“ਉਸ ਦਿਨ ਦੁਨੀਆਂ ਦੇ ਸਾਰੇ ਦੇਸ਼ਾਂ ਦੀਆਂ ਵੱਡੀਆਂ ਅਖ਼ਬਾਰਾਂ ਵਿੱਚ ਇਸ ਘਟਨਾ ਸਬੰਧੀ ...”
(30 ਜੁਲਾਈ 2025)
ਸ਼ਹੀਦ ਊਧਮ ਸਿੰਘ
ਸ਼ਹੀਦ ਊਧਮ ਸਿੰਘ ਸੁਨਾਮ ਦਾ ਜਨਮ 26 ਦਸੰਬਰ 1899 ਨੂੰ ਜ਼ਿਲ੍ਹਾ ਸੰਗਰੂਰ ਦੇ ਕਸਬਾ ਸੁਨਾਮ ਵਿਖੇ ਪਿਤਾ ਟਹਿਲ ਸਿੰਘ ਤੇ ਮਾਤਾ ਹਰਨਾਮ ਕੌਰ ਦੇ ਗ੍ਰਹਿ ਵਿਖੇ ਹੋਇਆ। ਉਨ੍ਹਾਂ ਦਾ ਬਚਪਨ ਦਾ ਨਾਂ ਸ਼ੇਰ ਸਿੰਘ ਸੀ। ਛੋਟੀ ਉਮਰ ਵਿੱਚ ਹੀ ਉਨ੍ਹਾਂ ਦੀ ਮਾਤਾ ਦਾ ਦਿਹਾਂਤ ਹੋ ਗਿਆ ਤੇ ਫੇਰ ਥੋੜ੍ਹੇ ਅਰਸੇ ਬਾਅਦ ਤਕਰੀਬਨ 1907 ਵਿੱਚ ਉਨ੍ਹਾਂ ਦੇ ਪਿਤਾ ਜੀ ਵੀ ਅਕਾਲ ਚਲਾਣਾ ਕਰ ਗਏ ਜਿਸ ਕਰਕੇ ਊਧਮ ਸਿੰਘ ਨੂੰ ਸੈਂਟਰਲ ਖਾਲਸਾ ਯਤੀਮਖਾਨਾ ਅੰਮ੍ਰਿਤਸਰ ਸਾਹਿਬ ਵਿੱਚ ਦਾਖਲ ਕਰਵਾ ਦਿੱਤਾ।
ਇਸੇ ਦੌਰਾਨ 13 ਅਪ੍ਰੈਲ 1919 ਨੂੰ ਜਲ੍ਹਿਆਂਵਾਲੇ ਬਾਗ਼ ਦੇ ਵਾਪਰੇ ਦਰਦਨਾਕ ਸਾਕੇ, ਜਿਸ ਵਿੱਚ ਪੰਜਾਬ ਦੇ ਗੋਰੇ ਲੈਫਟੀਨੈਂਟ ਗਵਰਨਰ ਸਰ ਮਾਈਕਲ ਉਡਵਾਇਰ ਦੇ ਹੁਕਮ ’ਤੇ ਐਡਵਰਡ ਹੈਰੀ ਡਾਇਰ ਨੇ ਗੋਲੀ ਚਲਾ ਦਿੱਤੀ, ਜਿਸ ਵਿੱਚ ਅਨੇਕਾਂ ਨਿਰਦੋਸ਼ ਲੋਕ, ਨੌਜਵਾਨ ਔਰਤਾਂ ਅਤੇ ਬੱਚੇ ਮਾਰੇ ਗਏ। ਇਹ ਇੱਕ ਅੰਨ੍ਹੇਵਾਹ ਕੀਤਾ ਗਿਆ ਕਤਲੇਆਮ ਸੀ।
ਇਸ ਦਰਦਨਾਕ ਕਤਲੇਆਮ ਵਿੱਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਚੁੱਕਣ a ਤੇ ਜ਼ਖ਼ਮੀਆਂ ਦੀ ਸੰਭਾਲ ਕਰਨ ਲਈ ਯਤੀਮਖਾਨੇ ਦੇ ਬੱਚਿਆਂ ਦੀ ਡਿਊਟੀ ਲਗਾਈ ਗਈ ਜਿਨ੍ਹਾਂ ਵਿੱਚ ਊਧਮ ਸਿੰਘ ਵੀ ਸ਼ਾਮਲ ਸੀ। ਉਹ ਉੱਥੇ ਹੋਏ ਇਸ ਦਰਦਨਾਕ ਕਤਲੇਆਮ ਨੂੰ ਦੇਖ ਕੇ ਰੋਹ ਵਿੱਚ ਆ ਗਿਆ ਤੇ ਉਸਨੇ ਉੱਥੇ ਸ਼ਹੀਦ ਹੋਏ ਸ਼ਹੀਦਾਂ ਦੇ ਖੂਨ ਨਾਲ ਰੰਗੀ ਮਿੱਟੀ ਚੁੱਕ ਕੇ ਇਸ ਕਤਲੇਆਮ ਦਾ ਬਦਲਾ ਲੈਣ ਦੀ ਕਸਮ ਖਾਧੀ।
ਇਤਿਹਾਸ ਮੁਤਾਬਕ 1920 ਵਿੱਚ ਐਡਵਰਡ ਹੈਰੀ ਡਾਇਰ ਨੂੰ ਬਰਖ਼ਾਸਤ ਕਰਕੇ ਇੰਗਲੈਂਡ ਵਾਪਸ ਭੇਜ ਦਿੱਤਾ ਗਿਆ ਤੇ ਉਹ 23 ਜੁਲਾਈ 1927 ਨੂੰ ਅਧਰੰਗ ਦੀ ਬੀਮਾਰੀ ਨਾਲ ਪੀੜਤ ਹੋ ਕੇ ਮਰ ਗਿਆ।
ਓਧਰ ਸਰ ਮਾਈਕਲ ਉਡਵਾਇਰ ਵੀ ਵਾਪਸ ਇੰਗਲੈਂਡ ਜਾ ਚੁੱਕਾ ਸੀ ਤੇ ਇੱਧਰ ਊਧਮ ਸਿੰਘ ਵੀ ਜਲ੍ਹਿਆਂਵਾਲੇ ਬਾਗ ਦਾ ਬਦਲਾ ਲੈਣ ਲਈ ਉਸ ਦੀ ਭਾਲ਼ ਵਿੱਚ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਓਡਵਾਇਰ ਇੰਗਲੈਂਡ ਵਿੱਚ ਹੈ ਤਾਂ ਸਰਦਾਰ ਊਧਮ ਸਿੰਘ 1933 ਵਿੱਚ ਰਾਮ ਮੁਹੰਮਦ ਸਿੰਘ ਆਜ਼ਾਦ ਦੇ ਨਾਂ ਹੇਠ ਪਾਸਪੋਰਟ ਬਣਵਾ ਕੇ ਲੰਡਨ ਪਹੁੰਚ ਗਿਆ ਤੇ ਉੱਥੇ ਜਾ ਕੇ ਉਸ ਨੇ ਇੱਕ ਨੋਟਿਸ ਪੜ੍ਹਿਆ, ਜਿਸ ਵਿੱਚ ਦੱਸਿਆ ਗਿਆ ਸੀ ਕਿ 13 ਮਾਰਚ 1940, ਲੰਡਨ ਦੇ ਕੈਕਸਟਨ ਹਾਲ ਵਿੱਚ ਗੋਰਿਆਂ ਦੀ ਇੱਕ ਮੀਟਿੰਗ ਹੋ ਰਹੀ ਹੈ, ਜਿਸ ਵਿੱਚ ਓਡਵਾਇਰ ਵੀ ਪਹੁੰਚ ਰਿਹਾ ਹੈ। ਊਧਮ ਸਿੰਘ ਵੀ ਆਪਣੀ ਪੂਰੀ ਵਿਉਂਤਬੰਦੀ ਕਰਨ ਲੱਗ ਪਿਆ ਤੇ ਤਿਆਰੀ ਕਰਕੇ ਓਸ ਦਿਨ ਕਿਤਾਬ ਵਿੱਚ ਪਸਤੌਲ ਲੁਕੋ ਕੇ ਕੈਕਸਟਨ ਹਾਲ ਵਿੱਚ ਦਾਖਲ ਹੋਣ ਵਿੱਚ ਸਫ਼ਲ ਹੋ ਗਿਆ।
ਇਸ ਮੀਟਿੰਗ ਦੌਰਾਨ ਦੂਜੇ ਬੁਲਾਰਿਆਂ ਦੇ ਬੋਲਣ ਤੋਂ ਬਾਅਦ ਜਦੋਂ ਉਡਵਾਇਰ ਨੇ ਭਾਸ਼ਣ ਦੇਣਾ ਸ਼ੁਰੂ ਕੀਤਾ ਕਿ ਕਿਵੇਂ ਉਸ ਨੇ ਨਿਰਦੋਸ਼ ਲੋਕਾਂ ਨੂੰ ਜਲ੍ਹਿਆਂਵਾਲੇ ਬਾਗ਼ ਵਿੱਚ ਮੌਤ ਦੇ ਘਾਟ ਉਤਾਰਿਆ ਤਾਂ ਸਰਦਾਰ ਊਧਮ ਸਿੰਘ ਨੇ ਅੱਗੇ ਵਧ ਕੇ ਬਿਲਕੁਲ ਨੇੜੇ ਜਾ ਕੇ ਸਰ ਮਾਈਕਲ ਉਡਵਾਇਰ ਦੀ ਛਾਤੀ ਵਿੱਚ ਗੋਲ਼ੀਆਂ ਮਾਰੀਆਂ, ਜਿਸ ਨਾਲ ਉਹ ਮੌਕੇ ਉੱਤੇ ਹੀ ਢੇਰੀ ਹੋ ਗਿਆ ਤੇ ਦਮ ਤੋੜ ਗਿਆ। ਕੈਕਸਟਨ ਹਾਲ ਵਿੱਚ ਹਾਹਾਕਾਰ ਮੱਚ ਗਈ ਤੇ ਗੋਰਿਆਂ ਨੂੰ ਭਾਜੜਾਂ ਪੈ ਗਈਆਂ।
ਇਸ ਤਰ੍ਹਾਂ ਸਰਦਾਰ ਊਧਮ ਸਿੰਘ ਨੇ ਜਲ੍ਹਿਆਂਵਾਲੇ ਬਾਗ਼ ਦਾ ਤਕਰੀਬਨ 21 ਸਾਲਾਂ ਬਾਅਦ ਬਦਲਾ ਲੈ ਲਿਆ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉਸ ਦਿਨ ਦੁਨੀਆਂ ਦੇ ਸਾਰੇ ਦੇਸ਼ਾਂ ਦੀਆਂ ਵੱਡੀਆਂ ਅਖ਼ਬਾਰਾਂ ਵਿੱਚ ਇਸ ਘਟਨਾ ਸਬੰਧੀ ਖ਼ਬਰਾਂ ਛਪੀਆਂ। ਬਹੁਤੀਆਂ ਅਖ਼ਬਾਰਾਂ ਨੇ ਲਿਖਿਆ ਕਿ ਸਿੱਖ ਕੌਮ ਆਪਣੇ ਲੋਕਾਂ ’ਤੇ ਹੋਏ ਅੱਤਿਆਚਾਰ ਦਾ ਬਦਲਾ ਲੈਣਾ ਕਦੇ ਨਹੀਂ ਭੁੱਲਦੀ ਤੇ ਅੱਜ ਲੰਮੇ ਅਰਸੇ ਬਾਅਦ ਨਿਰਦੋਸ਼ ਲੋਕਾਂ ਦੇ ਹੋਏ ਕਤਲੇਆਮ ਦਾ ਬਦਲਾ ਲੈ ਲਿਆ ਹੈ।
ਪੁਲਿਸ ਨੇ ਊਧਮ ਸਿੰਘ ’ਤੇ ਮੁਕੱਦਮਾ ਦਰਜ ਕਰਕੇ ਪੈਟਿਨਵਿਲ ਜੇਲ੍ਹ ਭੇਜ ਦਿੱਤਾ।
ਕੇਸ ਦੀ ਸੁਣਵਾਈ ਦੌਰਾਨ ਊਧਮ ਸਿੰਘ ਨੂੰ ਪੁੱਛਿਆ ਗਿਆ ਕਿ ਤੂੰ ਓਡਵਾਇਰ ਨੂੰ ਕਿਓਂ ਮਾਰਿਆ ਹੈ ਤਾਂ ਊਧਮ ਸਿੰਘ ਨੇ ਜਵਾਬ ਦਿੱਤਾ ਕਿ ਇਹ ਨਿਰਦੋਸ਼ ਲੋਕਾਂ ਦਾ ਕਾਤਲ ਸੀ ਤੇ ਇਹ ਇਸੇ ਸਜ਼ਾ ਦਾ ਹੱਕਦਾਰ ਸੀ।
ਫੈਸਲਾ ਦਿੰਦੇ ਹੋਏ ਗੋਰੇ ਜੱਜ ਨੇ ਸਰਦਾਰ ਊਧਮ ਸਿੰਘ ਨੂੰ ਫਾਂਸੀ ਦੀ ਸਜ਼ਾ ਸੁਣਾਈ ਤੇ ਅਖੀਰ ਸਰਦਾਰ ਊਧਮ ਸਿੰਘ ਨੂੰ 31 ਜੁਲਾਈ 1940 ਨੂੰ ਪੈਟਿਨਵਿਲ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਤੇ ਉਸ ਦੀ ਦੇਹ ਨੂੰ ਜੇਲ੍ਹ ਦੇ ਅੰਦਰ ਹੀ ਦਫ਼ਨਾ ਦਿੱਤਾ ਗਿਆ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (