“ਛਟੀ ਜਾਂ ਛੱਟੀ (ਸ਼ਾਬਦਿਕ ਅਰਥ “ਛੇਵੀਂ”): ਬੱਚੇ ਦੇ ਜਨਮ ਤੋਂ ਬਾਅਦ ਛੇਵੇਂ ਦਿਨ ਕੀਤੀਆਂ ...”
(29 ਮਈ 2025)
ਕਲੀਰੇ ਬੰਨ੍ਹਣਾ:
ਕਲੀਰੇ ਬੰਨ੍ਹਣਾ ਵਿਆਹ ਨਾਲ ਸੰਬੰਧਿਤ ਰਸਮ ਹੈ। ਚੂੜਾ ਪਾਉਣ ਤੋਂ ਬਾਅਦ ਕੰਨਿਆ ਦੇ ਕਲੀਰੇ ਬੰਨ੍ਹੇ ਜਾਂਦੇ ਹਨ। ਕਲੀਰਾ ਇੱਕ ਅਜਿਹਾ ਗਹਿਣਾ ਹੈ, ਜੋ ਵਿਆਹ ਦੇ ਸਮੇਂ ਕੰਨਿਆ ਆਪਣੇ ਦੋਹਾਂ ਹੱਥਾਂ ਦੀਆਂ ਵੀਣੀਆਂ ’ਤੇ ਬੰਨ੍ਹਦੀ ਹੈ। ਕਲੀਰਾ ਮੌਲੀ ਦੇ ਤੰਦ ਵਿੱਚ ਜੁੱਟ ਅਤੇ ਕੌਡੀਆਂ ਪਰੋ ਕੇ ਬਣਾਇਆ ਜਾਂਦਾ ਹੈ। ਕਲੀਰਾ ਨਿੱਕੀਆਂ ਨਿੱਕੀਆਂ ਕਟੋਰੀਆਂ ਨਾਲ ਜ਼ੰਜੀਰੀ ਦੀਆਂ ਤਿੰਨ ਲੜੀਆਂ ਪਰੋ ਕੇ ਬਣਦਾ ਹੈ। ਜ਼ੰਜੀਰੀ ਦੇ ਥੱਲੇ ਘੁੰਗਰੂ ਜਾਂ ਪੱਤੀਆਂ ਲਟਕਾਈਆਂ ਜਾਂਦੀਆਂ ਹਨ। ਕਲੀਰਾ ਸੁਖ ਮੰਗਲ ਦੀ ਕਾਮਨਾ ਲਈ ਬੰਨ੍ਹਿਆ ਜਾਂਦਾ ਹੈ। ਅੱਜ ਕੱਲ੍ਹ ਸੋਨੇ ਅਤੇ ਚਾਂਦੀ ਦੇ ਕਲੀਰੇ ਵੀ ਦੇਖਣ ਨੂੰ ਮਿਲਦੇ ਹਨ। ਕਈ ਕਲੀਰੇ ਕਾਫ਼ੀ ਲੰਬੇ ਅਤੇ ਕਈ ਛੋਟੇ-ਛੋਟੇ ਹੁੰਦੇ ਹਨ। ਇਹ ਪਹਿਨਣ ਵਾਲੇ ਦੀ ਪਸੰਦ ’ਤੇ ਨਿਰਭਰ ਕਰਦਾ ਹੈ। ਇਹ ਆਮ ਤੌਰ ’ਤੇ ਕੰਨਿਆ ਦੀਆਂ ਸਹੇਲੀਆਂ ਬੰਨ੍ਹਦੀਆਂ ਹਨ। ਕਈ ਜਗਾ ’ਤੇ ਕਲੀਰੇ ਭਰਾ ਭਰਜਾਈ ਵੀ ਬੰਨ੍ਹਦੇ ਹਨ। ਕਲੀਰੇ ਦੀ ਰਸਮ ਕਈ ਇਲਾਕਿਆਂ ਵਿੱਚ ਨਾਨਕਿਆਂ ਵੱਲੋਂ ਵੀ ਨਿਭਾਈ ਜਾਂਦੀ ਹੈ। ਅੱਜਕੱਲ੍ਹ ਬਜ਼ਾਰ ਵਿੱਚ ਕਈ ਤਰ੍ਹਾਂ ਦੇ ਖੂਬਸੂਰਤ ਕਲੀਰੇ ਮਿਲਦੇ ਹਨ। ਵਿਆਹ ਉਪਰੰਤ ਕਈ ਤਾਂ ਕਲੀਰਿਆਂ ਨੂੰ ਜੜਾ ਕੇ ਸਜਾਵਟ ਦੇ ਤੌਰ ’ਤੇ ਰੱਖਦੇ ਹਨ ਅਤੇ ਕਈ ਆਸ਼ੀਰਵਾਦ ਪ੍ਰਾਪਤ ਕਰਨ ਲਈ ਗੁਰਦੁਆਰੇ ਜਾਂ ਮੰਦਰ ਵਿੱਚ ਚੜ੍ਹਾ ਆਉਂਦੇ ਹਨ। ਕਲੀਰੇ ਬੰਨ੍ਹਣ ਦੀ ਸ਼ੁਰੂਆਤ ਕਦੋਂ ਹੋਈ, ਇਸ ਬਾਰੇ ਕੁਝ ਕਹਿਣਾ ਤਾਂ ਮੁਸ਼ਕਿਲ ਹੈ ਪਰ ਕਲੀਰੇ ਦਾ ਵਿਆਹ ਦੇ ਸਮੇਂ ਵਿੱਚ ਆਪਣਾ ਚਿੰਨਾਤਮਿਕ ਕਾਰਜ ਹੈ। ਇਸ ਵਿੱਚ ਵਰਤੀਆਂ ਜਾਣ ਵਾਲੀਆਂ ਵਸਤਾਂ ਵਿਆਹ ਦੇ ਸਮੇਂ ਕੁੜੀਆਂ ਨੂੰ ਸਿੱਖਿਆ ਦੇਣ ਲਈ ਚਿੰਨ੍ਹ ਦਾ ਕਾਰਜ ਕਰਦੀਆਂ ਹਨ।
ਨਾਨਕਿਆਂ ਵੱਲੋਂ ਆਪਣੀ ਦੋਹਤੀ ਦੇ ਵਿਆਹ ਸਮੇਂ ਦਾਜ ਲਈ ਦਿੱਤੇ ਜਾਂਦੇ ਗਹਿਣੇ, ਸੂਟ, ਬਿਸਤਰੇ, ਭਾਂਡੇ ਅਤੇ ਹੋਰ ਸਾਮਾਨ ਨੂੰ ਨਾਨਕੀ ਛੱਕ ਕਹਿੰਦੇ ਹਨ। ਦੋਹਤੇ ਦੇ ਵਿਆਹ ਸਮੇਂ ਵੀ ਨਾਨਕੀ ਛੱਕ ਦਿੱਤੀ ਜਾਂਦੀ ਹੈ ਪਰ ਉਸ ਨਾਨਕੀ ਛੱਕ ਵਿੱਚ ਦੋਹਤੇ ਨੂੰ ਜੋੜਾ ਜਾਮਾ (ਸੂਟ) ਆਪਣੀ ਧੀ ਤੇ ਧੀ ਦੇ ਸਾਰੇ ਪਰਿਵਾਰ ਨੂੰ, ਸੱਸ ਸਹੁਰੇ ਨੂੰ ਸੂਟ, ਖੇਸ, ਦੁਪੱਟੇ, ਕੱਪੜੇ ਦਿੱਤੇ ਜਾਂਦੇ ਹਨ। ਪੈਸੇ ਵਾਲੇ ਪਰਿਵਾਰ ਦੋਹਤੇ ਨੂੰ ਕੋਈ ਗਹਿਣਾ ਵੀ ਪਾਉਂਦੇ ਹਨ। ਨਕਦ ਪੈਸੇ ਦੇ ਦਿੰਦੇ ਹਨ। ਪਰ ਦੋਹਤੇ ਦੀ ਨਾਨਕੀ ਛੱਕ ਵਿੱਚ ਬਿਸਤਰੇ, ਭਾਂਡੇ ਆਦਿ ਹੋਰ ਕੋਈ ਸਾਮਾਨ ਨਹੀਂ ਦਿੱਤਾ ਜਾਂਦਾ। ਨਾਨਕੀ ਛੱਕ ਦੇਣ ਦਾ ਅਸਲ ਮੰਤਵ ਤਾਂ ਆਪਣੀ ਦੋਹਤੀ ਦੇ ਵਿਆਹ ਵਿੱਚ ਜਿਣਸ ਰੂਪ ਵਿੱਚ ਮਦਦ ਦੇਣਾ ਹੁੰਦਾ ਹੈ। ਨਾਨਕੀ ਛੱਕ ਨਾਨਕੇ ਆਪਣੀ ਆਰਥਿਕ ਹਾਲਤ ਅਨੁਸਾਰ ਹੀ ਦਿੰਦੇ ਹਨ। ਪਰ ਪਹਿਲੇ ਸਮਿਆਂ ਵਿੱਚ ਹਰ ਪਰਿਵਾਰ ਪਹਿਲੀ ਨਾਨਕੀ ਛੱਕ ਵਿੱਚ ਘੱਟੋ-ਘੱਟ ਇੱਕ ਸੋਨੇ ਦੀ ਟੂਮ, ਦੋ ਪੱਕੇ ਬਿਸਤਰੇ, ਦੋ ਕੱਚੇ ਬਿਸਤਰੇ, 5 ਪਿੱਤਲ ਦੇ ਭਾਂਡੇ ਅਤੇ ਦੋ ਸੂਟ ਜ਼ਰੂਰ ਦਿੰਦੇ ਸਨ। ਜਿਹੜੇ ਨਾਨਕੇ ਵਧੀਆ ਤੌਰ ’ਤੇ ਤਕੜੇ ਹੁੰਦੇ ਸਨ, ਉਹ ਸੋਨੇ ਦੀ ਭਾਰੀ ਟੂਮ, ਦੋ ਪੱਕੇ ਬਿਸਤਰਿਆਂ ਦੀ ਥਾਂ 5 ਪੱਕੇ ਬਿਸਤਰੇ, ਦੋ ਕੱਚੇ ਬਿਸਤਰਿਆਂ ਦੀ ਥਾਂ 5/7 ਕੱਚੇ ਬਿਸਤਰੇ, 5 ਭਾਂਡਿਆਂ ਦੀ ਥਾਂ 11 ਭਾਂਡੇ, ਦੋ ਸੂਟਾਂ ਦੀ ਥਾਂ 5/7 ਸੂਟ ਆਪਣੀ ਦੋਹਤੀ ਲਈ ਦੇ ਦਿੰਦੇ ਸਨ। ਕਈ ਨਾਨਕੇ ਇਸ ਤੋਂ ਜ਼ਿਆਦਾ ਵੀ ਨਾਨਕੀ ਛੱਕ ਦੇ ਦਿੰਦੇ ਸਨ। ਨਾਨਕੀ ਛੱਕ ਵਿੱਚ ਜੋ ਵੀ ਦਿੱਤਾ ਜਾਂਦਾ ਸੀ, ਉਸ ਨੂੰ ਮੰਜਿਆਂ ਉੱਪਰ ਰੱਖ ਕੇ ਸ਼ਰੀਕੇ ਨੂੰ ਵਿਖਾਉਣ ਦਾ ਰਿਵਾਜ਼ ਵੀ ਸੀ। ਦੋਹਤੀ/ਦੋਹਤੇ ਲਈ ਦਿੱਤੀਆਂ ਇਨ੍ਹਾਂ ਵਸਤਾਂ ਦੇ ਨਾਲ ਹੀ ਪਰਿਵਾਰ ਦੇ ਬਾਕੀ ਸਾਰੇ ਮੈਂਬਰਾਂ ਨੂੰ ਵੀ ਸੂਟ, ਪੱਗਾਂ, ਖੇਸ, ਦੁਪੱਟੇ ਆਦਿ ਦਿੱਤੇ ਜਾਂਦੇ ਸਨ। ਪਿੰਡ ਦੇ ਪੱਕੇ ਲਾਗੀਆਂ ਨੂੰ ਵੀ ਸੂਟ, ਖੇਸ, ਦੁਪੱਟੇ ਆਦਿ ਦਿੱਤੇ ਜਾਂਦੇ ਸਨ।
ਅੱਜ ਦੀਆਂ ਲੜਕੀਆਂ/ਲੜਕਿਆਂ ਦੀ ਆਪਣੀ ਪਸੰਦ ਹੈ। ਇਸ ਲਈ ਨਾਨਕੀ ਛੱਕ ਲਈ ਬਹੁਤੇ ਪਰਿਵਾਰ ਨਕਦ ਪੈਸੇ ਦੇ ਦਿੰਦੇ ਹਨ, ਜਿਸਦੀ ਵਰਤੋਂ ਪਰਿਵਾਰ ਆਪਣੀ ਲੋੜ ਅਨੁਸਾਰ ਕਰ ਲੈਂਦਾ ਹੈ। ਇਸ ਲਈ ਨਾਨਕੀ ਛੱਕ ਨੇ ਹੁਣ ਜਿਣਸ ਰੂਪ ਦੀ ਥਾਂ ਪੈਸੇ ਦਾ ਰੂਪ ਧਾਰਨ ਕਰ ਲਿਆ ਹੈ।
ਚੂਲੀ ਛੱਡਣਾ:
ਚੂਲੀ ਛੱਡਣਾ ਦਾ ਅਰਥ ਹੈ ਦਾਨ ਦੇਣਾ। ਪੁੰਨ ਅਰਥ ਦੇਣਾ। ਦਾਨ ਪੈਸੇ ਦੇ ਰੂਪ ਵਿੱਚ ਵੀ ਦਿੱਤਾ ਜਾ ਸਕਦਾ ਹੈ। ਦਾਨ ਜਿਣਸ ਦੇ ਰੂਪ ਵਿੱਚ ਵੀ ਦਿੱਤਾ ਜਾ ਸਕਦਾ ਹੈ। ਨਾਨਕਿਆਂ ਵੱਲੋਂ ਆਪਣੇ ਦੋਹਤੀ ਦੋਹਤੇ ਦੇ ਵਿਆਹ ਸਮੇਂ ਨਾਨਕੀ ਛੱਕ ਵਿੱਚ ਗਹਿਣੇ ਦਿੱਤੇ ਜਾਂਦੇ ਹਨ। ਬਿਸਤਰੇ ਦਿੱਤੇ ਜਾਂਦੇ ਹਨ। ਸੂਟ ਦਿੱਤੇ ਜਾਂਦੇ ਹਨ। ਨਕਦ ਰੁਪਏ ਵੀ ਦਿੱਤੇ ਜਾਂਦੇ ਹਨ। ਇਨ੍ਹਾਂ ਨਕਦ ਦਿੱਤੇ ਰੁਪਇਆਂ ਨੂੰ ਵਾਪਸ ਨਹੀਂ ਲਿਆ ਜਾਂਦਾ। ਇਹ ਰੁਪਏ ਪੁੰਨ ਅਰਥ ਦਿੱਤੇ ਜਾਂਦੇ ਹਨ। ਇਸੇ ਕਰਕੇ ਇਨ੍ਹਾਂ ਪੁੰਨ ਅਰਥ ਦਿੱਤੇ ਰੁਪਇਆਂ ਨੂੰ ਚੂਲੀ ਛੱਡਣਾ ਕਿਹਾ ਜਾਂਦਾ ਹੈ।
ਦੋਹਤਾ/ਦੋਹਤੀ ਉਨ੍ਹਾਂ ਦੀ ਧੀ ਦੀ ਔਲਾਦ ਹੁੰਦੇ ਹਨ। ਧੀ ਦਾ ਆਪਣੇ ਪਿਤਾ ਤੇ ਆਪਣੇ ਪਿਤਾ ਦੀ ਜਾਇਦਾਦ ’ਤੇ ਹੱਕ ਹੁੰਦਾ ਹੈ। ਇਸ ਹੱਕ ਕਾਰਨ ਹੀ ਨਾਨਕੀ ਛੱਕ ਪੂਰੀ ਜਾਂਦੀ ਹੈ। ਚੂਲੀ ਛੱਡੀ ਜਾਂਦੀ ਹੈ,
ਚੂੜਾ:
ਵਿਆਹ ਦੇ ਮੌਕੇ ’ਤੇ ਲਾੜੀ ਦੇ ਨਾਨਕੇ ਲਾੜੀ ਨੂੰ ਕੁਝ ਚੀਜ਼ਾਂ ਵਸਤਾਂ ਭੇਂਟ ਕਰਦੇ ਹਨ, ਜੋ ਉਸਦੇ ਦਾਜ ਦਾ ਹਿੱਸਾ ਬਣਦੀਆਂ ਹਨ। ਇਸ ਵਿੱਚ ਲੜਕੀ ਦਾ ਜੌੜਾ ਬਿਸਤਰਾ ਆਦਿ ਹੁੰਦਾ ਹੈ। ਕੁਝ ਚਾਂਦੀ ਅਥਵਾ ਸੋਨੇ ਦੇ ਗਹਿਣੇ ਵੀ ਹੁੰਦੇ ਹਨ। ਇਸ ਨੂੰ ਨਾਨਕ ਵਾਲੀ ਅਥਵਾ ‘ਨਾਨਕੀ ਛੱਕ’ ਵੀ ਕਹਿੰਦੇ ਹਨ। ਸ਼ਾਮ ਸਮੇਂ ਪਿੰਡ ਦਾ ਸ਼ਰੀਕਾ ਅਤੇ ਬਾਹਰੋਂ ਆਏ ਸਾਰੇ ਸਾਕ ਸੰਬੰਧੀ ਨਾਨਕਿਆਂ ਸਮੇਤ ਇਕੱਠੇ ਜੁੜ ਕੇ ਬੈਠਦੇ ਹਨ। ਫਿਰ ਵਿਆਂਹਦੜ ਦੀ ਮਾਂ ਆਪਣੇ ਭਰਾ ਭਰਜਾਈ ਭਤੀਜਿਆਂ ਦੇ ਪੱਲੇ ਲੱਡੂ, ਪੈਸੇ ਅਤੇ ਖੰਮਣੀ ਪਾ ਕੇ ਉਹਨਾਂ ਦੇ ਮੱਥੇ ’ਤੇ ਹਲਦੀ ਦਾ ਟਿੱਕਾ ਲਾ ਕੇ ਸ਼ਗਨ ਕਰਦੀ ਹੈ। ਫਿਰ ਨਾਨਕਿਆਂ ਵੱਲੋਂ ਲਿਆਂਦਾ ਨਾਨਕੀ ਛੱਕ ਦਾ ਸਮਾਨ ਵਿਖਾਇਆ ਜਾਂਦਾ ਹੈ, ਜਿਸ ਵਿੱਚ ਜੌੜੇ ਤੇ ਬਿਸਤਰੇ ਆਦਿ ਹੁੰਦੇ ਹਨ। ਨਾਨਕੀ ਛੱਕ ਵਿੱਚ ਸੁਹਾਗ ਦਾ ਚੂੜਾ ਵੀ ਹੁੰਦਾ ਹੈ, ਜੋ ਮਾਮੇ ਕੰਨਿਆ ਦੀਆਂ ਬਾਹਵਾਂ ਵਿੱਚ ਚਾੜ੍ਹਦੇ ਹਨ। ਇਹ ਸਭ ਵਸਤੂਆਂ ਅਸਲ ਵਿੱਚ ਨਾਨਕਿਆਂ ਵੱਲੋਂ ਕੰਨਿਆ ਦੇ ਦਾਜ ਵਿੱਚ ਪਾਇਆ ਆਪਣਾ ਹਿੱਸਾ ਹੁੰਦਾ ਹੈ।
ਨਾਨਕੀ ਛੱਕ ਬਾਰੇ ਕਈ ਗੀਤ ਵੀ ਮਿਲਦੇ ਹਨ। ਦੇਖੋ ਬਈ ਲੋਕੋ ਨਾਨਕੀ ਛੱਕ ਬਈ ਨਾਨਕੀ ਛੱਕ, ਨਾਨੇ ਨੇ ਧਰ ਦਿੱਤੇ ਬਈ ਸੌ ਤੇ ਸੱਠ, ਬਈ ਸੌ ਤੇ ਸੱਠ। ਇਨ੍ਹਾਂ ਗੀਤਾਂ ਅਨੁਸਾਰ ਨਾਨਾ ਨਾਨੀ ਤਾਂ ਚੋਖਾ ਕੁਝ ਦੇਣਾ ਚਾਹੁੰਦੇ ਹਨ ਪਰ ਮਾਮੀਆਂ ਬਹੁਤ ਵੱਡੀ ਛਕ ਦੇ ਕੇ ਖ਼ੁਸ਼ ਨਹੀਂ ਹੁੰਦੀਆਂ।
ਖੱਟ:
ਕੁੜੀ ਦੇ ਵਿਆਹ ਵਿੱਚ, ਕੁੜੀ ਦੇ ਮਾਪਿਆਂ ਵੱਲੋਂ ਕੁੜੀ ਨੂੰ ਦਿੱਤੀਆਂ ਵਸਤਾਂ ਨੂੰ ਖੱਟ ਕਹਿੰਦੇ ਹਨ। ਖੱਟ ਨੂੰ ਦਾਜ ਵੀ ਕਿਹਾ ਜਾਂਦਾ ਹੈ। ਦਹੇਜ ਵੀ ਕਿਹਾ ਜਾਂਦਾ ਹੈ। ਖੱਟ ਵਿੱਚ ਕੁੜੀ ਨੂੰ ਗਹਿਣੇ, ਪੱਕੇ ਬਿਸਤਰੇ, ਕੱਚੇ ਬਿਸਤਰੇ, ਸੂਟ, ਭਾਂਡੇ, ਵਿਛਾਈਆਂ, ਪੱਖੀਆਂ, ਝੋਲੇ, ਗੱਲ ਕੀ ਘਰ ਵਰਤਣ ਵਾਲੀ ਹਰ ਵਸਤ ਦਿੱਤੀ ਜਾਂਦੀ ਹੈ/ਸੀ। ਲਾੜੇ ਨੂੰ ਪੈਸੇ ਵਾਲੇ ਪਰਿਵਾਰ ਕੈਂਠਾ, ਕੜਾ, ਛਾਪ, ਨੱਤੀਆਂ, ਤਵੀਤੀ, ਜੋੜੀ, ਘੋੜੀ, ਮੱਝ, ਗਾਂ, ਊਠ, ਕੱਪੜੇ ਆਦਿ ਵਿੱਤ ਅਨੁਸਾਰ ਦਿੰਦੇ ਸਨ/ਹਨ। ਲਾੜੇ ਦੇ ਸਾਰੇ ਪਰਿਵਾਰ ਨੂੰ ਮਾਂ, ਬਾਪ, ਭੈਣਾਂ, ਜੀਜੇ, ਭਾਈ ਭਰਜਾਈਆਂ, ਭਤੀਜੇ ਭਤੀਜੀਆਂ, ਭੂਆ ਫੁੱਫੜ, ਨਾਨਾ ਨਾਨੀ, ਮਾਮਾ ਮਾਮੀ, ਮਾਸੀ ਮਾਸੜ ਅਤੇ ਹੋਰ ਸਾਰੇ ਰਿਸ਼ਤੇਦਾਰਾਂ ਨੂੰ ਵਿੱਤ ਅਨੁਸਾਰ ਗਹਿਣੇ, ਸੂਟ, ਪੱਗਾਂ, ਖੇਸ, ਦੁਪੱਟੇ ਆਦਿ ਦਿੱਤੇ ਜਾਂਦੇ ਸਨ/ਹਨ। ਸਹੁਰੇ ਪਰਿਵਾਰ ਦੇ ਪੱਕੇ ਲਾਗੀਆਂ ਨੂੰ ਵੀ ਸੂਟ ਦਿੱਤੇ ਜਾਂਦੇ ਸਨ/ਹਨ। ਬਰਾਤ ਵਿੱਚ ਆਏ ਹਰ ਬਰਾਤੀ ਦਾ ਮਾਣ ਕੀਤਾ ਜਾਂਦਾ ਸੀ/ਹੈ।
ਖੱਟ/ਦਾਜ ਦੀਆਂ ਇਹ ਸਾਰੀਆਂ ਵਸਤਾਂ ਬਰਾਤੀਆਂ ਨੂੰ, ਕੁੜੀ ਦੇ ਰਿਸ਼ਤੇਦਾਰਾਂ ਅਤੇ ਸ਼ਰੀਕੇ ਵਾਲਿਆਂ ਨੂੰ ਮੰਜਿਆਂ ਉੱਪਰ ਰੱਖ ਕੇ ਵਿਖਾਈਆਂ ਜਾਂਦੀਆਂ ਸਨ/ਹਨ। ਨਾਲੇ ਦਿੱਤਾ ਇਹ ਸਾਰਾ ਦਾਜ ਪੜ੍ਹ ਕੇ ਸੁਣਾਇਆ ਜਾਂਦਾ ਸੀ/ਹੈ। ਫੇਰ ਦਾਜ ਦੀਆਂ ਇਨ੍ਹਾਂ ਸਾਰੀਆਂ ਵਸਤਾਂ ਨੂੰ ਸੰਦੂਕ ਜਾਂ ਪੇਟੀ ਵਿੱਚ ਰੱਖ ਕੇ ਜਿੰਦਾ ਲਾ ਦਿੰਦੇ ਸਨ। ਨਾਲ ਖੰਮਣੀ ਬੰਨ੍ਹ ਦਿੰਦੇ ਸਨ। ਇਸੇ ਤਰ੍ਹਾਂ ਹੀ ਇਹ ਸਾਰੀ ਖੱਟ/ਦਾਜ ਵਿਆਹ ਤੋਂ ਦੂਜੇ ਦਿਨ ਕੁੜੀ ਦੇ ਸਹੁਰੇ ਪਿੰਡ ਵਿਖਾਇਆ ਜਾਂਦਾ ਸੀ। ਹੁਣ ਬਹੁਤੇ ਵਿਆਹ ਮੈਰਿਜ ਪੈਲੇਸਾਂ ਵਿੱਚ ਹੁੰਦੇ ਹਨ। ਇਸ ਲਈ ਹੁਣ ਖੱਟ ਨੂੰ ਮੰਜਿਆਂ ਉੱਪਰ ਖਿਲਾਰ ਕੇ ਵਿਖਾਉਣ ਦਾ ਰਿਵਾਜ਼ ਨਹੀਂ ਰਿਹਾ। ਹੁਣ ਖੱਟ ਵਿੱਚ ਕੀ ਦਿੱਤਾ ਗਿਆ ਹੈ, ਇਹ ਸਿਰਫ ਮੁੰਡੇ ਅਤੇ ਕੁੜੀ ਵਾਲਿਆਂ ਦੇ ਪਰਿਵਾਰ ਨੂੰ ਹੀ ਪਤਾ ਹੁੰਦਾ ਹੈ। ਹੁਣ ਪਰਦੇ (ਘੁੰਡ ਕੱਢਣ) ਦਾ ਰਿਵਾਜ਼ ਤਾਂ ਹਟ ਗਿਆ ਹੈ ਪਰ ਖੱਟ/ਦਾਜ ਹੁਣ ਪਰਦੇ ਵਿੱਚ ਦਿੱਤਾ ਜਾਂਦਾ ਹੈ।
ਛਟੀ ਜਾਂ ਛੱਟੀ (ਸ਼ਾਬਦਿਕ ਅਰਥ “ਛੇਵੀਂ”): ਬੱਚੇ ਦੇ ਜਨਮ ਤੋਂ ਬਾਅਦ ਛੇਵੇਂ ਦਿਨ ਕੀਤੀਆਂ ਜਾਂਦੀਆਂ ਰਸਮਾਂ ਨੂੰ ਛਟੀ ਕਿਹਾ ਜਾਂਦਾ ਹੈ। ਇਸ ਦਿਨ ਸਾਰੇ ਰਿਸ਼ਤੇਦਾਰ ਬੱਚੇ ਨੂੰ ਸ਼ਗਨ ਦਿੰਦੇ ਹਨ। ਬੱਚੇ ਦੇ ਨਾਨਕੇ ਬੱਚੇ ਲਈ ਕੱਪੜੇ, ਗਹਿਣੇ ਆਦਿ ਚੀਜ਼ਾਂ ਲੈਕੇ ਆਉਂਦੇ ਹਨ। ਇਸ ਦਿਨ ਮਾਂ ਨੂੰ ਜਣੇਪੇ ਤੋਂ ਬਾਅਦ ਪਹਿਲੀ ਵਾਰ ਇਸ਼ਨਾਨ ਕਰਵਾਇਆ ਜਾਂਦਾ ਹੈ। ਬੱਚੇ ਦੇ ਨਾਮਕਰਨ ਦੀ ਰਸਮ ਵੀ ਇਸੇ ਦਿਨ ਕੀਤੀ ਜਾਂਦੀ ਹੈ।
ਜਦੋਂ ਕਿਸੇ ਦੰਪਤੀ ਦੇ ਪਹਿਲਾ ਲੜਕਾ ਪੈਦਾ ਹੁੰਦਾ ਸੀ/ਹੈ ਤਾਂ ਉਸ ਦੇ ਜਨਮ ਦੀ ਖੁਸ਼ੀ ਵਿੱਚ ਛੇਵੇਂ ਦਿਨ ਪਰਿਵਾਰ ਵੱਲੋਂ ਸਾਰੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਇੱਕ ਰਸਮ ਕੀਤੀ ਜਾਂਦੀ ਸੀ ਜਿਸ ਨੂੰ ਛਟੀ ਕਹਿੰਦੇ ਹਨ। ਸਾਲ ਦੇ ਅੰਦਰ ਵੀ ਛਟੀ ਮਨਾਈ ਜਾਂਦੀ ਸੀ। ਛਟੀ ਮਨਾਉਣ ਦਾ ਅਰੰਭ ਆਪਣੇ-ਆਪਣੇ ਧਾਰਮਿਕ ਅਕੀਦੇ ਅਨੁਸਾਰ ਪਾਠ ਪੂਜਾ ਕਰ ਕੇ ਸ਼ੁਰੂ ਕੀਤਾ ਜਾਂਦਾ ਸੀ। ਛਟੀ ਵਾਲੇ ਦਿਨ ਹੀ ਕਈ ਵਾਰ ਗੁਰੂ ਗ੍ਰੰਥ ਸਾਹਿਬ ਵਿੱਚੋਂ ਵਾਕ ਲੈ ਕੇ ਮੁੰਡੇ ਦਾ ਨਾਂ ਰੱਖਿਆ ਜਾਂਦਾ ਸੀ। ਸਾਰੇ ਰਿਸ਼ਤੇਦਾਰ ਮੁੰਡੇ ਲਈ ਕੱਪੜੇ ਲਿਆਉਂਦੇ ਸਨ। ਜੇਕਰ ਨਾਨਕੇ ਪੈਸੇ ਵਾਲੇ ਹੁੰਦੇ ਸਨ ਤਾਂ ਉਹ ਮੁੰਡੇ ਦੀ ਮਾਂ (ਆਪਣੀ ਧੀ) ਨੂੰ ਤੇ ਮੁੰਡੇ ਨੂੰ ਕੋਈ ਗਹਿਣਾ ਵੀ ਜ਼ਰੂਰ ਪਾਉਂਦੇ ਸਨ। ਚਾਂਦੀ ਦੇ ਸਗਲੇ ਤਾਂ ਸਾਰੇ ਨਾਨਕੇ ਹੀ ਲਿਆਉਂਦੇ ਸਨ। ਨਾਨਕੇ ਆਪਣੀ ਧੀ ਨੂੰ ਕਈ ਸੂਟ ਦਿੰਦੇ ਸਨ। ਫੁਲਕਾਰੀ ਜ਼ਰੂਰ ਦਿੰਦੇ ਸਨ। ਮੁੰਡੇ ਦੇ ਪਿਤਾ, ਤਾਏ, ਚਾਚੇ, ਦਾਦੇ ਆਦਿ ਨੂੰ ਖੱਦਰ ਦੇ ਖੇਸ/ਦੁਪੱਟੇ ਦਿੰਦੇ ਸਨ। ਪਿੰਡ ਦੇ ਪੱਕੇ ਲਾਗੀਆਂ ਨੂੰ ਕੱਪੜੇ ਦਿੰਦੇ ਸਨ।
ਕਈ ਵਾਰ ਮੁੰਡੇ ਦੀ ਭੂਆ ਵੀ ਮੁੰਡੇ ਨੂੰ ਕੋਈ ਗਹਿਣਾ ਪਾਉਂਦੀ ਸੀ। ਮੁੰਡੇ ਦੀ ਮਾਂ ਨੇ ਆਪਣੇ ਉੱਪਰ ਫੁਲਕਾਰੀ/ਬਾਗ ਲਿਆ ਹੁੰਦਾ ਸੀ। ਮੁੰਡਾ ਕੁੱਛੜ ਚੁੱਕਿਆ ਹੁੰਦਾ ਸੀ। ਸਾਰੇ ਰਿਸ਼ਤੇਦਾਰ ਮੁੰਡੇ ਨੂੰ ਦੇਖ ਸ਼ਗਨ ਦਿੰਦੇ ਸਨ, ਕੱਪੜੇ ਦਿੰਦੇ ਸਨ। ਨੈਣ ਤੜਾਗੀ ਪਾਉਂਦੀ ਸੀ। ਸੁਨਿਆਰ ਤੜਾਗੀ ਵਿੱਚ ਪਾਉਣ ਲਈ ਚਾਂਦੀ ਦਾ ਛੋਟਾ ਜਿਹਾ ਘੁੰਗਰੂ ਦਿੰਦਾ ਸੀ। ਤਰਖਾਣ ਗਡੀਰਾ ਲੈ ਕੇ ਆਉਂਦਾ ਸੀ। ਘੁਮਾਰੀ ਮਿੱਟੀ ਦੇ ਖਿਡਾਉਣੇ ਲਿਆਉਂਦੀ ਸੀ। ਘਰ ਦਾ ਚਮਾਰ ਮੁੰਡੇ ਲਈ ਛੋਟੇ ਜਿਹੇ ਤਿੱਲੇ ਨਾਲ ਕੱਢੇ ਹੋਏ ਮੌਜੇ ਲਿਆਉਂਦਾ ਸੀ। ਹੋਰ ਜਾਤਾਂ ਵਾਲੇ ਬਾਹਰੋਂ ਘਾਹ ਲਿਆ ਕੇ ਪਰਿਵਾਰ ਦੇ ਮੁਖੀਆ ਦੇ ਸਿਰ ਵਿੱਚ ਟੰਗ ਕੇ ਵਧਾਈਆਂ ਦਿੰਦੇ ਸਨ। ਸਾਰੇ ਲਾਗੀਆਂ ਨੂੰ ਕੱਪੜੇ, ਖੇਸ, ਦੁਪੱਟੇ, ਲਾਗ ਦਿੱਤਾ ਜਾਂਦਾ ਸੀ। ਸਾਰੇ ਆਏ ਰਿਸ਼ਤੇਦਾਰਾਂ ਦੀ ਸੂਟ, ਪੱਗ, ਖੇਸ, ਦੁਪੱਟੇ ਆਦਿ ਨਾਲ ਮਨੌਤ ਕੀਤੀ ਜਾਂਦੀ ਸੀ। ਕਈ ਵਾਰ ਮੁੰਡੇ ਦੀਆਂ ਭੂਆਂ ਨੂੰ ਮੱਝਾਂ ਤਕ ਵੀ ਦੇ ਦਿੱਤੀਆਂ ਜਾਂਦੀਆਂ ਸਨ। ਦੁਪਹਿਰ ਦੀ ਰੋਟੀ ਕੜਾਹ ਨਾਲ ਖਵਾਈ ਜਾਂਦੀ ਸੀ। ਸ਼ਰੀਕੇ ਵਾਲਿਆਂ ਦੇ ਘਰ ਮੰਡਿਆਂ ਵਿੱਚ ਕੜਾਹ ਰੱਖ ਕੇ ਪਰੋਸਾ ਭੇਜਿਆ ਜਾਂਦਾ ਸੀ। ਰਸਮ ਸਮੇਂ ਸੋਹਿਲੜੇ ਅਤੇ ਵਧਾਈਆਂ ਦੇ ਗੀਤ ਗਾਏ ਜਾਂਦੇ ਸਨ। ਇਸ ਤਰ੍ਹਾਂ ਸਾਰੇ ਰਿਸ਼ਤੇਦਾਰ ਅਤੇ ਸ਼ਰੀਕੇ ਵਾਲੇ ਮਿਲ ਕੇ ਪਹਿਲੇ ਮੁੰਡੇ ਦੀ ਛਟੀ ਮਨਾਉਂਦੇ ਸਨ।
ਪਹਿਲਾਂ ਸਾਂਝੇ ਪਰਿਵਾਰ ਹੁੰਦੇ ਸਨ। ਰਿਸ਼ਤੇਦਾਰਾਂ ਦਾ ਆਪਸ ਵਿੱਚ ਪਿਆਰ ਬਹੁਤ ਹੁੰਦਾ ਸੀ। ਸਾਰੇ ਕਾਰਜ ਸਾਰੇ ਰਿਸ਼ਤੇਦਾਰ ਮਿਲ ਕੇ ਕਰਦੇ ਸਨ। ਹੁਣ ਇਕਹਿਰੇ ਪਰਿਵਾਰ ਹਨ। ਲੋਕ ਬਹੁਤ ਪਦਾਰਥਵਾਦੀ ਬਣ ਗਏ ਹਨ। ਪਿਆਰ ਵਾਲੇ ਬਹੁਤੇ ਕਾਰਜ ਹੁਣ ਪੈਸੇ ਦੀ ਭੇਂਟ ਚੜ੍ਹ ਗਏ ਹਨ। ਇਸੇ ਕਰਕੇ ਹੀ ਹੁਣ ਛਟੀ ਦੀ ਰਕਮ ਪਹਿਲਾਂ ਦੇ ਮੁਕਾਬਲੇ ਬਹੁਤ ਘੱਟ ਮਨਾਈ ਜਾਂਦੀ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)