“ਮੇਰੇ ਲਈ ਬਲਵਿੰਦਰ ਸਿੰਘ ਭੁੱਲਰ ਐਸਾ ਰਚਨਾਕਾਰ ਹੈ ਜਿਸ ਦੀ ਹਰ ਰਚਨਾ ਨੂੰ ...”
(14 ਜੁਲਾਈ 2025)
ਬਲਵਿੰਦਰ ਸਿੰਘ ਭੁੱਲਰ ਦਾ ਲੇਖ ‘ਆਮ ਆਦਮੀ ਪਾਰਟੀ ਦੇ ਭਵਿੱਖ ’ਤੇ ਮੰਡਲਾ ਰਿਹਾ ਹੈ ਖਤਰਾ’ (ਸਰੋਕਾਰ 30 ਜੂਨ 2025) ਪੜ੍ਹਿਆ। ਲੇਖਕ ਨੇ ਇਸ ਮੁੱਦੇ ਦੇ ਹਰ ਪੱਖ ਨੂੰ ਘੋਖਿਆ ਅਤੇ ਉਜਾਗਰ ਕੀਤਾ ਹੈ। ਇਸ ਰਚਨਾ ਵਿੱਚੋਂ ਚੰਗੇ ਲੇਖਕ ਦੇ ਗੁਣ ਉੱਘੜ ਕੇ ਸਾਹਮਣੇ ਆਉਂਦੇ ਹਨ। ਜਿਵੇਂ ਕਿ ਲੇਖਕ ਆਪਣੇ ਕੰਮ ਨੂੰ ਟਰਕਾਉਂਦਾ ਨਹੀਂ ਸਗੋਂ ਮਿਹਨਤ ਕਰਕੇ ਉਸ ਨਾਲ਼ ਪੂਰਾ ਇਨਸਾਫ ਕਰਦਾ ਹੈ। ਰਚਨਾ ਨੂੰ ਵਿਸ਼ਾਲਤਾ ਨਾਲ਼ ਸੋਚਦਾ ਵਿਚਾਰਦਾ ਹੈ ਅਤੇ ਸੱਚ ਦੇ ਨਿਰਨੇ ਦਾ ਤਾਜ਼ਾ ਮੱਖਣ ਪੇਸ਼ ਕਰਦਾ ਹੈ। ਕਿਸੇ ਧਰਮ ਜਾਂ ਧੜੇ ਦਾ ਪੱਖ ਨਹੀਂ ਪੂਰਦਾ ਆਦਿ। ਇਸ ਤੋਂ ਉੱਪਰ ਉਹ ਭਾਸ਼ਾ ਦੀ ਵਰਤੋਂ ਵੇਲੇ ਉਸਦਾ ਪੂਰਾ ਮਾਣ ਸਤਿਕਾਰ ਬਣਾਈ ਰੱਖਦਾ ਹੈ। ਵਿਸ਼ਰਾਮ ਚਿਨ੍ਹਾਂ ਦੀ ਵਰਤੋਂ ਵੇਲੇ ਵੀ ਪੂਰਾ ਚਿਤੰਨ ਰਹਿੰਦਾ ਹੈ।
ਮੇਰੇ ਲਈ ਬਲਵਿੰਦਰ ਸਿੰਘ ਭੁੱਲਰ ਐਸਾ ਰਚਨਾਕਾਰ ਹੈ ਜਿਸ ਦੀ ਹਰ ਰਚਨਾ ਨੂੰ ਹੀ ਪੜ੍ਹਿਆ ਜਾ ਸਕਦਾ ਹੈ ਤੇ ਆਪਣੇ ਗਿਆਨ ਵਿੱਚ ਵਾਧਾ ਕੀਤਾ ਜਾ ਸਕਦਾ ਹੈ ਅਤੇ ਰਚਨਾਕਾਰ ਦੇ ਧਰਮ ਦੀ ਮਰਿਆਦਾ ਦਾ ਪੂਰਾ ਆਨੰਦ ਮਾਣਿਆ ਜਾ ਸਕਦਾ ਹੈ।
ਕਿਰਪਾਲ ਸਿੰਘ ਪੰਨੂੰ
**
ਸੰਪਾਦਕ ਜੀ,
‘ਪਹਿਲਾਂ ਲੇਖਕ ਦਾ ਧਰਮ ਜਾਂ ਆਪਣਾ ਝੱਸ ਪੂਰਾ ਕਰਨਾ?’ ਸਵਾਲ ਖੜ੍ਹਾ ਕਰਦਾ ਹੈ, ਸੰਦੀਪ ਕੁਮਾਰ ਦਾ ਲੇਖ ‘ਪਹਿਲਾਂ ਦੇਸ਼ ਜਾਂ ਕਲਾਕਾਰ ਅਤੇ ਪੈਸਾ?’ (ਸਰੋਕਾਰ 2 ਜੁਲਾਈ 2025) ਲੇਖਕ ਦਾ ਧਰਮ ਕੀ ਹੈ? ਉਸ ਕੋਲ਼ ਤੱਥਾਂ ਨੂੰ ਨਿਰਖਣ ਪਰਖਣ ਵਾਲ਼ੀ ਅੱਖ ਹੋਵੇ, ਉਹ ਇਮਾਨਦਾਰ ਹੋਵੇ, ਉਸ ਵਿੱਚ ਸੱਚ ਕਹਿਣ ਦੀ ਕਲਾ ਹੋਵੇ, ਉਸ ਕੋਲ਼ ਕਹਿਣ ਲਈ ਕੋਈ ਸਾਰਥਕ ਮੁੱਦਾ ਹੋਵੇ, ਉਹ ਦੂਜੇ ਦੇ ਮੋਢੇ ਉੱਤੇ ਰੱਖ ਕੇ ਨਾ ਚਲਾਵੇ, ਉਸਦੀ ਸ਼ੈਲੀ ਪਾਠਕ ਨੂੰ ਨਾਲ਼ ਜੋੜਨ ਵਾਲ਼ੀ ਹੋਵੇ ਆਦਿ। ਅਤੇ ਸਭ ਤੋਂ ਉੱਪਰ ਧੜੇ ਨਾਲ਼ੋਂ ਧਰਮ ਨੂੰ ਪਰਮੁੱਖਤਾ ਦੇਵੇ।
ਸੰਦੀਪ ਦੇ ਲੇਖ ਵਿੱਚ ਸਾਫ ਹੈ ਕਿ ਮੁੱਦਾ ਦੇਸ਼ ਪਿਆਰ ਦਾ ਨਹੀਂ ਸਗੋਂ ਕਲਾਕਾਰਾਂ ਦੀ ਖਹਿਬਾਜ਼ੀ ਦਾ ਹੈ, ਜੋ ਆਮ ਜਿਹੀ ਗੱਲ ਹੈ ਅਤੇ ਹਰ ਖੇਤਰ ਵਿੱਚ ਹੀ ਹੁੰਦਾ ਹੈ। ਜਿਵੇਂ ਕਹਿੰਦੇ ਹਨ ਕਿ ਕੁੱਤੇ ਦਾ ਕੁੱਤਾ ਵੈਰੀ, ਕਲਾਕਾਰਾਂ ਵਿੱਚ ਲੱਤਾਂ ਖਿੱਚਣੀਆਂ ਆਮ ਜਿਹੀ ਗੱਲ ਹੈ। ਦੁੱਖ ਵਾਲ਼ੀ ਗੱਲ ਇਹ ਹੈ ਕਿ ਦੇਸ਼ ਪਿਆਰ ਦਾ ਪੱਜ ਬਣਾ ਕੇ ਲੇਖਕ ਗਲਤ ਧੜੇ ਨਾਲ਼ ਜਾ ਖੜ੍ਹਾ ਹੈ। ਹੁਣ ਭਾਰਤ ਦੀ ਸਰਕਾਰ ਪਾਕਿਸਤਾਨ ਦੇ ਹਾਕੀ ਖਿਡਾਰੀਆਂ ਨੂੰ ਭਾਰਤ ਬੁਲਾ ਰਹੀ ਹੈ। ਕੀ ਸਾਰੀ ਭਾਰਤ ਸਰਕਾਰ ਹੀ ਦੇਸ਼ ਧਰੋਹੀ ਹੋ ਗਈ ਹੈ? ਦਿਲ ਤਾਂ ਪੁੱਛਣ ਨੂੰ ਇਹ ਵੀ ਕਰਦਾ ਹੈ ਕਿ ਜੇ ਇਹ ਲੇਖ ਨਾ ਵੀ ਲਿਖਿਆ ਜਾਂਦਾ ਤਾਂ ਕੀ ਥੁੜ ਜਾਣਾ ਸੀ? ਲੇਖਕ ਦੀ ਕਿਹੜਾ ਵੇਲਣੇ ਵਿੱਚ ਬਾਂਹ ਫਸੀ ਹੋਈ ਸੀ ਜੋ ਉਸ ਨੂੰ ਨਫਰਤ ਭਰਿਆ ਇਹ ਲੇਖ ਲਿਖਣਾ ਪਿਆ? ਵੱਖਰੀ ਗੱਲ ਹੈ ਜੇ ਲੇਖਕ ਇਸ ਨਾਲ਼ ਕਿਸੇ ਨਿੱਜੀ ਪ੍ਰਾਪਤੀ ਦੀ ਆਸ ਵਿੱਚ ਹੋਵੇ।
* * *
ਕਿਰਪਾਲ ਸਿੰਘ ਪੰਨੂੰ ਜੀ, ਗੁਰਫਤਹਿ।
ਤੁਸੀਂ ਮੇਰੀ ਰਚਨਾ ਬੜੇ ਗੌਰ ਨਾਲ ਪੜ੍ਹੀ ਤੇ ਵਿਚਾਰੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡੀ ਪਾਰਖੂ ਨਜ਼ਰ ਨੇ ਮੈਨੂੰ ਹੌਂਸਲਾ ਵੀ ਦਿੱਤਾ ਅਤੇ ਲੇਖਣੀ ਨੂੰ ਹੋਰ ਚੰਗੇ ਢੰਗ ਨਾਲ ਨਿਭਾਉਣ ਲਈ ਜੁਮੇਵਾਰੀ ਦਾ ਅਹਿਸਾਸ ਵੀ ਕਰਵਾਇਆ ਹੈ। ਮੈਂ ਹਮੇਸ਼ਾਂ ਖ਼ਰਾ ਉੱਤਰਨ ਦਾ ਯਤਨ ਕਰਦਾ ਰਹਾਂਗਾ। ਤੁਹਾਡਾ ਸ਼ੁਕਰੀਆ ਜੀ।
ਬਲਵਿੰਦਰ ਸਿੰਘ ਭੁੱਲਰ, ਬਠਿੰਡਾ।
* * *