੌਂ-ਬਾਰਾਂ। ਮੇਰਾ ਆਪਣਾ ਤਜਰਬਾ ਦੱਸਦਾ ਹੈ ਕਿ ਹਰ ਸਰਕਾਰੀ ਅਦਾਰੇ ਵਿੱਚ ਅਜਿਹੇ ਕਰਮਚਾਰੀ ਪੋਟਿਆ ’ਤੇ ਹੀ ਗਿਣੇ ਜਾਣ ਜੋਗੇ ਹੀ ਹੁੰਦੇ ਹਨ, ਜਿਹੜੇ ਪੂਰੀ ਇਮਾਨਦਾਰੀ, ਲਗਨ ਅਤੇ ਉਤਸ਼ਾਹ ਨਾਲ ਕੰਮ ਕਰਦੇ ਹਨ। ਬਹੁਤਿਆਂ ਦਾ ਇੱਕੋ ਇੱਕ ਉਦੇਸ਼ ਸਮਾਂ ਟਪਾਉਣਾ ਹੀ ਹੁੰਦਾ ਹੈ। ਉਤਸ਼ਾਹ ਦੀ ਕਮੀ ਕਰਕੇ ਉਨ੍ਹਾਂ ਦੀ ਜ਼ਿੰਦਗੀਵੀਦੀ ਨੀਰਸ ਭਰੀ ਅਤੇ ਬੋਝਲ ਜਿਹੀ ਬਣ ਜਾਂਦੀ ਹੈ। ਅਜਿਹਾ ਵੀ ਦੇਖਿਆ ਗਿਆ ਹੈ ਕਿ ਅਜੇ ਸੇਵਾਮੁਕਤੀ ਵਿੱਚ ਤਿੰਨ ਚਾਰ ਸਾਲ ਰਹਿੰਦੇ ਹੁੰਦੇ ਹਨ ਤੇ ਉਹ ਪਹਿਲਾਂ ਹੀ ਸੇਵਾਮੁਕਤੀ ਵਾਲਾ ਜੀਵਨ ਬਿਤਾਉਣਾ ਸ਼ੁਰੂ ਕਰ ਦਿੰਦੇ ਹਨ। ਹਾਲ ਚਾਲ ਪੁੱਛਣ ’ਤੇ ਅਜਿਹੇ ਲੋਕ ਕਹਿਣਗੇ ਕਿ ਅੱਧੀ ਟੱਪ ਗਈ ਬਾਕੀ ਦੀ ਵੀ ਇੰਝ ਹੀ ਟੱਪ ਜਾਣੀ ਹੈ।
ਇਸਦੇ ਉਲਟ ਪ੍ਰਾਈਵੇਟ ਨੌਕਰੀਆਂ ਵਿੱਚ ਅਜਿਹਾ ਕਦਾਚਿਤ ਨਹੀਂ ਹੁੰਦਾ। ਜ਼ਰਾ ਕੁ ਕੁਤਾਈ ਜਾਂ ਲਾਹਪ੍ਰਵਾਹੀ ਨੌਕਰੀ ਤੋਂ ਹੱਥ ਧੁਆ ਦਿੰਦੀ ਹੈ। ਕਿਸੇ ਟਾਵੇਂ ਟਾਵੇਂ ਕਰਮਚਾਰੀ ਨੂੰ ਛੱਡਕੇ ਬਾਕੀ ਸਾਰੇ ਆਪਣੇ ਕੰਮਾਂ ਵਿੱਚ ਆਲਸਪਣ ਨਹੀਂ ਆਉਣ ਦਿੰਦੇ। ਉਦਾਹਰਨ ਦੇ ਤੌਰ ’ਤੇ ਤੁਸੀਂ ਕਿਸੇ ਵੀ ਸਰਕਾਰੀ ਦਫਤਰ ਦੇ ਲੈਂਡ ਲਾਇਨ ’ਤੇ ਫੋਨ ਕਰਕੇ ਦੇਖ ਲਵੋ, ਦਸ ਵਿੱਚੋਂ ਤਿੰਨ ਚਾਰ ਹੀ ਤੁਹਾਡੇ ਫੋਨ ਕਾਲ ਨੂੰ ਉਠਾਉਣ ਦਾ ਜੋਖਮ ਉਠਾਉਣਗੇ। ਹਾਲਾਂ ਕਿ ਕੋਲ ਬੈਠੇ ਵੀ ਉਹ ਲਗਾਤਾਰ ਵੱਜ ਰਹੀ ਘੰਟੀ ਨੂੰ ਬੜੇ ਸਹਿਜ ਅਣਗੌਲਿਆ ਕਰ ਦਿੰਦੇ ਹਨ ਤੇ ਬੜੇ ਮਾਣ ਨਾਲ ਕਹਿਣਗੇ, ਖੜਕਾਈ ਜਾਹ, ਚੁੱਕਣਾ ਮੈਂ ਵੀ ਨਹੀਂ। ਬੈਕਾਂ ਵਿੱਚ ਪੱਕੇ ਕਰਮਚਾਰੀ ਅਕਸਰ ਹੀ ਅਜਿਹਾ ਕਰਦੇ ਆਮ ਦੇਖੇ ਜਾ ਸਕਦੇ ਹਨ। ਇਸਦੇ ਉਲਟ ਪ੍ਰਾਈਵੇਟ ਦਫਤਰਾਂ ਜਾਂ ਹਸਪਤਾਲਾਂ ਵਾਲੇ ਫਟਾਫਟ ਪੁੱਛਣਗੇ ਕਿ ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਹਾਂ। ਜ਼ਿਆਦਾਤਰ ਪ੍ਰਾਈਵੇਟ ਸੰਸਥਾ ਵਾਲੇ ਤੁਹਾਡੇ ਵੱਲੋਂ ਪੁੱਛੀ ਗਈ ਗੱਲ ਦਾ ਉੱਤਰ ਬੜੇ ਵਧੀਆ ਤਰੀਕੇ ਅਤੇ ਸਲੀਕੇ ਨਾਲ ਦਿੰਦੇ ਹਨ।
ਸ਼ਾਇਦ ਇਸ ਲਈ ਹੀ ਸਰਕਾਰੀ ਅਦਾਰਿਆਂ ਵਿੱਚ ਠੇਕੇਦਾਰੀ ਸਿਸਟਮ ਜਾਂ ਆਊਟ ਸੋਰਸਿੰਗ ਰਾਹੀਂ ਭਰਤੀ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਹੈ। ਅਜਿਹਾ ਕਾਮਾ ਜੇ ਅਦਾਰੇ ਦੀਆਂ ਹਿਦਾਇਤਾਂ ਅਨੁਸਾਰ ਕੰਮ ਨਹੀਂ ਕਰਦਾ ਤਾਂ ਜਲਦੀ ਹੀ ਉਸ ਨੂੰ ਘਰ ਤੌਰ ਦਿੱਤਾ ਜਾਂਦਾ ਹੈ। ਹੁਣ ਤਾਂ ਅਜਿਹੇ ਕਾਮਿਆਂ ਨੇ ਵੀ ਆਪਣੀਆਂ ਜਥੇਬੰਦੀਆਂ ਬਣਾ ਕੇ ਸਰਕਾਰ ’ਤੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਉਨ੍ਹਾਂ ਨੂੰ ਪੱਕੀ ਨੌਕਰੀ ਦਿੱਤੀ ਜਾਵੇ ਤੇ ਕਈ ਥਾਂਵਾਂ ’ਤੇ ਉਨ੍ਹਾਂ ਦੀ ਆਰਜ਼ੀ ਨੌਕਰੀ ਨੂੰ ਪੱਕੀ ਵਿੱਚ ਤਬਦੀਲ ਵੀ ਕੀਤਾ ਜਾ ਰਿਹਾ ਹੈ। ਸਮੱਸਿਆ ਫਿਰ ਉਹੀ ਹੈ ਕਿ ਇੱਕ ਦਫਾ ਪੱਕੀ ਨੌਕਰੀ ’ਤੇ ਆਉਣ ’ਤੇ ਜ਼ਿਆਦਤਰ ਕੇਸਾਂ ਵਿੱਚ ਆਲਸੀ ਭਰਿਆ ਜੀਵਨ ਬਤੀਤ ਹੋਣਾ ਸ਼ੁਰੂ ਹੋ ਜਾਂਦਾ ਹੈ।
ਇਹ ਵੀ ਸੱਚ ਹੈ ਕਿ ਸਰਕਾਰੀ ਨੌਕਰੀ ਜਿੰਨੀ ਮੁਸ਼ਕਿਲ ਨਾਲ ਮਿਲਦੀ ਹੈ, ਨੌਕਰੀ ਤੋਂ ਕੱਢਣਾ ਵੀ ਉੰਨਾ ਹੀ ਮੁਸ਼ਕਿਲ ਹੁੰਦਾ ਹੈ। ਜਿਨ੍ਹਾਂ ਨੇ ਸੰਘਰਸ਼ ਅਤੇ ਮਿਹਨਤ ਨਾਲ ਨੌਕਰੀ ਹਾਸਲ ਕੀਤੀ ਹੁੰਦੀ ਹੈ, ਉਹ ਨੌਕਰੀ ਦੀ ਪੂਰੀ ਕਦਰ ਕਰਦੇ ਹਨ। ਨਹੀਂ ਤਾਂ ਬਾਕੀ ਆਪਣੀ ਸਾਰੀ ਊਰਜਾ ਨਾਂਹ ਪੱਖੀ ਸੋਚ, ਕੰਮਾਂ ਵਿੱਚ ਅੜਿੱਕੇ ਪਾਉਣਾ ਅਤੇ ਗਲਤ ਵਿਉਂਤਬੰਦੀਆਂ ਵਿੱਚ ਬਰਬਾਦ ਕਰਕੇ ਕੋਈ ਬਹੁਤਾ ਵਧੀਆ ਸਬਕ ਨਹੀਂ ਸਿੱਖਦੇ। ਅਜਿਹੇ ਵਿਅਕਤੀਆਂ ਨੂੰ ਜੇ ਕੋਈ ਸਬਕ ਦੇਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਯਕਦਮ ਇਨਕਾਰੀ ਹੋ ਜਾਂਦੇ ਹਨ। ਬੱਸ ਐਵੇਂ ਹੀ ਆਪਣੀ ਨੌਕਰੀ ਦਾ ਸਫਰ ਤੈਅ ਕਰ ਜਾਂਦੇ ਹਨ। ਜੇ ਕੋਈ ਕੰਮ ਦੀ ਜਾਂ ਗਿਆਨ ਵਾਲੀ ਗੱਲ ਕੰਨੀ ਪਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਦੂਜੇ ਕੰਨ ਰਾਹੀਂ ਬਾਹਰ ਕੱਢ ਦਿੰਦੇ ਹਨ ਤੇ ਚੰਗੇ ਗਿਆਨ ਤੋਂ ਅਣਭਿਜੇ ਰਹਿ ਜਾਂਦੇ ਹਨ।
ਮੈਨੂੰ ਜ਼ਿੰਦਗੀ ਦਾ ਇੱਕ ਅਜਿਹਾ ਵਧੀਆ ਸਬਕ ਪੈਪਸੂ ਰੋਡਵੇਜ਼ ਡਰਾਇਵਰ ਤੋਂ ਮਿਲਿਆ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ। ਅਜੇ ਮੈਨੂੰ ਜਲੰਧਰ ਆਇਆ ਥੋੜ੍ਹੇ ਮਹੀਨੇ ਹੀ ਹੋਏ ਸਨ ਕਿ ਇੱਕ ਦਿਨ ਮੂੰਹ ਹਨੇਰੇ ਇੱਕ ਦੋਸਤ ਨੂੰ ਦਿੱਲੀ ਲਈ ਬੱਸ ਚੜ੍ਹਾਉਣ ਮੈਂ ਬੱਸ ਅੱਡੇ ’ਤੇ ਗਿਆ। ਅੱਡੇ ਵਿੱਚ ਵੱਡੀ ਗਿਣਤੀ ਵਿੱਚ ਬੱਸਾਂ ਖੜ੍ਹੀਆਂ ਸਨ। ਇੰਝ ਲੱਗ ਰਿਹਾ ਸੀ ਜਿਵੇਂ ਬੱਸਾਂ ਦਾ ਮੇਲਾ ਲੱਗਾ ਹੋਵੇ। ਮੈਨੂੰ ਇਹ ਦੇਖਕੇ ਬਹੁਤ ਹੈਰਾਨੀ ਹੋਈ ਕਿ ਲਗਭਗ 50-60 ਬੱਸਾਂ ਵਿੱਚੋਂ ਸਿਰਫ ਇੱਕ ਬੱਸ ਦਾ ਡਰਾਇਵਰ ਹੀ ਆਪਣੀ ਬੱਸ ਦੇ ਟਾਇਰਾਂ ਨੂੰ ਧੋ ਕੇ ਸੀਟਾਂ ’ਤੇ ਕੱਪੜਾ ਮਾਰਕੇ ਧੂਫ ਬੱਤੀ ਕਰ ਰਿਹਾ ਸੀ। ਮੈਂ ਉਸ ਗੁਰਸਿੱਖ ਡਰਾਇਵਰ ਨੂੰ ਸਤਿ ਸ੍ਰੀ ਅਕਾਲ ਬੁਲਾਕੇ ਨਿਮਰਤਾ ਸਹਿਤ ਪੁੱਛਿਆ ਕਿ ਸਰ ਜੀ, ਸਾਰੇ ਅੱਡੇ ਵਿੱਚੋਂ ਤੁਸੀਂ ਹੀ ਹੋ, ਜਿਹੜੇ ਆਪਣੀ ਆਪਣੀ ਬੱਸ ਨੂੰ ਸਾਫ ਕਰਕੇ ਧੂਫ ਬੱਤੀ ਕਰ ਰਹੇ ਹੋ, ਨਹੀਂ ਤਾਂ ਮੈਂ ਦੇਖ ਰਿਹਾ ਹਾਂ ਕਿ ਬਹੁਤੇ ਡਰਾਇਵਰ ਅਜੇ ਨੀਂਦ ਦਾ ਅਨੰਦ ਲੈ ਰਹੇ ਹਨ। ਸੱਚ ਵੀ ਇਹੀ ਸੀ। ਹਾਂ ਇੱਕੜ ਦੁੱਕੜ ਆਪਣੇ ਨਹਾਉਣ ਦਾ ਸਮਾਨ ਲੈ ਕੇ ਇੱਧਰ ਉੱਧਰ ਜ਼ਰੂਰ ਘੁੰਮ ਰਹੇ ਸਨ। ਸਿਰਫ਼ ਪੱਕੇ ਟਾਈਮ ਵਾਲੀਆਂ ਬੱਸਾਂ ਹੀ ਆਪਣੇ ਆਪਣੇ ਕਾਊਂਟਰ ’ਤੇ ਸਵਾਰੀਆਂ ਦੀ ਉਡੀਕ ਕਰ ਰਹੀਆਂ ਸਨ।
ਹਲਕੀ ਜਿਹੀ ਮੁਸਕਰਾਹਟ ਬੁਲ੍ਹਾਂ ’ਤੇ ਲਿਆ ਕੇ ਡਰਾਇਵਰ ਸਾਹਿਬ ਮੈਂਨੂੰ ਕਹਿਣ ਲੱਗੇ, “ਆਹ ਜਿਹੜੀ ਬੱਸ ਤੁਸੀਂ ਦੇਖ ਰਹੇ ਹੋ, ਇਸਨੇ ਮੇਰੇ ਤਿੰਨ ਬੱਚੇ ਪੜ੍ਹਾ ਕੇ ਨੌਕਰੀਆਂ ’ਤੇ ਲਵਾਕੇ ਵਿਆਹ ਦਿੱਤੇ ਹਨ। ਇਸ ਬੱਸ ਦੇ ਆਸਰੇ ਮੇਰੀ ਗੁਜ਼ਰ ਬਹੁਤ ਸੋਹਣੀ ਚੱਲ ਰਹੀ ਹੈ। ਬੇਟੀ ਆਪਣੇ ਘਰ ਬਹੁਤ ਖੁਸ਼ ਹੈ। ਦੋ ਬੇਟੇ ਪੂਰੇ ਆਗਿਆਕਾਰੀ ਹਨ। ਹੁਣ ਤੁਸੀਂ ਹੀ ਦਸੋਂ ਮੈਂ ਕਿਉਂ ਨਾ ਇਸਦੀ ਪੂਜਾ ਕਰਾਂ? ਮੇਰੇ ਲਈ ਤਾਂ ਇਹ ਬੱਸ ਰੱਬ ਨੇ ਵਸੀਲਾ ਬਣਾ ਕੇ ਘੱਲੀ ਹੈ। ਇਸ ਬੱਸ ਨੇ ਮੇਰੇ ਸਾਰੇ ਕਾਰਜ ਪੂਰੇ ਕਰ ਦਿੱਤੇ ਹਨ। ਮੈਂ ਡੇਢ ਕੁ ਸਾਲ ਤਕ ਸੇਵਾਮੁਕਤ ਹੋ ਜਾਣਾ ਹੈ ਤੇ ਫਿਰ ਵੀ ਇਸ ਤੋਂ ਬਾਅਦ ਇਸ ਬੱਸ ਨੇ ਮੇਰਾ ਤੇ ਮੇਰੀ ਘਰਵਾਲੀ ਦਾ ਬੁਢਾਪਾ ਸਾਂਭਣਾ ਹੈ।” ਉਸਦੀ ਡਰਾਇਵਰ ਦੀ ਮੁਰਾਦ ਸੇਵਾ ਮੁਕਤੀ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਤੋਂ ਸੀ।
ਉਸ ਭਲੇ ਪੁਰਸ਼ ਦੇ ਸਹਿਜ ਨਾਲ ਕਹੇ ਇਨ੍ਹਾਂ ਸ਼ਬਦਾਂ ਨੇ ਮੇਰੇ ਵਿੱਚ ਨਵੀਂ ਊਰਜਾ ਭਰ ਦਿੱਤੀ। ਮੈਂ ਆਪਣੇ ਮਨ ਨਾਲ ਵਾਇਦਾ ਕੀਤਾ ਕਿ ਮੈਂ ਵੀ ਇਸ ਦੇਵਤਾ ਸਰੂਪ ਇਨਸਾਨ ਦੇ ਪੈਰ ਚਿੰਨ੍ਹਾਂ ’ਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਉਪਰੋਕਤ ਸਬਕ ਦੇ ਸਦਕਾ ਮੈਂ ਆਪਣੀ ਨੌਕਰੀ ਨੂੰ ਬਹੁਤ ਹੀ ਇਮਾਨਦਾਰੀ, ਵਿਸ਼ਵਾਸਯੋਗਤਾ ਅਤੇ ਜ਼ਿੰਮੇਵਾਰੀ ਨਾਲ ਨਿਭਾਇਆ ਤੇ ਹਮੇਸ਼ਾ ਹੀ ਆਪਣੇ ਵਿਦਿਆਰਥੀਆਂ ਨੂੰ ਵੀ ਜ਼ਿੰਮੇਵਾਰੀ ਨਾਲ ਆਪਣੀ ਨੌਕਰੀ ਕਰਨ ਲਈ ਪ੍ਰੇਰਿਆ। ਮੈਨੂੰ ਇਸ ਗੱਲ ’ਤੇ ਮਾਣ ਹੈ ਕਿ ਮੇਰੇ ਹੁਤੇ ਵਿਦਿਆਰਥੀ ਵੀ ਇਮਾਨਦਾਰੀ ਨਾਲ ਜ਼ਿੰਦਗੀ ਬਸਰ ਕਰ ਰਹੇ ਹਨ। ਉਹਨਾਂ ਦੀ ਇਮਾਨਦਾਰੀ ਦੀ ਭਿਣਕ ਮੈਨੂੰ ਇੱਧਰੋਂ ਉੱਧਰੋਂ ਮਿਲਦੀ ਰਹਿੰਦੀ ਹੈ। ਜੋ ਸਕੂਨ ਮੈਨੂੰ ਹੁਣ ਤਕ ਮਿਲ ਰਿਹਾ ਹੈ, ਉਸ ਵਿੱਚ ਵੱਡਾ ਯੋਗਦਾਨ ਸੱਚੀ ਸੁੱਚੀ ਸ਼ਰਧਾ ਵਾਲੇ ਉਸ ਇਨਸਾਨ ਦਾ ਹੈ, ਜਿਸਦੇ ਸਬਕ ਨੇ ਮੇਰੀ ਜ਼ਿੰਦਗੀ ਨੂੰ ਸਕੂਨ ਭਰੀ ਬਣਾ ਦਿੱਤਾ।
* * *
ਆਫੀਸਰ ਆਨ ਸਪੈਸ਼ਲ ਡਿਊਟੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਲਾਡੋਵਾਰੀ ਰੋਡ ਜਲੰਧਰ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (