“ਸ਼ਰਾਬ ਦਾ ਸਭ ਤੋਂ ਭੈੜਾ ਪ੍ਰਭਾਵ ਮਨੁੱਖ ਉੱਪਰ ਤਾਂ ਪੈਂਦਾ ਹੀ ਹੈ, ਸਗੋਂ ਇਹ ਸਮੁੱਚੇ ਸਮਾਜ ਲਈ ਵੀ ...”
(30 ਜੁਲਾਈ 2025)
ਪੂੰਜੀਵਾਦੀ ਸਰਕਾਰਾਂ ਦਾ ਮੁੱਖ ਮੰਤਵ ਵੱਧ ਤੋਂ ਵੱਧ ਰੈਵਿਨਿਊ ਇਕੱਤਰ ਕਰਨਾ ਹੁੰਦਾ ਹੈ, ਜਿਹੜਾ ਸ਼ਰਾਬ ਦੀ ਵਿਕਰੀ ਤੋਂ ਪੈਦਾ ਕੀਤਾ ਜਾਂਦਾ ਹੈ। ਸਰਕਾਰਾਂ ਮਨੁੱਖ ਦੀ ਸਿਹਤ ਦੀ ਕੋਈ ਪ੍ਰਵਾਹ ਕਰੇ ਬਿਨਾਂ ਸ਼ਰਾਬ ਦੇ ਕਾਰੋਬਾਰ ਨੂੰ ਬੜ੍ਹਾਵਾ ਦਿੰਦੀਆਂ ਹਨ। ਸ਼ਰਾਬ ਉਦਯੋਗ ਟੈਕਸਾਂ ਰਾਹੀਂ ਸਰਕਾਰਾਂ ਲਈ ਮਾਲੀਏ ਦਾ ਇੱਕ ਵੱਡਾ ਸਰੋਤ ਹੈ ਅਤੇ ਰੁਜ਼ਗਾਰ ਦਾ ਵੀ ਇੱਕ ਸਾਧਨ ਬਣਦਾ ਹੈ। ਸ਼ਰਾਬ ਦੀ ਵਿਕਰੀ ਤੋਂ ਹੋਣ ਵਾਲਾ ਮਾਲੀਆ ਰਾਜਾਂ ਦੀ ਕੁੱਲ ਆਮਦਨ ਦਾ ਲਗਭਗ ਇੱਕ ਚੌਥਾਈ ਹਿੱਸਾ ਬਣਦਾ ਹੈ।
ਵੱਡੇ ਕਾਰੋਬਾਰੀਆਂ ਦੀ ਮੁੱਖ ਲੋੜ ਅਤੇ ਪ੍ਰਵਿਰਤੀ ਵੱਧ ਤੋਂ ਵੱਧ ਮੁਨਾਫ਼ਾ ਕਮਾਉਣ ਦੀ ਹੁੰਦੀ ਹੈ। ਸ਼ਰਾਬ ਦਾ ਸੇਵਨ ਵਿਅਕਤੀਆਂ ਅਤੇ ਭਾਈਚਾਰਿਆਂ ਲਈ ਆਰਥਿਕ ਅਤੇ ਸਮਾਜਿਕ ਮੁਸ਼ਕਿਲਾਂ, ਦੋਵਾਂ ਨੂੰ ਪੈਦਾ ਕਰਦਾ ਹੈ। ਸ਼ਰਾਬ ਦੀ ਦੁਰਵਰਤੋਂ ਆਪਸੀ ਰਿਸ਼ਤਿਆਂ ਵਿੱਚ ਤ੍ਰੇੜਾਂ ਪੈਦਾ ਕਰਕੇ ਰਿਸ਼ਤਿਆਂ ਨੂੰ ਤਣਾਅਪੂਰਨ ਬਣਾ ਦਿੰਦੀ ਹੈ, ਜਿਸ ਨਾਲ ਪਰਿਵਾਰਕ ਟਕਰਾਅ, ਘਰੇਲੂ ਹਿੰਸਾ ਅਤੇ ਸਮਾਜਿਕ ਵਖਰੇਵੇਂ ਪੈਦਾ ਹੁੰਦੇ ਹਨ ਹੈ।
ਸ਼ਰਾਬ ਦੀ ਦੁਰਵਰਤੋਂ ਅਪਰਾਧ ਕਰਨ ਲਈ ਇੱਕ ਮਹੱਤਵਪੂਰਨ ਯੋਗਦਾਨ ਪਾਉਣ ਵਾਲਾ ਕਾਰਕ ਹੈ ਅਤੇ ਅਪਰਾਧ ਸ਼ਰਾਬ ਦੀ ਦੁਰਵਰਤੋਂ ਦਾ ਇੱਕ ਯੋਗਦਾਨ ਪਾਉਣ ਵਾਲਾ ਕਾਰਕ ਹੈ।
ਸ਼ਰਾਬ ਦੀ ਲਤ ਵਿੱਚ ਡੁੱਬੇ ਵਿਅਕਤੀਆਂ ਅੰਦਰ ਨਿਰਣੇ ਲੈਣ ਵਿੱਚ ਕਮਜ਼ੋਰੀ ਆਉਂਦੀ ਹੈ ਅਤੇ ਉਹ ਸਮਾਜਿਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਿੱਚ ਅਸਮਰੱਥਾ ਕਾਰਨ ਸਮਾਜਿਕ ਅਲੱਗ-ਥਲੱਗਤਾ ਦਾ ਅਨੁਭਵ ਕਰ ਸਕਦੇ ਹਨ। ਸ਼ਰਾਬ ਦੀ ਖਪਤ ਅਕਸਰ ਘਰੇਲੂ ਹਿੰਸਾ, ਜਨਤਕ ਵਿਕਾਰ ਅਤੇ ਹਿੰਸਕ ਅਪਰਾਧਾਂ ਸਮੇਤ ਵਧੇ ਹੋਏ ਅਪਰਾਧਕ ਦਰਾਂ ਨਾਲ ਜੁੜੀ ਹੁੰਦੀ ਹੈ।
ਸ਼ਰਾਬ ਕੇਂਦਰੀ ਦਿਮਾਗੀ ਪ੍ਰਣਾਲੀ ਨੂੰ ਨਿਰਉਤਸ਼ਾਹ (ਉਦਾਸੀ) ਕਰਦੀ ਹੈ, ਜਿਸ ਨਾਲ ਮੂਡ, ਸਰੀਰਕ ਅਤੇ ਮਾਨਸਿਕ ਯੋਗਤਾਵਾਂ ਵਿੱਚ ਕਾਫ਼ੀ ਬਦਲਾਅ ਆਉਂਦਾ ਹੈ। ਸ਼ਰਾਬ ਦਾ ਨਸ਼ਾ ਸਾਡੇ ਸਮਾਜ ਵਿੱਚ ਸਮਾਜ-ਵਿਰੋਧੀ ਵਿਵਹਾਰ ਪੈਦਾ ਕਰਨ ਦਾ ਇੱਕ ਵੱਡਾ ਸਰੋਤ ਹੈ। ਇਸ ਤੋਂ ਇਲਾਵਾ ਇਹ ਵਿਵਹਾਰ ਨੂੰ ਬਦਲਦਾ ਹੈ, ਵਿਅਕਤੀ ਵਧੇਰੇ ਆਵੇਗਸ਼ੀਲ, ਹਿੰਸਕ, ਹਮਲਾਵਰ ਬਣ ਜਾਂਦਾ ਹੈ ਅਤੇ ਕਈ ਵਾਰ ਅਪਰਾਧਿਕ ਉਲੰਘਣਾਵਾਂ ਦਾ ਕਾਰਨ ਵੀ ਬਣ ਜਾਂਦਾ ਹੈ।
ਬਹੁਤ ਜ਼ਿਆਦਾ ਅਤੇ ਬਹੁਤ ਜਲਦੀ ਸ਼ਰਾਬ ਪੀਣ ਨਾਲ ਫੈਸਲਾ ਲੈਣ ਦੀ ਪ੍ਰਕਿਰਿਆ, ਆਵੇਗ ਨਿਯੰਤਰਣ ਅਤੇ ਹੋਰ ਕਾਰਜਾਂ ਵਿੱਚ ਮਹੱਤਵਪੂਰਨ ਵਿਗਾੜ ਪੈਦਾ ਹੁੰਦਾ ਹੈ, ਜਿਸ ਨਾਲ ਨੁਕਸਾਨ ਦਾ ਜੋਖਮ ਵਧ ਜਾਂਦਾ ਹੈ। ਸ਼ਰਾਬ ਦੀ ਵਰਤੋਂ ਕਰਨ ਵਾਲੇ ਲੋਕ ਮਹੱਤਵਪੂਰਨ ਕਮਜ਼ੋਰੀਆਂ ਦੇ ਸਪਸ਼ਟ ਸੰਕੇਤਾਂ ਦੇ ਬਾਵਜੂਦ ਸ਼ਰਾਬ ਪੀਣਾ ਜਾਰੀ ਰੱਖਦੇ ਹਨ। ਸ਼ਰਾਬ ਦੀ ਖਪਤ ਦਾ ਕੋਈ ਵੀ ਪੱਧਰ ਸਾਡੀ ਸਿਹਤ ਲਈ ਸੁਰੱਖਿਅਤ ਨਹੀਂ ਹੈ।
ਸ਼ਰਾਬ ਮਾਨਸਿਕ ਉਲਝਣਾਂ, ਮੂਰਖਤਾ, ਸੁਚੇਤ ਰਹਿਣ ਵਿੱਚ ਮੁਸ਼ਕਿਲ ਜਾਂ ਜਾਗਣ ਵਿੱਚ ਅਸਮਰੱਥਾ, ਉਲਟੀਆਂ, ਦੌਰੇ ਆਦਿ ਦਾ ਕਾਰਨ ਬਣਦੀ ਹੈ। ਵਿਸ਼ਵ ਸਿਹਤ ਸੰਗਠਨ ਦਾ ਅਨੁਮਾਨ ਹੈ ਕਿ ਸ਼ਰਾਬ ਨਾਲ ਜੁੜੇ ਜੋਖਮ ਹਰ ਸਾਲ ਦੁਨੀਆ ਭਰ ਵਿੱਚ ਦਿਲ ਅਤੇ ਜਿਗਰ ਦੀ ਬਿਮਾਰੀ, ਸੜਕ ਹਾਦਸਿਆਂ, ਖੁਦਕੁਸ਼ੀਆਂ ਅਤੇ ਕੈਂਸਰ ਤੋਂ ਪ੍ਰਭਾਵਤ 2.5 ਮਿਲੀਅਨ ਮੌਤਾਂ ਦਾ ਕਾਰਨ ਬਣਦੇ ਹਨ।
ਸ਼ਰਾਬ ਹੋਰ ਸਾਰੇ ਨਸ਼ਿਆਂ ਨਾਲੋਂ ਵੱਧ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ। ਸ਼ਰਾਬ ਸੱਚਮੁੱਚ ਬੋਤਲਬੰਦ ਕਾਤਲ ਹੈ। ਵਿਸ਼ਵ ਸਿਹਤ ਸੰਗਠਨ ਦਾ ਅੰਦਾਜ਼ਾ ਹੈ ਕਿ ਸ਼ਰਾਬ ਹਰ ਸਾਲ ਦੁਨੀਆ ਭਰ ਵਿੱਚ ਤੀਹ ਲੱਖ ਤੋਂ ਉੱਪਰ ਲੋਕਾਂ ਨੂੰ ਮਾਰਦੀ ਹੈ। ਦੂਜੇ ਸ਼ਬਦਾਂ ਵਿੱਚ, ਸ਼ਰਾਬ ਸਲਾਨਾ ਸਾਰੀਆਂ ਮਨੁੱਖੀ ਮੌਤਾਂ ਦਾ 5.3% ਕਾਰਨ ਹੈ।
ਸ਼ਰਾਬ ਦਾ ਸਭ ਤੋਂ ਭੈੜਾ ਪ੍ਰਭਾਵ ਮਨੁੱਖ ਉੱਪਰ ਤਾਂ ਪੈਂਦਾ ਹੀ ਹੈ, ਸਗੋਂ ਇਹ ਸਮੁੱਚੇ ਸਮਾਜ ਲਈ ਵੀ ਨੁਕਸਾਨਦੇਹ ਹੈ। ਇਸਦੇ ਨਕਾਰਾਤਮਕ ਪ੍ਰਭਾਵ ਵਿਆਪਕ ਹਨ ਅਤੇ ਇਸਦੇ ਨਤੀਜੇ ਵਜੋਂ ਸੱਟਾਂ, ਕਾਰ ਹਾਦਸੇ, ਹਿੰਸਾ ਅਤੇ ਜਿਣਸੀ ਹਮਲੇ ਹੋ ਸਕਦੇ ਹਨ। ਵਿਸ਼ਵ ਅੰਦਰ ਅਜਿਹੀ ਕੋਈ ਉਦਾਹਰਨ ਨਹੀਂ ਮਿਲਦੀ ਜਿਸ ਨਾਲ ਮਨੁੱਖ ਆਰਥਿਕ ਤੌਰ ’’ਤੇ ਪਰਫੁਲਤ ਹੋਇਆ ਹੋਵੇ, ਇਹ ਵਿਆਪਕ ਤਬਾਹੀ ਦਾ ਕਾਰਨ ਹੀ ਬਣਦੀ ਹੈ।
ਸ਼ਰਾਬ ਦਿਮਾਗ ਦੇ ਸੈੱਲਾਂ ਨੂੰ ਨਕਾਰਾਤਮਕ ਤੌਰ ’ਤੇ ਪ੍ਰਭਾਵਿਤ ਕਰਦੀ ਹੈ। “ਨੈਸ਼ਨਲ ਇੰਸਟੀਚਿਊਟ ਆਨ ਅਲਕੋਹਲ ਐਬਿਊਜ਼ ਐਂਡ ਅਲਕੋਹਲਿਜ਼ਮ” ਦੇ ਅਨੁਸਾਰ, ਸ਼ਰਾਬ ਦਿਮਾਗ ਨੂੰ ਥੋੜ੍ਹੇ ਸਮੇਂ ਅਤੇ ਲੰਬੇ ਸਮੇਂ ਲਈ ਘਾਤਕ ਨੁਕਸਾਨ ਪਹੁੰਚਾ ਸਕਦੀ ਹੈ। ਇਹ ਵੱਖ-ਵੱਖ ਕਾਰਜਾਂ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਸੰਭਾਵੀ ਤੌਰ ’ਤੇ ਨਿਊਰੋਡੀਜਨਰੇਸ਼ਨ (ਦਿਮਾਗੀ ਤੰਤੂਆਂ ਦੀ ਟੁੱਟ ਭੱਜ) ਵੱਲ ਲੈ ਜਾਂਦੀ ਹੈ। ਇਸਦਾ ਪ੍ਰਭਾਵ ਮੂੰਹ ਦਾ ਕੈਂਸਰ, ਗਲੇ ਦਾ ਕੈਂਸਰ ਅਤੇ ਛਾਤੀ ਦਾ ਕੈਂਸਰ ਅਤੇ ਦਿਲ ਦੀ ਬਿਮਾਰੀ ਦਾ ਕਾਰਨ ਬਣਦਾ ਹੈ। ਸ਼ਰਾਬ ਪੀਣ ਦੇ ਆਮ ਤੌਰ ’ਤੇ ਜਾਣੇ ਜਾਂਦੇ ਪ੍ਰਭਾਵਾਂ ਤੋਂ ਇਲਾਵਾ ਜਿਗਰ ਨੂੰ ਨੁਕਸਾਨ ਪਹੁੰਚਾਉਣ ਸਮੇਤ, ਸ਼ਰਾਬ ਪੀਣ ਨਾਲ ਸਾਡੇ ਦਿਮਾਗ ਅਤੇ ਸਾਡੀ ਮਾਨਸਿਕ ਸਿਹਤ ’ਤੇ ਵੀ ਨੁਕਸਾਨਦੇਹ ਪ੍ਰਭਾਵ ਪੈਂਦਾ ਹੈ।
ਚੀਨ, ਜਿਸਨੂੰ ਅਫੀਮਚੀਆਂ ਦਾ ਦੇਸ਼ ਕਿਹਾ ਜਾਂਦਾ ਸੀ, ਨੂੰ ਅਫੀਮ ਦੇ ਨਸ਼ੇ ਤੋਂ ਖਹਿੜਾ ਛੁਡਾਊਣ ਲਈ ਬਹੁਤ ਕੁਝ ਝੇਲਣਾ ਪਿਆ ਜਿਸ ਅੰਦਰ ਚੀਨ ਨੂੰ ਬਰਤਾਨਵੀ ਅਤੇ ਫਰਾਂਸੀਸੀ ਸਾਮਰਾਜੀਆਂ ਵਿਰੁੱਧ ਦੋ ਅਫੀਮ ਯੁੱਧ ਲੜਨੇ ਪਏ। ਪਹਿਲੀ ਅਫੀਮ ਜੰਗ (1839-1842) ਕਿੰਗ ਸਰਕਾਰ ਦੁਆਰਾ ਅਫੀਮ ਵਪਾਰ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਦੁਆਰਾ ਸ਼ੁਰੂ ਹੋਈ ਸੀ, ਜਿਸ ਤੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੂੰ ਭਾਰੀ ਲਾਭ ਹੋਇਆ ਸੀ। ਦੂਜੀ ਅਫੀਮ ਜੰਗ (1856-1860) ਬ੍ਰਿਟੇਨ ਅਤੇ ਫਰਾਂਸ ਨੇ ਚੀਨ ਤੋਂ ਹੋਰ ਰਿਆਇਤਾਂ ਦੀ ਮੰਗ ਕੀਤੀ, ਜਿਸ ਵਿੱਚ ਅਫੀਮ ਨੂੰ ਕਾਨੂੰਨੀ ਮਾਨਤਾ ਦੇਣਾ ਅਤੇ ਵਪਾਰਕ ਪਹੁੰਚ ਵਿੱਚ ਵਾਧਾ ਸ਼ਾਮਲ ਸੀ। ਇਨ੍ਹਾਂ ਦੋਂਹ ਜੰਗਾਂ ਦੇ ਚੀਨ ਵੱਲੋਂ ਹਾਰ ਜਾਣ ਕਾਰਨ ਬਹੁਤ ਭਾਰੀ ਨਮੋਸ਼ੀ ਝੱਲਣੀ ਪਈ, ਜਿਸ ਵਿੱਚ ਹੋਏ ਸਮਝੌਤੇ ਕਾਰਨ ਚੀਨ ਨੂੰ ਹਾਂਗਕਾਂਗ ਮੁਆਵਜ਼ੇ ਵਜੋਂ ਬਰਤਾਨਵੀ ਸਾਮਰਾਜਵਾਦੀਆਂ ਨੂੰ ਦੇਣਾ ਪਿਆ।
ਵਿਸ਼ਵ ਭਰ ਵਿੱਚ ਸਭ ਤੋਂ ਵੱਧ ਖਪਤ ਸ਼ਰਾਬ ਦੀ ਹੋ ਰਹੀ ਹੈ, ਜੋ ਬਹੁ ਗਿਣਤੀ ਲੋਕਾਂ ਨੂੰ ਮਾਨਸਿਕ ਗੁਲਾਮੀ ਵੱਲ ਧਕੇਲ ਰਹੀ ਹੈ। ਸ਼ਰਾਬ ਇੱਕ ਜਨਤਕ ਨਸ਼ਾ ਬਣ ਚੁੱਕੀ ਹੈ। ਸਰਕਾਰ ਵੱਲੋਂ ਸ਼ਰਾਬ ਨੂੰ ਨਸ਼ੀਲੇ ਪਦਾਰਥਾਂ ਦੀ ਲੜੀ ਵਿੱਚ ਕਿਉਂ ਨਹੀਂ ਰੱਖਿਆ ਜਾਂਦਾ, ਇਹ ਸਮਝ ਤੋਂ ਬਾਹਰ ਹੈ। ਸ਼ਰਾਬ ਦੀ ਵਿਸ਼ਵਵਿਆਪੀ ਪ੍ਰਤੀ ਵਿਅਕਤੀ ਖਪਤ 5.5 ਲੀਟਰ ਹੈ, ਯੂਰਪੀਅਨ ਖੇਤਰ 9.2 ਲੀਟਰ ਨਾਲ ਸਭ ਤੋਂ ਅੱਗੇ ਹੈ। ਉਸ ਤੋਂ ਬਾਅਦ ਅਮਰੀਕਾ 7.5 ਲੀਟਰ ਹੈ।
ਸ਼ਰਾਬ ਦੀ ਵਰਤੋਂ ਦਿਮਾਗ ਨੂੰ ਬੂਝੜ ਬਣਾ ਦਿੰਦੀ ਹੈ ਅਤੇ ਵੱਖ-ਵੱਖ ਸਰੀਰਕ ਪ੍ਰਕਿਰਿਆਵਾਂ ਉੱਪਰ ਅਤਿ ਭੈੜਾ ਪ੍ਰਭਾਵ ਪਾਊਦੀਂ ਹੈ। ਸ਼ਰਾਬ ਨੂੰ ਸਰਕਾਰ ਨੇ ਕਾਨੂੰਨੀ ਮਾਨਤਾ ਦਿੱਤੀ ਹੋਈ ਹੈ ਅਤੇਇਹ ਸਮਾਜਿਕ ਅਤੇ ਸੱਭਿਆਚਾਰਕ ਮੌਕਿਆਂ ’ਤੇ ਵਿਆਪਕ ਤੌਰ ’ਤੇ ਵਰਤੀ ਜਾਂਦੀ ਹੈ ਪਰ ਹੈ ਇਹ ਸਿਹਤ ਜੋਖਮਾਂ ਨਾਲ ਭਰੀ ਹੋਰ ਕਿਸੇ ਵੀ ਨਸ਼ੇ ਤੋਂ ਘੱਟ ਮਾਰੂ ਨਹੀਂ। ਇਸਦੀ ਵਰਤੋਂ ਕਰਨ ਵਾਲਿਆਂ ਨੂੰ ਕਦੀ ਵੀ ਸਿਹਤ ਅਤੇ ਆਰਥਿਕ ਪੱਖੋਂ ਪ੍ਰਫੁਲਿਤ ਹੁੰਦੇ ਨਹੀਂ ਦੇਖਿਆ ਗਿਆ ਸਗੋਂ ਬਰਬਾਦ ਹੁੰਦੇ ਜ਼ਰੂਰ ਦੇਖਦੇ ਹਾਂ।
ਸ਼ਰਾਬ ਇੱਕ ਸਾਈਕੋਟ੍ਰੋਪਿਕ ਸੈਂਟਰਲ ਨਰਵਸ ਸਿਸਟਮ (ਤੰਤੂ ਪ੍ਰਬੰਧ) ਡਿਪ੍ਰੈਸੈਂਟ ਹੈ। ਇੱਕ “ਸਾਈਕੋਟ੍ਰੋਪਿਕ” ਡਰੱਗ ਹੋਣ ਦਾ ਮਤਲਬ ਹੈ ਕਿ ਸ਼ਰਾਬ ਦਾ ਬੌਧਿਕ ਭਾਵਨਾਵਾਂ ਉੱਤੇ ਸਿੱਧਾ ਪ੍ਰਭਾਵ ਪੈਂਦਾ ਹੈ। ਅਪਰਾਧੀ ਲੋਕ ਕਿਸੇ ਅਪਰਾਧ ਕਤਲ, ਲੁੱਟ-ਖੋਹ ਅਤੇ ਮਾਰਧਾੜ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਸ਼ਰਾਬ ਦੀ ਵਰਤੋਂ ਕਰਦੇ ਹਨ।
ਇੱਕ ਅੰਦਾਜ਼ੇ ਮੁਤਾਬਕ ਭਾਰਤ ਵਿੱਚ ਸ਼ਰਾਬ ਪੀਣ ਕਾਰਨ ਹਰ ਰੋਜ਼ ਲਗਭਗ 336 ਵਿਅਕਤੀ ਮਰਦੇ ਹਨ ਅਤੇ 40% ਸੜਕੀ ਹਾਦਸੇ ਸ਼ਰਾਬ ਪੀਣ ਨਾਲ ਸਬੰਧਤ ਹਨ। ਸ਼ਰਾਬ ਦੀ ਵਰਤੋਂ ਤੋਂ ਹਰ ਹੀਲੇ ਬਚਣਾ ਚਾਹੀਦਾ ਹੈ। ਸਰਕਾਰ ਆਪਣਾ ਰੈਵੀਨਿਊ/ਮਾਲੀਆ ਵਧਾਊਣ ਦੇ ਚੱਕਰ ਵਿੱਚ ਸ਼ਰਾਬ ਦੀ ਵੱਧ ਤੋਂ ਵੱਧ ਵਿਕਰੀ ਉੱਪਰ ਵਿਸ਼ਵਾਸ ਕਰਦੀ ਹੋਈ ਹਰ ਸਾਲ ਵਾਧੂ ਠੇਕੇ ਖੋਲ੍ਹਣ ਨੂੰ ਤਰਜੀਹ ਦਿੰਦੀ ਹੈ।
ਸ਼ਰਾਬ ਅੰਤ ਵਿੱਚ ਬੇਰੁਜ਼ਗਾਰੀ, ਕਮਜ਼ੋਰ ਮਨੁੱਖੀ ਸਰੋਤ, ਕਮਜ਼ੋਰ ਦਿਮਾਗੀ ਸ਼ਕਤੀ, ਗੈਰ-ਸਿਹਤਮੰਦ ਸਮਾਜ ਅਤੇ ਵੱਡੇ ਪੱਧਰ ’ਤੇ ਵਧਦੇ ਅਪਰਾਧ ਵੱਲ ਲੈ ਜਾਂਦੀ ਹੈ। ਸ਼ਰਾਬ ਦੀ ਦੁਰਵਰਤੋਂ ਕਾਰਨ ਸਬੰਧਾਂ ਵਿੱਚ ਤਣਾਅ ਪੈਦਾ ਹੁੰਦੇ ਹਨ, ਜਿਸ ਨਾਲ ਪਰਿਵਾਰਕ ਟਕਰਾਅ, ਘਰੇਲੂ ਹਿੰਸਾ ਅਤੇ ਤਲਾਕ, ਜਨਤਕ ਵਿਕਾਰ ਅਤੇ ਹਿੰਸਕ ਅਪਰਾਧਾਂ ਵਾਧਾ ਹੁੰਦਾ ਹੈ।
ਸ਼ਰਾਬ ਨੂੰ ਇੱਕ ਸਮਾਜਿਕ ਬੁਰਾਈ ਮੰਨਿਆ ਜਾਂਦਾ ਹੈ ਕਿਉਂਕਿ ਇਸਦੇ ਵਿਅਕਤੀਆਂ ਅਤੇ ਸਮਾਜ ’ਤੇ ਵਿਆਪਕ ਨਕਾਰਾਤਮਕ ਪ੍ਰਭਾਵ ਪੈਂਦੇ ਹਨ। ਸ਼ਰਾਬ ਪੀਣ ਦੇ ਸਭ ਤੋਂ ਗੰਭੀਰ ਪ੍ਰਭਾਵਾਂ ਵਿੱਚੋਂ ਇੱਕ ਪਰਿਵਾਰ ਵਿੱਚ ਘਰੇਲੂ ਹਿੰਸਾ ਦਾ ਵਧਿਆ ਹੋਇਆ ਜੋਖਮ ਹੈ। ਸ਼ਰਾਬ ਪੀਣ ਨਾਲ ਜੂਝ ਰਹੇ ਲੋਕ ਆਪਣੇ ਪਰਿਵਾਰਕ ਮੈਂਬਰਾਂ ਦਾ ਅਪਮਾਨ ਕਰ ਸਕਦੇ ਹਨ, ਉਨ੍ਹਾਂ ਨਾਲ ਬਦਸਲੂਕੀ ਨਾਲ ਪੇਸ਼ ਆਉਂਦੇ ਹਨ, ਜਾਂ ਉਨ੍ਹਾਂ ਨੂੰ ਅਪਮਾਨਿਤ ਕਰਦੇ ਹਨ।
ਅੱਜ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧ ਰਹੇ ਪੀਣ ਵਾਲੇ ਪਦਾਰਥਾਂ ਵਿੱਚ ਬਾਜ਼ਾਰਾਂ ਵਿੱਚ ਇੱਕ ਸ਼ਰਾਬ ਦਾ ਖੇਤਰ ਹੈ, ਜਿਸ ਕਾਰਨ ਵਧਦੀ ਸ਼ਹਿਰੀ ਅਬਾਦੀ ਸ਼ਰਾਬ ਦੀ ਗੁਲਾਮ ਬਣ ਰਹੀ ਹੈ।
ਸ਼ਰਾਬ ਦੀ ਦੁਰਵਰਤੋਂ ਨੂੰ ਮਾਨਸਿਕ ਸਿਹਤ ’ਤੇ ਇਸਦੇ ਪ੍ਰਭਾਵ ਅਤੇ ਨਸ਼ਾਖੋਰੀ ਦੀ ਸੰਭਾਵਨਾ ਦੇ ਕਾਰਨ “ਮਾਨਸਿਕ ਗੁਲਾਮੀ” ਵਜੋਂ ਵੀ ਦਰਸਾਇਆ ਜਾਂਦਾ ਹੈ। ਸ਼ਰਾਬ ਡਿਪਰੈਸ਼ਨ ਅਤੇ ਚਿੰਤਾ ਵਰਗੀਆਂ ਮੌਜੂਦਾ ਮਾਨਸਿਕ ਸਿਹਤ ਸਥਿਤੀਆਂ ਨੂੰ ਵਿਗਾੜ ਸਕਦੀ ਹੈ, ਅਤੇ ਨਵੇਂ ਮਨੋਵਿਗਿਆਨਕ ਮੁੱਦਿਆਂ ਨੂੰ ਵੀ ਸ਼ੁਰੂ ਕਰਦੀ ਹੈ। ਇਸ ਤੋਂ ਇਲਾਵਾ ਨਸ਼ਾਖੋਰੀ ਦਾ ਚੱਕਰ ਨਿਯੰਤਰਣ ਅਤੇ ਸਵੈਨਿਰਣੇ ਦੇ ਨੁਕਸਾਨ ਦਾ ਕਾਰਨ ਬਣ ਸਕਦਾ ਹੈ, ਜਿਸਨੂੰ ਮਾਨਸਿਕ ਗੁਲਾਮੀ ਦੇ ਰੂਪ ਵਜੋਂ ਦੇਖਿਆ ਜਾ ਸਕਦਾ ਹੈ।
ਇਸੇ ਕਰਕੇ ਗੁਲਾਮਾਂ ਦੇ ਮਾਲਕ ਗੁਲਾਮਾਂ ਦੀ ਸ਼ਰਾਬ ਤਕ ਪਹੁੰਚ ਨੂੰ ਧਿਆਨ ਨਾਲ ਨਿਯੰਤਰਿਤ ਕਰਦੇ ਹਨ। ਗੁਲਾਮਾਂ ਨੂੰ ਆਮ ਹਾਲਤਾਂ ਵਿੱਚ ਸ਼ਰਾਬ ਪੀਣ ਤੋਂ ਮਨ੍ਹਾ ਕੀਤਾ ਜਾਂਦਾ ਸੀ ਪਰ ਸਨਿੱਚਰਵਾਰ ਰਾਤਾਂ ਅਤੇ ਛੁੱਟੀਆਂ ਵਿੱਚ ਬਹੁਤ ਜ਼ਿਆਦਾ ਪੀਣ ਲਈ ਉਤਸ਼ਾਹਿਤ ਕੀਤਾ ਜਾਂਦਾ ਸੀ। ਗੁਲਾਮਾਂ ਨੂੰ ਨਸ਼ੀਲੇ ਪਦਾਰਥ ਅਤੇ ਸ਼ਰਾਬ ਆਦਿ ਦਿੱਤੇ ਜਾਂਦੇ ਸਨ ਤਾਂ ਜੋ ਉਨ੍ਹਾਂ ਕੋਲ ਭੱਜਣ ਬਾਰੇ ਉਹ ਸੋਚ ਹੀ ਨਾ ਸਕਣ। ਇਹ ਸਮਾਜਿਕ ਨਿਯੰਤਰਣ ਦਾ ਇੱਕ ਰੂਪ ਸੀ। ਗੁਲਾਮ ਮਾਨਸਿਕ ਤੌਰ ’ਤੇ ਨਸ਼ੇ ਦੇ ਗੁਲਾਮ ਬਣ ਜਾਂਦੇ ਸਨ।
ਸ਼ਰਾਬ ਉੱਪਰ ਨਿਰਭਰਤਾ ਪੈਦਾ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਦੇ ਨਾਲ ਨਾਲ ਪੂੰਜੀਵਾਦੀ ਦਬਦਬੇ ਕਾਰਨ ਇਸਦੀ ਵਿਆਪਕਤਾ ਅਤੇ ਬਹੁਤ ਜ਼ਿਆਦਾ ਵਰਤੋਂ ਨੂੰ ਖਤਮ ਕਰਨ ਅਤੇ ਇਸ ਤੋਂ ਮੁਕਤੀ ਪਾਉਣ ਲਈ ਇਸਦੇ (ਪੂੰਜੀਵਾਦ) ਵਾਸਤਵਿਕ ਬਦਲ ਲਈ ਸਮੂਹਕ ਰਾਜਨੀਤੀ ਦੀ ਲੋੜ ਹੈ। ਇੱਥੇ ਇਹ ਗੱਲ ਯਾਦ ਰੱਖਣਯੋਗ ਹੈ, “ਜਿੱਥੇ ਪੂੰਜੀਵਾਦ ਹੋਵੇਗਾ, ਉੱਥੇ ਨਸ਼ਾ ਵੀ ਹੋਵੇਗਾ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (