GurbachanBhullar7“ਉਸ ਤੋਂ ਸਾਬਤ ਹੋ ਜਾਂਦਾ ਹੈ ਕਿ ਉਹਨਾਂ ਨੂੰ ਤੀਜੀ ਧਿਰ ਦਾ ਖ਼ੌਫ਼ ਕੁਝ ਬਹੁਤਾ ਹੀ ਸਤਾ ਰਿਹਾ ਹੈ ...”
(14 ਫਰਵਰੀ 2017)

 

(ਲੇਖਕ ਨੇ ਮੁੱਖ ਮੰਤਰੀ ਤੇ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸਰਦਾਰ ਪਰਕਾਸ਼ ਸਿੰਘ ਬਾਦਲ ਨੂੰ ਨੇਕ ਸਲਾਹ ਦਿੰਦਾ ਇਹ ਲੇਖ ਪੰਜਾਬ ਵਿਚ ਵੋਟਾਂ ਪੈਣ ਤੋਂ ਇਕਦਮ ਪਹਿਲਾਂ ਲਿਖਿਆ ਸੀ। ਇਹ ਵੋਟਾਂ ਪੈ ਚੁੱਕਣ ਮਗਰੋਂ, ਹਰ ਪਾਸਿਉਂ ਆ ਰਹੀਆਂ ਹਾਕਮ ਪਾਰਟੀ ਦੀ ਹਾਰ ਦੀਆਂ ਕਨਸੋਆਂ ਸੁਣਦਿਆਂ, ਹੋਰ ਵੀ ਵਧੇਰੇ ਪ੍ਰਸੰਗਕ ਹੋ ਗਿਆ ਹੈ! --- ਸੰਪਾਦਕ)

ਪੰਜਾਬ ਅਸੈਂਬਲੀ ਦੀਆਂ ਚੋਣਾਂ ਵਾਸਤੇ ਮਸ਼ੀਨ ਉੱਤੇ ਉਂਗਲ ਮਾਰਨ ਦਾ ਦਿਨ ਆਖ਼ਰ ਨੇੜੇ ਆ ਹੀ ਪਹੁੰਚਿਆ ਹੈ। ਚਿਰਾਂ ਤੋਂ ਰਵਾਇਤੀ ਪਾਰਟੀਆਂ, ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ, ਵਿਚਕਾਰ “ਦੋਹੀਂ ਦਲੀਂ ਮੁਕਾਬਲਾ” ਹੁੰਦਾ ਰਿਹਾ ਸੀ। “ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ, ਕੋਈ ਨਹੀਂ ਸੀ ਤੀਸਰੀ ਜ਼ਾਤ ਆਹੀ।” ਦੋਹਾਂ ਦਲਾਂ ਦੀਆਂ ਰਣਭੇਰੀਆਂ ਤਾਂ ਵੱਜਦੀਆਂ ਸਨ ਪਰ ਬਹੁਤੀਆਂ ਤਿੱਖੀਆਂ ਨਹੀਂ। ਇਸ ਵਾਰ ਤੀਸਰੀ ਜ਼ਾਤ, ਆਮ ਆਦਮੀ ਪਾਰਟੀ ਦੇ ਪਰਗਟ ਹੋਣ ਨਾਲ ਮੁਕਾਬਲਾ ਬਹੁਤ ਵੱਧ ਤਿੱਖਾ ਤੇ ਦਿਲਚਸਪ ਹੋ ਗਿਆ ਹੈ। ਕਾਂਗਰਸੀਆਂ ਅਤੇ ਅਕਾਲੀਆਂ ਦੀ ਸ਼ਾਂਤਮਈ ਸਹਿਹੋਂਦ ਨੇ ਸਿਆਸਤ ਜਿਹੀ ਬੋਝਲ ਜ਼ਿੰਮੇਵਾਰੀ ਨੂੰ “ਉੱਤਰ ਕਾਟੋ ਮੈਂ ਚੜ੍ਹਾਂ, ਮੇਰੀ ਵਾਰੀ ਆਈ ਐ” ਦੀ ਮਨਮੌਜੀ ਖੇਡ ਬਣਾਇਆ ਹੋਇਆ ਸੀ। ਆਮ ਆਦਮੀ ਪਾਰਟੀ ਦੀ ਆਉਂਦ ਨਾਲ “ਰਾਜ਼ੀ ਬਹੁਤ ਰਹਿੰਦੇ ਪੰਜਾ ਤੱਕੜੀ ਸੀ, ਸਿਰ ਦੋਹਾਂ ਦੇ ਉੱਤੇ ਅਫ਼ਾਤ ਆਈ!”

ਜੇ ਬੋਲ-ਕੁਬੋਲ ਦੀ ਜਰੀਬ ਨਾਲ ਮਿਣਿਆ ਜਾਵੇ ਤਾਂ ਜੱਦੀ-ਪੁਸ਼ਤੀ ਸ਼ਰੀਕੇਬਾਜ਼ ਅਕਾਲੀ ਤੇ ਕਾਂਗਰਸੀ ਇਕ ਦੂਜੇ ਨੂੰ ਚਾਂਦਮਾਰੀ ਤੋਂ ਲਗਭਗ ਬਾਹਰ ਕਰ ਕੇ ਜਿਵੇਂ ਆਮ ਆਦਮੀ ਪਾਰਟੀ ਨੂੰ ਰਸੀਲੀਆਂ ਨਫ਼ਰਤੀ ਗਾਲ਼ਾਂ ਦਿੰਦੇ ਹਨ, ਉਸ ਤੋਂ ਸਾਬਤ ਹੋ ਜਾਂਦਾ ਹੈ ਕਿ ਉਹਨਾਂ ਨੂੰ ਤੀਜੀ ਧਿਰ ਦਾ ਖ਼ੌਫ਼ ਕੁਝ ਬਹੁਤਾ ਹੀ ਸਤਾ ਰਿਹਾ ਹੈ। ਇਸੇ ਕਰਕੇ ਉਹ ਇਸ ਨੂੰ ਸਿਆਸੀ ਸ਼ਰੀਕ ਸਮਝਣ ਦੀ ਥਾਂ ਨਿੱਜੀ ਵੈਰੀ ਸਮਝਦੀਆਂ ਹਨ। ਵੈਰੀ ਬਾਬਤ ਜਦੋਂ ਕਵੀ ਨੇ “ਸ਼ਾਹ ਮੁਹੰਮਦਾ ਵੈਰੀ ਨੂੰ ਜਾਣ ਹਾਜ਼ਰ, ਸਦਾ ਰੱਖੀਏ ਵਿਚ ਧਿਆਨ ਦੇ ਜੀ” ਦੀ ਸਿੱਖਿਆ ਦਿੱਤੀ ਸੀ, ਉਸ ਨੇ ‘ਧਿਆਨ’ ਵਿਚ ਬੋਲ-ਕੁਬੋਲ ਸ਼ਾਮਲ ਨਹੀਂ ਕੀਤੇ ਸਨ। ਅਮਰਿੰਦਰ ਸਿੰਘ ਅਠਾਰ੍ਹਵੀਂ ਸਦੀ ਤੋਂ ਤੁਰੇ ਆਪਣੇ ਰਾਜ-ਘਰਾਣੇ ਅਤੇ ਬਾਦਲ ਜੀ ਵੀਹਵੀਂ ਸਦੀ ਤੋਂ ਤੁਰੇ ਆਪਣੇ ਰਾਜ-ਘਰਾਣੇ ਦੇ ਹਉਂ-ਹੰਕਾਰ ਵਿਚ ਆਮ ਆਦਮੀ ਪਾਰਟੀ ਵਾਲਿਆਂ ਨੂੰ ਛੋਟੇ ਬੰਦੇ, ਟੋਪੀਆਂ ਵਾਲ਼ੇ, ਲੁਟੇਰੇ, ਧਾੜਵੀ, ਤੁੱਛ ਆਦਮੀ, ਅੱਤਵਾਦੀ, ਖਾਲਿਸਤਾਨੀ, ਨਕਸਲੀਏ, ਪਾਕਿਸਤਾਨੀ ਆਈ ਐੱਸ ਆਈ ਦੇ ਏਜੰਟ ਤੇ ਹੋਰ ਪਤਾ ਨਹੀਂ ਕੀ ਕੀ ਆਖ ਕੇ ਮਿਹਣਾ ਮਾਰਦੇ ਹਨ ਕਿ ਤੁਹਾਡੇ ਪੱਲੇ ਕੀ ਹੈ? ਅਜਿਹੇ ਮੌਕੇ ਉਹ ਪ੍ਰਸਿੱਧ ਵਾਰਤਾਲਾਪ ਯਾਦ ਆ ਜਾਂਦਾ ਹੈ ਜਿਸ ਵਿਚ ਇਕ ਭਾਈ ਦੂਜੇ ਨੂੰ ਮਿਹਣਾ ਮਾਰਦਾ ਹੈ, “ਮੇਰੇ ਪਾਸ ਪੈਸਾ ਹੈ, ਬੰਗਲਾ ਹੈ, ਗਾਡੀ ਹੈ, ਨੌਕਰ ਹੈਂ, ਬੈਂਕ ਬੈਲੈਂਸ ਹੈ, ਤੁਮਹਾਰੇ ਪਾਸ ਕਿਆ ਹੈ?” ਦੂਜਾ ਜਵਾਬ ਦਿੰਦਾ ਹੈ, “ਮੇਰੇ ਪਾਸ ਮਾਂ ਹੈ!” ਬੱਸ ਇਹਨਾਂ ਚੋਣਾਂ ਦੀ ਵੀ ਇਹੋ ਘੁੰਡੀ ਹੈ ਕਿ ਆਮ ਆਦਮੀ ਪਾਰਟੀ ਕੋਲ ਜਨਤਾ-ਰੂਪੀ ਮਾਂ ਹੈ!

ਹਾਕਮ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਵਿਰੋਧੀਆਂ ਨਾਲ ਸਿੱਝਣ ਲਈ ਕਰਨੀਆਂ ਦਾ ਪਟਾਰਾ ਲਗਭਗ ਖਾਲੀ ਹੋਣ ਦੇ ਬਾਵਜੂਦ ਲੱਛੇਦਾਰ ਕਥਨੀਆਂ ਦਾ ਅਮੁੱਕ ਭੰਡਾਰ ਹੈ। ਕਦੀ ਉਹ ਪਾਣੀ ਵਿਚ ਬੱਸਾਂ ਚਲਾਉਂਦਾ ਹੈ, ਕਦੀ ਹਵਾ ਵਿਚ ਕਿਸ਼ਤੀਆਂ ਉਡਾਉਂਦਾ ਹੈ ਤੇ ਕਦੀ ਧਰਤੀ ਉੱਤੇ ਉਡਣਖਟੋਲੇ ਰੇੜ੍ਹਦਾ ਹੈ। ਪਰ ਮੁਸ਼ਕਿਲ ਇਹ ਹੈ ਕਿ ਨੰਗ-ਭੁੱਖ, ਬੇਰੋਜ਼ਗਾਰੀ, ਨਸ਼ਿਆਂ, ਰੋਗਾਂ ਤੇ ਖ਼ੁਦਕੁਸ਼ੀਆਂ ਦੀ ਘੁੰਮਣਘੇਰੀ ਵਿਚ ਫਸੇ ਹੋਏ ਪੰਜਾਬ ਦੇ ਲੋਕਾਂ ਨੇ ਕਰਨੀ ਤੋਂ ਸੱਖਣੀ ਉਹਦੀ ਕਥਨੀ ਨੂੰ ਚਿਰਾਂ ਤੋਂ ਕੋਈ ਅਹਿਮੀਅਤ ਦੇਣੀ ਛੱਡ ਦਿੱਤੀ ਹੋਈ ਹੈ। ਕੇਂਦਰੀ ਮੰਤਰੀ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਜਿਹੀਆਂ ਪਦਵੀਆਂ ਉੱਤੇ ਰਹਿਣ ਨਾਲ ਵੀ ਉਹਨੂੰ ਉਹ ਸਿਆਸੀ ਕੱਦ ਹਾਸਲ ਨਹੀਂ ਹੋ ਸਕਿਆ, ਜੋ ਸਹਿਜੇ ਹੀ ਹੋ ਜਾਣਾ ਚਾਹੀਦਾ ਸੀ। ਇਹੋ ਕਾਰਨ ਹੈ ਕਿ ਗੁਣ-ਦੋਸ਼ ਵਲੋਂ ਅੱਖਾਂ ਮੀਟਦਿਆਂ ਧ੍ਰਿਤਰਾਸ਼ਟਰ ਤੋਂ ਸੋਨੀਆ ਗਾਂਧੀ ਤੱਕ ਤੁਰੀ ਆ ਰਹੀ ਪੁੱਤਰ-ਮੋਹ ਦੀ ਪਰੰਪਰਾ ਦੇ ਅਨਿਨ ਵਿਸ਼ਵਾਸੀ ਹੁੰਦਿਆਂ ਵੀ ਸਰਦਾਰ ਪਰਕਾਸ਼ ਸਿੰਘ ਬਾਦਲ, ਖਾਸ ਕਰਕੇ ਦੂਜੇ ਕਾਰਜਕਾਲ ਵਿਚ, ਉਹਦਾ ਰਾਜ-ਤਿਲਕ ਕਰਨ ਵਿਚ ਸਫਲ ਨਹੀਂ ਹੋ ਸਕੇ।

ਇਸ ਮੰਤਵ ਨਾਲ ਉਹਨਾਂ ਨੇ ਭਾਰਤੀ ਸੂਬਿਆਂ ਦੀਆਂ ਗੱਠਜੋੜੀ ਸਰਕਾਰਾਂ ਵਿਚ ਉਪ ਮੁੱਖ ਮੰਤਰੀ ਦੀ ਪਦਵੀ ਦੂਜੀ ਵੱਡੀ ਪਾਰਟੀ ਨੂੰ ਦੇਣ ਦੀ ਸਥਾਪਤ ਹੋ ਚੁੱਕੀ ਪ੍ਰੰਪਰਾ ਦੀ ਵੀ ਪਰਵਾਹ ਨਹੀਂ ਕੀਤੀ ਅਤੇ ਦੋਵੇਂ ਪਦਵੀਆਂ ਆਪਣੀ ਪਾਰਟੀ ਦੀ, ਸਗੋਂ ਆਪਣੇ ਪਰਿਵਾਰ ਦੀ ਝੋਲ਼ੀ ਵਿਚ ਪਾ ਲਈਆਂ। ਇਹ ਸੁਖਬੀਰ ਸਿੰਘ ਬਾਦਲ ਦੇ ਰਾਜਤਿਲਕ ਵੱਲ ਅਹਿਮ ਕਦਮ ਸੀ। ਪਰ ਕੋਈ ਬਾਹਰੀ ਰੁਕਾਵਟ ਨਾ ਹੁੰਦਿਆਂ ਵੀ ਬਾਦਲ ਜੀ ਨਿਰਣਈ ਕਦਮ ਨਾ ਹੀ ਚੁੱਕ ਸਕੇ! ਲੱਖਣ ਤਾਂ ਇਹੋ ਲਾਇਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਵਜੋਂ ਆਪਣੇ ਕਈ ਵਾਰ ਦੇ ਅਨੁਭਵ ਦੇ ਆਧਾਰ ਉੱਤੇ ਉਹਨਾਂ ਦਾ ਭਰੋਸਾ ਸੁਖਬੀਰ ਦੀ ਪ੍ਰਬੰਧਕੀ ਸੂਝਬੂਝ ਉੱਤੇ ਟਿਕ ਨਹੀਂ ਸਕਿਆ। ਨਤੀਜੇ ਵਜੋਂ ਇਹਨਾਂ ਚੋਣਾਂ ਵਿਚ ਵੀ ਉਹਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਨਾ ਸੰਭਵ ਨਾ ਹੋਇਆ ਅਤੇ ਰਣ-ਖੇਤਰ ਵਿਚ ਆਪਣੇ ਦਲ ਦੀ ਅਗਵਾਈ ਫੇਰ ਬਾਦਲ ਜੀ ਨੂੰ ਆਪਣੇ ਹੱਥ ਹੀ ਲੈਣੀ ਪਈ। ਉਹ ਜਾਣਦੇ ਹਨ ਕਿ ਜੇ ਉਹ ਚੋਣਾਂ ਵਿਚ ਬਹੁਮੱਤ ਦੀ ਕਠਿਨ ਡਗਰ ਪਾਰ ਕਰ ਜਾਣ, ਇਹ ਸੁਖਬੀਰ ਨੂੰ ਮੁੱਖ ਮੰਤਰੀ ਬਣਾਉਣ ਦਾ ਉਹਨਾਂ ਦਾ ਆਖ਼ਰੀ ਮੌਕਾ ਤੇ ਹੀਲਾ ਹੋਵੇਗਾ। ਉਹ ਨੱਬੇ ਸਾਲ ਦੇ ਹੋ ਗਏ ਹਨ। ਇਕ ਤਾਮਿਲਨਾਡੂ ਵਾਲ਼ੇ ਕਰੁਣਾਨਿਧੀ ਨੂੰ ਛੱਡ ਕੇ ਉਹ ਭਾਰਤ ਦੇ ਸਭ ਤੋਂ ਬਜ਼ੁਰਗ ਸਿਆਸਤਦਾਨ ਹਨ। ਹਰ ਕੋਈ ਜਾਣਦਾ ਹੈ ਕਿ ਉਹਨਾਂ ਦੀ ਮਨਸ਼ਾ ਨੱਬਿਆਂ ਤੋਂ ਟੱਪ ਕੇ ਵੀ ਰਾਜ ਕਰਦੇ ਰਹਿਣ ਦੀ ਨਹੀਂ ਸਗੋਂ ਆਪਣੇ ਨਾਂ ਨਾਲ ਗੱਦੀ ਹਥਿਆ ਕੇ ਉਹਨੂੰ ਪੁੱਤਰ ਦੇ ਹਵਾਲੇ ਕਰ ਦੇਣ ਦੀ ਹੈ। ਪਰ ਇਸ ਵਾਰ ਦਾ ਚੋਣ-ਯੁੱਧ ਆਜ਼ਾਦੀ ਮਗਰੋਂ ਦੇ ਪੰਜਾਬ ਦੇ ਇਤਿਹਾਸ ਵਿਚ ਸਭ ਤੋਂ ਵੱਧ ਘਮਸਾਨੀ ਹੈ ਤੇ ਡਗਰ ਪਾਰ ਕਰਨੀ ਸੌਖੀ ਨਹੀਂ ਦਿਸਦੀ।

ਪੁੱਤਰ-ਮੋਹ ਦੇ ਵੱਸ ਪੈ ਕੇ ਬਾਦਲ ਜੀ ਨੇ ਬੜਾ ਵੱਡਾ ਜੋਖ਼ਮ ਪੱਲੇ ਪਾ ਲਿਆ ਹੈ। ਜੇ ਬਾਦਲ ਜੀ ਦੀ ਪਾਰਟੀ ਵੀ ਜਿੱਤ ਜਾਵੇ ਤੇ ਉਹ ਆਪ ਵੀ ਜਿੱਤ ਜਾਣ, ਉਹਨਾਂ ਨੂੰ ਆਪ ਪਾਸੇ ਹਟ ਕੇ ਗੱਦੀ ਉੱਤੇ ਸੁਖਬੀਰ, ਜਿਹੋ ਜਿਹਾ ਵੀ ਹੈ, ਬਿਰਾਜਮਾਨ ਕਰਨਾ ਪਵੇਗਾ। ਜੇ ਪਾਰਟੀ ਹਾਰ ਜਾਵੇ ਤੇ ਬਾਦਲ ਜੀ ਜਿੱਤ ਵੀ ਜਾਣ, ਸੁਖਬੀਰ ਦੇ ਪਾਰਟੀ-ਪ੍ਰਧਾਨ ਹੋਣ ਦੇ ਬਾਵਜੂਦ ਹਾਰ ਦੀ ਨਮੋਸ਼ੀ ਬਾਦਲ ਜੀ ਦੀ ਝੋਲ਼ੀ ਹੀ ਪਵੇਗੀ। ਜੇ ਪਾਰਟੀ ਤੇ ਬਾਦਲ ਜੀ, ਦੋਵਾਂ ਦੇ ਪੱਲੇ ਹਾਰ ਪੈ ਜਾਵੇ, ਨਮੋਸ਼ੀ ਪੁਆਉਣ ਲਈ ਬਾਦਲ ਜੀ ਦੀ ਵੱਡੀ ਝੋਲ਼ੀ ਵੀ ਛੋਟੀ ਰਹਿ ਜਾਵੇਗੀ। ਉਹਨਾਂ ਦੇ ਹਲਕੇ ਵਿੱਚੋਂ ਜੋ ‘ਆਵਾਜ਼-ਏ-ਖ਼ਲਕ’ ਆ ਰਹੀ ਹੈ, ਉਹ ਬਾਦਲ ਜੀ ਨੂੰ ਕੋਈ ਧਰਵਾਸ ਦੇਣ ਵਾਲ਼ੀ ਨਹੀਂ। ਤੇ ‘ਆਵਾਜ਼-ਏ-ਖ਼ਲਕ’ ਨੂੰ ਸਿਆਣਿਆਂ ਨੇ ‘ਨੱਕਾਰਾ-ਏ-ਖ਼ੁਦਾ’, ਖ਼ੁਦਾ ਦਾ ਨਗਾਰਾ ਕਿਹਾ ਹੈ। ਇਸ ਵਾਰ ਦੀ ਚੋਣ-ਮੁਹਿੰਮ ਉੱਤੇ ਨਿਕਲਣ ਮਗਰੋਂ ਉਹ ਆਪ ਵੀ ਜ਼ਰੂਰ ਇਹ ਗੱਲ ਸਮਝ ਗਏ ਹੋਣਗੇ ਕਿ ਪੁੱਤਰ-ਮੋਹ ਨੇ ਉਹਨਾਂ ਨੂੰ ਉਮਰ ਦੇ ਇਸ ਪੜਾਅ ਉੱਤੇ ਕਿਸ ਕਸੂਤੀ ਹਾਲਤ ਵਿਚ ਪਾ ਦਿੱਤਾ ਹੈ। ਜੇ ਉਹ ਅਜੇ ਵੀ ਇਹ ਗੱਲ ਨਹੀਂ ਸਮਝੇ, ਫੇਰ ਤਾਂ ਇਹੋ ਕਿਹਾ ਜਾ ਸਕਦਾ ਹੈ, “ਜਾਨੇ ਨਾ ਜਾਨੇ ਗੁਲ ਹੀ ਨਾ ਜਾਨੇ, ਬਾਗ਼ ਤੋ ਸਾਰਾ ਜਾਨੇ ਹੈ!”

ਕਿਸੇ ਸਾਧਾਰਨ ਕਾਂਗਰਸੀ ਉਮੀਦਵਾਰ ਦੀ ਸੂਰਤ ਵਿਚ ਬਾਦਲ ਜੀ ਬਨਾਮ ਜਰਨੈਲ ਸਿੰਘ ਬਾਰੇ ਚਰਚਾ ਤਾਂ ਹੁਣ ਬੇਅਰਥ ਹੋ ਗਈ ਹੈ। ਲੰਬੀ ਦੇ ਅਖਾੜੇ ਵਿਚ ਅਮਰਿੰਦਰ ਸਿੰਘ (ਤੇ ਜਲਾਲਾਬਾਦ ਵਿਚ ਬਿੱਟੂ) ਦੇ ਕੁੱਦ ਪੈਣ ਨਾਲ ਨਕਸ਼ਾ ਮੂਲ਼ੋਂ ਹੀ ਬਦਲ ਗਿਆ ਹੈ ਤੇ ਨਤੀਜੇ ਦੀ ਸੰਭਾਵਨਾ ਵੱਧ ਉਲਝਵੀਂ ਤੇ ਦਿਲਚਸਪ ਹੋ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਬਾਦਲ ਜੀ ਨੇ ਗੁਪਤ ਸਮਝੌਤੇ ਅਧੀਨ ਪਟਿਆਲੇ ਵਿਚ ਜੇਜੇ ਸਿੰਘ ਵਰਗਾ ਕਮਜ਼ੋਰ ਉਮੀਦਵਾਰ ਖੜ੍ਹਾ ਕਰ ਕੇ ਲੰਬੀ ਤੇ ਜਲਾਲਾਬਾਦ ਵਿਚ ਅਮਰਿੰਦਰ ਤੇ ਬਿੱਟੂ ਰਾਹੀਂ ਆਮ ਆਦਮੀ ਪਾਰਟੀ ਦੀਆਂ ਵੋਟਾਂ ਪਾੜ ਦਿੱਤੀਆਂ ਹਨ। ਪਰ ਇਹ ਤਾਂ ਵਾਹਿਗੁਰੂ ਹੀ ਜਾਣਦਾ ਹੈ ਕਿ ਤਿੰਨ-ਧਿਰੀ ਘੜਮੱਸ ਵਿਚ ਕੀਹਦੀਆਂ ਵੋਟਾਂ ਕੀਹਦੇ ਪੱਖ ਵਿਚ ਪਾਟਣਗੀਆਂ!

ਜੇ ਬਾਦਲ ਜੀ ਜਿੱਤ ਜਾਣ, ਅਮਰਿੰਦਰ ਸਿੰਘ ਕੋਲ ਪਟਿਆਲਾ ਹੈ ਤੇ ਜਰਨੈਲ ਸਿੰਘ ਨੂੰ ਲੋਕ “ਖ਼ੂਬ ਲੜਾ ਮਰਦਾਨਾ ਵੁਹ ਤੋ ਝਾਂਸੀ ਵਾਲ਼ਾ ਰਾਣਾ ਹੈ” ਦੀ ਸ਼ਾਬਾਸ਼ ਦੇਣਗੇ। ਜੇ ਅਮਰਿੰਦਰ ਸਿੰਘ ਜਿੱਤ ਜਾਵੇ, ਜਰਨੈਲ ਸਿੰਘ ਦੀ ਸ਼ਾਬਾਸ਼ ਜਿਉਂ-ਦੀ-ਤਿਉਂ ਰਹੇਗੀ ਪਰ ਬਾਦਲ ਜੀ ਦੇ ਪੱਲੇ ਕੱਖ ਨਹੀਂ ਰਹਿਣਾ। ਹੁਣ ਤੀਜੇ ਉਮੀਦਵਾਰ ਜਰਨੈਲ ਸਿੰਘ ਦੀ ਜਿੱਤ ਦੀ ਕਲਪਨਾ ਕਰੋ ਜੋ ਲੰਬੀ ਤੋਂ ਆਉਂਦੀਆਂ ਕਨਸੋਆਂ ਸੁਣਦਿਆਂ ਅਤੇ ਆਮ ਆਦਮੀ ਪਾਰਟੀ ਨੂੰ ਮਿਲ ਰਹੀ ਹਮਾਇਤ ਦੇਖਦਿਆਂ ਕੋਈ ਅਸੰਭਵ ਗੱਲ ਨਹੀਂ ਲਗਦੀ। ਇਸ ਸੂਰਤ ਵਿਚ ਅਮਰਿੰਦਰ ਨੇ ਤਾਂ “ਇੱਥੋਂ ਹੋ ਗਿਆ ਹਰਨ ਹੈ ਮਹਾਰਾਜਾ, ਚੌਦਾਂ ਹੱਥਾਂ ਦੀ ਮਾਰ ਕੇ ਜਾਣ ਛਾਲੀ” ਦੀ ਫੁਰਤੀ ਦਿਖਾਉਂਦਿਆਂ ਪਟਿਆਲੇ ਪਹੁੰਚ ਕੇ ਦਮ ਲੈਣਾ ਹੈ ਪਰ ਬਾਦਲ ਜੀ ਦੇ ਪੱਲੇ ਸੁਖਬੀਰ ਨੂੰ ਮੁੱਖ ਮੰਤਰੀ ਬਣਾਉਣ ਦੇ ਸੁਪਨੇ ਬਾਰੇ ਸੋਚ ਕੇ ਇਉਂ ਹੱਥ ਮਲਣਾ ਹੀ ਰਹਿ ਜਾਵੇਗਾ,

ਮੇਰਾ ਸੁੰਦਰ ਸਪਨਾ ਬੀਤ ਗਿਆ
ਮੈਂ ਪੁੱਤਰ-ਮੋਹ ਮੇਂ ਹਾਰ ਗਿਆ
,
ਔਰ ਝਾੜੂ ਵਾਲ਼ਾ ਜੀਤ ਗਿਆ
ਮੇਰਾ ਸੁੰਦਰ ਸਪਨਾ ਬੀਤ ਗਿਆ
ਆਂਖੇਂ ਅੰਸੂਅਨ ਮੇਂ ਡੂਬ ਗਈ
,
ਹੰਸਨੇ ਕਾ ਜ਼ਮਾਨਾ ਬੀਤ ਗਿਆ
ਮੇਰਾ ਸੁੰਦਰ ਸਪਨਾ ਬੀਤ ਗਿਆ!”

ਇਹ ਸਾਰੀ ਸੂਰਤ-ਏ-ਹਾਲ ਦੇਖ ਕੇ ਸੋਚਣਾ ਬਣਦਾ ਹੈ ਕਿ ਕੀ ਬਾਦਲ ਜੀ ਨੂੰ ਸੁਖਬੀਰ ਦੇ ਮੁੱਖ ਮੰਤਰੀ ਵਜੋਂ ਰਾਜਤਿਲਕ ਖ਼ਾਤਰ ਏਨਾ ਵੱਡਾ ਜੋਖ਼ਮ ਲੈਣਾ ਚਾਹੀਦਾ ਹੈ? ਇਸ ਸਵਾਲ ਦੇ ਜਵਾਬ ਵਿਚ ਮੇਰੀਆਂ ਅੱਖਾਂ ਸਾਹਮਣੇ ਇਕ ਇਤਿਹਾਸਕ ਨਜ਼ਾਰਾ ਉਜਾਗਰ ਹੋ ਜਾਂਦਾ ਹੈ।

ਇਹ ਘਟਨਾ 1977 ਦੀਆਂ ਲੋਕਸਭਾਈ ਚੋਣਾਂ ਸਮੇਂ ਦੀ ਹੈ। ਉਸ ਸਮੇਂ ਤੱਕ ਤਿੰਨ ਵਾਰ ਪ੍ਰਧਾਨ ਮੰਤਰੀ ਰਹਿ ਚੁੱਕੀ ਇੰਦਰਾ ਗਾਂਧੀ ਆਜ਼ਾਦ ਭਾਰਤ ਦੀ ਸਭ ਤੋਂ ਬਲਵਾਨ ਆਗੂ ਮੰਨੀ ਜਾਂਦੀ ਸੀ। ਬੰਗਲਾਦੇਸ਼ ਦੇ ਜਨਮ ਵਿਚ ਉਹਦੀ ਭੂਮਿਕਾ ਨੂੰ ਦੇਖ ਕੇ ਵਿਰੋਧੀ ਪਾਰਟੀ ਦੇ ਆਗੂ ਵਾਜਪਾਈ ਦਾ ਉਹਨੂੰ ਦੁਰਗਾ ਆਖਣਾ ਇਤਿਹਾਸ ਦਾ ਅੰਗ ਹੈ। ਚੋਣਾਂ ਵਿਚ ਉਹਨੂੰ ਕਦੀ ਹਾਰ ਦੀ ਨਮੋਸ਼ੀ ਨਹੀਂ ਸੀ ਸਹਿਣੀ ਪਈ। 1977 ਵਿਚ ਜਨਤਾ ਪਾਰਟੀ ਦੇ ਉਮੀਦਵਾਰ ਰਾਜ ਨਾਰਾਇਣ ਨੇ, ਜਿਸਦਾ ਸਿਆਸੀ ਕੱਦ ਇਕ ਵੱਡਾ ਸੋਸ਼ਲਿਸਟ ਆਗੂ ਹੋਣ ਦੇ ਬਾਵਜੂਦ ਇੰਦਰਾ ਨਾਲੋਂ ਬਿਨਾਂ-ਸ਼ੱਕ ਛੋਟਾ ਸੀ, ਐਮਰਜੈਂਸੀ ਬਾਰੇ ਲੋਕਾਂ ਦੇ ਕਰੋਧ ਦਾ ਲਾਹਾ ਲੈ ਕੇ ਉਹਨੂੰ 55,200 ਵੋਟਾਂ ਦੇ ਫ਼ਰਕ ਨਾਲ ਹਰਾ ਦਿੱਤਾ। ਇੰਦਰਾ ਦੀ ਗੂੜ੍ਹੀ ਸਹੇਲੀ ਪੁਪੁਲ ਜੈਯਕਰ ਲਿਖਦੀ ਹੈ ਕਿ ਇਸ ਹਾਰ ਪਿੱਛੋਂ ਜਦੋਂ ਉਹ ਇੰਦਰਾ ਨੂੰ ਮਿਲਣ ਜਾਂਦੀ, ਬਹੁਤੇ ਸੰਗ-ਸਖਿਆਂ ਦੇ ਤਜ ਜਾਣ ਕਾਰਨ ਉਹ ਅਕਸਰ ਖਾਲੀ ਬਰਾਂਡੇ ਵਿਚ ਬੈਠੀ ਖਾਲੀ ਨਜ਼ਰਾਂ ਨਾਲ ਦੂਰ ਖਾਲੀ ਅੰਬਰ ਵੱਲ ਦੇਖ ਰਹੀ ਹੁੰਦੀ!

ਇਹ ਕੋਈ ਅਤਿਕਥਨੀ ਨਹੀਂ ਕਿ ਪੰਜਾਬ ਦੇ ਲੋਕਾਂ ਵਿਚ ਹਲਕਾ ਇੰਚਾਰਜਾਂ, ਹੋਰ ਜਥੇਦਾਰਾਂ, ਬੇਲਗਾਮ ਲਾਡਲੇ ਪੁਲਸੀਆਂ, ਧੱਕੜ ਚਾਪਲੂਸ ਅਧਿਕਾਰੀਆਂ ਤੇ ਸੱਤਾ-ਪੱਖੀ ਡਾਂਗੂਆਂ ਦੇ ਔਰੰਗਜ਼ੇਬੀ ਜ਼ੁਲਮਾਂ-ਸਿਤਮਾਂ ਵਿਰੁੱਧ ਗੁੱਸਾ ਭਾਰਤ ਦੇ ਐਮਰਜੈਂਸੀ ਵਿਰੁੱਧ ਗੁੱਸੇ ਨਾਲੋਂ ਚਾਰ ਰੱਤੀਆਂ ਵੱਧ ਭਾਵੇਂ ਹੋਵੇ, ਘੱਟ ਬਿਲਕੁਲ ਨਹੀਂ। ਇਹ ਗੁੱਸਾ ਹਾਰ ਦਾ ਕਠੋਰ-ਕਰੂਰ ਸੁਨੇਹਾ ਹੈ। ਤੇ ਹਾਰ ਦੀ ਨਮੋਸ਼ੀ, ਖਾਸ ਕਰਕੇ ਵੱਡੀਆਂ ਜਿੱਤਾਂ ਮਗਰੋਂ, ਇੰਦਰਾ ਦੀ ਮਿਸ਼ਾਲ ਵਾਂਗ, ਬਰਦਾਸ਼ਤ ਕਰਨੀ ਬਹੁਤ ਮੁਸ਼ਕਿਲ ਹੁੰਦੀ ਹੈ। ਬਾਦਲ ਜੀ ਦੀ ਲੰਮੀ ਸਿਆਸੀ ਜ਼ਿੰਦਗੀ ਦਾ ਤੇ ਬਜ਼ੁਰਗੀ ਦਾ ਖ਼ਿਆਲ ਕਰਦਿਆਂ ਮੇਰੀ ਉਹਨਾਂ ਨੂੰ ਸੁਹਿਰਦ ਸਲਾਹ ਹੈ ਕਿ ਉਹ ਚੋਣ-ਸਿਆਸਤ ਵਿਚ ਜੁੱਤੀਆਂ ਵਗਾਹੁਣ ਤੱਕ ਆਏ ਨਿਘਾਰ ਦਾ ਜਾਂ ਆਯੂ ਸਦਕਾ ਸਿਹਤ ਵਿਚ ਅਚਾਨਕ ਆਉਣ ਲੱਗੀਆਂ ਸਮੱਸਿਆਵਾਂ ਦਾ ਜਾਂ ਅਜਿਹਾ ਕੋਈ ਹੋਰ ਸੱਚਾ-ਝੂਠਾ ਬਹਾਨਾ ਬਣਾ ਕੇ ਚਾਰ ਫਰਵਰੀ ਤੋਂ ਪਹਿਲਾਂ ਪਹਿਲਾਂ ਚੋਣ-ਮੈਦਾਨ ਵਿੱਚੋਂ ਬਾਹਰ ਨਿਕਲਣ ਦਾ ਐਲਾਨ ਕਰ ਦੇਣ! ਛਪਿਆ ਪਿਆ ਰਹੇ ਵੋਟਾਂ ਵਾਲ਼ੀ ਮਸ਼ੀਨ ਦੀ ਕਿੱਲੀ ਉੱਤੇ ਉਹਨਾਂ ਦਾ ਨਾਂ! ਉਹਨਾਂ ਲਈ ਬਿਨਾਂ-ਸ਼ੱਕ “ਲੱਖੀਂ ਹੱਥ ਨਾ ਆਉਂਦੀ ਦਾਨਿਸ਼ਮੰਦਾਂ ਦੀ ਪੱਤ” ਦੀ ਲੋਕ-ਸਿਆਣਪ ਸਿਮਰਨ ਦਾ ਵੇਲਾ ਆ ਗਿਆ ਹੈ!

*****

ਟਰਾਂਟੋ ਤੋਂ ਗੁਰਦਾਸ ਮਿਨਹਾਸ ਲਿਖਦੇ ਹਨ

(14 ਫਰਵਰੀ 2017)

ਵਾਹ, ਭੁੱਲਰ ਸਾਹਿਬ, ਬੱਸ ਕਮਾਲ ਹੀ ਕਰ ਦਿੱਤੀ!
ਚੜ੍ਹਦੀ ਕਲਾ ਵਿੱਚ ਰਹੋ ਅਤੇ ਕਮਾਲਾਂ ਕਰਦੇ ਰਹੋ!

ਸ਼ੁਭ ਕਾਮਨਾ ਸਹਿਤ,

ਗੁਰਦਾਸ ਮਿਨਹਾਸ -  (ਟੋਰਾਂਟੋ)

 

ਰਮੇਸ਼ ਸੇਠੀ ਬਾਦਲ ਲਿਖਦੇ ਹਨ

ਬਹੁਤ ਵਧੀਆ ਲਿਖਿਆ ਹੈ ਜੀ। ਪਰ ਕਹਿੰਦੇ ਹਨ ਕਿ ਖਾਰਸ਼ ਤੇ ਰਾਜ ਆਪ ਕਰਨ ਵਿਚ ਹੀ ਸਵਾਦ ਆਉਂਦਾ ਹੈ। ਵੈਸੇ ਤਾਂ ਬਾਦਲ ਸਾਹਿਬ ਦੇ ਹਾਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਫਿਰ ਡੇਰਾ ਫੈਕਟਰ ਵੀ ਤਾਂ ਹੈ।

ਰਮੇਸ਼ ਸੇਠੀ ਬਾਦਲ।

 (599)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

Gurbachan S Bhullar

Gurbachan S Bhullar

Delhi, India.
Phone: (91 - 80783 - 630558)
Email: (bhullargs@gmail.com)

More articles from this author