“ਅੱਗੋਂ ਦੁਖਾਂਤ ਇਹ ਹੈ ਕਿ ਜਿਹੜੇ ਦਾਖਲਾ ਦੇ ਰਹੇ ਹੁੰਦੇ ਹਨ, ਉਹ ਵੀ ਕਿਸੇ ਵੇਲੇ ...”
(6 ਅਗਸਤ 2025)
ਮੇਰੇ ਪਿੰਡਾਂ ਵੱਲੋਂ ਇੱਕ ਜਾਣਕਾਰ ਦਾ ਫੋਨ ਆਇਆ। ਉਹ ਕਹਿੰਦਾ, “ਬਾਈ ਜੀ, ਮੇਰੇ ਚਾਚਾ ਜੀ ਦੇ ਮੁੰਡੇ ਨੇ ਬਾਰ੍ਹਵੀਂ ਕੀਤੀ ਆ, ਨਾਨ-ਮੈਡੀਕਲ ਨਾਲ, ਤੇ ਹੁਣ ਬੀ.ਐੱਸ.ਸੀ. ਕਰਨਾ ਚਾਹੁੰਦਾ। ਤੁਸੀਂ ਜ਼ਰਾ ਗਾਈਡ ਕਰ ਦਿਓ।”
ਮੈਂ ਕਿਹਾ, “ਧੰਨਭਾਗ ਜੇ ਕਿਸੇ ਦੇ ਮੇਰੀ ਸਲਾਹ ਕੰਮ ਆ ਜੇ।”
ਉਹ ਮੁੰਡਾ ਕਹਿੰਦਾ, “ਜੇ ਤੁਸੀਂ ਕਹੋ, ਚਾਚਾ ਜੀ ਨੂੰ ਵੀ ਕਾਨਫਰੰਸ ਕਾਲ ਵਿੱਚ ਐਡ ਕਰ ਲਵਾਂ? ਚਾਚਾ ਜੀ ਮਾਸਟਰ ਲੱਗੇ ਹੋਏ ਹਨ।”
“ਚਾਚਾ ਜੀ ਨੂੰ ਜ਼ਰੂਰ ਸ਼ਾਮਲ ਕਰੋ।” ਪਿੰਡਾਂ ਦੇ ਮੁੰਡੇ ਦਾ ਚਾਚਾ ਹੋਣ ਕਰਕੇ ਮੈਂ ਵੀ ਮਾਸਟਰ ਜੀ ਨੂੰ ਚਾਚਾ ਕਹਿਣਾ ਠੀਕ ਸਮਝਿਆ।
ਚਾਚਾ ਜੀ ਨੇ ਕਾਲ ਮਿਲਦਿਆਂ ਹੀ ਸਤਿ ਸ੍ਰੀ ਅਕਾਲ ਕੀਤੀ। ਮੈਂ ਕਿਹਾ, “ਜੀ ਦੱਸੋ, ਮੈਂ ਕੀ ਮਦਦ ਕਰ ਸਕਦਾਂ? ਬੇਟੇ ਨੂੰ ਕਿੱਥੇ ਕਰਾਉਣੀ ਚਾਹੁੰਦੇ ਹੋ ਬੀ.ਐੱਸਸੀ.?”
ਚਾਚਾ ਜੀ ਕਹਿੰਦੇ ਕਿ ਅਸੀਂ ਫਲਾਣੀ ਯੂਨੀਵਰਸਿਟੀ ਵਿੱਚ ਫਾਰਮ ਭਰੇ ਸੀ ਪਰ ਉਹ ਕਹਿੰਦੇ ਕਿ ਬੀ.ਐੱਸਸੀ. ਦੀਆਂ ਸੀਟਾਂ ਤਾਂ ਭਰ ਗਈਆਂ, ਤੁਸੀਂ ਬੀ.ਟੈੱਕ ਵਿੱਚ ਦਾਖਲਾ ਲੈ ਲਓ।
ਮੈਂ ਕਿਹਾ, “ਚਾਚਾ ਜੀ, ਇਹ ਸਭ ਦੁਕਾਨਦਾਰ ਹੋ ਗਏ ਹੁਣ, ਇਹ ਦੁਕਾਨਦਾਰ ਵਾਂਗ ਕਹਿਣਗੇ ਕਿ ‘ਭਾਈ ਖੰਡ ਤਾਂ ਹੈਨੀ, ਪਟਾਕੇ ਲੈ ਜਾਓ।’ ਹੁਣ ਤੁਸੀਂ ਦੱਸੋ ਬਈ ਖੰਡ ਦੀ ਥਾਂ ਪਟਾਕੇ ਕੰਮ ਆਉਣਗੇ?”
ਸ਼ਾਇਦ ਚਾਚਾ ਜੀ ਨੂੰ ਮੇਰੇ ਅਜਿਹੇ ਸਪਸ਼ਟ ਜਵਾਬ ਦੀ ਆਸ ਨਹੀਂ ਸੀ। ਚਾਚਾ ਜੀ ਦੀ ਆਵਾਜ਼ ਜ਼ਰਾ ਕੁ ਕੰਬੀ, ਪਿੰਡਾਂ ਵੱਲ ਦੇ ਮੁੰਡੇ ਨੇ ਦੱਸਿਆ ਹੋਣਾ ਹੈ ਕਿ ਪ੍ਰੋਫੈਸਰ ਅਤੇ ਫਿਲਮ ਡਾਇਰੈਕਟਰ ਨਾਲ ਗੱਲ ਕਰਾਉਣ ਲੱਗਾ ਹਾਂ। ਪਰ ਅੱਗੋਂ ਮੈਂ ਕੋਈ ਪ੍ਰੋਫੈਸਰਾਂ ਵਾਲੀ ਗੋਲ-ਮੋਲ ਗੱਲ ਨਾ ਕੀਤੀ ਸਗੋਂ ਉਹੀ ਕੀਤੀ, ਪਿੰਡਾਂ ਵਾਲੀ ਸਿੱਧੀ ਤੇ ਖਰੀ ਗੱਲ, ਚਾਹੇ ਕਿਸੇ ਦੇ ਗੋਡੇ ਲੱਗੇ ਜਾਂ ਗਿੱਟੇ। ਚਾਚੇ ਨੂੰ ਕੌਣ ਸਮਝਾਵੇ ਬਈ ਮੈਂ ਪਿੰਡੋਂ ਨਿਕਲਿਆਂ ਹੋਇਆਂ (ਭਾਵ ਸ਼ਹਿਰ ਰਹਿਨਾ) ਪਰ ਪਿੰਡ ਮੇਰੇ ਵਿੱਚੋਂ ਥੋੜ੍ਹਾ ਨਿਕਲਿਆ?
ਚਾਚਾ ਜੀ ਨੇ ਆਪਣੇ ਆਪ ਨੂੰ ਸੰਭਾਲਦਿਆਂ ਫਿਰ ਕਿਹਾ, “ਜੀ ਉਹ ਆਪਣੇ ਮੁੰਡੇ ਨੂੰ ਯੂਨੀਵਰਸਿਟੀ ਪਸੰਦ ਆਗੀ ਸੀ।”
“ਚਾਚਾ ਜੀ, ਮੁੰਡਿਆਂ ਨੂੰ ਤਾਂ ਸ਼ਾਪਿੰਗ ਮਾਲ ਬਹੁਤ ਪੰਸਦ ਆਉਂਦੇ ਨੇ, ਪਰ ਪੰਜੀਰੀ ਦਾ ਸਮਾਨ ਲੈਣ ਪੰਸਾਰੀ ਦੀ ਹੱਟੀ ਹੀ ਠੀਕ ਰਹਿੰਦੀ ਐ।” ਮੈਂ ਆਖ਼ਰੀ ਧੋਬੀ ਪਟਕਾ ਮਾਰਿਆ। ਅਖ਼ੀਰ ਮੈਂ ਕਿਹਾ, “ਮੈਂ ਮਹਿੰਦਰਾ ਕਾਲਜ ਤੇ ਖਾਲਸਾ ਕਾਲਜ ਪਟਿਆਲਾ ਵਿੱਚ ਪੜ੍ਹਾਉਂਦੇ ਆਪਣੇ ਦੋਸਤਾਂ ਦੇ ਨੰਬਰ ਭੇਜ ਰਿਹਾਂ, ਦੋਵਾਂ ਵਿੱਚੋਂ ਜਿੱਥੇ ਠੀਕ ਲੱਗੇ, ਬੇਟੇ ਦਾ ਦਾਖ਼ਲਾ ਕਰਵਾ ਦਿਓ।”
ਮੇਰੇ ਮਨ ਦਾ ਹਰ ਕੋਨਾ ਇੱਕ ਅਜੀਬ ਜਿਹੀ ਪੀੜ ਨਾਲ ਵਿੰਨ੍ਹਿਆ ਗਿਆ। ਹਰ ਸਾਲ ਕਿੰਨੇ ਹੀ ਬੱਚਿਆਂ ਨੇ ਸਕੂਲਾਂ ਵਿੱਚੋਂ ਕਾਲਜਾਂ ਤੇ ਕਾਲਜਾਂ ਵਿੱਚੋਂ ਯੂਨੀਵਰਸਿਟੀਆਂ ਵਿੱਚ ਜਾਣਾ ਹੁੰਦਾ ਹੈ। ਉਹ ਹਰ ਸਾਲ ਠੱਗੇ ਜਾ ਰਹੇ ਹਨ, ਗੁਮਰਾਹ ਹੋ ਰਹੇ ਹਨ। ਆਪਣਾ ਭਵਿੱਖ ਬਰਬਾਦ ਕਰ ਰਹੇ ਹਨ। ਇਹੀ ਹਾਲ ਨੌਜਾਵਾਨਾਂ ਦੇ ਵਿਦੇਸ਼ ਜਾਣ ਵੇਲੇ ਹੋ ਰਿਹਾ ਹੈ। ਇਸੇ ਵਿੱਚੋਂ ਕੋਟਾ ਫੈਕਟਰੀ ਵਰਗੀਆਂ ਵੈੱਬ-ਸੀਰੀਜ਼ ਨਿਕਲੀਆਂ ਹਨ।
ਇੱਕ ਦਿਨ ਮੈਨੂੰ ਇੱਕ ਦੋਸਤ ਕਹਿਣ ਲੱਗਾ, “ਡਾਇਰੈਕਟਰ ਸਾਹਿਬ, ਚਲੋ ਪੰਜਾਬ ਦੀ ਜਵਾਨੀ ਬਾਰੇ ਕੋਈ ਡਾਕੂਮੈਂਟਰੀ ਫਿਲਮ ਬਣਾਈਏ।”
ਮੈਂ ਕਿਹਾ, “ਇਹ ਬਹੁਤ ਛੋਟੀ ਫਿਲਮ ਬਣੇਗੀ।”
ਉਹ ਕਹਿੰਦਾ, “ਉਹ ਕਿਵੇਂ?”
ਮੈਂ ਕਿਹਾ, “ਬੱਸ ਤਿੰਨ ਸਵਾਲ ਪੁੱਛਣੇ ਹਨ। ਪਹਿਲਾ ਇਹ ਕਿ ਨੌਜਵਾਨ ਵੋਟ ਕੀ ਸੋਚ ਕੇ ਪਾਉਂਦੇ ਹਨ? ਕਿਉਂਕਿ ਇਸ ਨਾਲ ਰਾਜ ਤੇ ਰਾਸ਼ਟਰ ਦਾ ਭਵਿੱਖ ਜੁੜਿਆ ਹੋਇਆ ਹੈ। ਦੂਜਾ ਸਵਾਲ ਇਹ ਪੁੱਛਣਾ ਹੈ ਕਿ ਉਹ ਪੜ੍ਹਾਈ ਦੌਰਾਨ ਕੋਰਸ ਅਤੇ ਵਿਸ਼ੇ ਕੀ ਸੋਚ ਕੇ ਚੁਣਦੇ ਹਨ? ਇਹਦਾ ਸਬੰਧ ਪਰਿਵਾਰ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਤੀਜਾ ਸਵਾਲ, ਉਹ ਜੋ ਕੁਝ ਵੀ ਖਾ ਰਹੇ ਹਨ, ਕੀ ਸੋਚ ਕੇ ਖਾ ਰਹੇ ਨੇ? ਇਹਦਾ ਸਬੰਧ ਸਿੱਧਾ ਉਨ੍ਹਾਂ ਦੇ ਆਪਣੇ ਭਵਿੱਖ ਨਾਲ ਜੁੜਿਆ ਹੋਇਆ ਹੈ।”
ਮੇਰੇ ਤਿੰਨੇ ਸਵਾਲ ਸੁਣ ਕੇ ਉਹ ਦੋਸਤ ਬਿਨਾਂ ਜਵਾਬ ਦਿੱਤੇ ਹੀ ਚਲਾ ਗਿਆ ਤੇ ਅੱਜ ਤਕ ਦੁਬਾਰਾ ਡਾਕੂਮੈਂਟਰੀ ਫਿਲਮ ਦੀ ਗੱਲ ਕਰਨ ਨਹੀਂ ਆਇਆ।
ਇਨ੍ਹਾਂ ਹੀ ਸਵਾਲਾਂ ਵਿੱਚੋਂ ਇੱਕ ਸਵਾਲ, ਜਿਸ ਸਵਾਲ ਨਾਲ ਹਰ ਸਾਲ ਵਾਹ ਪੈਂਦਾ ਹੈ ਤੇ ਅੱਜ ‘ਚਾਚਾ ਜੀ’ ਦੇ ਭਤੀਜੇ ਦੇ ਹਵਾਲੇ ਨਾਲ ਵਾਹ ਪੈ ਗਿਆ, ਉਹ ਹੈ ਉਚੇਰੀ ਸਿੱਖਿਆ। ਸਿੱਖਿਆ ਤੰਤਰ ਖਾਸ ਕਰ ਉਚੇਰੀ ਸਿੱਖਿਆ ਨਾਲ ਜੁੜੇ ਸਾਰੇ ਲੋਕ ਜਾਣਦੇ ਹਨ ਕਿ ਬਹੁ-ਗਿਣਤੀ ਵਿਦਿਆਰਥੀਆਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੂੰ ਕਿਹੜਾ ਕੋਰਸ ਲੈਣਾ ਚਾਹੀਦਾ ਹੈ ਤੇ ਕਿਹੜੇ ਵਿਸ਼ੇ ਲੈਣੇ ਚਾਹੀਦੇ ਹਨ। ਅੱਗੋਂ ਦੁਖਾਂਤ ਇਹ ਹੈ ਕਿ ਜਿਹੜੇ ਦਾਖਲਾ ਦੇ ਰਹੇ ਹੁੰਦੇ ਹਨ, ਉਹ ਵੀ ਕਿਸੇ ਵੇਲੇ ਇਨ੍ਹਾਂ ਦਾਖਲ ਹੋਣ ਆਏ ਵਿਦਿਆਰਥੀਆਂ ਵਾਂਗ ਹੀ ਜੋ ਮਿਲ ਗਿਆ, ਉਹੀ ਪੜ੍ਹ ਕੇ ਆਏ ਹੁੰਦੇ ਹਨ। ਇਸ ਤੋਂ ਵੀ ਵੱਡਾ ਦੁਖਾਂਤ ਇਹ ਹੈ ਕਿ ਵਿਦਿਆਰਥੀਆਂ ਨੂੰ ਕੋਰਸ ਜਾਂ ਵਿਸ਼ੇ ਉਨ੍ਹਾਂ ਦੀ ਲੋੜ ਅਨੁਸਾਰ ਨਹੀਂ ਦਿੱਤੇ ਜਾਂਦੇ, ਸਗੋਂ ਵਿਸ਼ੇ, ਕੋਰਸ ਜਾਂ ਸੰਸਥਾਵਾਂ ਨੂੰ ਬਚਾਉਣ ਲਈ ਦੇ ਦਿੱਤੇ ਜਾਂਦੇ ਹਨ। ਬਹੁਤ ਲੋਕ ਆਪਣਾ ਰੁਜ਼ਗਾਰ ਜਾਂ ਮੁਨਾਫਾ ਬਚਾਉਣ ਦੇ ਚੱਕਰ ਵਿੱਚ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਦਾਅ ’ਤੇ ਲਾ ਰਹੇ ਹਨ। ਮੈਨੂੰ ਤਾਂ ਲਗਦਾ ਹੁੰਦਾ ਹੈ ਬਈ ਸਾਨੂੰ ਭੁਲੇਖਾ ਹੈ ਕਿ ਮਨੁੱਖਾਂ ਦੀ ਬਲੀ ਦੇਣੀ ਬੰਦ ਹੋ ਗਈ ਹੈ ਪਰ ਜਦੋਂ ਆਪਣੇ ਲਾਲਚਾਂ ਕਰਕੇ ਵਿਦਿਆਰਥੀਆਂ ਨੂੰ ਗਲਤ ਵਿਸ਼ੇ ਅਤੇ ਕੋਰਸਾਂ ਵਿੱਚ ਝੋਕ ਦਿੱਤਾ ਜਾਂਦਾ ਹੈ ਤਾਂ ਇਹ ਵੀ ਤਾਂ ਉਨ੍ਹਾਂ ਦੀ ਬਲੀ ਦੇਣ ਵਾਂਗ ਹੀ ਹੈ। ਤੇ ਬੰਦ ਹਾਲੇ ਸਤੀ ਪ੍ਰਥਾ ਵੀ ਨਹੀਂ ਹੋਈ। ਇਹ ਗਲਤ ਵਿਸ਼ੇ ਤੇ ਕੋਰਸ ਪੜ੍ਹੇ ਬੱਚੇ ਆਪਣੀਆਂ (ਮਰੀਆਂ ਹੋਈਆਂ) ਡਿਗਰੀਆਂ ਨਾਲ ਹੀ ਸਤੀ ਹੋ ਜਾਂਦੇ ਹਨ।
ਮੈਂ ਸਲਾਹ ਦਿੰਦਾ ਹਾਂ ਕਿ ਮੇਰੇ ਦੋਸਤ ਦੇ ਚਾਚਾ ਜੀ ਖੰਡ ਦੀ ਥਾਂ ਪਟਾਕੇ ਨਾ ਖਰੀਦਣ ਤੇ ਪੰਜੀਰੀ ਦਾ ਸਮਾਨ ਪੰਸਾਰੀ ਦੀ ਹੱਟੀ ਤੋਂ ਹੀ ਲੈਣ…। ਹਾਲਾਂ ਕਿ ਹਾਲੇ ਵੀ ਉਹ ਬੱਚਾ ਸਾਡੀ ਗੱਲਬਾਤ ਅਤੇ ਸਲਾਹ ਵੇਲੇ ਗੈਰਹਾਜ਼ਰ ਹੈ, ਜਿਸਦੇ ਭਵਿੱਖ ਦਾ ਅਸੀਂ ਫੈਸਲਾ ਕਰਦੇ ਪਏ ਹਾਂ। ਹੋ ਸਕਦਾ ਹੈ ਉਹ ਮੇਰੇ ਵਾਂਗ ਨਾਨ-ਮੈਡੀਕਲਾਂ, ਆਰਟ-ਕਰਾਫਟਾਂ, ਐੱਮ.ਫਿਲਾਂ., ਪੀ.ਐੱਚਡੀਆਂ ਦੇ ਜੰਗਲਾਂ ਵਿੱਚੋਂ ਲੰਘਦਾ ਹੋਇਆ ਅੱਗੇ ਜਾ ਕੇ ਫਿਲਮਾਂ ਹੀ ਬਣਾਉਣ ਲੱਗ ਜਾਵੇ …।
ਜਾਂ ਤਮਾਮ ਉਮਰ ਇਹ ਸ਼ਿਅਰ ਨੂੰ ਗੁਣਗੁਣਾਉਂਦਾ ਰਹੇ:
ਸਿਰਫ਼ ਏਕ ਕਦਮ ਉਠਾ ਥਾ ਗ਼ਲਤ ਰਾਹ-ਏ-ਸ਼ੌਕ ਮੇਂ,
ਮੰਜ਼ਿਲ ਤਮਾਮ ਉਮਰ ਮੁਝੇ ਢੂੰਡਤੀ ਰਹੀ। ... (ਅਬਦੁਲ ਹਮੀਦ ਅਦਮ)
* * *
(ਰਾਸ਼ਟਰੀ ਫਿਲਮ ਪੁਰਸਕਾਰ ਜੇਤੂ ਫਿਲਮਸਾਜ਼)
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (