“ਪਿਛਲੇ ਦਿਨੀਂ ਸਿੱਖ ਖਾੜਕੂ ਜਰਨੈਲ ਨਰਾਇਣ ਸਿੰਘ ਚੌੜਾ ਨੇ ਸ. ਜੀ.ਬੀ.ਐੱਸ. ਸਿੱਧੂ ਦੀ ...”
(27 ਜੁਲਾਈ 2025) (ਨੋਟ: ਇਹ ਲੇਖ ਪਹਿਲਾਂ 22 ਜੁਲਾਈ ਨੂੰ ਸਰੋਕਾਰ ਵਿੱਚ ਛਪਿਆ ਸੀ। ਅੱਜ ਦੁਬਾਰਾ ਛਾਪਣ ਦਾ ਕਾਰਨ ਪਾਠਕ ਹੇਠਾਂ ਪੜ੍ਹ ਲੈਣ।)
22 ਜੁਲਾਈ ਨੂੰ ਛਪੇ ਇਸ ਨੂੰ ਪੜ੍ਹਕੇ ਕਿਰਪਾਲ ਸਿੰਘ ਪੰਨੂੰ ਜੀ ਨੇ ਲੇਖਕ ਪਾਸੋਂ ਕੁਝ ਹੋਰ ਜਾਣਕਾਰੀ ਦੀ ਮੰਗ ਕੀਤੀ ਸੀ। ਲੇਖਕ ਹਜ਼ਾਰਾ ਸਿੰਘ ਜੀ ਨੇ ਬਹੁਤ ਸੰਕੋਚਵੇਂ ਸ਼ਬਦਾਂ ਵਿੱਚ ਆਪਣਾ ਪੱਖ ਪਾਠਕਾਂ ਸਾਹਮਣੇ ਰੱਖ ਦਿੱਤਾ ਹੈ। ਜਿਨ੍ਹਾਂ ਪਾਠਕਾਂ ਨੇ ਇਹ ਲੇਖ ਪਹਿਲਾਂ ਨਹੀਂ ਪੜ੍ਹਿਆ, ਹੁਣ ਪੜ੍ਹ ਲੈਣ। ਸਾਰੇ ਪਾਠਕ ਕਿਰਪਾਲ ਸਿੰਘ ਪੰਨੂੰ ਜੀ ਦੇ ਸਵਾਲ ਅਤੇ ਹਜ਼ਾਰਾ ਸਿੰਘ ਜੀ ਦੇ ਉੱਤਰ ਲੇਖ ਦੇ ਅੰਤ ’ਤੇ ਪੜ੍ਹ ਲੈਣ। ਧੰਨਵਾਦ --- ਅਵਤਾਰ ਗਿੱਲ।
* * *
ਖਾੜਕੂ ਆਗੂ ਨਰਾਇਣ ਸਿੰਘ ਚੌੜਾ ਦੀ ਸਪਸ਼ਟ ਬਿਆਨੀ
ਸਿੱਖ ਭਾਰਤੀ ਸਟੇਟ ਨੂੰ ਦਰਬਾਰ ਸਾਹਿਬ ਉੱਪਰ ਹਮਲੇ ਦੀ ਦੋਸ਼ੀ ਅਤੇ ਆਪਣੇ-ਆਪ ਨੂੰ ਪੀੜਿਤ ਧਿਰ ਕਹਿੰਦੇ ਆ ਰਹੇ ਹਨ। ਇਸ ਹਮਲੇ ਦੌਰਾਨ ਭਾਰਤੀ ਫੌਜ ਨਾਲ ਲੜਨ ਵਾਲੇ ਸੰਤ ਜਰਨੈਲ ਸਿੰਘ ਬਾਰੇ ਵੱਖ-ਵੱਖ ਬਿਰਤਾਂਤ ਘੜੇ ਗਏ। ਕਦੇ ਉਨ੍ਹਾਂ ਨੂੰ ਦਰਬਾਰ ਸਾਹਿਬ ਦੀ ਰਾਖੀ ਲਈ ਸ਼ਹੀਦ ਹੋਣ ਵਾਲਾ ਸੂਰਮਾ, ਕਦੇ ਸਵੈਰੱਖਿਆ ਲਈ ਲੜਨ ਵਾਲਾ ਯੋਧਾ, ਕਦੇ ਚਮਕੌਰ ਦੀ ਜੰਗ ਦਾ ਇਤਿਹਾਸ ਦੁਹਰਾਉਣ ਵਾਲਾ ਸੂਰਬੀਰ ਅਤੇ ਕਦੇ ਅਠਾਰ੍ਹਵੀਂ ਸਦੀ ਦੇ ਸਿੰਘਾਂ ਦੀ ਰੀਤ ਅਨੁਸਾਰ ਵੀਹਵੀਂ ਸਦੀ ਵਿੱਚ ਦੁਸ਼ਮਣ ਨੂੰ ਲੋਹੇ ਦੇ ਚਣੇ ਚਬਾਉਣ ਵਾਲੀ ਰੂਹ ਆਖਿਆ ਗਿਆ। ਸਿੱਖ ਵਿਦਵਾਨਾਂ ਨੇ ਭਾਰਤੀ ਸਟੇਟ ਨੂੰ ਹਮਲਾਵਰ ਅਤੇ ਸੰਤ ਜਰਨੈਲ ਸਿੰਘ ਸਮੇਤ ਸਿੱਖਾਂ ਨੂੰ ਜ਼ੁਲਮ ਦਾ ਸੂਰਮਤਾਈ ਨਾਲ ਟਾਕਰਾ ਕਰਨ ਵਾਲੀ ਪੀੜਿਤ ਧਿਰ ਵਜੋਂ ਪੇਸ਼ ਕੀਤਾ। ਹਮਲੇ ਦੇ ਮੁੱਖ ਕਾਰਨ ਇੰਦਰਾ ਗਾਂਧੀ ਦੀ ਸਿੱਖਾਂ ਪ੍ਰਤੀ ਦੁਸ਼ਮਣੀ, ਘੱਟ-ਗਿਣਤੀਆਂ ਨੂੰ ਦਬਾ ਕੇ ਰੱਖਣ ਦੀ ਨੀਤੀ, ਘੱਟ-ਗਿਣਤੀ ਨੂੰ ਕੁੱਟ ਕੇ ਬਹੁਗਿਣਤੀ ਨੂੰ ਖੁਸ਼ ਕਰਨ ਦੀ ਚਾਲ ਆਦਿ ਦੱਸੇ ਗਏ। ਸਿੱਖ ਵਿਦਵਾਨਾਂ ਨੇ ਇਹ ਠੋਸ ਬਿਰਤਾਂਤ ਪੇਸ਼ ਕੀਤਾ ਕਿ ਦਰਬਾਰ ਸਾਹਿਬ ’ਤੇ ਹੋਇਆ ਹਮਲਾ ਅਚਾਨਕ ਨਹੀਂ ਸੀ, ਇਹ ਹਮਲਾ ਇੰਦਰਾ ਗਾਂਧੀ ਨੇ ਸੋਚ-ਸਮਝ ਕੇ, ਲੰਮੀ ਯੋਜਨਾਬੰਦੀ ਨਾਲ ਮਿਥ ਕੇ ਪੂਰੇ ਯੋਜਨਾ-ਬੱਧ ਢੰਗ ਨਾਲ ਸਮੁੱਚੇ ਸਿੱਖ ਪੰਥ ਨੂੰ ਸਬਕ ਸਿਖਾਉਣ ਭਾਵ ਗੁਲਾਮੀ ਦਾ ਅਹਿਸਾਸ ਕਰਾਉਣ ਲਈ ਕੀਤਾ ਸੀ। ਇਸ ਹਮਲੇ ਨੂੰ ਗੁਰੂ ਨਾਨਕ ਵੱਲੋਂ ਜਨੇਊ ਨਾ ਪਾਉਣ ਦੇ ਇਤਿਹਾਸ ਤਕ ਖਿੱਚ ਕੇ ਪੰਜ ਸਦੀਆਂ ਦਾ ਵੈਰ ਕੱਢਣ ਵਾਲਾ ਹਮਲਾ ਕਹਿਣ ਲਈ ਅਫ਼ਜ਼ਲ ਅਹਿਸਨ ਰੰਧਾਵਾ ਦੀ ਕਵਿਤਾ ਦੀਆਂ ਸਤਰਾਂ, “ਅੱਜ ਵੈਰੀਆਂ ਕੱਢ ਵਿਖਾਲਿਆ, ਪੰਜ ਸਦੀਆਂ ਦਾ ਵੈਰ’, ਵਰਤੀਆਂ ਗਈਆਂ। ਇਸੇ ਸਿੱਕੇਬੰਦ ਥੀਸਜ਼ ਦਾ ਪ੍ਰਗਟਾਵਾ ਡਾ. ਗੁਰਭਗਤ ਸਿੰਘ ਅਤੇ ਪ੍ਰੋ. ਹਰਿੰਦਰ ਸਿੰਘ ਮਹਿਬੂਬ ਵਰਗੇ ਪ੍ਰਮੁੱਖ ਸਿੱਖ ਚਿੰਤਕਾਂ ਨੇ ਇਸ ਸੂਰਮਗਤੀ ਭਰੇ ਸਾਕੇ ਦੀ ਯਾਦ ਦੇ ‘ਜ਼ਖਮਾਂ ਨੂੰ ਸੂਰਜ ਬਣਾਉਣ’ ਵਰਗੇ ਸੱਦੇ ਦਿੰਦਿਆਂ ਆਪਣੇ ਲੇਖਾਂ ਅਤੇ ਪ੍ਰਵਚਨਾਂ ਵਿੱਚ ਬਾਰ-ਬਾਰ ਕੀਤਾ ਅਤੇ ਉਨ੍ਹਾਂ ਦਾ ਵਾਰਸ ਹੋਣ ਦਾ ਦਾਅਵਾ ਕਰਨ ਵਾਲੇ ਸਿੱਖ ਚਿੰਤਕ ਅਜਮੇਰ ਸਿੰਘ ਵੱਲੋਂ ਅੱਜ ਤਕ ਵੀ ਦੁਹਰਾਇਆ ਜਾ ਰਿਹਾ ਹੈ!
ਇਸ ਹਮਲੇ ਬਾਰੇ ਇੰਦਰਾ ਗਾਂਧੀ ਦੇ ਮਕਸਦ ਅਤੇ ਲੁਕਵੇਂ ਮਨਸੂਬਿਆਂ ਬਾਰੇ ਬੜਾ ਕੁਝ ਖੁੱਲ੍ਹ ਕੇ ਕਿਹਾ ਜਾਂਦਾ ਰਿਹਾ ਹੈ, ਪਰ ਹਮਲੇ ਦੇ ਟਾਕਰੇ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਹਥਿਆਰਬੰਦ ਕਿਲਾ ਬਣਾ ਕੇ ਸਰਕਾਰ ਨੂੰ ਵੰਗਾਰਨ ਦੀ ਨੀਤੀ ਕਿਉਂ ਅਪਣਾਈ ਗਈ?ਸੰਤ ਜਰਨੈਲ ਸਿੰਘ ਨੇ ਮਿਥ ਕੇ ਲੜਨ ਲਈ ਹਥਿਆਰ ਕਿਵੇਂ ਇਕੱਤਰ ਕੀਤੇ? ਦਰਬਾਰ ਸਾਹਿਬ ਅੰਦਰ ਮੋਰਚਾਬੰਦੀ ਕਰਨ ਦਾ ਕੀ ਮਕਸਦ ਸੀ? ਆਦਿ ਸਵਾਲਾਂ ਬਾਰੇ ਸਿੱਖ ਵਿਦਵਾਨ ਕਦੇ ਵੀ ਸਪਸ਼ਟ ਨਹੀਂ ਹੋਏ। ਸਪਸ਼ਟ ਗੱਲ ਕਰਨ ਦੀ ਥਾਂ ਬਹੁਤੇ ਵਿਦਵਾਨ ਸੰਤ ਜਰਨੈਲ ਸਿੰਘ ਵੱਲੋਂ ਫੌਜ ਨਾਲ ਲੜਨ, ਹਥਿਆਰ ਇਕੱਤਰ ਕਰਨ ਅਤੇ ਮੋਰਚਾਬੰਦੀ ਕਰਨ ਤੋਂ ਜਾਂ ਤਾਂ ਮੁਨਕਰ ਹੀ ਹੁੰਦੇ ਰਹੇ, ਜਾਂ ਇਸ ਨੂੰ ਏਜੰਸੀਆਂ ਵੱਲੋਂ ਵਧਾ-ਚੜ੍ਹਾ ਕੇ ਪੇਸ਼ ਕਰਨ ਵਾਲੀ ਗੱਲ ਕਹਿੰਦੇ ਰਹੇਕਿਉਂਕਿ ਸਭ ਕੁਝ ਏਜੰਸੀਆਂ ਦੇ ਖਾਤੇ ਪਾ ਕੇ ਇੰਦਰਾ ਗਾਂਧੀ ਨੂੰ ਦੋਸ਼ੀ ਅਤੇ ਸਿੱਖ ਧਿਰ ਨੂੰ ਪੀੜਿਤ ਸਾਬਤ ਕਰਨਾ ਸੁਖਾਲਾ ਸੀ।
ਪਰ ਪਿਛਲੇ ਦਿਨੀਂ ਸਿੱਖ ਖਾੜਕੂ ਜਰਨੈਲ ਨਰਾਇਣ ਸਿੰਘ ਚੌੜਾ ਨੇ ਸ. ਜੀ.ਬੀ.ਐੱਸ. ਸਿੱਧੂ ਦੀ ‘ਖਾਲਿਸਤਾਨ ਦੀ ਸਾਜ਼ਿਸ਼’ ਨਾਂ ਦੀ ਕਿਤਾਬ ਦੇ ਪ੍ਰਵਚਨ ਨੂੰ ਸਿਰੇ ਤੋਂ ਨਕਾਰਨ ਲਈ ‘ਖਾਲਿਸਤਾਨ ਵਿਰੁੱਧ ਸਾਜ਼ਿਸ਼’ ਕਿਤਾਬ ਲਿਖ ਕੇ ਸਿੱਖ ਬੁੱਧੀਜੀਵੀਆਂ ਵੱਲੋਂ ਸਭ ਕੁਝ ਏਜੰਸੀਆਂ ਸਿਰ ਪਾਉਣ ਵਾਲੇ ਪਿਛਲੇ ਚਾਲੀ ਸਾਲਾਂ ਦੇ ਸਾਰੇ ਬਿਰਤਾਂਤ ਰੱਦ ਕਰ ਦਿੱਤੇ ਹਨ। ਸ. ਚੌੜਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਇੰਦਰਾ ਗਾਂਧੀ ਲੰਮੇ ਸਮੇਂ ਤੋਂ ਹਮਲਾ ਕਰਨ ਦੀ ਤਿਆਰੀ ਕਰ ਰਹੀ ਸੀ ਤਾਂ ਸੰਤ ਜਰਨੈਲ ਸਿੰਘ ਵੀ ਲੰਮੇ ਸਮੇਂ ਤੋਂ ਖਾਲਸਾ ਰਾਜ (ਖਾਲਿਸਤਾਨ ਕਹਿ ਲਵੋ) ਦੀ ਮੁੜ ਬਹਾਲੀ ਲਈ ਹਥਿਆਰਬੰਦ ਜੰਗ ਲੜਨ ਵਾਸਤੇ ਤਿਆਰੀ ਕਰ ਰਹੇ ਸਨ। ਸੱਚ ਤਾਂ ਇਹ ਹੈ ਕਿ ਜਿਸ ਦਿਨ ਤੋਂ ਸਬੱਬ ਨਾਲ ਸੰਤਾਂ ਨੂੰ ਟਕਸਾਲ ਦੇ ਮੁਖੀ ਥਾਪ ਦਿੱਤਾ ਗਿਆ ਸੀ, ਉਸੇ ਪਲ ਤੋਂ ਹੀ ਉਨ੍ਹਾਂ ਦੇ ਮਨ ਅੰਦਰ ਟਕਸਾਲ ਦੇ 14ਵੇਂ ਮੁਖੀ ਵਜੋਂ ਬਾਬਾ ਦੀਪ ਸਿੰਘ ਵਾਲਾ ਸਾਕਾ ਦੁਹਰਾਉਣ ਦੀ ਲਲ੍ਹਕ ਸਮਾਈ ਹੋਈ ਸੀ। ਫਿਰ ਸਬੱਬ ਨਾਲ ਅਣਜਾਣੇ ਹੀ ਅਕਾਲੀਆਂ ਵੱਲੋਂ ਉਨ੍ਹਾਂ ਨੂੰ ਸੰਤ ਹਰਚੰਦ ਸਿੰਘ ਦੇ ਨਾਲ ਮਿਲ ਕੇ ਸ਼ਾਂਤਮਈ ਅਕਾਲੀ ਧਰਮ ਯੁੱਧ ਮੋਰਚੇ ਨੂੰ ਸੇਧ ਦੇਣ ਦਾ ਮੌਕਾ ਥਾਲੀ ਵਿੱਚ ਪਾ ਕੇ ਮੁਹਈਆ ਕਰਵਾ ਦਿੱਤਾ ਗਿਆ।
ਬੱਸ ਫਿਰ ਕੀ ਸੀ, ਇਸ ਤਿਆਰੀ ਵਜੋਂ ਸੰਤਾਂ ਨੇ ਜਲਦੀ ਹੀ ਆਪਣੇ ਪ੍ਰਵਚਨਾਂ ਵਿੱਚ ਨੌਜੁਆਨਾਂ ਨੂੰ ਪਿੰਡ-ਪਿੰਡ ਹਥਿਆਰਬੰਦ ਮੋਟਰਸਾਈਕਲੀ ਜਥੇ ਬਣਾਉਣ ਅਤੇ ਸਮੂਹ ਸਿੱਖਾਂ ਨੂੰ ਸ਼ਸ਼ਤਰਧਾਰੀ ਹੋਣ ਦੇ ਸੱਦੇ ਦੇਣੇ ਸ਼ੁਰੂ ਕਰ ਦਿੱਤੇ। ਦਰਬਾਰ ਸਾਹਿਬ ਅੰਦਰ ਹਥਿਆਰ ਇਕੱਠੇ ਕਰਨ ਦੇ ਸਵਾਲ ਨੂੰ ਸਪਸ਼ਟ ਕਰਦਿਆਂ ਸ. ਚੌੜਾ ਨੇ ਸਪਸ਼ਟ ਦੱਸਿਆ ਹੈ ਕਿ ਇਹ ਹਥਿਆਰ ਏਜੰਸੀਆਂ ਨੇ ਨਹੀਂ ਪਹੁੰਚਾਏ, ਸਗੋਂ ਸੰਤ ਜਰਨੈਲ ਸਿੰਘ ਦੇ ਸੇਵਕ ਅਤੇ ਸਿੰਘ ਖੁਦ ਲੈ ਕੇ ਆਏ ਸਨ। ਇਹ ਹਥਿਆਰ ਪੁਲੀਸ ਚੌਂਕੀਆਂ ਵਿੱਚੋਂ ਲੁੱਟੇ ਹੋਏ, ਸੁਰੱਖਿਆ ਕਰਮਚਾਰੀਆਂ ਕੋਲੋਂ ਖੋਹੇ ਹੋਏ, ਸਮਗਲਰਾਂ ਰਾਹੀਂ ਹਾਸਲ ਕੀਤੇ ਹੋਏ, ਪਾਕਿਸਤਾਨ ਤੋਂ ਪ੍ਰਾਪਤ ਕੀਤੇ ਹੋਏ ਅਤੇ ਜਨਰਲ ਸੁਬੇਗ ਸਿੰਘ ਵੱਲੋਂ ਬੰਗਲਾ ਦੇਸ਼ ਦੀ ਲੜਾਈ ਵੇਲੇ ਦੇ ਰੱਖੇ ਹੋਏ ਹਥਿਆਰ ਸਨ। ਗੱਲ ਸਪਸ਼ਟ ਹੋ ਗਈ ਕਿ ਸੰਤ ਦਰਬਾਰ ਸਾਹਿਬ ਅੰਦਰੋਂ ਜੰਗ ਲੜਨ ਲਈ ਹਥਿਆਰ ਜਮ੍ਹਾਂ ਕਰ ਰਹੇ ਸਨ ਅਤੇ ਦਰਬਾਰ ਸਾਹਿਬ ਦੇ ਬਾਹਰ ਲੜਨ ਲਈ ਸਿੱਖਾਂ ਨੂੰ ਤਿਆਰ ਹੋਣ ਦੀਆਂ ਤਾਕੀਦਾਂ ਵੀ ਹੋ ਰਹੀਆਂ ਸਨ। ਵੱਡੀ ਗੱਲ ਕਿ ਜੰਗ ਦੀ ਇਹ ਤਿਆਰੀ ਸਭ ਕੁਝ ਸੋਚ-ਸਮਝ ਕੇ ਜਾਨ ਕੁਰਬਾਨ ਕਰ ਦੇਣ ਦੇ ਮਕਸਦ ਨਾਲ ਹੀ ਹੋ ਰਹੀ ਸੀ। ਇਸ ਤੋਂ ਅੱਗੇ, ਸਿੱਖ ਧਿਰਾਂ ਹੁਣ ਤਕ ਇਹ ਕਹਿੰਦੀਆਂ ਰਹੀਆਂ ਹਨ ਕਿ ਸੰਤਾਂ ਨੇ ਤਾਂ ਖਾਲਿਸਤਾਨ ਦੀ ਮੰਗ ਕਦੇ ਕੀਤੀ ਹੀ ਨਹੀਂ ਸੀ। ਉਨ੍ਹਾਂ ਦਾ ਨਾਂ ਖਾਲਿਸਤਾਨ ਨਾਲ ਜੋੜਨਾ ਏਜੰਸੀਆਂ ਦੀ ਸ਼ਰਾਰਤ ਸੀ। ਚੌੜਾ ਜੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਸੰਤ ਖਾਲਿਸਤਾਨ ਦਾ ਸੰਵਿਧਾਨ ਵੀ ਜਾਰੀ ਕਰਨ ਵਾਲੇ ਸਨ ਅਤੇ ਐਲਾਨ ਵੀ। ਸੰਤਾਂ ਨੇ ਸਾਰੀ ਰਾਤ ਲਾ ਕੇ ਖਾਲਿਸਤਾਨ ਦਾ ਸੰਵਿਧਾਨ ਪੜ੍ਹਿਆ ਪਰ ਜਾਰੀ ਕਰਨ ਤੋਂ ਪਹਿਲਾਂ ਕੁਝ ਜਾਣਕਾਰੀ ਲੀਕ ਹੋ ਜਾਣ ਕਾਰਨ ਸੰਵਿਧਾਨ ਜਾਰੀ ਨਾ ਹੋ ਸਕਿਆ। ਖਾਲਿਸਤਾਨ ਦਾ ਐਲਾਨ ਕਰਨ ਲਈ ਸੰਤ ਕੋਲ ਟਰਾਂਸਮੀਟਰ ਸੀ, ਜੋ ਮੌਕੇ `ਤੇ ਜਾ ਕੇ ਧੋਖਾ ਦੇ ਗਿਆ। ਟਰਾਂਸਮੀਟਰ ਠੀਕ ਕਰਵਾਇਆ ਤਾਂ ਕੋਡ ਗੁੰਮ ਹੋ ਗਿਆ। ਕਹਿਣ ਦਾ ਭਾਵ ਕਿ ਤਕਨੀਕੀ ਕਾਰਨ ਕਰਕੇ ਖਾਲਿਸਤਾਨ ਦਾ ਐਲਾਨ ਹੁੰਦੇ-ਹੁੰਦੇ ਰਹਿ ਗਿਆ। ਇਸ ਤੋਂ ਅੱਗੇ ਸਿੱਖ ਹਲਕਿਆਂ ਵਿੱਚ ਕਹਾਣੀ ਵੀ ਪ੍ਰਚਲਿਤ ਹੈ ਕਿ ਹਮਲੇ ਦੌਰਾਨ ਦੋ ਅਣਜਾਣੇ ਸਿੱਖ (ਏਜੰਸੀਆਂ ਦੇ ਬੰਦੇ) ਲੌਂਗੋਵਾਲ ਨੂੰ ਖਾਲਿਸਤਾਨ ਦਾ ਐਲਾਨ ਕਰਨ ਲਈ ਕਹਿਣ ਆਏ ਪਰ ਮੁੜ ਕਿਤੇ ਨਜ਼ਰ ਨਹੀਂ ਆਏ। ਚੌੜਾ ਜੀ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਉਹ ਬੰਦੇ ਬੱਬਰ ਖਾਲਸਾ ਦੇ ਸਨ ਨਾ ਕਿ ਏਜੰਸੀਆਂ ਦੇ। ਚੌੜਾ ਜੀ ਦਾ ਕਹਿਣਾ ਹੈ ਕਿ ਸੰਤ ਲੌਂਗੋਵਾਲ ਨੇ ਖਾਲਿਸਤਾਨ ਦਾ ਐਲਾਨ ਰਿਕਾਰਡ ਕਰਨ ਲਈ ਹਾਮੀ ਭਰ ਦਿੱਤੀ ਸੀ ਪਰ ਸਿੰਘਾਂ ਕੋਲ ਟੇਪ ਰਿਕਾਰਡਰ ਨਹੀਂ ਸੀ। ਟੇਪ ਰਿਕਾਰਡਰ ਲੈਣ ਗਏ ਤਾਂ ਗੋਲਾਬਾਰੀ ਵਧ ਜਾਣ ਕਾਰਨ ਮੁੜ ਕੇ ਨਾ ਆ ਸਕੇ। ਕਹਿਣ ਦਾ ਭਾਵ ਕਿ ਜੇ ਉਸ ਵਕਤ ਉਨ੍ਹਾਂ ਕੋਲ ਟੇਪ ਰਿਕਾਰਡਰ ਹੁੰਦਾ ਤਾਂ ਖਾਲਿਸਤਾਨ ਦਾ ਐਲਾਨ ਲੌਂਗੋਵਾਲ ਨੇ ਵੀ ਰਿਕਾਰਡ ਕਰਵਾ ਦੇਣਾ ਸੀ। ਚੌੜਾ ਜੀ ਨੇ ਇਹ ਵੀ ਕਿਹਾ ਸੰਤ ਜਰਨੈਲ ਸਿੰਘ ਨੇ ਅਕਾਲ ਤਖਤ ਦੇ ਜਥੇਦਾਰ ਕਿਰਪਾਲ ਸਿੰਘ ਕੋਲ ਵੀ ਬੰਦੇ ਭੇਜੇ ਸਨ ਕਿ ਉਹ ਖਾਲਿਸਤਾਨ ਦਾ ਐਲਾਨ ਕਰ ਦੇਣ ਪਰ ਜਥੇਦਾਰ ਨੇ ਅਜਿਹਾ ਨਾ ਕੀਤਾ।
ਚੌੜਾ ਜੀ ਦੀ ਸਪਸ਼ਟ ਬਿਆਨੀ ਨੇ ਇਤਿਹਾਸ ਦੇ ਇਸ ਅਹਿਮ ਕਾਂਡ ਤੋਂ ਪਰਦਾ ਚੁੱਕ ਕੇ ਗੱਲ ਸਪਸ਼ਟ ਕਰ ਦਿੱਤੀ ਹੈ ਕਿ ਜੂਨ 1984 ਵਿੱਚ ਦਰਬਾਰ ਸਾਹਿਬ ਅੰਦਰੋਂ ਸੰਤ ਜਰਨੈਲ ਸਿੰਘ ਨੇ ਭਾਰਤੀ ਫੌਜ ਨਾਲ ਜੋ ਟੱਕਰ ਲਈ, ਉਹ ਖਾਲਸਾ ਰਾਜ ਦੀ ਮੁੜ ਬਹਾਲੀ ਲਈ ਮਿਥ ਕੇ ਲੜੀ ਗਈ ਜੰਗ ਸੀ;ਜਿਸ ਵਾਸਤੇ ਉਨ੍ਹਾਂ ਨੇ ਨਿੱਠ ਕੇ ਤਿਆਰੀ ਕੀਤੀ, ਹਥਿਆਰ ਇਕੱਤਰ ਕੀਤੇ, ਆਪਣੇ-ਆਪ ਨੂੰ ਜੂਝ ਮਰਨ ਲਈ ਤਿਆਰ ਕੀਤਾ ਅਤੇ ਦਰਬਾਰ ਸਾਹਿਬ ਤੋਂ ਬਾਹਰ ਰਹਿ ਰਹੇ ਸਿੱਖਾਂ ਨੂੰ ਦਰਬਾਰ ਸਾਹਿਬ ’ਤੇ ਹਮਲੇ ਦੀ ਖਬਰ ਸੁਣਦਿਆਂ ਹੀ ਹਥਿਆਰਬੰਦ ਬਗਾਵਤ ਕਰਕੇ ਆਜ਼ਾਦ ਖਾਲਸਾ ਰਾਜ ਦੀ ਕਾਇਮੀ ਲਈ ਪ੍ਰੇਰਿਤ ਕਰਨ ਦਾ ਲੰਮਾ ਸਿਲਸਿਲਾ ਅਰੰਭਿਆ।
ਇੱਥੇ ਹੀ ਬੱਸ ਨਹੀਂ, ਅਕਤੂਬਰ 1983 ਵਿੱਚ ਵਾਪਰੇ ਢਿੱਲਵਾਂ ਬੱਸ ਕਾਂਡ, ਜਿਸ ਵਿੱਚ ਛੇ ਹਿੰਦੂ ਮੁਸਾਫਿਰ ਬੱਸ ਵਿੱਚੋਂ ਕੱਢ ਕੇ ਮਾਰ ਦਿੱਤੇ ਗਏ ਸਨ, ਜਿਸ ਕਾਰਨ ਸਮੁੱਚਾ ਦੇਸ਼ ਹਿੱਲ ਗਿਆ ਸੀ ਅਤੇ ਦਰਬਾਰਾ ਸਿੰਘ ਦੀ ਸਰਕਾਰ ਮੁਲਤਵੀ ਕਰਕੇ ਗਵਰਨਰੀ ਰਾਜ ਲਾਗੂ ਕਰ ਦਿੱਤਾ ਗਿਆ ਸੀ - ਇਸ ਕਾਂਡ ਤੋਂ ਕੇਵਲ ਇੱਕ ਦਿਨ ਪਹਿਲਾਂ ਜੰਮੂ-ਕਸ਼ਮੀਰ ਦੇ ਉਸ ਸਮੇਂ ਦੇ ਮੁੱਖ ਮੰਤਰੀ ਡਾ. ਫਾਰੂਖ ਅਬਦੁਲਾ ਵੱਲੋਂ ਸ੍ਰੀ ਨਗਰ ਵਿੱਚ ਬੁਲਾਏ ਸਿਖਰ ਸੰਮੇਲਨ ਦੌਰਾਨ ਦੇਸ਼ ਦੀਆਂ ਸਭ ਵਿਰੋਧੀ ਧਿਰਾਂ ਦੇ ਨੇਤਾ ਸ਼ਾਂਤਮਈ ਅਕਾਲੀਆਂ ਦੀਆਂ ਜਾਇਜ਼ ਮੰਗਾਂ ਨਾ ਮੰਨਣ ਲਈ ਇੰਦਰਾ ਗਾਂਧੀ ਨੂੰ ਦੋਸ਼ੀ ਠਹਿਰਾ ਰਹੇ ਸਨ, ਪਰ ਇਸ ਕਾਂਡ ਦੇ ਵਾਪਰ ਜਾਣ ’ਤੇ ਅਗਲੇ ਦਿਨ ਤੋਂ ਹੀ ਸਥਿਤੀ ਉਲਟ ਗਈ ਅਤੇ ਉਨ੍ਹਾਂ ਸਾਰਿਆਂ ਨੇ ਪੂਰੀ ਫੌਜੀ ਤਾਕਤ ਵਰਤ ਕੇ ਸੰਤ ਭਿੰਡਰਾਂਵਾਲਿਆਂ ਨੂੰ ਤੁਰੰਤ ਉੱਥੋਂ ਕੱਢਣ ਦੀ ਮੁਹਾਰਨੀ ਪੜ੍ਹਨੀ ਸ਼ੁਰੂ ਕਰ ਦਿੱਤੀ। ਸੰਤ ਲੌਂਗੋਵਾਲ ਨੇ ਇਸ ਕਤਲ ਕਾਂਡ ਦੀ ਦੱਬਵੀਂ ਸੁਰ ਵਿੱਚ ਨਖੇਧੀ ਜ਼ਰੂਰ ਕੀਤੀ ਸੀ ਪਰ ਸੰਤ ਜਰਨੈਲ ਸਿੰਘ ਦੋਵੇਂ ਗੱਲਾਂ ਕਰੀ ਗਏ ਸਨ। ਸਿੱਖ ਹਲਕਿਆਂ ਵਿੱਚ ਹੁਣ ਤਕ ਜਿਸ ਨੂੰ ਏਜੰਸੀਆਂ ਦਾ ਕਾਰਾ ਪ੍ਰਚਾਰਿਆ ਅਤੇ ਮੰਨਿਆ ਜਾਂਦਾ ਰਿਹਾ ਹੈ, ਸ. ਚੌੜਾ ਨੇ ਇਹ ਵੀ ਸਾਫ ਕਰ ਦਿੱਤਾ ਹੈ ਕਿ ਇਸ ਕਾਂਡ ਨੂੰ ਏਜੰਸੀਆਂ ਸਿਰ ਮੜ੍ਹਨ ਵਾਲੀ ਧਾਰਨਾ ਗਲਤ ਹੈ, ਇਹ ਕਾਰਨਾਮਾ ਵੀ ਸਿੱਖ ਜੁਝਾਰੂਆਂ ਦਾ ਹੀ ਸੀ।
ਸ. ਚੌੜਾ ਦੇ ਕਥਨਾਂ ਅਨੁਸਾਰ ਜਿਨ੍ਹਾਂ ਗੱਲਾਂ ਨੂੰ 40 ਸਾਲਾਂ ਤੋਂ ਏਜੰਸੀਆਂ ਸਿਰ ਮੜ੍ਹਿਆ ਜਾਂਦਾ ਰਿਹਾ ਹੈ, ਉਹ ਠੀਕ ਨਹੀਂ ਹੈ। ਇਸ ਨਾਲ ਸਿੱਖ ਜਗਤ ਦੇ ਸਮੂਹ ਬੁੱਧੀਜੀਵੀਆਂ ਦੇ ਪਿਛਲੇ 40 ਸਾਲ ਤੋਂ ਸੰਤ ਜਰਨੈਲ ਸਿੰਘ ਦੇ ਬਿਰਤਾਂਤ ਸੰਬੰਧੀ ਸਿਰਜੇ ਤਰਕ ਅਤੇ ਸੰਦਰਭ ਰੱਦ ਹੋ ਗਏ ਹਨ ਅਤੇ ਉਨ੍ਹਾਂ ਸਾਹਮਣੇ ਸਮੁੱਚੇ ਬਿਰਤਾਂਤ ਨੂੰ ਮੁੜ ਲਿਖਣ ਦਾ ਪਹਾੜ ਜੇਡਾ ਕਾਰਿਜ ਖੜ੍ਹਾ ਹੋ ਗਿਆ ਹੈ। ਚੌੜਾ ਜੀ ਦੀ ਲਿਖਤ ਅਤੇ ਕਥਨ ਨੇ ਦਰਬਾਰ ਸਾਹਿਬ ਉੱਪਰ ਹੋਏ ਹਮਲੇ ਦੇ ਸੰਦਰਭ ਬਾਰੇ ਜੋ ਭੁਚਾਲ ਲਿਆਂਦਾ ਹੈ, ਸਿੱਖ ਜਗਤ ਉਸ ਨੂੰ ਮਹਿਸੂਸ ਕਰਨ ਤੋਂ ਅਸਮਰੱਥ ਜਾਪਦਾ ਹੈ ਅਤੇ ਸਮਝਣ ਵਾਲਿਆਂ ਦੀ ਗਿਣਤੀ ਤਾਂ ਬਿਲਕੁਲ ਨਿਗੂਣੀ ਹੋਵੇਗੀ।
ਸੰਤ ਜਰਨੈਲ ਸਿੰਘ ਦੇ ਬਿਰਤਾਂਤ ਬਾਰੇ ਅਤੇ ਉਸ ਵੱਲੋਂ ਮਿਥ ਕੇ ਭਾਰਤੀ ਫੌਜ ਨਾਲ ਲੜਨ ਬਾਰੇ ਮੇਰੀ ਸਮਝ ਇਹ ਹੈ:
1947 ਵਿੱਚ ਸਿੱਖਾਂ ਦਾ ਭਾਰਤ ਨਾਲ ਬਣਿਆ ਰਾਜਨੀਤਕ ਰਿਸ਼ਤਾ ਸਿੱਖਾਂ ਦੀਆਂ ਕਈ ਧਿਰਾਂ ਨੂੰ ਪਸੰਦ ਨਹੀਂ ਸੀ। ਕਈ ਇਸ ਵਿੱਚ ਕੁਝ ਤਬਦੀਲੀਆਂ ਚਾਹੁੰਦੇ ਸਨ ਅਤੇ ਸਿੱਖਾਂ ਵਿਚਲੀ ਇੱਕ ਧਾਰਾ ਇਸ ਨੂੰ ਬਿਲਕੁਲ ਹੀ ਰੱਦ ਕਰਕੇ ਤੋੜ ਦੇਣ ਦਾ ਵਿਚਾਰ ਰੱਖਦੀ ਸੀ। ਸ. ਗਜਿੰਦਰ ਸਿੰਘ ਦੀ ਕਵਿਤਾ ਦੇ ਬੋਲ, “ਜੰਗ ਹਿੰਦ ਪੰਜਾਬ ਦਾ ਮੁੜ ਹੋਸੀ, ਹੋਇਆ ਕੀ ਜੇ ਸਾਥੋਂ ਖੁੱਸੀਆਂ ਸਰਦਾਰੀਆਂ ਨੇ। ਉੰਨਾ ਚਿਰ ਜੰਗ ਹੈ ਜਾਰੀ ਰਹਿਣੀ, ਜਦੋਂ ਤਕ ਜਿੱਤਦੀਆਂ ਨਹੀਂ ਜੋ ਹਾਰੀਆਂ ਨੇ’, ਇਸੇ ਧਾਰਾ ਦੀ ਹੀ ਤਰਜ਼ਮਾਨੀ ਸੀ। ਇਸੇ ਪ੍ਰਥਾਏ ਡਾ. ਗੁਰਭਗਤ ਸਿੰਘ ‘ਓਪਰੇਸ਼ਨ ਬਲੂ ਸਟਾਰ ਨੂੰ ਗੰਭੀਰਤਾ ਨਾਲ ਵਿਚਾਰਨ ਦੀ ਲੋੜ’ ਸਿਰਲੇਖ ਹੇਠ ਆਪਣੇ ਲੇਖ ਵਿੱਚ ਦੱਸਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਪਿੱਛੋਂ ਖਾਲਸਾ ਰਾਜ ਦੀ ਬਰਬਾਦੀ ਨਾਲ ਸਿੱਖਾਂ ਨੇ ਸੁਤੰਤਰ ਪੰਜਾਬੀ ਰਾਜ ਸਥਾਪਤ ਕਰਨ ਲਈ ਜੋ ਭੂਮਿਕਾ ਨਿਭਾਈ ਸੀ, ਉਹ ਛੇਤੀ ਸਮਾਪਤ ਹੋ ਜਾਣ ਕਾਰਨ ਉਨ੍ਹਾਂ ਅੰਦਰ ਸਦਾ ਰਹਿਣ ਵਾਲੀ ਅਸੰਤੁਸ਼ਟਾ ਘਰ ਕਰ ਗਈ ਸੀ।
ਜ਼ਾਹਿਰ ਹੈ ਕਿ 10 ਫਰਵਰੀ, 1846 ਨੂੰ ਸਭਰਾਵਾਂ ਵਿਖੇ ਹੋਈ ਹਾਰ ਸਿੱਖਾਂ ਦੀ ਇਸ ਧਾਰਾ ਦੇ ਸੀਨੇ ਸੂਲ ਵਾਂਗ ਚੁਭੀ ਹੋਈ ਸੀ। ਉਸ ਹਾਰ ਦੀ ਚਸਕ ਅਤੇ ਖੁੱਸੇ ਸਿੱਖ ਰਾਜ ਦੀ ਮੁੜ ਬਹਾਲੀ ਦਾ ਜਨੂੰਨ ਉਨ੍ਹਾਂ ਨੂੰ ਨਫਾ-ਨੁਕਸਾਨ ਸੋਚੇ ਬਗੈਰ ਹਥਿਆਰਬੰਦ ਲੜਾਈ ਛੇੜਨ ਲਈ ਧੂਹ ਪਾ ਰਿਹਾ ਸੀ ਅਤੇ ਉਹ ਸ਼ਮਾਂ ’ਤੇ ਪ੍ਰਵਾਨਿਆਂ ਵਾਂਗ ਕੁਰਬਾਨ ਹੋਣ ਲਈ ਬੇਸਬਰੀ ਨਾਲ ਮੌਕਾ ਤਲਾਸ਼ ਰਹੇ ਸਨ। ਸਿੱਖਾਂ ਵਿਚਲੀ ਇਹ ਧਾਰਾ ਗਦਰੀ ਬਾਬਿਆਂ ਦੀ ਸੋਚ, “ਕਦੇ ਮੰਗਿਆਂ ਮਿਲਣ ਆਜ਼ਾਦੀਆਂ ਨਾ, ਹੁੰਦੇ ਤਰਲਿਆਂ ਨਾਲ ਨਾ ਰਾਜ ਲੋਕੋ। ਗੱਲਾਂ ਨਾਲ ਗੁਲਾਮੀ ਨਾ ਦੂਰ ਹੋਵੇ, ਸ਼ਾਂਤਮਈ ਨਾ ਕੋਈ ਇਲਾਜ ਲੋਕੋ’, ਵਾਂਗ ਲੜ ਕੇ ਹੀ ਆਜ਼ਾਦੀ ਹਾਸਲ ਕਰਨ ਵਾਲੇ ਵਿਚਾਰ ਤੋਂ ਕਾਇਲ ਸਨ। ਐਸੇ ਵਿਚਾਰਾਂ ਵਾਲਿਆਂ ਨੇ 1980 ਤੋਂ 1984 ਦਰਮਿਆਨ ਖਾਲਿਸਤਾਨ ਬਣਾਉਣ ਲਈ ਇੱਕ ਬੜੀ ਸਰਲ ਯੁੱਧਨੀਤੀ ਘੜੀ। ਅਕਾਲੀ ਮੋਰਚੇ ਦੌਰਾਨ 1984 ਤਕ ਹਾਲਾਤ ਬਹੁਤ ਤਲਖੀ ਵਾਲੇ ਬਣ ਚੁੱਕੇ ਸਨ। ਸ੍ਰੀਮਤੀ ਇੰਦਰਾ ਗਾਂਧੀ ਵੀ ਇਸ ਮਸਲੇ ਨੂੰ ਹੱਲ ਕਰਨ ਦੀ ਬਜਾਇ ਇਸਦਾ ਰਾਜਸੀ ਲਾਹਾ ਲੈਣ ਦੀ ਨੀਯਤ ਨਾਲ ਹਾਲਾਤ ਵਿਗੜਨ ਦੇਈ ਜਾ ਰਹੀ ਸੀ। ਉਹ ਸਮੱਸਿਆ ਦੇ ਵਧ ਜਾਣ ਕਾਰਨ ਭੈਅ-ਭੀਤ ਹੋਈ ਹਿੰਦੂ ਵੋਟ ਨੂੰ ਆਪਣੇ ਹੱਕ ਵਿੱਚ ਕਰਨ ਲਈ ਵੱਡੇ ਮਾਅਰਕੇ ਵਾਲੀ ਕਾਰਵਾਈ ਕਰਨ ਦੀ ਤਾਕ ਵਿੱਚ ਸੀ। ਦੂਸਰੇ ਪਾਸੇ ਖਾਲਿਸਤਾਨ ਦੇ ਇੱਛੁਕ ਲੋਕ ਮਹਿਸੂਸ ਕਰ ਰਹੇ ਸਨ ਕਿ ਗੱਲ ਸਿੱਖਾਂ ਦਾ ਦੇਸ਼ ਬਣਨ ਵਾਲੇ ਰਾਹ ਪੈ ਰਹੀ ਹੈ। ਉਹ ਖੁਸ਼ ਜ਼ਰੂਰ ਸਨ ਪਰ ਉਨ੍ਹਾਂ ਦੀ ਰਾਜਨੀਤਕ ਤਿਆਰੀ ਬਿਲਕੁਲ ਨਹੀਂ ਸੀ। ਲੋਕਾਂ ਨੂੰ ਤਿਆਰ ਕਰਨਾ ਤਾਂ ਦੂਰ ਦੀ ਗੱਲ, ਉਹ ਖੁੱਲ੍ਹ ਕੇ ਖਾਲਿਸਤਾਨ ਦੀ ਗੱਲ ਵੀ ਨਹੀਂ ਸੀ ਕਰਦੇ। ਇੱਕ ਰਣਨੀਤੀ ਤਹਿਤ ਉਹ ਇਹ ਆਖਦੇ ਸਨ ਕਿ ਜੇ ਇੰਦਰਾ ਦੇਊ ਤਾਂ ਲੈ ਜ਼ਰੂਰ ਲਵਾਂਗੇ, ਮੰਗਦੇ ਅਜੇ ਨਹੀਂ। ਅਸਲ ਵਿੱਚ ਇਹ ਖਾਲਿਸਤਾਨ ਬਣਾਉਣ ਲਈ ਘੜੀ ਗਈ ਜਟਕੇ ਫੰਧ ਵਾਲੀ ਨੀਤੀ ਦੀ ਉੱਪਰਲੀ ਪਰਤ ਸੀ। ਇਸ ਜਟਕੇ ਫੰਧ ਦੀ ਨੀਤੀ ਦਾ ਸੂਤਰਧਾਰ ਸਨ ਸੰਤ ਜਰਨੈਲ ਸਿੰਘ। ਸੰਤ ਅਤੇ ਉਸਦੇ ਸਾਥੀ ਕਿਸੇ ਲਾਲਸਾ ਬਗੈਰ ਸਿੱਖ ਰਾਜ ਦੀ ਮੁੜ ਬਹਾਲੀ ਵਾਲਾ ਕ੍ਰਿਸ਼ਮਾ ਕਰ ਵਿਖਾਉਣ ਲਈ ਕੁਰਬਾਨੀ ਵਾਸਤੇ ਤਿਆਰ-ਬਰ-ਤਿਆਰ ਸਨ। ਲੋਕਾਂ ਨੂੰ ਤਿਆਰ ਕਰਨ ਵਾਸਤੇ ਰਾਜਨੀਤਕ ਪ੍ਰੋਗਰਾਮ ਦੀ ਥਾਂ ਉਨ੍ਹਾਂ ਸਿੱਖਾਂ ਦੀ ਦਰਬਾਰ ਸਾਹਿਬ ਨਾਲ ਧਾਰਮਿਕ ਜਜ਼ਬਾਤੀ ਸਾਂਝ ਨੂੰ ਵਰਤਣ ਦਾ ਪੈਂਤੜਾ ਅਪਣਾਇਆ। ਲੋਕਾਂ ਦਾ ਭਰੋਸਾ ਜਿੱਤਣ ਲਈ ਪੁਰਾਤਨ ਸਿੰਘਾਂ ਵਾਂਗ ਜੂਝ ਮਰਨ ਦਾ ਪ੍ਰਣ ਕੀਤਾ ਗਿਆ। ਇੱਕ ਰਾਜ ਵਿੱਚੋਂ ਵੱਖਰਾ ਰਾਜ ਪੈਦਾ ਕਰਨ ਲਈ ਲੋਕਾਂ ਦਾ ਉੱਠਣਾ ਵੀ ਜ਼ਰੂਰੀ ਹੁੰਦਾ ਹੈ। ਲੋਕਾਂ ਨੂੰ ਉਠਾਉਣ ਲਈ ਪ੍ਰਰੇਣਾ ਸ੍ਰੋਤ ਵਜੋਂ ਕਿਸੇ ਰਾਜਨੀਤਕ ਪ੍ਰੋਗਰਾਮ ਦੀ ਥਾਂ ਧਾਰਮਿਕ ਜਜ਼ਬਾਤਾਂ ਨੂੰ ਉਬਾਲਾ ਦੇਣ ’ਤੇ ਟੇਕ ਰੱਖੀ ਗਈ। ਇਸ ਜਟਕਾ ਨੀਤੀ ਰਾਹੀਂ ਖਾਲਿਸਤਾਨ ਸਿਰਜਣ ਦੇ ਦੋ ਮੁੱਖ ਹਿੱਸੇ ਸਨ। ਪਹਿਲਾ, ਦਰਬਾਰ ਸਾਹਿਬ ’ਤੇ ਹਮਲਾਵਰ ਫੌਜ ਨੂੰ ਕੁਝ ਸਮੇਂ ਲਈ ਰੋਕਣਾ, ਜਿਸ ਵਾਸਤੇ ਹਥਿਆਰ ਜਮ੍ਹਾਂ ਕੀਤੇ ਗਏ ਅਤੇ ਮੋਰਚਾਬੰਦੀ ਕੀਤੀ ਗਈ। ਦੂਸਰਾ, ਦਰਬਾਰ ਸਾਹਿਬ ’ਤੇ ਹਮਲੇ ਦੀ ਖਬਰ ਸੁਣਦਿਆਂ ਹੀ ਰੋਸ ਨਾਲ ਭਰੇ ਪਿੰਡਾਂ ਦੇ ਲੋਕ ਉੱਠ ਖਲੋਣ ਅਤੇ ਸਾਰੇ ਪਾਸੇ ਆਰਾਜਕਤਾ ਫੈਲਾ ਦੇਣ। ਖਾਲਿਸਤਾਨੀ ਸਿਧਾਂਤਕਾਰਾਂ ਦੀ ਸੋਚ ਸੀ ਕਿ ਇਸ ਅਫਰਾ-ਤਫਰੀ ਕਾਰਨ ਹਾਲਾਤ ਸਟੇਟ ਦੇ ਕਾਬੂ ਤੋਂ ਬਾਹਰ ਹੋ ਜਾਣਗੇ ਅਤੇ ਇੱਕ ਨਵੇਂ ਦੇਸ਼ ਖਾਲਿਸਤਾਨ ਦਾ ਜਨਮ ਹੋ ਜਾਏਗਾ। ਲੋਕਾਂ ਨੂੰ ਇਸ ਬਗਾਵਤ ਲਈ ਤਿਆਰ ਕਰਨ ਦੇ ਮਨੋਰਥ ਨਾਲ ਸੰਤ ਜਰਨੈਲ ਸਿੰਘ ਮੰਜੀ ਸਾਹਿਬ ਤੋਂ ਸਿੱਖਾਂ ਨੂੰ ਹਥਿਆਰਬੰਦ ਹੋਣ ਦੀਆਂ ਅਪੀਲਾਂ ਕਰਿਆ ਕਰਦੇ ਸਨ। ਸਿੱਖਾਂ ਨੂੰ ਇਹ ਵੀ ਕਿਹਾ ਜਾਂਦਾ ਸੀ ਕਿ ਰੱਖਣੀ ਆਪਾਂ ਸ਼ਾਂਤੀ ਆ ਪਰ ਜਿਸ ਦਿਨ ਦਰਬਾਰ ਸਾਹਿਬ ’ਤੇ ਹਮਲਾ ਹੋ ਜਾਵੇ, ਫਿਰ ਢਿੱਲ ਨਹੀਂ ਕਰਨੀ। ਉਸ ਦਿਨ ਤੁਹਾਡੇ ਵੱਲੋਂ ਗੁਰੂ ਦੇ ਨਿੰਦਕ ਅਤੇ ਜੋ ਵੀ ਕੌਮ ਦੇ ਉਲਟ ਹੋਵੇ, ਸਭ ਸੋਧ ਦਿੱਤੇ ਜਾਣੇ ਚਾਹੀਦੇ ਆ। ਜਦੋਂ ਪਤਾ ਲੱਗ ਜਾਏ ਕਿ ਸਰਕਾਰ ਨੇ ਚਾਰਦੀਵਾਰੀ ਅੰਦਰ ਆ ਕੇ ਹਮਲਾ ਕੀਤਾ, ਸਿੰਘ ਮਾਰੇ ਆ, ਫਿਰ ਕੋਈ ਹੁਕਮ ਨਾ ਉਡੀਕਦੇ ਰਿਹੋ। ਹੁਕਮ ਅੱਜ ਈ ਲੈ ਜੋ ਪੱਲੇ ਬੰਨ੍ਹ ਕੇ। ਦਰਬਾਰ ਸਾਹਿਬ ਨਾਲ ਜੁੜੇ ਸਿੱਖਾਂ ਦੇ ਗੂੜ੍ਹੇ ਧਾਰਮਿਕ ਜਜ਼ਬਾਤਾਂ ਅਤੇ ਦਰਬਾਰ ਸਾਹਿਬ ਦੀ ਰੱਖਿਆ ਲਈ ਸਿੱਖਾਂ ਦੀਆਂ ਕੁਰਬਾਨੀਆਂ ਦੀ ਇਤਿਹਾਸਕ ਪ੍ਰਸੰਗਤਾ ਕਾਰਨ ਸੰਤ ਦੀਆਂ ਇਹ ਗੱਲਾਂ ਆਮ ਸਿੱਖਾਂ ਨੂੰ ਧੁਰ ਅੰਦਰ ਤਕ ਟੁੰਬ ਜਾਂਦੀਆਂ ਸਨ। ਆਪਣੇ ਵੱਲੋਂ ਜਾਨ ਵਾਰਨ ਅਤੇ ਹੋਣ ਵਾਲੇ ਯੁੱਧ ਬਾਰੇ ਉਹ ਖੁੱਲ੍ਹ-ਮ-ਖੁੱਲ੍ਹਾ ਕਿਹਾ ਕਰਦਾ ਸੀ ਕਿ ਇਸ ਗੱਲੋਂ ਨਿਸ਼ਚਿੰਤ ਰਿਹੋ ਕਿ ਕੋਈ ਆਏਗਾ ਤੇ ਮੈਨੂੰ ਫੜ ਕੇ ਲੈ ਜਾਊਗਾ। ਜਿਹੜਾ ਆਇਆ ਤੁਰ ਕੇ ਉਹ ਵੀ ਨਹੀਂ ਜਾਂਦਾ, ਫੱਟੇ ’ਤੇ ਪਾ ਕੇ ਲਿਜਾਣਗੇ। ਦਰਬਾਰ ਸਾਹਿਬ ਦੀ ਰੱਖਿਆ ਖਾਤਿਰ ਕੁਰਬਾਨ ਹੋ ਜਾਣ ਨੂੰ ਆਪਣੀ ਰਣਨੀਤੀ ਦੇ ਕੇਂਦਰ ਵਿੱਚ ਰੱਖ ਕੇ ਉਹ ਆਪਣੀ ਕੁਰਬਾਨੀ ਦੀ ਵਚਨਬੱਧਤਾ, “ਸ਼ਾਹ ਮੁਹੰਮਦਾ ਸਿਰਾਂ ਦੀ ਲਾਇ ਬਾਜ਼ੀ, ਨਹੀਂ ਮੋੜਦੇ ਸੂਰਮੇ ਅੰਗ ਮੀਆਂ’, ਅਨੁਸਾਰ ਅਕਸਰ ਹੀ ਦੁਹਰਾਉਂਦੇ ਰਹਿੰਦੇ ਸੀ। ਇਸੇ ਮੁੱਦੇ ’ਤੇ ਹੀ ਉਹ ਬਾਕੀ ਸਿੱਖਾਂ ਨੂੰ ਹਥਿਆਰਬੰਦ ਹੋਣ ਅਤੇ ਕੁਰਬਾਨੀ ਵਾਸਤੇ ਤਿਆਰ ਰਹਿਣ ਦੀਆਂ ਅਪੀਲਾਂ ਕਰਦੇ ਸੀ। ਕੁੱਲ ਮਿਲਾ ਕੇ ਖਾਲਿਸਤਾਨ ਦੇ ਯੁੱਧ ਦੀ ਰਣਨੀਤੀ ਦਰਬਾਰ ਸਾਹਿਬ ਦੀ ਰੱਖਿਆ ਦਾ ਧਰਮ ਯੁੱਧ ਬਣਾ ਕੇ ਲੜਨ ਦੀ ਵਿਉਂਤੀ ਗਈ ਸੀ।
ਮਈ 1984 ਤਕ ਸੂਬੇ ਦੇ ਹਾਲਾਤ ਯੁੱਧ ਵਰਗੇ ਬਣ ਗਏ ਸਨ। ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਇਮਤਿਹਾਨ ਮੁਲਤਵੀ ਕਰ ਦਿੱਤੇ ਗਏ ਸਨ। ਸ. ਹਰਮਿੰਦਰ ਸਿੰਘ ਸੰਧੂ ਵੱਲੋਂ ਬਣਾਈ ਦਸ਼ਮੇਸ਼ ਰੈਜਮੈਂਟ ਵੱਲੋਂ ਰਾਜਸੀ ਵਿਅਕਤੀਆਂ ਨੂੰ ਕਤਲ ਕਰਨ ਅਤੇ ਸਰਦੂਲ ਸਿੰਘ ਦੇ ਨਾਮ ਹੇਠ ਜ਼ਿੰਮੇਵਾਰੀਆਂ ਲੈਣ ਦੀ ਧਾਂਕ ਪੈ ਚੁੱਕੀ ਸੀ। ਇੱਕੋ ਰਾਤ ਸੂਬੇ ਭਰ ਵਿੱਚ 36 ਰੇਲਵੇ ਸਟੇਸ਼ਨਾਂ ਨੂੰ ਅੱਗ ਲਾ ਕੇ ਇਹ ਸੁਨੇਹਾ ਦੇ ਦਿੱਤਾ ਗਿਆ ਸੀ ਕਿ ਲੜਨ ਵਾਲੀਆਂ ਧਿਰਾਂ ਸੰਗਠਿਤ ਹੋ ਕੇ ਸਾਰੇ ਸੂਬੇ ਵਿੱਚ ਫੈਲ ਚੁੱਕੀਆਂ ਹਨ। ਸ਼ਾਇਦ ਇਹ ਖਾਲਿਸਤਾਨ ਲਈ ਹੋਣ ਵਾਲੇ ਯੁੱਧ ਦੀ ਤਿਆਰੀ ਪਰਖਣ ਲਈ ਕੀਤੀ ਗਈ ਰਿਹਰਸਲ ਸੀ। ਇਨ੍ਹਾਂ ਘਟਨਾਵਾਂ ਦੇ ਸਾਰੇ ਵੇਰਵੇ ਬਲਜੀਤ ਸਿੰਘ ਖਾਲਸਾ ਵੱਲੋਂ ਲਿਖਤ ‘ਰੌਸ਼ਨ ਦਿਮਾਗ: ਸ਼ਹੀਦ ਭਾਈ ਹਰਮਿੰਦਰ ਸਿੰਘ ਸੰਧੂ’ ਨਾਂ ਦੀ ਪੁਸਤਕ ਵਿੱਚ ਦਿੱਤੇ ਹੋਏ ਹਨ। ਭਾਵੇਂ ਅਕਾਲੀ ਦਲ ਬੁਰੀ ਤਰ੍ਹਾਂ ਡਰਿਆ ਅਤੇ ਸਹਿਮਿਆ ਹੋਇਆ ਸੀ ਫਿਰ ਵੀ ਉਨ੍ਹਾਂ ਨੇ ਮੋਰਚੇ ਦੇ ਅਗਲੇ ਪੜਾਅ ਵਿੱਚ 3 ਜੂਨ 1984 ਤੋਂ ਨਾ ਮਿਲਵਰਤਨ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਸੀ। ਹਾਲਾਤ ਯੁੱਧ ਵਾਲੇ ਬਣੇ ਹੋਏ ਸਨ। ਜਟਕੇ ਫੰਧ ਵਾਲੀ ਨੀਤੀ ਤਹਿਤ ਖਾਲਿਸਤਾਨ ਲਈ ਯੁੱਧ ਲੜਨ ਲਈ ਤਿਆਰ ਬੈਠੀ ਧਿਰ, “ਚੁੱਪੇ ਕੀਤਿਆਂ ਆਪਣਾ ਕੰਮ ਪਾਈਐ, ਉੱਚੀ ਬੋਲਿਆ ਨਹੀਂ ਵਹੀਵਣਾ ਜੀ’, ਅਨੁਸਾਰ ਖਾਲਿਸਤਾਨ ਬਾਰੇ ਚੁੱਪ ਸੀ। ਪਰ ਸਰਕਾਰ ਨੂੰ ਇਸ ਜਟਕੀ ਨੀਤੀ ਦਾ ਭੇਦ ਮਾਲੂਮ ਸੀ, ਉਨ੍ਹਾਂ ਵਿਆਪਕ ਪ੍ਰਬੰਧ ਕਰ ਕੇ ਹੀ ਯੁੱਧ ਛੇੜਿਆ। ਜਦੋਂ ਯੁੱਧ ਛਿੜਿਆ ਤਾਂ ਸਾਰੇ ਪੰਜਾਬ ਵਿੱਚ ਕਰਫਿਊ ਲੱਗਾ ਹੋਇਆ ਸੀ। ਦਰਬਾਰ ਸਾਹਿਬ ਅੰਦਰ ਲੜਨ ਵਾਲਿਆਂ ਨੇ ਫੌਜ ਨਾਲ ਲੜਾਈ ਲੜੀ, ਕੀਤੇ ਵਾਅਦਿਆਂ ਅਨੁਸਾਰ ਜਾਨਾਂ ਵਾਰੀਆਂ। ਪਰ ਪਿੰਡਾਂ ਵਿੱਚ ਉਹ ਬਗਾਵਤ ਨਾ ਹੋ ਸਕੀ ਜਿਸ ਵਾਸਤੇ ਸੰਤ ਜਰਨੈਲ ਸਿੰਘ ਸਿੱਖਾਂ ਨੂੰ ਤਿਆਰ ਕਰਨ ਦੇ ਯਤਨ ਕਰਦੇ ਆ ਰਹੇ ਸਨ। ਜੋ ਵਾਪਰਿਆ ਅਫਜ਼ਲ ਅਹਿਸਨ ਰੰਧਾਵਾ ਦੇ ਲਫਜ਼ਾਂ ਵਿੱਚ ਉਹ ਇਹ ਸੀ:
“ਮੇਰਾ ਸ਼ੇਰ ਬਹਾਦਰ ਸੂਰਮਾ,
ਜਰਨੈਲਾਂ ਦਾ ਜਰਨੈਲ।
ਉਸ ਮੌਤ ਵਿਆਹੀ ਹੱਸ ਕੇ,
ਉਸਦੇ ਦਿਲ ’ਤੇ ਰਤਾ ਨਾ ਮੈਲ।
ਪਰ ਕੋਈ ਨਾ ਉਹਨੂੰ ਬਹੁੜਿਆ,
ਉਹਨੂੰ ਵੈਰੀਆਂ ਮਾਰਿਆ ਘੇਰ।
ਉਂਝ ਘਰਾਂ ਵਿੱਚ ਡੱਕੇ ਰਹਿ ਗਏ,
ਮੇਰੇ ਲੱਖਾਂ ਪੁੱਤਰ ਸ਼ੇਰ।”
ਪਿੰਡਾਂ ਵਿੱਚ ਅਫਰਾ-ਤਫਰੀ ਨਾ ਫੈਲ ਸਕਣ ਦੇ ਦੋ ਕਾਰਨ ਸਨ। ਇੱਕ ਤਾਂ ਲੋਕ ਅਜੇ ਐਡੀ ਬਗਾਵਤ ਵਾਸਤੇ ਤਿਆਰ ਨਹੀਂ ਸਨ ਅਤੇ ਦੂਸਰਾ, ਫੌਜ ਦੀ ਪੂਰੀ ਸਖਤੀ ਸੀ। ਕਾਫੀ ਗਿਣਤੀ ਵਿੱਚ ਸਿੱਖ ਸੰਤਾਂ ਨਾਲ ਸਹਿਮਤ ਵੀ ਨਹੀਂ ਸਨ, ਪਰ ਦਰਬਾਰ ਸਾਹਿਬ ’ਤੇ ਕੀਤੇ ਗਏ ਹਮਲੇ ਕਾਰਨ ਭਾਰੀ ਰੋਸ ਅਤੇ ਗੁੱਸੇ ਵਿੱਚ ਜ਼ਰੂਰ ਸਨ। ਉਹ ਇਸ ਨੂੰ ਇੰਦਰਾ ਵੱਲੋਂ ਕੀਤਾ ਵੱਡਾ ਪਾਪ ਮੰਨਦੇ ਸਨ। ਹਮਲੇ ਕਾਰਨ ਮਨੋਂ ਦੁਖੀ ਸਿੱਖ ਵੀ ਹਥਿਆਰ ਚੁੱਕਣ ਲਈ ਅਜੇ ਤਿਆਰ ਨਹੀਂ ਸਨ। ਦਰਬਾਰ ਸਾਹਿਬ ਤੋਂ ਲੜਨ ਵਾਲਿਆਂ ਤਾਂ 6 ਜੂਨ ਤਕ ਫੌਜ ਰੋਕ ਰੱਖੀ ਪਰ ਬਾਕੀ ਸੂਬੇ ਵਿੱਚ ਯੁੱਧ ਨਾ ਛਿੜਨ ਕਾਰਨ ਸਿੱਖ 6 ਜੂਨ ਨੂੰ ਸ਼ਾਮ ਦੇ 5 ਵਜੇ ਤਕ ਭਾਰਤ ਵਿੱਚ ਖਾਲਿਸਤਾਨ ਦਾ ਪਹਿਲਾ ਯੁੱਧ ਹਾਰ ਗਏ। ਸੰਤ ਆਪਣੇ ਸਾਥੀਆਂ ਸਮੇਤ ਸ਼ਹੀਦ ਹੋ ਗਏ, ਸਿੱਖਾਂ ਨੇ ਰਾਜ ਲੈਣ ਲਈ ਜੰਗ ਲੜ ਕੇ ਦੇਖ ਲਈ।
ਸਮੁੱਚੇ ਹਾਲਾਤ ਘੋਖਣ ਤੋਂ ਬਾਅਦ ਮੈਂ ਨਿਚੋੜ ਕੱਢਿਆ ਹੈ ਕਿ ਜੇਕਰ 1984 ਨਾ ਵੀ ਵਾਪਰਦਾ ਤਾਂ ਵੀ ਸਿੱਖਾਂ ਨੇ ਆਪਣੇ ਖੁੱਸੇ ਰਾਜ ਦੀ ਮੁੜ ਪ੍ਰਾਪਤੀ ਲਈ ਇੱਕ ਵਾਰ ਹਥਿਆਰਬੰਦ ਜੰਗ ਲੜਨੀ ਹੀ ਲੜਨੀ ਸੀ। 1984 ਵਿੱਚ ਨਾ ਲੜਦੇ ਤਾਂ ਕਦੇ ਬਾਅਦ ਵਿੱਚ ਲੜ ਲੈਂਦੇ। ਸੰਤਾਂ ਨੂੰ ਵੀ ਸਮਝਾਉਣ ਅਤੇ ਵਰਜਣ ਵਾਲੇ ਬਹੁਤ ਸਨ। ਸਿਰਦਾਰ ਕਪੂਰ ਸਿੰਘ ਦੇ ਪ੍ਰਵਚਨਾਂ ਤੋਂ ਪ੍ਰੇਰਣਾ ਲੈਂਦਿਆਂ ਨਵੇਂ ਨਵੇਂ ਸਿੱਖ ਸੰਘਰਸ਼ ਦੇ ਹੱਕ ਵਿੱਚ ਮੈਦਾਨ ਵਿੱਚ ਸਾਹਮਣੇ ਆਏ ਪੰਜਾਬ ਦੇ ਪੁਰਾਣੇ ਸ਼੍ਰੋਮਣੀ ਨਾਵਲਕਾਰ ਸ. ਜਸਵੰਤ ਸਿੰਘ ਕੰਵਲ ਨੇ ਆਪਣੀ ਪੂਰੀ ਵਾਹ ਲਾਈ। ਪਰ ‘ਸ਼ਾਹ ਮੁਹੰਮਦਾ ਭੱਜਣਾ ਰਣੋਂ ਭਾਰੀ, ਜੁਟੇ ਸੂਰਮੇ ਆਖ ਤੂੰ ਕਦੋਂ ਮੁੜਦੇ।’ ਰਣ ਤੱਤੇ ਲਈ ਤਤਪਰ ਯੋਧੇ ਕਿਸੇ ਦੀ ਕਦੋਂ ਸੁਣਦੇ ਹਨ।
ਨਰਾਇਣ ਸਿੰਘ ਚੌੜਾ ਨੇ ਪਿਛਲੇ 40 ਸਾਲ ਦੇ ਧੁੰਦਲਕੇ ਨੂੰ ਸਾਫ ਕਰਦੇ ਹੋਏ ਸਪਸ਼ਟ ਕਰ ਦਿੱਤਾ ਹੈ ਕਿ ਸੰਤ ਜਰਨੈਲ ਸਿੰਘ ਵੱਲੋਂ 1984 ਵਿੱਚ ਭਾਰਤੀ ਫੌਜ ਨਾਲ ਲਈ ਟੱਕਰ ਖੁੱਸੇ ਹੋਏ ਸਿੱਖ ਰਾਜ ਦੀ ਮੁੜ ਪ੍ਰਾਪਤੀ ਵਾਸਤੇ ਮਿਥ ਕੇ ਲੜੀ ਗਈ ਜੰਗ ਸੀ, ਇਹ ਏਜੰਸੀਆਂ ਦਾ ਖੇਲ੍ਹ ਕਤਈ ਨਹੀਂ ਸੀ। ਸ੍ਰੀ ਅਕਾਲ ਤਖਤ ਨੂੰ ਕਿਲਾ ਬਣਾ ਕੇ ਸੰਤ ਜਰਨੈਲ ਸਿੰਘ ਵੱਲੋਂ ਜੰਗ ਲੜਨ ਦਾ ਪੜੁੱਲ ਜਨਰਲ ਸ਼ੁਬੇਗ ਸਿੰਘ ਵਰਗੇ ਜਾਂਬਾਜ਼ ਜਰਨੈਲ ਦੀ ਸਲਾਹ ਨਾਲ ਪੂਰੀ ਤਰ੍ਹਾਂ ਗਿਣ-ਮਿਥ ਕੇ ਬੰਨ੍ਹਿਆ ਗਿਆ ਸੀ। ਇਸ ਪ੍ਰਥਾਏ ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੇ ‘ਸਿੱਖ ਸੁਰਤਿ ਦੀ ਪਰਵਾਜ਼’ ਨਾਂ ਦੀ ਆਪਣੀ ਪੁਸਤਕ ਵਿੱਚ ਸਿੱਖ ਇਤਿਹਾਸ ਵਿੱਚ ਸੰਤ ਜਰਨੈਲ ਸਿੰਘ ਦੀ ਭੂਮਿਕਾ ਬਾਰੇ ਸ. ਕਰਮਜੀਤ ਸਿੰਘ ਨੂੰ ਦਿੱਤੀ ਇੱਕ ਅਹਿਮ ਇੰਟਰਵਿਊ ਵਿੱਚ ਵੀ ਅਜਿਹੇ ਹੀ ਵਿਚਾਰ ਪ੍ਰਗਟਾਏ ਹੋਏ ਹਨ। ਸ. ਕਰਮਜੀਤ ਸਿੰਘ ਦੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਪ੍ਰੋ. ਮਹਿਬੂਬ ਦੇ ਬੋਲ ਪੜ੍ਹੋ:
‘ਜਨਰਲ ਸ਼ੁਬੇਗ ਸਿੰਘ ਦੀ ਸ਼ਹਾਦਤ ਜਾਤੀ ਰੰਜਸ਼ਾਂ ਤੋਂ ਕਿਤੇ ਅੱਗੇ ਸੀ ਅਤੇ ਨਿਰਲੇਪ ਆਕਾਸ਼ਾਂ ਵਿੱਚ ਵਿਚਰਦੀ ਸੀ। ਜਾਤੀ ਰੰਜਸ਼ਾਂ ਵਿੱਚ ਘਿਰੇ ਲੋਕ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਏ ਤੀਸਰੇ ਵੱਡੇ ਘੱਲੂਘਾਰੇ ਵਿੱਚ ਗੁਰਦਾਸ ਨੰਗਲ ਦੇ ਯੋਧੇ ਜਿੱਡੀ ਸੂਰਮਗਤੀ ਵਿਖਾ ਕੇ ਜਨਰਲ ਸ਼ੁਬੇਗ ਸਿੰਘ ਵਰਗੀ ਬੇਮਿਸਾਲ ਸ਼ਹਾਦਤ ਪ੍ਰਾਪਤ ਨਹੀਂ ਕਰਿਆ ਕਰਦੇ। ਕੀ ਉਸਦੀ ਸ਼ਹਾਦਤ ਵਿੱਚ ਖੁਆਰੀ ਟੋਚਿ ਫਿਲਾਸਫਰਾਂ ਵਰਗੀ ਸਬਰ-ਸ਼ਾਂਤੀ ਅਤੇ ਸੁਕਰਾਤ ਵਰਗੀ ਅਘਾਧ ਤੇ ਮਿੱਠੀ ਚੁੱਪ ਨਹੀਂ ਸੀ। ਕੀ ਉਸਦੀ ਜੰਗ ਵਿੱਚ ਸ਼ਾਮ ਸਿੰਘ ਅਟਾਰੀ ਵਾਲੇ ਵਰਗੀ ਸੂਰਮਗਤੀ ਪਰ ਉਸ ਨਾਲੋਂ ਕਿਤੇ ਵਧੇਰੇ ਪ੍ਰੌੜ੍ਹ ਨਿਪੁੰਨਤਾ, ਦੂਰ-ਦ੍ਰਿਸ਼ਟੀ, ਸਹੀ ਤੇ ਕਾਰੀ ਚੋਟ ਅਤੇ ਅਤਿ ਸੂਖਮ ਸੰਤੁਲਨ ਨਹੀਂ ਸਨ?”
ਇਸ ਸੈਮੀਨਾਰ ਅੰਦਰ ਵਿਚਾਰ ਪ੍ਰਗਟ ਕਰਨ ਵਾਲਿਆਂ ਵਿੱਚ ਸ. ਗੁਰਤੇਜ ਸਿੰਘ, ਗੁਰਦਰਸ਼ਨ ਸਿੰਘ ਢਿੱਲੋਂ, ਪੱਤਰਕਾਰ ਜਗਤਾਰ ਸਿੰਘ ਅਤੇ ਜਸਪਾਲ ਸਿੰਘ ਸਿੱਧੂ ਵਰਗੇ ਇਸ ਸਾਕੇ ਬਾਰੇ ਅਹਿਮ ਕਿਤਾਬਾਂ ਲਿਖਣ ਵਾਲੇ ਚਿੰਤਕਾਂ ਅਤੇ ਪੱਤਰਕਾਰਾਂ ਤੋਂ ਛੁੱਟ, ਜਸਟਿਸ ਰਣਜੀਤ ਸਿੰਘ, ਸ. ਸੇਵਕ ਸਿੰਘ ਦੇ ਨਾਲ ਟਕਸਾਲ ਦੇ ਮੁੱਖ ਬੁਲਾਰੇ ਵਜੋਂ ਮੋਹਕਮ ਸਿੰਘ ਅਕਾਲ ਫੈਡਰੇਸ਼ਨ ਸਮੇਂ ਦੇ ਸ. ਚੌੜਾ ਦੇ ਮੁੱਖ ਸਾਥੀ ਭਾਈ ਕੰਵਰ ਸਿੰਘ ਧਾਮੀ, ਸੀਨੀਅਰ ਐਡਵੋਕੇਟ ਰਾਜਵਿੰਦਰ ਬੈਂਸ, ਗੁਰਦਰਸ਼ਨ ਸਿੰਘ ਬਾਹੀਆ, ਜਸਪਾਲ ਸਿੰਘ ਮੰਝਪੁਰ, ਦਲ ਖਾਲਸਾ ਦੇ ਕੰਵਰਪਾਲ ਸਿੰਘ ਵਰਗੇ ਖਾੜਕੂ ਲਹਿਰ ਨਾਲ ਨੇੜਿਓਂ ਜੁੜੇ ਰਹੇ ਅਨੇਕਾਂ ਅਹਿਮ ਸੱਜਣ ਵੀ ਮੌਜੂਦ ਸਨ। ਹੁਣ ਇਹ ਗੱਲ ਜਸਪਾਲ ਸਿੰਘ ਸਿੱਧੂ ਅਤੇ ਜਗਤਾਰ ਸਿੰਘ ਵਰਗੇ ਸੱਜਣਾਂ ਨੇ ਖ਼ੁਦ ਵੇਖਣੀ ਹੈ ਕਿ ਕੀ ਸ. ਚੌੜਾ ਵੱਲੋਂ ਕੀਤੇ ਅਹਿਮ ਖੁਲਾਸਿਆਂ ਦੀ ਲੋਅ ਵਿੱਚ ਉਨ੍ਹਾਂ ਆਪਣੇ ਬਿਰਤਾਂਤਾਂ ਵਿੱਚ ਕੋਈ ਤਬਦੀਲੀਆਂ ਕਰਨੀਆਂ ਹਨ ਜਾਂ ਨਹੀਂ। ਇਸ ਮੌਕੇ ਦੁਨੀਆਂ ਭਰ ਵਿੱਚ ਵਸਦੀਆਂ ਸਿੱਖ ਸੰਗਤਾਂ ਨੂੰ ਠੰਢੇ ਮਨ ਨਾਲ ਇਹ ਨਿਤਾਰਾ ਵੀ ਕਰ ਲੈਣਾ ਚਾਹੀਦਾ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਨੂੰ ਹਥਿਆਰਬੰਦ ਕਿਲਾ ਬਣਾ ਕੇ ਭਾਰਤੀ ਸਟੇਟ ਨਾਲ ਲੜਾਈ ਲੜਨ ਦਾ ਪੈਂਤੜਾ ਸਹੀ ਸੀ ਜਾਂ ਨਹੀਂ!
* * *
ਸੰਪਾਦਕ ਜੀ,
“ਜੂਨ 1984 – ਖਾਲਿਸਤਾਨ ਲਈ ਮਿਥ ਕੇ ਲੜੀ ਗਈ ਜੰਗ ਸੀ ਨਾ ਕਿ ਏਜੰਸੀਆਂ ਦਾ ਖੇਲ੍ਹ! – ਹਜ਼ਾਰਾ ਸਿੰਘ ਮਿਸੀਸਾਗਾ” ਹਜ਼ਾਰਾ ਸਿੰਘ ਦਾ ਇਹ ਆਰਟੀਕਲ ਪੜ੍ਹ ਕੇ ਮਨ ਵਿੱਚ ਕਈ ਸਵਾਲ ਖੜ੍ਹੇ ਹੁੰਦੇ ਹਨ। ਪਰ ਹਨ ਧੁੰਧਲ਼ੇ ਜੇਹੇ। ਉਨ੍ਹਾਂ ਦੀ ਸਪਸ਼ਟਤਾ ਲਈ ਪਹਿਲੋਂ ਵੱਧ ਤੋਂ ਵੱਧ ਅਤੇ ਸਹੀ ਜਾਣਕਾਰੀ ਪ੍ਰਾਪਤ ਹੋਣੀ ਚਾਹੀਦੀ ਹੈ ਕਿਉਂਕਿ ਅਸਲੀ ਗੱਲ ਲਿਖਤ ਵਿੱਚ ਨਹੀਂ ਸਗੋਂ ਸਤਰਾਂ ਦੇ ਵਿਚਕਾਰ ਪਈ ਅਲਿਖਤ ਵਿੱਚ ਸਮਾਈ ਹੁੰਦੀ ਹੈ। ਕੀ ਪਾਠਕਾਂ ਦੀ ਜਾਣਕਾਰੀ ਲਈ ਸਰੋਕਾਰ ਦੇ ਪੰਨਿਆਂ ਵਿੱਚ ਇਸ ਦਾ ਗਿਆਨ ਪਰੋਸੋਗੇ?
1. ਹਜ਼ਾਰਾ ਸਿੰਘ ਅਤੇ
2. ਖਾੜਕੂ ਜਰਨੈਲ ਨਰਾਇਣ ਸਿੰਘ ਚੌੜਾ ਸਬੰਧੀ।
ਕੀ ਇਸ ਦੀ ਕਿਰਪਾਲਤਾ ਕਰੋਗੇ।
ਮਸਲਾ ਬੜਾ ਗੰਭੀਰ ਹੈ।
ਜਾਣਕਾਰੀ ਅਭਿਲਾਸ਼ੀ,
ਕਿਰਪਾਲ ਸਿੰਘ ਪੰਨੂੰ।
ਪੇਸ਼ ਹੈ ਹਜ਼ਾਰਾ ਸਿੰਘ ਮਿਸੀਸਾਗਾ ਵੱਲੋਂ ਲੋੜੀਂਦੀ ਜਾਣਕਾਰੀ:
ਸਤਰਾਂ ਵਿਚਕਾਰ ਅਲਿਖਤ ਗੱਲ ਨੂੰ ਸਮਝਣ ਦਾ ਮਸਲਾ ਹਰ ਪਾਠਕ ਦਾ ਨਿੱਜੀ ਹੈ ਅਤੇ ਇਸ ਵਾਸਤੇ ਨਿੱਜੀ ਪੱਧਰ ’ਤੇ ਹੀ ਯਤਨ ਕਰਨੇ ਪੈਂਦੇ ਹਨ। ਇਹ ਜਿੰਮੇਵਾਰੀ ਕਿਸੇ ਮੀਡੀਆ ਅਦਾਰੇ ’ਤੇ ਨਹੀਂ ਪਾਈ ਜਾ ਸਕਦੀ। ਇਸੇ ਕਰਕੇ ਲੇਖਕ ਦਾ ਸੰਪਰਕ ਨੰਬਰ ਦਿੱਤਾ ਜਾਂਦਾ ਹੈ। ਸੋ, ਮੇਰਾ ਨੰਬਰ ਅਤੇ ਈਮੇਲ ਸਰੋਕਾਰ ’ਤੇ ਵੀ ਉਪਲਬਧ ਹੈ। ਮੇਰੇ ਬਾਰੇ ਸੰਖੇਪ ਜਾਣਕਾਰੀ ਇਹ ਹੈ ਕਿ ਮੈਂ ਪਿਛਲੇ 33 ਸਾਲ ਤੋਂ ਮਿਸੀਸਾਗਾ ਕੈਨੇਡਾ ਰਹਿ ਰਿਹਾ ਹਾਂ ਅਤੇ ਸੈਕੰਡਰੀ ਸਕੂਲ ਵਿੱਚ ਅਧਿਆਪਕ ਵਜੋਂ ਕੰਮ ਕਰਦਾ ਹਾਂ। ਨਰਾਇਣ ਸਿੰਘ ਚੌੜਾ ਪੜ੍ਹੇ ਲਿਖੇ ਵਿਅਕਤੀ ਹਨ ਜੋ 1984 ਤੋਂ ਪਹਿਲਾਂ ਹੀ ਅਕਾਲ ਫੈਡਰੇਸ਼ਨ ਨਾਲ ਜੁੜੇ ਹੋਏ ਸਨ। ਕਈ ਵਾਰ ਪਾਕਿਸਤਾਨ ਵੀ ਗਏ, ਖਾੜਕੂ ਲਹਿਰ ਨਾਲ ਜੁੜੇ ਰਹੇ, ਕਈ ਕਿਤਾਬਾਂ ਵੀ ਲਿਖੀਆਂ, ਜੇਲ੍ਹ ਵਿੱਚ ਰਹੇ, ਹਵਾਰੇ ਹੁਰਾਂ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਲਈ ਜੇਲ੍ਹ ਤੋੜਨ ਦੇ ਕੇਸ ਵਿੱਚ ਕੈਦ ਵੀ ਕੱਟ ਚੁੱਕੇ ਹਨ। ਸੁਖਬੀਰ ਬਾਦਲ ’ਤੇ ਗੋਲੀ ਚਲਾਉਣ ਦਾ ਮਾਮਲਾ ਤਾਂ ਅਜੇ ਤਾਜ਼ਾ ਹੀ ਹੈ। ਇਸ ਤੋਂ ਵੱਧ ਜਾਣਨ ਦੇ ਚਾਹਵਾਨ ਨੂੰ ਲੋੜ ਅਨੁਸਾਰ ਯਤਨ ਕਰ ਲੈਣੇ ਚਾਹੀਦੇ ਹਨ। ਧੰਨਵਾਦ।
... ਹਜ਼ਾਰਾ ਸਿੰਘ ਮਿਸੀਸਾਗਾ।
ਵਟਸਐਪ: 647-685-5997.
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (