“ਜੇ ਅਮਨ ਪਸੰਦ ਸ਼ਹਿਰੀ ਘਰਾਂ ਵਿੱਚ ਵੜੇ ਰਹੇ ਤਾਂ ਬੰਬਾਂ ਦਾ ਮੀਂਹ ਦੁਨੀਆਂ ਦੇ ਹੋਰ ਕਈ ਦੇਸ਼ਾਂ ...”
(5 ਅਗਸਤ 2025)
ਗਾਜ਼ਾ ਵਿੱਚ ਇੱਕ ਪੂਰੀ ਅਬਾਦੀ ਭੁੱਖ ਨਾਲ ਮਰ ਰਹੀ ਹੈ। ਹੱਡੀਆਂ ਦੇ ਢਾਂਚੇ ਬਣੇ ਬੱਚਿਆਂ ਦੀਆਂ ਫੋਟੋਆਂ ਅਸੀਂ ਜਰ ਰੋਜ਼ ਦੇਖਦੇ ਹਾਂ। ਇਹ ਕੁਦਰਤੀ ਨਹੀਂ ਹੈ। ਇਹ ਕਾਲ ਬੰਦੂਕਾਂ ਦੇ ਜ਼ੋਰ ’ਤੇ ਲਿਆਂਦਾ ਗਿਆ ਹੈ। ਇਹ ਵੀ ਉਨ੍ਹਾਂ ਬੇਕਸੂਰ ਲੋਕਾਂ ਲਈ, ਜਿਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤਾ। ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਨੇ ਗਾਜ਼ਾ ਪੱਟੀ ਦੇ ਲੋਕ। ਭੁੱਖ ਨਾਲ ਰੋਜ਼ਾਨਾ ਸੈਕੜੇ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਮਾਂਵਾਂ ਇੰਨੀਆਂ ਕਮਜ਼ੋਰ ਹੋਈਆਂ ਪਈਆਂ ਹਨ ਕਿ ਬੱਚਿਆਂ ਦੇ ਮੂੰਹਾਂ ਤੋਂ ਮੱਖੀਆਂ ਤਕ ਨਹੀਂ ਉਡਾ ਸਕਦੀਆਂ। ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਨੂੰ ਤੁਰੰਤ ਭੋਜਨ ਜੇ ਨਾ ਮਿਲਿਆ ਤਾਂ ਮਾਂ ਦਾ ਦੁੱਧ ਕਿੱਥੋਂ ਆਵੇਗਾ। ਇਸ ਲਈ ਤੁਹਾਨੂੰ ਮਾਵਾਂ ਨੂੰ ਖਵਾਉਣਾ ਪਵੇਗਾ ਤਾਂ ਜੋ ਉਹ ਬੱਚੇ ਨੂੰ ਦੁੱਧ ਪਿਆ ਸਕਣ। ਇਹੀ ਅਸਲੀ ਚੁਣੌਤੀ ਹੈ। ਗਾਜ਼ਾ ਵਿੱਚ ਜਲਦੀ ਤੋਂ ਜਲਦੀ ਭੋਜਨ ਭੇਜਿਆ ਜਾਵੇ। ਭੁੱਖਮਰੀ ਨਾਲ ਫੇਫੜੇ, ਢਿੱਡ ਅਤੇ ਜਨਨ ਅੰਗ ਸੁੰਗੜਨ ਲਗਦੇ ਹਨ ਅਤੇ ਦਿਮਾਗ਼ ਉੱਤੇ ਅਸਰ ਪੈਣ ਕਾਰਨ ਭਰਮ, ਨਿਰਾਸ਼ਾ ਅਤੇ ਤਣਾਅ ਮਹਿਸੂਸ ਹੋਣ ਲਗਦਾ ਹੈ। ਬਚਪਨ ਵਿੱਚ ਭੋਜਨ ਦੀ ਕਮੀ ਦੇ ਅਸਰ ਬੱਚਿਆਂ ਵਿੱਚ ਸਾਰੀ ਉਮਰ ਲਈ ਰਹਿ ਸਕਦੇ ਹਨ, ਜਿਵੇਂ ਕਮਜ਼ੋਰ ਮਾਨਸਿਕਤਾ ਅਤੇ ਸਰੀਰਕ ਵਿਕਾਸ। ਭੁੱਖ ਕਾਰਨ ਚੰਗੇ ਭਲੇ ਬੰਦੇ ਦਾ ਦਿਮਾਗ਼ ਕੰਮ ਕਰਨਾ ਛੱਡ ਜਾਂਦਾ ਹੈ।
ਇਜ਼ਰਾਈਲ ਅਤੇ ਮਿਸਰ ਨੇ ਗਾਜ਼ਾ ਦੇ ਅੰਦਰ-ਬਾਹਰ ਮਾਲ ਅਤੇ ਲੋਕਾਂ ਦੀ ਆਵਾਜਾਈ ’ਤੇ ਪਾਬੰਦੀ ਲਾ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਦੀ ਨਾਕਾਬੰਦੀ ਦੀ ਲੋੜ ਹੈ। ਹਮਾਸ ਦੇ ਹਮਲੇ ਦੇ ਜਵਾਬ ਵਿੱਚ ਹੀ ਇਜ਼ਰਾਈਲ ਦੇ ਰੱਖਿਆ ਮੰਤਰੀ ਨੇ ਗਾਜ਼ਾ ਦੀ ਪੂਰੀ ਤਰ੍ਹਾਂ ਘੇਰਾਬੰਦੀ ਕਰਨ ਦਾ ਹੁਕਮ ਦਿੱਤਾ ਸੀ। ਇਸੇ ਕਰਕੇ ਇੱਥੇ ਕੋਈ ਬਿਜਲੀ ਨਹੀਂ, ਨਾ ਭੋਜਨ, ਨਾ ਕੋਈ ਈਧਨ, ਪਾਣੀ ਦੀ ਸਪਲਾਈ ਵੀ ਕੱਟ ਦਿੱਤੀ। ਸਭ ਕੁਝ ਬੰਦ ਹੈ। ਇਸ ਕਦਮ ਨਾਲ ਗਾਜ਼ਾ ਵਿੱਚ ਮਨੁੱਖਤਾਵਾਦੀ ਸਥਿਤੀ ਸਬੰਧੀ ਗੰਭੀਰ ਸੰਕਟ ਪੈਦਾ ਹੋ ਗਿਆ ਹੈ। ਇੱਥੇ ਔਸਤਨ ਪ੍ਰਤੀ ਵਰਗ ਕਿਲੋਮੀਟਰ ਵਿੱਚ 7000 ਤੋਂ ਵੱਧ ਲੋਕ ਰਹਿੰਦੇ ਹਨ। 80 ਫੀਸਦੀ ਅਬਾਦੀ ਨੂੰ ਪਹਿਲਾਂ ਹੀ ਅੰਤਰਰਾਸ਼ਟਰੀ ਸਹਾਇਤਾ ਦੀ ਜ਼ਰੂਰਤ ਸੀ। ਉਸ ਉੱਤੇ ਹੋਰ ਪਾਬੰਦੀਆਂ ਲਾ ਕੇ ਮਰਨ ਲਈ ਛੱਡ ਦਿੱਤਾ ਗਿਆ ਹੈ।
ਗਾਜ਼ਾ ਪੱਟੀ ਭੂ-ਮੱਧ ਸਾਗਰ ਦੇ ਪੂਰਬੀ ਤਟ ਉੱਤੇ ਪੈਂਦਾ ਇੱਕ ਰਾਜਖੇਤਰ ਹੈ ਜਿਸਦੀਆਂ ਹੱਦਾਂ ਦੱਖਣ-ਪੱਛਮ ਵੱਲ ਮਿਸਰ ਅਤੇ ਪੂਰਬ ਅਤੇ ਉੱਤਰ ਵੱਲ ਇਜ਼ਰਾਇਲ ਨਾਲ ਲੱਗਦੀਆਂ ਹਨ। ਇਸ ਉੱਤੇ ਇਜ਼ਰਾਇਲ ਦੇ ਨਾਲ ਉਸਦੇ ਮਿੱਤਰ ਮਿਸਰ ਦਾ ਪੂਰੀ ਤਰ੍ਹਾਂ ਕਬਜ਼ਾ ਹੈ। ਗਾਜ਼ਾ ਪੱਟੀ ਦੇ ਨਾਲ ਲਗਦੇ ਭੂ-ਮੱਧ ਸਾਗਰ ਤੋਂ ਵੀ ਇਜ਼ਰਾਇਲ ਕਿਸੇ ਨੂੰ ਰਸਦ ਨਹੀਂ ਲਿਜਾਣ ਦਿੰਦਾ। ਇਹ 41 ਕਿਲੋਮੀਟਰ ਲੰਮਾ ਅਤੇ 6 ਤੋਂ 12 ਕਿਲੋਮੀਟਰ ਚੌੜਾ ਹੈ। ਇਹਦੀ ਅਬਾਦੀ ਬਹੁਤ ਜ਼ਿਆਦਾ ਹੈ, ਲਗਭਗ 23 ਲੱਖ। ਇੱਥੋਂ ਦੀ ਅਬਾਦੀ ਜ਼ਿਆਦਾਤਰ ਸੁੰਨੀ ਮੁਸਲਮਾਨਾਂ ਦੀ ਹੈ। ਇੱਥੇ ਸਹੂਲਤਾਂ ਪਹਿਲਾਂ ਹੀ ਨਾ ਮਾਤਰ ਸਨ ਪਰ ਖੇਤੀਬਾੜੀ ਵਾਲੀ ਜ਼ਮੀਨ ਅਤੇ ਮੱਛੀ ਫੜਨ ’ਤੇ ਇਜ਼ਰਾਈਲੀ ਪਾਬੰਦੀਆਂ ਕਾਰਨ ਗਾਜ਼ਾ ਦੇ ਲੋਕਾਂ ਲਈ ਆਪਣੇ ਆਪ ਖਾਣੇ ਦਾ ਪ੍ਰਬੰਧ ਕਰਨਾ ਜੰਗ ਤੋਂ ਪਹਿਲਾ ਵੀ ਔਖਾ ਸੀ। ਇਜ਼ਰਾਈਲੀ ਘੇਰੇ ਵਾਲੀ ਵਾੜ 60 ਕਿਲੋਮੀਟਰ ਲੰਬੀ ਹੈ। 100 ਮੀਟਰ ਦੇ ਖੇਤਰਾਂ ਵਿੱਚ ਕੋਈ ਜਾ ਨਹੀਂ ਸਕਦਾ ਸੀ ਭਾਵੇਂ ਉਹ ਜ਼ਮੀਨ ਦੇ ਮਾਲਕ ਹੀ ਕਿਉਂ ਨਾ ਹੋਣ। ਕਿਸਾਨ ਉੱਥੇ ਕੁਝ ਵੀ ਨਹੀਂ ਉਗਾ ਸਕਦੇ। ਗਾਜ਼ਾ ਵਿੱਚ ਪੂਰੀ ਅਬਾਦੀ ਨੂੰ ਭੁੱਖਾ ਮਾਰਿਆ ਜਾ ਰਿਹਾ ਹੈ। ਜੇ ਕਿਤੇ ਰਾਸ਼ਨ ਮਿਲਣ ਦੀ ਉਮੀਦ ਹੁੰਦੀ ਹੈ ਤਾਂ ਉੱਥੇ ਲੋਕਾਂ ਦੀ ਭੀੜ ਲੱਗ ਜਾਂਦੀ ਹੈ। ਫਿਰ ਉੱਤੋਂ ਬੰਬ ਸੁੱਟੇ ਦਿੱਤੇ ਜਾਂਦੇ ਹਨ। ਲੱਖਾਂ ਲੋਕ ਬੇਘਰ ਹਨ। ਖਾਣੇ ਦੀ ਭਾਰੀ ਕਮੀ ਤੇ ਬਿਜਲੀ-ਪਾਣੀ ਤੋਂ ਸੱਖਣੇ ਗਾਜ਼ਾ ਪੱਟੀ ਦੇ ਲੋਕ ਕਿਵੇਂ ਜੀਅ ਰਹੇ ਹਨ, ਇਹ ਤਾਂ ਫੋਟੋਆਂ ਵਿੱਚ ਹੀ ਦੇਖਿਆ ਜਾ ਸਕਦਾ ਹੈ।
ਇਜ਼ਰਾਈਲ ਦੇ ਬੰਬਾਂ ਨੇ ਹਸਪਤਾਲਾਂ ਦੇ ਗੁਦਾਮਾਂ ਨੂੰ ਤਬਾਹ ਕਰ ਦਿੱਤਾ ਹੈ। ਕਈ ਡਾਕਟਰ ਜ਼ਖ਼ਮੀ ਹੋਏ ਗਾਜ਼ਾ ਪੱਟੀ ਦੇ ਲੋਕਾਂ ਦਾ ਇਲਾਜ ਕਰ ਰਹੇ ਹਨ। ਜ਼ਖ਼ਮੀ ਲੋਕਾਂ ਦੇ ਅਪਰੇਸ਼ਨਾਂ ਵੇਲੇ ਜ਼ਰੂਰੀ ਸਮਾਨ ਨਾ ਹੋਣ ਕਰਕੇ ਅਪਰੇਸ਼ਨ ਰੁਕ ਜਾਣਾ ਆਮ ਜਿਹੀ ਗੱਲ ਹੈ। ਜ਼ਖ਼ਮੀ ਹੋਏ ਗਾਜ਼ਾ ਦੇ ਲੋਕ ਆਪਣੇ ਜਖ਼ਮਾਂ ਦੀ ਤਾਬ ਨਾ ਝੱਲਦੇ ਹੋਏ ਤੜਫ-ਤੜਫ ਕੇ ਮਰ ਰਹੇ ਹਨ। ਪਿੱਛੇ ਜਿਹੇ ਇੱਕ ਰਿਪੋਰਟ ਮੁਤਾਬਿਕ ਇੱਕ ਡਾਕਟਰ ਨੇ ਇਸ ਖੌਫ਼ਨਾਕ ਸੱਚ ਬਾਰੇ ਕੈਮਰੇ ਮੋਹਰੇ ਲਾਈਵ ਆ ਕੇ ਦੱਸਿਆ ਸੀ, ਕਿ ਕਿਵੇਂ ਉਸਦੀ ਧੀ, ਜੋ ਕਿ 13 ਸਾਲ ਦੀ ਹੀ ਸੀ, ਦੀ ਲੱਤ ਇਜ਼ਰਾਈਲੀ ਮਿਜ਼ਾਈਲ ਹਮਲੇ ਵਿੱਚ ਉਡ ਗਈ ਸੀ। ਉਸ ਵੇਲੇ ਤਕ ਹਸਪਤਾਲ ਵਿੱਚ ਬੇਹੋਸ਼ ਕਰਨ ਵਾਲੀ ਦਵਾਈ ਮੁੱਕ ਗਈ ਸੀ। ਬਿਨਾਂ ਬੇਹੋਸ਼ ਕਰਨ ਦੀ ਦਵਾਈ ਦੇ, ਬਿਨਾਂ ਸੁੰਨ ਕਰਨ ਵਾਲੀ ਦਵਾਈ ਦੇ, ਉਸ ਡਾਕਟਰ ਨੇ ਖੁਦ ਠੰਢਾ ਪਾਣੀ ਪਾ-ਪਾ ਆਪਣੀ ਬੱਚੀ ਦੀ ਲੱਤ ਦਾ ਅਪਰੇਸ਼ਨ ਕੀਤਾ ਸੀ। ਜ਼ਖ਼ਮੀ ਦੀ ਕੀ ਹਾਲਤ ਹੋਵੇਗੀ, ਇਹ ਕਲਪਨਾ ਤੋਂ ਬਾਹਰ ਦੀ ਗੱਲ ਹੈ। ਜ਼ਖਮੀਆਂ ਦੇ ਅਪਰੇਸ਼ਨ ਕਰਦੇ ਡਾਕਟਰਾਂ ਕੋਲ ਦਵਾਈਆਂ ਦੀ ਭਾਰੀ ਘਾਟ ਹੈ। ਹਸਪਤਾਲਾਂ ਦੀ ਬਿਜਲੀ ਸਪਲਾਈ ਇਜ਼ਰਾਈਲ ਨੇ ਠੱਪ ਕਰ ਦਿੱਤੀ ਹੈ। ਹਸਪਤਾਲਾਂ ਦੇ ਜਨਰੇਟਰਾਂ ਨੂੰ ਅੱਗਾਂ ਲਾ ਲਾ ਕੇ ਤਬਾਹ ਕਰ ਦਿੱਤਾ ਗਿਆ ਹੈ। ਡਾਕਟਰ ਬਿਨਾਂ ਰੋਸ਼ਨੀ ਤੋਂ ਮੋਬਾਇਲ ਫੋਨਾਂ ਦੀ ਲਾਈਟ ਦੇ ਸਹਾਰੇ ਅਪਰੇਸ਼ਨ ਕਰ ਰਹੇ ਹਨ।
ਦਰਸਅਲ ਜਦੋਂ ਇਜ਼ਰਾਈਲ ’ਤੇ ਹਮਾਸ ਅੱਤਵਾਦੀਆਂ ਨੇ ਦੱਖਣੀ ਇਜ਼ਰਾਈਲ ’ਤੇ ਇੱਕ ਜ਼ਬਰਦਸਤ ਹਮਲਾ ਕੀਤਾ ਸੀ, ਜਿਸ ਵਿੱਚ ਘੱਟੋ-ਘੱਟ 1300 ਇਜ਼ਰਾਈਲ ਦੇ ਲੋਕ ਮਾਰੇ ਗਏ ਸਨ ਅਤੇ ਦਰਜਨਾਂ ਨੂੰ ਬੰਧੀ ਬਣਾ ਕੇ ਗਾਜ਼ਾ ਲੈ ਕੇ ਜਾਇਆ ਗਿਆ, ਜਦੋਂ ਤੋਂ ਹਮਾਸ ਨੇ ਗਾਜ਼ਾ ’ਤੇ ਆਪਣਾ ਕਬਜ਼ਾ ਕੀਤਾ ਹੈ, ਇਹ ਕਈ ਵਾਰ ਇਜ਼ਰਾਈਲ ਨਾਲ ਯੁੱਧ ਕਰ ਚੁੱਕਾ ਹੈ। ਇਸਦੇ ਜਵਾਬ ਵਿੱਚ ਇਜ਼ਰਾਈਲ ਨੇ ਵੀ ਗਾਜ਼ਾ ਉੱਤੇ ਹਵਾਈ ਅਤੇ ਤੋਪਖਾਨੇ ਦੇ ਹਮਲੇ ਕੀਤੇ, ਜਿਸ ਵਿੱਚ ਹਜ਼ਾਰਾਂ ਤੋਂ ਵੱਧ ਗਾਜ਼ਾ ਦੇ ਲੋਕ ਮਾਰ ਦਿੱਤੇ ਗਏ। ਇਸਦੇ ਨਾਲ ਹੀ ਇਜ਼ਰਾਈਲੀ ਫੌਜ ਜ਼ਮੀਨੀ ਪੱਧਰ ’ਤੇ ਕਾਰਵਾਈ ਕਰ ਰਹੀ ਸੀ। ਹਮਾਸ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਸਹੁੰ ਖਾਧੀ ਕਿ ਉਹ ਇਸ ਯੁੱਧ ਵਿੱਚ ਹਮਾਸ ਨੂੰ ਹਰਾ ਕੇ ਮੱਧ ਪੂਰਬ ਦਾ ਨਕਸ਼ਾ ਹੀ ਬਦਲ ਦੇਣਗੇ। ਫਿਰ ਇਜ਼ਰਾਈਲ ਨੇ ਕੁਝ ਨਹੀਂ ਦੇਖਿਆ, ਭਾਵੇਂ ਬੱਚੇ ਹੋਣ, ਬਜ਼ੁਰਗ ਹੋਣ, ਭਾਵੇਂ ਹਸਪਤਾਲਾਂ ਵਿੱਚ ਕੰਮ ਕਰਦੇ ਡਾਕਟਰ, ਨਰਸਾਂ, ਐਂਬੂਲੈਂਸ ਡਰਾਈਵਰਾਂ ਤੇ ਪੈਰਾਮੈਡੀਕਲ ਸਟਾਫ ਹੋਵੇ, ਸਾਰੇ ਗਾਜ਼ਾ ਇਲਾਕੇ ਦੇ ਹਸਪਤਾਲ ਬੰਬਾਂ ਨਾਲ ਤੋੜ ਦਿੱਤੇ। ਹਜ਼ਾਰਾਂ ਦੇ ਹਿਸਾਬ ਨਾਲ ਡਾਕਟਰ ਅਤੇ ਹਸਪਤਾਲਾਂ ਦਾ ਅਮਲੇ ਨੂੰ ਜਖ਼ਮੀ ਕਰ ਛੱਡਿਆ ਡਾਕਟਰਾਂ ਦੇ ਨਾਲ-ਨਾਲ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਕਤਲ ਕੀਤਾ। ਉਨ੍ਹਾਂ ਦੀ ਗਿਣਤੀ ਵੀ ਹਜ਼ਾਰਾਂ ਵਿੱਚ ਹੋਵੇਗੀ। ਭੜਕੇ ਹੋਏ ਇਜ਼ਰਾਈਲ ਨੇ ਆਮ ਲੋਕਾਂ ਦੇ ਘਰਾਂ ’ਤੇ ਬੰਬ ਸੁੱਟੇ, ਜਿਨ੍ਹਾਂ ਨਾਲ ਲੱਖਾਂ ਲੋਕਾਂ ਦੀ ਜਾਨ ਗਈ।
ਗਾਜ਼ਾ ਪੱਟੀ ਬਰਬਾਦ ਹੋ ਗਈ ਹੈ ਪਰ ਕੋਈ ਭਾਈ ਯਨਈਆ ਵਾਂਗ ਪਾਣੀ ਪਿਲਾਉਣ ਵਾਲਾ ਨਹੀਂ। ਇਸ ਲਈ ਅਪੀਲ ਹੈ ਦੁਨੀਆਂ ਭਰ ਦੇ ਅਮਨ ਪਸੰਦ ਸ਼ਹਿਰੀਆਂ ਨੂੰ, ਜੇ ਉਹ ਘਰ ਦੀਆਂ ਦਹਿਲੀਜ਼ਾਂ ਤੋਂ ਬਾਹਰ ਆ ਕੇ ਜੰਗ ਦੇ ਖਿਲਾਫ ਮਾਹੌਲ ਬਣਾਉਣ ਤਾਂ ਸ਼ਾਇਦ ਗਾਜ਼ਾ ਪੱਟੀ ਅਤੇ ਇਸ ਵਰਗੀਆਂ ਹੋਰ ਥਾਵਾਂ ’ਤੇ ਸ਼ਾਂਤੀ ਪਰਤ ਆਵੇ। ਪਰ ਜੇ ਅਮਨ ਪਸੰਦ ਸ਼ਹਿਰੀ ਘਰਾਂ ਵਿੱਚ ਵੜੇ ਰਹੇ ਤਾਂ ਬੰਬਾਂ ਦਾ ਮੀਂਹ ਦੁਨੀਆਂ ਦੇ ਹੋਰ ਕਈ ਦੇਸ਼ਾਂ ਵਿੱਚ ਵੀ ਫੈਲ ਸਕਦਾ ਹੈ। ਇਹ ਸਾਡੇ-ਤੁਹਾਡੇ ਘਰ ਦੇ ਵਿਹੜੇ ਵਿੱਚ ਵੀ ਆ ਸਕਦਾ ਹੈ। ਅਸੀਂ ਅਫਸੋਸਨਾਕ ਚੁੱਪ ਕਿਉਂ ਧਾਰੀ ਹੋਈ ਹੈ? ਦੁਨੀਆ ਬਹੁਤ ਭਿਆਨਕ ਸਮੇਂ ਵਿੱਚੋਂ ਗੁਜ਼ਰ ਰਹੀ ਹੈ। ਜਾਗੋ ਲੋਕੋ, ਜਾਗੋ!
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (