“ਪੰਜਾਬ ਦੇ ਹਾਲਾਤ ਅਜਿਹੇ ਹਨ ਕਿ ਸੋਸ਼ਲ ਮੀਡੀਆ ਅਤੇ ਅਖਬਾਰ ਨਸ਼ਿਆਂ ਕਾਰਨ ਹੋ ਰਹੀਆਂ ...”
(17 ਜੁਲਾਈ 2025)
ਨੌਜਵਾਨੀ ਆਪਣੇ ਸਕੂਲ ਕਾਲਜ ਦਿਨਾਂ ਦੌਰਾਨ ਉੱਚੀਆਂ ਉਡਾਰੀਆਂ ਮਾਰਨ ਦੇ ਸੁਪਨੇ ਬੁਣਦੀ ਹੈ ਪਰ ਸਕੂਲ, ਕਾਲਜ ਤੋਂ ਨਿਕਲਦੇ ਹੀ ਉਸਦੇ ਸੁਪਨੇ ਹੌਲੀ ਹੌਲੀ ਚੂਰ ਚੂਰ ਹੋ ਜਾਂਦੇ ਹਨ। ਉੱਚੀਆਂ ਉਡਾਰੀਆਂ ਮਾਰਨ ਦੀ ਲੋਚਨਾ ਕੁਝ ਵੀ ਕਰਨ ਨੂੰ ਮਜਬੂਰ ਹੋ ਜਾਂਦੀ ਹੈ, ਜਦੋਂ ਉਸ ਨੂੰ ਕੋਈ ਕੰਮ ਨਹੀਂ ਮਿਲਦਾ। ਨੌਕਰੀ ਨਾ ਮਿਲਣ ਕਰਕੇ ਨਿਰਾਸ਼ਾ ਚਿਹਰਿਆਂ ’ਤੇ ਝਲਕਣ ਲਗਦੀ ਹੈ। ਸਰਕਾਰੀ ਤੰਤਰ ਅਤੇ ਗਲੇ ਸੜੇ ਸਿਸਟਮ ਅੱਗੇ ਤਰਲੇ ਪਾਉਂਦੀ, ਧਰਨੇ ਮੁਜ਼ਾਹਰੇ ਕਰਦੀ ਨੌਜਵਾਨੀ ਦਾ ਵਾਹ ਪੁਲਸੀਆ ਤੰਤਰ ਨਾਲ ਪੈ ਜਾਂਦਾ ਹੈ।
ਬਿਨਾਂ ਸ਼ੱਕ ਬੇਰੁਜ਼ਗਾਰੀ ਦੀ ਸਮੱਸਿਆ ਦਿਨੋਂ ਦਿਨ ਵਿਕਰਾਲ ਰੂਪ ਧਾਰਨ ਕਰ ਰਹੀ ਹੈ। ਇੱਥੇ ਮੈਂ ਬੇਰੁਜ਼ਗਾਰੀ ਦੇ ਅੰਕੜਿਆਂ ਦੀ ਗਿਣਤੀ ਮਿਣਤੀ ਵਿੱਚ ਨਹੀਂ ਜਾਵਾਂਗਾ, ਦੇਸ਼ ਦੀ ਵੱਡੀ ਤਾਦਾਦ ਵਿੱਚ ਨੌਜਵਾਨੀ ਕੰਮ ਕਰਨਾ ਚਾਹੁੰਦੀ ਹੈ ਪਰ ਉਸ ਨੂੰ ਕੰਮ ਨਹੀਂ ਮਿਲ ਰਿਹਾ। ਵਿਸ਼ਵ ਬੈਂਕ ਦੇ ਸਾਬਕਾ ਅਰਥ ਸ਼ਾਸਤਰੀ ਕੌਸ਼ਿਕ ਬਾਸੂ ਦਾ ਕਹਿਣਾ ਹੈ ਕਿ ਇਸ ਵਕਤ ਭਾਰਤ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜ਼ਾਰੀ ਹੈ ਅਤੇ ਇਹ ਸਮੱਸਿਆ ਦੁਨੀਆ ਭਰ ਵਿੱਚੋਂ ਸਭ ਨਾਲੋਂ ਵੱਧ ਭਾਰਤ ਵਿੱਚ ਹੈ। ਰਾਜ ਕਰਦੀਆਂ ਰਹੀਆਂ ਅਤੇ ਕਰ ਰਹੀ ਸਰਕਾਰ ਨੂੰ ਵੋਟਾਂ ਬਣਾਉਣ ਅਤੇ ਵਧਾਉਣ, ਆਪਣੀ ਗੱਦੀ ਪੱਕੀ ਕਰਨ ਤੋਂ ਸਿਵਾਏ ਕੁਝ ਨਹੀਂ ਦਿਸਦਾ। ਸਰਕਾਰ ਰਾਜ ਕਰਨ ਨੂੰ ਹੀ ਆਪਣੀ ਪ੍ਰਾਪਤੀ ਦੱਸਦੀ ਹੈ। ਅੱਜ ਰੁਜ਼ਗਾਰ ਨਾ ਮਿਲਣ ਕਰਕੇ ਹਾਲਾਤ ਇੰਨੇ ਮਾੜੇ ਹਨ ਕਿ ਨੌਜਵਾਨੀ ਨੂੰ ਚੰਗੇ ਭਵਿੱਖ ਦੀ ਕੋਈ ਉਮੀਦ ਵਿਖਾਈ ਨਹੀਂ ਦੇ ਰਹੀ ਅਤੇ ਪੜ੍ਹ ਲਿਖ ਕੇ ਉਹਨਾਂ ਨੂੰ ਯੋਗਤਾ ਅਨੁਸਾਰ ਯੋਗ ਕੰਮ ਨਹੀਂ ਮਿਲਦਾ। ਵੱਡੀਆਂ ਡਿਗਰੀਆਂ ਅਤੇ ਯੋਗਤਾ ਦੇ ਸਰਟੀਫਕੇਟ ਚੁੱਕੀ ਫਿਰਦੀ ਨੌਜਵਾਨੀ ਨੂੰ ਥਾਂ-ਥਾਂ ਦੁਰਕਾਰਿਆ ਜਾ ਰਿਹਾ ਹੈ। ਇਸੇ ਕਰਕੇ ਉਹ ਵਿਦੇਸ਼ਾਂ ਨੂੰ ਭੱਜ ਰਹੇ ਹਨ। ਸਰਕਾਰ ਦਾ ਇਸ ਪਾਸੇ ਵੱਲ ਕੋਈ ਧਿਆਨ ਨਹੀਂ ਹੈ। ਵਧੀ ਬੇਰੁਜ਼ਗਾਰੀ ਨੌਜਵਾਨੀ ਵਿੱਚ ਲੱਖਾਂ ਰੁਪਏ ਲਾ ਕੇ ਬਾਹਰ ਜਾਣ ਦੀ ਚਾਹਤ ਵਧਾ ਦਿੱਤੀ ਹੈ। ਜਿਹੜੀ ਨੌਜਵਾਨੀ ਨੇ ਪੜ੍ਹ ਲਿਖ ਕੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣਾ ਹੁੰਦਾ ਹੈ, ਕੰਮ ਨਾ ਮਿਲਣ ਕਰਕੇ ਬਾਹਰਲੇ ਦੇਸ਼ਾਂ ਵਿੱਚ ਜਾ ਕੇ ਉੱਥੋਂ ਦੀ ਆਰਥਿਕਤਾ ਨੂੰ ਹੁਲਾਰਾ ਦਿੰਦੇ ਹਨ।
ਭਾਵੇਂ ਬੇਰੁਜ਼ਗਾਰੀ ਦਾ ਵੱਡਾ ਕਾਰਨ ਅਬਾਦੀ ਦਾ ਬੇਹਿਸਾਬਾ ਵਾਧਾ ਮੁੱਖ ਕਾਰਨ ਹੈ ਅਤੇ ਜਦੋਂ ਕਿਸੇ ਦੇਸ਼ ਵਿੱਚ ਰੁਜ਼ਗਾਰ ਪੈਦਾ ਹੋਣ ਦੇ ਮੌਕੇ ਘੱਟ ਅਤੇ ਅਬਾਦੀ ਵਿੱਚ ਵਾਧਾ ਤੇਜ਼ ਰਫਤਾਰ ਨਾਲ ਹੋਵੇ ਤਾਂ ਬੇਰੁਜ਼ਗਾਰੀ ਪੈਦਾ ਹੋਣੀ ਸੁਭਾਵਿਕ ਹੈ। ਆਜ਼ਾਦੀ ਸਮੇਂ 36 ਕਰੋੜ ਦੀ ਅਬਾਦੀ ਵਾਲਾ ਦੇਸ਼ ਦੁਨੀਆਂ ਦਾ ਸਭ ਤੋਂ ਵੱਧ ਅਬਾਦੀ ਵਾਲਾ ਮੁਲਕ ਬਣ ਗਿਆ ਹੈ, ਜਿਸਦੀ ਰਾਜਨੀਤੀ ਦੇ ਉੱਚ ਕੋਟੀ ਦੇ ਆਗੂ ਦੁਨੀਆਂ ਭਰ ਵਿੱਚ ਟਾਹਰਾਂ ਮਾਰਦੇ ਫਿਰ ਰਹੇ ਹਨ ਪਰ ਇਹ ਬੇਰੁਜ਼ਗਾਰੀ ਦੇਸ਼ ਅਤੇ ਸਮਾਜ ਲਈ ਕਿੰਨੀ ਘਾਤਕ ਅਤੇ ਮਾਰੂ ਹੈ, ਸ਼ਾਇਦ ਸੱਤਾ ’ਤੇ ਕਾਬਜ਼ ਆਗੂ ਅਵੇਸਲੇ ਅਤੇ ਬੇਪਰਵਾਹ ਹਨ। ਭਾਵੇਂ ਇਹ ਵੀ ਹਕੀਕਤ ਹੈ ਕਿ ਇੰਨੀ ਵੱਡੀ ਬੇਰੁਜ਼ਗਾਰ ਨੌਜਵਾਨੀ ਨੂੰ ਕੰਮ ਦੇਣਾ ਸੁਖਾਲਾ ਕੰਮ ਨਹੀਂ ਪਰ ਅਬਾਦੀ ਦੇ ਕੰਟਰੋਲ ਕਰਕੇ ਇਸ ਸਮੱਸਿਆ ਦਾ ਕੁਝ ਹੱਦ ਤਕ ਹੱਲ ਕੀਤਾ ਜਾ ਸਕਦਾ ਸੀ। ਇਸਦੇ ਨਾਲ ਸਾਡੀ ਸਿੱਖਿਆ ਪ੍ਰਣਾਲੀ ਵੀ ਦੋਸ਼ ਪੂਰਨ ਹੈ ਅਤੇ ਇਹ ਨੌਜਵਾਨਾਂ ਨੂੰ ਆਪਣੇ ਕੰਮ ਧੰਦੇ ਕਰਨ ਦੇ ਕਾਬਲ ਨਹੀਂ ਬਣਾਉਂਦੀ ਅਤੇ ਹੱਥੀਂ ਕੰਮ ਨਾ ਕਰਨ ਦੀ ਆਦਤ ਵੀ ਬੇਰੁਜ਼ਗਾਰੀ ਵਿੱਚ ਵਾਧਾ ਕਰਦੀ ਹੈ। ਇਸ ਸਭ ਦੇ ਲਈ ਪੌਲਸੀਆਂ ਅਤੇ ਐਜੂਕੇਸ਼ਨ ਪ੍ਰਣਾਲੀ ਬਣਾਉਣੀ ਅਤੇ ਸਮੇਂ ਸਮੇਂ ’ਤੇ ਇਸ ਵਿੱਚ ਸੁਧਾਰ ਕਰਨਾ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ। ਤਕਨੀਕ ਅਤੇ ਹੁਨਰ ਰਹਿਤ ਸਿੱਖਿਆ ਪ੍ਰਣਾਲੀ ਬੇਰੁਜ਼ਗਾਰ ਹੀ ਪੈਦਾ ਕਰੇਗੀ ਅਤੇ ਇਹ ਸਮੱਸਿਆ ਕੋਈ ਰਾਤੋ ਰਾਤ ਪੈਦਾ ਨਹੀਂ ਹੋਈ। ਪੜ੍ਹੇ ਲਿਖੇ ਅਤੇ ਡਿਗਰੀਆਂ ਚੁੱਕੀ ਫਿਰਦੇ ਨੌਜਵਾਨ ਛੋਟੀ ਤੋਂ ਛੋਟੀ ਨੌਕਰੀ ਲਈ ਥਾਂ-ਥਾਂ ਧੱਕੇ ਖਾਂਦੇ ਫਿਰਦੇ ਹਨ। ਕੁਝ ਕੁ ਅਸਾਮੀਆਂ ਲਈ ਲੱਖਾਂ ਦੀ ਗਿਣਤੀ ਵਿੱਚ ਅਰਜ਼ੀਆਂ ਪਹੁੰਚ ਜਾਂਦੀਆਂ ਹਨ। ਜਦੋਂ ਕੰਮ ਨਹੀਂ ਮਿਲਦਾ ਤਾਂ ਬੇਰੁਜ਼ਗਾਰੀ ਦਾ ਮਾਰਿਆ ਝੰਬਿਆ ਨੌਜਵਾਨ ਗੁੰਡਾਗਰਦੀ, ਲੁੱਟਾਂ ਖੋਹਾਂ, ਕਤਲਾਂ ਅਤੇ ਨਸ਼ਿਆਂ ਵਰਗੀਆਂ ਅਲਾਮਤਾਂ ਕਰਨ ਲੱਗ ਜਾਂਦਾ ਹੈ।
ਪੰਜਾਬ ਦੇ ਹਾਲਾਤ ਅਜਿਹੇ ਹਨ ਕਿ ਸੋਸ਼ਲ ਮੀਡੀਆ ਅਤੇ ਅਖਬਾਰ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਨਾਲ ਭਰੇ ਹੋਏ ਹੁੰਦੇ ਹਨ ਅਤੇ ਖਾਸ ਕਰਕੇ ਬਾਰਡਰ ਏਰੀਆ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਜਹਾਨੋਂ ਤੁਰ ਗਏ ਹਨ। ਹਿੰਦ ਪਾਕ ਬਾਰਡਰ ਦੇ ਨਾਲ ਲੱਗਦੇ ਪਿੰਡਾਂ ਵਿੱਚ ਤਕਰੀਬਨ ਹਰ ਘਰ ਵਿੱਚ ਸੱਥਰ ਵਿਛ ਗਏ ਹਨ ਪਰ ਮੌਜੂਦਾ ਅਫਸਰਸ਼ਾਹੀ ਅਤੇ ਸਰਕਾਰ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦੇ ਸਹੀ ਅੰਕੜੇ ਛੁਪਾ ਰਹੀ ਹੈ ਤੇ ਪੱਤਰਕਾਰਾਂ ਨੂੰ ਅਜਿਹੀਆਂ ਖਬਰਾਂ ਨਾ ਛਾਪਣ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਪੱਤਰਕਾਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ। ਨੌਜਵਾਨ ਕੰਮ ਨਾ ਮਿਲਣ ਕਰਕੇ ਅਤੇ ਜਲਦੀ ਤੇਤੋਂਜ਼ਿਆਦਾ ਪੈਸਾ ਕਮਾਉਣ ਦੇ ਚੱਕਰ ਵਿੱਚ ਨਸ਼ਿਆਂ ਦੀ ਢੋਆ ਢੁਆਈ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਉਹਨਾਂ ਨੂੰ ਇਸ ਧੰਦੇ ਰਾਹੀਂ ਪੈਸਾ ਕਮਾਉਣ ਲਈ ਕੋਈ ਸਰੀਰਕ ਮਿਹਨਤ ਵੀ ਨਹੀਂ ਕਰਨੀ ਪੈਂਦੀ।
ਇੱਥੇ ਸਵਾਲ ਪੈਦਾ ਹੁੰਦਾ ਹੈ ਕਿ ਨੌਜਵਾਨੀ ਨੂੰ ਲੁੱਟਾਂ-ਖੋਹਾਂ, ਗੁੰਡਾਗਰਦੀ ਅਤੇ ਨਸ਼ਿਆਂ ਵਰਗੇ ਕੁਕਰਮਾਂ ਵਿੱਚੋਂ ਬਾਹਰ ਕਿਵੇਂ ਕੱਢਿਆ ਜਾਵੇ? ਮੇਰੀ ਸਮਝ ਅਨੁਸਾਰ ਇਸਦਾ ਸਰਲ ਅਤੇ ਸਿੱਧਾ ਜਿਹਾ ਜਵਾਬ ਹੈ, ਨੌਜਵਾਨੀ ਨੂੰ ਕੰਮਾਂ ’ਤੇ ਲਾ ਕੇ। ਚੀਨ ਨੇ ਇਸ ਸਮੱਸਿਆ ਦਾ ਸਫਲਤਾ ਪੂਰਵਕ ਹੱਲ ਨੌਜਵਾਨੀ ਨੂੰ ਛੋਟੇ ਛੋਟੇ ਕੰਮਾਂ ’ਤੇ ਲਾ ਕੇ ਕੀਤਾ ਹੈ। ਪਰ ਭਾਰਤ ਸਰਕਾਰ ਨਾ ਤਾਂ ਇਸ ਸਮੱਸਿਆ ਪ੍ਰਤੀ ਗੰਭੀਰ ਹੈ ਅਤੇ ਨਾ ਹੀ ਭਵਿੱਖ ਵਿੱਚ ਕੋਈ ਯੋਜਨਾ ਉਸਦੇ ਅਜੰਡੇ ’ਤੇ ਹੈ। ਦੇਸ਼ ਵਿੱਚ ਵਧੀਆ ਹਾਲਾਤ ਪੈਦਾ ਕਰਨ ਲਈ ਤੁਰੰਤ 1 ਲੱਖ ਕਰੋੜ ਰੁਪਏ ਦੇ ਵਾਧੂ ਨਿਵੇਸ਼ ਦੀ ਜ਼ਰੂਰਤ ਹੈ ਜੋ ਬਿਨਾਂ ਸ਼ੱਕ ਕੇਂਦਰ ਸਰਕਾਰ ਨਹੀਂ ਕਰੇਗੀ। ਪੰਜਾਬ ਦੀ ਆਮ ਆਦਮੀ ਸਰਕਾਰ ਨੇ ਨੌਜਵਾਨੀ ਨੂੰ ਸਰਕਾਰੀ ਨੌਕਰੀਆਂ ਦੇ ਕੇ ਕੁਝ ਕੰਮ ਕੀਤਾ ਹੈ ਪਰ ਅਣਸਿੱਖਿਅਤ ਅਤੇ ਅਨਪੜ੍ਹ ਜਵਾਨੀ ਲਈ ਵੱਡਾ ਕੰਮ ਕਰਨ ਦੀ ਲੋੜ ਹੈ।
**
ਬੇਰੁਜ਼ਗਾਰੀ ਦੇ ਹੱਲ ਲਈ ਸਰਕਾਰਾਂ ਨੂੰ ਵੱਡੇ ਉਪਰਾਲੇ ਕਰਨੇ ਪੈਣਗੇ। ਸਭ ਤੋਂ ਪਹਿਲਾਂ ਤੇਜ਼ ਰਫਤਾਰ ਨਾਲ ਵਧ ਰਹੀ ਅਬਾਦੀ ਨੂੰ ਕੰਟਰੋਲ ਕਰਨ ਲਈ ਸਖਤ ਕਾਇਦੇ ਕਾਨੂੰਨ ਬਣਾਉਣੇ ਪੈਣਗੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਬੇਰੁਜ਼ਗਾਰੀ ਕਾਬੂ ਪਾਉਣਾ ਮੁਸ਼ਕਿਲ ਹੋਵੇਗਾ। ਇਸਦੇ ਨਾਲ ਸਿੱਖਿਆ ਨੀਤੀ ਵਿੱਚ ਵੱਡੀ ਤਬਦੀਲੀ ਕਰਨ ਦੀ ਲੋੜ ਹੈ ਅਤੇ ਸਿੱਖਿਆ ਕਿੱਤਾ ਮੁਖੀ ਹੋਣੀ ਚਾਹੀਦੀ ਹੈ। ਪੇਂਡੂ ਤੇ ਲਘੂ ਉਦਯੋਗਾਂ ਨੂੰ ਮੁੜ ਸੁਰਜੀਤ ਕਰਨਾ ਹੋਵੇਗਾ ਜੋ ਅੱਜ ਖਤਮ ਹੋ ਗਏ ਹਨ। ਨਿੱਜੀ ਨਿਵੇਸ਼ਕਾਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਵੱਡੇ ਉਦਯੋਗ ਲਾਉਣੇ ਪੈਣਗੇ ਜੋ ਦੇਸ਼ ਦੇ ਵਿਕਾਸ ਦੇ ਨਾਲ ਨਾਲ ਬੇਰੁਜ਼ਗਾਰੀ ’ਤੇ ਸੱਟ ਮਾਰਨਗੇ। ਕਿਸਾਨਾਂ ਲਈ ਫਸਲੀ ਵਿਭਿੰਨਤਾ ਲਈ ਯੋਗ ਪਾਲਸੀਆਂ ਅਤੇ ਮੰਡੀਕਰਨ ਨੂੰ ਉਤਸ਼ਾਹਿਤ ਕਰਨਾ ਪਵੇਗਾ। ਪੇਂਡੂ ਨੌਜਵਾਨਾਂ ਨੂੰ ਖੇਤੀ ਨਾਲ ਸੰਬੰਧਿਤ ਹੋਰ ਸਹਾਇਕ ਧੰਦਿਆਂ ਨਾਲ ਜੋੜ ਕੇ ਕਈ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (