“ਉਪ ਰਾਸ਼ਟਰਪਤੀ ਸਾਹਿਬ ਖਾਕੀ ਨਿੱਕਰ ਵਾਲਿਆਂ ਦੀ ਪਲਟੂਨ ਵਿੱਚੋਂ ਆਏ ਹਨ, ਇਸ ਕਰਕੇ”
(28 ਜੁਲਾਈ 2025)
ਸਾਡਾ ਦੇਸ਼ ਆਰਥਿਕ ਕਾਣੀ ਵੰਡ ਦੀ ਵਜਾਹ ਕਾਰਨ ਬਹੁਤ ਸਾਰੀਆਂ ਚੁਨੌਤੀਆਂ ਨਾਲ ਜੂਝ ਰਿਹਾ ਹੈ। ਦੇਸ਼ ਅੰਦਰ ਵਧਦਾ ਗਰੀਬੀ-ਅਮੀਰੀ ਦਾ ਪਾੜਾ, ਬੇਰੁਜ਼ਗਾਰੀ, ਮਹਿੰਗਾਈ, ਘਟਦੇ ਉਦਯੋਗ, ਵਿਗੜਦੀ ਕਾਨੂੰਨ ਵਿਵਸਤਾ, ਵਧਦੀ ਨਸ਼ਾਖੋਰੀ, ਸਮੂਹਕ ਬਲਾਤਕਾਰ ਤੇ ਕਤਲ, ਅੱਤ ਦਾ ਭ੍ਰਿਸ਼ਟਾਚਾਰ, ਘੱਟ ਗਿਣਤੀਆਂ ਦੇ ਗਿਣੇ ਮਿਥੇ ਕਤਲ, ਰਾਜਨੀਤੀ ਵਿੱਚ ਗੁੰਡਾ ਅਨਸਰਾਂ ਦੀ ਭਰਮਾਰ ਤੇ ਹੋਰ ਪਤਾ ਨਹੀਂ ਕਿੰਨੀਆਂ ਕੁ ਅਲਾਮਤਾਂ ਸੰਸਾਰ ਪੱਧਰ ’ਤੇ ਭਾਰਤ ਦਾ ਹੁਲੀਆ ਵਿਗਾੜ ਰਹੀਆਂ ਹਨ ਪਰ ਸਾਡੇ ਹਾਕਮ ਇਨ੍ਹਾਂ ਮੁੱਦਿਆਂ ਤੋਂ ਦੇਸ਼ ਵਾਸੀਆਂ ਦਾ ਧਿਆਨ ਭਟਕਾਉਣ ਲਈ ਬੇਲੋੜੇ ਮੁੱਦੇ ਉਭਾਰ ਰਹੇ ਹਨ। ਬੇਲੋੜੇ ਮੁੱਦਿਆਂ ਦੀ ਲੜੀ ਦਾ ਤਾਜ਼ਾ ਮੁੱਦਾ ਸੰਵਿਧਾਨ ਪ੍ਰਸਤਾਵਨਾ ਵਿੱਚ ਸ਼ਾਮਲ ‘ਧਰਮ ਨਿਰਪੱਖ ਅਤੇ ਸਮਾਜਵਾਦੀ’ ਸ਼ਬਦਾਂ ਨਾਲ ਸਬੰਧਤ ਹੈ। ਇਹ ਗੱਲ ਵਿਚਾਰਨ ਵਾਲੀ ਹੈ ਕਿ ਇਨ੍ਹਾਂ ਸ਼ਬਦਾਂ ਨਾਲ ਹਿੰਦੂ ਫਿਰਕਾਪ੍ਰਸਤਾਂ ਦਾ ਕੀ ਨੁਕਸਾਨ ਹੋ ਰਿਹਾ ਹੈ ਅਤੇ ਇਨ੍ਹਾਂ ਸ਼ਬਦਾਂ ਨੂੰ ਹਟਾਉਣ ਨਾਲ ਇਨ੍ਹਾਂ ਫਿਰਕੂ ਟੋਲਿਆਂ ਨੂੰ ਕੀ ਫਾਇਦਾ ਹੋਵੇਗਾ? ਸਿਵਾਏ ਦੇਸ਼ ਵਿੱਚ ਫਿਰਕਾਪ੍ਰਸਤੀ ਫੈਲਾਉਣ, ਦੰਗੇ ਕਰਾਉਣ, ਸੰਵਿਧਾਨ ਦੀ ਥਾਂ ਮਨੂੰ ਸਿਮ੍ਰਤੀ ਲਾਗੂ ਕਰਨ, ਹਿੰਦੂ ਧਰਮ ਦੀ ਬਹੁਲਤਾ ਵਾਲਾ ਦੇਸ਼ ਬਣਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਵਾਪਰੇਗਾ। ਬਾਬਾ ਸਾਹਿਬ ਨੇ ਉਪਰੋਕਤ ਮੁੱਦਿਆਂ ਨੂੰ ਉਭਾਰਨ ਵਾਲੇ ਫਿਰਕੂ ਲੋਕਾਂ ਦੀ ਮਾਨਸਿਕਤਾ ਨੂੰ ਸਮਝਦਿਆਂ ਫਿਕਰ ਕਰਦੇ ਆਖਿਆ ਸੀ ਕਿ ਜਾਤਾਂ ਤੇ ਧਰਮਾਂ ਦੇ ਰੂਪ ਵਿੱਚ ਸਾਡੇ ਪੁਰਾਣੇ ਦੁਸ਼ਮਣਾਂ ਤੋਂ ਇਲਾਵਾ ਸਾਡੇ ਕੋਲ ਵੱਖ-ਵੱਖ ਅਤੇ ਵਿਰੋਧੀ ਸਿਆਸੀ ਧਰਮਾਂ ਵਾਲਿਆਂ ਦੀਆਂ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਹਨ। ਬਾਬਾ ਸਾਹਿਬ ਨੇ ਕਿਹਾ ਸੀ ਕਿ ਕੀ ਭਾਰਤੀ ਆਪਣੇ ਧਰਮਾਂ ਨੂੰ ਦੇਸ਼ ਤੋਂ ਉੱਪਰ ਰੱਖਣਗੇ ਜਾਂ ਉਹ ਦੇਸ਼ ਨੂੰ ਆਪਣੇ ਧਰਮਾਂ ਤੋਂ ਉੱਪਰ ਰੱਖਣਗੇ? ਬਾਬਾ ਸਾਹਿਬ ਨੇ ਕਿਹਾ ਸੀ ਕਿ ਇਹ ਗੱਲ ਪੱਕੀ ਹੈ ਕਿ ਜੇਕਰ ਇਹ ਫਿਰਕੂ ਪਾਰਟੀਆਂ ਧਰਮਾਂ ਨੂੰ ਦੇਸ਼ ਤੋਂ ਉੱਪਰ ਰੱਖਣਗੀਆਂ ਤਾਂ ਸਾਡੀ ਆਜ਼ਾਦੀ ਦੂਜੀ ਵਾਰ ਖਤਰੇ ਵਿੱਚ ਪੈ ਜਾਵੇਗੀ ਜਾਂ ਸ਼ਾਇਦ ਹਾਕਮਾਂ ਦੀਆਂ ਫਿਰਕੂ ਨੀਤੀਆਂ ਕਾਰਨ ਆਜ਼ਾਦੀ ਹਮੇਸ਼ਾ ਲਈ ਖਤਮ ਹੋ ਜਾਵੇਗੀ। ਬਾਬਾ ਸਾਹਿਬ ਦੇ ਇਨ੍ਹਾਂ ਚਿੰਤਾਵਾਂ ਵਾਲੇ ਵਿਚਾਰਾਂ ਨੂੰ ਮੁੱਖ ਰੱਖਦਿਆਂ ਇਨ੍ਹਾਂ ਫਿਰਕਾਪ੍ਰਸਤ ਹਿੰਦੂਤਵੀ ਲੋਕਾਂ ਤੋਂ ਹਮੇਸ਼ਾ ਸਾਵਧਾਨ ਹੋਣਾ ਪਵੇਗਾ।
ਧਰਮ ਨਿਰਪੱਖ ਅਤੇ ਸਮਾਜਵਾਦੀ ਸ਼ਬਦਾਂ ਨੂੰ ਹਟਾਉਣ ਦਾ ਵਿਵਾਦ ਸਭ ਤੋਂ ਪਹਿਲਾਂ ਆਰ ਐੱਸ ਐੱਸ ਦੇ ਜਨਰਲ ਸਕੱਤਰ ਦੱਤਾ ਤਰੇਹਾ ਹੋਸਬੋਲੇ ਨੇ ਚੁੱਕਿਆ ਸੀ ਤੇ ਚਰਚਾ ਕਰਨ ਦੀ ਮੰਗ ਕੀਤੀ ਸੀ। ਆਰ ਐੱਸ ਐੱਸ ਦੇ ਜਨਰਲ ਸਕੱਤਰ ਨੇ ਆਖਿਆ ਸੀ ਕਿ 1975 ਵਿੱਚ ਐਮਰਜੈਂਸੀ ਤੋਂ ਬਾਅਦ ਸਵਰਗੀ ਇੰਦਰਾ ਗਾਂਧੀ ਦੀ ਸਰਕਾਰ ਨੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸ਼ਾਮਲ ਕੀਤੇ ਗਏ ਸਮਾਜਵਾਦੀ ਤੇ ਧਰਮ ਸ਼ਬਦਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ। ਦੇਸ਼ ਦੇ ਉਪ ਰਾਸ਼ਟਰਪਤੀ ਜਗਦੀਪ ਧਨਖੜ, ਜਿਹੜੇ ਬੰਗਾਲ ਦੇ ਰਾਜਪਾਲ ਹੁੰਦਿਆਂ ਅਨੇਕਾਂ ਵਿਵਾਦਾਂ ਵਿੱਚ ਰਹੇ ਹਨ, ਜੋ ਖਬਰਾਂ ਵਿੱਚ ਰਹਿਣਾ ਪਸੰਦ ਕਰਦੇ ਹਨ, ਕਈ ਤਰ੍ਹਾਂ ਦੇ ਵਿਵਾਦ ਪੂਰਨ ਬਿਆਨ ਦੇ ਰਹੇ ਹਨ। ਅਜੇ ਪਿੱਛੇ ਜਿਹੇ ਹੀ ਉਪ ਰਾਸ਼ਟਰਪਤੀ ਜੀ ਨੇ ਉੱਚ ਨਿਆਪਾਲਿਕਾ ਅਤੇ ਪਾਰਲੀਮੈਂਟ ਦੀਆਂ ਸੰਵਿਧਾਨਿਕ ਸੇਵਾਵਾਂ ਬਾਰੇ ਆਖਿਆ ਸੀ ਕਿ ਦੇਸ਼ ਦੀ ਨਿਆਪਾਲਿਕਾ ਸੁਪਰੀਮ ਪਾਰਲੀਮੈਂਟ ਬਣਦੀ ਜਾ ਰਹੀ ਹੈ। ਇਸ ਵਿਵਾਦਤ ਬਿਆਨ ਦਾ ਠੋਕਵਾਂ ਜਵਾਬ ਦਿੰਦਿਆਂ ਉੱਚ ਨਿਆਪਾਲਿਕਾ ਦੇ ਚੀਫ ਜਸਟਿਸ ਨੇ ਆਖਿਆ ਸੀ ਕਿ ਨਾ ਤਾਂ ਸੁਪਰੀਮ ਕੋਰਟ ਸੁਪਰੀਮ ਹੈ, ਨਾ ਹੀ ਦੇਸ਼ ਦੀ ਪਾਰਲੀਮੈਂਟ ਸੁਪਰੀਮ ਹੈ। ਦੇਸ਼ ਦਾ ਸੰਵਿਧਾਨ ਸੁਪਰੀਮ ਹੈ। ਇਨ੍ਹਾਂ ਦੋ ਮੁੱਦਿਆਂ ਨੂੰ ਉਛਾਲਦਿਆ ਦੇਸ਼ ਦੇ ਉੱਪਰ ਰਾਸ਼ਟਰਪਤੀ ਜਗਦੀਪ ਧਨਖੜ ਜੀ ਨੇ ਆਖਿਆ ਕਿ ਸੰਨ 1976 ਵਿੱਚ 42ਵੇਂ ਸੰਵਿਧਾਨਿਕ ਸੋਧ ਤਹਿਤ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਸ਼ਾਮਲ ਕੀਤੇ ਗਏ ਇਹ ਦੋ ਵਾਧੂ ਸ਼ਬਦ ਸਨਾਤਨ ਧਰਮ ਦੀ ਭਾਵਨਾ ਦਾ ਅਪਮਾਨ ਹਨ।
ਗੱਲ ਇੱਥੇ ਨਹੀਂ ਮੁੱਕੀ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਜਿਹੜੇ ਸੰਵਿਧਾਨਿਕ ਅਹੁਦੇ ’ਤੇ ਬਿਰਾਜਮਾਨ ਹਨ, ਨੂੰ ਰਾਜਨੀਤੀ ਵਿੱਚ ਉਲਝਣਾ ਨਹੀਂ ਚਾਹੀਦਾ ਪਰ ਉਪ ਰਾਸ਼ਟਰਪਤੀ ਸਾਹਿਬ ਖਾਕੀ ਨਿੱਕਰ ਵਾਲਿਆਂ ਦੀ ਪਲਟੂਨ ਵਿੱਚੋਂ ਆਏ ਹਨ, ਇਸ ਕਰਕੇ ਉਹ ਰਾਜਨੀਤਿਕ ਮੁੱਦਿਆਂ ’ਤੇ ਚੁੱਪ ਨਹੀਂ ਬੈਠ ਸਕਦੇ। ਇਨ੍ਹਾਂ ਦੋਂਹ ਸ਼ਬਦਾਂ ਬਾਰੇ ਉਪ ਰਾਸ਼ਟਰਪਤੀ ਇੱਥੋਂ ਤਕ ਚਲੇ ਗਏ ਤੇ ਕਹਿੰਦੇ ਹਨ ਕਿ ਇਹ ਦੋ ਸ਼ਬਦ ਨਾਸੂਰ (ਜ਼ਖਮ) ਤੋਂ ਘੱਟ ਨਹੀਂ ਹਨ। ਆਰ ਐੱਸ ਐੱਸ ਦੀ ਜਿਨ੍ਹਾਂ ਨੂੰ ਗੁੜ੍ਹਤੀ ਮਿਲੀ ਹੋਈ ਹੈ, ਉਹਨਾਂ ਵਿੱਚ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ, ਜਤੇਂਦਰ ਸਿੰਘ, ਅਸਾਮ ਦੇ ਮੁੱਖ ਮੰਤਰੀ ਹਿੰਮਤ ਵਿਸ਼ਵਾਸ ਸ਼ਰਮਾ ਤੇ ਹੋਰ ਕਈ ਨੇਤਾਵਾਂ ਨੇ ਥੋਥੇ ਬਿਆਨ ਦੇ ਕੇ ਆਖਿਆ ਕਿ ਅਜਿਹੇ ਸ਼ਬਦਾਂ ਲਈ ਸੰਵਿਧਾਨ ਵਿੱਚ ਕੋਈ ਥਾਂ ਨਹੀਂ ਹੈ।
ਇੱਥੇ ਦੇਸ਼ ਦੀ ਜਨਤਾ ਦਾ ਧਿਆਨ ਖਿੱਚਣ ਲਈ ਇਹ ਦੱਸਣਾ ਜ਼ਰੂਰੀ ਹੈ ਕਿ 1975 ਦੀ ਐਮਰਜੈਂਸੀ ਬਾਅਦ ਜਿਹੜੀ ਕੇਂਦਰ ਵਿੱਚ ਸਰਕਾਰ ਬਣੀ ਸੀ, ਉਸ ਵਿੱਚ ਜਨ ਸੰਘ ਜਿਹੜੀ ਹੁਣ ਭਾਜਪਾ ਬਣੀ ਹੋਈ ਹੈ, ਵੀ ਸ਼ਾਮਲ ਸੀ। ਉਦੋਂ ਇਨ੍ਹਾਂ ਸ਼ਬਦਾਂ ਬਾਰੇ ਕੁਝ ਨਹੀਂ ਬੋਲਿਆ, ਮਾਨਯੋਗ ਅਟੱਲ ਬਿਹਾਰੀ ਵਾਜਪਾਈ ਜੀ ਦੀ ਅਗਵਾਈ ਵਾਲੀ ਕੇਂਦਰੀ ਸਰਕਾਰ ਨੇ ਇਨ੍ਹਾਂ ਸ਼ਬਦਾਂ ਦਾ ਬੁਰਾ ਨਹੀਂ ਮਨਾਇਆ ਪਰ ਮੌਜੂਦਾ ਹਾਕਮ ਜਿਹੜੇ ਦੇਸ਼ ਨੂੰ ਹਰ ਹਾਲਤ ਵਿੱਚ ਹਿੰਦੂਤਵੀ ਦੇਸ਼ ਦੇਖਣਾ ਚਾਹੁੰਦੇ ਹਨ, ਇਹ ਦੇਸ਼ ਵਿੱਚ ਫਿਰਕੂ ਵੰਡ ਪੈਦਾ ਕਰਕੇ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖਤਰੇ ਖੜ੍ਹੇ ਕਰ ਰਹੇ ਹਨ। ਇਨ੍ਹਾਂ ਦੋ ਸ਼ਬਦਾਂ ਦਾ ਤਾਂ ਬਹਾਨਾ ਹੈ, ਇਹ ਲੋਕ ਅੱਜ ਤੋਂ ਦੋ-ਤਿੰਨ ਸਦੀਆਂ ਪਹਿਲਾਂ ਮਨੂੰਵਾਦੀ ਵਿਵਸਥਾ ਦਾ ਪ੍ਰਬੰਧ ਸੀ, ਉਹ ਲਿਆਉਣਾ ਚਾਹੁੰਦੇ ਹਨ, ਜਿਹੜਾ ਮਨੂੰ ਸਮਰਿਤੀ ’ਤੇ ਅਧਾਰਿਤ ਸੀ। ਮਨੋ ਸਮਰਿਤੀ ਵਿੱਚ ਦਲਤਾਂ, ਸ਼ੂਦਰਾਂ, ਦਲਿਤ ਇਸਤਰੀਆਂਅ ਤੇ ਘੱਟ ਗਿਣਤੀਆਂ ਵਿਰੋਧੀ ਨੀਤੀਆਂ ਸਨ। ਹੁਣ ਉਹਨਾਂ ਨੂੰ ਮੁੜ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਦੇਸ਼ ਦੇ ਜਾਗਰੂਕ ਲੋਕ ਮਨੂੰ ਸਮਰਿਤੀ ਨੂੰ ਸਾੜਨ ਲਈ ਤਿਆਰ ਹਨ ਜਿਵੇਂ ਕਿ ਬਾਬਾ ਸਾਹਿਬ ਨੇ 25 ਦਸੰਬਰ 1927 ਨੂੰ ਮਨੂੰ ਸਮਰਿਤੀ ਨੂੰ ਸਾੜਿਆ ਸੀ। ਮਨੂ ਸਿਮਰਤੀ ਮੁਤਾਬਕ ਇਹ ਲੋਕ ਬਰਾਬਰ ਦੀ ਨਿਆਂ ਪ੍ਰਣਾਲੀ ਦੇ ਵਿਰੁੱਧ ਹਨ, ਦਾਸ ਪ੍ਰਥਾ ਲਾਗੂ ਕਰਨਾ ਚਾਹੁੰਦੇ ਹਨ, ਦਲਿਤ ਇਸਤਰੀਆਂ ਦੀ ਸ਼ੁੱਧੀਕਰਨ ਦੀ ਪ੍ਰਥਾ ਚਾਹੁੰਦੇ ਹਨ, ਦਲਿਤ ਨਰਬਲੀ ਦੇਣਾ ਚਾਹੁੰਦੇ ਹਨ, ਦਲਿਤਾਂ ਦੇ ਪਹਿਲੇ ਪੁੱਤਰ ਦਾ ਗੰਗਾਦਾਨ ਚਾਹੁੰਦੇ ਹਨ, ਸਤੀ ਪ੍ਰਥਾ ਚਾਲੂ ਰੱਖਣਾ ਚਾਹੁੰਦੇ ਹਨ, ਜਾਤੀਵਾਦ ਗਨਗਣਨਾ ਕਰਾਉਣ ਦੇ ਵਿਰੁੱਧ ਹਨ, ਵਗਾਰ ਪ੍ਰਥਾ ਮੁੜ ਲਾਗੂ ਕਰਨ ਦੇ ਮਨਸੂਬੇ ਘੜਨ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਕਿਸੇ ਵੀ ਹਾਲਤ ਵਿੱਚ ਸਫਲ ਨਹੀਂ ਹੋਣਗੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (