“ਭਾਰਤ ਦੇ ਸੰਸਦੀ ਅਖਾੜੇ ਵਿੱਚ ਅੱਡੀਆਂ ਚੁੱਕ ਦੋ-ਦੋ ਘੰਟੇ ਵਿਰੋਧੀਆਂ ਨੂੰ ਪਾਣੀ ਪੀ ਪੀ ਕੇ ਕੋਸਣ ਵਾਲਾ ...”
(4 ਅਗਸਤ 2025)
ਭਾਰਤ ਦੀ ਰਾਜਨੀਤੀ ਵਾਰੇ ਮਾੜੀ ਮੋਟੀ ਵੀ ਖੋਜ-ਖਬਰ ਜਾਂ ਦਿਲਚਸਪੀ ਰੱਖਣ ਵਾਲੇ ਅਤੇ ਦੇਸ਼ ਦੇ ਭਵਿੱਖ ਲਈ ਚਿੰਤਾਵਾਨ ਲੋਕਾਂ ਨੂੰ ਤਾਂ ਇਹ ਭਲੀਭਾਂਤ ਯਾਦ ਹੀ ਹੋਵੇਗਾ ਕਿ 2014 ਦੀਆਂ ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਕੌਮੀ ਪੱਧਰੀ ਸਿਆਸੀ ਮੰਚ ਤੇ ਇੱਕ ਗੁਜਰਾਤੀ ਭਲਵਾਨ ਆਪਣੇ ਸਿਆਸੀ ਗੁਰੂਆਂ ਨੂੰ ਠਿੱਬੀ ਮਾਰ ਕੇ ਮੈਦਾਨ ਵਿੱਚ ਕੁੱਦਿਆ ਸੀ ਅਤੇ ਸਿਆਸੀ ਅਖਾੜੇ ਵਿੱਚ ਅੱਡੀਆਂ ਚੁੱਕ-ਚੁੱਕ ਕੇ ਦਹਾੜ ਰਿਹਾ ਸੀ ਕਿ ਪੂਰੇ ਮੁਲਕ ਵਿੱਚ ਅਜਿਹਾ ਕੋਈ ਮਾਈ ਦਾ ਲਾਲ ਹੈ ਹੀ ਨਹੀਂ ਜੋ ਮੇਰੀ 56 ਇੰਚ ਸ਼ਾਂਤੀ ਅੱਗੇ ਖੜ੍ਹ ਸਕੇ, ਸਵਿੱਸ ਦੀਆਂ ਬੈਂਕਾਂ ਵਿੱਚੋਂ ਕਾਲਾ ਧਨ ਲਿਆ ਕੇ ਲੋਕਾਂ ਨੂੰ 15-15 ਲੱਖ ਵੰਡ ਦੇਵੇ, ਹਰ ਸਾਲ ਢਾਈ ਲੱਖ ਨੌਕਰੀਆਂ ਦੇ ਸਕੇ, ਨਾ ਰੁਪਏ ਦੀ ਕੀਮਤ ਡਿਗਣੋ ਰੋਕ ਸਕੇ, ਨਾ ਮਹਿੰਗਾਈ ਡੈਣ ਨੂੰ ਨੱਥ ਪਾ ਸਕੇ, ਚੀਨ-ਪਾਕਿਸਤਾਨ ਨੂੰ ਲਾਲ-ਲਾਲ ਅੱਖਾਂ ਦਿਖਾ ਸਕੇ, ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਵੇ ਅਤੇ ਦੇਸ਼ ਵਾਸੀਆਂ ਲਈ ਚੰਗੇ ਦਿਨ ਲਿਆ ਸਕੇ, ਵਗੈਰਾ, ਵਗੈਰਾ। ਅਖੇ ਮੈਨੂੰ ਸਿਰਫ 60 ਮਹੀਨੇ ਦੇ ਦਿਓ, ਦੇਸ਼ ਦੀ ਕਾਇਆ ਕਲਪ ਕਰ ਦਿਆਂਗਾ।
ਮਿੱਤਰੋ ਅਜਿਹੇ ਸੁਪਨੇ ਦੇਖਦਿਆਂ ਨੂੰ ਲਗਭਗ 11 ਵਰ੍ਹੇ ਹੋ ਗਏ ਹਨ। ਹੁਣ ਤਾਂ ਉਹ ਗਰਜਣ ਵਾਲਾ ਗੁਜਰਾਤੀ ਸ਼ੇਰ ਵੀ ਬੁੱਢਾ ਹੋ ਗਿਆ ਹੈ ਅਤੇ ਉਸਦੀ ਫੋਕੀ ਦਹਾੜ ਦੀ ਹਵਾ ਵੀ ਪੂਰੀ ਤਰ੍ਹਾਂ ਨਿਕਲ ਚੁੱਕੀ ਹੈ ਅਤੇ ਹੁਣ ਤਾਂ ਉਸ ਸ਼ੇਰ ਨੂੰ ਪਾਲਣ ਵਾਲੇ “ਨਾਗਪੁਰੀਏ” ਵੀ ਅੱਕ ਗਏ ਹਨ। ਪਰ ਜਿਵੇਂ ਕਿਹਾ ਜਾਂਦਾ ਹੈ ਕਿ “ਢੀਠਪੁਣੇ ਦੀ ਕੋਈ ਹੱਦ ਨਹੀਂ ਹੁੰਦੀ” ਇਸ ਅਖਾਣ ਨੂੰ ਉਸ ਅਖੌਤੀ ਭਲਵਾਨ ਨੇ ਸੌ ਵੀਸਦੀ ਸੱਚ ਕਰ ਵਿਖਾਇਆ ਹੈ। ਜਿਹੜੇ ਕੁਝ ਅੰਨ੍ਹੇ ਭਗਤ ਇਸ ਡਰਪੋਕ ਅਤੇ ਨਿਕੰਮੇ ਭਲਵਾਨ ਪਿੱਛੇ ਤਾੜੀਆਂ ਮਾਰ ਕੇ ਖੁਸ਼ ਹੋ ਰਹੇ ਸਨ, ਅੱਜ ਦੇਸ਼ ਦੀ ਮਾੜੀ ਹਾਲਤ ਦੇਖ ਕੇ ਆਪਣੇ ਹੀ ਉਨ੍ਹਾਂ ਹੱਥਾਂ ਉੱਤੇ ਦੰਦੀਆਂ ਵੱਢਣ ਲਈ ਮਜਬੂਰ ਹੋ ਰਹੇ ਹਨ ਕਿਉਂਕਿ ਉਨ੍ਹਾਂ ਦਾ ਕਾਗ਼ਜ਼ੀ ਭਲਵਾਨ ਹਰ ਮੈਦਾਨ ਵਿੱਚ ਗੋਡੇ ਟੇਕ ਕੇ ਆਪਣੀ ਜਾਨ ਛਡਾਉਂਦਾ ਹੋਇਆ ਹਰੇਕ ਮੰਚ ’ਤੇ ਬੁਰੀ ਤਰ੍ਹਾਂ ਫੇਲ ਸਾਬਤ ਹੋ ਰਿਹਾ ਹੈ; ਚਾਹੇ ਉਹ ਦੇਸ਼ ਅੰਦਰ ਗਰੀਬੀ, ਭੁੱਖਮਰੀ, ਮਹਿੰਗਾਈ, ਬੇਰੁਜ਼ਗਾਰੀ, ਵਿਕਾਸ ਦਰ, ਨੋਟਬੰਦੀ, ਕੋਵਿਡ ਦੌਰ, ਅੱਤਵਾਦੀ ਹਮਲੇ, ਫਿਰਕੂ ਦੰਗੇ ਆਦਿ ਮਸਲੇ ਹੋਣ ਜਾਂ ਫਿਰ ਅੰਤਰਰਾਸ਼ਟਰੀ ਪੱਧਰ ’ਤੇ ਵਿਦੇਸ਼ ਨੀਤੀ ਹੋਵੇ; ਹਰ ਪਾਸੇ ਸਾਡੇ ਮਹਾਨ ਭਾਰਤ ਦੀ ਕਿਰਕਿਰੀ ਕਰਾ ਕੇ ਖੁਦ ਮਸਤੀ ਵਿੱਚ ਝੂਮ ਰਿਹਾ ਹੈ ਅਤੇ ਕਿਸੇ ਢੀਠ ਬੇਸ਼ਰਮ ਦੀ ਤਰ੍ਹਾਂ ਖੁਦ ਨੂੰ “ਵਿਸ਼ਵ ਗੁਰੂ” ਆਖ ਰਿਹਾ ਹੈ।
ਪਿਆਰੇ ਮਿੱਤਰੋ, ਜ਼ਰਾ ਸੋਚ ਕੇ ਦੱਸਿਓ, ਜਿਸਦੇ ਰਾਜ ਦੌਰਾਨ ਕਾਲਾ ਧਨ ਹੋਰ ਵਧ ਰਿਹਾ ਹੋਵੇ, ਮਹਿੰਗਾਈ, ਬੇਰੁਜ਼ਗਾਰੀ ਦੀਆਂ ਬਰੇਕਾਂ ਫੇਲ ਹੋਣ, ਵਿਕਾਸ ਦੇ ਪੁਲ ਉਦਘਾਟਨ ਤੋਂ ਪਹਿਲਾਂ ਹੀ ਡਿਗ ਰਹੇ ਹੋਣ, ਕਿਸਾਨਾਂ ਦੀ ਆਮਦਨ ਦੀ ਥਾਂ ਪਟ੍ਰੌਲ-ਡੀਜ਼ਲ ਦੇ ਭਾਅ ਦੁੱਗਣੇ ਹੋ ਜਾਣ ਤੇ ਮੁਲਕ ਸਿਰ ਕਰਜ਼ੇ ਦੀ ਪੰਡ ਚੌਗੁਣੀ ਭਾਰੀ ਹੋ ਜਾਵੇ, ਪਬਲਿਕ ਸੈਕਟਰ ਦੀ ਤਬਾਹੀ (ਜਿਵੇਂ ਕਿ ਅਡਾਨੀ ਨੂੰ ਖੁਸ਼ ਕਰਨ ਲਈ ਹਵਾਈ ਅੱਡੇ ਅਤੇ ਰੇਲਾਂ ਦੇਣਾ, ਅੰਬਾਨੀ ਦਾ ਜੀਓ ਚਲਾਉਣ ਲਈ ਮੁਨਾਫਾ ਦੇ ਰਹੇ ਸਰਕਾਰੀ “ਬੀ ਐੱਸ ਐੱਨ ਐਲ” ਨੂੰ ਤਬਾਹ ਕਰਨਾ, ਜਿਸ ਵਿੱਚ 1756 ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆ ਰਿਹਾ ਹੈ, ਇਸ ਭਲਵਾਨ ਨੂੰ ਦੁਨੀਆ ਘੁੰਮਣ ਲਈ ਅਰਬਾਂ ਰੁਪਏ ਚਾਹੀਦੇ ਹਨ, ਗੁਆਂਢੀ ਮੁਲਕ, ਜੋ ਮਿੱਤਰ ਸਨ, ਉਹ ਵੀ ਦੁਸ਼ਮਣਾਂ ਦੇ ਨੇੜੇ ਹੁੰਦੇ ਜਾ ਰਹੇ ਹਨ। ਦੂਜੇ ਪਾਸੇ ਦੁਨੀਆ ਦਾ ਸਭ ਤੋਂ ਵੱਡਾ ਸਾਮਰਜੀ ਭਲਵਾਨ “ਡੌਨਲਡ ਟਰੰਪ” ਜਿਸ ਨੂੰ ਸਾਡੇ ਵਾਲਾ ਬੇਹੱਦ ਗੂੜ੍ਹਾ ਮਿੱਤਰ ਕਹਿੰਦਾ ਨਹੀਂ ਸੀ ਥੱਕਦਾ ਅਤੇ ਉਸਦੀ ਚਾਪਲੂਸੀ ਕਰਦਿਆਂ “ਅੱਬ ਕੀ ਬਾਰ ਟਰੰਪ ਸਰਕਾਰ” ਅਤੇ “ਨਮਸਤੇ ਟਰੰਪ” ਅਲਾਪ ਰਿਹਾ ਸੀ, ਉਸਨੇ ਵੀ ਆਪਣਾ ਮਤਲਬ ਕੱਢਕੇ ਪਿੱਛੋਂ ਲੱਤ ਮਾਰ ਦਿੱਤੀ ਹੈ ਅਤੇ ਹੁਣ ਵਾਰ ਵਾਰ ਇਸ ਨੂੰ ਬੇਇੱਜ਼ਤ ਕਰ ਰਿਹਾ ਹੈ। ਇਹ ਇੱਧਰ ਪਾਕਿਸਤਾਨ ’ਤੇ ਝੂਠੀ ਫਤਹਿ ਪਾਉਣ ਦੀ ਖੁਸ਼ੀ ਵਿੱਚ ਘਰ-ਘਰ ਸਧੂੰਰ ਵੰਡ ਰਿਹਾ ਹੈ ਤੇ ਉੱਧਰ ਟਰੰਪ 29 ਵਾਰ ਕਹਿ ਚੁੱਕਾ ਕਿ ਮੇਰੇ ਇੱਕ ਦੱਬਕੇ ਨਾਲ ਹੀ “ਭਾਰਤ-ਪਾਕਿਸਤਾਨ ਦੀ ਲੜਾਈ ਰੁਕ ਗਈ।” ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਸਾਡਾ 56” ਸੀਨੇ ਵਾਲਾ ਵਿਸ਼ਵ ਗੁਰੂ ਉਸਦੇ ਸਾਹਮਣੇ ਮੌਨ ਖੜ੍ਹਾ ਦਿਖਾਈ ਦੇ ਰਿਹਾ ਹੈ ਅਤੇ ਉਹ ਇਸ ਡਰਪੋਕ ਭਲਵਾਨ ਨੂੰ ਹੋਰ ਦਬਾਉਂਦੇ ਹੋਏ ਸਾਡੇ ਮੁਲਕ ’ਤੇ 25 ਫੀਸਦੀ ਟੈਰਿਫ ਅਤੇ ਰੂਸ ਤੋਂ ਤੇਲ ਅਤੇ ਸੈਨਿਕ ਸਮਾਨ ਹਥਿਆਰ ਆਦਿ ਖਰੀਦਣ ਬਦਲੇ ਭਾਰੀ ਜੁਰਮਾਨਾ ਦੇਣ ਦਾ ਸ਼ਾਹੀ ਫਰਮਾਨ ਠੋਕ ਰਿਹਾ ਹੈ ਅਤੇ ਸਾਡਾ “ਅਖੌਤੀ ਵਿਸ਼ਵ ਗੁਰੂ” ਅਜੇ ਵੀ ਚੁੱਪ ਹੈ। ਇਸਦਾ ਡਰਪੋਕਪੁਣਾ ਅਤੇ ਕਾਇਰਤਾ ਭਰਪੂਰ ਘਿਨਾਉਣੀ ਚੁੱਪ ਦੇਸ਼ ਨੂੰ ਹੋਰ ਕਿੰਨਾ ਕੁ ਨਿਘਾਰ ਵੱਲ ਲੈ ਜਾਵੇਗੀ, ਅੰਦਾਜ਼ਾ ਲਾਉਣਾ ਵੀ ਮੁਸ਼ਕਿਲ ਹੈ।
ਭਾਰਤ ਦੇ ਸੰਸਦੀ ਅਖਾੜੇ ਵਿੱਚ ਅੱਡੀਆਂ ਚੁੱਕ ਦੋ-ਦੋ ਘੰਟੇ ਵਿਰੋਧੀਆਂ ਨੂੰ ਪਾਣੀ ਪੀ ਪੀ ਕੇ ਕੋਸਣ ਵਾਲਾ, ਆਪਣੀਆਂ ਨਾਕਾਮੀਆਂ ਦਾ ਭਾਂਡਾ ਨਹਿਰੂ ਅਤੇ ਉਸਦੇ ਖਾਨਦਾਨ ਸਿਰ ਭੰਨ ਕੇ ਖੁਦ ਨੂੰ ਦੁੱਧ ਧੋਤਾ ਸਾਬਤ ਕਰਨ ਵਾਲਾ ਵਿਦੇਸ਼ੀ ਬਘਿਆੜਾਂ ਮੋਹਰੇ ਸਿਰ ਝੁਕਾਈ ਖੜ੍ਹਾ ਨਜ਼ਰ ਆਵੇ ਅਤੇ ਘਰ ਅੰਦਰ ਕਿਸੇ ਦੀ ਵੀ ਪੇਸ਼ ਨਾ ਜਾਣ ਦੇਵੇ ਤਾਂ ਤੁਸੀਂ ਉਸ ਨੂੰ ਕਿੱਡਾ ਕੁ ਬਹਾਦਰ ਜਾਂ ਸ਼ਕਤੀਮਾਨ ਕਹੋਗੇ? ਬਾਕੀ ਜੇਕਰ ਅਜੇ ਵੀ ਕੁਝ ਲੋਕ ਭਰਮ ਵਿੱਚ ਹੀ ਜੀਅ ਰਹੇ ਹਨ, ਇਸ ਤੋਂ ਕੁਝ ਚੰਗੇ ਦੀ ਆਸ ਲਾਈ ਬੈਠੇ ਹਨ ਤਾਂ ਉਨ੍ਹਾਂ ਨੂੰ ਸਿਵਾਏ ਪਛਤਾਵੇ ਤੋਂ ਕੁਝ ਪੱਲੇ ਨਹੀਂ ਪੈਣਾ। ਜਿੰਨੀ ਜਲਦੀ ਜਾਗੋਗੇ, ਉੱਨੀ ਜਲਦੀ ਹੀ ਸਵੇਰਾ ਨਜ਼ਰ ਆਵੇਗਾ। ਉਂਝ ਵੀ ਆਪਣੇ ਬੱਚਿਆਂ ਦੇ ਭਵਿੱਖ ਨੂੰ ਉਜਾੜੇ ਤੋਂ ਬਚਾਉਣ ਲਈ ਆਖਰ ਜਾਗਣਾ ਤਾਂ ਪਵੇਗਾ ਹੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (