“ਹੁਣ ਜਗਤ ਤਮਾਸ਼ਾ ਹਫ਼ਤਾਵਾਰੀ ਕਾਲਮ ਦੀ ਗੱਲ ਕਰਦੇ ਹਾਂ। ਪਾਠਕਾਂ ਵਿੱਚ ਬੇਹੱਦ ਮਕਬੂਲ ਤੇ ...”
(8 ਅਗਸਤ 2025)
ਦਲਬੀਰ ਸਿੰਘ
ਦਲਬੀਰ ਸਿੰਘ ਜੀ ਨਾਲ ਮੇਰੀ ਜਾਣ-ਪਛਾਣ ਇੱਕ ਨਾਟਕ ਕਾਰਨ ਹੋਈ ਸੀ। ਉਦੋਂ ਤਕ ਉਹ ਪੰਜਾਬੀ ਪੱਤਰਕਾਰੀ ਵਿੱਚ ਆਪਣਾ ਚੰਗਾ ਨਾਂ ਬਣਾ ਚੁੱਕੇ ਸਨ। ਪੰਜਾਬੀ ਟ੍ਰਿਬਿਊਨ ਵਿੱਚ ਆਉਣ ਨਾਲ ਉਨ੍ਹਾਂ ਦੀ ਪੱਤਰਕਾਰੀ ਨੂੰ ਹੋਰ ਚਾਰ ਚੰਨ ਲੱਗ ਗਏ। ਬਾਬਾ ਬੁੱਲੇ ਸ਼ਾਹ ਬਾਰੇ ਇੱਕ ਨਾਟਕ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਖੇਡਿਆ ਜਾ ਰਿਹਾ ਸੀ। ਅਖ਼ਬਾਰਾਂ ਵਿੱਚ ਕਿਉਂਕਿ ਇਸ ਨਾਟਕ ਦੀ ਕਾਫ਼ੀ ਚਰਚਾ ਹੋ ਰਹੀ ਸੀ ਤਾਹੀਓਂ ਤਾਂ ਮੈਂ ਵੀ ਨਾਟਕ ਦੇਖਣ ਲਈ ਬਹੁਤ ਉਤਾਵਲਾ ਸਾਂ। ਪਰ ਅੜਿੱਕਾ ਇਹ ਸੀ ਕਿ ਹਾਲ ਵਿੱਚ ਦਾਖਲਾ ਪਾਸ ਰਾਹੀਂ ਹੀ ਹੋ ਸਕਦਾ।
“ਸਰ ਪਾਸ ਚਾਹੀਦਾ, ਨਾਟਕ ਦੇਖਣ ਲਈ ਟੈਗੋਰ ਥੀਏਟਰ ’ਚ।” ਮੈਂ ਹੌਸਲਾ ਕਰਕੇ ਨਿਊਜ਼ ਰੂਮ ਵਿੱਚ ਕੰਮ ਕਰ ਰਹੇ ਦਲਬੀਰ ਜੀ ਨੂੰ ਬੇਨਤੀ ਕਰ ਦਿੱਤੀ। ਉਹ ਉਨ੍ਹੀਂ ਦਿਨੀਂ ਨਾਟਕਾਂ ਦੀ ਪੇਸ਼ਕਾਰੀ ਨਾਲ ਜੁੜੇ ਹੋਏ ਵੀ ਸਨ ਤੇ ਨਾਟਕਾਂ ਬਾਰੇ ਰਿਪੋਰਟ ਵੀ ਲਿਖਿਆ ਕਰਦੇ ਸਨ। ਉਨ੍ਹਾਂ ਨੇ ਅਪਣਾ ਪੈੱਨ ਪੈਡ ’ਤੇ ਰੱਖਦਿਆਂ ਮਸਾਂ ਸਿਰ ਉੱਪਰ ਚੁੱਕਿਆ ਹੀ ਹੋਵੇਗਾ ਕਿ ਮੈਂ ਆਪਣਾ ਸੰਖੇਪ ਤੁਆਰਫ਼ ਵੀ ਕਰਵਾ ਦਿੱਤਾ ਤੇ ਆਸ ਭਰੀਆਂ ਨਜ਼ਰਾਂ ਨਾਲ ਉਨ੍ਹਾਂ ਵੱਲ ਤੱਕਣ ਲੱਗਾ। ਉਹ ਠਹਾਕਾ ਮਾਰ ਕੇ ਹੱਸਦਿਆਂ ਕਹਿਣ ਲੱਗੇ, “ਕਿਹੜਾ ਪਾਸ? ਕਿਹੜੀ ਐਂਟਰੀ? ਆ ਜਾਇਓ ਸ਼ਾਮੀ ਸਾਢੇ ਛੇ ਵਜੇ, ਕੋਈ ਨੀ ਰੋਕੇਗਾ ਤੁਹਾਨੂੰ। ਮੈਂ ਉੱਥੇ ਈ ਹੋਵਾਂਗਾ।”
ਇਸ ਤਰ੍ਹਾਂ ਬੇਹਤਰੀਨ ਪੱਤਰਕਾਰ ਅਤੇ ਸ਼ਾਨਦਾਰ ਇਨਸਾਨ ਨਾਲ ਜਾਣ-ਪਛਾਣ ਤਾਂ ਹੋ ਗਈ ਪਰ ਨੇੜਤਾ ਕਈ ਸਾਲ ਬਾਅਦ ਹੋਈ।
ਇਸ ਅਰਸੇ ਦੌਰਾਨ ਮੈਂ ਪੰਜਾਬੀ ਵਿੱਚ ਉੱਚ ਵਿੱਦਿਆ ਹਾਸਲ ਕਰ ਲਈ ਅਤੇ ਸਬ-ਐਡੀਟਰ ਬਣਨ ਦੀ ਦੌੜ ਵਿੱਚ ਸ਼ਾਮਲ ਹੋ ਗਿਆ। ਇਸ ਸੰਬੰਧੀ ਹੋਣ ਵਾਲੀ ਪ੍ਰੀਖਿਆ ਵਿੱਚ ਤਾਂ ਮੈਂ ਬੈਠਦਾ ਪਰ ਮੰਦੇ ਭਾਗੀ ਮੈਂ ਸਫਲ ਨਾ ਹੁੰਦਾ। ਸ਼ਾਇਦ ਮੇਰੀ ਅਨੁਵਾਦ ਕਲਾ ਅਤੇ ਫੀਚਰ ਲਿਖਣ ਕਲਾ ਵਿੱਚ ਕਚਿਆਈ ਸੀ। ਸਮਝਦਾਰ ਸਾਥੀਆਂ ਨੇ ਕਚਿਆਈ ਦੂਰ ਕਰਨ ਲਈ ਮੈਨੂੰ ਦਲਬੀਰ ਜੀ ਦੇ ਚਰਨੀਂ ਲੱਗਣ ਦਾ ਮਸ਼ਵਰਾ ਦਿੱਤਾ। ਹੁਣ ਮੈਂ ਚੰਗੇ ਵਿਦਿਆਰਥੀ ਵਾਂਗ ਗੁਰੂ ਜੀ ਨਾਲ ਜੁੜ ਗਿਆ। ਉਨ੍ਹਾਂ ਨੇ ਮੈਨੂੰ ਸਖ਼ਤ ਮਿਹਨਤ ਅਤੇ ਅਭਿਆਸ ਕਰਨ ਦਾ ਗੁਰਮੰਤਰ ਦਿੰਦਿਆਂ ਜੁਟ ਜਾਣ ਦਾ ਨਿਰਦੇਸ਼ ਦੇ ਦਿੱਤਾ। ਉਹ ਵਿਸ਼ੇ ਦਿੰਦੇ ਤੇ ਮੈਨੂੰ ਫੀਚਰ ਲਿਖਣ ਲਈ ਕਹਿੰਦੇ। ਇਸੇ ਤਰ੍ਹਾਂ ਅੰਗਰੇਜ਼ੀ ਦੇ ਵੱਡੇ ਆਰਟੀਕਲਾਂ ਤੋਂ ਪੰਜਾਬੀ ਵਿੱਚ ਸੰਖੇਪ ਕਰਵਾ ਕੇ ਪੰਜਾਬੀ ਟ੍ਰਿਬਿਊਨ ਦੇ ਵਿਸ਼ੇਸ਼ ਪੰਨਿਆਂ ’ਤੇ ਵਰਤਦੇ। ਲੱਗਣ ਲੱਗਾ ਕਿ ਕੰਮ ਠੀਕ ਚੱਲਣ ਲੱਗ ਪਿਆ ਹੈ।
ਦਲਬੀਰ ਜੀ ਨੂੰ ਮੇਰੇ ਕੰਮ ’ਤੇ ਭਰੋਸਾ ਬਣਨ ਲੱਗ ਪਿਆ ਤੇ ਮੈਨੂੰ ਆਪਣੇ ਆਪ ’ਤੇ। ਇਸੇ ਅਰਸੇ ਦੌਰਾਨ ਮੈਂ ਅਖ਼ਬਾਰ ਲਈ ਅਨੁਵਾਦ ਦਾ ਬਹੁਤ ਕੰਮ ਕੀਤਾ, ਜੋ ਅੱਖਰ-ਅੱਖਰ ਛਪਿਆ। ਇਸਦਾ ਲਾਭ ਇਹ ਹੋਇਆ ਕਿ ਮੈਨੂੰ ਹੋਰ ਸਹਾਇਕ ਸੰਪਾਦਕ ਵੀ ਕੰਮ ਦੇਣ ਲੱਗ ਪਏ। ਇਸ ਸਮੇਂ ਇੱਕ ਵੱਡੀ ਘਟਨਾ ਵਾਪਰੀ। ਦਲਬੀਰ ਜੀ ਨੇ ਜਗਤ ਪ੍ਰਸਿੱਧ ਅੰਗਰੇਜ਼ੀ ਲੇਖਕ ਖੁਸ਼ਵੰਤ ਸਿੰਘ ਦਾ ਹਫ਼ਤਾਵਾਰੀ ਕਾਲਮ, ਜੋ ‘ਸੱਚੋ-ਸੱਚ’ ਦੇ ਸਿਰਲੇਖ ਹੇਠ ਛਪਦਾ ਸੀ, ਮੇਰੇ ਹੱਥ ਫੜਾਉਂਦਿਆਂ ਕਿਹਾ, “ਲੈ ਇਹਦੇ ’ਤੇ ਹੱਥ ਅਜ਼ਮਾ, ਸੰਜੀਦਾ ਹੋ ਕੇ ਟ੍ਰਾਂਸਲੇਸ਼ਨ ਕਰੀਂ। ਇਹ ਬੰਦਾ ਪੰਜਾਬੀ ਟ੍ਰਾਂਸਲੇਸ਼ਨ ਪੜ੍ਹਦਾ ਹੈ ਤੇ ਗਲਤੀਆਂ ਕਰਨ ਵਾਲੇ ਦੀ ਚੰਗੀ ਲਾਹ-ਪਾਹ ਕਰਦਾ ਹੈ। ਘਬਰਾ ਨਾ, ਇਹ ਮੇਰੇ ਨਾਂ ਹੇਠ ਹੀ ਛਪੇਗਾ ਤੇ ਮੈਂ ਇਸ ਨੂੰ ਚੰਗੀ ਤਰ੍ਹਾਂ ਐਡਿਟ ਕਰ ਕੇ ਹੀ ਪ੍ਰੈੱਸ ਵਿੱਚ ਭੇਜਾਂਗਾ। ਬੱਸ ਤੂੰ ਪ੍ਰੈਕਟਿਸ ਵਿੱਚ ਜੁੱਟ ਜਾ, ਆਪਣੇ ਵੱਲੋਂ ਕਸਰ ਨਾ ਛੱਡੀਂ, ਸੋਨਾ ਬਣ ਕੇ ਨਿਕਲੇਂਗਾ।”
ਬਿੱਲੀ ਭਾਣੇ ਛਿੱਕਾ ਟੁੱਟਾ। ਇਸ ਬੇਹਤਰੀਨ ਪੇਸ਼ਕਸ਼ ਨੂੰ ਮੈਂ ਬਹੁਤ ਗੰਭੀਰਤਾ ਨਾਲ ਲਿਆ। ਹਫ਼ਤਾਵਾਰੀ ਆਰਟੀਕਲ ਮੈਨੂੰ ਵੀਰਵਾਰ ਨੂੰ ਬਾਅਦ ਦੁਪਹਿਰ ਚਾਰ ਕੁ ਵਜੇ ਮਿਲਦਾ ਤੇ ਮੈਂ ਅਗਲੇ ਦਿਨ ਸਵੇਰੇ ਇਸ ਨੂੰ ਅਨੁਵਾਦ ਕਰਕੇ ਦਲਬੀਰ ਜੀ ਦੀ ਟੇਬਲ ’ਤੇ ਪੁਜਾਉਣਾ ਹੁੰਦਾ ਤੇ ਅਗਲੇ ਦਿਨ ਭਾਵ ਸਨਿੱਚਰਵਾਰ ਨੂੰ ਸੱਚੋ-ਸੱਚ ਕਾਲਮ ਤਹਿਤ ਇਸਨੇ ਛਪਣਾ ਹੁੰਦਾ ਸੀ। ਕਿਸੇ ਕਿਸਮ ਦੀ ਕੋਤਾਹੀ, ਅਣਗਹਿਲੀ ਜਾਂ ਆਲਸ ਦੀ ਕੋਈ ਗੁੰਜਾਇਸ਼ ਨਹੀਂ ਸੀ। ਇਹ ਸਿਲਸਲਾ ਕਈ ਮਹੀਨੇ ਚੱਲਦਾ ਰਿਹਾ। ਬਹੁਤ ਸ਼ਾਨਦਾਰ ਤਜਰਬਾ ਰਿਹਾ, ਜਿਸ ਲਈ ਮੈਂ ਸਰ ਦਾ ਬੇਹੱਦ ਸ਼ੁਕਰਗੁਜ਼ਾਰ ਹਾਂ। ਇਨ੍ਹਾਂ ਵੰਨ-ਸੁਵੰਨੇ ਲੇਖਾਂ (ਆਰਟੀਕਲਾਂ) ਤੋਂ ਮੈਂ ਵਡਮੁੱਲੀ ਜਾਣਕਾਰੀ ਹਾਸਲ ਕੀਤੀ। ਦਿਲਚਸਪ ਗੱਲਾਂ ਵੀ ਵਾਪਰੀਆਂ। ਇੱਕ ਸਾਂਝੀ ਕਰਦਾ ਹਾਂ। ਸਾਬਕਾ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨਾਲ ਸਬੰਧਤ ਲੇਖ ਸੀ। ਅਨੁਵਾਦ ਕਰਦਿਆਂ ਇੱਕ ਸ਼ਬਦ ਅੜ ਗਿਆ। ਸ਼ਬਦ ਸੀ ਐਵੋਕਾਡੋ ਪਰ ਅਰਥ ਪਤਾ ਨਾ ਲੱਗਣ। ਮੈਂ ਪੰਜਾਬੀ ਵਿੱਚ ਹੀ ਐਵੋਕਾਡੋ ਲਿਖ ਕੇ ਮੈਟਰ ਸਰ ਕੋਲ ਲੈ ਗਿਆ। ਉਨ੍ਹਾਂ ਨੇ ਵੀ ਸ਼ਾਇਦ ਇਸ ਫਲ ਬਾਬਤ ਮੇਰੇ ਵਾਂਗ ਪਹਿਲੀ ਵਾਰ ਹੀ ਸੁਣਿਆ ਸੀ। ਪਰ ਲਿਆਕਤ ਵਰਤਦਿਆਂ ਐਵੋਕਾਡੋ ਦੀ ਥਾਂ ਬੱਗੂਗੋਸ਼ਾ ਲਿਖਵਾ ਦਿੱਤਾ ਤੇ ਨਾਲ ਇਹ ਵੀ ਦੱਸਿਆ ਕਿ ਇੰਦਰਾ ਜੀ ਨੂੰ ਬੱਗੂਗੋਸ਼ੇ ਬਹੁਤ ਪਸੰਦ ਸਨ ਤੇ ਇਹ ਹੀ ਇੱਥੇ ਢੁਕਵਾਂ ਰਹੇਗਾ। ਇਹ ਨੁਕਤਾ ਮੇਰੇ ਬਹੁਤ ਕੰਮ ਆਇਆ। ਇਸੇ ਕਾਲਮ ਕਾਰਨ ਮੈਨੂੰ ਮੁੱਖ ਸੰਪਾਦਕ ਦੇ ਲੀਡ ਆਰਟੀਕਲ ਅਨੁਵਾਦ ਕਰਨ ਦਾ ਵੀ ਖੁੱਲ੍ਹਾ ਮੌਕਾ ਮਿਲਿਆ।
ਹੁਣ ਜਗਤ ਤਮਾਸ਼ਾ ਹਫ਼ਤਾਵਾਰੀ ਕਾਲਮ ਦੀ ਗੱਲ ਕਰਦੇ ਹਾਂ। ਪਾਠਕਾਂ ਵਿੱਚ ਬੇਹੱਦ ਮਕਬੂਲ ਤੇ ਚਰਿਚਤ ਹੋਇਆ ਇਹ ਕਾਲਮ ਵੀ। ਜਿਸ ਜੁਰਅਤ ਅਤੇ ਦਲੇਰੀ ਨਾਲ ਸਰ ਇਹ ਕਾਲਮ ਲਿਖਦੇ, ਸ਼[ਇਦ ਹੀ ਕੋਈ ਲਿਖ ਸਕਿਆ ਹੋਵੇ। ਕਈ ਵਾਰ ਉਹ ਸਖ਼ਤ ਆਲੋਚਨਾ ਦੇ ਪਾਤਰ ਵੀ ਬਣੇ ਪਰ ਚਰਚਿਤ ਤਤਕਾਲੀ ਮੁੱਦਿਆਂ ’ਤੇ ਲਿਖਣਾ ਨਾ ਛੱਡਿਆ। ਬਿਆਈਆਂ ਵਾਲੀ ਮੱਲ੍ਹਮ, ਸਾਧਵੀਆਂ, ਰੋਹਬਦਾਰ ਉੱਚ ਪੁਲੀਸ ਅਧਿਕਾਰੀ ਕੇਪੀਐੱਸ ਗਿੱਲ, ਮੂੰਗੀ ਦੀ ਦਾਲ ਆਦਿ ਬਾਰੇ ਲਿਖੇ ਲੇਖ ਆਪਣੀ ਮਿਸਾਲ ਆਪ ਹਨ। ਇਸ ਕਾਲਮ ਨਾਲ ਉਨ੍ਹਾਂ ਨੂੰ ਇਸ ਕਦਰ ਮੋਹ ਸੀ ਕਿ ਉਹ ਗੰਭੀਰ ਬਿਮਾਰੀ ਦੀ ਹਾਲਤ ਵਿੱਚ ਵੀ ਨਾਗਾ ਨਹੀਂ ਪੈਣ ਦੇਣਾ ਚਾਹੁੰਦੇ ਸਨ। ਇੱਕ ਵਾਰ ਸਰ ਅੱਖਾਂ ਦਾ ਇਲਾਜ ਕਰਾਉਣ ਕਾਰਨ ਛੁੱਟੀ ’ਤੇ ਸਨ। ਸ਼ਾਇਦ ਹੈਦਰਾਬਾਦ ਗਏ ਸਨ। ਮੈਨੂੰ ਉਨ੍ਹਾਂ ਦਾ ਫੋਨ ਆਇਆ, “ਕੀ ਕਰ ਰਿਹਾਂ, ਡਿਉਟੀ ਸਵੇਰ ਦੀ ਸੀ? ਆ ਜਾ ਮੇਰੇ ਘਰ ਸ਼ਾਮ ਦੀ ਚਾਹ ਇਕੱਠੇ ਪੀਵਾਂਗੇ।”
“ਠੀਕ ਆ ਜੀ।” ਕਹਿ ਕੇ ਮੈਂ ਨਾਲ ਹੀ ਪੁੱਛ ਲਿਆ ਕਿ ਪੈੱਨ ਅਤੇ ਐਨਕ ਵੀ ਲਈ ਆਵਾਂ। ਉਹ ਠਹਾਕਾ ਮਾਰ ਕੇ ਹੱਸੇ, “ਕਲਮ ਅਤੇ ਐਨਕ ਬਿਨਾਂ ਕਾਹਦਾ ਪੱਤਰਕਾਰ?” ਆਖ ਫੋਨ ਰੱਖ ਦਿੱਤਾ।
ਡਾਕਟਰ ਨੇ ਲਿਖਣ-ਪੜ੍ਹਨ ਦੀ ਮਨਾਹੀ ਕੀਤੀ ਹੋਈ ਸੀ, ਅੱਖਾਂ ਦਾ ਅਪਰੇਸ਼ਨ ਹੋ ਚੁੱਕਾ ਸੀ ਸ਼ਾਇਦ। ਤਾਂ ਵੀ ਸਰ ਮੈਨੂੰ ਬੋਲ ਕੇ ਜਗਤ ਤਮਾਸ਼ਾ ਕਾਲਮ ਲਿਖਵਾਉਣ ਲੱਗੇ ਤੇ ਮੈਂ ਲਿਖਦਾ ਗਿਆ। ਮੁਕੰਮਲ ਹੋਣ ’ਤੇ ਮੈਂ ਕਿਹਾ, “ਪੜ੍ਹ ਕੇ ਸੁਣਾਵਾਂ?”
“ਨਹੀਂ, ਨਹੀਂ, ਕੋਈ ਲੋੜ ਨਹੀਂ। ਮੈਂ ਨਹੀਂ ਕਦੇ ਲਿਖ ਕੇ ਪੜ੍ਹਿਆ। ਬੱਸ ਤੂੰ ਕੱਲ੍ਹ ਸਵੇਰੇ ਸੰਪਾਦਕ ਦੇ ਆਉਣ ਤੋਂ ਪਹਿਲਾਂ-ਪਹਿਲਾਂ ਉਨ੍ਹਾਂ ਦੇ ਟੇਬਲ ’ਤੇ ਰੱਖ ਦਈਂ।” ਆਖ ਉਨ੍ਹਾਂ ਨੇ ਚਾਹ ਮੰਗਵਾ ਲਈ।
ਦੂਸਰੇ ਦਿਨ ਦਫਤਰ ਇਹੀ ਚਰਚਾ ਛਿੜੀ ਰਹੀ ਕਿ ਆਖ਼ਰ ਗੰਭੀਰ ਬਿਮਾਰ ਦਲਬੀਰ ਸਿੰਘ ਨੇ ਕਾਲਮ ਲਿਖ ਕਿਵੇਂ ਲਿਆ? ਮੈਂ ਵੀ ਭਾਫ ਨਹੀਂ ਕੱਢੀ।
ਸਰ ਦੀ ਇੱਕ ਹੋਰ ਵਿਲੱਖਣਤਾ ਦੱਸ ਦਿਆਂ। ਉਹ ਗਲਤ ਗੱਲ ਬਰਦਾਸ਼ਤ ਨਹੀਂ ਸਨ ਕਰਦੇ। ਇੱਕ ਵਾਰ ਸੰਪਾਦਕ ਜੀ ਨਾਲ ਉਨ੍ਹਾਂ ਦੀ ਕਿਸੇ ਗੱਲੋਂ ਕਹਾ-ਸੁਣੀ ਹੋ ਗਈ ਤੇ ਦਲਬੀਰ ਜੀ ਨੇ ਗੁੱਸੇ ਵਿੱਚ ਆ ਕੇ ਅਸਤੀਫਾ ਦੇ ਦਿੱਤਾ। ਅਸਤੀਫਾ ਝਟਪਟ ਪ੍ਰਵਾਨ ਹੋ ਗਿਆ। ਸਾਨੂੰ ਵੱਡਾ ਝਟਕਾ ਲੱਗਿਆ। ਪਰ ਕੁਝ ਦਿਨਾਂ ਬਾਅਦ ਸਾਡੀ ਖੁਸ਼ੀ ਦੀ ਉਦੋਂ ਹੱਦ ਨਾ ਰਹੀ ਜਦੋਂ ਉਹ ਦੁਬਾਰਾ ਕੰਮ ’ਤੇ ਆ ਗਏ। ਸਮਝਦਾਰ ਬੰਦਿਆਂ ਨੇ ਵਿੱਚ ਪੈ ਕੇ ਅਸਤੀਫਾ ਵਾਪਸ ਕਰਵਾ ਦਿੱਤਾ ਸੀ।
ਵਿਵਾਦਪੂਰਨ ਮੁੱਦਿਆਂ ’ਤੇ ਦਲਬੀਰ ਜੀ ਖੁਦ ਤਾਂ ਲਿਖਦੇ ਹੀ ਸਨ ਪਰ ਹੋਰਾਂ ਤੋਂ ਵੀ ਲਿਖਵਾ ਲਿਆ ਕਰਦੇ ਸਨ। ਇੱਕ ਵਾਰ ਉਨ੍ਹਾਂ ਨੇ ਅੰਗਰੇਜ਼ੀ ਦਾ ਆਰਟੀਕਲ ਮੈਨੂੰ ਦਿੱਤਾ ਤੇ ਪੰਜਾਬੀ ਵਿੱਚ ਤਿਆਰ ਕਰਨ ਲਈ ਕਿਹਾ। ਮੈਂ ਸਰਸਰੀ ਨਜ਼ਰ ਮਾਰੀ ਤੇ ਕਿਹਾ ਕਿ ਆਰਟੀਕਲ ਤੱਥਾਂ ’ਤੇ ਅਧਾਰਿਤ ਨਹੀਂ. ਸੋ ਛਾਪਣਯੋਗ ਨਹੀਂ। ਪਰ ਉਹ ਆਪਣੇ ਫੈਸਲੇ ’ਤੇ ਅਡੋਲ ਸਨ। ਸੋ ਆਰਟੀਕਲ ਗਿਆਨ-ਵਿਗਿਆਨ ਪੰਨੇ ’ਤੇ ਛਪ ਗਿਆ ਪਰ ਅਗਲੇ ਹਫ਼ਤੇ ਇਸੇ ਪੰਨੇ ’ਤੇ ਕਿਸੇ ਵਿਦਵਾਨ ਦੀ ਚਿੱਠੀ ਛਪੀ ਹੋਈ ਸੀ, ਜਿਸ ਵਿੱਚ ਮੇਰੀ ਸਖ਼ਤ ਆਲੋਚਨਾ ਕੀਤੀ ਹੋਈ ਸੀ। ਮੇਰਾ ਖਰਾਬ ਮੂੜ ਦੇਖ ਕੇ ਕਹਿਣ ਲੱਗੇ ਫਿਕਰ ਨਹੀਂ ਕਰੀਦਾ, ਇਹ ਆਰਟੀਕਲ ਬਹੁਤ ਪੜ੍ਹਿਆ ਗਿਆ। ਵੈਸੇ ਇਹ ਚਿੱਠੀ ਸਰ ਨੇ ਖੁਦ ਛਪਵਾਈ ਸੀ।
ਲਿਆਕਤ ਐਨੀ ਕਿ ਰਹੇ ਰੱਬ ਦਾ ਨਾ, ਨਿਰੇ ਅਫ਼ਲਾਤੂਨ। ਉਦੋਂ ਇੰਟਰਨੈੱਟ ਦੀ ਸਹੂਲਤ ਨਹੀਂ ਸੀ, ਇਸ ਕਰਕੇ ਯਾਦਦਾਸ਼ਤ ’ਤੇ ਹੀ ਨਿਰਭਰ ਕਰਨਾ ਪੈਂਦਾ ਸੀ। ਕਮਾਲ ਦੀ ਯਾਦਦਾਸ਼ਤ ਸੀ ਸਰ ਦੀ। ਅੱਗੋਂ ਲਿਖਣ ਦੀ ਮੁਹਾਰਤ ਸਿਰੇ ਦੀ। ਸ਼ਬਦਾਂ ਦੇ ਜਾਦੂਗਰ ਉਹ ਹੈ ਹੀ ਸਨ। ਉਹ ਕਿਸੇ ਵੀ ਮੁੱਦੇ ’ਤੇ ਤੁਰੰਤ ਆਰਟੀਕਲ ਲਿਖ ਸਕਦੇ ਸਨ। ਲਿਆਕਤ ਐਵੇਂ ਨਹੀਂ ਸੀ ਬਣੀ ਸਗੋਂ ਬਹੁਤ ਜ਼ਿਆਦਾ ਪੜ੍ਹਨ ਦੀ ਆਦਤ ਨੇ ਉਨ੍ਹਾਂ ਨੂੰ ਸਮਰੱਥ ਬਣਾਇਆ ਸੀ। ਚਲੰਤ ਮਾਮਲਿਆਂ ’ਤੇ ਇੱਕ ਹੋਰ ਕਾਲਮ ‘ਅੱਠਵਾਂ ਕਾਲਮ’, ਜੋ ਉਹ ਆਪਣੇ ਸਾਥੀ ਸਹਾਇਕ ਸੰਪਾਦਕ ਨਾਲ ਮਿਲ ਕੇ ਲਿਖਦੇ ਸਨ, ਵੀ ਹਰਮਨ ਪਿਆਰਾ ਰਿਹਾ। ਨਿਰਸੰਦੇਹ ਉਹ ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਸਨ। ਜਿਸ ਦਿਨ (28 ਜੁਲਾਈ 2007) ਉਹ ਇਸ ਦੁਨੀਆਂ ਨੂੰ ਅਲਵਿਦਾ ਆਖ ਕੇ ਗਏ, ਉਸ ਵਕਤ ਵੀ ਉਹ ਆਪਣੇ ਦਫਤਰ ਵਿੱਚ ਆਪਣੀ ਕੁਰਸੀ ’ਤੇ ਬੈਠੇ ਪੜ੍ਹ ਹੀ ਰਹੇ ਸਨ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (